DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਵਿ ਕਿਆਰੀ

ਗ਼ਜ਼ਲ ਰਜਿੰਦਰ ਸਿੰਘ ਰਾਜਨ ਤੈਨੂੰ ਤੇਰੀ ਹਾਰ ਵਿਖਾਉਣੀ ਚਾਹੁੰਦਾ ਹਾਂ, ਤੇਰੀ ਇੱਟ ਨਾਲ ਇੱਟ ਵਜਾਉਣੀ ਚਾਹੁੰਦਾ ਹਾਂ। ਸਾਡੀ ਹਿੱਕ ’ਤੇ ਉੱਕਰੀਆਂ ਕੱਚੀਆਂ ਕਬਰਾਂ ਦੀ, ਤੇਰੀ ਰੂਹ ਤੱਕ ਚੀਕ ਸੁਣਾਉਣੀ ਚਾਹੁੰਦਾ ਹਾਂ। ਹੁਣ ਪਛਤਾਵੇ ਦਾ ਪਰਛਾਵਾਂ ਲੰਘ ਗਿਆ, ਤੇਰੇ ਲਹੂ ਤੋਂ...

  • fb
  • twitter
  • whatsapp
  • whatsapp
Advertisement

ਗ਼ਜ਼ਲ

ਰਜਿੰਦਰ ਸਿੰਘ ਰਾਜਨ

ਤੈਨੂੰ ਤੇਰੀ ਹਾਰ ਵਿਖਾਉਣੀ ਚਾਹੁੰਦਾ ਹਾਂ,

Advertisement

ਤੇਰੀ ਇੱਟ ਨਾਲ ਇੱਟ ਵਜਾਉਣੀ ਚਾਹੁੰਦਾ ਹਾਂ।

Advertisement

ਸਾਡੀ ਹਿੱਕ ’ਤੇ ਉੱਕਰੀਆਂ ਕੱਚੀਆਂ ਕਬਰਾਂ ਦੀ,

ਤੇਰੀ ਰੂਹ ਤੱਕ ਚੀਕ ਸੁਣਾਉਣੀ ਚਾਹੁੰਦਾ ਹਾਂ।

ਹੁਣ ਪਛਤਾਵੇ ਦਾ ਪਰਛਾਵਾਂ ਲੰਘ ਗਿਆ,

ਤੇਰੇ ਲਹੂ ਤੋਂ ਪਿਆਸ ਬੁਝਾਉਣੀ ਚਾਹੁੰਦਾ ਹਾਂ।

ਸਿਦਕੀ ਅਣਖੀ ਪਹਿਲ ਮੌਤ ਨੂੰ ਦਿੰਦੇ ਨੇ,

ਨਾ ਬੁਜ਼ਦਿਲ ਨੂੰ ਸੀਸ ਝੁਕਾਉਣੀ ਚਾਹੁੰਦਾ ਹਾਂ।

ਰੱਤ ਡੁੱਲ੍ਹੀ ਮਿੱਟੀ ਮਸਤਕ ਦਾ ਸ਼ਿੰਗਾਰ ਬਣੇ,

ਪਲਕਾਂ ਉੱਤੇ ਮੌਤ ਬਿਠਾਉਣੀ ਚਾਹੁੰਦਾ ਹਾਂ।

‘ਰਾਜਨ’ ਅੱਗ ਦਾ ਸੇਕ ਤੇਰੇ ਘਰ ਪਹੁੰਚੇਗਾ,

ਆਪਣੇ ਸੀਨੇ ਜੇ ਠੰਢ ਪਾਉਣੀ ਚਾਹੁੰਦਾ ਹਾਂ।

ਸੰਪਰਕ: 98761-84954

* * *

ਟੁੱਟਿਆ ਨਾ ਕਰੋ

ਅਜੀਤ ਖੰਨਾ

ਜ਼ਿੰਦਗੀ

ਸ਼ੰਘਰਸ਼ ਦੀ ਦਾਸਤਾਨ

ਮੁਸੀਬਤਾਂ ਨੂੰ ਹਰਾ

ਜਿੱਤਾਂ ਲੁੱਟਿਆ ਕਰੋ

ਆਉਣ ਦੁੱਖ

ਤਾਂ ਟੁੱਟਿਆ ਨਾ ਕਰੋ...

ਮਹਿਕਾਂ ਖਿਲਾਰ

ਫਿਜ਼ਾ ’ਚ

ਪੱਤਝੜ ਦੀ ਰੁੱਤ ਦਾ ਵੀ

ਲੁਤਫ਼ ਲੁੱਟਿਆ ਕਰੋ

ਦਿੱਕਤਾਂ ਨੂੰ ਹੱਸ ਹੱਸ

ਪਰ੍ਹਾਂ ਸੁੱਟਿਆ ਕਰੋ

ਆਉਣ ਦੁੱਖ

ਤਾਂ ਟੁੱਟਿਆ ਨਾ ਕਰੋ...

ਦੁੱਖਾਂ ’ਚ ਸੁੱਖਾਂ ਵਾਂਗ

ਨਜ਼ਾਰੇ ਲੁੱਟਿਆ ਕਰੋ

ਜ਼ਿੰਦਗੀ ਅਨਮੋਲ ਖ਼ਜ਼ਾਨਾ

ਏਸ ਖ਼ਜ਼ਾਨੇ ’ਚੋਂ

ਖ਼ੁਸ਼ੀਆਂ ਭਰ ਭਰ

ਲੁੱਟਿਆ ਕਰੋ

ਆਉਣ ਮੁਸ਼ਕਿਲਾਂ

ਤਾਂ ਟੁੱਟਿਆ ਨਾ ਕਰੋ...

ਮਨ ’ਚ ਕਦੇ

ਨਫ਼ਰਤ ਦੇ ਬੀਜ ਫੁੱਟਣ

ਤਾਂ ਉਨ੍ਹਾਂ ਬੀਜਾਂ ਨੂੰ

ਪੁੱਟ ਸੁੱਟਿਆ ਕਰੋ

ਆਉਣ ਦੁੱਖ

ਤਾਂ ਟੁੱਟਿਆ ਨਾ ਕਰੋ...

ਜੀਵਨ ਦੁੱਖਾਂ ਸੁਖਾਂ ਦਾ ਘਰ

ਘਰ ’ਚ ਬੁੱਲ੍ਹੇ ਲੁੱਟਿਆ ਕਰੋ

ਕਰ ਮੁਸੀਬਤਾਂ ਦਾ ਟਾਕਰਾ

ਲਾ ਅੱਗੇ ਇਨ੍ਹਾਂ ਨੂੰ

ਹਰਾ ਸੁੱਟਿਆ ਕਰੋ

ਆਉਣ ਦੁੱਖ

ਤਾਂ ਟੁੱਟਿਆ ਨਾ ਕਰੋ...

ਮੰਦੜੇ ਬੋਲੇ ਬੋਲ ਕੋਈ

ਨਾ ਦਿਲ ’ਤੇ ਲਾਉ

ਵਿਸਾਰ ਸੁੱਟਿਆ ਕਰੋ

ਇਹ ਜ਼ਿੰਦਗੀ ਦੇ

ਖੱਟੇ ਮਿੱਠੇ ਰੰਗ

ਰੰਗਾਂ ਨੂੰ ਨਿਹਾਰ

ਮਜ਼ੇ ਲੁੱਟਿਆ ਕਰੋ

ਆਉਣ ਦੁੱਖ

ਤਾਂ ਟੁੱਟਿਆ ਨਾ ਕਰੋ...

ਹੱਥ ਜੋੜ

ਕਰ ਸ਼ੁਕਰ ਰੱਬ ਦਾ

ਉਹਦੇ ਭਾਣੇ ’ਚ

ਪਲ ਪਲ ਦਾ ਮੁੱਲ

‘ਖੰਨੇ’ ਵੱਟਿਆ ਕਰੋ

ਆਉਣ ਦੁੱਖ

ਤਾਂ ਟੁੱਟਿਆ ਨਾ ਕਰੋ...

ਸੰਪਰਕ: 76967-54669

* * *

ਕੰਡਿਆਲੀ ਤਾਰ

ਡਾ. ਸਾਧੂ ਰਾਮ ਲੰਗੇਆਣਾ

ਅਮਨ ਸ਼ਾਂਤੀ ਦੀ ਹਾਮੀ ਭਰ ਦਿਓ,

ਤਾਰ ਕੰਡਿਆਲੀ ਲਾਂਭੇ ਕਰ ਦਿਓ।

ਦੋਵੇਂ ਮੁਲਕਾਂ ਦੀ ਏਕਤਾ ਹੋਵੇ,

ਨਾ ਮਾਂ ਕਿਸੇ ਦੀ ਮੱਥਾ ਫੜ ਰੋਵੇ।

ਖ਼ੁਸ਼ੀਆਂ ਦੇ ਸਦਾ ਦੀਪ ਜਗਾਓ,

ਘੁੱਟ ਗਲਵੱਕੜੀ ਆਪਸੀ ਪਾਓ।

ਨਾ ਇੱਕ ਦੂਜੇ ਵੱਲ ਸੀਨੇ ਤਾਣੋਂ,

ਮਿਲ ਇੱਕ-ਦੂਜੇ ਦਾ ਦਰਦ ਪਛਾਣੋਂ।

ਰਲ ਕੇ ਰਹੋ ਸਦਾ ਦੋਵੇਂ ਭਾਈ,

ਨਾ ਜਾਓ ਇੱਕ ਦੂਜੇ ਵੱਲ ਤੀਰ ਚਲਾਈ।

ਠਾਹ ਠੂਹ ਠਾਹ ਠੂਹ ਹੋ ਜਾਏ ਬੰਦ,

ਦਵੈਤ ਭਾਵਨਾ ਦੀ ਢਾਹ ਦਿਓ ਕੰਧ।

ਜਿਸ ਨੇ ਇਹ ਕੰਧ ਬਣਾਈ,

ਉਹ ਨ੍ਹੀਂ ਸਾਡਾ ਸੱਚਾ ਭਾਈ।

ਖਟਾਸ ਮਨਾਂ ਦੀ ਦੂਰ ਭਜਾਓ,

ਹੱਦਾਂ ਸਰਹੱਦਾਂ ਦੀ ਲੀਕ ਮਿਟਾਓ।

‘ਲੰਗੇਆਣਾ ਸਾਧੂ ਰਾਮ’ ਨੇ ਕੀਤੀ ਅਰਜ਼,

ਨਿਭਾਈਏ ਰਲਮਿਲ ਆਪਾਂ ਸਾਰੇ ਫਰਜ਼।

ਸੰਪਰਕ: 98781-17285

* * *

ਕਿਰਤ ਦਾ ਪਰਚਮ

ਕਮਲਜੀਤ ਕੌਰ ਗੁੰਮਟੀ

ਜੋ ਹੱਕ ਮੰਗੇ ਆਪਣੀ ਕਿਰਤ ਦਾ, ਉਨ੍ਹਾਂ ’ਤੇ ਲਾਠੀ ਤਾਣੀ ਹੈ,

ਹਰ ਹਾਕਮ ਦੇ ਹਰ ਜ਼ੁਲਮ ਦੀ, ਕਹਾਣੀ ਪੁਰਾਣੀ ਹੈ।

ਤੁਸੀਂ ਖ਼ੂਨ ਵਹਾ ਕੇ ਕਿਰਤੀ ਦਾ, ਇਹ ਸੋਚਣ ਉਹ ਡਰ ਜਾਊ?

ਇਹ ਇਨਕਲਾਬੀ ਸੋਚ ਤਾਂ, ਬਲਦੀ ਅੱਗ ਦਾ ਪਾਣੀ ਹੈ।

ਜੋ ਮੁੜ੍ਹਕਾ ਡੋਲ੍ਹ ਕੇ ਰਾਤਾਂ ਨੂੰ, ਇਸ ਜਗ ਵਿੱਚ ਚਾਨਣ ਕਰਦੇ ਨੇ,

ਉਨ੍ਹਾਂ ਦੇ ਸਬਰ ਤਾਈਂ ਪਰਖ ਰਹੀ, ਇਹ ਸੱਤਾ ਦੀ ਮਨਮਾਨੀ ਹੈ।

ਪਟਿਆਲੇ ਦੀਆਂ ਸੜਕਾਂ ’ਤੇ, ਜੋ ਡੁੱਲ੍ਹਿਆ ਸੂਹਾ ਖ਼ੂਨ ਹੈ,

ਇਹ ਕਿਰਤ ਦੇ ਉੱਚੇ ਪਰਚਮ ਦੀ, ਵੱਖਰੀ ਰਮਜ਼ ਪਛਾਣੀ ਹੈ।

ਇਹ ਲਾਠੀਆਂ ਕੋਲੋਂ ਟੁੱਟਣੀ ਨਹੀਂ, ਮਿਹਨਤ ਦੀ ਪੱਕੀ ਆਵਾਜ਼,

ਜੋ ਹੱਕਾਂ ਲਈ ਮੈਦਾਨੇ ਨਿੱਤਰੀ, ਉਹ ਹਰ ਇੱਕ ਹਿੱਕ ਤੂਫ਼ਾਨੀ ਹੈ।

ਤੁਸੀਂ ਤਖ਼ਤ-ਓ-ਤਾਜ ਦੇ ਨਸ਼ੇ ਵਿੱਚ, ਭਾਵੇਂ ਲੱਖ ਤਸ਼ੱਦਦ ਕਰ ਲਵੋ,

‘ਕਮਲ’ ਕਿਰਤ ਦੀ ਜਿੱਤ ਹੀ ਹੁੰਦੀ, ਇਹ ਸੱਚੀ ਗੱਲ ਸਿਆਣੀ ਹੈ।

ਸੰਪਰਕ: 94171-63426

* * *

ਹੱਕਾਂ ’ਤੇ ਲਾਠੀਆਂ ਦੇ ਵਾਰ

ਮੇਘ ਰਾਜ ਜੋਸ਼ੀ

ਜਦੋਂ ਹੱਕਾਂ ਦੀ ਖ਼ਾਤਰ ਨੌਜਵਾਨ ਸੜਕਾਂ ’ਤੇ ਆਏ,

ਹੱਥਾਂ ’ਚ ਡਿਗਰੀਆਂ ਤੇ ਅੱਖਾਂ ’ਚ ਸੁਪਨੇ ਸਜਾਏ।

ਰੁਜ਼ਗਾਰ ਦੀ ਮੰਗ ਸੀ, ਕੋਈ ਗੁਨਾਹ ਨਹੀਂ ਸੀ,

ਪਰ ਹਾਕਮਾਂ ਨੇ ਉਨ੍ਹਾਂ ’ਤੇ ਬਸ ਜਬਰ ਕਮਾਏ।

ਸਖ਼ਤ ਲਾਠੀਆਂ ਜਦੋਂ ਪਿੰਡਿਆਂ ’ਤੇ ਵਰ੍ਹਦੀਆਂ,

ਧੀਆਂ-ਪੁੱਤਾਂ ਦੀਆਂ ਚੀਕਾਂ ਅੰਬਰ ਨੂੰ ਚੀਰਦੀਆਂ।

ਖ਼ੂਨ ਨਾਲ ਲਥਪਥ ਹੋਈਆਂ ਉਹ ਕਿਤਾਬਾਂ,

ਜੋ ਕਦੇ ਦੇਸ਼ ਦਾ ਭਵਿੱਖ ਬਣਨਾ ਲੋਚਦੀਆਂ।

ਕੀ ਸੱਚ ਕਹਿਣਾ ਹੁਣ ਬਗ਼ਾਵਤ ਬਣ ਗਿਆ?

ਕੀ ਆਪਣਾ ਹੱਕ ਮੰਗਣਾ ਹੋ ਪਾਪ ਹੁਣ ਗਿਆ?

ਲੋਕਤੰਤਰ ਦੇ ਨਾਂ ’ਤੇ ਜੋ ਡੰਡੇ ਵਰ੍ਹ ਰਹੇ ਨੇ,

ਇਹ ਦੇਖ ਕੇ ਤਾਂ ਅੱਜ ਕਾਨੂੰਨ ਵੀ ਰੋ ਪਿਆ।

ਪਰ ਸੁਣ ਲਓ ਹਾਕਮੋ, ਨਾ ਇੰਨਾ ਹੰਕਾਰ ਕਰੋ,

ਲਾਠੀਆਂ ਦੇ ਜ਼ੋਰ ’ਤੇ ਨਾ ਸੋਚਾਂ ਦਾ ਸ਼ਿਕਾਰ ਕਰੋ।

ਇਹ ਪੰਜਾਬ ਦੇ ਗੱਭਰੂ ਨੇ, ਦੇਸ਼ ਦੀ ਜਵਾਨੀ ਹੈ,

ਜਿੰਨਾ ਇਸ ਦਬਾਓਗੇ, ਇਹ ਬਣਨੀ ਤੂਫ਼ਾਨੀ ਹੈ।

ਖ਼ੂਨ ਦੀ ਹਰ ਬੂੰਦ ’ਚੋਂ ਇੱਕ ਇਨਕਲਾਬ ਉੱਠੇਗਾ,

ਜ਼ੁਲਮ ਦੇ ਹਨੇਰੇ ਤੋਂ ਹਰ ਇੱਕ ਹਿਸਾਬ ਪੁੱਛੇਗਾ।

‘ਜੋਸ਼ੀ’ ਲਾਠੀਚਾਰਜ ਨਾਲ ਕਦੇ ਜਜ਼ਬੇ ਨਹੀਂ ਮਰਦੇ,

ਇਹ ਸੰਘਰਸ਼ ਹੁਣ ਜਿੱਤ ਦੇ ਰਾਹਾਂ ’ਤੇ ਹੀ ਰੁਕੇਗਾ।

ਸੰਪਰਕ: 98779-93000

* * *

ਜੰਗਾਂ ਦੇ ਸਾਏ

ਪ੍ਰੋਫੈਸਰ ਖੁਸ਼ਦੀਪ ਗੋਇਲ

ਅੰਬਰ ਉੱਤੇ ਧੂੰਏਂ ਦੀ ਚਾਦਰ,

ਧਰਤੀ ਉੱਤੇ ਖ਼ੂਨ ਦੇ ਨਿਸ਼ਾਨ।

ਤਾਕਤਵਰ ਦੇ ਹੱਥਾਂ ’ਚ ਅੱਗ ਹੈ,

ਤੇ ਕੰਬ ਰਿਹਾ ਸਾਰਾ ਜਹਾਨ।

ਅਮਰੀਕਾ ਦੇ ਜਹਾਜ਼ ਗੱਜ ਰਹੇ,

ਇਰਾਨ ਦੇ ਮਿਜ਼ਾਈਲ ਬੋਲ ਪਏ।

ਸਿਆਸਤ ਦੀ ਸ਼ਤਰੰਜ ਅੰਦਰ,

ਹਾਕਮ ਲੱਖਾਂ ਸੁਪਨੇ ਰੋਲ ਗਏ।

ਤੇਲ ਦੇ ਰਾਹ ਵੀ ਡਰਦੇ ਨੇ,

ਸਮੁੰਦਰ ਵੀ ਖ਼ਾਮੋਸ਼ ਖੜ੍ਹਾ।

ਬਾਜ਼ਾਰਾਂ ਵਿੱਚ ਮਹਿੰਗਾਈ ਨੱਚੇ,

ਗ਼ਰੀਬ ਦਾ ਚੁੱਲ੍ਹਾ ਹੋਇਆ ਠੰਢਾ।

ਜੰਗ ਭਾਵੇਂ ਦੋ ਦੇਸ਼ਾਂ ਅੰਦਰ,

ਪਰ ਅਸਰ ਪੈਂਦਾ ਦੁਨੀਆ ਸਾਰੀ।

ਕਿਤੇ ਰੋਟੀ ਹੋ ਜਾਂਦੀ ਮਹਿੰਗੀ,

ਕਿਤੇ ਰੁਕਦੀ ਰੋਜ਼ੀ-ਰੋਟੀ ਦੀ ਲਾਰੀ।

ਅਫ਼ਰੀਕਾ ਦੇ ਭੁੱਖੇ ਬੱਚੇ,

ਏਸ਼ੀਆ ਦੇ ਮਜ਼ਦੂਰ ਬੇਹਾਲ।

ਉਨ੍ਹਾਂ ਦਾ ਕੀ ਕਸੂਰ ਦੱਸੋ,

ਜਿਨ੍ਹਾਂ ਦਾ ਮੰਦੜਾ ਹੋਇਆ ਹਾਲ?

ਤੇਲ ਮਹਿੰਗਾ, ਸਫ਼ਰ ਮਹਿੰਗਾ,

ਖੇਤਾਂ ਲਈ ਖਾਦ ਵੀ ਦੂਰ।

ਗ਼ਰੀਬ ਦੇ ਘਰ ਦੀ ਥਾਲੀ ਖਾਲੀ,

ਸੁਆਣੀ ਹੋ ਜਾਂਦੀ ਹੋਰ ਮਜਬੂਰ।

ਜਿੱਥੇ ਪਹਿਲਾਂ ਹੀ ਦੁੱਖਾਂ ਦੇ ਪਹਾੜ,

ਉੱਥੇ ਹੋਰ ਮੁਸੀਬਤਾਂ ਆਉਣ।

ਵੱਡੇ ਦੇਸ਼ਾਂ ਦੀ ਤਾਕਤ ਦੀ ਖੇਡ ਵਿੱਚ,

ਛੋਟੇ ਦੇਸ਼ ਅੱਥਰੂ ਵਹਾਉਣ।

ਮਾਵਾਂ ਦੇ ਚਿਹਰਿਆਂ ਉੱਤੇ ਚਿੰਤਾ,

ਬੱਚਿਆਂ ਦੀਆਂ ਅੱਖਾਂ ਵਿੱਚ ਸਵਾਲ।

ਕਿਸ ਦੀ ਜਿੱਤ ਤੇ ਕਿਸ ਦੀ ਹਾਰ ਹੈ,

ਜਦ ਮਰਦਾ ਸਿਰਫ਼ ਆਮ ਇਨਸਾਨ।

ਨੇਤਾ ਬੈਠੇ ਮੇਜ਼ਾਂ ਉੱਤੇ,

ਨਕਸ਼ਿਆਂ ਦੀਆਂ ਲਕੀਰਾਂ ਖਿੱਚਣ।

ਪਰ ਜੰਗਾਂ ਦੀ ਅਸਲੀ ਕੀਮਤ,

ਸਿਪਾਹੀ ਤੇ ਲੋਕ ਹੀ ਭੁਗਤਣ।

ਰੱਬਾ ਐਸੀ ਸੂਝ ਬਖ਼ਸ਼ੀਂ,

ਨਫ਼ਰਤ ਦੀ ਅੱਗ ਠੰਢੀ ਹੋਵੇ।

ਅਮਰੀਕਾ ਤੇ ਇਰਾਨ ਦੀ ਕਿਸ਼ਤੀ,

ਅਮਨ ਦੀ ਰਾਹ ’ਤੇ ਮੁੜੀ ਹੋਵੇ।

ਜੰਗ ਕਦੇ ਵੀ ਜਿੱਤਦੀ ਨਹੀਂ,

ਹਾਰਦੀ ਸਾਰੀ ਮਨੁੱਖਤਾ ਹੈ।

ਜਦ ਗੋਲੀਆਂ ਬੋਲਣ ਲੱਗ ਪੈਣ,

ਚੁੱਪ ਹੁੰਦੀ ਇਨਸਾਨੀਅਤ ਹੈ।

ਅੱਜ ਭਗਤ ਸਿੰਘ ਵੀ ਪੁੱਛਦਾ ਹੈ,

ਕੀ ਇਹੀ ਤਰੱਕੀ ਦਾ ਮਾਣ ਹੈ?

ਜਦ ਦੋ ਤਾਕਤਾਂ ਟਕਰਾਉਂਦੀਆਂ,

ਸਜ਼ਾ ਗਰੀਬ ਨੂੰ ਕਿਉਂ ਮਿਲਦੀ ਹੈ?

ਅਮਨ ਦੀ ਜੋਤ ਜਗਦੀ ਰਹੇ,

ਇਹੀ ਮਨੁੱਖਤਾ ਦੀ ਅਸਲੀ ਜਿੱਤ ਹੈ।

* * *

ਗਹਿਰਾ ਸਾਗਰ

ਬਿੰਦਰ ਸਿੰਘ ਖੁੱਡੀ ਕਲਾਂ

ਗ਼ਲਤੀ ਦਰੁਸਤ ਕਰਨ ਦਾ ਕਹਿ ਕੇ,

ਕੁਮੈਂਟ ਕਾਹਦਾ ਕਰ ਲਿਆ ਸੀ ਮੈਂ।

ਆਪਣੇਪਣ ਦੀ ਭਾਵਨਾ ਵਿੱਚ ਆ ਕੇ,

ਸਿਆਪਾ ਖੜ੍ਹਾ ਕਰ ਲਿਆ ਸੀ ਮੈਂ।

ਭੁੱਲ ਭੁਲੇਖੇ ਰਸੀਲੀਆਂ ਅੰਬੀਆਂ ਦੇ,

ਅੱਕ ਦਾ ਰੁੱਖ ਚਰ ਲਿਆ ਸੀ ਮੈਂ।

ਸੱਪਾਂ ਤੋਂ ਜ਼ਹਿਰੀ ਹੋਏ ਫਿਰਦੇ ਨੇ ਬੰਦੇ,

ਪੈਰ ਪੂਛ ’ਤੇ ਧਰ ਲਿਆ ਸੀ ਮੈਂ।

‘ਖੁੱਡੀ’ ਮੰਗ ਮੁਆਫ਼ੀ ਖਹਿੜਾ ਛੁਡਾਇਆ,

ਸਾਗਰ ਗਹਿਰਾ ਤਰ ਲਿਆ ਸੀ ਮੈਂ।

ਸੰਪਰਕ: 98786-05965

* * *

Advertisement
×