ਕਾਵਿ ਕਿਆਰੀ
ਤੈਨੂੰ ਫਿਰ ਵੀ ਵੇਖ ਸਕਦਾ ਹਾਂ... - ਜਤਿੰਦਰ ਔਲਖ ਕੱਢ ਲਵੋ ਮੇਰੀਆਂ ਅੱਖਾਂ ਮੈਂ ਤੈਨੂੰ ਫਿਰ ਵੀ ਵੇਖ ਸਕਦਾ ਹਾਂ ਬੰਦ ਕਰ ਦਿਓ ਮੇਰੇ ਕੰਨ ਫਿਰ ਵੀ ਸੁਣ ਸਕਦਾ ਹਾਂ ਤੇਰੀ ਆਵਾਜ਼ ਬਿਨਾਂ ਪੈਰਾਂ ਦੇ ਪਹੁੰਚ ਸਕਦਾ ਹਾਂ ਤੇਰੇ ਕੋਲ...
ਤੈਨੂੰ ਫਿਰ ਵੀ ਵੇਖ ਸਕਦਾ ਹਾਂ...
- ਜਤਿੰਦਰ ਔਲਖ
ਕੱਢ ਲਵੋ ਮੇਰੀਆਂ ਅੱਖਾਂ
ਮੈਂ ਤੈਨੂੰ ਫਿਰ ਵੀ ਵੇਖ ਸਕਦਾ ਹਾਂ
ਬੰਦ ਕਰ ਦਿਓ ਮੇਰੇ ਕੰਨ
ਫਿਰ ਵੀ ਸੁਣ ਸਕਦਾ ਹਾਂ ਤੇਰੀ ਆਵਾਜ਼
ਬਿਨਾਂ ਪੈਰਾਂ ਦੇ ਪਹੁੰਚ ਸਕਦਾ ਹਾਂ ਤੇਰੇ ਕੋਲ
ਬਗੈਰ ਜ਼ੁਬਾਨ ਦੇ ਮੈਂ ਤੈਨੂੰ
ਆਪਣੀ ਤੜਪ ਨਾਲ ਬੁਲਾ ਸਕਦਾ ਹਾਂ
ਬੇਸ਼ੱਕ ਮੇਰੀਆਂ ਬਾਹਾਂ ਤੋੜ ਦਿਓ
ਫਿਰ ਵੀ ਵਲ਼ ਲਵਾਂਗਾ ਤੈਨੂੰ
ਆਪਣੇ ਦਿਲ ਦੀ ਕੈਦ ਵਿੱਚ
ਇੰਜ ਜਕੜ ਲਵਾਂਗਾ
ਜਿਵੇਂ ਹੱਥ ਜਕੜਦੇ ਨੇ
ਮੇਰਾ ਦਿਲ-ਦਿਮਾਗ਼ ਤੇਰੇ ਲਈ ਧੜਕੇਗਾ
ਜੇ ਮੇਰੇ ਦਿਮਾਗ਼ ਨੂੰ ਸਾੜ ਦਿਓਗੇ
ਤਾਂ ਮੈਂ ਤੈਨੂੰ ਆਪਣੇ ਲਹੂ ਸੰਗ
ਰਗਾਂ ਵਿੱਚ ਵਹਾ ਲਵਾਂਗਾ।
(ਜਰਮਨ ਕਵੀ ਰੀਨੇਰ ਮਾਰੀਆ ਰਿਲਕੇ ਦੀ ਕਵਿਤਾ ਦਾ ਪੰਜਾਬੀ ਰੂਪ)
ਸੰਪਰਕ: 98155-34653
* * *
ਜੰਗਲ ਵੱਲ...
- ਡਾ. ਪਰਵੇਜ਼ ਸ਼ਹਿਰਯਾਰ
ਅਸੀਂ ਜੰਗਲ ਵੱਲ ਕੂਚ ਕਰ ਰਹੇ ਹਾਂ
ਜਿੱਥੇ ਸਿਰਫ਼ ਇੱਕ ਹੀ ਕਾਨੂੰਨ ਚੱਲਦਾ ਹੈ
ਤਾਕਤਵਰ ਕਮਜ਼ੋਰ ਦਾ ਮਾਸ ਖਾਂਦਾ ਹੈ
ਜਿੱਥੇ ਤਾਕਤ ਹੀ ਹੱਕ ਬਣ ਜਾਂਦੀ ਹੈ
ਅਸੀਂ ਹਨੇਰੇ ਵੱਲ ਵਧ ਰਹੇ ਹਾਂ
ਜਿੱਥੇ ਤਾਕਤਵਰ ਜੋ ਵੀ ਸਾਹਮਣੇ ਆਵੇ
ਉਸ ਨੂੰ ਮਾਰ ਦਿੰਦੇ ਹਨ
ਜਿੱਥੇ ਖ਼ਜ਼ਾਨਾ ਅਸ਼ਕਾਂ ਨਾਲੋਂ ਕੀਮਤੀ ਹੈ
ਜਿੱਥੇ ਰਾਕਸ਼ਾਂ ਦੀ ਤ੍ਰਿਸ਼ਨਾ ਖ਼ੂਨ ਨਾਲ ਬੁਝਦੀ ਹੈ
ਜਿੱਥੇ ਖ਼ੂਨ ਪਾਣੀ ਨਾਲੋਂ ਸਸਤਾ ਹੈ
ਜਿੱਥੇ ਇਮਾਨਦਾਰੀ ਅਪੰਗਤਾ ਹੈ
ਜਿੱਥੇ ਰਹਿਮ ਬੇਕਾਰ ਹੈ
ਜਿੱਥੇ ਹਮਦਰਦੀ ਮੂਰਖਤਾ ਸਮਝੀ ਜਾਂਦੀ ਹੈ
ਜਿੱਥੇ ਬਰਦਾਸ਼ਤ ਨਦਾਰਦ ਹੈ।
ਅਸੀਂ ਪੁਰਾਤਨ ਮਨੁੱਖ-ਭੱਖੀ ਯੁੱਗ ਵੱਲ ਵਧ ਰਹੇ ਹਾਂ
ਜਿੱਥੇ ਹਥਿਆਰ ਮਨੁੱਖ ਨੂੰ ਤਾਕਤਵਰ ਬਣਾਉਂਦੇ ਹਨ
ਜਿੱਥੇ ਧਨੁਖ ਤੇ ਤੀਰ ਕਿਸਮਤ ਦਾ ਫ਼ੈਸਲਾ ਕਰਦੇ ਹਨ
ਜਿੱਥੇ ਕਲਮ ਨਾਲੋਂ ਤਲਵਾਰ ਵਧੇਰੇ ਤਾਕਤਵਰ ਹੈ।
ਅਸੀਂ ਦਰਿੰਦਿਆਂ ਦੀ ਭੀੜ ਵੱਲ ਵਧ ਰਹੇ ਹਾਂ
ਆਪਣੇ ਜੋਖ਼ਮ ’ਤੇ ਦਸਤਕ ਦਿਓ
ਨਾਕਆਊਟ ਰਾਊਂਡ ਚੱਲ ਰਿਹਾ ਹੈ
ਜਿੱਥੇ ਰਿੰਗਮਾਸਟਰ ਸ਼ੇਰਾਂ ਨੂੰ ਕਾਬੂ ਕਰਦਾ ਹੈ
ਜਿੱਥੇ ਬਾਂਦਰ ਸਾਈਕਲ ਚਲਾਉਂਦਾ ਹੈ
ਜਿੱਥੇ ਹਾਥੀ ਨੂੰ ਫੁਟਬਾਲ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ।
ਅਸੀਂ ਸਰਕਸ ਵੱਲ ਵਧ ਰਹੇ ਹਾਂ,
ਜਿੱਥੇ ਸੁੰਦਰ ਕੁੜੀਆਂ ਆਪਣੇ ਜਿਸਮ ਵਿਖਾਉਣ ਲਈ ਬੇਵੱਸ ਹਨ
ਜਿੱਥੇ ਇੱਕ ਆਦਮੀ ਰੋਟੀ ਕਮਾਉਣ ਲਈ ਜੋਕਰ ਬਣਦਾ ਹੈ।
ਅਸੀਂ ਇੱਕ ਐਸੀ ਸਿਆਸੀ ਠੱਗੀ ਵਿੱਚੋਂ ਲੰਘ ਰਹੇ ਹਾਂ
ਜਿੱਥੇ ਸਾਰੀ ਦੁਨੀਆ ਤਬਾਹੀ ਦੇ ਕਿਨਾਰੇ ਖੜ੍ਹੀ ਹੈ
ਅਸੀਂ ਧੂੰਆਂ, ਅੱਗ ਤੇ ਹੰਝੂ ਵੇਖ ਰਹੇ ਹਾਂ
ਜਿੱਥੇ ਮਾਸੂਮਾਂ ਦਾ ਖ਼ੂਨ ਮਲਬੇ ਦੀ ਧੂੜ ਵਿੱਚ ਰਲ ਰਿਹਾ ਹੈ
ਜਿੱਥੇ ਬੇਦੋਸ਼ੇ ਨਾਗਰਿਕ ਗੋਲੀਆਂ ਨਾਲ ਮਾਰੇ ਜਾਂਦੇ ਹਨ
ਜਿੱਥੇ ਸ਼ਾਂਤਮਈ ਪ੍ਰਦਰਸ਼ਨਾਂ ਦੇ ਰਾਹ ਵਿੱਚ
ਸੁਰੱਖਿਆ ਬਲ ਸਭ ਤੋਂ ਵੱਡੀ ਰੁਕਾਵਟ ਬਣੇ ਹੋਏ ਹਨ।
ਅਸੀਂ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੇ ਹਾਂ
ਜਿੱਥੇ ਰਾਜਾਂ ਦੇ ਮੁਖੀ ਵੀ ਆਜ਼ਾਦ ਨਹੀਂ
ਤਾਨਾਸ਼ਾਹ ਆਦਮਖੋਰਾਂ ਵਾਂਗ ਘੁੰਮ ਰਹੇ ਹਨ।
ਜਿੱਥੇ ਡਰੇ ਹੋਏ ਲੋਕ ਵਹਿਸ਼ਤ ਦਾ ਸ਼ਿਕਾਰ ਬਣ ਰਹੇ ਹਨ
ਕੁਝ ਮਨੁੱਖ ਦਰਿੰਦਿਆਂ ਵਾਂਗ ਵਰਤਾਓ ਕਰ ਰਹੇ ਹਨ
ਜਦਕਿ ਸਾਡਾ ‘ਸੱਭਿਆਚਾਰ’ ਆਪਣੇ ਸਿਖ਼ਰ ’ਤੇ ਹੈ।
ਅਫ਼ਸੋਸ!
ਅਸੀਂ ਜੰਗਲ ਵੱਲ ਵਧ ਰਹੇ ਹਾਂ
ਅਸੀਂ ਸੱਚਮੁੱਚ ਦਰਿੰਦੇ ਬਣਦੇ ਜਾ ਰਹੇ ਹਾਂ।
- ਪੰਜਾਬੀ ਰੂਪ: ਮੁਹੰਮਦ ਅੱਬਾਸ ਧਾਲੀਵਾਲ

