DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਵਿ ਕਿਆਰੀ

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਅੰਬਰ ਰੋਇਆ ਧਰਤੀ ਵਿਲਕੀ ਕੰਬੀ ਕੁੱਲ ਲੋਕਾਈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼ਹੀਦੀ ਪਾਈ। ਹਾਅ ਦਾ ਨਾਹਰਾ ਮਾਰਿਆ ਪੌਣਾਂ ਚੱਲਦੇ ਮੇਘ ਖਲੋਏ, ਮੌਨ ਧਰਿਆ ਬਿਰਖਾਂ ਨੇ ਤੇ ਅੱਧਮੋਏ ਜਿਹੇ ਹੋਏ। ਹਰ...

  • fb
  • twitter
  • whatsapp
  • whatsapp
Advertisement

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਅੰਬਰ ਰੋਇਆ ਧਰਤੀ ਵਿਲਕੀ ਕੰਬੀ ਕੁੱਲ ਲੋਕਾਈ,

Advertisement

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼ਹੀਦੀ ਪਾਈ।

Advertisement

ਹਾਅ ਦਾ ਨਾਹਰਾ ਮਾਰਿਆ ਪੌਣਾਂ ਚੱਲਦੇ ਮੇਘ ਖਲੋਏ,

ਮੌਨ ਧਰਿਆ ਬਿਰਖਾਂ ਨੇ ਤੇ ਅੱਧਮੋਏ ਜਿਹੇ ਹੋਏ।

ਹਰ ਰਾਹ ਦੇ ਸੀ ਉੱਤੇ ਕਹਿੰਦੇ ਘੋਰ ਉਦਾਸੀ ਛਾਈ,

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼ਹੀਦੀ ਪਾਈ।

ਪੰਖੇਰੂ ਸਭ ਸੋਗ ਮਨਾਵਣ ਆਲ੍ਹਣਿਆਂ ਵਿੱਚ ਬਹਿ ਕੇ,

ਬਿਨ ਚੋਗੇ ਦੇ ਮੁੜੀਆਂ ਕੂੰਜਾਂ ਤੌਬਾ-ਤੌਬਾ ਕਹਿ ਕੇ।

ਸੋਗਮਈ ਇੱਕ ਧੁਨ ਫਿਜ਼ਾ ’ਚੋਂ ਆਪਮੁਹਾਰੇ ਆਈ,

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼ਹੀਦੀ ਪਾਈ।

ਸਤਿਗੁਰਾਂ ਦੀ ਇੱਕ ਸ਼ਹਾਦਤ ਲੀਹ ਸਿੱਖੀ ਦੀ ਪਾ ਗਈ,

ਹੱਕ ਸੱਚ ਲਈ ਜੀਣਾ ਮਰਨਾ ਸਭ ਨੂੰ ਪਾਠ ਪੜ੍ਹਾ ਗਈ।

ਸਿੱਖੀ ਵਿੱਚ ਸ਼ਹੀਦੀ ਵਾਲੀ ਐਸੀ ਰੀਤ ਚਲਾਈ,

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼ਹੀਦੀ ਪਾਈ।

ਜਬਰ-ਜ਼ੁਲਮ ਦਾ ਉੱਤਰ ਦਿੱਤਾ ਗੁਰੂ ਜੀ ਇੱਕ ਅਨੋਖਾ,

ਉਸ ਉੱਤਰ ਦਾ ਚਰਚਾ ਹੋਇਆ ‘ਪਾਰਸ’ ਜੱਗ ’ਤੇ ਚੋਖਾ।

ਤੱਤੀ ਤਵੀ ’ਤੇ ਬਹਿ ਕੇ ਸਤਿਗੁਰ ਸੱਚ ਦੀ ਮਹਿਮਾ ਗਾਈ,

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਸ਼ਹੀਦੀ ਪਾਈ।

ਸੰਪਰਕ: 99888-11681

* * *

ਗੁਰੂ ਅਰਜਨ ਦੇਵ ਜੀ

ਬਲਵਿੰਦਰ ‘ਬਾਲਮ’

ਜੂਨ ਦਾ ਮਹੀਨਾ ਗਰਮੀ ਸੀ ਕਹਿਰ ਦੀ,

ਮਘਦੀ ਸੀ ਧੁੱਪ ਸਿਰ ’ਤੇ ਦੁਪਹਿਰ ਦੀ।

ਤੱਤੀ ਤਵੀ ਉੱਤੇ ਗੁਰੂ ਸਾਹਿਬ ਬਹਿ ਗਏ,

ਜ਼ਾਲਮਾਂ ਦਾ ਹੋ ਜਾਏਗਾ ਨਾਸ਼ ਕਹਿ ਗਏ।

ਪਾ ਕੇ ਸ਼ਹੀਦੀ ਇਤਿਹਾਸ ਰਚ ਗਏ,

ਸੂਰਜ ਦੇ ਵਾਂਗ ਇੱਕ ਆਸ ਰੱਖ ਗਏ।

ਇਹੋ ਜਿਹਾ ਦੁਨੀਆ ’ਤੇ ਹੋਰ ਹੋਣਾ ਨ੍ਹੀਂ,

ਆਪਾ ਜ਼ਿੰਦਗਾਨੀ ਦਾ ਕਿਸੇ ਵੀ ਖੋਣਾ ਨ੍ਹੀਂ।

ਸਾਲ ਤਰਤਾਲੀ ਤੇ ਮਹੀਨਾ ਸੋਲਾਂ ਦਿਨ,

ਸ਼ਹੀਦੀ ਨੂੰ ਉਹ ਦੇ ਗਏ ਸਦੀਆਂ ਦੇ ਛਿਣ।

ਗੁਰੂ ਰਾਮਦਾਸ ਜੀ ਦੇ ਘਰ ਪੈਦਾ ਹੋਏ,

ਫਿਰ ਮਾਤਾ ਭਾਨੀ ਜੀ ਦੀ ਖ਼ੁਸ਼ੀ ਨਾ ਸਮੋਏ।

ਜਨਮ ਅਸਥਾਨ ਸੀਗਾ ਗੋਇੰਦਵਾਲ ਜੀ,

ਨੇਕੀ ਵਾਲੇ ਫੁੱਲਾਂ ਨਾਲ ਭਰੀ ਡਾਲ ਜੀ।

ਹੋਇਆ ਸੀ ਵਿਆਹ ਮਾਤਾ ਗੰਗਾ ਨਾਲ ਜੀ,

ਪੈਦਾ ਹੋਏ ਫਿਰ ਹਰਿਗੋਬਿੰਦ ਲਾਲ ਜੀ।

ਅੰਮ੍ਰਿਤਸਰ ਪ੍ਰਚਾਰ ਦਾ ਸਥਾਨ ਸੋਹਣਾ ਸੀ,

ਵਾਤਾਵਰਨ ਕੁਦਰਤ ਦਾ ਮਨਮੋਹਣਾ ਸੀ।

ਅਨੇਕਾਂ ਹੀ ਭਾਸ਼ਾਵਾਂ ਦੇ ਗਿਆਤਾ ਹੋਏ ਨੇ,

ਗ੍ਰੰਥ ਦੀ ਸੰਪਾਦਨਾ ਦੇ ਦਾਤਾ ਹੋਏ ਨੇ।

ਚੌਦਾਂ ਸੌ ਤੀਹ ਪੰਨਿਆਂ ਨੂੰ ਸਿਰਜਿਆ,

ਸੱਚੇ ਸੁੱਚੇ ਸ਼ਾਇਰਾਂ ਨੂੰ ਮਾਣ ਬਖ਼ਸ਼ਿਆ।

ਭੱਟ, ਗੁਰਸਿੱਖ, ਭਗਤਾਂ ਦੀ ਬਾਣੀ ਹੈ,

ਗੁਰੂ ਜੀ ਦੀ ਬਾਣੀ ਇਸ ’ਚ ਲਾਸਾਨੀ ਹੈ।

ਜਾਤ-ਪਾਤ, ਰੰਗ-ਰੂਪ ਨੂੰ ਤਿਆਗ ਕੇ,

ਇਨਸਾਨੀ ਕਦਰਾਂ ਤੇ ਕੀਮਤਾਂ ਪਿਆਰ ਕੇ।

ਗੁਰੂ ਜੀ ਦੇ ਦੋ ਸੌ ਸਤੱਤਰ ਸਲੋਕ ਨੇ,

ਚੰਨ ਅਤੇ ਤਾਰਿਆਂ ਦੇ ਵਾਂਗ ਬੋਲ ਨੇ।

ਉਨ੍ਹਾਂ ਦਾ ਸੀ ਮਿੱਤਰ ਮੀਆਂ ਮੀਰ ਆਲਮ,

ਉੱਚ ਕੋਟੀ ਵਾਲਾ ਸੀ ਫ਼ਕੀਰ ‘ਬਾਲਮ’।

ਇਹੋ ਜਿਹੇ ਯਾਰਾਨੇ ਟਾਵੇਂ-ਟਾਵੇਂ ਹੁੰਦੇ ਨੇ,

ਜਗਦੇ ਨੇ ਦੀਵੇ ਸਾਵੇਂ ਸਾਵੇਂ ਹੁੰਦੇ ਨੇ।

ਸੂਰਜ ਦਾ ਜਗਦਾ ਪੈਗਾਮ ਰਹੇਗਾ,

ਗੁਰੂ ਜੀ ਦਾ ਜੱਗ ਉੱਤੇ ਨਾਮ ਰਹੇਗਾ।

ਸੰਪਰਕ: 98156-25409

* * *

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ

ਜਗਦੀਸ਼ ਬਹਾਦਰਪੁਰੀ

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ,

ਕਿਉਂ ਨਾ ਮੈਨੂੰ ਕੰਮ ’ਤੇ ਲਾਇਆ?

ਅੱਜ ਸੜਕਾਂ ’ਤੇ ਮੈਂ ਨਾ ਰੁਲਦਾ,

ਨਾ ਸਰਕਾਰੀ ਝੱਖੜ ਝੁੱਲਦਾ,

ਦਰਦ ਨਾ ਮਿਲਦਾ ਦੂਣ ਸਵਾਇਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ।

ਮਹਿੰਗੀਆਂ ਫੀਸਾਂ, ਬੂਟ, ਜੁਰਾਬਾਂ,

ਟਿਊਸ਼ਨ, ਭਾੜੇ ਅਤੇ ਕਿਤਾਬਾਂ,

ਦੇਰ ਰਾਤ ਤੱਕ ਬਹਿ ਬਹਿ ਪੜ੍ਹਨਾ,

ਨਾਲੇ ਫੇਲ੍ਹ ਹੋਣ ਤੋਂ ਡਰਨਾ,

ਪੈਸਾ ਪਾਣੀ ਵਾਂਗ ਵਹਾਇਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ।

ਚੁੱਕ ਡਿਗਰੀਆਂ ਦਫ਼ਤਰੀਂ ਜਾਈਏ,

ਭੁੱਖਣ ਭਾਣੇ ਧੱਕੇ ਖਾਈਏ,

ਚੌਕਾਂ ਵਿੱਚ ਹੜਤਾਲਾਂ ਕਰੀਏ,

ਹੋ ਸ਼ਰਮਿੰਦਾ ਜਿਊਂਦੇ ਮਰੀਏ,

ਸਰਕਾਰਾਂ ਨੂੰ ਤਰਸ ਨਾ ਆਇਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ।

ਮੇਰੇ ਜਿਹੇ ਧੀ-ਪੁੱਤ ਹਜ਼ਾਰਾਂ,

ਖਾਂਦੇ ਰੋਜ਼ ਪੁਲੀਸ ਦੀਆਂ ਮਾਰਾਂ,

ਰੁਲਦੀਆਂ ਚੁੰਨੀਆਂ ਤੇ ਦਸਤਾਰਾਂ,

ਠੰਢੇ ਪਾਣੀ ਦੀਆਂ ਬੁਛਾੜਾਂ,

ਵਾਂਗ ਦਰਿੰਦਿਆਂ ਫੜ ਫੜ ਢਾਹਿਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ?

ਟੈਂਕੀ ਚੜ੍ਹ ਗਏ ਹੋ ਨਿਤਾਣੇ,

ਕੌਣ ਅਸਾਡੇ ਦਿਲਾਂ ਦੀ ਜਾਣੇ,

ਭੁੱਖੇ, ਰੋਗੀ, ਜੀ ਭਿਆਣੇ,

ਕਿਹੜਾ ਸਾਡੇ ਦਰਦ ਪਛਾਣੇ,

ਰੋਣ ਬੜਾ ਗਲ ਭਰ ਭਰ ਆਇਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ?

ਤੂੰ ਕਹਿੰਦਾ ਸੀ ਪੜ੍ਹ ਲੈ ਪੁੱਤਰਾ,

ਇਲਮ ਨਾਲ ਢਿੱਡ ਭਰ ਲੈ ਪੁੱਤਰਾ,

ਸਾਡੇ ਜਿਉਂ ਨਾ ਹੱਡ ਰਗੜਾਵੀਂ,

ਪੜ੍ਹ ਲਿਖ ਉੱਚੇ ਰੁਤਬੇ ਪਾਵੀਂ,

ਜਾਂਦਾ ਇਲਮ ਨਹੀਂ ਹੈ ਜ਼ਾਇਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ?

ਦੇਖ ਬਾਪੂ ਅਸੀਂ ਪੜ੍ਹ ਗਏ ਵਾਧੂ,

ਪੜ੍ਹ ਪੜ੍ਹ ਕੇ ਹਾਂ ਕੜ੍ਹ ਗਏ ਵਾਧੂ,

ਖੇਤੀਂ ਹੱਡ ਨਹੀਂ ਰਗੜਾਉਂਦੇ,

ਪਰ ਚੌਕਾਂ ਵਿੱਚ ਹਾਂ ਤੁੜਵਾਉਂਦੇ,

ਦੇਖ ਲੈ ਕੈਸਾ ਲੇਖ ਲਿਖਾਇਆ,

ਕਿਉਂ ਬਾਪੂ ਤੈਂ ਪੜ੍ਹਨੇ ਪਾਇਆ?

ਪਰ ਬਾਪੂ ਅਸੀਂ ਲੜਦੇ ਰਹਿਣੈ,

ਜ਼ੁਲਮ ਦੇ ਮੂਹਰੇ ਅੜਦੇ ਰਹਿਣੈ,

‘ਜਗਦੀਸ਼’ ਕਦੇ ਤਾਂ ਮਿਟੂ ਹਨੇਰਾ

ਰੌਸ਼ਨੀਆਂ ਲੈ ਚੜ੍ਹੂ ਸਵੇਰਾ,

ਜੱਦੋਜਹਿਦ ਸਾਡਾ ਸਰਮਾਇਆ,

ਤੈਂ ਬਾਪੂ ਸੀ ਪੜ੍ਹਨੇ ਪਾਇਆ।

ਸੰਪਰਕ: 94639-85934

* * *

ਹਨੇਰਾ ਤੇ ਸ਼ਮ੍ਹਾਂਦਾਨ

ਸੁਖਵਿੰਦਰ ਸਿੰਘ ਜਲਾਲਪੁਰੀ

ਰੌਸ਼ਨ ਸੋਚ ਦੀ ਹੁਣ ਕੋਈ ਪੁੱਛ ਹੈਨੀ,

ਨੇਰ੍ਹਾ ਬੋਲਦਾ ਹੈ ਸਭ ਦੇ ਸਿਰ ਚੜ੍ਹ ਕੇ।

ਹਰ ਪਾਸੇ ਹੈ ਝੂਠ ਦਾ ਰਾਜ ਚੱਲਦਾ,

ਸੱਚ ਬਹਿ ਗਿਆ ਡਿਗਰੀਆਂ ਫਰੇਮ ਜੜ੍ਹ ਕੇ।

ਨੇਰ੍ਹਾ ਬਣਿਆ ਹੈ ਸਭ ਤੋਂ ਵੱਡਾ ਗਿਆਨੀ,

ਸੱਚ ਬੈਠਾ ਰਹੇ ਮੂੰਹ ’ਤੇ ਤਾਲਾ ਜੜ੍ਹ ਕੇ।

ਬੋਲਬਾਲਾ ਹੈ ਨ੍ਹੇਰੇ ਦਾ ਹਰ ਦਰਬਾਰ,

ਸੱਚ ਵਹਿ ਗਿਆ ਝੂਠ ਦੀ ਨਦੀ ਹੜ੍ਹ ਕੇ।

ਪਰ੍ਹਿਆਂ ਵਿੱਚ ਵੀ ਨ੍ਹੇਰੇ ਦੀ ਤੂਤੀ ਬੋਲੇ,

ਬੈਠਾ ਸ਼ਮ੍ਹਾਦਾਨ ਲੋਅ ਦੀ ਪੋਥੀ ਫੜ ਕੇ।

ਹਰ ਗੱਲ ਹੀ ਨ੍ਹੇਰੇ ਦੀ ਸਿਰੇ ਚੜ੍ਹਦੀ,

ਸੱਚ ਬੈਠ ਜਾਏ ਅੰਤ ਨੂੰ ਦਿਲ ਹਰ ਕੇ।

ਨੇਰ੍ਹਾ ਬਿਨਾਂ ਕੁਝ ਕਰੇ ਬਣ ਹੀਰੋ ਜਾਂਦਾ,

ਸੱਚ ਮਰੇ ਮਨਸੂਰ ਵਾਂਗ ਸੂਲੀ ਚੜ੍ਹ ਕੇ।

ਪੱਲਾ ਫੜ ਤੁਸੀਂ ਸੱਚ ਦਾ ਕੀ ਖੱਟਿਆ,

ਆਖਣ ਬੱਚੇ ਵੀ ਗੱਲ ਇਹ ਮੂੰਹ ਭਰ ਕੇ।

ਹੋਕਾ ਸੱਚ ਦਾ ਰਿਹਾ ਜੋ ਸਦਾ ਦਿੰਦਾ

‘ਸੁੱਖ’ ਬਹਿ ਗਿਆ ਨ੍ਹੇਰੇ ਤੋਂ ਅੱਜ ਹਰ ਕੇ।

ਸੰਪਰਕ: 99063-81482

* * *

ਭੰਗੜਾ

ਨਿਰਮਲ ਸਿੰਘ ਰੱਤਾ

ਭੰਗੜੇ ਨੂੰ ਵੇਖ ਕੇ ਨਜ਼ਾਰਾ ਆ ਗਿਆ,

ਚੋਬਰਾਂ ਦੇ ਮੁੱਖ ’ਤੇ ਇਲਾਹੀ ਨੂਰ ਸੀ

ਵੇਖ ਕੇ ਅਨੋਖਾ, ਆ ਗਿਆ ਸਰੂਰ ਸੀ

ਢੋਲ ਦਾ ਡਗਾ ਤਾਂ, ਅਤਿ ਹੀ ਕਰਾ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਚੁੰਮ ਕੇ ਸਟੇਜ, ਵਾਰੋ ਵਾਰੀ ਆ ਚੜ੍ਹੇ

ਬੰਨ੍ਹ ਕੇ ਕਤਾਰਾਂ, ਚੌੜੇ ਸੀਨੇ ਆ ਖੜ੍ਹੇ

ਚਾਦਰੇ ’ਚ ਕਹਿਰ, ਹੈ ਹਰੇਕ ਢਾਹ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਅੰਬਰਾਂ ਤੋਂ ਲੱਗਦੈ, ਸਿਤਾਰੇ ਆ ਗਏ

ਮੁੱਖੜੇ ਤੋਂ ਚੰਨ ਦਾ, ਭੁਲੇਖਾ ਪਾ ਗਏ

ਸੱਜਰੇ ਗੁਲਾਬਾਂ ਦਾ, ਨਸ਼ਾ ਹੈ ਛਾ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਇੱਕ ਸੀ ਵਜਾਉਂਦਾ, ਅਲਗੋਜ਼ੇ ਆ ਗਿਆ

ਦੂਸਰਾ ਲਿਆ ਕੇ, ਚਿਮਟਾ ਵਜਾ ਗਿਆ

ਤੀਸਰਾ ਲੈ ਕਾਟੋ, ਰੌਣਕਾਂ ਵਧਾ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਛੈਲ ਤੇ ਛਬੀਲੇ, ਨੇ ਉਮੰਗਾਂ ਭਾਲਦੇ

ਜ਼ਿੰਦਗੀ ਜਿਊਂਦੇ, ਵਿਰਸਾ ਸੰਭਾਲਦੇ

ਜਵਾਨੀ ਤੇ ਜੋਸ਼, ਸਭ ਨੂੰ ਹੀ ਭਾ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਘੁੰਮ ਕੇ ਹਵਾ ’ਚ, ਲੁੱਡੀਆਂ ਵੀ ਪਾਉਣ ਜੀ

ਮੋਢਿਆਂ ’ਤੇ ਚੜ੍ਹ, ਬਾਜ਼ੀਆਂ ਲਗਾਉਣ ਜੀ

ਹੁਨਰ ਕਮਾਲ ਦਾ, ਸਿਰਾ ਹੀ ਲਾ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਰੰਗਲਾ ਪੰਜਾਬ, ਮੇਰਾ ਰਹੇ ਵੱਸਦਾ

ਖ਼ੁਸ਼ੀਆਂ ’ਚ ਖੀਵਾ, ‘ਰੱਤਾ’ ਰਹੇ ਹੱਸਦਾ

ਲੱਭਣਾ ਆਨੰਦ, ਕਿੰਝ ਹੈ ਸਿਖਾ ਗਿਆ

ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਸੰਪਰਕ: 84270-07623

* * *

ਲੱਗਿਆ ਪੜ੍ਹਨ ਸਕੂਲੇ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਮਾਂ ਬੋਲੀ ਰੂਹ ਨਾਲ ਸਿਖਾਈ ਬੇਬੇ ਨੇ,

ਮੇਰੀ ਰਗ-ਰਗ ਵਿੱਚ ਵਸਾਈ ਬੇਬੇ ਨੇ।

ਰੁੜ੍ਹਦਾ ਰੁੜ੍ਹਦਾ ਮੈਂ ਜਦ ਉੱਠਣਾ ਸਿੱਖਦਾ ਸੀ,

ਡਿੱਗਦੇ ਨੂੰ ਉਂਗਲ ਫੜਾਈ ਬੇਬੇ ਨੇ।

ਪਹਿਲਾ ਅੱਖਰ ਮਾਂ ਮਮਤਾ ਦੀ ਮੂਰਤ ਦਾ,

ਜਿਸ ’ਤੇ ਮੇਰੀ ਸੂਈ ਟਿਕਵਾਈ ਬੇਬੇ ਨੇ।

ਦੂਜਾ ਅੱਖਰ ਉਸ ਪੱਪਾ ਸਿਖਲਾ ਕੇ ਬਈ,

ਪਾਪਾ ਕਹਿਣ ਦੀ ਰੱਟ ਲਗਵਾਈ ਬੇਬੇ ਨੇ।

ਵੱਡਾ ਹੋਇਆ ਫੱਟੀ ਬਸਤਾ ਲੈ ਦਿੱਤਾ,

ਨਾਲ ਸਲੇਟ ਵੀ ਸੀ ਮੰਗਵਾਈ ਬੇਬੇ ਨੇ।

ਗਾਚੀ ਅਤੇ ਸਲੇਟੀਆਂ ਖਾਣ ਮੈਂ ਲੱਗ ਪਿਆ,

ਇੱਕ ਦਿਨ ਤੌਣੀ ਖ਼ੂਬ ਮੇਰੀ ਲਗਾਈ ਬੇਬੇ ਨੇ।

ਮਾੜੀ ਆਦਤ ਪੁੱਤਾ ਤੂੰ ਕੋਈ ਪਾਵੀਂ ਨਾ,

ਲੈ ਬੁੱਕਲ ਸਭ ਗੱਲ ਸਮਝਾਈ ਬੇਬੇ ਨੇ।

ਮਨ ਮੇਰਾ ਇੱਕ ਦਿਨ ਸੀ ਗਦਗਦ ਹੋ ਉੱਠਿਆ,

ਜਦ ਗੁਰੂਆਂ ਦੀ ਕਥਾ ਸੁਣਾਈ ਬੇਬੇ ਨੇ।

ੳ ਅ ਸਿੱਖਣ ਲੱਗਿਆ ਕਾਇਦੇ ਤੋਂ,

ਮਾਂ ਬੋਲੀ ਨਾਲ ਪ੍ਰੀਤ ਪੁਆਈ ਬੇਬੇ ਨੇ।

ਲੱਗਿਆ ਪੜ੍ਹਨ ਸਕੂਲੇ ‘ਲੱਖਾ ਸਲੇਮਪੁਰੀ’,

ਲੱਡੂ ਵੰਡ ਕੇ ਖ਼ੁਸ਼ੀ ਮਨਾਈ ਬੇਬੇ ਨੇ।

ਸੰਪਰਕ: 98552-27530

* * *

Advertisement
×