ਕਾਵਿ ਕਿਆਰੀ
ਹਨੇਰੇ ਦੂਰ ਨਹੀਂ ਹੋਣੇ ਓਮਕਾਰ ਸੂਦ ਬਹੋਨਾ ਚਾਨਣ ਦੇ ਛਿੱਟੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ, ਦੂਰੀਆਂ ਮਿਟੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ। ਚਲਦੀਆਂ ਰਹਿਣੀਆਂ ਨੇ ਜ਼ਹਿਰੀ ਹਵਾਵਾਂ ਇਸ ਤਰ੍ਹਾਂ, ਇਨ੍ਹਾਂ ਨੂੰ ਡੱਕੇ ਤੋਂ ਬਿਨਾਂ ਹਨੇਰੇ ਦੂਰ ਨਹੀਂ ਹੋਣੇ। ਚੰਨ ਤਾਰਿਆਂ...
ਹਨੇਰੇ ਦੂਰ ਨਹੀਂ ਹੋਣੇ
ਓਮਕਾਰ ਸੂਦ ਬਹੋਨਾ
ਚਾਨਣ ਦੇ ਛਿੱਟੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ,
ਦੂਰੀਆਂ ਮਿਟੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਚਲਦੀਆਂ ਰਹਿਣੀਆਂ ਨੇ ਜ਼ਹਿਰੀ ਹਵਾਵਾਂ ਇਸ ਤਰ੍ਹਾਂ,
ਇਨ੍ਹਾਂ ਨੂੰ ਡੱਕੇ ਤੋਂ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਚੰਨ ਤਾਰਿਆਂ ਮੂਹਰੇ ਬੱਦਲ ਆਉਂਦੇ ਰਹਿਣਗੇ,
ਇਨ੍ਹਾਂ ਨੂੰ ਹੱਕੇ ਤੋਂ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਰਹੇ ਕਿਸਮਤਾਂ ਆਸਰੇ ਤਾਂ ਬੈਠੇ ਹੀ ਰਹਿ ਜਾਵਾਂਗੇ,
ਕੁਝ ਵੀ ਮਿੱਥੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਆਵਾਜ਼ ਤੂਤੀਆਂ ਦੀ ਸੁਣਨੀ ਕਿਸ ਨਗਾਰਖਾਨਿਆਂ ਅੰਦਰ,
ਸੰਦ ਤਿੱਖੇ ਕੀਤੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਪਾਉਂਦੇ ਰਹਿਣਗੇ ਅੜਿੱਕੇ ਦਹਿਲੇ-ਬੇਗੀਆਂ ਅਕਸਰ,
ਹੁਕਮ ਦੇ ਇੱਕੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਘੁੰਮਦੇ ਰਹਿਣਗੇ ਰਿਸ਼ਤੇ ਮਨੁੱਖੀ ਦਾਇਰਿਆਂ ਅੰਦਰ,
ਦਿਲਾਂ ਨੂੰ ਜਿੱਤੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਭਟਕਦੇ ਨਾ ਰਹਿਣ ਕਿਤੇ ਉੱਡਦੇ ਜੁਗਨੂੰਆਂ ਵਾਂਗੂੰ,
ਸੱਚ ਨੂੰ ਲਿਖੇ ਬਿਨਾਂ ਹਨੇਰੇ ਦੂਰ ਨਹੀਂ ਹੋਣੇ।
ਸੰਪਰਕ: 96540-36080
* * *
ਗ਼ਜ਼ਲ
ਅਮਰਜੀਤ ਸਨ੍ਹੇਰਵੀ
ਖ਼ੁਦਗਰਜ਼ਾਂ ਨਾਲ ਜਦੋਂ ਤੋਂ ਲਾ ਬੈਠੇ ਹਾਂ,
ਅਪਣੇ ਦਿਲ ਨੂੰ ਵਖਤਾਂ ’ਚ ਪਾ ਬੈਠੇ ਹਾਂ।
ਵੰਨ ਸੁਵੰਨੇ ਲਾਰੇ ਲਾਉਂਦੇ ਨੇਤਾ ਨੇ ਹੁਣ,
ਵੋਟਾਂ ਪਾ ਕੇ ਫਿਰ ਤੋਂ ਧੋਖਾ ਖਾ ਬੈਠੇ ਹਾਂ।
ਪੁਸਤਕ ਲੋਕਾਂ ’ਚ ਚਰਚਿਤ ਨਾ ਹੋਈ ਤੇ ਕੀ,
ਅਸੀਂ ਵਿਦਵਾਨਾਂ ਤੋਂ ਚਰਚਾ ਕਰਵਾ ਬੈਠੇ ਹਾਂ।
ਹਾਕਮ ਸਾਡੇ ਨਾਲ ਓਦੋਂ ਤੋਂ ਹੀ ਔਖਾ ਹੈ,
ਰੋਟੀ ਵਾਲਾ ਗੀਤ ਜਦੋਂ ਤੋਂ ਗਾ ਬੈਠੇ ਹਾਂ।
ਧਰਤੀ ’ਤੇ ਹੁਣ ਹੁੰਮਸ ਹੋਈ ਹਰ ਪਾਸੇ ਹੀ,
ਰੁੱਖਾਂ ਦੀ ਥਾਂ ਏ ਸੀ ਲਵਾ ਬੈਠੇ ਹਾਂ।
ਮੂਰਖ ਨੂੰ ਹੁਣ ਚੌਧਰ ਦੇ ਕੇ, ‘ਜੀਤ’ ਭਰਾਵਾ,
ਅਪਣੀ ਤਾਣੀ ਆਪੇ ਹੀ ਉਲਝਾ ਬੈਠੇ ਹਾਂ।
ਸੰਪਰਕ: 99142-16191
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਧਰਮਾਂ, ਮਜ਼ਹਬਾਂ ਖ਼ਾਤਿਰ ਲੜ ਲੜ ਮਰਦੇ ਨੇ,
ਨਾਂ ਦੇ ਧਰਮੀ, ਗੱਲ ਕੁਫ਼ਰ ਦੀ ਕਰਦੇ ਨੇ।
ਨਫ਼ਰਤ ਦੀ ਬੇੜੀ ਵਿੱਚ ਜਿਹੜੇ ਬਹਿੰਦੇ ਨੇ,
ਡੁੱਬ ਜਾਂਦੇ ਨੇ, ਭਵਸਾਗਰ ਨਾ ਤਰਦੇ ਨੇ।
ਰੱਬ ਤਾਂ ਹੈ ਸੀ ਇੱਕ ਤੇ ਇੱਕ ਹੀ ਰਹਿਣਾ ਏ,
ਫਿਰ ਕਿਉਂ ਧਰਮ ਦੀ ਬਾਜ਼ੀ ਲੋਕੀਂ ਹਰਦੇ ਨੇ।
ਪਿਆਰ-ਮੁਹੱਬਤ ਦੇ ਵਿੱਚ ਹੁੰਦੈ ਨਿੱਘ ਬੜਾ,
ਮੂਰਖ ਨੇ ਜੋ ਯਖ਼ ਨਫ਼ਰਤ ’ਚ ਠਰਦੇ ਨੇ।
ਦਿਲਬਰ ਉਨ੍ਹਾਂ ਨਾਲ ਕਦੇ ਨਾ ਰੱਬ ਖੜ੍ਹਦਾ,
ਜਿਹੜੇ ਨਿੱਤ ਦਿਨ ਜ਼ਹਿਰ ਦਿਲਾਂ ਵਿੱਚ ਭਰਦੇ ਨੇ।
ਸੰਪਰਕ: 97816-46008
* * *
ਸੰਸਾਰ ਵਾਲਾ ਮੇਲਾ
ਹਰਭਿੰਦਰ ਸਿੰਘ ਸੰਧੂ
ਸੰਸਾਰ ਵਾਲਾ ਮੇਲਾ ਬੜਾ ਪਿਆਰਾ ਲੱਗਦਾ ਏ,
ਮੌਤ ਤੋਂ ਲੱਗੇ ਡਰ ਤੇ ਜੀਣਾ ਨਜ਼ਾਰਾ ਲੱਗਦਾ ਏ।
ਅੰਦਰ ਕੀ ਕੀ ਬੰਦੇ ਦੇ ਇਸ ਗੱਲ ’ਤੇ ਪਰਦਾ ਹੈ ,
ਵੇਖਣ ਨੂੰ ਤਾਂ ਹਰ ਚਿਹਰਾ ਪਿਆਰਾ ਲੱਗਦਾ ਹੈ।
ਕਿਉਂ ਛੱਡ ਆਉਂਦੇ ਲੋਕ ਆਸ਼ਰਮ ਮਾਪਿਆਂ ਨੂੰ?
ਸਾਨੂੰ ਬਾਪੂ, ਰੱਬ ਦੇ ਵਰਗਾ ਸਹਾਰਾ ਲੱਗਦਾ ਏ।
ਇਸ ਚੱਕਰ ਦੇ ਵਿੱਚ ਹੀ ਰੰਗਦਾ ਬੰਦਾ ਵਾਲਾਂ ਨੂੰ,
ਕਿ ਲੋਕੀਂ ਸਮਝਣ ਹਾਲੇ ਤਾਂ ਕੁਆਰਾ ਲੱਗਦਾ ਏ।
ਵਿਆਹ ਕਰਵਾ ਕੇ ‘ਸੰਧੂਆ’ ਜਿੰਦ ਝਮੇਲੇ ਪੈਂਦੀ ਏ,
ਪਰ ਦੂਜੇ ਦੀ ਥਾਲੀ ਦਾ ਲੱਡੂ ਭਾਰਾ ਲੱਗਦਾ ਏ।
ਸੰਪਰਕ: 97810-81888
* * *
ਮੈਂ ਚਾਰ ਮਾਵਾਂ ਦਾ ਪੁੱਤਰ ਹਾਂ
ਮੂਲ ਚੰਦ ਸ਼ਰਮਾ
ਮੈਂ ਇੱਕ ਦੇ ਢਿੱਡੋਂ ਜਨਮ ਲਿਆ
ਤੇ ਦੂਜੀ ਧਰਤੀ ਮਾਤਾ ਹੈ
ਤੀਜੀ ਹੈ ਮੇਰੀ ਮਾਂ ਬੋਲੀ
ਚੌਥਾ ਭਾਰਤ ਮਾਂ ਨਾਲ ਨਾਤਾ ਹੈ
ਪਰ ਮੈਂ ਇਨ੍ਹਾਂ ਚਾਰਾਂ ਨੂੰ ਹੀ
ਦਿਲੋ ਜਾਨ ਤੋਂ ਪਿਆਰ ਕਰਾਂ
ਮੇਰਾ ਜੀਅ ਕਰਦੈ ਮੈਂ ਸਭਨਾਂ ਦਾ ਹੀ
ਇੱਕੋ ਜਿਹਾ ਸਤਿਕਾਰ ਕਰਾਂ।
ਪਹਿਲੀ ਨਾਲ ਮੇਰਾ ਖ਼ੂਨ ਦਾ ਰਿਸ਼ਤਾ
ਦੂਜੀ ਤਾਂ ਸਭ ਦੀ ਮਾਂ ਹੈ
ਇਨ੍ਹਾਂ ਦੋਵਾਂ ਦੇ ਸਦਕਾ ਹੀ
ਜੱਗ ’ਤੇ ਸੰਘਣੀ ਛਾਂ ਹੈ।
ਮੈਂ ਇਨ੍ਹਾਂ ਦੇ ਵਿਰਸੇ ਤੋਂ ਸਿੱਖ ਕੇ
ਜ਼ਿੰਦਗੀ ਦਾ ਵਿਸਥਾਰ ਕਰਾਂ
ਮੇਰਾ ਜੀਅ ਕਰਦੈ...
ਤੀਜੀ ਮਾਂ ਬੋਲੀ ਪੰਜਾਬੀ ਹੈ,
ਜਿਹੜੀ ਆਪਣੀ ਮਾਂ ਤੋਂ ਸਿੱਖੀ
ਬੋਲਣੀ, ਪੜ੍ਹਨੀ, ਲਿਖਣੀ ਸਿੱਖ ਕੇ
ਇਸ ਵਿੱਚ ਕਵਿਤਾ ਲਿਖੀ
ਮੈਂ ਜੋ ਵੀ ਹਾਂ ਇਸ ਦੀ ਬਦੌਲਤ
ਦੱਸੋ ਕਿਵੇਂ ਇਨਕਾਰ ਕਰਾਂ
ਮੇਰਾ ਜੀਅ ਕਰਦੈ...
ਚੌਥੀ ਸਾਡੀ ਭਾਰਤ ਮਾਤਾ
ਮੈਨੂੰ ਜਾਨੋਂ ਵੱਧ ਪਿਆਰੀ ਹੈ
ਇਸ ਤੋਂ ਲੱਖਾਂ ਸੂਰਬੀਰਾਂ ਨੇ
ਜਿੰਦ ਜਾਨ ਵੀ ਵਾਰੀ ਹੈ
ਇਹ ਸੂਰਜ ਵਾਂਗੂ ਕਿੱਦਾਂ ਚਮਕੇ
ਮੈਂ ਪਲ ਪਲ ਸੋਚ ਵਿਚਾਰ ਕਰਾਂ
ਮੇਰਾ ਜੀਅ ਕਰਦੈ...
ਉਹ ਖੁਸ਼ਕਿਸ਼ਮਤ ਹੁੰਦੇ ਜੋ
ਚਾਰਾਂ ਦੀ ਸੇਵਾ ਹਨ ਕਰਦੇ
ਨਿੱਤ ਸ਼ਾਮ ਸਵੇਰੇ ਨਾਲ ਅਸੀਸਾਂ
ਆਪਣੀ ਝੋਲੀ ਜੋ ਭਰਦੇ
ਤਾਂ ਹੀ ਪਿੰਡ ਰੰਚਣਾਂ ਦੀ ਮਿੱਟੀ ਨੂੰ
ਨਮਸਕਾਰ ਲੱਖ ਵਾਰ ਕਰਾਂ।
ਮੇਰਾ ਜੀਅ ਕਰਦੈ...
ਸੰਪਰਕ: 99148-36037
* * *
ਗ਼ਜ਼ਲ
ਬਲਵਿੰਦਰ ਬਾਲਮ
ਮਖ਼ਮਲ ਵਰਗੇ ਦੋ ਪਰਬਤ ਵਿਚਕਾਰ ਨਦੀ,
ਇੱਕ ਅਲੌਕਿਕ ਜੰਨਤ ਦਾ ਦੀਦਾਰ ਨਦੀ।
ਸਭਨਾਂ ਦੇ ਲਈ ਹਾਂ ਹੁੰਦੀ ਹੈ ਨਾਂਹ ਨਹੀਂ,
ਨਿਸਵਾਰਥ ਨਿਰਮਲਤਾ ਵਿੱਚ ਪਿਆਰ ਨਦੀ।
ਪਾਰ ਲਗਾਵੇ ਪੱਕੇ ਇੱਕ ਇਰਾਦੇ ਨੂੰ,
ਕੱਚੇ ਘੜਿਆਂ ਨੂੰ ਕਰਦੀ ਇਨਕਾਰ ਨਦੀ।
ਆਰ ਕਿਨਾਰੇ ਪਾਰ ਕਿਨਾਰੇ ਚੀਰ ਦੇਵੇ,
ਮਿਆਨ ’ਚੋਂ ਨਿਕਲੀ ਦੋ ਧਾਰੀ ਤਲਵਾਰ ਨਦੀ।
ਮੁੱਢ ਕਦੀਮ ਤੋਂ ਹੀ ਐਸਾ ਰਿਸ਼ਤਾ ਹੈ,
ਜੀਵਨ ਦਾਤੀ ਕਰਮਠ ਸਭਿਆਚਾਰ ਨਦੀ।
ਇਕਰਾਰ ਕਰੇ ਤਾਂ ਹਰਿਆਲੀ ਖ਼ੁਸ਼ਹਾਲੀ,
ਬਰਬਾਦ ਕਰੇ, ਕਰਦੀ ਜੇ ਇਨਕਾਰ ਨਦੀ।
ਪਰਬਤ ਵਾਲੀ ਕੁੱਖ ’ਚੋਂ ਜੇਕਰ ਜਨਮ ਲਵੇ,
ਸੁੰਦਰ ਝਰਨੇ ਦੀ ਬਣਦੀ ਹੈ ਧਾਰ ਨਦੀ।
ਉਸ ਨੂੰ ਮਾਲਾਮਾਲ ਕਰੇ ਹੈ ਪਲ ਛਿਣ ਵਿੱਚ,
ਜਿਸ ਦੇ ਉੱਤੇ ਕਰ ਲੈਂਦੀ ਇਤਬਾਰ ਨਦੀ।
ਅੰਤਿਮ ਸਾਹਾਂ ਤਕ ਵਫ਼ਾ ਦੀ ਰਹਿਬਰ ਹੈ,
ਸਾਹਿਲ ਨਾਲ ਪੁਗਾਉਂਦੀ ਕੌਲ ਕਰਾਰ ਨਦੀ।
ਮਾਤਾ-ਪਿਤਾ ਦੇ ਫਰਜ਼ ਨਿਭਾਏ ਸਭਨਾਂ ਲਈ,
ਪੈਦਾ ਕਰਦੀ ਕੁੱਖ ਵਿੱਚੋਂ ਸੰਸਾਰ ਨਦੀ।
ਸੰਤੁਲਨ ਬਣਾਈ ਰੱਖਦੀ ਇਹ ਜੀਵਨ ਦਾ
ਕੁਦਰਤ ਦੇ ਹਰ ਪ੍ਰਾਣੀ ਦਾ ਕਿਰਦਾਰ ਨਦੀ।
ਘੁੱਟ ਕੇ ਜੱਫੀ ਪਾ ਕੇ ਕਰਦੀ ਅਭਿਵਾਦਨ,
ਸੰਗਮ ਕਰਦੀ ਵੇਖੀ ਹੈ ਦਿਲਦਾਰ ਨਦੀ।
ਸੁੰਦਰਤਾ ਦੀ ਇੱਕ ਪੁਜਾਰਨ ਬਣ ਜਾਂਦੀ,
ਖੇੜ ਦੇਵੇ ਜੋ ਫੁੱਲ ਕਲੀਆਂ ਕਚਨਾਰ ਨਦੀ।
ਦੇਸ਼-ਵਿਦੇਸ਼ਾਂ ਤਕ ਇਸ ਦਾ ਸੰਦੇਸ਼ਾ ਹੈ,
ਲਹਿਰਾਂ ਦੇ ਨਾਲ ਕਰਦੀ ਹੈ ਵਿਉਪਾਰ ਨਦੀ।
ਖ਼ੁਸ਼ਬੂ ਇਸ ਦੀਆਂ ਸ਼ੁਭ ਇੱਛਾਵਾਂ ਕਰਕੇ ਹੈ,
ਧਰਤੀ ਨੂੰ ਸੁੰਦਰ ਦਿੰਦੀ ਗੁਲਜ਼ਾਰ ਨਦੀ।
ਹਰ ਪਲ ਗੁਲਸ਼ਨ ਨੂੰ ਹਰਿਆਲੀ ਦਿੰਦੀ ਸੀ,
‘ਬਾਲਮ’ ਦੀ ਵੀ ਹੁੰਦੀ ਸੀ ਇੱਕ ਯਾਰ ਨਦੀ।
ਸੰਪਰਕ: 98156-25409
* * *
ਅਤ੍ਰਿਪਤ
ਅਜੀਤ ਖੰਨਾ
ਉਲਝਿਆ ਰਹਿੰਦਾ ਹੈਂ
ਸੁਖ ਜ਼ਿੰਦਗੀ ਦੇ ਪਾਉਣ ਲਈ
ਕਿਉਂ ਦੁੱਖਾਂ ਦੇ ਵਿੱਚ ਵਹਿੰਦਾ ਹੈਂ
ਸੁਖ ਜ਼ਿੰਦਗੀ ਦੇ ਪਾਉਣ ਲਈ
ਥਕਾਵਟ ’ਚ ਡੁੱਬਿਆ ਰਹਿੰਦਾ ਹੈਂ
ਆਹ ਵੀ ਕਰ ਲਾਂ, ਉਹ ਵੀ ਕਰ ਲਾਂ
ਕਿਉਂ ਮ੍ਰਿਗ ਤ੍ਰਿਸ਼ਨਾ ਵਾਂਗ
ਅੱਗੇ ਅੱਗੇ ਭੱਜਿਆ ਰਹਿੰਦਾ ਹੈਂ
ਮੁੱਕਣੇ ਨਹੀਂ ਝੰਜਟ ਝਮੇਲੇ
ਕਿਉਂ ਅਤ੍ਰਿਪਤ ਰਹਿੰਦਾ ਹੈਂ
ਜੋ ਤੇਰਾ ਨਹੀਂ, ਨਾ ਹੋ ਸਕਣਾ
ਕਿਉਂ ਉਸ ਨੂੰ ਪਾਉਣ ਲਈ
ਆਪਣਿਆਂ ਨਾਲ ਖਹਿੰਦਾ ਹੈਂ
ਖ਼ੁਸ਼ ਰਿਹਾ ਕਰ
ਨਾ ਨਸੀਬਾਂ ਨੂੰ ਭੰਡਿਆ ਕਰ
ਤੇ ਨਾ ਦੁੱਖਾਂ ਵਿੱਚ ਰੋਇਆ ਕਰ
ਕਰ ਦਸਾਂ ਨਹੁੰਆਂ ਦੀ ਕਿਰਤ
‘ਖੰਨੇ’ ਨੀਂਦ ਸਕੂਨ ਦੀ ਸੌਇਆਂ ਕਰ।
ਸੰਪਰਕ: 76967-54669
* * *
ਇੱਥੋਂ ਤਾਂ...
ਜਸਵੰਤ ਗਿੱਲ ਸਮਾਲਸਰ
ਇੱਥੋਂ ਤਾਂ
ਸਬਰ, ਸਹਿਣਸ਼ੀਲਤਾ ਤੇ
ਨਿਮਰਤਾ ਦਾ ਬਾਗ਼ ਸੁੱਕ ਗਿਆ ਹੈ
ਜ਼ੁਬਾਨ ’ਤੇ ਗਾਲ੍ਹ
ਤੇ ਹੱਥੀਂ ਹਥਿਆਰ
‘ਓਏ ਕਾਕਾ’ ਨਹੀਂ ਕਹਿਣ ਦਿੰਦੇ
ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ
ਆਪ ਭਾਵੇਂ
ਪਿਓ ਦੀ ਉਮਰ ਵਾਲੇ ਨੂੰ ਬੁੱਢਾ ਆਖੀ ਜਾਣ
ਹੁਣ ਇੱਥੇ ਕਤਲ ਦਾ ਕਾਰਨ
ਖੰਘ, ਮੁੱਛ ਨੂੰ ਵੱਟ, ਧੌਣ ਉੱਚੀ
ਵੀ ਬਣ ਜਾਂਦਾ ਹੈ।
ਇੱਥੋਂ ਤਾਂ
ਖ਼ੁਸ਼ਹਾਲੀ, ਤਰੱਕੀ, ਭਾਈਚਾਰੇ ਦਾ ਪੰਛੀ
ਕਿਤੇ ਦੂਰ ਜੰਗਲਾਂ ਵਿੱਚ
ਉਡਾਰੀ ਮਾਰ ਗਿਆ ਹੈ
ਅੱਜਕੱਲ੍ਹ ਏਥੇ
ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਮੰਦਹਾਲੀ
ਸਿਆਸਤ ਦੇ ਮਹਿਲੋਂ
ਬਰਾਤੀਆਂ ਵਾਂਗ ਨਿਕਲਦੇ ਨੇ।
ਇੱਥੋਂ ਤਾਂ
ਪਿਆਰ, ਮੁਹੱਬਤ, ਮੋਹ,
ਆਸ, ਉਮੀਦ ਤੇ ਭਰੋਸਾ
ਕਿਧਰੇ ਮਰ ਮੁੱਕ ਹੀ ਗਏ ਨੇ
ਇੱਥੇ ਪੁੱਤ ਦੇ ਪਿਆਰ ਉੱਤੇ
ਮਾਣ ਮਹਿਸੂਸ ਕੀਤਾ ਜਾਂਦਾ ਹੈ
ਧੀ ਦੀ ਪਸੰਦ ਵਾਰੀ
ਗੱਲ ਅਣਖ ’ਤੇ ਆਉਂਦੀ ਹੈ
ਇੱਜ਼ਤਾਂ ਵਾਲਾ ਫੋਕਾ ਦਿਖਾਵਾ
ਨਿਗਲ ਲੈਂਦਾ ਹੈ ਉਸ ਦੇ ਚਾਅਵਾਂ ਨੂੰ।
ਇੱਥੋਂ ਤਾਂ
ਸਾਕ-ਸਬੰਧੀ, ਰਿਸ਼ਤੇ-ਨਾਤੇ ਤੇ ਆਪਣਾਪਣ
ਲਾਲਚ ਦਾ ਕਫ਼ਨ ਲੈ
ਸੌਂ ਗਏ ਮਾਇਆ ਦੀ ਕਬਰ ਅੰਦਰ
ਤੇ ਜ਼ਮੀਨ ਜਾਇਦਾਦ ਦੀ ਖ਼ਾਤਰ
ਆਪਣੇ ਆਪਣਿਆਂ ਨੂੰ ਮਾਰ ਰਹੇ ਨੇ
ਇੱਥੋਂ ਤਾਂ
ਕਾਨੂੰਨ ਨਾਂ ਦੀ ਚਿੜੀ
ਲੋਪ ਹੁੰਦੀ ਜਾ ਰਹੀ ਹੈ
ਤੇ ਪ੍ਰਸ਼ਾਸਨ
ਉੱਲੂਆਂ ਨਾਲੋਂ ਵੀ ਘੂਕ ਸੌਂ ਗਿਆ ਹੈ
ਝੂਠੇ ਕੇਸ, ਮੁਕਾਬਲੇ, ਰਿਸ਼ਵਤਖੋਰੀ ਨੇ
ਖ਼ਾਕੀ ਨੂੰ ਲੀਡਰਾਂ ਦੇ ਥੱਲੇ ਲਾ ਦਿੱਤਾ ਹੈ
ਲੋਕੀਂ ਬੰਦਾ ਮਾਰ ਇਉਂ ਘੁੰਮਦੇ ਹਨ
ਜਿਵੇਂ ਝਟਕਈ ਬੱਕਰਾ ਵੱਢ ਕੇ...
ਇੱਥੋਂ ਤਾਂ
ਸਿਆਸੀ ਪਾਰਟੀਆਂ ਦੇ ਵਾਅਦੇ
ਜਿੱਤ ਤੋਂ ਅਗਲੇ ਦਿਨ ਹੀ
ਰਫ਼ੂਚੱਕਰ ਹੋ ਜਾਂਦੇ ਨੇ
ਤੇ ਪਿੱਛੇ ਰਹਿ ਜਾਂਦੇ ਨੇ
ਸਿਰਫ਼ ਬਿਆਨ
ਕਿਰਤੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ
ਮਜ਼ਦੂਰਾਂ ਦੀ ਲੁੱਟ,
ਬਲਾਤਕਾਰ ਦੀਆਂ ਚੀਕਾਂ
ਤੇ ਲੀਡਰ
ਇੱਕ ਦੂਜੇ ਉਪਰ ਬਿਆਨ ਦਾਗ ਕੇ
ਆਪਣੀ ਜਿੱਤ ਦੇ ਜਸ਼ਨ ਮਨਾਉਂਦੇ ਨੇ।
ਸੰਪਰਕ: 97804-51878
* * *

