ਕਾਵਿ ਕਿਆਰੀ
ਗ਼ਜ਼ਲ ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’ ਮੈਂ ਤਾਂ ਹਰ ਪ੍ਰਭਾਤ ਤੇਰੇ ਨਾਂ, ਤੇ ਦਿਲਬਰ ਹਰ ਸ਼ਾਮ ਕਰੀ ਏ, ਪਰ ਤੂੰ ਤੇ ਮੇਰੀ ਹਰ ਕੋਸ਼ਿਸ਼, ਠੁਕਰਾ ਕੇ ਨਾਕਾਮ ਕਰੀ ਏ। ਮੈਂ ਬਣਿਆ ਖਿਦਮਤਗਾਰ ਰਿਹਾ, ਪਿਆਰ ਕਹਾਂ ਕੀ ਨਾਮ ਦਿਆਂ, ਮੇਰੀ ਹਸਤੀ ਏਸ...
ਗ਼ਜ਼ਲ
ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਮੈਂ ਤਾਂ ਹਰ ਪ੍ਰਭਾਤ ਤੇਰੇ ਨਾਂ, ਤੇ ਦਿਲਬਰ ਹਰ ਸ਼ਾਮ ਕਰੀ ਏ,
ਪਰ ਤੂੰ ਤੇ ਮੇਰੀ ਹਰ ਕੋਸ਼ਿਸ਼, ਠੁਕਰਾ ਕੇ ਨਾਕਾਮ ਕਰੀ ਏ।
ਮੈਂ ਬਣਿਆ ਖਿਦਮਤਗਾਰ ਰਿਹਾ, ਪਿਆਰ ਕਹਾਂ ਕੀ ਨਾਮ ਦਿਆਂ,
ਮੇਰੀ ਹਸਤੀ ਏਸ ਗੁਨਾਹ ਨੇ, ਕਿਉਂ ਯਾਰਾ ਬਦਨਾਮ ਕਰੀ ਏ।
ਕਿੰਝ ਮੁਆਫ਼ ਕਰਾਂ ਦੱਸ ਤੈਨੂੰ, ਲੋਕਾਂ ਦੀ ਵੀ ਕਿੰਝ ਸੁਣਾਂ,
ਮੈਂ ਤਾਂ ਪਹਿਲੀ ਨਜ਼ਰੇ ਧੜਕਣ, ਤੇਰੇ ਹੀ ਤਾਂ ਨਾਮ ਕਰੀ ਏ।
ਬੇਵਫ਼ਾ ਆਖਣ ਲੋਕ ਜਦੋਂ ਵੀ, ਸਹੁੰ ਤੇਰੀ ਮੈਂ ਮਰ ਜਾਵਾਂ,
ਜਾਨ, ਇਬਾਦਤ ਤੂੰ, ਤੈਨੂੰ ਹੀ, ਮੈਂ ਤਾਂ ਇਸ਼ਕ ਸਲਾਮ ਕਰੀ ਏ।
ਤੂੰ ਖ਼ੁਸ਼ ਰਹੇ, ਤੇਰੀ ਦੁਨੀਆ ਵੱਸੇ, ਦਰਦ ਤੇ ਹਉਕੇ ਮੇਰੇ ਪੱਲੇ,
ਤੇਰੀ ਹਰ ਪਰਵਾਜ਼ ਲਈ, ਮੈਂ ਨਿੱਤ ਦੁਆ ਤਮਾਮ ਕਰੀ ਏ।
ਮਨਫ਼ੀ ਹੋ ਕੇ ਵਿਚਰ ਰਿਹਾ ਤੇ, ‘ਬਾਲੀ’ ਦਮ ਦਮ ਮਰਦਾ ਏ,
ਸ਼ਾਇਰ ਹੋ ਸ਼ਖ਼ਸੀਅਤ ਆਪਣੀ, ਅੜਿਆ ਮੈਂ ਬੇ-ਨਾਮ ਕਰੀ ਏ।
ਜਿਸ ਸ਼ਖ਼ਸ ਕਰੀ ਤੌਹੀਨ ਤੇਰੀ, ਮੇਰੇ ਹੀ ਹੱਕ ’ਚ ਖੜ੍ਹੋ ਕੇ,
ਦਿਲ ਤੋਂ ‘ਬਾਲੀ’ ਨੇ ਵੀ ਨਾ, ਉਸ ਦੇ ਨਾਲ ਕਲਾਮ ਕਰੀ ਏ।
ਸੰਪਰਕ: 94651-29168
* * *
ਦੀਦ ਦਾ ਬਲਬ
ਗੁਰਦਿੱਤ ਸਿੰਘ ਸੇਖੋਂ
ਦੀਦ ਦਾ ਬਲਬ ਜਗਿਆ, ਤੇ ਜਗਮਗਾਇਆ ਆਥਣ,
ਭੁੱਖ ਅੱਖਾਂ ਦੀ ਲੱਥੀ, ਭਰ ਗਿਆ ਅੰਦਰ ਦਾ ਖਾਲੀਪਣ।
ਮਿਟ ਗਈ ਸਹਿਜੇ ਸਹਿਜੇ ਇਹ ਕਰੜੀ ਧੁੱਪ ਹਿਜਰਾਂ ਦੀ,
ਮੋਹ ਤੇਰਾ ਛਾਵਾਂ ਵੰਡਦਾ ਜਿਉਂ ਪਿੱਪਲ ਬੋਹੜ ਪਿਲਕਣ।
ਸਾਹਾਂ ਦੀ ਸਾਂਝ ਤੋਂ ਵਧ ਕੇ ਅਪਣਾਪਣ ਹੋਰ ਕੀ ਭਾਲਾਂ,
ਤੇਰੇ ਸਾਹਾਂ ਨਾਲ ਹੀ ਚੱਲਦੀ ਸਾਡੇ ਦਿਲ ਦੀ ਧੜਕਣ।
ਰੰਗ ਮੁਹੱਬਤੀ ਗੂੜ੍ਹੇ ਹੋ ਗਏ ਦਿਲ ਦੀ ਕੈਨਵਸ ਦੇ,
ਫਿੱਕੇ ਹੋ ਚੱਲੇ ਚਿਹਰੇ ਦੀ ਲਾਲੀ ਲੱਗੀ ਪਰਤਣ।
ਸ਼ਰਾਫ਼ਤ ਮਨਫ਼ੀ ਹੋ ਗਈ, ਸ਼ਾਂਤ ਮਨ ਚੰਦਰੇ ਦੀ,
‘ਸੇਖੋਂ’ ਅੱਖ ਸ਼ਰਾਰਤੀ ਹੋਈ, ਦਿਲ ਲੱਗਿਆ ਮਸਤਣ।
ਸੰਪਰਕ: 97811-72781
* * *
ਮਾਂ
ਸੁਰਜੀਤ ਅਰਮਾਨ
ਮਾਂ ਮੇਰੀ ਨੇ ਦਰਦ ਹੰਢਾਇਆ,
ਪਰ ਨਾ ਹੰਝੂ ਇੱਕ ਵਹਾਇਆ।
ਲਾ ਬਾਪੂ ਦੇ ਮੋਢੇ ਮੋਢਾ,
ਧਰਤੀ ਉੱਤੇ ਹਲ਼ ਚਲਾਇਆ।
ਤਿੱਖੜ ਦੁਪਹਿਰੇ ਪੋਹ ਦੀਆਂ ਰਾਤਾਂ,
ਭੋਰਾ ਨਾ ਸਿਦਕ ਡੁਲਾਇਆ।
ਕੁੱਛੜ ਚੁੱਕ ਕੇ ਬਾਲ ਅੰਞਾਣੇ,
ਚੋਗਾ ਚੁਗ ਕੇ ਮੂੰਹ ਵਿੱਚ ਪਾਇਆ।
ਅੱਖਰੋਂ ਬੇਸ਼ੱਕ ਆਪ ਵਿਹੂਣੇ,
ਪਰ ਬੱਚਿਆਂ ਨੂੰ ਖ਼ੂਬ ਪੜ੍ਹਾਇਆ।
ਕੋਰੇ ਲੇਖ ਲਿਖੇ ਨਾਲ ਮਿਹਨਤ,
ਤੇ ਸੱਚ ਦਾ ਦੀਪ ਜਗਾਇਆ।
ਸ਼ਿਕਵੇ ਕਰਨ ਬੇਹਿੰਮਤੇ ਲੋਕੀਂ,
ਇਨ੍ਹਾਂ ਨੂੰ ਹਿੰਮਤੀ ਰੱਬ ਬਣਾਇਆ।
ਤੀਲ੍ਹਾ ਤੀਲ੍ਹਾ ਜੋੜ ਦੋਵਾਂ ਨੇ,
ਘਰ ਵਿੱਚ ਸਵਰਗ ਵਸਾਇਆ।
ਦੁੱਖਾਂ ਦੇ ਵਿੱਚ ਉਮਰ ਲੰਘਾਈ,
ਹੁਣ ਸੁਖ ਦਾ ਸਾਹ ਸੀ ਆਇਆ।
ਰੱਬ ਵਰਗੀ ਮੈਂ ਮਾਂ ਮੇਰੀ ਲਈ,
ਇੱਕ ਸੁਪਨ ਮਹਿਲ ਸਜਾਇਆ।
ਕੁੱਲ ਜਹਾਨ ਦਾ ਸੁਖ ਸੀ ਮਾਂ ਦੇ,
ਮੈਂ ਪੈਰਾਂ ਹੇਠ ਵਸਾਇਆ।
ਸਭ ਕੁਝ ਖੁੱਸਿਆ ਸੁਪਨੇ ਟੁੱਟੇ,
ਮਹਿਲ ਪਲਾਂ ਵਿੱਚ ਢਾਇਆ।
ਮੇਰੀ ਰਹਿਬਰ ਮਾਂ ਸਾਡੀ ਨੂੰ,
ਰੱਬ ਨੇ ਕੋਲ ਬੁਲਾਇਆ।
ਭੋਰਾ ਤਰਸ ਤਾਂ ਕਰਦਾ ਰੱਬਾ,
ਇਹ ਕੀ ਕਹਿਰ ਕਮਾਇਆ।
ਬਸ ਪੱਲੇ ਰਹਿ ਗਿਆ ਮਾਏ,
ਹੁਣ ਯਾਦਾਂ ਦਾ ਸਰਮਾਇਆ।
ਕੁਦਰਤ ਆਪਣੀ ਗੋਦ ’ਚ ਲੈ ਗਈ,
ਇੱਕ ਫੁੱਲਾਂ ਭਰੀ ਕਿਆਰੀ।
ਤਾਹੀਂਓ ਰੱਬ ਬੁਲਾਇਆ ਕੋਲੇ,
ਮੇਰੀ ਮਾਂ ਸੀ ਬੜੀ ਪਿਆਰੀ।
ਸੰਪਰਕ: 98724-58365
* * *
ਪੰਛੀ
ਨਾਇਬ ਸਿੰਘ ਬੁੱਕਣਵਾਲ
ਇਹ ਠੰਢੀਆਂ-ਠੰਢੀਆਂ ਹਵਾਵਾਂ
ਇਨ੍ਹਾਂ ਦਾ ਗੀਤ ਬਣਾਵਾਂ
ਬਣ ਕੇ ਮੈਂ ਇੱਕ ਪੰਛੀ
ਕਿਧਰੇ ਨੂੰ ਉੱਡ ਜਾਵਾਂ
ਪੰਛੀਆਂ ਦਾ ਰੌਲਾ ਪਾਉਣਾ
ਸਿੱਖ ਲਵਾਂ ਇਨ੍ਹਾਂ ਤੋਂ ਜਿਉਣਾ
ਜੋ ਛਲ ਕਪਟ ਨਾ ਕਰਦੇ
ਫਿਰ ਵੀ ਨੇ ਢਿੱਡ ਭਰਦੇ
ਇਹ ਸੂਰਜ ਜੋ ਨਿੱਤ ਚੜ੍ਹਦਾ
ਨਾ ਕੋਈ ਸਕੀਮਾਂ ਘੜਦਾ
ਸਾਰਾ ਦਿਨ ਇਹ ਤਪ ਕੇ
ਚਾਨਣ ਵੰਡਦਾ ਹੱਸ ਕੇ
ਇਹ ਚੰਦ ਅਤੇ ਜੋ ਤਾਰੇ
ਦੱਸੋ ਕੀਹਨੂੰ ਨਹੀਂ ਪਿਆਰੇ
ਨਿੱਤ ਕੰਮ ’ਚ ਰਹਿੰਦੇ ਲੱਗੇ
ਨਾ ਥੱਕੇ ਨਾ ਹਾਰੇ
ਇਹ ਕਾਲੀ ਰਾਤ ਵੀ ਆ ਕੇ
ਜਾਂਦੀ ਹੈ ਕੁਝ ਸਮਝਾ ਕੇ
ਰੁਕਣਾ ਵੀ ਬਹੁਤ ਜ਼ਰੂਰੀ
ਨਾ ਬਹਿ ਜਾਇਓ ਸਭ ਗੁਆ ਕੇ।
ਸੰਪਰਕ: 94176-61708
* * *
ਗ਼ਜ਼ਲ
ਜਗਤਾਰ ਪੱਖੋ
ਸੁੱਕ ਚੁੱਕੇ ਬਾਗ਼ ਅੰਦਰ ਵੇਖਿਆ ਇੱਕ ਖੇਲ ਸੀ,
ਰੁੱਖ ਪੂਰਾ ਖਾ ਗਈ ਨਿੱਕੜੀ ਜਹੀ ਵੇਲ ਸੀ।
ਖ਼ਾਬ ਸੂਲੀ ਚਾੜ੍ਹ ਕੇ ਸੀ ਰਿਸ਼ਤਿਆਂ ਨੂੰ ਸਿਰਜਿਆ,
ਦਿਲਾਂ ਵਿੱਚ ਫਾਸਲੇ ਬਸ ਜਿਸਮਾਂ ਦਾ ਮੇਲ ਸੀ।
ਨੇਤਰਾਂ ’ਚੋਂ ਅੱਥਰੂ ਨੇ ਕਰ ਲਈ ਖ਼ੁਦਕੁਸ਼ੀ,
ਜਦ ਵਫ਼ਾ ਦੇ ਦੀਵਿਆਂ ’ਚੋਂ ਮੁੱਕ ਚੱਲਾ ਤੇਲ ਸੀ।
ਸ਼ੀਸ਼ਿਆਂ ਦੇ ਸ਼ਹਿਰ ਅੰਦਰ ਕੀ ਹਵਾ ਨੇ ਹੱਸਣਾ,
ਪੱਥਰਾਂ ’ਤੇ ਬਰਸ ਕੇ ਸਾਵਣ ਵੀ ਹੋਇਆ ਫੇਲ੍ਹ ਸੀ।
ਉਹ ਭਿਆਨਕ ਹਾਦਸਾ ਕਿੱਦਾਂ ਭੁਲਾਵਾਂ ਦੋਸਤਾ,
ਪੱਟੜੀ ਤੋਂ ਲੱਥੀ ਜਦ ਜ਼ਿੰਦਗੀ ਦੀ ਰੇਲ ਸੀ।
ਸੰਪਰਕ: 94651-96946
* * *
ਨਸੀਹਤਾਂ
ਇੰਜੀ. ਸਤਨਾਮ ਸਿੰਘ ਮੱਟੂ
ਕਾਲਜ ਨੂੰ ਚੱਲਿਆ ਪੜ੍ਹਾਈ ਕਰਨ,
ਜ਼ਿੰਦਗੀ ਦੀ ਪਹਿਲੀ ਪੌੜੀ ਚੜ੍ਹਨ,
ਢੁੱਕਣ ਨਾ ਨੇੜੇ ਮਾੜੀਆਂ ਅਲਾਮਤਾਂ
ਪੁੱਤ ਨਸ਼ਿਆਂ ਤੋਂ ਰੱਖੀਂ ਤੂੰ ਖ਼ਿਆਲ ਆਪ ਦਾ,
ਚੰਗੇ ਨੰਬਰਾਂ ’ਚ ਪਾਸ ਹੋਈਂ ਪੁੱਤਰਾ
ਸ਼ਾਨ ਨਾਲ ਸਿਰ ਉੱਚਾ ਹੋਜੇ ਬਾਪ ਦਾ।
ਤੇਰਾ ਉਮਰ ਤੋਂ ਪਹਿਲਾਂ ਬੁੱਢਾ ਬਾਪ ਹੋ ਗਿਆ
ਮੰਦਹਾਲੀ ਰੰਗ ਇਹ ਦਿਖਾਉਂਦੀ ਐ,
ਮਾਂ ਤੇਰੀ ਟਾਕੀਆਂ ਲਾ ਪਾਉਂਦੀ ਕੱਪੜੇ
ਭੈਣ ਤੇਰੀ ਵਿੱਚੋ ਵਿੱਚ ਝੂਰੀ ਜਾਂਦੀ ਐ।
ਪੂਰੀਆਂ ਨੇ ਆਸਾਂ ਤੇ ਉਮੀਦਾਂ ਤੇਰੇ ਤੋਂ
ਸਾਡਾ ਤਾਂ ਬੁਢਾਪਾ ਤੇਰੇ ਵੱਲ ਝਾਕਦਾ,
ਚੰਗੇ ਨੰਬਰਾਂ ’ਚ ਪਾਸ ਹੋਈਂ ਪੁੱਤਰਾ
ਸ਼ਾਨ ਨਾਲ ਸਿਰ ਉੱਚਾ ਹੋਜੇ ਬਾਪ ਦਾ।
ਕੁੜੀਆਂ ਦੇ ਪਿੱਛੇ ਹੋਣ ਗੁੱਟਬੰਦੀਆਂ
ਮੇਰਾ ਪੁੱਤ ਰੱਖੀਂ ਤੂੰ ਬਚਾਅ ਆਪਣਾ,
ਕਰੀਂ ਤੂੰ ਪੜ੍ਹਾਈ ਸਾਊ ਪੁੱਤ ਬਣ ਕੇ
ਚੰਗੇ ਸੰਸਕਾਰ ਪੱਲੇ ਬੰਨ੍ਹੀ ਰੱਖਣਾ।
ਮਿਹਨਤਾਂ ਨੂੰ ਫਲ ਹੈ ਜ਼ਰੂਰ ਲੱਗਦਾ
ਸੱਚੇ ਮਨ ਕਰੀਏ ਜ਼ਮਾਨਾ ਆਖਦਾ,
ਚੰਗੇ ਨੰਬਰਾਂ ’ਚ ਪਾਸ ਹੋਈਂ ਪੁੱਤਰਾ
ਸ਼ਾਨ ਨਾਲ ਸਿਰ ਉੱਚਾ ਹੋਜੇ ਬਾਪ ਦਾ।
ਨਿਕਲੇ ਨਤੀਜਾ ਜਦੋਂ ਤੇਰਾ ਪੁੱਤਰਾ
ਮਾਂ ਤੇਰੀ ਨੂੰ ਵਧਾਈਆਂ ਆਉਣ ਬਾਹਰ ਤੋਂ,
ਧਰਤੀ ਦੇ ਉੱਤੇ ਪੈਰ ਮੇਰਾ ਲੱਗੇ ਨਾ
ਨਾਮ ਤੇਰਾ ਪੜ੍ਹਾਂ ਜਦੋਂ ਅਖ਼ਬਾਰ ਚੋਂ,
ਚੰਗੇ ਨੰਬਰਾਂ ਨਾਲ ਪਾਸ ਹੋਈਂ ਪੁੱਤਰਾ
ਸ਼ਾਨ ਨਾਲ ਸਿਰ ਉੱਚਾ ਹੋ ਜਾਏ ਬਾਪ ਦਾ।
ਸੰਪਰਕ: 97797-08257
* * *
ਦੋਹੇ
ਪ੍ਰਸ਼ੋਤਮ ਪੱਤੋ
ਨਵੀਂ ਪੀੜ੍ਹੀ ਨੇ ਗੁਆ ਦਿੱਤੇ,
ਅਣਖ ਦੇ ਸਭ ਇਤਿਹਾਸ।
ਸਾਹਾਂ ਦੇ ਵਿੱਚ ਜ਼ਹਿਰ ਹੈ,
ਜ਼ਖ਼ਮੀ ਹੋ ਗਿਆ ਵਿਸ਼ਵਾਸ।
ਜੀਹਦੀ ਪਹਿਲੀ ਸੋਚ ਹੀ,
ਲੁੱਟ, ਨਫ਼ਾ ਤੇ ਨੁਕਸਾਨ,
ਉਸ ਤੋਂ ਆਪਾਂ ਕੀ ਭਾਲਦੇ,
ਜੋ ਚੁਣਿਆ ਹੈ ਪ੍ਰਧਾਨ।
ਕਰਜ਼ ਗ਼ਰੀਬ ਸਿਰ ਹੈ ਨਹੀਂ,
ਭਾਵੇਂ ਲੱਖ ਕਹੇ ਸਰਕਾਰ।
ਹਾਕਮ ਹੀ ਸਭ ਖਾ ਗਏ,
ਇਹ ਨਹੀਂ ਗ਼ਰੀਬ ਦੇ ਯਾਰ।
ਮੁੱਕ ਗਈਆਂ ਕਿਲਕਾਰੀਆਂ,
ਗੁੰਮ ਗਈ ਬੱਚੇ ਦੀ ਰੇਲ,
ਗੂਗਲ ਵਿੱਚ ਸਭ ਖੋ ਗਏ,
ਬਚਪਨ ਦੇ ਸਾਰੇ ਖੇਲ।
ਸਿਆਹੀ, ਕਲਮ, ਦਵਾਤ ਨਾਲ,
ਸੱਜਦੇ ਸਨ ਜੋ ਕੂਲੇ ਹੱਥ।
ਕੂੜਾ, ਕਰਕਟ ਚੁੱਕਦਿਆਂ,
ਮਾਰੀ ਪਈ ਹੈ ਸੂਖ਼ਮ ਮੱਤ।
ਅੰਨ੍ਹੇ ਨਿਸ਼ਾਨਚੀ ਨੇ ਬਣੇ,
ਗੂੰਗੇ ਦੇ ਰਹੇ ਬਿਆਨ।
ਬੋਲ਼ੇ ਜੱਜ ਬਣ ਬਹਿ ਗਏ,
ਦੇਸ਼ ਦੀ ਸਾਂਭ ਰਹੇ ਕਮਾਨ।
ਗਲੀਆਂ ਸਭ ਉਦਾਸ ਹਨ,
ਵਰਤੀ ਚਾਰੇ ਪਾਸੇ ਸੁੰਨ।
ਬੰਦਾ ਬੰਦੇ ਨੂੰ ਲੁੱਟ ਕੇ,
ਕਰ ਰਿਹਾ ਹੈ ਦਾਨ-ਪੁੰਨ।
ਮੰਚ ਹੁੰਦੇ ਨੇ ਸਾਹਿਤ ਦੇ,
ਗੱਠਜੋੜ ਹੁੰਦੇ ਨਾਲ ਸਰਕਾਰ।
ਕਈ ਵੰਡ ਕੇ ਲੈ ਰਹੇ,
ਪੁਰਸਕਾਰ ਹਰ ਵਾਰ।
ਬਚੀ ਕਿੱਥੇ ਹੈ ਅੱਜਕੱਲ੍ਹ,
ਧਰਮ ਈਮਾਨ ਦੀ ਡੋਰ।
ਘਰ ਘਰ ਜਬਰ ਜਨਾਹ ਹੋਵਣ,
ਕਿੰਨਾ ਭੈੜਾ ਕਲਯੁਗ ਘੋਰ।
ਚੂਸ ਰਹੇ ਮਜ਼ਲੂਮ ਨੂੰ,
ਰਲ ਕੇ ਪੁਲੀਸ ਤੇ ਵਕੀਲ।
ਕੁੱਤੀ ਚੋਰਾਂ ਨਾਲ ਰਲ ਗਈ,
ਸੱਚ ਦੀ ਸੁਣੂ ਕੌਣ ਅਪੀਲ।
ਫੇਸਬੁੱਕ ਉੱਤੇ ਜੁੜੇ ਹਨ,
ਦੋਸਤ ਕਈ ਕਈ ਹਜ਼ਾਰ।
ਪਰ ਗੁਆਂਢੀ ਦੇ ਨਾਲ ਨਹੀਂ,
ਸੱਚਾ ਪਹਿਲਾਂ ਵਰਗਾ ਪਿਆਰ।
ਭਾਈਚਾਰਕ ਸਾਂਝ ਟੁੱਟ ਰਹੀ,
ਟੁੱਟ ਰਹੇ ਹਨ ਪਰਿਵਾਰ।
ਫੁੱਟ ਦੇ ਬੀਜ, ਬੀਜ ਕੇ ਰਹੇ ਨੇ,
ਵਿਹੜੇ ’ਚ ਕੱਢ ਦੀਵਾਰ।
ਕਦੋਂ ਤੱਕ ਮਹਿਕੇਗੀ ਇੱਥੇ,
ਸਦਾ ਨਹੀਂ ਰਹਿਣੀ ਬਹਾਰ।
ਮਾਲੀ ਲੁੱਟਣ ਲੱਗ ਪਏ,
ਇਨ੍ਹਾਂ ਕਲੀਆਂ ਦਾ ਸੰਸਾਰ।
ਕਦੋਂ ਗੀਤਾ ਨੇ ਕਿਹਾ ਸੀ,
ਬੋਲੀ ਸੀ ਕਦੋਂ ਕੁਰਾਨ।
ਤੁਸੀਂ ਕਰੋ ਧਰਮ ਦੇ ਨਾਮ ’ਤੇ,
ਵਿਚਾਰੀ ਧਰਤੀ ਲਹੂ ਲੁਹਾਣ।
ਅੱਧੇ ਲੋਕ ਭੁੱਖੇ ਮਰ ਰਹੇ,
ਅੱਧੇ ਖਾ ਰਹੇ ਪਕਵਾਨ।
‘ਪੱਤੋ’ ਇੱਕੋ ਦੇਸ਼ ’ਚ ਵੇਖ ਲੈ,
ਇੱਥੇ ਦੋ-ਦੋ ਹਿੰਦੋਸਤਾਨ।
ਸੰਪਰਕ: 98550-38775
* * *

