ਕਾਵਿ ਕਿਆਰੀ
ਸੱਚੋ ਸੱਚ ਕਹਾਣੀ ਬਲਵਿੰਦਰ ਬਾਲਮ ਗੁਰਦਾਸਪੁਰ ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ, ਰਿਸ਼ਵਤਖੋਰੀ, ਖ਼ੂਬ ਮਿਲਾਵਟ, ਦੁੱਧ ਦੇ ਅੰਦਰ ਪਾਣੀ। ਨਸ਼ਿਆਂ, ਬੇਰੁਜ਼ਗਾਰੀ ਮਿਲ ਕੇ ਕੀਤੀ ਹੈ ਬਰਬਾਦੀ, ਮਰਿਆਦਾ, ਅਨੁਸ਼ਾਸਨ ਤੋੜੇ, ਤੋੜੀ ਹੈ ਆਜ਼ਾਦੀ। ਉੱਚ ਸਿੱਖਿਆ ਦੇ ਖੇਤਰ ਅੰਦਰ ਹੈ ਬੇਕਾਰ...
ਸੱਚੋ ਸੱਚ ਕਹਾਣੀ
ਬਲਵਿੰਦਰ ਬਾਲਮ ਗੁਰਦਾਸਪੁਰ
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ,
ਰਿਸ਼ਵਤਖੋਰੀ, ਖ਼ੂਬ ਮਿਲਾਵਟ, ਦੁੱਧ ਦੇ ਅੰਦਰ ਪਾਣੀ।
ਨਸ਼ਿਆਂ, ਬੇਰੁਜ਼ਗਾਰੀ ਮਿਲ ਕੇ ਕੀਤੀ ਹੈ ਬਰਬਾਦੀ,
ਮਰਿਆਦਾ, ਅਨੁਸ਼ਾਸਨ ਤੋੜੇ, ਤੋੜੀ ਹੈ ਆਜ਼ਾਦੀ।
ਉੱਚ ਸਿੱਖਿਆ ਦੇ ਖੇਤਰ ਅੰਦਰ ਹੈ ਬੇਕਾਰ ਜਵਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਕਿਸ ਨੇ ਬੰਨ੍ਹ ਲਗਾ ਦਿੱਤੇ ਨੇ ਵਹਿਣਾਂ ਦੇ ਸਿਰ ਉੱਤੇ,
ਬੱਦਲਾਂ ਦੇ ਵਿੱਚ ਮਾਰੂਥਲ ਹੈ ਬਾਰਿਸ਼ ਵਾਲੀ ਰੁੱਤੇ।
ਦਿਸਦੀ ਨ੍ਹੀਂ ਹੈ ਦਰਿਆਵਾਂ ਦੇ ਪਾਣੀ ਵਿੱਚ ਰਵਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਉੱਚੇ ਅਹੁਦੇ ਵਿੱਚ ਬਦਮਾਸ਼ੀ, ਕਿਸ ਦੀ ਹੱਲਾਸ਼ੇਰੀ,
ਹੱਥੋਂ ਹੱਥੀਂ ਲੁੱਟੀ ਜਾਂਦੇ ਮਾਨਵਤਾ ਦੀ ਢੇਰੀ।
ਸੁੱਚੇ ਫ਼ਰਜ਼ਾਂ ਵਿੱਚ ਮਿਲਾਈ ਬਦਮਾਸ਼ੀ ਸ਼ੈਤਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਕੁੰਭ ਦੀ ਨੀਂਦਰ ਸੁੱਤੇ ਪਏ ਨੇ ਪ੍ਰਸ਼ਾਸਨ ਤੇ ਨੇਤਾ,
ਕਿਹੜੇ ਹਨ ਜੋ ਪਾ ਦਿੰਦੇ ਨੇ ਅੱਖਾਂ ਦੇ ਵਿੱਚ ਰੇਤਾ।
ਸਿਖ਼ਰ ਦੁਪਹਿਰੇ ਖੋਹ ਲੈਂਦੇ ਨੇ ਮੁੰਦਰੀ, ਕਾਂਟੇ, ਗਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਅਪਣੇ ਘਰ ਦੇ ਅੰਦਰ ਰਹਿ ਕੇ ਘਰ ਵੀ ਘਰ ਨ੍ਹੀਂ ਲਗਦਾ,
ਚੋਰ ਉਚੱਕੇ ਗੁੰਡਿਆਂ ਨੂੰ ਹੁਣ ਕੋਈ ਡਰ ਨ੍ਹੀਂ ਲਗਦਾ।
ਏਦਾਂ ਲੁੱਟੀ ਜਾਵਣ ਜਿੱਦਾਂ ਹਰ ਇੱਕ ਚੀਜ਼ ਬਿਗਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਗਾਜਰ ਮੂਲੀ ਨਾਲੋਂ ਸਸਤਾ ਬੰਦੇ ਨੂੰ ਕਰ ਦਿੱਤਾ,
ਅਪਣੇ ਹੀ ਇਖ਼ਲਾਕ ’ਚ ਉਨ੍ਹਾਂ ਜ਼ਹਿਰ ਜਿਹਾ ਭਰ ਦਿੱਤਾ।
ਸਿਹਤ ਸਹੂਲਤ ਵਿੱਚ ਮਿਲਾਈ ਵੈਦਾਂ ਨੇ ਬੇਈਮਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਇਕਤਰਫ਼ਾ ਹੀ ਸੋਚ ’ਚ ਅਕਸਰ ਫੁੱਲ ਉਗਾਈ ਜਾਂਦੇ,
ਅਪਣੀ ਹੀ ਝੋਲੀ ਦੇ ਅੰਦਰ ਖ਼ੁਸ਼ਬੂ ਪਾਈ ਜਾਂਦੇ।
ਰਹਿਬਰ ਵੰਡਾਂ-ਦੰਡਾਂ ਦੇ ਵਿੱਚ ਕਰਦਾ ਹੈ ਬੇਈਮਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਵਿਕਸਤ ਦੇਸ਼ਾਂ ਨੇ ਗੱਡ ਦਿੱਤੇ ਉੱਨਤੀ ਵਾਲੇ ਝੰਡੇ,
ਏਥੇ ਤਾਂ ਕਿਰਸਾਨ ਨੂੰ ਯਾਰੋ ਸੁੱਟਣੇ ਪੈਂਦੇ ਗੰਢੇ।
ਅੰਨਦਾਤਾ ਹੀ ਭੁੱਖਾ ਮਰਦਾ ਕਿੰਨੀ ਹੈ ਹੈਰਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਉੱਠੋ ਕੁੜੀਓ ਉੱਠੋ ਮੁੰਡਿਓ ਸਭ ’ਕੱਠੇ ਹੋ ਜਾਓ,
ਬਾਲਮ ਜੋ ਕਹਿੰਦਾ ਹੈ ਉਸ ਦੇ ਕਹਿਣੇ ਦੇ ਵਿੱਚ ਆਓ।
ਫੇਰ ਦੁਬਾਰਾ ਦੇਣੀ ਪੈਣੀ ਕੌਮ ਲਈ ਕੁਰਬਾਨੀ,
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਸੰਪਰਕ: 98156-25409
* * *
ਅਸਲੀਅਤ ਜ਼ਿੰਦਗੀ ਦੀ
ਇੰਜ. ਸਤਨਾਮ ਸਿੰਘ ਮੱਟੂ
’ਕੱਲਾ ਆਇਆ ’ਕੱਲਾ ਜਾਣਾ ’ਕੱਲੇ ਨੇ ਹੀ ਮਰਨਾ,
’ਕੱਲਿਆਂ ਨੇ ਹੀ ਦੁੱਖ ਸੁੱਖ ਝੱਲਣੇ ’ਕੱਲਿਆਂ ਨੇ ਹੈ ਅੜਨਾ।
’ਕੱਲਿਆਂ ਨੇ ਹੀ ਮਿਹਨਤ ਨਾਲ ਉਡਾਰੀ ਅੰਬਰੀਂ ਭਰਨਾ,
’ਕੱਲਿਆਂ ਨੇ ਸੀਨਾ ਡਾਹ ਕੇ ਸਿਰੜ ਦੇ ਅੱਗੇ ਖੜ੍ਹਨਾ।
ਜ਼ਿੰਮੇਵਾਰੀਆਂ ਵਾਲਾ ਥੈਲਾ ’ਕੱਲਿਆਂ ਪਿੱਠ ’ਤੇ ਧਰਨਾ,
’ਕੱਲਿਆਂ ਦਿਲ ਦੀ ਪੀੜ ਹੰਢਾਉਣੀ, ਅੰਦਰਲੇ ਨਾਲ ਲੜਨਾ।
ਮਾੜੇ ਕੰਮੀਂ ਕਰੇ ਕਮਾਈਆਂ ’ਕੱਲਿਆਂ ਸੂਲੀ ਚੜ੍ਹਨਾ,
ਕਿਸੇ ਵੀ ਤੇਰੇ ਨਾਲ ਨ੍ਹੀਂ ਜਾਣਾ ਪੈਣਾ ’ਕੱਲਿਆਂ ਮਰਨਾ।
ਲੋੜ ਪੈਣ ’ਤੇ ਜਦੋਂ ਕਿਸੇ ਨੇ ਨਾਲ ਤੇਰੇ ਨ੍ਹੀਂ ਖੜ੍ਹਨਾ,
ਫਿਰ ਕਿਉਂ ‘ਮੱਟੂਆ’ ਪਾਪ ਕਮਾਵੇਂ ਜਦ ’ਕੱਲਿਆਂ ਨੇ ਭਰਨਾ।
ਸੰਪਰਕ: 97797-08257
* * *
ਗ਼ਜ਼ਲ
ਜਗਤਾਰ ਪੱਖੋ
ਭੁੱਲਿਆ ਹਾਂ ਮੈਂ ਕਿਤੇ ਕੁਝ ਭੁੱਲਿਆ,
ਅਣਕਿਆਸੇ ਰਾਹਾਂ ’ਤੇ ਚੱਲਿਆ।
ਅੱਖ ਵਾਲੇ ਲੋਕ ਨਕਸ਼ਾ ਪੜ੍ਹਨਗੇ,
ਪਲਕ ਨੇ ਜੋ ਪੰਨਿਆਂ ’ਤੇ ਡੋਲ੍ਹਿਆ।
ਕੌਣ ਸਮਝੇਗਾ ਭਲਾ ਉਸ ਰੋਗ ਨੂੰ,
ਯਾਦ ਬਣ ਜੋ ਆਤਮਾ ਵਿੱਚ ਮਿਲਿਆ।
ਲਫ਼ਜ਼ ਕਰ ਗਏ ਹੋਂਦ ਮੇਰੀ ਅਜਨਬੀ,
ਮੈਂ ਨਹੀਂ ਇਹ ਕੌਣ ਅੰਦਰ ਬੋਲਿਆ।
ਚੇਤਿਆਂ ਦੀ ਝੀਥ ਅੰਦਰ ਵੇਖਦੇ,
ਆਣ ਕੇ ਨਾ ਦਿਲ ਦਾ ਬੂਹਾ ਖੋਲ੍ਹਿਆ।
ਬਣ ਸਕੇ ਨਾ ਉਹ ਹਕੀਕਤ ਹਾਣ ਦੇ,
ਸੁਪਨਿਆਂ ਨੂੰ ਜਦ ਕਦੇ ਵੀ ਤੋਲਿਆ।
ਸੰਪਰਕ: 94651-96946
* * *
ਪਾਣੀ
ਜਸਪਾਲ ਸਿੰਘ ਜੌਲੀ
ਕਦੋਂ ਜਾਗੋਗੇ ਲੋਕੋ ਵੇ, ਮੁੱਕਦਾ ਜਾਂਦਾ ਪਾਣੀ,
ਜੇ ਹਾਲੇ ਵੀ ਕੁੰਭਕਰਨ ਵਾਂਗ ਸੁੱਤੇ ਰਹੇ,
ਹਾਲਤ ਨਿੱਤ ਦਿਨ ਹੋਰ ਵਿਗੜਦੀ ਜਾਣੀ,
ਕਦੋਂ ਜਾਗੋਗੇ ਲੋਕੋ ਵੇ, ਮੁੱਕਦਾ ਜਾਂਦਾ ਪਾਣੀ।
ਆਗਾਹ ਕਰਦੇ ਰਹਿੰਦੇ, ਬੁੱਧੀਜੀਵੀ ਗਿਆਨੀ,
ਝੋਨਾ ਕਮਾਦ, ਪੀਂਦੇ ਗੜੱਪੇ ਮਾਰ ਮਾਰ ਪਾਣੀ,
ਫਿਰ ਵੀ ਰੱਖੀ ਬੈਠੇ ਮੱਤ ਇਆਣੀ,
ਕਦੋਂ ਜਾਗੋਗੇ ਲੋਕੋ ਵੇ, ਮੁੱਕਦਾ ਜਾਂਦਾ ਪਾਣੀ।
ਰੁੱਖਾਂ ਉੱਤੇ ਆਰੀ, ਹਾਈਵੇਅ ਫਲੈਟਾਂ ਦੀ ਉਸਾਰੀ,
ਅੰਨ੍ਹੇਵਾਹ ਜਲ ਘਰ ਜਾਂਦੇ ਪਏ ਨੇ ਉਜਾੜੀ,
ਮੀਂਹ ਦਾ ਕਿੱਥੇ ਰਿਸੂਗਾ ਪਾਣੀ, ਥਾਂ ਮੁੱਕਦੀ ਜਾਣੀ,
ਕਦੋਂ ਜਾਗੋਗੇ ਲੋਕੋ ਵੇ, ਮੁੱਕਦਾ ਜਾਂਦਾ ਪਾਣੀ।
ਨਜ਼ਰ ਆਏ ਕਿਧਰੇ, ਮਾਲੀ ਨਾ ਕੋਈ ਪਾਲੀ,
ਧਰਤੀ ਚੀਰ-ਚੀਰ ਕਰੀ ਜਾਂਦੇ ਖ਼ਜ਼ਾਨਾ ਖਾਲੀ,
ਦਿਨ ਦੂਰ ਨਹੀਂ ਮੱਛੀ ਵਾਂਗੂੰ ਤੜਫ਼ੂ ਜਿੰਦ ਨਿਮਾਣੀ,
ਕਦੋਂ ਜਾਗੋਗੇ ਲੋਕੋ ਵੇ, ਮੁੱਕਦਾ ਜਾਂਦਾ ਪਾਣੀ।
ਆਓ ਰਲ ਮਿਲ, ‘ਜਲ ਬਚਾਓ’ ਮੁਹਿੰਮ ਚਲਾਈਏ,
ਆਉਣ ਵਾਲੀਆਂ ਪੀੜ੍ਹੀਆਂ ਨੂੰ ਜਲ ਸੰਕਟ ਤੋਂ ਬਚਾਈਏ,
‘ਜੌਲੀ’ ਕਹੇ ਸਮਝ ਲੈ ਪ੍ਰਾਣੀ ਲੁਪਤ ਨਾ ਹੋ ਜੇ ਹਾਣੀ,
ਕਦੋਂ ਜਾਗੋਗੇ ਲੋਕੋ ਵੇ, ਮੁੱਕਦਾ ਜਾਂਦਾ ਪਾਣੀ।
ਸੰਪਰਕ: 94647-40910
* * *
ਗ਼ਜ਼ਲ
ਹਰਦੀਪ ਬਿਰਦੀ
ਦੁੱਖ ਅਪਣਾ ਕੀ ਸੁਣਾਵਾਂ ਮੈਂ ਕਿਸੇ ਨੂੰ,
ਫੱਟ ਅਪਣੇ ਕਿੰਝ ਦਿਖਾਵਾਂ ਮੈਂ ਕਿਸੇ ਨੂੰ।
ਗ਼ੈਰ ਕਹਿ ਕੇ ਸਾਰਿਆਂ ਨੂੰ ਤੋਰਿਆ ਹੈ,
ਆਪਣਾ ਹੁਣ ਕਿੰਜ ਬਣਾਵਾਂ ਮੈਂ ਕਿਸੇ ਨੂੰ।
ਨਾ ਫ਼ਿਕਰ ਹੈ ਆਪ ਉਨ੍ਹਾਂ ਨੂੰ ਕੋਈ ਜਦ,
ਨੀਂਦ ਤੋਂ ਫਿਰ ਕਿਉਂ ਉਠਾਵਾਂ ਮੈਂ ਕਿਸੇ ਨੂੰ।
ਸਭ ਨੇ ਅੱਖੀਂ ਦੇਖਿਆ ਹੈ ਹਾਦਸਾ ਇਹ,
ਕਿਉਂ ਕਹਾਣੀ ਹੁਣ ਸੁਣਾਵਾਂ ਮੈਂ ਕਿਸੇ ਨੂੰ।
ਜਦ ਦਵਾ ਦਾਰੂ ਨਹੀਂ ਬਣਨਾ ਕਿਸੇ ਨੇ,
ਜ਼ਖ਼ਮ ਅਪਣੇ ਕਿਉਂ ਦਿਖਾਵਾਂ ਮੈਂ ਕਿਸੇ ਨੂੰ।
ਕਠਪੁਤਲੀ ਵਾਂਗ ਖ਼ੁਦ ਜਦ ਨੱਚਦਾ ਹਾਂ,
ਉਂਗਲੀਆਂ ’ਤੇ ਕਿੰਜ ਨਚਾਵਾਂ ਮੈਂ ਕਿਸੇ ਨੂੰ।
ਜਦ ਮੇਰੀ ਨਜ਼ਰਾਂ ਤੋਂ ਹੀ ਗਿਰ ਗਏ ਹਨ,
ਪਲਕਾਂ ਉੱਤੇ ਕਿਉਂ ਬਿਠਾਵਾਂ ਮੈਂ ਕਿਸੇ ਨੂੰ।
ਸੰਪਰਕ: 90416-00900
* * *
ਗ਼ਲਤੀ
ਪ੍ਰੀਤਮ ਸਿੰਘ
ਮੰਨਿਆ ਗ਼ਲਤੀ ਵਾਰ ਵਾਰ ਹੋ ਜਾਂਦੀ ਹੈ,
ਪਰ ਇਨਸਾਨ ਨੂੰ ਕੁਝ ਨਾ ਕੁਝ ਸਿਖਾਉਂਦੀ ਹੈ।
ਸਿਰ ’ਤੇ ਕੱਫਣ ਬੰਨ੍ਹ ਨੇ ਉਹ ਚੱਲਦੇ,
ਦੇਸ਼ ਦੀ ਚਿੰਤਾ ਜਿਨ੍ਹਾਂ ਨੂੰ ਸਤਾਉਂਦੀ ਹੈ।
ਪਸ਼ੂ ਪੰਛੀ ਵੀ ਬੱਚੇ ਪਾਲ ਲੈੈਂਦੇ ਨੇ,
ਕੰਮ ਕਰਨਾ ਤੇ ਪੜ੍ਹਨਾ ਭੁੱਖ ਸਿਖਾਉਂਦੀ ਹੈ।
ਮੰਦਿਰ, ਗੁਰਦੁਆਰੇ, ਮਸਜਿਦ ਅਕਲ ਦਾ ਘਰ ਹੁੰਦੇ,
ਮਨ ਨਾਲ ਕੀਤੀ ਸੇਵਾ ਪਾਰ ਲੰਘਾਉਂਦੀ ਹੈ।
‘ਪ੍ਰੀਤਮ’ ਤੂੰ ਬਸ ਆਪਣਾ ਕਰਮ ਨਿਭਾਉਂਦਾ ਜਾ,
ਇਹ ਦੁਨੀਆ ਤਾਂ ਰਹਿਣੀ ਆਉਂਦੀ-ਜਾਂਦੀ ਹੈ।
ਸੰਪਰਕ: 82890-39105
* * *
ਪਾਣੀ ਨੂੰ ਸੰਭਾਲ ਲਵੋ
ਹਰਪ੍ਰੀਤ ਪੱਤੋ
ਮੁਫ਼ਤ ਵਿੱਚ ਨਾ ਪਾਣੀ ਗਵਾਓ,
ਇਸ ਦੀ ਤੁਸੀਂ ਸੰਭਾਲ ਕਰੋ।
ਤਰਸੋਗੇ ਫਿਰ ਬੂੰਦ ਬੂੰਦ ਨੂੰ,
ਇਹ ਵੀ ਤੁਸੀਂ ਖ਼ਿਆਲ ਕਰੋ।
ਦੱਸੋਂ ਪਾਣੀ ਬਿਨਾਂ ਕੀ ਜੀਵਨ,
ਨਾ ਪਸ਼ੂ, ਪੰਛੀ ਤੇ ਰੁੱਖ ਹੋਣੇ।
ਚਰਾਗਾਹਾਂ ਜੰਗਲ ਨ੍ਹੀਂ ਰਹਿਣੇ,
ਛਾਵਾਂ ਦੇ ਸੰਘਣੇ ਨਾ ਸੁੱਖ ਹੋਣੇ।
ਪਿਤਾ ਪਾਣੀ ਕਿਹਾ ਗੁਰੂਆਂ ਨੇ,
ਜਿਸ ਤੋਂ ਉਤਪਤੀ ਹੋਣੀ ਹੈ।
ਧਰਤੀ ਹੇਠਾਂ ਭਾਵੇਂ ਕਿੰਨਾ ਪਾਣੀ,
ਲੋਪ ਹੋਣ ਦੀ ਨੌਬਤ ਆਉਣੀ ਹੈ।
ਸ਼ੁੱਧ ਪਾਣੀ ਫਿਰ ਕਿੱਥੋਂ ਆਉਣਾ,
ਸੰਜਮ ਨਾਲ ਵਹਾਓ ਜੀ।
ਤੇਲ ਤੋਂ ਮਹਿੰਗਾ ਪਾਣੀ ਮਿਲਣਾ,
ਇਹ ਗੱਲ ਸਮਝ ਜਾਓ ਜੀ।
ਫਿਰ ਪਛਤਾਵਾਂਗੇ ਲੰਘੇ ਵਕਤ ਨੂੰ,
ਜੇ ਨਾ ਕਰੀ ਵਿਚਾਰ ਮਨਾ।
‘ਪੱਤੋ’ ਆਖੇ ਹੈ ਅਜੇ ਵੀ ਵੇਲਾ,
ਇਸ ਦੀ ਭੈੜੀ ਮਾਰ ਮਨਾ।
ਸੰਪਰਕ: 94658-21417
* * *
ਗ਼ਜ਼ਲ
ਜੀਤ ਕੰਮੇਆਣਾ
ਕਿਸ ਪਾਸੇ ਨੂੰ ਚੱਲੇ ਆਪਾਂ,
ਰਹਿ ਗਏ ’ਕੱਲੇ ’ਕੱਲੇ ਆਪਾਂ!
ਪੱਲੇ ਖੁਆਰ ਤੇ ਢੋਈਆਂ,
ਜੋ ਰਸਤੇ ਨੇ ਮੱਲੇ ਆਪਾਂ!
ਉਨ੍ਹਾਂ ਕੀ ਮੁੜ ਕੇ ਆਉਣਾ,
ਜੋ ਜਾਂਦੇ ਨ੍ਹੀਂ ਠੱਲ੍ਹੇ ਆਪਾਂ!
ਸੱਜਣਾਂ ਬਾਝੋਂ ਕੀਹਨੂੰ ਦੱਸੀਏ,
ਕਿੰਨੇ ਦੁੱਖ ਨੇ ਝੱਲੇ ਆਪਾਂ!
ਕੀ ਖਿਦਮਤ ਕੀ ਚਾਰਾਜੋਈ,
ਪਏ ਇਨ੍ਹਾਂ ਦੇ ਪੱਲੇ ਆਪਾਂ!
ਮਾਣ ਤਾਣ ਤੇ ਰੁਤਬੇ ਮੋਏ,
ਜੋ ਕੀਤੇ ਕੰਮ ਕਵੱਲੇ ਆਪਾਂ!
ਜੇ ਫ਼ਤਵੇ ਚਾਹੁੰਦੇ ਸੋਭਾ ਵਾਲੇ,
ਕਰੀਏ ਕਰਮ ਸਵੱਲੇ ਆਪਾਂ!
ਬਿਨ ਮਿਹਨਤ ਬਿਨ ਸੇਵਾ ਤੋਂ,
ਬੱਸ ਚਾਹੁੰਦੇ ਬੱਲੇ ਬੱਲੇ ਆਪਾਂ!
ਕਰੀਏ ‘ਜੀਤ’ ਖ਼ੁਦਾ ਨੂੰ ਰਾਜ਼ੀ,
ਦਰ ਉਹਦੇ ਬਹਿ ਥੱਲੇ ਆਪਾਂ!
ਸੰਪਰਕ: 99881-00701
* * *
ਸੱਚ
ਅਜੀਤ ਖੰਨਾ
ਮੈਂ ਸੱਚ ਹਾਂ
ਜਿਸ ਨੂੰ ਦਬਾਉਣ ਲਈ
ਹਰ ਕੋਈ
ਤਰਲੋਮੱਛੀ ਹੋਇਆ ਫਿਰਦਾ ਹੈ
ਕਿਉਂ ਡਰ ਲੱਗਦਾ ਮੈਥੋਂ ਸਭ ਨੂੰ
ਮੈਂ ਤਾਂ ਹੱਕ ਸੱਚ ਦਾ ਵਾਲੀ ਹਾਂ
ਸੁਗੰਧੀਆਂ ਦੇ ਬਾਗ਼ ਦਾ ਮਾਲੀ ਹਾਂ
ਨਾ ਵੈਰ ਕਮਾਓ ਮੇਰੇ ਨਾਲ
ਨਾ ਝੂਠ ਦੇ ਸੋਹਲੇ ਗਾਓ ਮੇਰੇ ਨਾਲ
ਮੇਰੀ ਤਾਂ ਹੋਂਦ ਸਦੀਵੀ ਐ
ਕਿਉਂ ਝੂਠ ਦੀ ਪਾਈ ਬੇੜੀ ਐ
ਸੁਣਿਆ ਸੱਚ ਨੂੰ ਲੱਗਦੀ ਫਾਂਸੀ ਐ
ਤਾਂ ਹੀ ਝੂਠ ਦੀ ਚੱਲੀ ਨ੍ਹੇਰੀ ਐ
ਭਾਵੇਂ ਮੈਨੂੰ ਪਾਉਣਾ ਸੌਖਾ ਨ੍ਹੀਂ
ਗਲ ਝੂਠ ਨੂੰ ਲਾਉਣਾ ਔਖਾ ਨ੍ਹੀਂ
ਨਾ ਮੇਰੇ ਅੱਗੇ ਕੋਈ ਅੜਿਆ ਹੈ
‘ਖੰਨੇ’ ਸੱਚ ਦਾ ਪੱਲਾ ਫੜਿਆ ਹੈ।
ਸੰਪਰਕ: 76967-54669
* * *
ਗ਼ਜ਼ਲ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਦੁੱਖ ਜਿਨ੍ਹਾਂ ਨੂੰ ਦਿਲ ਦੇ ਦੱਸੇ,
ਪਿੱਠ ਘੁਮਾਉਂਦਿਆਂ ਉਹੀ ਹੱਸੇ।
ਦੁੱਧ ਪਿਆਵੋ ਜਿਸ ਨੂੰ ਏਥੇ,
ਚੰਦਰਾ ਉਹ ਹੀ ਆ ਕੇ ਡੱਸੇ।
ਜਿਨ੍ਹਾਂ ਪਿੱਛੇ ਗਲੀਆਂ ਕੱਛੀਆਂ,
ਉਨ੍ਹਾਂ ਹੀ ਫਿਰ ਤਾਅਨੇ ਕੱਸੇ।
ਜਿਸਮ ਅਸਾਡਾ ਨੋਚਿਆ ਨਜ਼ਰਾਂ,
ਬੋਲ ਉਨ੍ਹਾਂ ਦੇ ਰੂਹ ਵਿੱਚ ਧੱਸੇ।
ਟੋਟੇ-ਟੋਟੇ ਹੋ ਕੇ ਵੀ ਦਿਲ,
ਪਾਗਲ ਕਾਤਲ ਵੱਲ ਨੂੰ ਨੱਸੇ।
ਉੱਠਦੇ-ਬਹਿੰਦੇ ਭੁੱਲ ਜਾ ਆਖਾਂ,
ਹੋਰ ਕੀ ਦਿਲ ਨੂੰ ਪਾਵਾਂ ਰੱਸੇ।
‘ਪਾਰਸ’ ਭੁੱਲਦੇ ਕਦ ਨੇ ਚੰਦਰੇ,
ਚੜ੍ਹਦੀ ਉਮਰੇ ਜੋ ਦਿਲ ਵਿੱਚ ਵੱਸੇ।
ਸੰਪਰਕ: 99888-11681
* * *
ਰੱਬਾ ਤੇਰੇ ਹੀ ਸਭ ਬੰਦੇ!
ਕਮਲਜੀਤ ਕੌਰ ਕਮਲ
ਝੂਠ ਬੋਲਣਾ ਕਲਾ ਹੈ,
ਇਸ ਬਾਰੇ ਹੁਣ ਕੀ ਕਹੀਏ,
ਬੋਲ ਬੋਲ ਝੂਠ ਫਿਰ ਵੀ,
ਸੱਚੇ ਬਣ ਕੇ ਰਹੀਏ।
ਦੁਨੀਆ ਵਿੱਚ ਹਰ ਜਗ੍ਹਾ ਹੈ,
ਇਸ ਦਾ ਹੀ ਬੋਲਬਾਲਾ,
ਬਣੇ ਫਿਰਦੇ ਨੇ ਧਰਮਾਤਮਾ,
ਪਰ ਅੰਦਰੋਂ ਦਿਲ ਹੈ ਕਾਲਾ।
ਕਰ ਕਰ ਕੇ ਪਾਪ ਇਹ,
ਬੇਈਮਾਨੀ ਦੀ ਪੌੜੀ ਚੜ੍ਹਦੇ,
ਪੱਲੇ ਕੱਖ ਨਾ ਹੁੰਦਾ,
ਮਹਿਫ਼ਿਲਾਂ ’ਚ ਜਾ ਨੇ ਵੜਦੇ।
ਸੋਚੋ ਨਾ ਭਾਈ ਬਾਹਲਾ,
ਇੱਥੇ ਹਰ ਤਰ੍ਹਾਂ ਦੇ ਬੰਦੇ,
ਚੰਗੇ ਹੋਣ ਜਾਂ ਮੰਦੇ,
ਰੱਬਾ ਤੇਰੇ ਹੀ ਸਭ ਬੰਦੇ।
ਸੰਪਰਕ: 94786-22696
* * *

