DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਵਿ ਕਿਆਰੀ

ਬਾਪੂ ਦਾ ਪਰਛਾਵਾਂ ਮਨਮੋਹਨ ਸਿੰਘ ਨਾਭਾ ਬਾਪੂ ਦੀ ਯਾਦ ਵਿੱਚ ਲਗਾਏ ਰੁੱਖ ਨਾਲ ਗੱਲਾਂ ਕਰ ਰਿਹਾਂ ਹਵਾ ਦੇ ਠੰਢੇ ਬੁੱਲੇ ਟੱਬਰ ਦੀ ਸੁੱਖ-ਸਾਂਦ ਪੁੱਛ ਰਹੇ ਲੱਗਦੇ ਨੇ ਹਵਾ ਵਿੱਚ ਝੂਲਦੀਆਂ ਟਾਹਣੀਆਂ ਸਿਰ ਪਲੋਸ ਮੇਰਾ ਮੋਢਾ ਥਾਪੜਦੀਆਂ ਪੱਤਿਆਂ ਦੀ ਖੜ-ਖੜ ਗੱਲਾਂ...

  • fb
  • twitter
  • whatsapp
  • whatsapp
Advertisement

ਬਾਪੂ ਦਾ ਪਰਛਾਵਾਂ

ਮਨਮੋਹਨ ਸਿੰਘ ਨਾਭਾ

ਬਾਪੂ ਦੀ ਯਾਦ ਵਿੱਚ ਲਗਾਏ

Advertisement

ਰੁੱਖ ਨਾਲ ਗੱਲਾਂ ਕਰ ਰਿਹਾਂ

Advertisement

ਹਵਾ ਦੇ ਠੰਢੇ ਬੁੱਲੇ

ਟੱਬਰ ਦੀ ਸੁੱਖ-ਸਾਂਦ ਪੁੱਛ ਰਹੇ ਲੱਗਦੇ ਨੇ

ਹਵਾ ਵਿੱਚ ਝੂਲਦੀਆਂ ਟਾਹਣੀਆਂ

ਸਿਰ ਪਲੋਸ ਮੇਰਾ ਮੋਢਾ ਥਾਪੜਦੀਆਂ

ਪੱਤਿਆਂ ਦੀ ਖੜ-ਖੜ ਗੱਲਾਂ ਕਰਦੀ ਹੁੰਗਾਰਾ ਭਰਦੀ

ਬਾਪੂ ਹੱਥੀਂ ਛਾਂ ਕਰਦਾ ਦਿਸਦੈ

ਨਵੇਂ ਫੁੱਟੇ ਲਾਲ ਸੂਹੇ ਪੱਤੇ

ਬਾਪੂ ਦੇ ਚਿਹਰੇ ਦੀ ਲਾਲੀ ਵਾਂਗ ਭਾਹ ਮਾਰਦੇ

ਮਿੱਠੀ ਮਿੱਠੀ ਹਵਾ ਦੇ ਬੁੱਲੇ

ਮੈਨੂੰ ਪੁੱਤ ਕਹਿੰਦੇ ਸੁਣਦੇ

ਬਰੋਟੇ ਦੇ ਨਰੋਏ ਟਾਹਣ

ਬਾਪੂ ਦੇ ਭਰਵੇਂ ਜੁੱਸੇ ਦਾ ਅਹਿਸਾਸ ਕਰਵਾਉਂਦੇ

ਬਰੋਟੇ ਦੇ ਮਜ਼ਬੂਤ ਧਰਤੀ ਨਾਲ ਲਗਦੇ ਤਣੇ

ਬਾਪੂ ਦੇ ਧਰਤੀ ’ਤੇ ਹੋਣ ਦਾ ਅਹਿਸਾਸ ਕਰਵਾਉਂਦੇ

ਸ਼ਮਸ਼ਾਨ ਦਾ ਚੌਕੀਦਾਰ

ਬਰੋਟੇ ਦੀਆਂ ਜੜ੍ਹਾਂ ਵਿੱਚ ਪਾਣੀ ਪਾਉਂਦਾ

ਇੰਝ ਲੱਗਦਾ ਜਿਵੇਂ ਬਾਪੂ ਪਾਣੀ ਪੀ

ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਵੇ

ਤੇਜ਼ ਧੁੱਪ ਵਿੱਚ ਬਰੋਟੇ ਹੇਠ ਖੜ੍ਹਾ

ਅੱਜ ਵੀ ਮੈਂ ਖ਼ੁਦ ਨੂੰ ਮਹਿਫੂਜ਼ ਸਮਝਦਾ ਹਾਂ

ਜਿਵੇਂ ਬਾਪੂ ਕੰਧੇੜੇ ਚੁੱਕ

ਪਿੰਡ ਦਾ ਗੇੜਾ ਲਗਵਾ ਰਿਹਾ ਹੋਵੇ

ਬਰੋਟਾ ਬਾਪੂ ਵਾਂਗ ਅੱਜ ਵੀ

ਉਪਰੋਂ ਸਖ਼ਤ ਅੰਦਰੋਂ ਨਰਮ ਜਾਪਦੈ

ਦੁਨੀਆ ਦੀ ਹਰ ਖ਼ੁਸ਼ੀ ਵਾਂਗ ਹਵਾ ਦਿੰਦਾ

ਖਿੜ ਖਿੜ ਹੱਸਦਾ ਦਿਸਦੈ

ਬਰੋਟੇ ਦੀਆਂ ਟੁੱਟੀਆਂ ਸੁੱਕੀਆਂ ਟਾਹਣੀਆਂ

ਮੈਨੂੰ ਗਲ਼ ਨਾਲ ਲਗਾਉਂਦੀਆਂ

ਟੁੱਟੇ ਪੱਤਿਆਂ ਵਿੱਚੋਂ ਸਿੰਮਦਾ ਪਾਣੀ

ਬਾਪੂ ਹੰਝੂ ਕੇਰਦਾ ਦਿਸਦੈ

ਅਫ਼ਸੋਸ ਕੁਝ ਅਗਿਆਨੀ

ਬਰੋਟੇ ਦੀਆਂ ਜੜ੍ਹਾਂ ਨੂੰ

ਅਗਿਆਨਤਾ ਦਾ ਤੇਲ ਦਿੰਦੇ

ਬਾਪੂ ਮੱਥੇ ਹੱਥ ਮਾਰਦਾ ਦਿਸਦੈ

ਇਹੋ ਜਿਹਾ ਵਰਤਾਰਾ ਦੇਖ

ਮੇਰੀ ਭੁੱਬ ਨਿਕਲਦੀ

ਬਾਪੂ ਪੱਤਿਆਂ ਦੀ ਸਿੱਲੀ ਸਿੱਲੀ ਹਵਾ ਵਿੱਚ

ਮੈਨੂੰ ਚੁੱਪ ਕਰਵਾਉਂਦਾ ਜਾਪਦੈ।

ਸੰਪਰਕ: 98155-04086

* * *

ਉਹ ਦਿਨ

ਪ੍ਰੀਤ

ਸਾਡੇ ਵੀ ਤਾਂ ਘਰ ਸੀ ਕੱਚੇ,

ਗੋਹੇ ਮਿੱਟੀ ਦੇ ਨਾਲ ਲਿੱਪੇ,

ਉਦੋਂ ਕਿੱਥੇ ਹੁੰਦੇ ਸੀ ਪੱਖੇ,

ਪਰ ਉਹ ਦਿਨ ਫਿਰ ਵੀ ਸੀ ਚੰਗੇ।

ਚਾਰੇ ਪਾਸੇ ਰੁੱਖ ਹੁੰਦੇ ਸੀ,

ਸਾਰੇ ਪਾਸੇ ਸੁਖ ਹੁੰਦੇ ਸੀ,

ਖਿੜੇ-ਖਿੜੇ ਜਿਹੇ ਮੁਖ ਹੁੰਦੇ ਸੀ,

ਨਾ ਸੀ ਲੋਕ ਨਸ਼ੇ ਦੇ ਡੰਗੇ।

ਦੁਖ-ਸੁਖ ਮਿਲ ਕੇ ਸਹਿ ਜਾਂਦੇ ਸੀ,

ਦਿਲ ਵਾਲੀ ਗੱਲ ਕਹਿ ਜਾਂਦੇ ਸੀ,

ਸਾਰੇ ਰਲ ਕੇ ਬਹਿ ਜਾਂਦੇ ਸੀ,

ਤੂਤਾਂ ਥੱਲੇ ਡਾਹ ਕੇ ਮੰਜੇ।

ਰਿਸ਼ਤੇ ਨਾ ਛੇਤੀ ਟੁੱਟਦੇ ਸੀ,

ਮੰਨ ਜਾਂਦੇ ਸੀ ਜੇ ਰੁੱਸਦੇ ਸੀ,

’ਵਾਜ਼ ਮਾਰ ਕੇ ਚਾਹ ਪੁੱਛਦੇ ਸੀ,

ਜਿਹੜਾ ਵੀ ਕੋਈ ਗਲੀ ’ਚੋਂ ਲੰਘੇ।

* * *

ਜਾਗੋ! ਕਲਮੋਂ ਜਾਗੋ !!

ਪ੍ਰਿੰਸੀਪਲ ਕ੍ਰਿਸ਼ਨ ਸਿੰਘ

ਪਿਆਰ ਵਾਲੀਆਂ ਤੰਦਾਂ, ਜਿਉਂ ਜਿਉਂ ਪੀਢੀਆਂ ਹੋਣਗੀਆਂ,

ਮੁੜ ਪਾਕ-ਪਵਿੱਤਰ ਚਸ਼ਮੇ ਵਾਂਗੂੰ, ਸਭ ਧੋਣੇ ਧੋਣਗੀਆਂ।

ਪਰਬਤ ਸੁਮੇਰ ਦੇ ਵਾਂਗੂੰ, ਜੇ ਤੂੰ ਆਪਣੀ ਹੋਂਦ ਵਿਖਾਵੇਂਗਾ,

ਗਿੱਦੜ ਭਬਕੀਆਂ ਖ਼ੁਦ ਹੀ, ਆਪਣਾ ਮੁੱਖ ਲੁਕੋਣਗੀਆਂ।

ਹੈ ਜੇ ਬੰਦਾ ਬੰਦੇ ਦਾ ਦਾਰੂ, ਅੱਜ ਕਿਉਂ ਭੁੱਲ ਗਇਓਂ ਤੂੰ?

ਇਉਂ ਸਾਮਰਾਜ ਦੀਆਂ ਚਾਲਾਂ, ਤੈਨੂੰ ਧੁਰੋਂ ਡੁਬੋਣਗੀਆਂ।

ਨਾਗਾਸਾਕੀ, ਹਿੰਦ ਪਾਕ ਵੰਡ ਭਾਵੇਂ ਵਿਸ਼ਵ ਯੁੱਧ ਹੋਵਣ,

ਓਹ ਏਕ-ਨੂਰ ਦੇ ਰਿਸ਼ਤਿਆਂ ਉੱਤੇ ਕਿਵੇਂ ਖੜੋਣਗੀਆਂ?

ਸਾਮਰਾਜ ਦੀਆਂ ਕੰਧਾਂ ਮਿੱਤਰੋ, ਖ਼ੁਦ ਹੀ ਢਹਿ ਜਾਵਣ,

ਜੇ ਮਨੁੱਖਤਾ ਦੇ ਔਜ਼ਾਰਾਂ ਸੰਗ, ਖ਼ੁਦ ਆਪ ਸੰਜੋਣਗੀਆਂ।

ਜਾਗੋ! ਕਲਮੋਂ ਜਾਗੋ!! ਸਾਰ ਹੁਣ ਲਵੋ ਮਨੁੱਖਤਾ ਦੀ,

ਏ ਕਦੋਂ ਤੀਕਰ ਹਥਿਆਰਾਂ ਦੇ ਸੰਗ ਰੋਣੇ ਰੋਣਗੀਆਂ।

ਸੰਪਰਕ: 94639-89639

* * *

ਦਿਲ ਅੰਦਰ

ਅਜੀਤ ਖੰਨਾ

ਦਿਲ ਅੰਦਰ ਖੁੱਭ ਕੇ

ਕੰਡੇ ਵਾਂਗ ਚੁੱਭ ਕੇ

ਹੁਣ ਹਾਲ ਪੁੱਛਦਾ ਏਂ...

ਲੂ ਕੰਡੇ ਖੜ੍ਹੇ ਨੇ

ਜ਼ਖ਼ਮ ਹਾਲੇ ਹਰੇ ਨੇ

ਫਿਰ ਵੀ ਖ਼ਿਆਲ ਪੁੱਛਦਾ ਏਂ...

ਮੋਹ ਦੇ ਤੰਦ ਖਰੇ ਨੇ

ਉਮੀਦਾਂ ਦੇ ਪਲ ਮਰੇ ਨੇ

ਭਵਿੱਖ ਦਾ ਹਾਲ ਪੁੱਛਦਾ ਏਂ...

ਰੂਹ ਸਾਡੀ ਲੈ ਗਿਓਂ

ਜਾਂਦਾ ਹੋਇਆ ਕਹਿ ਗਿਓਂ

ਤੇਰੇ ਵਰਗੀਆਂ ਲੱਖਾਂ ਨੇ

ਹੁਣ ਮਲਾਲ ਪੁੱਛਦਾ ਏਂ...

ਜੇ ਕਦਰ ਉਦੋਂ ਕਰਦਾ

ਨਾ ਜਿੱਤੀ ਬਾਜ਼ੀ ਹਰਦਾ

ਕੌਣ ਹੈ ਹੁਣ ਨਾਲ ਤੇਰੇ

ਬੇਥਵੇ ਸਵਾਲ ਪੁੱਛਦਾ ਏਂ...

ਸੰਪਰਕ: 76967-54669

* * *

ਖੜ੍ਹ-ਸੁੱਕ ਰੁੱਖ

ਪ੍ਰਸ਼ੋਤਮ ਪੱਤੋ

ਠੰਢੀਆਂ ਛਾਵਾਂ ਮਾਣ ਕੇ ਲੋਕੋ ਕਿਉਂ ਕੱਟਦੇ ਰੁੱਖਾਂ ਨੂੰ,

ਲੋਕੋ ਗਲ ’ਨਾ ਕਿਉਂ ਨ੍ਹੀਂ ਲਾਉਂਦੇ ਖੜ੍ਹ-ਸੁੱਕ ਰੁੱਖਾਂ ਨੂੰ।

ਭਾਈਆਂ ਨਾਲੋਂ ਵੱਧ ਸਾਡੇ ’ਨਾ ਪਿਆਰ ਜਤਾਉਂਦੇ ਨੇ,

ਮਾੜੇ ਲੇਖ ਲਿਖਾ ਕੇ ਰੁੱਖ ਦੀ ਜੂਨ ਹੰਢਾਉਂਦੇ ਨੇ,

ਮਾਵਾਂ ਵਾਂਗੂੰ ਛਾਵਾਂ ਦੇ ਕੇ ਕਦੇ ਦੁੱਖ ਨਾ ਦਿੰਦੇ ਪੁੱਤਾਂ ਨੂੰ।

ਲੋਕੋ ਗਲ ’ਨਾ...

ਸਾਡੇ ਜਿਊਣ ਲਈ ਇਹ ਆਕਸੀਜਨ ਛੱਡਦੇ ਆ,

ਅਸੀਂ ਕੋਠੀਆਂ ਤੇ ਬੰਗਲਿਆਂ ਲਈ ਸੌ ਰੁੱਖਾਂ ਨੂੰ ਵੱਢਦੇ ਆਂ,

ਰੁੱਖ ਜੀਵਨ ਦਾ ਹਿੱਸਾ ਕਾਹਤੋਂ ਮੋੜਦੇ ਆ ਮੁੱਖਾਂ ਨੂੰ।

ਲੋਕੋ ਗਲ ’ਨਾ...

ਹੋਣ ਨ੍ਹੀਂ ਦੇਣੀ ਖ਼ਤਮ ਕਹਾਣੀ ਪਿੱਪਲਾਂ ਬੋਹੜਾਂ ਦੀ,

ਰੁੱਖਾਂ ’ਨਾ ਘੁਲ-ਮਿਲ ਹੋਣੀ ਪੂਰਤੀ ਮਨੁੱਖੀ ਲੋੜਾਂ ਦੀ,

ਇਨ੍ਹਾਂ ਨੂੰ ਵੱਢ ਕੇ ਭਾਲਦੇ ਫਿਰਦੇ ਘਰ ਦਿਆਂ ਸੁੱਖਾਂ ਨੂੰ।

ਲੋਕੋ ਗਲ ’ਨਾ...

ਮਾਪਿਆਂ ਵਾਂਗੂੰ ਰੁੱਖਾਂ ਦੀ ‘ਪੱਤੋ’ ਆਓ ਪੂਜਾ ਕਰੀਏ,

ਕੁਹਾੜੇ ਸੁੱਟ ਕੇ ਪਾਸੇ ਝੋਲੀ ਫਲਾਂ ਦੇ ਨਾ ਭਰੀਏ।

ਹੁਣ ਲੱਕੜਹਾਰਿਆਂ ਤੋਂ ਵਾਪਸ ਲਈਏ ਕੀਤੀਆਂ ਲੁੱਟਾਂ ਨੂੰ,

ਲੋਕੋ ਹਰੇ ਭਰੇ ਕਰੀਏ ਇਨ੍ਹਾਂ ਖੜ੍ਹ-ਸੁੱਕ ਰੁੱਖਾਂ ਨੂੰ।

ਸੰਪਰਕ: 98550-38775

* * *

ਗ਼ਜ਼ਲ

ਗੋਗੀ ਜ਼ੀਰਾ

ਦਰਦ ਵਿਛੋੜਾ ਸਹਿ ਨਹੀਂ ਹੁੰਦਾ,

ਤੇਰੇ ਬਾਝੋਂ ਰਹਿ ਨਹੀਂ ਹੁੰਦਾ।

ਭਾਲ ਤੇਰੀ ਵਿੱਚ ਭਟਕੇ ਇਹ ਦਿਲ,

ਪਲ ਵੀ ਕਿਧਰੇ ਬਹਿ ਨਹੀਂ ਹੁੰਦਾ।

ਨਸ਼ਾ ਇਸ਼ਕ ਦਾ ਐਸਾ ਚੜਿ੍ਹਆ,

ਕੋਸ਼ਿਸ਼ ਕਰ ਲਈ ਲਹਿ ਨਹੀਂ ਹੁੰਦਾ।

ਪਿਆਰ-ਪਿਆਰ ਦੀ ਲਤ ਲੱਗ ਗਈ,

ਨਫ਼ਰਤ ਨਾਲ ਹੁਣ ਖਹਿ ਨਹੀਂ ਹੁੰਦਾ।

ਤੂੰ ਹੀ ਅੱਖੀਆਂ ਪੜ੍ਹ ਮਹਿਬੂਬ,

‘ਗੋਗੀ’ ਕੋਲੋਂ ਕਹਿ ਨਹੀਂ ਹੁੰਦਾ।

ਸੰਪਰਕ: 97811-36240

* * *

ਮਸਲਾ ਰੋਟੀ ਦਾ

ਸੁਰਿੰਦਰ ਸ਼ਰਮਾ ਨਾਗਰਾ

ਇਹ ਮਸਲਾ ਰੋਟੀ ਦਾ

ਬਹੁਤਿਆਂ ਦਾ ਹੱਲ ਨਹੀਂ ਹੁੰਦਾ

ਕਈਆਂ ਦੇ ਭੰਡਾਰ ਭਰੇ

ਕਈਆਂ ਦੇ ਖ਼ਾਲੀ ਹਨ ਪੀਪੇ

ਕਈ ਰੱਜ ਕੇ ਮਰ ਜਾਂਦੇ

ਕਈ ਭੁੱਖਿਆਂ ਤੋਂ ਚੱਲ ਨ੍ਹੀਂ ਹੁੰਦਾ।

ਕਈ ਮਟਰ ਮਲਾਈ ਖਾਵਣ

ਕਈ ਤਰਸਣ ਸੁੱਕੇ ਟੁੱਕਰ ਨੂੰ

ਕਿਸੇ ਜ਼ਾਲਮ ਹਕੂਮਤ ਦਾ

ਮੂੰਹ ਉਨ੍ਹਾਂ ਵੱਲ ਨਹੀਂ ਹੁੰਦਾ।

ਬੈਠ ਸਮੁੰਦਰ ਕਿਨਾਰੇ ਤੇ

ਪਾਣੀ ਪੀਣ ਲਈ ਤਰਸਣ

ਵੇਖਣ ਹੱਥਾਂ ਦੀਆਂ ਲਕੀਰਾਂ

ਐਂ ਮਸਲਾ ਹੱਲ ਨਹੀਂ ਹੁੰਦਾ।

ਰੋਸਾ ਕਰਨ ਤਕਦੀਰਾਂ ’ਤੇ

ਹੱਥ ਮਲਦੇ ਹੀ ਰਹਿ ਜਾਂਦੇ

ਮੁਸ਼ੱਕਤ ਕਰਨ ਵਾਲਿਆਂ ਦਾ

ਰਸਤਾ ਠੱਲ੍ਹ ਨਹੀਂ ਹੁੰਦਾ।

ਜਦੋਂ ਅਖਾੜੇ ਵਿੱਚ ਕੁੱਦ ਪਵੇ

ਫਿਰ ਪੈਰ ਪਿਛਾਂਹ ਖਿੱਚੇ

ਭਾਵੇਂ ਲੱਖ ਬਲਵਾਨ ਹੋਵੇ

ਅਖਾੜੇ ਦਾ ਮੱਲ ਨਹੀਂ ਹੁੰਦਾ।

ਹੱਥ ਦੇ ਹੁਨਰਮੰਦ ਬੰਦੇ ਨੂੰ

ਕੰਮ ਦੀ ਤੋਟ ਨਹੀਂ ਰਹਿੰਦੀ

ਰੱਜ ਕੇ ਪੇਟ ਭਰ ਲਵੇ

ਕਿਰਤ ਦਾ ਬਦਲ ਨਹੀਂ ਹੁੰਦਾ।

ਸੰਪਰਕ: 98786-46595

* * *

ਧੀ ਦਾ ਮਾਂ ਨੂੰ ਤਰਲਾ

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਮਾਂ ਤੂੰ ਮੈਨੂੰ ਵਿਆਹੀਂ, ਇਹੋ ਜਿਹੇ ਸ਼ਹਿਰ ਨੀ,

ਜਿੱਥੇ ਹੁੰਦਾ ਨਾ ਹੋਵੇ, ਨੂੰਹਾਂ ਨਾਲ ਕਹਿਰ ਨੀ।

ਕੁੜੀਆਂ ਮੁੰਡਿਆਂ ਵਿੱਚ, ਉੱਥੇ ਕੋਈ ਨਾ ਫ਼ਰਕ ਹੋਵੇ,

ਕੋਈ ਮਾਰਦਾ ਨਾ ਹੋਏ ਜੰਮਦੀ ਨੂੰ ਦੇ ਕੇ ਜ਼ਹਿਰ ਨੀ।

ਜਿੱਥੇ ਪਰਿਵਾਰ ਸਾਰਾ ਇਕੱਠਾ ਬਹਿੰਦਾ ਹੋਵੇ,

ਜਿੱਥੇ ਮਾਂ ਪਿਉ ਬੱਚਿਆਂ ਨਾਲ ਰਹਿੰਦਾ ਹੋਵੇ।

ਵੱਡਾ ਛੋਟਾ ਇੱਕ ਦੂਜੇ ਦੀ ਗੱਲ ਸਹਿੰਦਾ ਹੋਵੇ,

ਭਰਾ ਭਰਾ ਨਾਲ ਰੱਖਦਾ ਨਾ ਹੋਵੇ ਵੈਰ ਨੀ।

ਮਾਂ ਤੂੰ ਮੈਨੂੰ ਵਿਆਹੀਂ ਇਹੋ ਜਿਹੇ ਸ਼ਹਿਰ ਨੀ...

ਜਿੱਥੇ ਸਾਰੇ ਹੀ ਲੋਕ ਰੁੱਖ ਲਗਾਉਂਦੇ ਹੋਵਣ,

ਜਿੱਥੇ ਇੱਕ ਦੂਜੇ ਦਾ ਦੁੱਖ ਵੰਡਾਉਂਦੇ ਹੋਵਣ।

ਭੁੱਖ ਲੱਗਣ ’ਤੇ ਵੀ ਨਾ ਭੁੱਖ ਵਿਖਾਉਂਦੇ ਹੋਵਣ,

ਜਿੱਥੇ ਰਲ-ਮਿਲ ਕੇ ਕਰਦੇ ਹੋਵਣ ਸੈਰ ਨੀ।

ਮਾਂ ਤੂੰ ਮੈਨੂੰ ਵਿਆਹੀਂ ਇਹੋ ਜਿਹੇ ਸ਼ਹਿਰ ਨੀ...

ਜਿੱਥੇ ਹਰ ਕੋਈ ਲੈਂਦਾ ਰੱਬ ਦਾ ਨਾਂ ਹੋਵੇ,

ਹਰ ਰਿਸ਼ਤਾ ਪਲਕਾਂ ਦੀ ਕਰਦਾ ਛਾਂ ਹੋਵੇ।

ਸਵਰਗਾਂ ਵਰਗੀ ਬਣੀ ਪਿੰਡਾਂ ਦੀ ਸਾਂਝੀ ਥਾਂ ਹੋਵੇ,

ਕੋਲੋਂ ਲੰਘਦੀ ਹੋਵੇ ਸੋਹਣੀ ਜਿਹੀ ਨਹਿਰ ਨੀ।

ਮਾਂ ਤੂੰ ਮੈਨੂੰ ਵਿਆਹੀਂ ਇਹੋ ਜਿਹੇ ਸ਼ਹਿਰ ਨੀ...

ਜਿਊਂਦੇ ਜੀਅ ਤੈਨੂੰ ਸਦਾ ਰੱਖਾਂਗੀ ਯਾਦ ਮਾਏ,

ਤੇਰੇ ਅੱਗੇ ਮੇਰੀ ਇੱਕੋ ਇੱਕ ਫਰਿਆਦ ਮਾਏ।

ਜ਼ਿੰਦਗੀ ਜਿਊਣ ਦਾ ਆ ਜਾਏ ਸੁਆਦ ਮਾਏ,

‘ਜਸਵਿੰਦਰ’ ਵਰਗੇ ਵੀ ਮੰਗਦੇ ਇਹੋ ਖ਼ੈਰ ਨੀ

ਮਾਂ ਤੂੰ ਮੈਨੂੰ ਵਿਆਹੀਂ ਇਹੋ ਜਿਹੇ ਸ਼ਹਿਰ ਨੀ...

* * *

Advertisement
×