ਕਾਵਿ ਕਿਆਰੀ
ਮਾਂ ਦੇ ਰੂਪ ’ਚ ਹੋਂਵਦੀ ਅਮਰੀਕ ਸਿੰਘ ਤਲਵੰਡੀ ਕਲਾਂ ਔਰਤ ਨਾਲ ਜਗ ਸੋਭਦਾ, ਇਹ ਔਰਤ ਬੜੀ ਮਹਾਨ, ਮਾਂ ਦੇ ਰੂਪ ’ਚ ਹੋਂਵਦੀ, ਲੋਕੋ ਦੂਸਰਾ ਇਹ ਭਗਵਾਨ। ਪੀਰ ਪੈਗੰਬਰ ਜੋ ਔਲੀਏ ਨੇੇ, ਸਾਰੇ ਇਸ ਦੇ ਜਾਏ, ਭੁੱਲੇ ਭਟਕੇ ਲੋਕਾਂ ਤਾਈਂ, ਸੱਚ...
ਮਾਂ ਦੇ ਰੂਪ ’ਚ ਹੋਂਵਦੀ
ਅਮਰੀਕ ਸਿੰਘ ਤਲਵੰਡੀ ਕਲਾਂ
ਔਰਤ ਨਾਲ ਜਗ ਸੋਭਦਾ, ਇਹ ਔਰਤ ਬੜੀ ਮਹਾਨ,
ਮਾਂ ਦੇ ਰੂਪ ’ਚ ਹੋਂਵਦੀ, ਲੋਕੋ ਦੂਸਰਾ ਇਹ ਭਗਵਾਨ।
ਪੀਰ ਪੈਗੰਬਰ ਜੋ ਔਲੀਏ ਨੇੇ, ਸਾਰੇ ਇਸ ਦੇ ਜਾਏ,
ਭੁੱਲੇ ਭਟਕੇ ਲੋਕਾਂ ਤਾਈਂ, ਸੱਚ ਦੇ ਜਿਨ੍ਹਾਂ ਰਾਹ ਵਿਖਾਏ।
ਚੁਕਾ ਨਹੀਂ ਸਕਦਾ ਏਸਦਾ, ਕਦੇ ਕੋਈ ਵੀ ਅਹਿਸਾਨ,
ਮਾਂ ਦੇ ਰੂਪ ’ਚ ਹੋਂਵਦੀ...
ਭੈੈਣ ਦੇ ਰੂਪ ਵਿੱਚ ਮੰਗਦੀ, ਇਹ ਦਿਨ ਵੀਰ ਦੇ ਚੰਗੇ,
ਧੀ ਦੇੇ ਰੂਪ ਵਿੱਚ ਮਾਪਿਆਂ ਦੀ, ਸਦਾ ਸੁੱਖ ਇਹ ਮੰਗੇ।
ਪਤਨੀ ਬਣ ਕੇ ਪਤੀ ਦੇ ਉੱਤੋਂ, ਵਾਰੇ ਇਹ ਜਿੰਦ-ਜਾਨ,
ਮਾਂ ਦੇ ਰੂਪ ’ਚ ਹੋਂਵਦੀ...
ਏਹਦੇ ਨਾਲ ਹੀ ਬੰਦੇ ਦਾ, ਹੋਵੇ ਸਮਾਜ ਦੇ ਵਿੱਚ ਸਤਿਕਾਰ,
ਕਿਸੇ ’ਕੱਲੇ-’ਕਹਿਰੇ ਬੰਦੇ ਦਾ, ਕੋਈ ਕਰਦਾ ਨ੍ਹੀਂ ਇਤਬਾਰ।
ਔਰਤ ਬਿਨ ਘਰ ਲੱਗਦਾ, ਨਿਰਾ ਉਜਾੜ ਤੇ ਬੀਆਬਾਨ,
ਮਾਂ ਦੇ ਰੂਪ ’ਚ ਹੋਂਵਦੀ...
’ਕੱਲਾ ’ਕੱਲਾ ਗੁਣ ਜੇ ਗਿਣੀਏ, ਗਿਣਦਾ ਥੱਕ ਜਾਊ ਗਿਣਤੀਕਾਰ,
ਮਮਤਾ ਦਾ ਹੈ ਗਹਿਰਾ ਸਮੁੰਦਰ, ਕੋਮਲਤਾ ਦਾ ਹੈ ਭੰਡਾਰ।
ਕਾਦਰ ਦੀ ਸੋਹਣੀ ਕ੍ਰਿਤ ਹੈ, ਇਹ ਆਦਮੀ ਲਈ ਵਰਦਾਨ,
ਮਾਂ ਦੇ ਰੂਪ ’ਚ ਹੋਂਵਦੀ...
ਔਰਤ ਮਰਦ ਸਮਾਨ ਹੈ, ‘ਅਮਰੀਕ’ ਸਾਰੇ ਸੰਸਾਰ ਨੂੰ ਕਹੀਏ,
ਏਹਦੇ ਵੀ ਜੋ ਹੱਕ ਨੇ, ‘ਤਲਵੰਡੀ’ ਖ਼ੁਸ਼ ਹੋ ਕੇ ਉਹ ਦਈਏ।
ਜਿੰਨਾ ਵੀ ਹੋ ਸਕਦਾ ਹੈ, ਕਰੀਏ ਅਸੀਂ ਔਰਤ ਦਾ ਸਨਮਾਨ,
ਮਾਂ ਦੇ ਰੂਪ ’ਚ ਹੋਂਵਦੀ, ਲੋਕੋ ਦੂਸਰਾ ਇਹ ਭਗਵਾਨ।
ਸੰਪਰਕ: 94635-42896
* * *
ਉਹ ਕੁੜੀ
ਅਮਰਜੀਤ ਟਾਂਡਾ
ਉਹ ਕੁੜੀ ਫੁੱਲਾਂ ਨੂੰ ਮਹਿਕਣਾ ਸਿਖਾਉਂਦੀ
ਪੰਛੀਆਂ ਨੂੰ ਉੱਚੀਆਂ ਉਡਾਣਾਂ ਭਰਨਾ ਦੱਸਦੀ
ਆਪਣੇ ਸਤਰੰਗੇ ਦੁਪੱਟੇ ਨੂੰ ਲਹਿਰਾ
ਸਾਗਰਾਂ ਦੀ ਭੁੱਖ ਮਿਟਾਉਂਦੀ।
ਸੱਜਰੀ ਸਵੇਰ ਵਿਛਦੀ
ਤਾਂ ਤ੍ਰੇਲ ਤੁਪਕਿਆਂ ਨੂੰ ਮੁਸਕਰਾਹਟਾਂ ਦੀ ਭਾਸ਼ਾ ਦੱਸਦੀ
ਰੰਗ ਖਿਲਾਰਦੀ ਪਹਿਲੀਆਂ ਰਿਸ਼ਮਾਂ ਨੂੰ ਲੈ ਕੇ
ਪੰਛੀਆਂ ਨੂੰ ਉੱਚੀਆਂ ਉਡਾਣਾਂ ਭਰਨ ਲਈ
ਆਸਮਾਨ ਦੀ ਨੀਲੀ ਚਾਦਰ
ਖੋਲ੍ਹ ਕੇ ਦਿੰਦੀ
ਕਾਲੀਆਂ ਰਾਤਾਂ ਦੀਆਂ
ਤਰੰਗਾਂ ਵਿੱਚ
ਨਵੇਂ ਸੁਪਨਿਆਂ ਦੀ ਕਸੀਦਾਕਾਰੀ ਕਰ ਦੇਵੇ।
ਅੱਲ੍ਹੜ ਮੁਟਿਆਰ
ਕੀ ਕੀ ਨਾ ਕਰਦੀ
ਤਿੱਖੀਆਂ ਨਜ਼ਰਾਂ ਨਾਲ
ਉਹ ਕੁਆਰੀਆਂ ਪੌਣਾਂ ਨੂੰ
ਉਨ੍ਹਾਂ ਦੇ ਰਾਜ਼ ਪੁੱਛਦੀ
ਆਪਣੇ ਸਮਝਾਉਂਦੀ
ਨਦੀਏ ਨਹਾ, ਆਪਣੇ ਭਿੱਜੇ ਕੇਸ ਛੰਡਦੀ
ਤਾਂ ਬੱਦਲਾਂ ਨੂੰ ਕਾਲੀਆਂ ਘੋਰ ਘਟਾਵਾਂ ਨਸੀਬ ਹੁੰਦੀਆਂ।
ਉਹਦੀ ਇੱਕ ਇੱਕ ਤੱਕਣੀ
ਸਮੁੰਦਰਾਂ ਦੀ ਗਹਿਰਾਈ ਮਿਣਦੀ।
ਨਖ਼ਰਿਆਂ ’ਚ ਘੁਲੀ ਮੁਹੱਬਤ
ਗੱਭਰੂਆਂ ਦੇ ਠੰਢੇ ਹਾਉਕਿਆਂ ਦਾ ਕਾਰਨ ਬਣਦੀ
ਰੁੱਖਾਂ ਦੀਆਂ ਉਦਾਸੀਆਂ ਖੋਰਦੀ
ਉਹਦੇ ਨਰਮ ਪੋਟਿਆਂ ਦੀ ਹਰੇਕ ਛੋਹ।
ਚੰਨ ਤਾਰਿਆਂ ਨੂੰ
ਉਹ ਅੰਗੜਾਈਆਂ ਲੈਣਾ ਸਿਖਾਉਂਦੀ
ਉਸਦਾ ਖਿੜ ਖਿੜ ਹੱਸਣਾ
ਪਿੰਡ ਨੂੰ ਜਾਂਦੇ ਰਾਹ ’ਤੇ ਵੱਜਦਾ ਸ਼ਹਿਨਾਈ ਦਾ ਪਹਿਲਾ ਸੁਰ ਬਣਦਾ
ਕੁੜੀ ਮੁਸਕਰਾਹਟਾਂ ਨੂੰ ਅਰਥ ਦਿੰਦੀ
ਕਦਮਾਂ ਨਾਲ ਚੱਲਣ ਲਈ ਕਹਿੰਦੀ।
ਮੌਸਮਾਂ ਦੇ ਮੱਥੇ ’ਤੇ
ਉਨ੍ਹਾਂ ਦੀ ਤਕਦੀਰ ਲਿਖਦੀ
ਧੁੱਪ ਦੇ ਤਿੱਖੇ ਤੀਰਾਂ ਨੂੰ
ਹੌਸਲੇ ਦੀ ਛਾਂ ਕਰਦੀ
ਉਹ ਹਨੇਰੀਆਂ ਨੂੰ ਨੱਚਣਾ ਸਿਖਾਵੇ
ਅਰਸ਼ੀ ਬਿਜਲੀਆਂ ਨੂੰ ਫੜ ਕੇ
ਰਾਤਾਂ ’ਚ ਵਿਯੋਗੇ ਦੀਵੇ ਜਗਾਵੇ।
ਮਾਰੂਥਲੀ ਰੇਤਾ ’ਚ
ਚੁੱਪ ਬੀਜ ਜਾਵੇ
ਸੁੰਨੇ ਸੀਨਿਆਂ ’ਚ
ਸਾਹਾਂ ’ਚ ਧੜਕਣਾਂ ਪਾਵੇ।
ਸੰਪਰਕ +61-412913021
* * *
ਕੁਦਰਤ ਦੀ ਅਨਮੋਲ ਕ੍ਰਿਤ
ਜਗਦੇਵ ਸ਼ਰਮਾ ਬੁਗਰਾ
ਉਸ ਕੱਜਲ ਚੁਰਾਇਆ ਅੱਖੀਆਂ ’ਚੋਂ,
ਅਤੇ ਤੋਰ ਚੁਰਾ ਲਈ ਮੋਰਾਂ ਤੋਂ।
ਚਾਂਦਨੀ ਮੰਗੀ ਉਧਾਰੀ ਚੰਦ ਕੋਲੋਂ,
ਨਿੱਘ ਤਪਸ਼ ਲਈ ਭਾਨ ਹੋਰਾਂ ਤੋਂ।
ਖੁਸ਼ਬੂ ਲੈ ਲਈ ਉਸ ਨੇ ਫੁੱਲਾਂ ਤੋਂ,
ਸੁਰ ਕੋਇਲਾਂ ਕੋਲੋਂ ਉਧਾਰ ਲਏ।
ਪਿੱਪਲ ਦੀਆਂ ਪੱਤੀਆਂ ਬੁੱਲ੍ਹੀਆਂ ਨੇ,
ਨੱਕ ਤਿੱਖਾ ਜਿਉਂ ਤਲਵਾਰ ਭਏ।
ਸ਼ੂਕਣ ਜ਼ੁਲਫਾਂ ਕਾਲੇ ਨਾਗਾਂ ਜਿਉਂ,
ਮੁਰਗਾਬੀ ਵੀ ਤਰਨਾ ਭੁੱਲ ਜਾਵੇ।
ਜ਼ਰਬਾਂ ਨਾਲ ਲੱਕ ਦਾ ਹੈ ਰਿਸ਼ਤਾ,
ਖ਼ੁਦ ਇੰਦਰ ਉਸ ’ਤੇ ਡੁੱਲ੍ਹ ਜਾਵੇ।
ਓਹਦੀ ਧੌਣ ਹੈ ਲੰਮੀ ਸੁਰਾਹੀ ਤੋਂ,
ਤੇ ਝਾਂਜਰ ਛਣ-ਛਣ ਕਰਦੀ ਏ।
ਅਰਸ਼ਾਂ ਦੀ ਪਰੀ ਨੇ ਕੀ ਖੋਹਣਾ,
ਪਵੇ ਧਮਕ ਜਦੋਂ ਪੱਬ ਧਰਦੀ ਏ।
ਚੁਗਲੀ ਸੁਹੱਪਣ ਦੀ ਕੀਤੀ ਨੈਣਾਂ ਨੇ,
ਤਿਲ ਕਾਲਾ ਠੋਡੀ ’ਤੇ ਲਾਉਣਾ ਪਊ।
ਠੋਕਰ ਖਾ ਡਿੱਗਣ ਬਦਨੀਤੇ ਜੋ,
ਟੋਆ ਦੋਵੇਂ ਗੱਲ੍ਹਾਂ ’ਚ ਪਾਉਣਾ ਪਊ।
ਇੱਕ ਤਰਕਸ਼ ਵਿੱਚ ਪਾ ਇਹ ਸਭ ਕੁਝ,
ਬੁੱਤ ਘਾੜੇ ਨੇ ਸੁਰਤ ਟਿਕਾਈ ਹੈ।
ਸੋਹਣੀ ਮੂਰਤ ਘੜ ਦਿੱਤੀ,
ਜੱਗ ਜਣਨੀ ਕਹਿ ਵਡਿਆਈ ਹੈ।
ਧੀ ਭੈਣ ਬਣੀ, ਕਦੇ ਮਾਂ ਬਣ ਗਈ,
ਬਣੀ ਕਿਸੇ ਦੀ ਕਦੇ ਮਾਸ਼ੂਕ ਹੈ ਉਹ।
ਜੀਵਨ ਸਾਥ ਨਿਭਾਇਆ ਬਣ ਸਾਥਣ,
ਰਾਂਝੇ ਦੀ ਵੰਝਲੀ ਦੀ ਹੂਕ ਹੈ ਉਹ,
ਵਾਰਸ ਦੀ ਕਵਿਤਾ ਦੀ ਟੂਕ ਹੈ ਉਹ।
ਹੈ ਬਰਕਤ ਘਰ ਵਿੱਚ ਉਸ ਕਾਰਨ,
ਮਾਂ ਧਨ ਲਕਸ਼ਮੀ ਦਾ ਰੂਪ ਹੈ ਉਹ।
ਕੀ ਕੁਦਰਤ ਦਾ ਹੁਣ ਦੇਣ ਦਿਆਂ,
‘ਸ਼ਰਮਾ ਜਗਦੇਵ’ ਨਾਦਾਨ ਜਿਹਾ।
ਸੰਪਰਕ: 98727-87243
* * *
ਲਾਸ਼
ਰਤਨਪਾਲ ਡੂਡੀਆਂ
ਸਰਘੀ ਦੀ ਲੋਅ ਜਿਹੀ ਕੁੜੀ
ਤੁਰ ਗਈ ਜਹਾਨੋਂ ਸਬਰਾਂ ਦੀ ਘੁੱਟ ਭਰ ਕੇ
ਜਾਂ ਤੋਰ ਦਿੱਤੀ ਹੋਵੇਗੀ
ਭਰੇ ਬਾਗ਼ ਵਿੱਚੋਂ
ਇੱਕ ਫੁੱਲ ਮੰਗਣ ਦੇ ਗੁਨਾਹ ਕਰ ਕੇ।
ਚੰਦਨ ਦੀ ਗੇਲੀ ਜਿਹੀ ਕੁੜੀ ਸੀ ਜੋ
ਉਹਦੇ ਜਹਾਨੋਂ ਤੁਰ ਜਾਣ ਦੀ ਕਨਸੋਅ
ਲੰਘ ਗਈ ਥਾਣੇ ਦੀਆਂ ਕੰਧਾਂ ਵਿੱਚੋਂ।
ਭਾਰੀ ਬੂਟਾਂ ਦੀ ਦਗੜ ਦਗੜ ਹੋਈ
ਥਾਣੇਦਾਰ ਨੇ ਹਮਲਾਵਰਾਂ ਵਾਂਗ ਆ ਕੇ
ਛੋਟੀ ਥਾਣੇਦਾਰਨੀ ਨੂੰ ਅੰਦਰ ਲਿਜਾ ਕੇ।
ਢੋਹ ਲਿਆ ਬੂਹਾ
ਮੁਆਇਨਾ ਕਰਨ ਲਈ
ਸੱਟਾਂ ਫੇਟਾਂ ਦੇ ਨਿਸ਼ਾਨ ਵੇਖਣ ਲਈ।
ਕੇਸ ਬੰਨ੍ਹਣ ਲਈ।
ਮੁਆਇਨਾ ਕੀਤਾ ਸਿਰ ਤੋਂ ਪੈਰਾਂ ਤੱਕ
ਨਗਨ ਕਰ ਕੇ ਥੱਲ-ਪਥੱਲ ਕਰਦਿਆਂ।
ਬੇਲੋੜਾ ਹੱਥ ਫੇਰਦਿਆਂ
ਔਰਤ ਵਿਚਲੀ ਔਰਤ ਬੋਲੀ:
ਸਰ! ਕੁੜੀ ਨਹੀਂ, ਇਹ ਤਾਂ ਲਾਸ਼ ਹੈ!
ਸੰਪਰਕ: 94784-84000
* * *
ਸਰਸਵਤੀ
ਓਮਕਾਰ ਸੂਦ ਬਹੋਨਾ
ਇੱਕ ਕੁੜੀ- ਮਾਸਟਰਨੀ
ਜਾਪੇ ਮੈਨੂੰ ਸਰਸਵਤੀ!
ਸਾਡੇ ਘਰੇ ਆਉਂਦੀ ਕਦੇ-ਕਦੇ
ਜਾਪਦੀ ਕਮਲ ਦਾ ਫੁੱਲ
ਸੀਰਤ ਉਸ ਦੀ ਖਿੜੀ-ਖਿੜੀ
ਚੰਨ ਦੀਆਂ ਰਿਸ਼ਮਾਂ ਜਿਹੀ ਨਿਰਮਲ ਸ਼ਾਂਤ
ਮੱਥਾ ਉਸ ਦਾ ਅੱਧੇ ਚੰਨ ਦੀ ਕਟੋਰੀ ਜਿਹਾ
ਸੁੰਦਰ ਦਿਲਕਸ਼
ਅੱਖਾਂ ਉਸ ਦੀਆਂ ਜਾਪਣ ਮੋਤੀ
ਉਹ ਹੱਸਦੀ
ਤਾਂ ਜਿਵੇਂ ਸੰਗੀਤ ਦੇ ਫੁਹਾਰੇ ਫੁੱਟ ਪਏ ਹੋਣ!
ਬਾਗ਼ੀਂ ਫੁੱਲ ਖਿੜ ਪਏ ਹੋਣ!!
ਉਹ ਤੁਰਦੀ
ਬੜਾ ਸਹਿਜ ਨਦੀ ਵਾਂਗ
ਪਤਾ ਈ ਨਾ ਲੱਗੇ
ਕਦੋਂ ਆ ਗਈ ਚੰਨ ਦੀ ਰੌਸ਼ਨੀ ਵਾਂਗ
ਕਰੇ ਕਿਤਾਬਾਂ ਕਲਮਾਂ ਨੂੰ ਪਿਆਰ
ਸਤਿਕਾਰੇ ਵੱਡਿਆਂ ਨੂੰ
ਦੁਲਾਰੇ ਛੋਟਿਆਂ ਨੂੰ
ਸੱਚ ਦੀ ਪਹਿਰੇਦਾਰ!
ਕੋਮਲਤਾ ਦੀ ਮਾਲਕ
ਇਹ ਗੁੱਡੀ ਜਿਹੀ ਸ਼ਾਂਤ ਸਰਸਵਤੀ!
ਵੰਡੇ ਵਿਦਿਆ ਸਾਡੇ ਬਾਲਾਂ ਨੂੰ
ਹੱਲ ਕਰੇ ਸਭ ਸਵਾਲਾਂ ਨੂੰ
ਇਸ ਸਰਸਵਤੀ ਦੇਵੀ ਨੂੰ
ਨਮਨ!
ਸ਼ਤ-ਸ਼ਤ ਪ੍ਰਣਾਮ!
ਸੰਪਰਕ: 96540-36080
* * *
ਅੱਜਨਾਮਾ
ਧਰਮਿੰਦਰ ਭੰਗੂ ਕਾਲੇਮਾਜਰਾ
ਹੰਝੂ-ਹਉਕੇ ਤੇ ਪੀੜਾਂ ਹੀ ਵੰਡਦੀ ਏ,
ਕਦੇ ਖ਼ੁਸ਼ੀਆਂ ਨਾ ਵੰਡੇ ਇਹ ਜੰਗ ਵੀਰੋ।
ਤਾਨਾਸ਼ਾਹਾਂ ਦੇ ਤਖ਼ਤਾਂ ਦੀ ਸਲਾਮਤੀ ਲਈ,
ਜੰਗ ਹੁੰਦੀ ਐ ਖ਼ੂਨੀ ਇੱਕ ਢੰਗ ਵੀਰੋ।
ਜੇ ਦੁਨੀਆ ’ਚ ਸ਼ਾਂਤੀ ਹੋ ਜਾਵੇ ਕਾਇਮ,
ਕੌਣ ਕਰੂ ਹਥਿਆਰਾਂ ਦੀ ਫੇਰ ਮੰਗ ਵੀਰੋ।
ਜਿਸ ਖਿੱਤੇ ’ਚ ਵੀ ਇਹ ਕਹਿਰ ਹੋਵੇ,
ਫੁੱਲ ਜਾਣ ਲੂਸੇ ਬਾਗ਼ ਹੋਵੇ ਬਦਰੰਗ ਵੀਰੋ।
ਸੰਪਰਕ: 89686-82300
* * *
ਸੱਚੀ ਗੱਲ
ਬਿੰਦਰ ਸਿੰਘ ਖੁੱਡੀ ਕਲਾਂ
ਅੱਜ ਨਹੀਂ ਤਾਂ ਕੱਲ੍ਹ ਨਿਕਲੇਗਾ,
ਇਸ ਯੁੱਧ ਦਾ ਕੋਈ ਹੱਲ ਨਿਕਲੇਗਾ।
ਸਦਾ ਲਈ ਤੁਰ ਗਏ ਲੋਕਾਂ ਦਾ,
ਨਾ ਸੀਨੇ ’ਚੋਂ ਸੱਲ ਨਿਕਲੇਗਾ।
ਕੁਝ ਨਹੀਂ ਮਿਲਣਾ ਤਬਾਹੀ ਵਿੱਚੋਂ,
ਬਸ ਲੋਕਾਂ ਦਾ ਖੱਲ ਨਿਕਲੇਗਾ।
ਯੁੱਧ ਕਿਸੇ ਮਸਲੇ ਦਾ ਹੱਲ ਨ੍ਹੀਂ,
‘ਬਿੰਦਰ’ ਕਹਿ ਸੱਚੀ ਗੱਲ ਨਿਕਲੇਗਾ।
ਸੰਪਰਕ: 98786-05965
* * *
ਐ ਦੁਨੀਆ ਦੇ ਲੋਕੋ!
ਰਘਵੀਰ ਸਿੰਘ ਟੇਰਕਿਆਨਾ
ਐ ਦੁਨੀਆ ਦੇ ਲੋਕੋ ਮੇਰੀ ਹੱਥ ਜੋੜ ਕੇ ਮੰਗ,
ਕਿਸੇ ਤਰ੍ਹਾਂ ਵੀ ਰੋਕੋ ਵੀਹ ਸੌ ਛੱਬੀ ਵਾਲੀ ਜੰਗ।
ਹੁਸੀਨ ਸੁਪਨੇ ਟੁੱਟਦੇ ਜਿਵੇਂ ਟੁੱਟ ਜਾਂਦੀ ਹੈ ਵੰਗ,
ਚਾਰੇ ਪਾਸੇ ਨਜ਼ਰ ਆਉਂਦੀ ਗ਼ਰੀਬੀ ਤੇ ਭੁੱਖ-ਨੰਗ।
ਇਸ ਧਰਤੀ ’ਤੇ ਰਹੀਏ ਇੱਕ ਦੂਜੇ ਦੇ ਅੰਗ-ਸੰਗ,
ਫੱਟੜ ਹੋ ਸਕਦਾ ਜੰਗ ’ਚ ਕਿਸੇ ਦਾ ਕੋਈ ਵੀ ਅੰਗ।
ਜ਼ਿੰਦਗੀ ਜਿਊਣ ਦਾ ਇਹ ਬਿਲਕੁਲ ਵੀ ਵਧੀਆ ਨਹੀਂ ਢੰਗ,
ਅਮਰੀਕਾ ਹਰ ਜੰਗ ਦੇ ਵਿੱਚ ਅੜਾ ਲੈਂਦਾ ਹੈ ਆਪਣੀ ਟੰਗ।
ਗ਼ਰੀਬਾਂ ਨੂੰ ਤਾਂ ਮਿਲਦੀ ਨਹੀਂ ਹੈ ਰੋਟੀ ਵੀ ਦੋ ਡੰਗ,
ਸੰਸਾਰ ਜੰਗ ਦੇ ਵਿੱਚ ਹੁੰਦੀ ਕੁੱਲ ਦੁਨੀਆ ਹੀ ਤੰਗ।
‘ਟੇਰਕਿਆਨਾ’ ਤਾਂ ਖ਼ਬਰਾਂ ਸੁਣ ਸੁਣ ਰਹਿ ਜਾਂਦਾ ਹੈ ਦੰਗ,
ਜੰਗ ਰੁਕ ਜਾਵੇ ਅਮਨ ਹੋ ਜਾਵੇ ਇਹੋ ਹੈ ਇਸਦੀ ਮੰਗ।
ਸੰਪਰਕ: 98141-73402
* * *
ਤਮਾਸ਼ਾ
ਜਸਵੰਤ ਗਿੱਲ ਸਮਾਲਸਰ
ਅਸੀਂ ਤਾਂ ਸਿਰਫ਼
ਟੀਵੀ ’ਤੇ ਦੇਖੀ ਐ
ਐਟਮ ਬੰਬਾਂ ਦੀ ਅੱਗ
ਏਸ ਅੱਗ ਦਾ ਸੇਕ
ਫ਼ਲਸਤੀਨ ਚੰਗੀ ਤਰ੍ਹਾਂ ਦੱਸ ਸਕਦੈ
ਜਾਂ ਫਿਰ
ਯੂਕਰੇਨ ਕਰ ਸਕਦੈ ਬਿਆਨ
ਇਸ ਦੀਆਂ ਲਾਟਾਂ ਨੂੰ।
ਸਰਮਾਏਦਾਰ ਮੁਲਕ
ਬਹੁਤ ਖ਼ੁਸ਼ ਹੈ
ਐਟਮ ਬੰਬਾਂ ਨਾਲ ਲੂਹੇ ਜਾਂਦੇ
ਮਨੁੱਖਾਂ ਨੂੰ ਦੇਖ ਕੇ
ਜਿਸ ਨੇ ਲੜਾ ਦਿੱਤਾ ਹੈ
ਦੋ ਭਰਾਵਾਂ ਨੂੰ
ਆਪਣੀ ਹੀ ਮਿੱਟੀ ਨਾਲ।
ਉਸ ਦੇ ਲਈ
ਏਹ ਅੱਗ
ਸਿਰਫ਼ ਇੱਕ ਖੇਡ ਹੈ
ਤੇ ਐਟਮ ਬੰਬ ਹਨ ਖਿਡੌਣੇ
ਜਿਸ ਨਾਲ ਖੇਡ ਰਹੀ ਐ
ਏਸ ਵੇਲੇ
ਅੱਧੀ ਤੋਂ ਵੀ ਜ਼ਿਆਦਾ ਦੁਨੀਆ।
ਏਸ ਅੱਗ ਦਾ ਸੇਕ
ਯੂਕਰੇਨ ਦੀਆਂ ਹਵਾਵਾਂ ’ਚ
ਗਾਜ਼ਾ ਪੱਟੀ ਦੀਆਂ ਨਸਾਂ ’ਚ
ਫੈਲ ਗਿਆ ਏ
ਡਰਾਉਣਾ ਦਰਦ ਬਣ ਕੇ
ਜੋ ਸਦੀਆਂ ਤੱਕ ਗੂੰਜੇਗਾ
ਲੋਕਾਂ ਦੇ ਦਿਲਾਂ ’ਚ
ਚਲਦੀ ਹੋਈ ਰੇਲ ਵਾਂਗ।
ਤੇ ਤਾਕਤਵਰ ਮੁਲਕ
ਮਦਾਰੀ ਬਣ ਕੇ
ਅੱਗ ਨੂੰ ਬੁਝਾਉਣ ਦਾ
ਤਮਾਸ਼ਾ ਕਰਦਾ ਰਹੇਗਾ
ਤੇ ਵਜਾਉਂਦਾ ਰਹੇਗਾ
ਅਮਨ ਦੀ ਡੁਗਡੁਗੀ।
ਅਸੀਂ ਸਾਰੇ
ਅੱਖਾਂ ਅੱਡੀ
ਉਡੀਕ ਕਰਦੇ ਰਹਾਂਗੇ
ਕਿ ਏਹ ਅੱਗ
ਕਦੋਂ ਬੁਝੇਗੀ...?
ਸੰਪਰਕ: 97804-51878

