DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ

ਮੈਂ ਹੈਗਾ ਨਾ...! ਮੋਹਨ ਸ਼ਰਮਾ ਜ਼ਿੰਦਗੀ ਦੇ ਝਮੇਲੇ ਤਾਂ ਮੁੱਕਦੇ ਹੀ ਨਹੀਂ, ਅਤੇ ਨਾ ਹੀ ਮੁੱਕਦਾ ਹੈ ਸਾਡਾ ਨਿੱਜ ਤੋਂ ਨਿੱਜ ਤੱਕ ਦਾ ਸਫ਼ਰ। ਜੀਵਨ ਦੀਆਂ ਪਦਾਰਥਕ ਲੋੜਾਂ! ਆਲੀਸ਼ਾਨ ਕੋਠੀ, ਕਾਰ ਸ਼ਾਹੀ ਠਾਠ-ਬਾਠ ਨਾਲ ਰਹਿਣ ਦੀ ਰੀਝ ਰੋਜ਼ ਹੀ ਅੰਗ...

  • fb
  • twitter
  • whatsapp
  • whatsapp
Advertisement

ਮੈਂ ਹੈਗਾ ਨਾ...!

ਮੋਹਨ ਸ਼ਰਮਾ

ਜ਼ਿੰਦਗੀ ਦੇ ਝਮੇਲੇ ਤਾਂ

Advertisement

ਮੁੱਕਦੇ ਹੀ ਨਹੀਂ,

Advertisement

ਅਤੇ ਨਾ ਹੀ ਮੁੱਕਦਾ ਹੈ

ਸਾਡਾ ਨਿੱਜ ਤੋਂ ਨਿੱਜ ਤੱਕ ਦਾ ਸਫ਼ਰ।

ਜੀਵਨ ਦੀਆਂ ਪਦਾਰਥਕ ਲੋੜਾਂ!

ਆਲੀਸ਼ਾਨ ਕੋਠੀ, ਕਾਰ

ਸ਼ਾਹੀ ਠਾਠ-ਬਾਠ ਨਾਲ

ਰਹਿਣ ਦੀ ਰੀਝ

ਰੋਜ਼ ਹੀ ਅੰਗ ਸੰਗ ਰਹਿੰਦੀ ਹੈ।

ਨੋਟਾਂ ਨਾਲ ਭਰੀ ਫੁੱਲੀ ਜੇਬ੍ਹ

ਨੂੰ ਖਾਲੀ ਕਰਕੇ

ਦੁਬਾਰਾ ਭਰਨ ਦੀ ਲਾਲਸਾ ਵੀ

ਸਾਡੇ ਅੰਦਰ ਅੰਗੜਾਈਆਂ

ਲੈਂਦੀ ਹੈ।

ਪਰ ਜ਼ਰਾ ਗੰਭੀਰ ਹੋ ਕੇ ਸੋਚੀਏ

ਕੀ ਇਸੇ ਨੂੰ ਹੀ

ਜ਼ਿੰਦਗੀ ਜਿਉਣਾ ਕਹਿੰਦੇ ਨੇ?

ਕੀ ਇਹ ਸਭ ਕੁਝ ਪ੍ਰਾਪਤ ਕਰਕੇ

ਅਸੀਂ ਆਪਣੇ ਘਰ ਦੇ

ਕੀਮਤੀ ਬੈੱਡਾਂ ’ਤੇ

ਚੱਜ ਨਾਲ ਸੁੱਤੇ ਵੀ ਹਾਂ?

ਕੀ ਇਸ ਪਦਾਰਥਕ ਦੌੜ ਕਾਰਨ

ਭਾਂਤ ਭਾਂਤ ਦੀਆਂ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ

ਸਾਡੀ ਅਲਮਾਰੀ

ਦਵਾਈਆਂ ਦੇ ਪੱਤਿਆਂ ਅਤੇ

ਸ਼ੀਸ਼ੀਆਂ ਨਾਲ ਤਾਂ ਨਹੀਂ ਭਰ ਰਹੀ?

ਕੀ ਇਹ ਸਭ ਕੁਝ ਪ੍ਰਾਪਤ ਕਰਕੇ

ਅਸੀਂ ਅੰਦਰੋਂ ਖਾਲੀ ਹੋ ਕੇ ਵੀ

ਆਪਣੇ-ਆਪ ਨੂੰ ਭਰੇ ਭਰੇ

ਹੋਣ ਦਾ ਭਰਮ ਤਾਂ ਨਹੀਂ

ਪਾਲ ਰਹੇ?

ਕੀ ਅਸੀਂ ਮਨ ਦੇ ਚੈਨ ਨੂੰ

ਤਿਲਾਂਜਲੀ ਤਾਂ ਨਹੀਂ ਦੇ ਰਹੇ?

ਗੰਭੀਰ ਹੋ ਕੇ ਚਿੰਤਨ ਕਰਨਾ

ਅਤੇ ਫਿਰ ਲੋੜਾਂ ਤੇ ਥੋੜਾਂ ਦੇ ਸ਼ਿਕਾਰ ਹੋਏ

ਆਪਣੇ ਬਚਪਨ ਦੇ ਸਾਥੀ

ਜਾਂ ਰਿਸ਼ਤੇਦਾਰ ਦੇ ਮੋਢੇ ’ਤੇ

ਹੱਥ ਧਰ ਕੇ

ਇੰਜ ਕਹਿ ਕੇ ਵੇਖਣਾ,

ਝੂਰਦਾ ਕਿਉਂ ਹੈਂ?

ਮੈਂ ਹੈਗਾ ਨਾ...!

ਫਿਰ ਉਹਦੇ ਚਿਹਰੇ ਵੱਲ ਵੇਖਣਾ

ਉਹਦੇ ਚਿਹਰੇ ’ਤੇ ਆਈ

ਨਿਰਛਲ ਮੁਸਕਰਾਹਟ

ਅਤੇ ਨੈਣਾਂ ’ਚ ਖ਼ਾਮੋਸ਼

ਸ਼ੁਕਰਾਨੇ ਦੇ ਸ਼ਬਦ

ਤੁਹਾਡੇ ਮਨ ਨੂੰ ਜਿਹੜਾ

ਸਕੂਨ ਅਤੇ ਖ਼ੁਸ਼ੀ ਦੇਣਗੇ

ਉਹ ਸਭ ਕੁਝ ਪੈਸੇ ਨਾਲ

ਨਹੀਂ ਖਰੀਦਿਆ ਜਾ ਸਕਦਾ।

ਅਤੇ ਤੁਸੀਂ ਆਪਣੇ-ਆਪ ਨੂੰ

ਭਰੇ ਭਰੇ ਜਿਹੇ ਮਹਿਸੂਸ ਕਰੋਗੇ।

ਤੁਹਾਡੀ ਇਹ ਮਦਦ

ਕਿਸੇ ਦੀ ਖ਼ੁਦਕੁਸ਼ੀ ਦੇ

ਰਾਹ ਵਿੱਚ ਵਾੜ ਬਣ ਜਾਵੇਗੀ।

ਅਤੇ ਫਿਰ ਤੁਸੀਂ

ਵਾਣ ਦੇ ਮੰਜੇ ’ਤੇ ਵੀ

ਬਾਂਹ ਦਾ ਸਿਰਹਾਣਾ ਲਾਕੇ

ਘੂਕ ਸੌਂ ਸਕਦੇ ਹੋ।

ਕਦੇ ਲੋੜਵੰਦਾਂ ਅਤੇ ਪੀੜਤਾਂ ਨੂੰ

ਕਹਿ ਕੇ ਤਾਂ ਵੇਖੋ

ਮੈਂ ਹੈਗਾ ਨਾ...!

ਸੰਪਰਕ: 94171-48866

* * *

ਗ਼ਜ਼ਲ

ਬਲਵਿੰਦਰ ਬਾਲਮ

ਧੋਖੇ ਦੇ ਨਾਲ ਪੁੱਤ ਨੇ ਸਾਂਭੀ ਪੈਲੀ ਸਾਰੀ ਬਾਪੂ ਦੀ,

ਮਾਰਨ ਪਿੱਛੋਂ ਰੋ-ਰੋ ਅਰਥੀ ਖ਼ੂਬ ਸ਼ਿੰਗਾਰੀ ਬਾਪੂ ਦੀ।

ਘਰ ਦੇ ਬਾਹਰ ਘਰ ਦੇ ਅੰਦਰ ਅੱਗਾਂ ਖ਼ੂਬ ਲਗਾਈਆਂ,

ਐਸ਼ ਪ੍ਰਸਤੀ ਕਰਕੇ ਜਿਨ੍ਹਾਂ ਪੱਗ ਉਤਾਰੀ ਬਾਪੂ ਦੀ।

ਧੀਆਂ ਪੁੱਤ ਨਿਕੰਮੇ ਬਹੁਤ ਕੁਪੱਤੇ ਲਾਪਰਵਾਹ ਨਿਕਲੇ,

ਜਿੱਤੀ ਹੋਈ ਆਖ਼ਿਰ ਸਾਰੀ ਜਿੱਤ ਵੀ ਹਾਰੀ ਬਾਪੂ ਦੀ।

ਘਰ ਦੇ ਵਿੱਚ ਹੈ ਸੁਖ ਸ਼ਾਂਤੀ ਤੇ ਰਹਿਮਤ ਵਾਲੀ ਕਿਰਪਾ ਹੈ,

ਅੰਬਰ ਨੂੰ ਵੀ ਛੂਹ-ਛੂਹ ਜਾਵੇ ਵੇਖ ਉਡਾਰੀ ਬਾਪੂ ਦੀ।

ਇਸ ਤੋਂ ਵਧ ਕੇ ਹੋਰ ਕਿਤੇ ਵੀ ਜੰਨਤ ਫਿਰ ਨ੍ਹੀਂ ਹੋ ਸਕਦੀ,

ਪੋਤੇ ਦੇ ਨਾਲ ਬਿਲਕੁਲ ਪੱਕੀ ਹੁੰਦੀ ਯਾਰੀ ਬਾਪੂ ਦੀ।

ਚੰਨ ਦੇ ਉੱਤੋਂ ਹੋ ਕੇ ਆਈ ਸ਼ੁਹਰਤ ਪਾ ਕੇ ਜੱਗ ਵਾਲੀ,

ਪੁੱਤਾਂ ਨਾਲੋਂ ਕਿਧਰੇ ਵਧ ਕੇ ਧੀ ਹੈ ਪਿਆਰੀ ਬਾਪੂ ਦੀ।

ਘਰ ਦੇ ਸਾਰੇ ਧੋਣੇ ਧੋ’ਤੇ ਵਿਦਿਆ ਦਾ ਗਹਿਣਾ ਪਾ ਕੇ,

ਜਿਹੜੇ ਵੀ ਧੀ ਪੁੱਤ ਨੇ ਦਿਲ ਤੋਂ ਗੱਲ ਵੀਚਾਰੀ ਬਾਪੂ ਦੀ।

ਇੱਕ ਕਰਾਂਤੀ ਨੇ ਫਿਰ ਐਸਾ ਪਰਿਵਰਤਨ ਹੈ ਕਰ ਦਿੱਤਾ,

ਹਾਵਾਂ ਦੀ ਭੱਠੀ ’ਚੋਂ ਨਿਕਲੀ ਜਦ ਚਿੰਗਾਰੀ ਬਾਪੂ ਦੀ।

ਬੇਸ਼ੱਕ ਸ਼ਹਿਰਾਂ ਦੇ ਵਿੱਚ ਪਾਏ ਉੱਚੇ-ਉੱਚੇ ਮਹਿਲ ਅਸਾਂ,

ਘਰ ਦੀ ਅੱਜ ਵੀ ਸੋਹਣੀ ਲੱਗਦੀ ਚਾਰਦੀਵਾਰੀ ਬਾਪੂ ਦੀ।

ਜਿਸ ਦੇ ਕਰਕੇ ਮੰਜ਼ਿਲ ਉੱਤੇ ਆਸਾਨੀ ਨਾਲ ਪਹੁੰਚੇ ਸਾਂ,

ਅੱਜ ਵੀ ਪੱਲੇ ਬੰਨ੍ਹ ਕੇ ਰੱਖੀ ਝਿੜਕ ਕਰਾਰੀ ਬਾਪੂ ਦੀ।

ਫਿਰ ਵੀ ਉਹ ਤਾਂ ਸੀਅ ਨਈਂ ਕਰਦਾ ਸਾਹਾਂ ਤੱਕ ਵੀ ਥਕਦਾ ਨਾ,

ਸਿਰ ਦੇ ਉੱਪਰ ਅੰਬਰ ਨਾਲੋਂ ਵੀ ਪੰਡ ਭਾਰੀ ਬਾਪੂ ਦੀ।

ਸੀਨੇ ਦੇ ਵਿੱਚ ਠੰਢਕ ਪਾਏ ਸਿਰ ਉੱਚਾ ਕਰ ਜੀਵੇ ਉਹ,

ਬਾਲਮ ਕਾਇਮ ਸਦਾ ਹੀ ਰੱਖੇ ਰੱਬ ਸਰਦਾਰੀ ਬਾਪੂ ਦੀ।

ਸੰਪਰਕ: 98156-25409

* * *

ਪਲ! ਪਲ!! ਪਲ!!!

ਬਲਜਿੰਦਰ ਮਾਨ

ਚਾਵਾਂ ਨਾਲ ਗੁਜ਼ਾਰੇ ਪਲ

ਬਣਦੇ ਉਹ ਸਹਾਰੇ ਪਲ।

ਪਲ ਦੀ ਜੋ ਕਦਰ ਨਾ ਜਾਣੇ

ਉਹਦੇ ਲਈ ਨੇ ਖਾਰੇ ਪਲ।

ਪਲ ਪਲ ਇੱਥੇ ਮਰਦਾ ਬੰਦਾ

ਕਿਸੇ ਨਾ ਮਿਲਦੇ ਸਾਰੇ ਪਲ।

ਜੀਵਨ ਦਾਤਾਂ ਸਾਂਭ ਲਵੇ ਜੋ

ਉਸ ਲਈ ਬਣਨ ਸਿਤਾਰੇ ਪਲ।

ਅੰਤਰ ਨਾਦ ਜੋ ਸੁਣ ਕੇ ਦੇਖੇ

ਸਭ ਦੇ ਉਹ ਸ਼ਿੰਗਾਰੇ ਪਲ।

ਕੁਦਰਤ ਨਾਲ ਤੁਰੀਏ ਰਲ਼ਕੇ

ਹੁੰਦੇ ਸੱਚ ਉਚਾਰੇ ਪਲ।

‘ਮਾਨ’ ਸਭ ਦੀਆਂ ਖ਼ੈਰਾਂ ਮੰਗੀਏ

ਬਣ ਜਾਣ ਮਿੱਠੇ ਖਾਰੇ ਪਲ।

ਸੰਪਰਕ: 98150-18947

* * *

ਗ਼ਜ਼ਲ

ਬਲਜਿੰਦਰ ਸਿੰਘ ਬਾਲੀ ਰੇਤਗੜ੍ਹ

ਜੋ ਮੰਗ ਰਹੇ ਅਧਿਕਾਰਾਂ ਨੂੰ, ਧੱਕੇ ਵਿੱਚ ਹਿਰਾਸਤ ਦੇ

ਡੂਮਣੇ ਵਰਗੇ ਡੰਗ ਭਰਾਵੋ, ਖਾਲ਼ੀ ਮਗਜ਼ ਵਜ਼ਾਰਤ ਦੇ

ਨਾਲ਼ ਡਕੈਤਾਂ ਯਾਰੀ ਸਾਡੀ, ਸਾਡੇ ਧਰਮ ਭਰਾ ਨੇ ਏ

ਵਾਹ ਬਈ ਵਾਹ ਔਹ ਛਾਅ ਗਏ, ਬਾਬੇ ਵਿੱਚ ਸਿਆਸਤ ਦੇ

ਕੋਈ ਚਵਰ ਝੁਲਾ ਕੇ ਦੱਸੇ, ਮੇਰੇ ਤਰਫ਼ ਧਿਆਨ ਕਰੋ

ਮਾਫ਼ੀ ਸਸਤੀ ਮਿਲ ਜਾਂਦੀ ਏ, ਕਿੱਸੇ ਬਹੁਤ ਜ਼ਲਾਲਤ ਦੇ

ਸੌਦੇਬਾਜ਼ੀ ਅੰਦਰਖਾਤੇ, ਲੱਖਾਂ ਵਿੱਚ ਪ੍ਰਧਾਨੀ ਦੀ

ਕੋਕੇ ਜੜਦਾ ਸ਼ੋਸਲ ਮੀਡੀਆ, ਨਾਲ ਵਿਅੰਗੀ ਲਾਹਨਤ ਦੇ

ਕੌਮ ਗਦਾਰਾਂ ਨਾਲ਼ ਘਿਰੀ ਏ, ਹੁੱਲੜਬਾਜ਼ੀ ਗੁੰਡਿਆਂ ਦੀ

ਆਪੇ ਅੱਗ ਲਗਾ ਕੇ ਚੀਕਣ, ਐ ਸਰਕਾਰ ਹਿਫ਼ਾਜ਼ਤ ਦੇ

ਨਸ਼ਿਆ ਨਾਲ ਪੰਜਾਬ ਮੁਕਾਤਾ, ਖ਼ੁਦ ਚੁਣੀਆਂ ਸਰਕਾਰਾਂ ਨੇ

ਬੇਮੌਤ ਮਰਨ ਪੁੱਤ ਮਾਵਾਂ ਦੇ, ਮੁਸ਼ਕਿਲ ਹੈ ਬਰਦਾਸ਼ਤ ਦੇ

ਨਸਲਾਂ ਫ਼ਸਲਾਂ ਦਾਅ ’ਤੇ ਲਾ ਕੇ, ਕੁਝ ਅਸੀਂ ਨਾ ਸੋਚ ਰਹੇ

ਮੰਡੀ ਤੋਂ ਮੁੱਲ ਕੀ ਮਿਲਦੇ ਨੇ, ਖਰਚੇ ਕਿੰਨੇ ਕਾਸ਼ਤ ਦੇ

ਰਾਜ-ਘਰਾਣੇ, ਉੱਚ-ਮਹਾਰਾਜੇ, ਹੋਣ ਭਲਾਂ ਫਿਰ ਸਾਨੂੰ ਕੀ

ਲਾਲ ਗੁਰੂ ਦੇ ਬਾਜ਼ ਅਸੀਂ, ਸ਼ਹਿਜ਼ਾਦੇ ਸਿੱਖ ਰਿਆਸਤ ਦੇ

ਪੰਜਾਬ ਅਸਾਡਾ ਸੀਸ ਰਿਹੈ, ਪੰਜਾਬੀ ਹੈ ਜਾਨ ਅਸਾਡੀ

ਖ਼ੂਨ ਅਸਾਡੇ ਅੰਦਰ ‘ਬਾਲੀ’, ਵਗਦੇ ਅੰਸ਼ ਬਗਾਵਤ ਦੇ

ਸੰਪਰਕ: 94651-29168

* * *

ਦੋ ਪਹਿਰ

ਗੁਰਮੀਤ ਸਿੰਘ ਚੀਮਾ

ਪਹਿਲਾ ਪਹਿਰ

ਰਾਤ ਤਾਂ ਚਾਨਣੀ ਹੀ ਚਾਨਣੀ ਸੀ

ਦਿਨ ਵੀ ਰੌਸ਼ਨੀ ’ਤੇ ਸਵਾਰ

ਪੜ੍ਹਾਕੂ ਪੁੱਤ ਦਾ ਅੱਧਖੜ ਬਾਪ

ਮੱਸਿਆ ਦੀ ਰਾਤ ਨੂੰ

ਪੈਲ਼ੀਆਂ ਵਿੱਚ ਵੜਦਾ

ਨੱਕੇ ਮੋੜਦਾ

ਕਦੇ ਨਾ ਥੱਕਦਾ

ਰੰਗਾਂ ਭਰੇ

ਤਾਣੇ ਬੁਣਦਾ

ਪੁੱਤ ਦੇ ਬੀ.ਏ., ਐਮ. ਏ. ਕਰਨ ਦੀ

ਉਡੀਕ ਕਰਦਾ

- ਆਖ਼ਰੀ ਪਹਿਰ -

ਜੁਆਨ ਪੁੱਤ ਦਾ ਬੁੱਢਾ ਹੋਇਆ ਬਾਪ

ਘਰ ਪਹੁੰਚ

ਘੁਣ ਖਾਧੀ ਦੇਹਲ਼ੀ ’ਤੇ ਬੈਠ

ਉਡੀਕ ਕਰਦਾ

ਪੁੱਤਰ ਦੇ ਮੁੜਨ ਦੀ

ਰੁਜ਼ਗਾਰ ਦਫ਼ਤਰ ਤੋਂ

ਪਰ

ਨਾਂਹ ਵਰਗਾ

ਉੱਤਰਿਆ ਚਿਹਰਾ ਦੇਖ

ਚੁੱਪ ਵੱਟ ਲੈਂਦਾ

ਕਹੀ ਦੇ ਸਹਾਰੇ ਬੈਠ ਜਾਂਦਾ

ਰਾਤ ਤਾਂ

ਹਨੇਰੀ ਹੀ ਹਨੇਰੀ ਸੀ

* * *

ਜਿੰਨੇ ਰਾਹਾਂ ’ਤੇ

ਜਸਵਿੰਦਰ ਸਰੋਏ

ਜਿੰਨੇ ਰਾਹਾਂ ’ਤੇ ਸੀ ਇਕੱਠੇ ਤੁਰੇ

ਕਿੰਨੇ ਸੁਪਨੇ ਸੀ ਮਿਲਕੇ ਬੁਣੇ

ਸੰਗ ਚੱਲਿਆ ਨਾ ਅੱਧ ਵੀ

ਕਦਮ ਧਾਹਾਂ ਮਾਰ ਤੇਰੇ ਰੁਕੇ

ਸੁਪਨਿਆਂ ਦੀ ਦੁਨੀਆ ਵਿਖਾ ਕੇ

ਹਕੀਕਤ ਵਿੱਚ ਆ ਵਾਅਦੇ ਖੁਰੇ

ਡੱਸ ਹੋ ਗਿਆ ਸ਼ੱਕ ਦੇ ਅਜਗਰੋਂ

ਇਲਾਜ ਬਿਨਾਂ ਨੇ ਕਿੰਨੇ ਘਰ ਰੁੜ੍ਹੇ

ਚਕਾਚੌਂਧ ਦੇ ਦੌਰ ਵਿੱਚ ਸਰੋਏ

ਨਿਭਣ ਰਿਸ਼ਤੇ ਨਾ ਵਿਸ਼ਵਾਸ ਥੁੜੇ

ਸੰਪਰਕ: 99141-62406

* * *

ਗ਼ਜ਼ਲ

ਜੀਤ ਕੰਮੇਆਣਾ

ਜਦ ਹੋਣ ਚੁਫ਼ੇਰੇ ਖ਼ੁਸ਼ੀਆਂ ਖੇੜੇ, ਚੜ੍ਹਨੀ ਏ ਪ੍ਰਭਾਤ ਕਦੋਂ,

ਹਰ ਕੋਈ ਰੋਟੀ ਰੱਜ ਕੇ ਖਾਵੇ, ਬਣਨੇ ਉਹ ਹਾਲਾਤ ਕਦੋਂ।

ਕਦ ਮਾੜੇ ਬੰਦੇ ਦੇ ਹੱਕਾਂ ਉੱਤੇ, ਏਹ ਡਾਕੇ ਪੈਣੇ ਬੰਦ ਹੋਣੇ,

ਖੁੱਸਿਆ ਸਾਰੇ ਸੁੱਖਾਂ ਵਾਲੀ, ਮਿਲਣੀ ਆ ਸੌਗਾਤ ਕਦੋਂ।

ਪੜ੍ਹੇ ਲਿਖੇ ਵੀ ਬੱਚੇ ਸਾਡੇ, ਹੁਣ ਵਿਆਹ ਵਿਹੂਣੇ ਹੋ ਚੱਲੇ,

ਉਨ੍ਹਾਂ ਦੇ ਰੁਜ਼ਗਾਰਾਂ ਵਾਲੀ, ਚੜ੍ਹਨੀ ਹੈ ਬਾਰਾਤ ਕਦੋਂ।

ਸਾਡੇ ਪੱਲੇ ਬੱਸ ਰਹਿ ਤਰਸਾਵੇ, ਜਾਂ ਬਾਕੀ ਨੇ ਹਾਉਕੇ ਹਾਵੇ,

ਰੱਬਾ ਸਾਡੇ ਚੰਗੇ ਲੇਖਾਂ ਦੀ, ਚੱਕਣੀ ਕਲਮ ਦਵਾਤ ਕਦੋਂ।

ਸਾਡੇ ਵੀ ਹੁਣ ਰਹੇ ਨਾ ਸਾਡੇ, ਸਾਡੇ ’ਤੇ ਹੀ ਔਖੇ ਡਾਹਢੇ,

ਰੋਸੇ ਸ਼ਿਕਵੇ ਦਿਲੋਂ ਮਿਟਾ ਕੇ, ਏਹ ਮੰਗਣਗੇ ਸੁਖ ਖ਼ੈਰਾਤ ਕਦੋਂ।

ਸੰਪਰਕ: 99881-00701

Advertisement
×