DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਕਿਆਰੀ

ਗ਼ਜ਼ਲ ਡਾ. ਹਰਨੇਕ ਸਿੰਘ ਕਲੇਰ ਕਿਥੇ ਨਿਭਾਉਣੀ ਤੂੰ ਵਫ਼ਾ, ਹੁਣ ਢੋਲ ਜਾਨੀਆ, ਕਰਦਾ ਰਵੀਂ ਤੂੰ ਜ਼ਿੰਦਗੀ ਵਿਚ ਮਿਹਰਬਾਨੀਆਂ। ਚਾਨਣ ਲਈ ਸੂਰਜ ਨਹੀਂ ਤਾਂ ਬਣ ਤੂੰ ਦੀਪ ਹੀ, ਜ਼ਿੰਦਗੀ ਨੂੰ ਸੰਭਾਲ ਲੈ ਕਰ ਨਾ ਨਾਦਾਨੀਆਂ। ਹੀਰੇ ਜੈਸਾ ਸੀ ਦਿਲ ਉਂਦੋਂ ਯਾਰੋ...

  • fb
  • twitter
  • whatsapp
  • whatsapp
Advertisement

ਗ਼ਜ਼ਲ

ਡਾ. ਹਰਨੇਕ ਸਿੰਘ ਕਲੇਰ

ਕਿਥੇ ਨਿਭਾਉਣੀ ਤੂੰ ਵਫ਼ਾ, ਹੁਣ ਢੋਲ ਜਾਨੀਆ,

Advertisement

ਕਰਦਾ ਰਵੀਂ ਤੂੰ ਜ਼ਿੰਦਗੀ ਵਿਚ ਮਿਹਰਬਾਨੀਆਂ।

Advertisement

ਚਾਨਣ ਲਈ ਸੂਰਜ ਨਹੀਂ ਤਾਂ ਬਣ ਤੂੰ ਦੀਪ ਹੀ,

ਜ਼ਿੰਦਗੀ ਨੂੰ ਸੰਭਾਲ ਲੈ ਕਰ ਨਾ ਨਾਦਾਨੀਆਂ।

ਹੀਰੇ ਜੈਸਾ ਸੀ ਦਿਲ ਉਂਦੋਂ ਯਾਰੋ ਯਾਦ ਹੈ ਸਭ ਕੁਝ,

ਖਰਚਣ ਨੂੰ ਮਿਲਦੇ ਸੀ ਮਸਾਂ ਆਨੇ-ਦੁਆਨੀਆਂਂ।

ਹਰ ਇਕ ਕਲੀ ਹੀ ਬਾਗ ਦੀ ਮੁਰਝਾ ਗਈ ਉਂਦੋਂ,

ਮਣਕੇ ਖਿੰਡਾ ਗਈਆਂ ਜਦੋਂ ਸਭ ਟੁੱਟ ਗਾਨੀਆਂ।

ਖੇਡਣ ਕਬੱਡੀ ਹੁਣ ਕਿਵੇਂ, ਨਸ਼ਿਆਂ ’ਤੇ ਗਭਰੂ,

ਗਿਣਤੀ ਕਰੇ ਹੁਣ ਕੌਣ ਜੋ ਰੁੜੀਆਂ ਜਵਾਨੀਆਂ।

ਬਣ ਕੇ ਵਪਾਰੀ ਤੂੰ ਕਿਤੇ ਘਰ ਨਾ ਲੁੱਟਾ ਲਵੀਂ,

‘ਢਾਈ’ ’ਤੇ ਵੀ ਮਾਰਨ ਨੂੰ ਫਿਰਦੇ ਨੇ ਭਾਨੀਆਂ।

ਹੱਕਾਂ ਲਈ ਕਿਹੜਾ ਲੜੂ ਫਿਰਦੇ ਕਵੀ ਬਣੇ,

ਜੇ ਹੋਣ ਨਾ ਗ਼ਜ਼ਲਾਂ ਦੇ ਵਿੱਚ ਯਾਰੋ ਰਵਾਨੀਆ।

ਕਲਯੁਗ ਕਹੀਂ, ਸਤਜੁਗ ਕਹੀਂ, ਮਰਜ਼ੀ ਹੈ ਦੋਸਤਾ,

ਮਰਦਾਂ ਦੇ ਨਾਲੋਂ ਅੱਜਕੱਲ੍ਹ, ਅੱਗੇ ਜਨਾਨੀਆਂ।

ਸ਼ਾਇਰ ਕਹਾਉਣਾ ਹੈ ਬੜਾ ਔਖਾ ‘ਕਲੇਰ’ ਜੀ,

ਲਿੱਖਣ ਨਾ ਦੁੱਖਾਂ ਦੀ ਕਥਾ ਟੁੱਟਣ ਉਹ ਕਾਨੀਆਂ।

* * *

ਮਨ ਮੈਲੇ ਦੀ ਸਫ਼ਾਈ

ਮਾਸਟਰ ਸੁਰਜੀਤ ਸਿੰਘ ਸੰਸਾਰਪੁਰੀ

ਆਓ ਸਾਰੇ ਆਪਣੇ ਅੰਦਰ ਮਾਰੀਏ ਝਾਤੀ,

ਕੈਸਾ ਜੀਵਨ ਹੈ ਅਸੀਂ ਬਿਤਾਇਆ।

ਕੀ ਕੁੱਝ ਚੰਗਾ-ਮਾੜਾ ਕੀਤਾ,

ਕਿੰਨਾ ਕੁ ਤਰਥੱਲ ਹੈ ਮਚਾਇਆ।

ਕਿੰਨੀ ਹੱਥੀਂ ਮਿਹਨਤ ਕੀਤੀ,

ਕਿੰਨਾ ਖਾਧਾ ਹੱਕ ਪਰਾਇਆ।

ਕਿੰਨਿਆਂ ਦੇ ਕਲੇਜੇ ਠੰਢ ਪਾਈ,

ਕਿੰਨਿਆਂ ਦਾ ਦਿਲ ਅਸੀਂ ਦੁਖਾਇਆ।

ਸਬਰ-ਸੰਤੋਖ ਨਾਲ ਕਿੰਨਾ ਜੀਵਨ ਕੱਟਿਆ,

ਕਿੰਨਾ ਲੋਭ ਤੇ ਲਾਲਚ ਹੈ ਵਧਾਇਆ।

ਕਿੰਨੀ ਈਰਖਾ-ਨਫ਼ਰਤ ਮਨ ਵਿੱਚ ਰੱਖੀ,

ਚੁਗਲੀ ਤੇ ਸਾੜੇ ਨਾਲ ਕਿੰਨੇ ਹਨ ਪੁਆੜੇ ਪਾਏ।

ਰਿਸ਼ਤੇ-ਨਾਤਿਆਂ ਵਿੱਚ ਕਿੰਨੀ ਅਪੱਣਤ ਹੈ ਰੱਖੀ,

ਤਾਹਨੇ-ਮਿਹਣਿਆਂ ਦੇ ਕਿੰਨੇ ਹਨ ਤੀਰ ਚਲਾਏ।

ਕਿੰਨਾ ਉਸ ਸਿਰਜਣਹਾਰ ਨੂੰ ਯਾਦ ਹੈ ਰੱਖਿਆ,

ਕਿੰਨਾ ਹਊਮੈਂ ਦੀਰਘ ਰੋਗ ਹੈ ਲਗਾਇਆ।

ਆਓ ਆਪਣੇ ਮਨ ਮੈਲੇ ਦੀ ਕਰੀਏ ਸਫ਼ਾਈ,

ਜਿਸ ਨੇ ਜੀਵਨ ਸਾਡਾ ਹੈ ਕੁਰਾਹੇ ਪਾਇਆ।

ਸੰਪਰਕ: 94634-04585

* * *

ਭਰੋਸਾ

ਜਸਵਿੰਦਰ ਸਰੋਏ

ਭਰੋਸਾ ਟੁੱਟਣ ਲਈ ਤੇ ਹੁੰਦੇ ਨੇ ਵਾਅਦੇ ਭੁੱਲਣ ਲਈ,

ਗੈਰਾਂ ਨਾਲ ਸਨੇਹ ਨਿਭਦਾ, ਆਪਣੇ ਰੁਲਣ ਲਈ।

ਮੂਲ ਨਾਲੋਂ ਵਿਆਜ ਪਿਆਰਾ, ਵੱਡੇ ਤੇ ਸ਼ਾਹੂਕਾਰਾਂ ਨੂੰ,

ਚੇਤੇ ਰੱਖਣਾ ਭੇਤ ਤੇ ਪਰਦੇ, ਰੱਖੇ ਜਾਂਦੇ ਨੇ ਖੁੱਲ੍ਹਣ ਲਈ।

ਜ਼ਿੰਦਗੀ ਸੁੱਟੇ ਵਿੱਚ ਸਮੁੰਦਰ, ਵਕਤ ਸਿਖਾਵੇ ਤੈਰਨ ਨੂੰ,

ਬਿਨਾਂ ਕੀਤਿਆਂ ਕੁੱਝ ਨਹੀਂ ਹੋਣਾ, ਹਰ ਸ਼ੁਰੂਆਤ ਹੈ ਮੁੱਕਣ ਲਈ।

ਦਿਲ ਦਾ ਇਸ਼ਾਰਾ ਭੈੜਾ, ਅੱਖੀਆਂ ਦੀ ਕਹਿਣ ਗੁਸਤਾਖੀ

ਤਣਾਓ ਦਾ ਰੋਗ ਅਵੱਲਾ, ‘ਜਸਵਿੰਦਰਾ’ ਸਾਹ ਸੁੱਕਣ ਲਈ।

* * *

ਆਤਮ ਬੋਧ

ਸੰਤਵੀਰ

ਸੰਭਲ ਜਾ!

ਸੱਚ ਬੋਲੋਂ ਹਟਜਾ,

ਐਵੇਂ ਖੰਭ ਪੁਟਾ ਲਵੇਂਗਾ।

ਕੱਖਾਂ ਦੀ ਕੁੱਲੀ ਹੈ ਤੇਰੀ

ਲਾਂਬੂ ਐਵੇਂ ਲਵਾ ਲਵੇਂਗਾ।

ਸੰਗ ਹਵਾਵਾਂ ਚੱਲਣਾ ਸਿੱਖ ਲੈ,

ਜ਼ਿੰਦਗੀ ਸੌਖੀ ਹੋ ਜਾਵੇਗੀ

ਆਦਰਸ਼ਵਾਦ ਦੇ ਚੱਕਰ ਵਿੱਚ ਤੂੰ

ਝੁਗਾ ਚੌੜ ਕਰਾ ਲਵੇਂਗਾ।

ਹੱਕ ਸੱਚ ਦੇ ਨਾਹਰੇ ਲਾਉਂਦਾ,

ਇੱਕ ਦਿਨ ’ਕੱਲਾ ਰਹਿ ਜਾਵੇਂਗਾ,

ਚੱਲਦਾ ਰਿਹਾ ਜੇ ਇਨ੍ਹਾਂ ਰਾਹਾਂ ’ਤੇ

ਨਵਾਂ ਹੀ ਚੰਨ ਚੜ੍ਹਾ ਲਵੇਂਗਾ।

ਅੱਖਾਂ ਮੀਟ ਕੇ ਜਿਊਣਾ ਸਿੱਖ ਲੈ

ਰੰਗ-ਬਰੰਗੇ ਲੋਕਾਂ ਦੇ ਵਿੱਚ,

ਬੇਖ਼ੁਦਾ ਲੋਕਾਂ ਦੀ ਖ਼ਾਤਰ ਤੂੰ

ਜਿੰਦ ਕੁਠਾਲੀ ਪਾ ਲਵੇਂਗਾ।

ਸ਼ਿਵਲੀ ਦੇ ਫੁੱਲਾਂ ਤੋਂ ਰੋਇਆ,

ਕੀ ਤੂੰ ਜੋਗ ਕਮਾਵੇਂਗਾ,

ਆਪਣੀ ਹਸਤੀ ਗੁਆ ਕੇ ਕਿੱਦਾਂ

ਦੁਨੀਆ ਨਵੀਂ ਵਸਾਵੇਂਗਾ।

ਸਿੱਖ ਲੈ ਸਿਆਸਤ, ਨੇਤਾ ਬਣ ਜਾ

ਲਾਉਂਦਾ ਜਾ

ਬੁਝਾਉਂਦਾ ਜਾ

ਆਪ ਸੁਖੀ ਤੇ ਅਗੰਤ ਸੁਖੇਲਾ

ਜ਼ਿੰਦਗੀ ਸਫ਼ਲ ਬਣਾ ਲਵੇਂਗਾ।

* * *

ਰਿਸ਼ਤੇ...

ਕੁਲਵਿੰਦਰ ਵਿਰਕ

ਰਿਸ਼ਤਿਆਂ ਦੇ ਅਰਥਾਂ ਤੋਂ

ਸੱਖਣਾ ਰਹਿਣਾ

ਚੰਗਾ ਨਹੀਂ ਹੁੰਦਾ,

ਕੁਝ ਰਿਸ਼ਤਿਆਂ ਦੇ

ਬਹੁਤਾ ਨਾਲ ਖਹਿਣਾ ਵੀ

ਚੰਗਾ ਨਹੀਂ ਹੁੰਦਾ।

ਗੱਲ ਤਾਂ ਰਿਸ਼ਤਿਆਂ ਦੀ ਹੈ !

ਜਿੰਨ੍ਹਾਂ ਦੇ ਅਰਥ

ਹਰੇਕ ਬੰਦੇ ਲਈ ਵੱਖਰੇ,

ਰਿਸ਼ਤੇ

ਕਿਸੇ ਲਈ ਅਪਣੱਤ ਤੇ ਨਸੀਬ

ਤੇ ਕਿਸੇ ਲਈ

ਮਨ ਦਾ ਬੋਝ

ਹਰ ਰਿਸ਼ਤੇ ਦੀ ਵੱਖਰੀ ਅਹਿਮੀਅਤ

ਰਿਸ਼ਤੇ

ਕਦੇ ਆਪਣਾਪਨ ਜਤਾਉਂਦੇ,

ਕਦੇ ਬੇਗ਼ਾਨਗੀ ਦਾ

ਅਹਿਸਾਸ ਕਰਵਾਉਂਦੇ

ਕੁਝ ਰਿਸ਼ਤੇ

ਉਮਰਾਂ ਤੀਕ

ਸਾਥ ਨਿਭਾਉਂਦੇ

ਰਿਸ਼ਤੇ

ਪਨਪਦੇ ਰਹਿੰਦੇ

ਟੁੱਟਦੇ ਰਹਿੰਦੇ

ਸੰਪਰਕ: 78146-54133

* * *

ਵਰਦਾਨ

ਚਰਨਜੀਤ ਨੌਹਰਾ

ਚਾਨਣਾਂ ਦੇ ਵੈਰੀ ਹੋਏ, ਜੋ ਕਦੇ ਸ਼ਮ੍ਹਾਦਾਨ ਹੁੰਦੇ ਸੀ,

ਸਰਾਪ ਵਰਗੇ ਹੋ ਗਏ, ਜੋ ਕਦੇ ਵਰਦਾਨ ਹੁੰਦੇ ਸੀ।

ਇਹ ਸੀ ਬਿਸਾਤ ਉਸ ਦੀ, ਜੋ ਜਾਪਦੀ ਮੁਹੱਬਤ ਸੀ,

ਬਹੁਤ ਚਲਾਕ ਨਿਕਲੇ, ਜੋ ਬੜੇ ਨਾਦਾਨ ਹੁੰਦੇ ਸੀ।

ਨਾ ਫਿਰ ਬੇਕਦਰੀ ਹੋਣੀ ਸੀ ਨਾ ਰੁਲ਼ਦੀ ਵਫ਼ਾ ਹੀ,

ਜੇ ਮਿਲ ਜਾਂਦੇ ਜੋ ਮੁਹੱਬਤ ਦੇ ਕਦਰਦਾਨ ਹੁੰਦੇ ਸੀ।

ਰਮਜ਼ ਸਮਝ ਜਾਂਦੇ ਸੀ ਖ਼ਾਮੋਸ਼ੀ ਦੀ ਵੀ ਅਕਸਰ,

ਯਾਦ ਨੇ ਉਹ ਚਿਹਰੇ ਜੋ ਸਦਾ ਰਾਜ਼ਦਾਨ ਹੁੰਦੇ ਸੀ।

ਲਿਖ ਦਿੰਦਾ ‘ਨੌਹਰਾ’ ਉਹ ਹੀ ਜੋ ਦਿਲੋਂ ਮਹਿਸੂਸਦਾ,

ਹੱਡੀਂ ਹੰਢਾਏ ਤਜਰਬੇ ਔਖੇ ਤੇ ਅੱਖਰਦਾਨ ਹੁੰਦੇ ਸੀ।

ਸੰਪਰਕ: 81466-46477

ਗ਼ਜ਼ਲ

ਯਾਦਵਿੰਦਰ ਸਿੰਘ ਕਲੋਲੀ

ਜਦੋਂ ਤੱਕ ਰਾਹਵਾਂ ਵਿੱਚ ਹਨੇਰਾ ਹੈ ਸੱਜਣਾ,

ਉਹ ਹਰ ਪਗਡੰਡੀ ’ਤੇ ਦੀਵੇ ਜਗਾਉਂਦਾ ਹੋਵੇਗਾ।

ਚੰਨ ਦੇ ਨਿਕਲਣ ਦਾ ਇੰਤਜ਼ਾਰ ਨਹੀਂ ਕਰਦਾ,

ਹਰ ਸ਼ਾਖ ਉੱਤੇ ਜੁਗਨੂੰ ਬਿਠਾਉਂਦਾ ਹੋਵੇਗਾ।

ਸੁੱਤੇ ਆਲ੍ਹਣਿਆਂ ’ਚ ਪੰਛੀ ਅੱਜ ਕਰਨ ਗੱਲਾਂ,

ਕਾਲੀ ਰਾਤੇ ਹਨੇਰਾ ਕੋਈ ਭਜਾਉਂਦਾ ਹੋਵੇਗਾ।

ਹੁਣ ਚਲਿਆ ਏ ਕੂੜ ਦਾ ਪ੍ਰਚਾਰ ਸਭ ਪਾਸੇ,

ਉਹ ਨਗਾਰੇ ਦੀ ਚੋਟ ’ਤੇ ਸੱਚ ਸੁਣਾਉਂਦਾ ਹੋਵੇਗਾ।

ਅੱਜ ਨਸ਼ਿਆਂ ਨੇ ਖਾ ਲਈ ਜਵਾਨੀ ਓ ਸੱਜਣਾ,

ਉਹ ਮਸ਼ਾਲਾਂ ਬਾਲ ਕੇ ਸਭ ਨੂੰ ਜਗਾਉਂਦਾ ਹੋਵੇਗਾ।

ਇੱਥੇ ਲੁੱਟਿਆ ਜਾਂਦਾ ਦੁੱਖ ਭਰਦੇ ਨੇ ਮਾਪੇ,

ਉਹ ਉਦਾਸ ਰੁੱਤਾਂ ਵਿੱਚ ਦੁੱਖ ਵਡਾਉਂਦਾ ਹੋਵੇਗਾ।

ਸਾਉਣ ਮਹੀਨੇ ਵੀ ਪੀਘਾਂ ਸੁੰਨੀਆਂ ਜਾਪਣ,

ਉਹ ਸੁੱਕੇ ਬਿਰਖਾਂ ’ਤੇ ਪੀਘ ਝੁਟਾਉਂਦਾ ਹੋਵੇਗਾ।

ਜਦੋਂ ਤੱਕ ਰਾਹਵਾਂ ਵਿੱਚ ਹਨੇਰਾ ਹੈ ਸੱਜਣਾ,

ਉਹ ਹਰ ਪਗਡੰਡੀ ’ਤੇ ਦੀਵੇ ਜਗਾਉਂਦਾ ਹੋਵੇਗਾ।

ਸੰਪਰਕ: 81684-33853

* * *

ਦੁਨੀਆ ਦੇ ਰੰਗ

ਐਡਵੋਕੇਟ ਗੁਰਤੇਜ ਸਿੰਘ ਖੁਡਾਲ

ਦੁਨੀਆ ਦੇ ਵੀ ਰੰਗ ਬੜੇ ਨੇ,

ਸੋਹਣੇ ਤੇ ਬਦਰੰਗ ਬੜੇ ਨੇ।

ਲੋਕਾਂ ਕੋਲ ਨਕਾਬ ਬੜੇ ਨੇ,

ਬਦਲਣ ਦੇ ਅੰਦਾਜ਼ ਬੜੇ ਨੇ।

ਮੂੰਹ ’ਤੇ ਮਿੱਠੀਆਂ ਗੱਲਾਂ ਕਰਦੇ,

ਅੰਦਰੋਂ ਇਹ ਤਲਵਾਰ ਬੜੇ ਨੇ।

ਆਪਣਾ ਘਰ ਜੋ ਸਾਂਭ ਨਾ ਸਕਦੇ,

ਦੂਜਿਆਂ ਲਈ ਪਹਿਰੇਦਾਰ ਬੜੇ ਨੇ।

ਦੁਨੀਆ ਕੋਈ ਜਿੱਤ ਨ੍ਹੀਂ ਸਕਿਆ,

ਹੁੰਦੇ ਆਪਣੇ ਹੀ ਗੱਦਾਰ ਬੜੇ ਨੇ।

‘ਖੁਡਾਲ’ ਜੋ ਖ਼ੁਦ ਨੂੰ ਜਿੱਤ ਲੈਂਦੇ ਨੇ,

ਹੁੰਦੇ ਬੰਦੇ ਓਹ ਮਹਾਨ ਬੜੇ ਨੇ।

ਸੰਪਰਕ: 94641-29118

* * *

ਗ਼ਜ਼ਲ

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’

ਦੇ ਦਿੱਤਾ ਹੈ ਪਾ ਕੇ ਪਰਚਾ, ਤੋਹਫ਼ਾ ਪੱਤਰਕਾਰਾਂ ਨੂੰ,

ਦੇਖੋ ਕਿੰਨਾ ਪੈਣੈ ਮਹਿੰਗਾ, ਦਬਕਾ ਦੇਸ਼ ਦੇ ਗਦਾਰਾਂ ਨੂੰ।

ਤੇਰੀ ਕਵਿਤਾ ਸਫ਼ਰ ਕਰਾ ਸਕਦੀ ਹੈ ਜਬਰੀ ਜੇਲ੍ਹਾਂ ਦਾ,

ਐਵੇਂ ਨਾ ਤੂੰ ਤੁਰਿਆ ਕਰ ਕਾਵਿ ਸਮਾਗਮ ਦਰਬਾਰਾਂ ਨੂੰ।

ਆਖ ਰਹੇ ਓਹ ਗੂੰਗਾ ਹੋ ਜਾ, ਕੰਨਾਂ ਤੋਂ ਵੀ ਬਿਲਕੁਲ ਬਹਿਰਾ,

ਬਸ ਅੰਨ੍ਹਾ ਵੋਟਰ ਚਾਹੀਦੈ, ਇਨ੍ਹਾਂ ਅਜ਼ਾਰੇਦਾਰਾਂ ਨੂੰ।

ਡੰਡੇ ਨਾਲ ਡਰਾ ਰੱਖੇ ਨੇ, ਮਜ਼ਦੂਰ-ਕਿਸਾਨ ਧਨਾਢਾਂ ਨੇ,

ਲਾ ਸੈਂਸਰ ਚੁੱਪ ਕਰਾ ਦਿੱਤਾ, ਸਿਰਕੱਢ ਅਖ਼ਬਾਰਾਂ ਨੂੰ।

ਚੁੱਪ ਚੁਪੀਤੇ, ਨੰਗੇ ਪਿੰਡੇ, ਕਿਰਤੀ ਕਿਉਂ ਝੱਲੀ ਜਾਂਦੇ,

ਗ਼ੈਰਤ ਤੇ ਅਕਲਾਂ ਖੋਹ ਕੇ, ਪੀੜ੍ਹੀ ਦਰ ਪੀੜ੍ਹੀ ਮਾਰਾਂ ਨੂੰ।

ਜਬਰੀ ਚੌਧਰ ਚੋਰ ਬਾਜ਼ਾਰੀ, ਗੁੰਡਾਗਰਦੀ ਹਾਕਮ ਦੀ,

ਨਾ ਇਨਸਾਫ਼ ਅਦਾਲਤ ਅੰਦਰ, ਮੌਜਾਂ ਭੰਡ-ਨਚਾਰਾਂ ਨੂੰ।

ਸੰਪਰਕ: 94651-29168

* * *

ਹਸ਼ਰ ਹੰਕਾਰਿਆਂ ਦਾ

ਤਰਲੋਚਨ ਸਿੰਘ ਦੁਪਾਲ ਪੁਰ

ਕੁੱਦ ਪੈਂਦਾ ਏ ਅਕਸਰ ਹੀ ਹਾਕਮਾਂ ਨੂੰ,

ਆਕੜ ਅਤੇ ਹੰਕਾਰ ਦਾ ਝੱਲ ਭਾਈ।

ਜਿੱਤਦਾ ਜਾਪਦਾ ਹੁੰਦਾ ਹੈ ਕੁਫ਼ਰ ਭਾਵੇਂ,

ਰਹਿੰਦਾ ਆਖ਼ਰ ਨੂੰ ਸੱਚ ਅਟੱਲ ਭਾਈ।

ਜ਼ੁਲਮੋਂ ਸਿਤਮ ਦਾ ਚੱਲ ਰਿਹਾ ਦੌਰ ਹੋਵੇ,

ਲੱਗੇ ‘ਮਾਨਵਤਾ’ ਸੀਨੇ ’ਤੇ ਸੱਲ ਭਾਈ।

ਅਣਖੀ ਲੋਕ ਤਾਂ ਕਦੇ ਵੀ ਝੱਲਦੇ ਨਹੀਂ,

ਠੋਸੀ ਧੌਂਸ ਦੇ ਨਾਲ ਕੋਈ ਗੱਲ ਭਾਈ।

ਉਹ ਝੱਲੇਗਾ ‘ਬੋਝ’ ਸ਼ਰਮਿੰਦਗੀ ਦਾ,

ਝੂਠ ਬੋਲ ਜੇ ਦੁਨੀਆ ਨੂੰ ਚਾਰਿਆ ਜੀ।

ਦੇਖੋ ਫੋਲ ਇਤਿਹਾਸ ਇਹ ਕੂਕਦਾ ਐ,

ਜਾਂਦਾ ਅੰਤ ਹੰਕਾਰਿਆ ਮਾਰਿਆ ਜੀ।

ਸੰਪਰਕ: 001-408-905-5517

* * *

ਮਿੱਟੀ ਦਾ ਗੀਤ

ਹਰਪ੍ਰੀਤ ਪੱਤੋ

ਇਹ ਮਿੱਟੀ ਮਾਂ ਹੈ ਸਾਡੀ, ਅਸੀਂ ਹਾਂ ਇਸ ਦੇ ਜਾਏ,

ਰੱਬ ਰੂਪ ਘੁਮਿਆਰ ਨੇ, ਭਾਂਡੇ ਵੱਖ ਵੱਖ ਬਣਾਏ।

ਤਰ੍ਹਾਂ ਤਰ੍ਹਾਂ ਦੀਆਂ ਸ਼ਕਲਾਂ, ਵੇਖੋ ਸੋਹਣੇ ਰੰਗ ਸਜਾਏ,

ਭਾਂਤ ਭਾਂਤ ਰੰਗ ਰੂਪ ਸਾਰੇ, ਪਸ਼ੂ ਪੰਛੀ ਇਸ ਬਣਾਏ।

ਮਿੱਟੀ ਦਾ ਇਹ ਖੇਲ ਨਿਆਰਾ, ਆਖ਼ਰ ਆਪਣੇ ਵਿੱਚ ਮਿਲਾਏ,

ਮਿੱਟੀਓਂ ਜੰਮੇ, ਮਿੱਟੀ ਮਰਨਾ, ਇਹ ਮਿੱਟੀ ਕਰਮ ਕਮਾਏ।

ਹਵਾ ਦਾ ਵਿੱਚ ਵਾਜਾ ਵੱਜੇ, ਇਹ ਮਿੱਟੀ ਨਾਚ ਨਚਾਏ,

ਇਸ ਮਿੱਟੀ ਵਿੱਚ ਹਉਮੈਂ ਪਾਈ, ਤੂੰ ਹੀ-ਤੂੰ ਹੀ, ਦਿੱਤਾ ਭੁਲਾਏ।

‘ਪੱਤੋ’ ਇਸ ਵਿੱਚ ਰੱਬ ਦਾ ਵਾਸਾ, ਇਹ ਗਿਆਨ ਦੀ ਜੋਤ ਜਗਾਏ,

ਵੱਡੇ ਵੱਡੇ ਇੱਥੇ ਸ਼ਾਹ ਸਿਕੰਦਰ, ਗਏ ਮਿੱਟੀ ਵਿੱਚ ਦਫ਼ਨਾਏ।

ਸੰਪਰਕ: 94658-21417

* * *

Advertisement
×