ਕਾਵਿ ਕਿਆਰੀ
ਉੱਠ ਕਿਰਤੀਆ ਉੱਠ ਹਰਪ੍ਰੀਤ ਪੱੱਤੋ ਸਾਰਾ ਦਿਨ ਖੇਤੀਂ ਰਹਿੰਦਾ ਹੈ, ਕਦੇ ਨਾ ਟਿਕ ਕੇ ਬਹਿੰਦਾ ਹੈ। ਹੱਥ ਲਿੱਬੜੇ ਰੋਟੀ ਖਾ ਲੈਂਦਾ, ਲੀੜੇ ਵੀ ਪਾਟੇ ਪਾ ਲੈਂਦਾ। ਤਾਰਿਆਂ ਦੀ ਛਾਵੇਂ ਜਾਵੇ ਇਹ, ਨ੍ਹੇਰੇ ਹੋਏ ਘਰ ਨੂੰ ਆਵੇ ਇਹ। ਮਿੱਟੀ ਨਾਲ ਮਿੱਟੀ...
ਉੱਠ ਕਿਰਤੀਆ ਉੱਠ
ਹਰਪ੍ਰੀਤ ਪੱੱਤੋ
ਸਾਰਾ ਦਿਨ ਖੇਤੀਂ ਰਹਿੰਦਾ ਹੈ,
ਕਦੇ ਨਾ ਟਿਕ ਕੇ ਬਹਿੰਦਾ ਹੈ।
ਹੱਥ ਲਿੱਬੜੇ ਰੋਟੀ ਖਾ ਲੈਂਦਾ,
ਲੀੜੇ ਵੀ ਪਾਟੇ ਪਾ ਲੈਂਦਾ।
ਤਾਰਿਆਂ ਦੀ ਛਾਵੇਂ ਜਾਵੇ ਇਹ,
ਨ੍ਹੇਰੇ ਹੋਏ ਘਰ ਨੂੰ ਆਵੇ ਇਹ।
ਮਿੱਟੀ ਨਾਲ ਮਿੱਟੀ ਹੋ ਜਾਂਦਾ,
ਫਿਰ ਫ਼ਿਕਰਾਂ ਵਿੱਚ ਖੋ ਜਾਂਦਾ।
ਕਦੇ ਫਸਲੀਂ ਹੋਵੇ ਔੜ ਕੁੜੇ,
ਜਾਂ ਹੋਵੇ ਪਾਣੀ ਦਾ ਰੋੜ੍ਹ ਕੁੜੇ।
ਕਰਜ਼ਾ ਸਿਰ ਸ਼ਾਹੂਕਾਰਾਂ ਦਾ,
ਕੁਝ ਸਮੇਂ ਦੀਆਂ ਸਰਕਾਰਾਂ ਦਾ।
ਕੀ ਦੇਵੇ ਦੋਸ਼ ਨਸੀਬਾਂ ਨੂੰ,
ਜਾਂ ਫੇਲ੍ਹ ਹੋਈਆਂ ਤਰਤੀਬਾਂ ਨੂੰ।
‘ਪੱਤੋ’ ਝੋਰੀਂ ਜਿੰਦ ਵਿਹਾਅ ਜਾਂਦੀ,
ਤਦ ਫੋਟੋ ਫਰੇਮ ’ਚ ਆ ਜਾਂਦੀ।
ਸੰਪਰਕ: 94658-21417
* * *
ਕੱਚੇ ਵਿਹੜੇ
ਕੁਲਵਿੰਦਰ ਵਿਰਕ
ਹੱਡ-ਭੰਨ੍ਹਵੀਂ ਮਿਹਨਤ ਕਰਦੇ
ਫੈਕਟਰੀਆਂ, ਕਾਰਖਾਨੇ,
ਸ਼ੌਪਿੰਗ ਮਾਲ, ਆਸ਼ਿਆਨੇ,
ਬਹੁ-ਮੰਜ਼ਿਲੀ ਇਮਾਰਤਾਂ ਉਸਾਰਦੇ ਕਾਮੇ
ਦਫ਼ਤਰ, ਬੰਗਲੇ, ਮਹਿਲ ਉਸਾਰਦੇ।
ਚੋਣ ਲੱਗ ਜਾਂਦੀਆਂ ਐਪਰ
ਆਪਣੇ ਕੋਠਿਆਂ ਦੀਆਂ
ਕੱਚੀਆਂ ਛੱਤਾਂ
ਬੱਦਲਾਂ ਨੂੰ ਵੇਖ ਕੇ ਹੀ
ਡੁੱਬ ਜਾਂਦਾ ਹੈ ਦਿਲ
ਉਦਾਸ ਜਿਹਾ ਹੋ ਕੇ ਸੋਚੇ
ਕਦੋਂ ਚੜ੍ਹੇਗਾ
ਕੱਚੇ ਕੋਠਿਆਂ ਉੱਤੋਂ ਦੀ
ਸੂਰਜ ਸੁਨਹਿਰੀ ਹੋ ਕੇ।
ਸੰਪਰਕ: 78146 54133
* * *
ਮਜ਼ਦੂਰ ਮਾਂ ਦੀ ਲੋਰੀ
ਰਣਜੀਤ ਆਜ਼ਾਦ ਕਾਂਝਲਾ
ਪੇਟੋਂ ਭੁੱਖੀ ਰੋੜੀ ਕੁੱਟਾਂ, ਨਾ ਮਿਲੇ ਪੀਣ ਨੂੰ ਨੀਰ ਵੇ,
ਨਾ ਰੋ ਮੇਰੇ ਪੁੱਤਰਾ! ਨਾ ਉੱਤਰੇ ਛਾਤੀਓਂ ਸੀਰ ਵੇ।
ਧੁੱਪ ’ਚ ਹਾਂ ਕੰਮ ਕਰਦੀ, ਪਿੱਠ ਪਿੱਛੇ ਲਟਕਾਇਆ ਵੇ,
ਸੌਂ ਜਾਹ ਪੁੱਤਰਾ ਸੌਂ ਜਾ, ਰੱਬ ਨੇ ਕੇਹੀ ਜੂਨੇ ਪਾਇਆ ਵੇ,
ਵੱਡੇ ਘਰਾਂ ਦੇ ਬਾਲ ਬੱਚੜੇ, ਖਾਂਦੇ ਖੰਡ ਘਿਉ ਖੀਰ ਵੇ।
ਵੱਡੇ ਘਰਾਂ ਦੇ ਕੁੱਤੇ ਵੀ, ਦੁੱਧ ਨਾਲ ਬਿਸਕੁਟ ਖਾਂਦੇ ਨੇ,
ਹੱਡ ਤੋੜਵੀਂ ਮਿਹਨਤ ਨਾਲ ਵੀ, ਢਿੱਡ ਭਰੇ ਨਾ ਜਾਂਦੇ ਨੇ,
ਕੇਹੀ ਲਿਖ ’ਤੀ ਓਸ ਡਾਢੇ ਨੇ, ਸਾਡੀ ਇਹ ਤਕਦੀਰ ਵੇ।
ਬਾਪੂ ਦਾ ਤੂੰ ਪੁੱਤ ਲਾਡਲਾ, ਕਦੇ ਗੋਦੀ ਚੁੱਕ ਖਿਡਾਇਆ ਨਾ,
ਮੂੰਹ ਨ੍ਹੇਰੇ ਕੰਮ ’ਤੇ ਜਾਂਦੈ, ਚੈਨ ਰਤਾ ਵੀ ਪਾਇਆ ਨਾ,
ਟੁੱਟੀ ਭੱਜੀ ਝੌਪੜੀ ਸਾਨੂੰ ਗ਼ਰੀਬਾਂ ਲਈ ਮਹਿਲ ਹੈ,
ਮੀਹਾਂ ਦੇ ਵਿੱਚ ਤਿੱਪ ਤਿੱਪ ਚੋਵੇ, ਦਿਲ ਜਾਂਦਾ ਦਹਿਲ ਹੈ,
ਐ ਖ਼ੁਦਾ ਕਿੱਧਰ ਜਾਈਏ, ਕੋਈ ਨਾ ਸਾਡਾ ਗੁਰੂ-ਪੀਰ ਵੇ।
ਅਜਿਹੀ ਕਿਸਮਤ ਭੈੜੀ ਖੋਟੀ, ਸਾਨੂੰ ਨਾ ਮਨਜ਼ੂਰ ਹੈ,
ਵਿਹਲੜਾਂ ਨੂੰ ਖੁੱਲ੍ਹੇ ਗੱਫੇ, ਇਹ ਕੇਹਾ ਤੇਰਾ ਦਸਤੂਰ ਹੈ,
ਯਕੀਨ ਜਿਹਾ ਨ੍ਹੀਂ ਆਉਂਦਾ ਤੂੰ ਏਂ ਕਾਹਦਾ ਵਜ਼ੀਰ ਵੇ।
ਦਾਤਾ ਤੇਰੀ ਕਾਣੀ ਵੰਡ ’ਤੇ ‘ਆਜ਼ਾਦ’ ਸੋਚਦਾ ਰਹਿੰਦਾ ਏ,
ਨਿਆਰੀ ਤੇਰੀ ਕੁਦਰਤ ਤਾਈਂ ਨਜ਼ਰੀਂ ਤੋਲਦਾ ਰਹਿੰਦਾ ਏ,
ਕਿਰਤੀ ਗ਼ਰੀਬਾਂ ਸੰਗ ਐਡਾ ਧੱਕਾ, ਮਨ ਨ੍ਹੀਂ ਧਰਦਾ ਧੀਰ ਵੇ,
ਨਾ ਰੋ ਪੁੱਤਰਾ ਨਾ ਰੋ, ਕਿਵੇਂ ਉੱਤਰੇ ਛਾਤੀਓਂ ਸੀਰ ਵੇ।
ਸੰਪਰਕ: 94646-97781
* * *
ਅਸੀਂ ਤੁਰਨਾ ਜਾਣਦੇ ਹਾਂ
ਗੁਰਮੀਤ ਸਿੰਘ ਸੋਹੀ
ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ
ਗ਼ਰੀਬੀ ਦੀ ਬੇਸ਼ੱਕ ਮਾਰ, ਅਸੀਂ ਤੁਰਨਾ ਜਾਣਦੇ ਹਾਂ
ਸਾਡੇ ਵੰਸ਼ਾਂ ਦੇ ਖ਼ੂਨ ਦੀ ਲਾਲੀ ਰੰਗ ਲਿਆਊਗੀ
ਸਾਡੇ ਚੋਂਦੇ ਪਸੀਨੇ ਦੀ ਖ਼ੁਸ਼ਬੂ ਮਹਿਕਾਂ ਖਿੰਡਾਊਗੀ
ਮਿਹਨਤ ਸਾਡਾ ਹਥਿਆਰ, ਅਸੀਂ ਤੁਰਨਾ ਜਾਣਦੇ ਹਾਂ
ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ
ਹੱਕ ਸੱਚ ਦੀ ਕਮਾਈ ਰੋਟੀ ਮੂੰਹ ਵਿੱਚ ਪਾਉਂਦੇ ਹਾਂ
ਚਾਹੇ ਇੱਕੋ ਵੇਲੇ ਮਿਲ ਜਾਵੇ ਸ਼ੁਕਰ ਮਨਾਉਂਦੇ ਹਾਂ
ਸੁੱਖ ਦੁੱਖ ਲੈਂਦੇ ਸਹਾਰ, ਅਸੀਂ ਤੁਰਨਾ ਜਾਣਦੇ ਹਾਂ
ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ
ਗ਼ੁਲਾਮੀ ਦੀਆਂ ਜ਼ੰਜੀਰਾਂ ਨਾ ਗਲ ’ਚ ਪਾ ਸਕਦੇ
ਜ਼ਾਲਮ ਹਕੂਮਤਾਂ ਮੂਹਰੇ ਨਾ ਸਿਰ ਝੁਕਾਅ ਸਕਦੇ
ਅਣਖੀ ਸਾਡਾ ਕਿਰਦਾਰ, ਅਸੀਂ ਤੁਰਨਾ ਜਾਣਦੇ ਹਾਂ
ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ
ਹੁੰਦੀ ਏਕੇ ਦੇ ਵਿੱਚ ਸ਼ਕਤੀ ਇਹੋ ਦਿਖਾਉਣੀ ਹੈ
ਸੱਤਾ ’ਚ ਬੈਠੇ ਭੁੱਖਿਆਂ ਦੀ ਕੁਰਸੀ ਹਿਲਾਉਣੀ ਹੈ
ਲਾਵਾਂਗੇ ਉੱਚੀ ਉਡਾਰ, ਅਸੀਂ ਤੁਰਨਾ ਜਾਣਦੇ ਹਾਂ
ਸਾਨੂੰ ਸਮਝੋ ਨਾ ਲਾਚਾਰ, ਅਸੀਂ ਤੁਰਨਾ ਜਾਣਦੇ ਹਾਂ
ਸੰਪਰਕ: 92179-81404
* * *
ਘਾਣ ਮਨੁੱਖਤਾ ਦਾ
ਦੀਪਿਕਾ ਅਰੋੜਾ
ਬਾਰੂਦ ਦੇ ਇੱਕ ਢੇਰ ’ਤੇ ਦੁਨੀਆ ਸਜਾਈ ਬੈਠੇ ਹਾਂ,
ਦੋਗਲੇ ਕਿਰਦਾਰ ਤੋਂ ਆਪਾਂ ਆਸ ਲਾਈ ਬੈਠੇ ਹਾਂ।
ਸੱਪ ਵਾਂਗੂ ਡੱਸਣਾ ਉਹਦਾ ਭੁੱਲਿਆ ਬੇਸ਼ੱਕ ਨਹੀਂ,
ਢੀਠ ਬਣ ਪਰ ਚੋਟਾਂ ਉੱਪਰ ਚੋਟ ਖਾਈ ਬੈਠੇ ਹਾਂ।
ਜਦ ਮਨੁੱਖਤਾ ਟੋਟੇ ਕਰ ਕੇ ਹਾਕਮਾਂ ਨੇ ਬਾਲ ’ਤੀ,
ਦੋ ਕੁ ਖਾਰੇ ਹੰਝੂ ਸੋਗਾਂ ਵਿੱਚ ਵਹਾਈ ਬੈਠੇ ਹਾਂ।
ਸੱਤਾ ਦਾ ਹੰਕਾਰ ਅੰਨ੍ਹਾ ਭੁੱਖ ਹੈ ਵਿਸਥਾਰ ਦੀ,
ਕੇਹੇ-ਕੇਹੇ ਪਾਗਲਾਂ ਨੂੰ ਸਿਰ ਚੜ੍ਹਾਈ ਬੈਠੇ ਹਾਂ।
ਦੋ ਗਜ਼ ਜ਼ਮੀਂ ਮੱਲਣ ਦਾ ਜਜ਼ਬਾ ਕੋਹਾਂ ਦੂਰ ਹੈ,
ਧਰਤੀ ਦੇ ਹਰ ਜ਼ੱਰੇ ’ਤੇ ਕਬਜ਼ਾ ਜਮਾਈ ਬੈਠੇ ਹਾਂ।
ਦੋ ਪਹਿਰ ਦੀ ਰੋਟੀ ਵਿੱਚੋਂ ਇੱਕ ਹੈ ਮਨਫ਼ੀ ਹੋ ਰਹੀ,
ਸੋਚਾਂ ਵਿੱਚ ਉਲਝੇ ਪਏ ਨੀਂਦਰ ਗਵਾਈ ਬੈਠੇ ਹਾਂ।
ਮਾਸੂਮਾਂ ਦੇ ਕਤਲ ਨੂੰ ਜੋ ਘਾਣ ਹੀ ਮੰਨਦਾ ਨਹੀਂ,
ਐਸੇ ਜ਼ਾਲਿਮ ਨਾਲ ਵੀ ਯਾਰੀ ਲਗਾਈ ਬੈਠੇ ਹਾਂ।
ਖ਼ਾਕ ਹੋਈਆਂ ਬੇਟੀਆਂ ਦੀ ਰੂਹ ਹੈ ਆ ਕੇ ਪੁੱਛ ਰਹੀ,
ਕਿੰਨੇ ਨਕਸ਼ੇ ਸਿਵਿਆਂ ਦੀ ਹਿੱਕ ’ਤੇ ਬਣਾਈ ਬੈਠੇ ਹਾਂ।
ਸੰਪਰਕ: 90411-60739
* * *
ਹਾਕਮਾਂ ਨੂੰ
ਇੰਦਰਜੀਤ ਪ੍ਰੇਮੀ
ਤੂੰ ਕਰ ਸੀਨਾਜ਼ੋਰੀ,
ਮੁਹੱਬਤੀ ਜ਼ਿੰਦਗੀ ਕੁਰਬਾਨ,
ਹਿੰਦੂ, ਮੁਸਲਮਾਨ, ਬੋਧੀ ਤੇ ਜੈਨ,
ਭੀੜ ਵੇਲੇ ਅਸੀਂ,
ਸਾਂਝੇ ਲੈਂਦੇ ਹਾਂ ਸਾਹ,
ਸਾਡੀ ਭੋਇੰ ’ਚ,
ਅਸੀਂ ਸਿਰ ਵੱਢ ਕੇ ਨੱਪ ਦੇਈਏ,
ਕਈ ਨਵੇਂ ਸਿਰ ਪੁੰਗਰ ਪੈਂਦੇ,
ਹਾਮਲਾ ਹੋਈਆਂ ਤ੍ਰੀਮਤਾਂ ਨੂੰ,
ਤੇਰੇ ਸਹਾਰੇ ਦੀ ਲੋੜ ਨਹੀਂ,
ਉਹ ਜਾਣਦੀਆਂ ਹਨ ਜਣਨਾ,
ਸੂਰਬੀਰ ਯੋਧੇ,
ਕੁੱਛੜ ਚੁੱਕੇ ਬਾਲ ਵੀ ਤੇਰੀਆਂ ਪਾਈਆਂ ਮੁਸੀਬਤਾਂ
ਯਾਦ ਰੱਖਣਗੇ,
ਹਾਂ, ਤੇਰੀ ਪਰਖ ਦੇ ਮੇਚ,
ਨਹੀਂ ਆਵਾਂਗੇ,
ਅੱਜ ਵੀ ਨਹੀਂ, ਕੱਲ੍ਹ ਵੀ ਨਹੀਂ..! ਕਦੇ ਵੀ ਨਹੀਂ..!
ਸੰਪਰਕ: 62845-96653
* * *
ਜੰਗ
ਮੋਹਨ ਸ਼ਰਮਾ
ਜੰਗ ਬਹੁਤ ਕੁਝ
ਆਪਣੇ ਨਾਲ ਲੈ ਕੇ
ਆਉਂਦੀ ਹੈ।
ਖੰਡਰਨੁਮਾ ਘਰ, ਮਲਬੇ ਹੇਠ ਦੱਬੀਆਂ ਲਾਸ਼ਾਂ,
ਡਰ, ਦਹਿਸ਼ਤ, ਸੰਨਾਟਾ,
ਰੌਸ਼ਨੀ ਤੋਂ ਕਿਨਾਰਾਕਸ਼ੀ,
ਦੂਜੀ ਥਾਂ ਬੈਠੇ
ਸਬੰਧੀਆਂ ਦੀ ਚਿੰਤਾ, ਮਾਰੂ ਸੋਚਾਂ,
ਹੁਸੀਨ ਖ਼ਾਬਾਂ ’ਤੇ ਖ਼ੌਫ਼ ਦੀ ਧੂੜ,
ਆਸਮਾਨ ਵਿੱਚ ਫੈਲਿਆ
ਜ਼ਹਿਰੀਲਾ ਧੂੰਆਂ,
ਮਿਜ਼ਾਈਲਾਂ ਅਤੇ ਤੋਪਾਂ ਦੀ
ਗੜਗੜਾਹਟ ਨਾਲ
ਛਿੜੀ ਮਾਰੂ ਕੰਬਣੀ!
ਸੱਚੀਂ, ਜੰਗ ਹਾਸੇ ਨੂੰ
ਦਫ਼ਨ ਕਰਕੇ
ਸੋਗੀ ਦੰਦਲਾਂ ਪਾ ਦਿੰਦੀ ਹੈ!
ਮਿਜ਼ਾਈਲਾਂ ਤੋਪਾਂ ਸੰਤਾਲੀ ’ਚੋਂ ਨਿਕਲੀ ਅੱਗ
ਨਾਂ, ਧਰਮ ਅਤੇ ਮਜ਼ਹਬ
ਨਹੀਂ ਵੇਖਦੀ!
ਉਹਦਾ ਕਰਮ ਤਾਂ
ਜ਼ਿੰਦਗੀ ਨੂੰ ਲਾਸ਼ ਵਿੱਚ
ਬਦਲਣਾ ਹੈ।
ਲਾਸ਼ ਜਿਸ ਪਰਿਵਾਰ ਦੇ ਵੀ
ਹਿੱਸੇ ਆਉਂਦੀ ਹੈ
ਉਸ ਘਰ ਕਹਿਰ ਵਰ੍ਹਾਉਂਦੀ ਹੈ।
ਕਿਸੇ ਦੂਰ ਵਸੇਂਦੇ ਨਾਲ
ਲੜਾਈ ਸਮੇਂ
ਅਸੀਂ ਪਾਸਾ ਵੱਟ ਕੇ
ਉਸ ਨਾਲ ਸਦੀਵੀ ਰਿਸ਼ਤਾ
ਤੋੜ ਸਕਦੇ ਹਾਂ।
ਮਿੱਤਰਤਾ ਵੀ
ਖ਼ਤਮ ਕੀਤੀ ਜਾ ਸਕਦੀ ਹੈ।
ਪਰ ਗੁਆਂਢੀ ਨਾਲ ਜੰਗ
ਹੋਰ ਵੀ ਖ਼ਤਰਨਾਕ ਹੈ।
ਗੁਆਂਢ ਤਾਂ ਬਦਲਿਆ ਵੀ
ਨਹੀਂ ਜਾ ਸਕਦਾ।
ਹਾਂ, ਪਹਿਲਕਦਮੀ ਕਰਕੇ
ਉਸ ਨੂੰ ਸਮਝਾਇਆ
ਜਾ ਸਕਦੈ।
ਪਿਆਰ ਨਾਲ, ਦਲੀਲਾਂ ਨਾਲ
ਜਾਂ ਫਿਰ
ਅਪਣੱਤ ਦਾ ਚੋਗਾ ਸੁੱਟ ਕੇ!
ਪਰ ਜੇਕਰ ਗੁਆਂਢੀ ਨੇ
ਆਪਣੀ ਸੋਚ ’ਤੇ
ਜ਼ਹਿਰੀਲੀ ਪਾਨ ਚੜ੍ਹਾ ਲਈ ਹੈ
ਅਤੇ ਡੰਗ ਮਾਰਦੀਆਂ
ਸੋਚਾਂ ਨੂੰ
ਅਮਲੀਜਾਮਾ ਪਹਿਨਾ ਲਿਆ ਹੋਵੇ
ਫਿਰ ਤਾਂ
ਦੁਸ਼ਮਣ ਨੂੰ ਹਰਾ ਕੇ ਹੀ
ਸਵੈਮਾਣ, ਅਣਖ ਅਤੇ ਗ਼ੈਰਤ ਨੂੰ
ਜ਼ਿੰਦਾ ਰੱਖਿਆ ਜਾ
ਸਕਦਾ ਹੈ।
ਸੰਪਰਕ: 94171-48866
***
ਆਓ ਇਨਸਾਨ ਬਣੀਏ
ਅਜੀਤ ਖੰਨਾ
ਅਸੀਂ ਅੱਜ ਵੀ ਨ੍ਹੀਂ ਭੁੱਲੇ
ਬਾਹਠ ਪੈਂਹਟ ਤੇ ’ਕੱਹਤਰ ਨੂੰ
ਨਾ ਭੁੱਲੇ ਹਾਂ ਬਲੈਕ ਆਊਟ
ਤੇ ਕਾਲੀਆਂ ਰਾਤਾਂ ਨੂੰ
ਨਾ ਭੁੱਲੇ ਬਾਰਡਰ
ਟੈਂਕਾਂ ਦੇ ਗੋਲੇ
ਤੇ ਹਿੱਕ ’ਚ ਖਾਧੀਆਂ
ਗੋਲੀਆਂ ਨੂੰ
ਨਾ ਭੁੱਲੇ ਹਾਂ
ਮੁੰਬਈ, ਸੰਸਦ ਤੇ ਪੁਲਵਾਮਾ ਨੂੰ
ਜੰਗ ’ਚ ਹੁੰਦਾ ਹੈ
ਜਾਨੀ, ਮਾਲੀ ਨੁਕਸਾਨ
ਤੇ ਆਵਾਮ ਦੇ
ਵਿਚਾਰਾਂ ਦਾ ਘਾਣ
ਜੰਗ ’ਚ ਜਿੱਤ
ਸਾਡਾ ਵਹਿਮ ਹੈ
ਅਸੀਂ ਜਿੱਤ ਕੇ ਵੀ
ਹਰਦੇ ਹਾਂ
ਬਦਲੇ ਦੀ ਅੱਗ ’ਚ
ਅਸੀਂ ਗੁਆ ਬਹਿੰਦੇ ਹਾਂ
ਸੁਹਾਗਣਾਂ ਦੇ ਰੰਗ
ਮਾਵਾਂ ਦੀ ਲੋਰੀ
ਤੇ ਭੈਣਾਂ ਦੀ ਰੱਖੜੀ
ਜੰਗ ਕਿਸੇ ਮਸਲੇ ਦਾ ਹੱਲ ਨ੍ਹੀਂ
ਪੁੱਛੋ ਅਮਰੀਕਾ ਨੂੰ
ਹੀਰੋਸ਼ੀਮਾ ਤੇ ਨਾਗਾਸਾਕੀ ’ਤੇ
ਐਟਮ ਬੰਬ ਸੁੱਟ ਕੇ
ਕੀ ਮਿਲਿਆ?
ਹੁਣ ਵੀ ਕੀ ਮਿਲੇਗਾ
ਅਮਰੀਕਾ ਇਜ਼ਰਾਈਲ ਤੇ
ਇਰਾਨ ਨੂੰ ਯੁੱਧ ਕਰਕੇ
ਹਿੰਡ ਤੋਂ ਬਿਨਾਂ
ਕੁਝ ਪੱਲੇ ਨਹੀਂ ਪਵੇਗਾ
ਆਓ!
ਭੁੱਖ, ਗ਼ਰੀਬੀ
ਤੇ ਮੌਤ ਦਾ
ਖੌਅ ਬਣੀਆਂ ਬਿਮਾਰੀਆਂ
ਖ਼ਿਲਾਫ਼ ਇੱਕਮੁੱਠ ਹੋ ਕੇ
ਜੰਗ ਵਿੱਢੀਏ
ਇਹੋ ਧਰਮ, ਕਰਮ
ਤੇ ਫਰਜ਼ ਹੈ ‘ਖੰਨੇ’ ਮਨੁੱਖ ਦਾ
ਸੰਪਰਕ: 76967-54669
***

