DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ: ਗ਼ਜ਼ਲ

ਓਮਕਾਰ ਸੂਦ ਬਹੋਨਾ ਸਾਥੋਂ ਬੇਮੁਖ ਹੋਈਂ ਨਾ, ਦਿਲ ਦੇ ਬੂਹੇ ਢੋਈਂ ਨਾ, ਤੇਰੇ ਬਾਝੋਂ ਅਸੀਂ ਇਕੱਲੇ, ਚੈਨ ਅਸਾਡਾ ਖੋਹੀਂ ਨਾ! ਦਿਲ ਦੀ ਬਸਤੀ ਉੱਜੜ ਜਾਣੀ, ਪਿੱਛੋਂ ਬਹਿ ਕੇ ਰੋਵੀਂ ਨਾ, ਕੱਚੇ ਧਾਗੇ ਸਾਹਾਂ ਦੇ ਨੇ, ਤੋੜ ਕੇ ਪਾਸੇ ਹੋਵੀਂ ਨਾ।...

  • fb
  • twitter
  • whatsapp
  • whatsapp
Advertisement

ਓਮਕਾਰ ਸੂਦ ਬਹੋਨਾ

ਸਾਥੋਂ ਬੇਮੁਖ ਹੋਈਂ ਨਾ, ਦਿਲ ਦੇ ਬੂਹੇ ਢੋਈਂ ਨਾ,

Advertisement

ਤੇਰੇ ਬਾਝੋਂ ਅਸੀਂ ਇਕੱਲੇ, ਚੈਨ ਅਸਾਡਾ ਖੋਹੀਂ ਨਾ!

Advertisement

ਦਿਲ ਦੀ ਬਸਤੀ ਉੱਜੜ ਜਾਣੀ, ਪਿੱਛੋਂ ਬਹਿ ਕੇ ਰੋਵੀਂ ਨਾ,

ਕੱਚੇ ਧਾਗੇ ਸਾਹਾਂ ਦੇ ਨੇ, ਤੋੜ ਕੇ ਪਾਸੇ ਹੋਵੀਂ ਨਾ।

ਤੇਰੇ ਨਾਂ ਦੀ ਮਾਲਾ ਜਪੀਏ, ਨਫ਼ਰਤ ਦਾ ਬੀਅ ਬੋਈਂ ਨਾ,

ਪਿਆਰ ਦਾ ਬੂਟਾ ਲਾ ਕੇ ਆਪੇ, ਨਾਲ ਤੇਜ਼ਾਬਾਂ ਧੋਈਂ ਨਾ।

ਹਰ ਇੱਕ ਧੜਕਣ ਤੇਰੇ ਨਾਂ, ਦਿਲ ਤੋਂ ਬੇਮੁਖ ਹੋਈਂ ਨਾ,

ਬਹਿ ਕੇ ਕੋਲ ‘ਬਹੋਨੇ’ ਦੇ, ਤੂੰ ਅੱਖੀਂਓਂ ਹੰਝੂ ਚੋਈਂ ਨਾ।

ਸੰਪਰਕ: 96540-36080

* * *

ਸੱਚ ਤੇ ਝੂਠ

ਅਮਰਜੀਤ ਸਿੰਘ ਫ਼ੌਜੀ

ਗੁਰੂਆਂ ਨੇ ਵੀ ਮੋਹਰ ਲਗਾ ਕੇ ਇਹੀਓ ਗੱਲ ਕਹੀ

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।

ਝੂਠ ਸਦਾ ਨਹੀਂ ਜਿਊਂਦਾ ਰਹਿੰਦਾ ਸੱਚ ਕਦੇ ਨਹੀਂ ਮਰਦਾ

ਝੂਠ ਭਾਵੇਂ ਬਲਵਾਨ ਵੀ ਹੋ ਜਾਏ ਪਰ ਸੱਚ ਦਾ ਪਾਣੀ ਭਰਦਾ।

ਦੁਨੀਆ ਦਾ ਕੁੱਲ ਝੂਠਾ ਬੰਦਾ ਨਾ ਜਿਊਂਦਾ ਨਾ ਮਰਦਾ

ਸੱਚ ਦੀ ਜਿੱਤ ਯਕੀਨੀ ਹੋ ਜਾਏ ਝੂਠ ਹਮੇਸ਼ਾ ਹਰਦਾ।

ਝੂਠ ਕਹਿੰਦਾ ਸੁਣ ਸੱਚ ਭਰਾਵਾ ਦੱਸਦਾ ਹਾਂ ਗੱਲ ਸੱਚੀ

ਜਿਹੜਾ ਮੇਰੇ ਧੱਕੇ ਚੜ੍ਹ ਜਾਏ ਓਹਦੀ ਬੇਇੱਜ਼ਤੀ ਪੱਕੀ।

ਕੀ ਗੱਭਰੂ ਕੀ ਬੁੱਢਾ ਠੇਰਾ, ਪਿਆਰ ਮੇਰੇ ਨਾਲ ਪਾਵੇ

ਕੋਈ ਮਗਰੋਂ ਮੂੰਹ ਨਾ ਲਾਉਂਦਾ, ਦਰ ਦਰ ਧੱਕੇ ਖਾਵੇ।

ਕਹਿੰਦਾ ਸੱਚ ਝੂਠ ਦੇ ਤਾਈਂ ਤੇਰੇ ਵੱਲੋਂ ਜੋ ਮੁੜ ਜਾਵੇ

ਹਰ ਥਾਂ ਉਹ ਸਤਿਕਾਰ ਹੀ ਪਾਵੇ, ਮੇਰੇ ਨਾਲ ਜੋ ਜੁੜ ਜਾਵੇ।

ਰੋਗ ਲੋਭ ਦਾ ਮੋਹ ਨਹੀਂ ਸਕਦਾ, ਮਗਰ ਮੇਰੇ ਜੋ ਤੁਰ ਜਾਵੇ

ਕਾਮ ਕ੍ਰੋਧ ਤੇ ਲੋਭ ਓਸ ਦਾ, ਵਾਂਗ ਲੂਣ ਦੇ ਖੁਰ ਜਾਵੇ।

ਝੂਠ ਸੱਚ ਨੂੰ ਆਖਣ ਲੱਗਾ ਤੈਥੋਂ ਕਾਹਦਾ ਪਰਦਾ

ਸੱਚਿਆਂ ਦੇ ਮੈਂ ਘਰੇ ਨਹੀਂ ਵੜਦਾ, ਤੇਰੇ ਕੋਲੋਂ ਡਰਦਾ

ਪਰ ਦੁਨੀਆ ਦਾ ਕੁੱਲ ਝੂਠਾ ਬੰਦਾ, ਮੇਰਾ ਪਾਣੀ ਭਰਦਾ।

ਸਾਰੇ ਰਾਜ ਝੂਠ ਦਾ ਹੀ ਹੋਵੇ, ਇਹ ਮੇਰਾ ਦਿਲ ਕਰਦਾ।

ਰਾਜ ਹਮੇਸ਼ਾ ਸੱਚ ਦਾ ਰਹਿਣਾ, ਕਹਿ ਗਏ ਲੋਕ ਸਿਆਣੇ

ਸੱਚ ਦੇ ਰਾਜ ਵਿੱਚ ਛੋਟਾ ਵੱਡਾ, ਹਰ ਕੋਈ ਖ਼ੁਸ਼ੀਆਂ ਮਾਣੇ।

ਸਭ ਨੂੰ ਖੱਜਲ ਖੁਆਰ ਹੈ ਕਰਨਾ ਇਹ ਝੂਠ ਦੀ ਨੀਤੀ।

ਸੱਚੇ ਸੁੱਚੇ ਬਦਲ ਦੇਣਗੇ, ਇਹ ਤੇਰੀ ਬਦਨੀਤੀ।

ਸੱਚ ਪੁਰਾਣਾ ਹੁੰਦਾ ਨਹੀਉਂ, ਸੀਤਾ ਕਦੇ ਨਾ ਪਾਟੇ

ਜਿਹੜਾ ਸੱਚ ’ਤੇ ਚੱਲਦਾ ਜਾਵੇ, ਪੂਰੇ ਹੋ ਜਾਣ ਘਾਟੇ।

ਫ਼ੌਜੀ ਕਹਿੰਦਾ ਸੱਚ ’ਤੇ ਚੱਲੋ, ਬਣ ਕੇ ਰਹੋ ਸਿਆਣੇ

ਇਹਦੇ ਨਾਲ ਹੀ ਭਲਾ ਸਰਬੱਤ ਦਾ, ਹੋ ਜਾਊ ਤੇਰੇ ਭਾਣੇ।

ਸੰਪਰਕ: 94174-04804

* * *

ਗ਼ਜ਼ਲ

ਮੁਹੰਮਦ ਅੱਬਾਸ ਧਾਲੀਵਾਲ

ਝੂਠ ਦੇ ਚਿਹਰੇ ਮੈਂ ਸਾਰੇ ਦੇਖਦਾਂ,

ਹਰ ਮੋੜ ’ਤੇ ਸੱਚ ਨੂੰ ਹਾਰੇ ਦੇਖਦਾਂ।

ਭੁੱਖ ਦੇ ਹੱਥੋਂ ਜੋ ਬੱਚੇ ਮਰ ਰਹੇ,

ਖ਼ਾਬ ਉਨ੍ਹਾਂ ਦੇ ਕੁਆਰੇ ਦੇਖਦਾਂ।

ਨਿਆਂ ਦੇ ਦਰ ’ਤੇ ਹੈ ਖ਼ਾਮੋਸ਼ੀ ਬੜੀ,

ਫ਼ੈਸਲੇ ਪਹਿਲਾਂ ਹੀ ਸਾਰੇ ਦੇਖਦਾਂ।

ਵੇਚਦੇ ਜ਼ਮੀਰ ਕੁਰਸੀ ਵਾਸਤੇ,

ਲੋਕ ਖ਼ੁਦ ਤੋਂ ਹੀ ਨਿਆਰੇ ਦੇਖਦਾਂ।

ਨਫ਼ਰਤਾਂ ਦੇ ਮਹੱਲ ਉਸਾਰੇ ਜਾ ਰਹੇ,

ਪਿਆਰ ਦੇ ਢੱਠੇ ਚੁਬਾਰੇ ਦੇਖਦਾਂ।

ਰੋਜ਼ ਹੀ ਮਜ਼ਦੂਰਾਂ ਦੇ ਮੱਥੇ ’ਤੇ ਮੈਂ,

ਧੁੱਪ ਦੇ ਬਲਦੇ ਸ਼ਰਾਰੇ ਦੇਖਦਾਂ।

ਹੱਕ ਦੀਆਂ ਗੱਲਾਂ ਜੋ ਕਰਦੇ ਨੇ ਇੱਥੇ,

ਰਾਹ ਵਿੱਚ ਉਨ੍ਹਾਂ ਦੇ ਅੰਗਿਆਰੇ ਦੇਖਦਾਂ।

ਹਾਕਮ ਲੁੱਟ ਕੇ ਲੋਕਾਂ ਦੇ ਹੱਕ ਇੱਥੇ,

ਫਿਰ ਵੀ ਬਣਦੇ ਨੇ ਵਿਚਾਰੇ ਦੇਖਦਾਂ।

ਕੌਮ ਦੇ ਨਾਂ ’ਤੇ ਸਿਆਸਤ ਖੇਡਦੇ,

ਰੋਜ਼ ਹੀ ਮੈਂ ਇਹ ਨਜ਼ਾਰੇ ਦੇਖਦਾਂ।

ਜ਼ੁਲਮ ਦੀ ਆਰੀ ਦੇ ਹੇਠਾਂ ਜ਼ਿੰਦਗੀ,

ਦਰਦ ਦੇ ਉੱਠਦੇ ਫੁਹਾਰੇ ਦੇਖਦਾਂ।

ਜੋ ਕਰਦੇ ਸੀ ਅੰਬਰਾਂ ਦੀਆਂ ਗੱਲਾਂ,

ਅੱਜ ਧਰਤੀ ’ਤੇ ਮੈਂ ਭਾਰੇ ਦੇਖਦਾਂ।

ਰੋਜ਼ ਅਖ਼ਬਾਰਾਂ ’ਚ ਵਿਕਦਾ ਹੈ ਅਮਨ,

ਖ਼ੂਨ ਨਾਲ ਲਿਖੇ ਇਸ਼ਾਰੇ ਦੇਖਦਾਂ।

ਮਹਿਲਾਂ ਵਿੱਚ ਹਨ ਐਸ਼ ਦੇ ਮੇਲੇ,

ਕੁੱਲੀਆਂ ਦੇ ਬੁਝੇ ਸਿਤਾਰੇ ਦੇਖਦਾਂ।

ਮੈਂ ‘ਅੱਬਾਸ’ ਕਦੀ ਕਲਮ ਨਾ ਵੇਚੀ,

ਇਸ ਲਈ ਚਿਹਰੇ ਉਤਾਰੇ ਦੇਖਦਾਂ।

ਸੰਪਰਕ: 98552-59650

* * *

ਮੁਹੱਬਤ ਦਾ ਬੂਟਾ

ਮੋਹਨ ਸ਼ਰਮਾ

ਦੋਸਤ ਦੇ ਦਰ ’ਤੇ

ਦੂਸ਼ਿਤ ਸੋਚਾਂ ਨਾਲ

ਦਸਤਕ ਨਹੀਂ ਦਿੱਤੀ ਜਾਂਦੀ।

ਪਾਕੀਜ਼ਗੀ ਦਾ ਪੱਲਾ

ਘੁੱਟ ਕੇ ਫੜਦਿਆਂ

ਪੋਲੀ ਜਿਹੀ ਦਸਤਕ

ਨਾਲ ਹੀ

ਦਰ ਤੋਂ ਆਉਂਦੀ

ਸੁਖਾਵੀਂ ਜਿਹੀ ਆਮਦ ਦੀ

ਆਹਟ ਨਾਲ

ਆਪਣਾ ਆਪ

ਸੁਗੰਧਿਤ ਹੋ ਉਠਦਾ ਹੈ।

ਆਪਣੇ ਪਿਆਰੇ ਨੂੰ

ਸ਼ਿਕਵੇ, ਨਿਹੋਰੇ

ਦਿੱਤੇ ਜਾ ਸਕਦੇ ਨੇ

ਪਰ ਸ਼ਿਕਵਿਆਂ ਤੇ ਨਿਹੋਰਿਆਂ ’ਚ

ਬੇਗਾਨਗੀ ਦਾ ਨਹੀਂ

ਸਗੋਂ ਅਪਣੱਤ ਦਾ

ਅਹਿਸਾਸ ਹੋਣਾ ਚਾਹੀਦੈ।

ਇੰਝ ਕਰਦਿਆਂ

ਮਨ ਦੀ ਕੋਮਲ ਤਲੀ ’ਤੇ

ਉੱਕਰੀ ਮੁਹੱਬਤ ਦੀ ਲਕੀਰ

ਮੱਧਮ ਨਹੀਂ ਪੈਂਦੀ

ਸਗੋਂ ਮਹਿੰਦੀ ਦੇ ਰੰਗ ਵਾਂਗ

ਹੋਰ ਗੂੜ੍ਹੀ ਹੋ ਜਾਂਦੀ ਹੈ।

ਬਸ, ਸੋਚਾਂ ’ਤੇ ਬੇਗਾਨਗੀ,

ਬੇਰੁਖ਼ੀ ਅਤੇ ਬੇਵਫ਼ਾਈ ਦੇ ਛਿੱਟੇ ਨਹੀਂ ਪੈਣੇ ਚਾਹੀਦੇ।

ਇੰਜ ਮੋਹ ਦਾ ਬੂਟਾ

ਕਈ ਵਾਰ ਜੜ੍ਹਾਂ ਤੋਂ ਹੀ

ਉੱਖੜ ਜਾਂਦਾ ਹੈ।

ਸੰਪਰਕ: 94171-48866

* * *

ਸਦਕੇ ਮੈਂ ਪੰਜਾਬ ਦੇ

ਕਮਲਜੀਤ ਕੌਰ ਕਮਲ

ਇੱਕ ਰਾਹ ਜਾਂਦੇ ਹੋਏ ਰਾਹੀ ਨੂੰ ਮੈਂ ਰੋਕ ਖੜ੍ਹਾਇਆ,

ਫੇਰ ਮੈਂ ਪੁੱਛਿਆ ਉਸ ਤੋਂ, ਤੂੰ ਕਿੱਥੋਂ ਆਇਆ?

ਆਖਿਆ ਉਸ ਨੇ ਹੱਸ ਕੇ, ਮੈਂ ਅਰਸ਼ੋਂ ਆਇਆ,

ਮਹਿਮਾ ਸੁਣ ਪੰਜਾਬ ਦੀ, ਮੈਂ ਵੇਖਣ ਆਇਆ।

ਮੈਂ ਸੁਣਿਆ ਵਿੱਚ ਪੰਜਾਬ ਦੇ ਅੰਨ ਦੇ ਭੰਡਾਰੇ,

ਖਿੜੇ ਰਹਿੰਦੇ ਇਸ ਧਰਤੀ ’ਤੇ ਫੁੱਲਾਂ ਦੇ ਕਿਆਰੇ।

ਕਿਰਤੀ ਕਾਮੇ ਲੋਕ ਨੇ ਮਿਹਨਤ ਦੀ ਖਾਂਦੇ,

ਭਾਈਚਾਰੇ ਦੀ ਲੋਰ ਵਿੱਚ ਸਭ ਸਦਾ ਹੀ ਰਹਿੰਦੇ।

ਗੱਭਰੂ ਤੇ ਮੁਟਿਆਰਾਂ ਦੇ ਜੋਬਨ ਨੇ ਸੋਂਹਦੇ,

ਬਜ਼ੁਰਗ ਢਾਣੀਆਂ ਜੋੜ ਕੇ ਸੱਥਾਂ ਵਿੱਚ ਬਹਿੰਦੇ।

ਰਾਹੀ ਨੂੰ ਮੈਂ ਆਖਿਆ, ਤੂੰ ਸੱਚ ਸੁਣਾਇਆ,

ਪਰ ਮੇਰੇ ਉਸ ਪੰਜਾਬ ਨੇ ਹੁਣ ਰੰਗ ਵਟਾਇਆ

ਨਸ਼ੇ ਨੇ ਸਾਡੀ ਜਵਾਨੀ ਨੂੰ ਅੱਜ ਮਾਰ ਮੁਕਾਇਆ।

ਕਈ ਤਰ੍ਹਾਂ ਦੇ ਰੂਪ ਨੇ, ਹੁਣ ਪੰਜਾਬ ’ਚ ਵੱਸਦੇ,

ਅੱਜ ਤਾਂ ਇੱਥੇ ਧੀਆਂ ’ਤੇ, ਤੇਜ਼ਾਬ ਨੇ ਸੁੱਟਦੇ।

ਜਿਊਂਦੇ ਜੀਅ ਦਫ਼ਨਾਉਣ ਲਈ ਡੂੰਘੇ ਟੋਏ ਪੁੱਟਦੇ,

ਕੁਝ ਬਣ ਕੇ ਰਾਖੇ ਦੇਸ਼ ਦੇ ਲੋਕਾਂ ਨੂੰ ਲੁੱਟਦੇ।

ਤੈਨੂੰ ਦੱਸ ਅੱਜ ਹੋਰ ਕੀ? ਮੈਂ ਆਖ ਸੁਣਾਵਾਂ

ਉਸ ਪਿਆਰੇ ਪੰਜਾਬ ਨੂੰ ਕਿੱਥੋਂ ਮੋੜ ਲਿਆਵਾਂ?

ਖ਼ੁਸ਼ੀਆਂ ਖੇੜਿਆਂ ਵਾਲੀਆਂ, ਜਿੱਥੇ ਸਨ ਬਹਾਰਾਂ,

ਸਦਕੇ ਉਸ ਪੰਜਾਬ ਦੇ ਮੈਂ ਵਾਰੇ ਜਾਵਾਂ!

ਸਦਕੇ ਉਸ ਪੰਜਾਬ ਦੇ ਮੈਂ ਵਾਰੇ ਜਾਵਾਂ!

ਸੰਪਰਕ: 94786-22696

* * *

ਗ਼ਜ਼ਲ

ਅਮਰਪ੍ਰੀਤ ਸਿੰਘ

ਜੇ ਜ਼ਿੰਦਾ ਹੋ ਤਾਂ ਫਿਰ ਸੱਚ ਨੂੰ ਬੋਲ ਦਿਖਾਓ

ਅੱਤਿਆਚਾਰ ਖ਼ਿਲਾਫ਼ ਰਲ਼ ਆਵਾਜ਼ ਉਠਾਓ।

ਮੌਤ ਅਖੀਰ ’ਚ ਮਿਲਣੀ ਸਭ ਨੂੰ ਤਾਂ ਇੱਕ ਦਿਨ,

ਚੁੱਪ ਰਹਿ ਕੇ ਘੁਟ ਘੁਟ ਕੇ ਹੁਣ ਨਾ ਮਰਦੇ ਜਾਓ।

ਹੱਕ ਮੰਗਣ ’ਤੇ ਮਿਲਦੀ ਜੇ ਲਾਠੀ ਤੇ ਗੋਲੀ,

ਐਸੇ ਨੇਤਾ ਦਾ ਨਾ ਮੁੜ ਤੋਂ ਰਾਜ ਲਿਆਓ।

ਮੁਫ਼ਤ ਮਿਲੂ ਸਭ ਕੁਝ ਪਰ ਨਾ ਰੁਜ਼ਗਾਰ ਮਿਲੇਗਾ,

ਲਾਲਚ ਵੱਸ ਹੋ ਕੇ ਅਣਖਾਂ ਨਾ ਮਾਰ ਮੁਕਾਓ।

ਤਕੜੇ ਕੋਲੋਂ ਡਰਦੇ ਪਰ ਮਾੜੇ ਨੂੰ ਢਾਵਣ,

ਬੇਰੁਜ਼ਗਾਰ ਜਵਾਨਾਂ ਨੂੰ ਨਾ ਹੋਰ ਸਤਾਓ।

‘ਅਮਰ’ ਕਰੋ ਸਭ ਰਲ ਕੇ ਦੇਸ਼ ਲਈ ਹੀ ਸੇਵਾ,

ਹਿੰਮਤ, ਸਬਰ ਸਹਾਰੇ ਅਪਣਾ ਰਿਜ਼ਕ ਕਮਾਓ।

ਸੰਪਰਕ: 97791-91447

* * *

ਊਣਾ ਘੜਾ ਛਲਕਦਾ

ਜਸਪਾਲ ਸਿੰਘ ਜੌਲੀ

ਊਣਾ ਘੜਾ ਰਹਿੰਦਾ ਛਲਕਦਾ, ਮੁੱਲ ਭਰਿਆ ਪਾਵੇ

ਗੁਣੀ ਗਿਆਨੀ ਯਾਰੋ ਕਦੇ ਨਕਲੀ ਭੇਸ ਨਾ ਧਾਰੇ।

ਦੋ ਅੱਖਰ ਪੜ੍ਹ ਕੇ ਕਈਆਂ ਨੂੰ, ਝੂਠੀ ਰੰਗਤ ਚੜ੍ਹ ਜਾਵੇ

ਊਣਾ ਘੜਾ ਰਹਿੰਦਾ ਛਲਕਦਾ, ਮੁੱਲ ਭਰਿਆ ਪਾਵੇ।

ਜਿਨ੍ਹੀਂ ਕੀਤੀ ਘਾਲ ਕਮਾਈ, ਵੱਖਰੀ ਉਨ੍ਹਾਂ ਦੀ ਸ਼ਾਨ

ਢੋਲ ਪਿੱਟਣ ਦੀ ਲੋੜ ਨਾ ਪੈਂਦੀ, ਆਪੇ ਮਿਲਦਾ ਮਾਣ।

ਚੰਨ ਚੜਿ੍ਹਆ ਵੇਖ ਕੇ ਸਾਰਾ, ਜਹਾਨ ਝੁਕਦਾ ਆਵੇ

ਊਣਾ ਘੜਾ ਰਹਿੰਦਾ ਛਲਕਦਾ, ਮੁੱਲ ਭਰਿਆ ਪਾਵੇ।

ਗਿਆਨ ਤੋਂ ਕੋਰੇ ਦੇਣ ਲੱਗ ਜਾਣ, ਲੋਕਾਂ ਨੂੰ ਉਪਦੇਸ਼

ਖੋਖਲੇ ਬੋਲਾਂ ਅੱਗੇ ਯਾਰੋ, ਨਾ ਬਣਦਾ ਕੋਈ ਦਰਵੇਸ਼।

ਅਣਸੁਣਿਆ ਕਰ ਦਿੰਦੇ ਲੋਕ, ਜੋ ਝੂਠਾ ਗਿਆਨ ਸੁਣਾਵੇ

ਊਣਾ ਘੜਾ ਰਹਿੰਦਾ ਛਲਕਦਾ, ਮੁੱਲ ਭਰਿਆ ਪਾਵੇ।

ਕੋਇਲ ਸੁਰੀਲੇ ਬੋਲ ਬੋਲੇ, ਸਭ ਦੇ ਮਨ ਨੂੰ ਭਾਵੇ

ਕਾਂ ਖਰ੍ਹਵੇ ਸੁਰ ਸੁਣਾ ਕੇ, ਆਪਣਾ ਮਾਣ ਗੁਆਵੇ।

ਪਹਿਲਾਂ ਤੋਲੇ ਫਿਰ ਜੋ ਬੋਲੇ, ਉਹੀ ਸੁੱਘੜ ਕਹਾਵੇ,

ਊਣਾ ਘੜਾ ਰਹਿੰਦਾ ਛਲਕਦਾ, ਮੁੱਲ ਭਰਿਆ ਪਾਵੇ।

ਜਿੰਨਾ ਫਲਿਆ ਰੁੱਖ ਹੁੰਦਾ, ਓਨਾ ਹੀ ਜ਼ਿਆਦਾ ਝੁਕਦਾ

ਗਿਆਨ ਦੀ ਜੋਤ ਦਾ ਤੇਲ, ਕਦੇ ਨਹੀਂ ਯਾਰੋ ਮੁੱਕਦਾ।

‘ਜੌਲੀ’ ਅੰਦਰੋਂ ਜੋ ਭਰਪੂਰ ਹੋਵੇ, ਕਦੇ ਨਾ ਝੋਲੇ ਖਾਵੇ

ਊਣਾ ਘੜਾ ਰਹਿੰਦਾ ਛਲਕਦਾ, ਮੁੱਲ ਭਰਿਆ ਪਾਵੇ।

* * *

ਸੁਣ ਕੇ ਜਾਈਂ

ਸਿਮਰਜੀਤ ਕੌਰ ਗਰੇਵਾਲ

ਗੱਲ ਜ਼ਰੂਰੀ, ਸੁਣ ਕੇ ਜਾਈਂ,

ਉਹ ਵੀ ਪੂਰੀ, ਸੁਣ ਕੇ ਜਾਈਂ।

ਗ਼ੁਰਬਤ ਦੇ ਗਲਿਆਰੇ ਵਿਚਲੀ,

ਸਿਦਕ, ਸਬੂਰੀ, ਸੁਣ ਕੇ ਜਾਈਂ।

ਫੋਕੇ ਬੰਦੇ ਕਰਦੇ ਫ਼ਿਰਦੇ,

ਜੋ ਮਸ਼ਹੂਰੀ, ਸੁਣ ਕੇ ਜਾਈਂ।

ਰੋਜ਼ੀ ਖ਼ਾਤਰ ਦੂਰ ਗਏ ਦੀ,

ਕੀ ਮਜਬੂਰੀ, ਸੁਣ ਕੇ ਜਾਈਂ।

ਪੋਹ ਦੀ ਰੁੱਤੇ ਲੈਂਦਾ ਹੈ ਜੋ,

ਪਾਟੀ ਭੂਰੀ, ਸੁਣ ਕੇ ਜਾਈਂ।

ਲੱਗ ਗਈ ਜੋ ਦਿਲ ਦੇ ਖੂੰਜੇ,

ਰੀਝ ਅਧੂਰੀ, ਸੁਣ ਕੇ ਜਾਈਂ।

ਸਹਿਣੀ ਪੈਂਦੀ ਨਿੱਤ ਕਿਸੇ ਨੂੰ,

ਜਿਹੜੀ ਘੂਰੀ, ਸੁਣ ਕੇ ਜਾਈਂ।

ਤਰਸ ਗਿਆ ਪਰ ਖਾ ਨਾ ਸਕਿਆ,

ਜਿਹੜਾ ਚੂਰੀ, ਸੁਣ ਕੇ ਜਾਈਂ।

ਜਿਸ ਦੇ ਲੇਖੀਂ ਆਏ ਨਾਹੀਂ,

ਦਿਨ ਅੰਗੂਰੀ, ਸੁਣ ਕੇ ਜਾਈਂ।

ਤੁਰ ਨਾ ਸਕਦਾ ਇੱਕ ਕਦਮ ਜੋ,

ਬਿਨ ਮਨਜ਼ੂਰੀ, ਸੁਣ ਕੇ ਜਾਈਂ।

‘ਸਿਮਰ’ ਕਦੇ ਵੀ ਛੱਡ ਸਕੀ ਨਾ,

ਕਿਉਂ ਮਗ਼ਰੂਰੀ, ਸੁਣ ਕੇ ਜਾਈਂ।

ਸੰਪਰਕ: 98151-98121

* * *

ਗ਼ਜ਼ਲ

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’

ਧੌਣ ਰਹੀ ਨਾ ਧੜ ’ਤੇ, ਚੜ੍ਹ ਕੇ ਆਏ ਰਾਠ ਨਵਾਬੀ ਦੇ

ਗ਼ੈਰਤ ਵੱਲ ਉਠਾਈ ਉਂਗਲ਼, ਜਿਹਨੇ ਵੱਲ ਪੰਜਾਬੀ ਦੇ।

ਸ਼ੇਰ ਦਹਾੜਨ ਜਦ ਖੜ੍ਹ ਕੇ, ਭਾਜੜ ਜੰਗਲ ਵਿੱਚ ਪੈ ਜਾਂਦੀ

ਫਸਦੇ ਪੈਰ ਨਹੀਂ ਭਾਜੜ ਵਿੱਚ, ਤਿੱਲੇਦਾਰ ਰਕਾਬੀ ਦੇ।

ਕੌਮ ਜੁਝਾਰੂ ਪੰਜਾਬੀ ਨੂੰ, ਵੰਡ ਗਏ ਜਾਤਾਂ ਵਿੱਚ ਵੈਰੀ

ਸ਼ਾਨੋ-ਸ਼ੌਕਤ, ਕਰ ‘ਤੇ ਮਿੱਟੀ, ਰੰਗ ਗੁਲਾਬ ਗੁਲਾਬੀ ਦੇ।

ਪੱਥਰ ਵਿੱਚ ਸਜਾ ‘ਤਾ, ਰੱਬੀ ਪ੍ਰਕਾਸ਼ ਬ੍ਰਹਿਮੰਡਾਂ ਦਾ

ਪੁੱਠੀ ਖੱਲ ਲੁਹਾ ਪਾ ‘ਤੇ ਫਾਹੇ, ਸੋਚ ਇਨਕਲਾਬੀ ਦੇ।

ਲਹਿੰਦਾ-ਚੜ੍ਹਦਾ ਇੱਕ ਹੀ ਸੂਰਜ, ਦਰਿਆਵਾਂ ਦਾ ਪੁੱਤਰ ਹੈ

ਸੁਰ-ਸਰਗਮ ਸੁਣ ਲੈ ਚਾਹੇ, ਮਰਦਾਨੇ ਯਾਰ ਰਬਾਬੀ ਦੇ।

ਕਿਰਦਾਰ ਨਹੀਂ ਹੁੰਦੇ ਬੇਨਸਲੇ, ਬਾਅਦਬ ਲੋਕਾਂ ਦੇ

‘ਬਾਲੀ’ ਕਾਵਾਂਰੌਲੀ ਵਰਗੇ, ਜਾਣੋ ਕੌਲ ਸ਼ਰਾਬੀ ਦੇ।

ਸੰਪਰਕ: 94641-29168

* * *

Advertisement
×