DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਕਿਆਰੀ

ਭਰਵੀਂ ਜ਼ਿੰਦਗੀ ਕੇਵਲ ਸਿੰਘ ਰੱਤੜਾ ਸੁਹਣਾ, ਪਾਕ ਸਥਾਂ ਹੋਏ ਮਹਿਕਾਂ ਰੰਗ ਲਿਆਉਣਾ ਹੀ ਹੈ, ਕਵਿਤਾ ਸੰਗ ਸਰਾਂ ਹੋਵੇ ਤਾਂ ਕਾਇਨਾਤ ਨਸ਼ਿਆਉਣਾ ਹੀ ਹੈ। ਚੀਨੀ ਵਸਤਾਂ ਵਾਂਗ ਹਮੇਸ਼ਾ ਭਰਮ ਰਹਿੰਦਾ ਹੈ ਟੁੱਟਣ ਦਾ, ਕੱਚੇ ਆਖ਼ਰ ਟੁੱਟ ਜਾਂਦੇ ਨੇ, ਕੱਚਿਆਂ ਕੱਚ ਕਮਾਉਣਾ...

  • fb
  • twitter
  • whatsapp
  • whatsapp
featured-img featured-img
A peacock sits on a tree during a hot summer day, in New Delhi on Monday. TRIBUNE PHOTO: MANAS RANJAN BHUI
Advertisement

ਭਰਵੀਂ ਜ਼ਿੰਦਗੀ

ਕੇਵਲ ਸਿੰਘ ਰੱਤੜਾ

ਸੁਹਣਾ, ਪਾਕ ਸਥਾਂ ਹੋਏ ਮਹਿਕਾਂ ਰੰਗ ਲਿਆਉਣਾ ਹੀ ਹੈ,

Advertisement

ਕਵਿਤਾ ਸੰਗ ਸਰਾਂ ਹੋਵੇ ਤਾਂ ਕਾਇਨਾਤ ਨਸ਼ਿਆਉਣਾ ਹੀ ਹੈ।

Advertisement

ਚੀਨੀ ਵਸਤਾਂ ਵਾਂਗ ਹਮੇਸ਼ਾ ਭਰਮ ਰਹਿੰਦਾ ਹੈ ਟੁੱਟਣ ਦਾ,

ਕੱਚੇ ਆਖ਼ਰ ਟੁੱਟ ਜਾਂਦੇ ਨੇ, ਕੱਚਿਆਂ ਕੱਚ ਕਮਾਉਣਾ ਹੀ ਹੈ।

ਬਾਜ਼ਾਂ ਦੀ ਆਮਦ ਦਾ ਖ਼ਤਰਾ ਸਦੀਆਂ ਤੋਂ ਹੀ ਬਣਿਆ ਰਹਿਣਾ,

ਰੱਖੀਂ ਤਿੱਖੇ ਤੇਵਰ, ਤਿਆਰੀ ਘਰ ਤੇ ਬੋਟ ਬਚਾਉਣਾ ਵੀ ਹੈ।

ਭਾਣਾ ਮੰਨਣਾ ਚੰਗਾ, ਜੇਕਰ ਹੋਵੇ ਰੱਬ ਦੀ ਕੁਦਰਤ ਵੱਲੋਂ,

ਤਕੜੇ ਹੱਥੋਂ ਮਾੜਾ ਮਰੇ ਤਾਂ ਫਿਰ ਹਥਿਆਰ ਉਠਾਉਣਾ ਹੀ ਹੈ।

ਉਸ ਖਿੱਤੇ ਦਾ ਕੀ ਬਣਨਾ ਜੋ ਬਣ ਜਾਏ ਅੱਡਾ ਠੱਗੀ ਦਾ,

ਮਰਦ ਬਰਾਬਰ ਔਰਤ ਨੇ ਵੀ ਵਾਧੂ ਨਾਮ ਕਮਾਉਣਾ ਹੀ ਹੈ।

ਕਲਮਾਂ ਵੀ ਕੁਝ ਚਾਟੇ ਲੱਗੀਆਂ ਮੁੱਦਿਆਂ ਨੂੰ ਭਟਕਾਉਣ ਲਈ,

ਨੀਤੀ ਰੱਖੀ ਸਾਹਿਤ ਸਭਾਵਾਂ ਧੜਿਆਂ ਨੂੰ ਚਮਕਾਉਣਾ ਹੀ ਹੈ।

ਪੈਸਾ ਬੇਸ਼ੱਕ ਸਾਧਨ ਹੁੰਦਾ ਭਰਵੀਂ ਜ਼ਿੰਦਗੀ ਜਿਊਣ ਲਈ,

ਜੇਕਰ ਇਹਨੂੰ ਬਾਪ ਬਣਾ ਲਉ ਇਸਨੇ ਪੁੱਤ ਬਣਾਉਣਾ ਹੀ ਹੈ।

ਖੜ੍ਹੇ ਰਹਿਣ ਲਈ ਪੈਰ ਬਣੇ ਪਰ ਅੰਬਰ ਤੱਕ ਹੈ ਪਹੁੰਚ ਮੇਰੀ,

ਬੇਗ਼ੈਰਤ ਜਹੇ ਯੱਭਲ ਲੋਕਾਂ ਫੋਕਾ ਢੋਲ ਵਜਾਉਣਾ ਹੀ ਹੈ।

ਸਾਂਝ ਮੁਹੱਬਤਾਂ ਵਾਲਾ ਬੂਟਾ ਫਲਦਾ ਸੰਘਣੀ ਛਾਂ ਬਣ ਕੇ,

ਸ਼ੱਕ, ਸਹਿਮ ਦੇ ਛੌਰਾਂ ਹੇਠਾਂ ‘ਰੱਤੜਾ’ ਇਸ ਮੁਰਝਾਉਣਾ ਹੀ ਹੈ।

ਸੰਪਰਕ: 82838-30599

* * *

ਬੱਤਖ ਹੰਸ ਨਹੀਂ ਬਣਦੀ

ਹਰਪ੍ਰੀਤ ਪੱਤੋ

ਵਹਿਣ ਦਰਿਆਵਾਂ ਦੇ ਮੋੜ ਦਿੰਦੇ,

ਜੋ ਹੁੰਦੇ ਸਿਦਕ ’ਚ ਪ੍ਰਪੱਕ ਯਾਰੋ।

ਪਾਣੀ ਉੱਚੇ ਥਾਵਾਂ ’ਤੇ ਚਾੜ੍ਹ ਦਿੰਦੇ,

ਹੁੰਦੇ ਕਾਮੇ ਜੋ ਅਣਥੱਕ ਯਾਰੋ।

ਚੀਰ ਜਾਂਦੇ ਹਿੰਮਤੀ ਪਰਬਤਾਂ ਨੂੰ,

ਦਿੰਦੇ ਪਹਾੜ ਪਰ੍ਹਾਂ ਨੂੰ ਧੱਕ ਯਾਰੋ।

ਦਲਿੱਦਰੀ ਝੂਰਦੇ ਕਿਸਮਤਾਂ ਨੂੰ,

ਨਾਲੇ ਕਰਦੇ ਨੇ ਬੱਕ ਬੱਕ ਯਾਰੋ।

ਉਹ ਤਰਸਦੇ ਰਹਿੰਦੇ ਅੰਬੀਆਂ ਨੂੰ,

ਆਪ ਬੀਜ ਲੈਂਦੇ ਜੋ ਅੱਕ ਯਾਰੋ।

ਰੰਗ ਖ਼ੂਨ ਦੇ ਫਿੱਕੇ ਨੇ ਪੈ ਜਾਂਦੇ,

ਪਾਉਂਦੀ ਫ਼ਰਕ ਭਰਾਵੀਂ ਚੱਕ ਯਾਰੋ।

ਬੱਤਖ ਹੰਸ ਕਦੇ ਨਹੀਂ ਬਣ ਸਕਦੀ,

ਜਿਹਨੂੰ ਅੰਗਰੇਜ਼ ਆਖਦੇ ਡੱਕ ਯਾਰੋ।

ਸੰਪਰਕ: 94658-21417

* * *

ਦੋਹੇ

ਡਾ. ਸਾਧੂ ਰਾਮ ਲੰਗੇਆਣਾ

ਸੁਣ ਨੀਂ ਮਾਏ ਭੋਲੀਏ

ਮਨ ਲਾ ਕੇ ਬੰਨ੍ਹ ਲੈ ਧੀਰ ਨੀਂ

ਮੇਰੀ ਰੱਖੜੀ ਸੱਖਣੀ ਹੋ ਗਈ

ਭੇਟ ਚੜ੍ਹੇ ਨਸ਼ਿਆਂ ਦੇ ਵੀਰ ਨੀਂ

ਹਾਏ! ਨੀਂ ਮਾਏ ਡਾਹਢੀਏ।

ਰਾਜਿਆ! ਵੇ ਰਾਜ ਕਰੇਂਦਿਆ

ਉੱਜੜ ਗਏ ਤੇਰੇ ਬਾਗ਼ ਵੇ

ਜਵਾਨੀ ਰੁੜ੍ਹ ਪੁੜ੍ਹ ਖੁਰ ਚੱਲੀ

ਕਦੇ ਅੱਖਾਂ ਪੱਟ ਕੇ ਝਾਕ ਵੇ

ਰਾਜਿਆ! ਵੇ ਰਾਜ ਕਰੇਂਦਿਆ।

ਧੀਆਂ ਵੀ ਜੰਮ ਪੈਣੀਆਂ

ਜੇ ਬਚਾ ਲਵਾਂਗੇ ਕੁੱਖ ਵੇ

ਪੰਛੀ ਪਾਉਣਗੇ ਆਲ੍ਹਣੇ

ਜੇ ਨਵੇਂ ਲਾਵਾਂਗੇ ਰੁੱਖ ਵੇ

ਸੁਣ ਲਓ ਵੇ ਦੇਸ਼ ਦੇ ਰਾਖਿਓ।

ਸੰਪਰਕ: 98781-17285

* * *

ਤਰੱਕੀ

ਰਘੁਵੀਰ ਸਿੰਘ ਕਲੋਆ

ਹਰ ਸ਼ੈਅ ਕਰ ਲਈ ਪੱਕੀ, ਕਹਿੰਦੇ ਆਪਾਂ

ਕਰ ਲਈ ਖ਼ੂਬ ਤਰੱਕੀ, ਕਹਿੰਦੇ ਆਪਾਂ।

ਪਹਿਲਾ ਟੱਕ ਲਗਾਇਆ ਅਸਾਂ ਨਿਆਈਆਂ ਨੂੰ

ਨਹੀਂ ਛੱਡੇ ਰੱਕੜ-ਢੱਕੀ, ਕਹਿੰਦੇ ਆਪਾਂ।

ਰੰਗ ਸ਼ਰਬਤੀ ਵਾਲੀ ਮਿੱਟੀ ਦਿਸਦੀ ਨਾ

ਨਹੀਓਂ ਛੱਡੀ ਰੇਤ ਕੱਕੀ, ਕਹਿੰਦੇ ਆਪਾਂ।

ਲੈ ਕੇ ਕਾਲੀ ਥਾਰ ਘੁੰਮਾਉਂਦਾ ਸੜਕਾਂ ’ਤੇ

ਨਾਂ ਰੱਖਿਆ ਹੈ ਬੱਕੀ ਕਹਿੰਦੇ ਆਪਾਂ।

ਪ੍ਰਪੰਚ ਖ਼ੂਬ ਰਚਾਇਆ ਦਾਨ-ਪੁੰਨ ਦਾ

ਖੋਹ ਕੇ ਵਸਤ ਨਿਹੱਕੀ ਕਹਿੰਦੇ ਆਪਾਂ।

ਰੰਗ ਦੀ ਦੁੱਕੀ ਤਿੱਕੀ ਪਿੱਛੇ ਐਵੇਂ ਭੱਜਦੇ ਰਹੇ

ਨਾ ਸਾਂਭੀ ਹੁਕਮ ਦੀ ਯੱਕੀ ਕਹਿੰਦੇ ਆਪਾਂ।

ਅੰਨ੍ਹਾ ਅੱਜ ਵੀ ਪੀਂਹਦਾ ਕੁੱਤੀ ਚੱਟਦੀ ਏ

ਬਦਲ ਲਈ ਭਾਵੇਂ ਚੱਕੀ ਕਹਿੰਦੇ ਆਪਾਂ।

ਸੰਪਰਕ: 98550-24495

* * *

ਮਸਨੂਈ ਰਿਸ਼ਤੇ

ਦੀਪਿਕਾ ਅਰੋੜਾ

ਠੱਗਣਾ ਤੇ ਲੁੱਟਣਾ ਅਦਾ ਹੋ ਗਿਆ ਹੈ

ਇੰਸਾ ’ਚੋਂ ਇੰਸਾ ਜੁਦਾ ਹੋ ਗਿਆ ਹੈ

ਝੂਠੇ ਚਲਿੱਤਰਾਂ ਦੇ ਹਨ ਬੋਲਬਾਲੇ

ਸੱਚ ਬੋਲਣਾ ਜਿਉਂ ਗੁਨਾਹ ਹੋ ਗਿਆ ਹੈ।

ਮਜ਼ਹਬ ਦੇ ਨਾਂ ’ਤੇ ਹੈ ਭਰਮਾਉਂਦਾ ਫਿਰਦਾ

ਹਰ ਸ਼ਖ਼ਸ ਅੱਜਕਲ੍ਹ ਖ਼ੁਦਾ ਹੋ ਗਿਆ ਹੈ

ਉਹ ਨੀਵਾਂ ਵਿਖਾਉਣ ਦੇ ਮੌਕੇ ਨੇ ਲੱਭਦੇ

ਮੇਰਾ ਹੁਨਰ ਮੇਰੀ ਸਜ਼ਾ ਹੋ ਗਿਆ ਹੈ।

ਈਮਾਨ ਦਾ ਹਾਲ ਪੁੱਛਿਆ ਕਿਸੇ ਨਾ

ਮਸ਼ਹੂਰ ਹਰ ਥਾਂ ਦਗ਼ਾ ਹੋ ਗਿਆ ਹੈ

ਮਸਨੂਈ ਰਿਸ਼ਤੇ ਨਿਭਾਉਂਦੇ ਨੇ ਰੋਬੋਟ

ਜਜ਼ਬਾਤ ਦਾ ਯੁਗ ਤਾਂ ਵਿਦਾ ਹੋ ਗਿਆ ਹੈ।

ਹਨੇਰੇ ਨੂੰ ਜਿੱਤਣ ਦਾ ਵੱਲ ‘ਦੀਪ’ ਸਿੱਖਿਆ

ਹਰ ਦੌਰ ਕੌਸ-ਏ-ਕਜ਼ਾ ਹੋ ਗਿਆ ਹੈ।

ਸੰਪਰਕ: 90411-60739

* * *

ਕਿੰਜ ਆਖਾਂ ਤੇਰੀ ਦੁਨੀਆ ਨੂੰ

ਕਮਲ ਸਰਾਵਾਂ

ਚੰਗਿਆਂ ਨੂੰ ਪੈਂਦੇ ਡੰਡੇ ਨੇ, ਬੁਰਿਆਂ ਨੇ ਅਤਿ ਮਚਾਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ, ਇਹ ਸੋਹਣੀ ਏ ਮਨਮੋਹਣੀ ਏ

ਕਮਜ਼ੋਰ ਦਬਾਏ ਜਾਂਦੇ ਨੇ, ਤੇ ਤਕੜੇ ਕਰਦੇ ਰਾਜ ਜਦੋਂ

ਕਿੰਜ ਕਹਾਂ ਕਿ ਮਾਲੀ ਚੰਗਾ ਏ, ਉੱਜੜੇ ਨੇ ਸਾਡੇ ਬਾਗ਼ ਜਦੋਂ

ਰੋਜ਼ੀ ਲਈ ਨਿਕਲੇ ਪਰਤੇ ਨਾ, ਕਿਤੋਂ ਲਾਸ਼ ਉਨ੍ਹਾਂ ਦੀ ਥਿਆਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਕਰਕੇ ਤੇ ਜ਼ੁਲਮ ਉਹ ਅੰਤਾਂ ਦਾ, ਅਸੀਂ ਕੁਸਕੀਏ ਨਾ ਉਹ ਚਾਹੁੰਦੇ ਨੇ

ਜਦ ਲੋੜ ਅਸਾਡੀ ਪੈਂਦੀ ਏ, ਫਿਰ ਇੱਜ਼ਤ ਨਾਲ ਬੁਲਾਉਂਦੇ ਨੇ

ਜਦ ਅਸੀਂ ਬੇਲੋੜੇ ਹੋ ਜਾਈਏ, ਫਿਰ ਕੱਖ ਦੀ ਜੂਨ ਹੰਢਾਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਤੂੰ ਕਾਹਦਾ ਰੱਬ ਹੈਂ ਰੱਬਾ ਓਏ, ਤੂੰ ਬੋਲਾ ਏਂ ਤੇ ਗੂੰਗਾ ਏਂ

ਬੇਵੱਸ ਦੇ ਸਿਰ ਵਿੱਚ ਵੱਜਦਾ ਏ, ਸ਼ਾਹਾਂ ਦਾ ਭੈੜਾ ਠੂੰਗਾ ਏ

ਸੱਚ ਨੂੰ ਹੈ ਫਾਂਸੀ ਏਸ ਜਹਾਂ, ਤੇ ਝੂਠ ਨੇ ਸਜ਼ਾ ਸੁਣਾਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਕਈ ਭੁੱਖੇ ਹੀ ਸੌਂ ਜਾਂਦੇ ਨੇ, ਕਈ ਸਮਝ ਸਕਣ ਨਾ ਕੀ ਖਾਈਏ

ਇਸ ਜ਼ਿੱਲਤੀ ਬਦਜ਼ਿੰਦਗਾਨੀ ਨੂੰ, ਜੀਣੇ ਤੋਂ ਚੰਗਾ ਮਰ ਜਾਈਏ

ਤੇਰੇ ਚੇਲਿਆਂ ਨੇ ਵੀ ਤੇਰੇ ਘਰ, ਪੈਸੇ ਦੀ ਬੀਨ ਵਜਾਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਜੋ ਮੂਰਖ ਬਣਨ ਬਚ ਜਾਂਦੇ ਨੇ, ਹੱਕ ਮੰਗਣ ਤਾਂ ਕੁੱਟ ਪੈਂਦੀ ਏ

ਜੋ ਦਿਲ ਦੀ ਵੇਦਨਾ ਪੇਸ਼ ਕਰੇ, ਉਹਨੂੰ ਝੱਲਾ ਦੁਨੀਆ ਕਹਿੰਦੀ ਏ।

ਆਪਣੇ ਹੀ ਘਰ ਵਿੱਚ ਡਰ-ਡਰ ਕੇ, ਫਿਰ ਦਿਨ ਤੇ ਰਾਤ ਲੰਘਾਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਹਾਲਾਤ ਕਦੇ ਵੀ ਬਦਲੇ ਨਾ, ਸਰਕਾਰ ਬਦਲਦੀ ਰਹਿੰਦੀ ਏ

ਕਰ ਵਾਅਦੇ ਪਹਿਲਾਂ ਵੋਟਾਂ ਤੋਂ, ਜਿੱਤ ਬਾਅਦ ਬਦਲਦੀ ਰਹਿੰਦੀ ਏ

ਮੰਨ ਹਾਰ ‘ਕਮਲ’ ਕੁਝ ਮਿਲਣਾ ਨਹੀਂ, ਜਿੰਦ ਬਚੀ ਤਾਂ ਪੈਣੀ ਜਿਊਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਖ਼ੁਦ ਸੂਰਜ ਬਣ ਕੇ ਹਨੇਰ ਮਿਟਾ, ਇਹ ਰਾਤ ਨਹੀਂ ਇੰਜ ਮੁੱਕਣੀ ਏ

ਕੀ ਮਰਨ ਤੋਂ ਡਰਨਾ ਐ ਸਾਥੀ, ਜਿੰਦ ਓਥੇ ਆਖ਼ਰ ਢੁਕਣੀ ਏ

ਧਰ ਸੀਸ ਤਲੀ ’ਤੇ ਤੈਅ ਕਰ ਲੈ, ਸਦੀ ਇਨਕਲਾਬ ਦੀ ਲਿਆਉਣੀ ਏ।

ਕਿੰਜ ਆਖਾਂ ਤੇਰੀ ਦੁਨੀਆ ਨੂੰ...

ਚੰਗਿਆਂ ਨੂੰ ਪੈਂਦੇ ਡੰਡੇ ਨੇ ਬੁਰਿਆਂ ਨੇ ਅਤਿ ਮਚਾਉਣੀ ਏ

ਕਿੰਜ ਆਖਾਂ ਤੇਰੀ ਦੁਨੀਆ ਨੂੰ, ਇਹ ਸੋਹਣੀ ਏ ਮਨਮੋਹਣੀ ਏ।

ਸੰਪਰਕ: 99156-81496

* * *

ਪੰਜਾਬ ਦੇ ਹਾਲਾਤ

ਗੁਰਤੇਜ ਸਿੰਘ ਖੁਡਾਲ

ਅੱਜਕੱਲ੍ਹ ਚੋਰਾਂ ਬਦਲੇ ਸਾਧ ਨੇ ਕੁੱਟਦੇ,

ਚੋਰ ਅਤੇ ਹਾਕਮ ਰਲ ਮੌਜਾਂ ਨੇ ਲੁੱਟਦੇ।

ਕਾਤਲ ਅਤੇ ਲੁਟੇਰੇ ਬੇਖ਼ੌਫ਼ ਨੇ ਘੁੰਮਦੇ,

ਦਿਨ ਦਿਹਾੜੇ ਲੋਕ ਨੇ ਮਾਰੇ ਤੇ ਲੁੱਟਦੇ।

ਲੋਕ ਜਿੱਥੇ ਵੀ ਜਾਂਦੇ ਬਿਲਕੁਲ ਨਾ ਪੁੱਛਦੇ,

ਹੁੰਦੀ ਨਹੀਂ ਸੁਣਵਾਈ ਸਭ ਲੋਕ ਨੇ ਪਿੱਟਦੇ।

ਹਰ ਪਾਸੇ ਨੇ ਚਰਚੇ ਅੱਜਕੱਲ੍ਹ ਨਸ਼ਿਆਂ ਦੇ,

ਨਸ਼ਿਆਂ ਨਾਲ ਰੋਜ਼ਾਨਾ ਬਹੁਤ ਘਰ ਪੱਟੀਦੇ।

ਹਸਦੇ ਵਸਦੇ ਪੰਜਾਬ ਨੂੰ ਨਜ਼ਰ ਤਾਂ ਲੱਗੀ ਏ,

ਗਿਰਝਾਂ ਦੇ ਝੁੰਡ ਘੁੰਮਦੇ ਫਿਰ ਪੰਜਾਬ ’ਚ ਤੱਕੀਦੇ।

‘ਖੁਡਾਲ’ ਪੰਜਾਬ ਨੇ ਪਹਿਲਾਂ ਬੜੇ ਦੁੱਖ ਝੱਲੇ ਨੇ,

ਹੁਣ ਰੱਬਾ ਰੱਖੀਂ ਖ਼ੈਰ ਦੁੱਖ ਹੋਰ ਨਹੀਂ ਝੱਲੀਦੇ।

* * *

ਵੋਟ ਪਾ ਦਿਓ

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ

ਚਾਰੇ ਪਾਸੇ ਸ਼ੋਰ ਹੈ ਮਚਿਆ

ਰਾਜ ਕਰਨ ਦਾ ਵੇਲਾ ਆਇਆ

ਜਨ ਸੇਵਾ ਕਰ ਮਿਲੇ ਖੁਦਾਈ

ਵੋਟ ਪਾ ਦਿਓ ਮੈਨੂੰ ਬਾਈ

ਲਾਰਿਆਂ ਨਾਲ ਨਾ ਡੰਗ ਟਪਾਵਾਂ

ਸੌ ਗੱਲਾਂ ਦੀ ਇੱਕ ਸੁਣਾਵਾਂ

ਲਿਸਟ ਕੰਮਾਂ ਦੀ ਦਿੰਦਾ ਜਾਈਂ

ਵੋਟ ਪਾ ਦਿਓ ਮੈਨੂੰ ਬਾਈ

ਬਹੁਤ ਆ ਗਏ, ਹੋਰ ਵੀ ਆਉਣੇ

ਲਾਰਿਆਂ ਦੀ ਪੰਡ ਨਾਲ ਲਿਆਉਂਦੇ

ਉਨ੍ਹਾਂ ਦੀਆਂ ਗੱਲਾਂ ’ਚ ਨਾ ਆਈਂ

ਵੋਟ ਪਾ ਦਿਓ ਮੈਨੂੰ ਬਾਈ

ਨਸ਼ੇ ਨੋਟ ਦਾ ਮੀਂਹ ਵੀ ਆਉਣਾ

ਭਿੱਜ ਭਿੱਜ ਲੋਕਾਂ ਖ਼ੁਸ਼ੀ ਮਨਾਉਣਾ

ਜ਼ਮੀਰ ਵਾਲੀ ਤੂੰ ਛੱਤਰੀ ਫੜਾਈਂ

ਵੋਟ ਪਾ ਦਿਓ ਮੈਨੂੰ ਬਾਈ

ਪੰਜ ਸਾਲ ਤੁਸਾਂ ਕਸ਼ਟ ਹੰਢਾਇਆ

ਕੰਮ ਨੂੰ ਕਿਸੇ ਵੀ ਹੱਥ ਨਾ ਲਾਇਆ

ਇਸ ਵਾਰੀ ਮੈਨੂੰ ਅਜ਼ਮਾਈਂ

ਵੋਟ ਪਾ ਦਿਓ ਮੈਨੂੰ ਬਾਈ

ਇਹ ਸ਼ਬਦ ਹਰ ਨੇਤਾ ਸੁਣਾਊ

ਪਰ ਲੋਕਤੰਤਰ ਦਾ ਥੰਮ ਲੁਕਾਈ

‘ਧਾਲੀਵਾਲਾ’ ਚੰਗਾ ਕਿਰਦਾਰ ਦੇਖ ਕੇ

ਉਸ ਦੇ ਨਾਮ ’ਤੇ ਮੋਹਰ ਤੂੰ ਲਾਈਂ।

ਸੰਪਰਕ: 78374-90309

* * *

ਬਰਾਬਰ

ਦਵਿੰਦਰ ਕੌਰ ਥਿੰਦ

ਖ਼ੁਸ਼ੀ ਗ਼ਮੀ ਜਿਵੇਂ ਇੱਕ ਬਰਾਬਰ

ਤੂੰ ਤੇ ਮੈਂ ਹਾਂ ਇੱਕ ਬਰਾਬਰ

ਧੁੱਪ ਤੇ ਛਾਂ ਵੀ ਇੱਕ ਬਰਾਬਰ

ਜਾਤਾਂ-ਪਾਤਾਂ ਇੱਕ ਬਰਾਬਰ

ਨੇੜੇ-ਦੂਰ ਸਭ ਇੱਕ ਬਰਾਬਰ

ਵੈਰ-ਵਿਰੋਧ ਵੀ ਇੱਕ ਬਰਾਬਰ

ਐ ਇਨਸਾਨ ਨਾ ਬਹੁਤਾ ਸੋਚ

ਭੇਤ-ਅਭੇਤ ਸਭ ਇੱਕ ਬਰਾਬਰ।

ਸੰਪਰਕ: 84278-33552

Advertisement
×