DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਕਿਆਰੀ

ਬੁੱਲ੍ਹੇ ਦੀ ਦਰਗਾਹ ਡਾ. ਸੁਖਪਾਲ ਸੰਘੇੜਾ ਇਹ ਕੈਸਾਕਰਮ ਕਮਾ ਰਹੇ ਓ? ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ। ਕਿਉਂ ਕੱਟੜਵਾਦ ਕੁਹਾੜੇ ਨੂੰ ਮਨੁੱਖਤਾ ’ਤੇ ਤੁਸੀਂ ਚਲਾ ਰਹੇ ਓ? ਤੁਹਾਡੀ ਤਾਰ ਨੇ ਜੋ ਖੜਕਾ ਰਹੇ ਉਨ੍ਹਾਂ ਸੁਪਨੇ ਫਾਸ਼ੀ ਆ ਰਹੇ ਤੁਹਾਨੂੰ ਉਸੇ...

  • fb
  • twitter
  • whatsapp
  • whatsapp
Advertisement

ਬੁੱਲ੍ਹੇ ਦੀ ਦਰਗਾਹ

ਡਾ. ਸੁਖਪਾਲ ਸੰਘੇੜਾ

ਇਹ ਕੈਸਾਕਰਮ ਕਮਾ ਰਹੇ ਓ?

Advertisement

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ।

Advertisement

ਕਿਉਂ ਕੱਟੜਵਾਦ ਕੁਹਾੜੇ ਨੂੰ

ਮਨੁੱਖਤਾ ’ਤੇ ਤੁਸੀਂ ਚਲਾ ਰਹੇ ਓ?

ਤੁਹਾਡੀ ਤਾਰ ਨੇ ਜੋ ਖੜਕਾ ਰਹੇ

ਉਨ੍ਹਾਂ ਸੁਪਨੇ ਫਾਸ਼ੀ ਆ ਰਹੇ

ਤੁਹਾਨੂੰ ਉਸੇ ਤਰਜ਼ ਨਚਾ ਰਹੇ।

ਮਨੁੱਖਤਾ ਸੰਗ ਟਕਰਾ ਕੇ ਇਉਂ

ਖ਼ੁਦਕੁਸ਼ੀਆਂ ਤੁਸੀਂ ਕਮਾ ਰਹੇ ਓ?

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਉੱਥੇ ਭੂਤ ’ਚ ਕੀ ਕਰੇਂਦੇ ਓ?

ਨਿਜ਼ਾਮ ਦੀ ਕਬਰ ਖੋਦੇਂਦੇ ਓ?

ਜਾਂ ਹਿਟਲਰ ਤਾਈਂ ਢੂੰਡੇਂਦੇ ਓ?

ਜ਼ੁਲਮਾਂ ਦੇ ਇਤਿਹਾਸ ਜ਼ੁਬਾਨੋਂ

ਬਾਬਰ ਤਾਈਂ ਬੁਲਾ ਰਹੇ ਓ?

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਬੁੱਲ੍ਹੇ ਗੀਤ ਮਨੁੱਖਤਾ ਗਾਇਆ ਸੀ

ਕੱਟੜਵਾਦ ਨੂੰ ਮਿਹਣਾ ਮਾਰਿਆ ਸੀ

ਨਾ ‘ਧਰਮ ਰਹਿਬਰਾਂ’ ਨੂੰ ਭਾਇਆ ਸੀ।

ਨਿਜ਼ਾਮ ਦੇ ਭੂਤ-ਕਰਿੰਦੇ ਓ

ਇਤਿਹਾਸ ਮਿਟਾਉਣਾ ਚਾਹ ਰਹੇ ਓ?

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਚੰਗੇਜ਼ ਤੇ ਹਿਟਲਰ ਆਏ ਗਏ

ਨਾ ਬਾਬਰ ਨਾਦਰ ਔਰੰਗ ਰਹੇ

ਪਰ ਹੱਕ-ਸੱਚ ਸਦਾ ਬੁਲੰਦ ਰਹੇ।

ਹੈ ਸਫ਼ਰ ਬੇ-ਰੋਕ ਮਨੁੱਖਤਾ ਦਾ

ਮਿਟ ਜਾਓਗੇ ਲੱਤ ਅੜਾ ਰਹੇ ਓ।

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਇਤਿਹਾਸ-ਏ-ਮਨੁੱਖਤਾ ਖੇਲ੍ਹ ਨਹੀਂ

ਅਸਮਾਨੀਂ ਤੁਹਾਡੀ ਝੇਲ ਨਹੀਂ

ਧਰਤੀ ਨੇ ਦੇਣਾ ਵਿਹਲ ਨਹੀਂ।

ਫ਼ਿਰਕੂ ਕੱਟੜਤਾ ਵਾਲਾ ਫਾਹਾ

ਆਪਣੇ ਗਲ ਖ਼ੁਦ ਪਾ ਰਹੇ ਓ।

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਜਿਹੜਾ ਸਮਝੋ ਬੁੱਲ੍ਹਾ ਡੱਕਿਆ ਏ

ਉਹ ਤਾਂ ਭਲਕ ਦੇ ਸੂਰਜ ਵਸਿਆ ਏ

ਥੋਨੂੰ ‘ਡੱਕੋ ਡੱਕੋ’ ਕਹਿ ਡਟਿਆ ਏ।

ਤੁਸੀਂ ਉੱਥੇ ਪਰਖ਼ਿਆ ਪੁੱਜਣਾ ਨਹੀਂ

ਜੋ ਭੂਤ ’ਚ ਧੱਕੇ ਖਾ ਰਹੇ ਓ।

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਇੱਕ ਬੁੱਲ੍ਹੇ ਦੀ ਦਰਗਾਹ ਇੱਥੇ

ਬਣੀ ਲੋਕ-ਮਨਾਂ ਦੀ ਠਾਹਰ ਇੱਥੇ

ਤੁਸੀਂ ਪਾਉਣੀ ਨਹੀਂ ਥਾਹ ਜਿੱਥੇ।

ਤੁਹਾਡੀ ਇਸ ਦਰਗਾਹ ਤੱਕ ਪਹੁੰਚ ਨਹੀਂ

ਲੱਖ ਧਰਤੀ ਅੰਬਰ ਗਾਹ ਰਹੇ ਓ।

ਇਹ ਕੈਸਾ ਕਰਮ ਕਮਾ ਰਹੇ ਜਦ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਇਹ ਕੈਸਾ ਕਰਮ ਕਮਾ ਰਹੇ ਓ

ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ?

ਕਿਉਂ ਕੱਟੜਵਾਦ ਕੁਹਾੜੇ ਨੂੰ

ਮਨੁੱਖਤਾ ’ਤੇ ਤੁਸੀਂ ਚਲਾ ਰਹੇ ਓ?

* * *

ਰੂਹ ਨਾਲ ਗੱਲਾਂ

ਪ੍ਰਗਟ ਸਿੰਘ ਗਿੱਲ

ਉਸ ਦੀ ਚੁੱਪ ਵੀ ਬੋਲਦੀ ਹੈ, ਤੇ ਮੈਂ ਮੂੰਹੋਂ ਬੁਲਾ ਕੇ ਕੀ ਲੈਣਾ,

ਜਦੋਂ ਦੂਰੋਂ ਉਸ ਦੀ ਰੂਹ ਮਿਲ ਜਾਵੇ, ਕੋਲ ਜਾ ਕੇ ਵੀ ਕੀ ਲੈਣਾ।

ਉਹਦੇ ਨੈਣਾਂ ਵਿੱਚ ਹੀ ਲਿਖਿਆ ਹੈ, ਮੇਰੇ ਹਰ ਸਵਾਲ ਦਾ ਜਵਾਬ,

ਜਦੋਂ ਪੜ੍ਹ ਲਈ ਸਾਰੀ ਅੱਖ ਉਹਦੀ, ਫਿਰ ਵਰਕੇ ਪਲਟਾ ਕੇ ਕੀ ਲੈਣਾ।

ਕਿਸੇ ਜਿਸਮ ਦੀ ਸਾਂਝ ਦੀ ਭੁੱਖ ਨਹੀਂ, ਮੈਨੂੰ ਇਸ਼ਕ-ਇਬਾਦਤ ਕਾਫ਼ੀ ਹੈ,

ਜਦੋਂ ਰੂਹਾਂ ਦੇ ਰੰਗ ਮਿਲ ਗਏ ਨੇ, ਬਾਹਰੀ ਰੰਗ ਰੰਗਾ ਕੇ ਕੀ ਲੈਣਾ।

ਉਹ ਬਿਨਾਂ ਕਹੇ ਸਭ ਸੁਣਦੀ ਹੈ, ਮੈਂ ਬਿਨਾਂ ਕਹੇ ਸਭ ਕਹਿ ਦੇਣਾ,

ਜਦੋਂ ਧੜਕਣ ਦੀ ਲੈਅ ਸਾਂਝੀ ਹੈ, ਉੱਚਾ ਬੋਲ ਬੁਲਾ ਕੇ ਕੀ ਲੈਣਾ।

ਇਹ ਦੂਰੀ ਵੀ ਇੱਕ ਨੇੜਤਾ ਹੈ, ਜੋ ਸਾਨੂੰ ਜੋੜੀ ਰੱਖਦੀ ਹੈ,

ਜੇ ਇਸ਼ਕ ਸਮੁੰਦਰ ਡੂੰਘਾ ਹੈ, ਕਿਨਾਰਿਆਂ ਨੂੰ ਮਿਣਾ ਕੇ ਕੀ ਲੈਣਾ।

ਉਹਦੇ ਦਿਲ ਦੇ ਵਰਕੇ ਸਾਫ਼ ਜਿਹੇ, ਮੇਰੇ ਨਾਂ ਦੀ ਮੋਹਰ ਲਗਾਉਂਦੇ ਨੇ,

ਜਦੋਂ ਖ਼ਾਬਾਂ ਵਿੱਚ ਹੀ ਮਿਲ ਪੈਂਦੀ, ਫਿਰ ਸਾਹਮਣੇ ਬਿਠਾ ਕੇ ਕੀ ਲੈਣਾ।

ਕਈ ਰਿਸ਼ਤੇ ਲਫ਼ਜ਼ਾਂ ’ਚੋਂ ਜੰਮਦੇ, ਤੇ ਲਫ਼ਜ਼ਾਂ ਵਿੱਚ ਹੀ ਮਰ ਜਾਂਦੇ,

ਜੋ ਬਿਨ ਬੋਲੇ ਹੀ ਸਮਝ ਲਵੇ, ਉਸ ਨੂੰ ਸਮਝਾ ਕੇ ਕੀ ਲੈਣਾ।

ਇਹ ਦੂਰੀ ਵੀ ਇੱਕ ਪਰਦਾ ਹੈ, ਜੋ ਇਸ਼ਕ ਨੂੰ ਪਾਕ ਬਣਾਉਂਦਾ ਹੈ,

ਜਦੋਂ ਅੰਦਰੋਂ ਸਾਂਝ ਗੂੜ੍ਹੀ ਹੈ, ਫਿਰ ਬਾਹਰੋਂ ਮਿਲ ਮਿਲਾ ਕੇ ਕੀ ਲੈਣਾ।

ਉਹ ਮੇਰੇ ਸਾਹਾਂ ਦੇ ਵਾਂਗਰ, ਮੇਰੇ ਅੰਗ-ਸੰਗ ਹੀ ਰਹਿੰਦੀ ਹੈ,

ਜੋ ਰੂਹ ਦੀ ਬੁੱਕਲ ਵਿੱਚ ਬੈਠੀ ਹੈ, ਉਸ ਨੂੰ ਜੱਗ ਨੂੰ ਦਿਖਾ ਕੇ ਕੀ ਲੈਣਾ।

ਜਦੋਂ ਖ਼ੁਦ ਨੂੰ ਖੋ ਕੇ ਪਾਇਆ ਹੈ, ਤਾਂ ਅਸਲੀ ਰੰਗ ਨਿਖਰੇ ਨੇ

ਜਿੱਥੇ ਸੱਚ ‘ਪ੍ਰਗਟ’ ਹੋ ਜਾਵੇ, ਉੱਥੇ ਪਰਦੇ ਪਾ ਕੇ ਕੀ ਲੈਣਾ।

ਸੰਪਰਕ: 62395-84894

* * *

Advertisement
×