DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ: ਮਿੱਟੀ ਹੋਣ ਤੋਂ ਪਹਿਲਾਂ

ਸਲੀਮ ਮੁਹੰਮਦ ਇਕਾਂਤ ਦੇ ਪਲਾਂ ਵਿੱਚ ਜਦ ਮੈਂ ਆਪਣੇ ਅੰਦਰ ਉਤਰਦਾ ਹਾਂ, ਇੱਕ ਅਣਜਾਣੀ, ਧੀਮੀ ਆਵਾਜ਼ ਮੇਰੀ ਹੋਂਦ ਨੂੰ ਝੰਜੋੜ ਜਾਂਦੀ ਹੈ। ਉਹ ਪੁੱਛਦੀ ਹੈ- ਕੀ ਤੂੰ ਇਸ ਜਹਾਨ ’ਤੇ ਐਵੇਂ ਹੀ ਆਇਆ ਸੈਂ? ਕੀ ਤੇਰੀ ਸਿਰਜਣਾ ਕੇਵਲ ਤੇਰੇ ਲਈ...

  • fb
  • twitter
  • whatsapp
  • whatsapp
Advertisement

ਸਲੀਮ ਮੁਹੰਮਦ

ਇਕਾਂਤ ਦੇ ਪਲਾਂ ਵਿੱਚ

Advertisement

ਜਦ ਮੈਂ ਆਪਣੇ ਅੰਦਰ ਉਤਰਦਾ ਹਾਂ,

Advertisement

ਇੱਕ ਅਣਜਾਣੀ, ਧੀਮੀ ਆਵਾਜ਼

ਮੇਰੀ ਹੋਂਦ ਨੂੰ ਝੰਜੋੜ ਜਾਂਦੀ ਹੈ।

ਉਹ ਪੁੱਛਦੀ ਹੈ-

ਕੀ ਤੂੰ ਇਸ ਜਹਾਨ ’ਤੇ ਐਵੇਂ ਹੀ ਆਇਆ ਸੈਂ?

ਕੀ ਤੇਰੀ ਸਿਰਜਣਾ ਕੇਵਲ ਤੇਰੇ ਲਈ ਹੀ ਹੋਈ ਸੀ?

ਕੀ ਤੂੰ ਆਪਣੀ ਸਿਰਜਣਾ ਦੇ ਮੂਲ ਮੰਤਵ ਤੋਂ

ਭਟਕ ਗਿਆ ਏਂ?

ਖੰਡ-ਖੰਡ ਹੋ ਰਹੀ ਮਨੁੱਖਤਾ ਦੇ ਸਾਹਮਣੇ

ਕੀ ਤੂੰ ਮੂਲ ਤਮਾਸ਼ਬੀਨ ਬਣਿਆ ਰਹੇਂਗਾ?

ਕੀ ਤੇਰਾ ਇਹ ਮੌਨ ਹੀ

ਤੇਰਾ ਅੰਤਿਮ ਉੱਤਰ ਹੋਵੇਗਾ?

ਤੂੰ ਤਾਂ ਆਇਆ ਸੈਂ

ਦਿਲਾਂ ਵਿੱਚ ਪੁਲ ਬੰਨ੍ਹਣ ਲਈ,

ਜਿਵੇਂ ਰੂਹ ਤੇ ਦੇਹ

ਇੱਕ ਦੂਜੇ ਬਿਨਾਂ ਅਧੂਰੇ ਹਨ।

ਪਰ ਤੂੰ ਆਪਣੀ ਹੀ ਹਉਮੈ ਦੇ ਜਾਲ ਵਿੱਚ

ਇੰਨਾ ਉਲਝ ਗਿਆ

ਕਿ ਤੂੰ ਆਪਣੇ ਆਦਿ-ਫ਼ਰਜ਼ ਨੂੰ ਹੀ

ਵਿਸਾਰ ਬੈਠਾ।

ਹਾਲੇ ਵੀ ਵੇਲਾ ਹੈ

ਅੰਤਰ-ਆਤਮਾ ਵਿੱਚ ਝਾਤੀ ਮਾਰ।

ਤੇਰੇ ਹਿਰਦੇ ਦੇ ਕਿਸੇ ਕੋਨੇ ਵਿੱਚ

ਮਨੁੱਖਤਾ ਅਜੇ ਵੀ ਸਾਹ ਲੈ ਰਹੀ ਹੋਵੇਗੀ।

ਲਾਲਚ, ਹੰਕਾਰ ਅਤੇ ਪਸ਼ੂਪੁਣੇ ਦੀ

ਜੰਮੀ ਹੋਈ ਧੂੜ ਨੂੰ ਝਾੜ ਸੁੱਟ

ਅਤੇ ਚੇਤਨਾ ਦੇ ਨੇਤਰਾਂ ਨਾਲ ਵੇਖ

ਹਰ ਸੀਨਾ ਇੱਕੋ ਤਾਲ ’ਤੇ ਧੜਕਦਾ ਹੈ,

ਹਰ ਨਾੜੀ ਵਿੱਚ ਇੱਕੋ ਹੀ ਲਹੂ ਵਹਿੰਦਾ ਹੈ।

ਕੀ ਕਿਸੇ ਵਿਧਵਾ ਦੀ ਚੀਸ

ਤੇਰੇ ਕੰਨਾਂ ਤੱਕ ਪਹੁੰਚਦੀ ਨਹੀਂ?

ਕੀ ਯਤੀਮ ਹੋਏ ਮਾਸੂਮ ਦੀ ਸਿਸਕੀ

ਤੇਰੀ ਛਾਤੀ ਨੂੰ ਵਿੰਨ੍ਹਦੀ ਨਹੀਂ?

ਕੀ ਭੁੱਖ ਨਾਲ ਵਿਲਕਦੇ ਬਾਲ ਦੀਆਂ ਅੱਖਾਂ ਵਿੱਚੋਂ

ਵਗਦੇ ਹੰਝੂ ਤੇਰਾ ਪੱਥਰ-ਦਿਲ ਪਿਘਲਾਉਂਦੇ ਨਹੀਂ?

ਜੇ ਨਹੀਂ, ਤਾਂ ਕੀ ਤੂੰ ਸੱਚਮੁੱਚ ਪੱਥਰ ਹੋ ਗਿਆ ਏਂ?

ਚੇਤੇ ਰੱਖ

ਇਸ ਫਾਨੀ ਜਹਾਨ ’ਤੇ ਲੱਖਾਂ ਆਏ ਤੇ ਚਲੇ ਗਏ,

ਅੰਤ ਸਭ ਦਾ ਮਿੱਟੀ ਹੈ।

ਤੇਰਾ ਅੰਤ ਵੀ ਭਿੰਨ ਨਹੀਂ।

ਇਸ ਲਈ ਨਿਕਲ ਆ ਤੂੰ

ਇਸ ਜਨੂੰਨੀ, ਦਿਸ਼ਾਹੀਣ ਭੀੜ ਵਿੱਚੋਂ।

ਨਫ਼ਰਤ ਦਾ ਚੋਲਾ ਉਤਾਰ,

ਪ੍ਰੇਮ ਦੇ ਨੂਰ ਦੀ ਪੁਸ਼ਾਕ ਧਾਰਨ ਕਰ।

ਉਸ ਅਵਸਥਾ ਤੱਕ ਪਹੁੰਚ,

ਜਿੱਥੇ ਵਿਛੋੜੇ ਦੀਆਂ ਦੀਵਾਰਾਂ ਢਹਿ ਚੁੱਕੀਆਂ ਹੋਣ,

ਜਿੱਥੇ ਵੰਡ ਦੀਆਂ ਲਕੀਰਾਂ ਮਿਟ ਚੁੱਕੀਆਂ ਹੋਣ,

ਜਿੱਥੇ ਹਰ ਜੀਅ ਦੂਜੇ ਦਾ ਹਮਦਰਦ ਹੋਵੇ,

ਅਤੇ ਹਰ ਹਿਰਦੇ ਵਿੱਚ ਪ੍ਰੇਮ ਦਾ ਅਖੰਡ ਦੀਵਾ ਜਗਦਾ ਹੋਵੇ।

ਇਹੀ ਸੀ ਉਹ ਧੁਰ ਦੀ ਆਵਾਜ਼,

ਜੋ ਮੈਨੂੰ ਬੋਧ ਦੇ ਕੇ

ਮੇਰੀ ਹੀ ਆਤਮਾ ਦੀਆਂ ਡੂੰਘੀਆਂ ਤਹਿਆਂ ਵਿੱਚ

ਫਿਰ ਅਲੋਪ ਹੋ ਗਈ।

ਹੁਣ ਮੈਂ ਨਿੱਤ ਉਸੇ ਧੁਨ ਦੀ ਭਾਲ ਵਿੱਚ ਹਾਂ,

ਕਿ ਉਹ ਫਿਰ ਪਰਤ ਆਵੇ,

ਮੇਰੀ ਸੋਚ ਨੂੰ ਪ੍ਰਕਾਸ਼ਮਾਨ ਕਰੇ

ਤਾਂ ਜੋ ਇਸ ਧਰਤੀ ’ਤੇ ਅਮਨ ਦਾ ਵਾਸਾ ਹੋਵੇ,

ਅਤੇ ਚਿੱਟੇ ਕਬੂਤਰ

ਸ਼ਿਕਰਿਆਂ ਦੇ ਭੈਅ ਤੋਂ ਮੁਕਤ ਹੋ ਕੇ

ਸਦੀਵੀ ਅਮਨ ਦਾ ਸੰਦੇਸ਼ ਲੈ ਕੇ

ਅਨੰਤ ਅਕਾਸ਼ ਵਿੱਚ ਉਡਦੇ ਰਹਿਣ ਸਦਾ।

ਸੰਪਰਕ: 98147-10358

* * *

ਆਤਮ-ਵਿਸ਼ਵਾਸ

ਬਚਿੱਤਰ ਜਟਾਣਾ

ਆਤਮਵਿਸ਼ਵਾਸ ਹੈ ਸਫ਼ਲਤਾ

ਇਹ ਹੌਸਲਾ ਦੇ ਮੰਜ਼ਿਲ ਵੱਲ ਵਧਾਵੇ।

ਇਸ ਤੋਂ ਬਿਨਾਂ ਬੰਦਾ ਕਦਮ ਨਾ ਪੁੱਟਦਾ

ਆਤਮ ਵਿਸ਼ਵਾਸ ਅੰਬਰੀਂ ਪੀਂਘ ਚੜ੍ਹਾਵੇ।

ਇਸ ਤੋਂ ਬਿਨਾਂ ਬੰਦਾ ਜੰਗ ਹਰ ਜਾਂਦਾ

ਆਸ ਦੇ ਰੁੱਖ ਦੇ ਪੱਤੇ ਸੁੱਕ ਜਾਂਦੇ ਸਾਰੇ।

ਇਹ ਹਾਰ ਨੂੰ ਜਿੱਤ ਵਿੱਚ ਬਦਲ ਦਿੰਦਾ

ਆਤਮ ਵਿਸ਼ਵਾਸੀ ਕਦੇ ਮਾਤ ਨਾ ਖਾਵੇ।

ਇਹ ਬੰਦੇ ਨੂੰ ਨਿਰਾਸ਼ ਨ੍ਹੀਂ ਹੋਣ ਦਿੰਦਾ

ਹੌਸਲਾ ਦੇਵੇ, ਕਦੇ ਬੰਦਾ ਡੋਲ ਨਾ ਜਾਵੇ।

ਬੁਰੇ ਵਕਤ ’ਚ ਵੀ ਬੰਦੇ ਨੂੰ ਦੇਵੇ ਦਲੇਰੀ

ਚੜ੍ਹਦੀ ਕਲਾ ’ਚ ਰਹੇ ਬੰਦਾ ਢੇਰੀ ਨਾ ਢਾਵੇ।

ਆਤਮ ਵਿਸ਼ਵਾਸ ਦੇ ਬਲ ’ਤੇ ਲੱਤਾਂ ਤੋਂ ਆਰੀ

ਉੱਚੀਆਂ-ਉੱਚੀਆਂ ਚੋਟੀਆਂ ਸਰ ਕਰ ਜਾਵੇ।

ਮੈਂ ਅੰਨ੍ਹੇ ਬੰਦੇ ਤੀਰ ਅੰਦਾਜ਼ੀ ਕਰਦੇ ਵੇਖੇ ਨੇ

ਅਰਜਨ ਵਾਂਗ ਮੱਛੀ ਦੀ ਅੱਖ ’ਚ ਨਿਸ਼ਾਨੇ ਲਾਵੇ।

ਈ-ਮੇਲ: bsjattana13@gmail.com

* * *

ਮਾਂ

ਸਰਿਤਾ ਤੇਜੀ

ਉਹ ਮਾਂ ਹੈ

ਬੁੱਕਲ

ਨਿੱਘ

ਤੇ ਅੱਪਣਤ ਮਾਂ ਹੈ।

ਨਿਰਸਵਾਰਥ

ਕੁਰਬਾਨੀ

ਤੇ ਮਮਤਾ ਮਾਂ ਹੈ।

ਜ਼ਿਕਰ

ਫ਼ਿਕਰ

ਤੇ ਕਰਤੱਵ ਮਾਂ ਹੈ

ਪਿਆਰ

ਮਨੁਹਾਰ

ਤੇ ਵਿਹਾਰ ਮਾਂ ਹੈ।

ਔਲਾਦ ਦੇ ਤਾਨੇ

ਆਪਣੇ ਬੇਗਾਨੇ

ਤੇ ਵਿਸ਼ਵਾਸ ਮਾਂ ਹੈ ।

ਸੰਪਰਕ: 96468-48766

* * *

ਗ਼ਜ਼ਲ

ਜਸਵਿੰਦਰ ਸਿੰਘ ਰੁਪਾਲ

ਬੇਚੈਨੀ ਤੇ ਘੋਰ ਉਦਾਸੀ,

ਨਿੱਤ ਫੈਲਦੀ ਜਾਏ ਕਿੱਦਾਂ ?

ਕਬਰੀਂ ਬੈਠਾ ਜੀਵਨ ਦਾ ਕੋਈ,

ਗੀਤ ਸੁਹਾਵਾਂ ਗਾਏ ਕਿੱਦਾਂ ?

ਢਿੱਡ ਦੀ ਅੱਗ ਜਵਾਨੀ ਤਾਈ,

ਦੇਸ਼ਾਂ ਤੋਂ ਪਰਦੇਸ ਲਿਆਈ,

ਚੋਗੇ ਖਾਤਰ ਸੈ ਕੋਹਾਂ ਤੋਂ,

ਸੋਚ ਪਰਿੰਦੇ ਆਏ ਕਿੱਦਾਂ ?

ਪੱਥਰ ਕੁੱਟ ਰਹੀ ਦਾ ਚਿਹਰਾ,

ਸਬਰ ਸ਼ੁਕਰ ਦੀ ਝਲਕ ਦਿਖਾਵੇ,

ਨੈਣਾਂ ਅੰਦਰ ਲੱਖਾਂ ਸੁਫ਼ਨੇ,

ਉਸ ਨੇ ਦੇਖ ਛੁਪਾਏ ਕਿੱਦਾਂ ?

ਬੁੱਢਾ ਬਾਪੂ ਸਮਝ ਸਕੇ ਨਾ,

ਲੁਕਵੀਂ ਸ਼ਕਤੀ ਮੰਡੀ ਵਾਲੀ

ਕਿੱਦਾਂ ਪਨੀਰੀ ਫੈਸ਼ਨ ਵਿੱਚ ਡੋਬੀ,

ਪੁੱਤ ਨਸ਼ੇ ’ਤੇ ਲਾਏ ਕਿੱਦਾਂ ?

ਭੁੱਖਾ ਤਨ ਤਾਂ ਪਿੰਜਰ ਹੋਇਆ,

ਦੇਖ ਹਾਲੇ ਤਕ ਰੂਹ ਜ਼ਿੰਦਾ ਹੈ।

ਮਾਸ ਖੋਰੀਆਂ ਗਿਰਝਾਂ ਨੂੰ ਪਰ,

ਦੇਖਾਂ ਕੋਈ ਬੁਲਾਏ ਕਿੱਦਾਂ ?

ਅੰਬਰ ਤੱਕ ਪਰਵਾਜ਼ ਭਰਾਂ ਮੈਂ,

ਬੱਦਲ ਡਾਢੇ ਨੀਵੇਂ ਰਹਿ ਗਏ

ਤੇਜ਼ ਗੜੇ ’ਤੇ ਝੱਖੜ ਮੈਨੂੰ,

ਦੱਸੋ ਰੋਕਾਂ ਪਾਏ ਕਿੱਦਾਂ ?

ਹਰ ਪਾਸੇ ਤੋਂ ਨਫ਼ਰਤ ਦਾ

ਨਿਤ ਧੂੰਆਂ ਉੱਪਰ ਉੱਠ ਰਿਹਾ ਹੈ

ਦੇਖ ‘ਰੁਪਾਲ’ ਇਹ ਸਾਂਝਾ ਵਿਰਸਾ,

ਦਿਲ ਚੋਂ ਦੱਸ ਭੁਲਾਏ ਕਿੱਦਾਂ ?

ਸੰਪਰਕ: 98147-15796

* * *

ਗ਼ਜ਼ਲ

ਗੁਰਪ੍ਰੀਤ ਸਿੰਘ ਬਿਲਿੰਗ

ਮਾਂ ਦੀ ਦੁਆ ਤੋਂ ਵੱਡੀ ਨਾ ਕੋਈ ਦਵਾ ਹੁੰਦੀ ਹੈ,

ਹਰ ਰੋਗ, ਹਰ ਜ਼ਖ਼ਮ ਦੀ ਉਹ ਹੀ ਸ਼ਿਫ਼ਾ ਹੁੰਦੀ ਹੈ।

ਜਦ ਧੁੱਪ ਸਿਰ ਤੋਂ ਲੰਘ ਕੇ ਰੂਹਾਂ ਤੱਕ ਪਹੁੰਚ ਜਾਵੇ,

ਮਾਂ ਦੀ ਹੀ ਯਾਦ ਤਪਦੇ ਰਾਹਾਂ ’ਚ ਛਾਂ ਹੁੰਦੀ ਹੈ।

ਮਨੁੱਖ ਭਾਵੇਂ ਹੋ ਜਾਵੇ ਵੱਡਾ, ਚਾਹੇ ਕਿੰਨੀ ਵੀ ਉਮਰ ਦਾ,

ਮਾਂ ਲਈ ਤਾਂ ਉਸ ਦੀ ਤਕਲੀਫ਼ ਸਜ਼ਾ ਹੁੰਦੀ ਹੈ।

ਸੱਜਣ, ਵਫ਼ਾਵਾਂ, ਰਿਸ਼ਤੇ, ਦੁਨੀਆ ਦੇ ਸਭ ਕਾਇਦੇ,

ਮਾਂ ਦੀ ਮੁਹੱਬਤ ਸਭ ਤੋਂ ਹੀ ਜੁਦਾ ਹੁੰਦੀ ਹੈ।

ਮਸਜਿਦਾਂ ਦੀ ਅਜ਼ਾਨ, ਮੰਦਿਰਾਂ ਵਿੱਚ ਹੁੰਦੀ ਆਰਤੀ,

ਮਾਂ ਦੀ ਸਦਾ ਵਿੱਚ ਸ਼ਾਮਿਲ ਹਰ ਇੱਕ ਦੁਆ ਹੁੰਦੀ ਹੈ।

ਪੈਰਾਂ ਦੇ ਹੇਠ ਜੰਨਤਾਂ ਦਾ ਜ਼ਿਕਰ ਇਉਂ ਹੀ ਨਹੀਂ,

ਧਰਤੀ ’ਤੇ ਮਾਂ ਹੀ ਰੱਬ ਦੀ ਮਰਜ਼ੀ ਤੇ ਰਜ਼ਾ ਹੁੰਦੀ ਹੈ।

ਦੁਨੀਆ ਦੀਆਂ ਸਭ ਜੰਗਾਂ, ਸਭ ਜਿੱਤਾਂ ਅਧੂਰੀਆਂ,

ਜਦ ਘਰ ’ਚ ਬੈਠੀ ਮਾਂ ਦੀ ਅੱਖ ਖ਼ਫ਼ਾ ਹੁੰਦੀ ਹੈ।

ਮਾਂ ਮਰ ਕੇ ਵੀ ਨਹੀਂ ਮਰਦੀ, ਹੈ ਗੱਲ ਇਹ ਸੱਚ,

ਔਲਾਦ ਦੇ ਸਾਹਾਂ ਵਿੱਚ ਉਹ ਬਣ ਕੇ ਸਾਹ ਜਿਊਂਦੀ ਹੈ।

ਸੰਪਰਕ: 75086-98066

* * *

ਉਹ ਕਿੱਸੇ

ਯਾਦਵਿੰਦਰ ਸਿੰਘ ਕਲੌਲੀ

ਤੇਰੇ ਜਾਣ ਮਗਰੋਂ, ਚੇਤੇ ਆਏ ਉਹ ਕਿੱਸੇ,

ਭੁੱਲੇ ਨਾ ਸਾਨੂੰ, ਕਈ ਵਾਰ ਭੁਲਾਏ ਉਹ ਕਿੱਸੇ।

ਉਮਰ ਦੇ ਤਜਰਬੇ, ਸਿਦਕਾਂ ਦੇ ਹਾਣੀ,

ਜੋ ਹਮੇਸ਼ਾ ਸਾਥ ਨਿਭਾਏ, ਤੇਰੇ ਉਹ ਕਿੱਸੇ।

ਝਿੜਕਾਂ ਚ ਪਿਆਰ,

ਖਾਲੀ ਖੀਸੇ ’ਚ ਲਭਦਾ ਸੀ ਸੰਸਾਰ,

ਹਰ ਪਗਡੰਡੀ ’ਤੇ ਚੇਤੇ ਆਏ, ਤੇਰੇ ਉਹ ਕਿੱਸੇ।

ਜਦ ਕਦੇ ਵੀ ਘੇਰਿਆ ਹਨੇਰਿਆਂ ਨੇ,

ਔਕੜ ਵੇਲੇ ਦੋਸਤ ਬਣ,

ਸਾਥ ਨਿਭਾਵਣ ਆਏ, ਤੇਰੇ ਉਹ ਕਿੱਸੇ

ਤੇਰੇ ਜਾਣ ਮਗਰੋਂ, ਚੇਤੇ ਆਏ ਉਹ ਕਿੱਸੇ।

ਸੰਪਰਕ: 81684-33853

* * *

ਗ਼ਜ਼ਲ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਅੱਜ ਗਵਾ ਕੇ ਕੱਲ੍ਹ ਵਾਸਤੇ ਭਟਕ ਰਿਹਾ ਹੈ ਬੰਦਾ,

ਸੂਲੀ ਉੱਤੇ ਜ਼ਿੰਦਾ ਵੇਖੋ ਲਟਕ ਰਿਹਾ ਹੈ ਬੰਦਾ।

ਖਾਹਸ਼ਾਂ ਅਤੇ ਤ੍ਰਿਸ਼ਨਾਵਾਂ ਨੇ ਪਾ ਕੇ ਰੱਖਿਆ ਘੇਰਾ,

ਗਰਜ਼ਾਂ ਦੇ ਇਹ ਪਿੰਜਰੇ ਪੈ ਕੇ ਖਟਕ ਰਿਹਾ ਹੈ ਬੰਦਾ।

ਖੁਸ਼ੀਆਂ ਵੰਡੇ ਜੀਵਨ ਦੇਵੇ ਰੋਂਦਿਆਂ ਤਾਈਂ ਹਸਾਵੇ,

ਕੈਸੀ ਗੱਲ ਹੈ ਪਰ ਇਸ ਰਾਹ ਤੋਂ ਭਟਕ ਰਿਹਾ ਹੈ ਬੰਦਾ।

ਪਰਬਤ ਤੋੜੇ, ਦਰਿਆਵਾਂ ’ਤੇ ਇਸ ਨੇ ਬੰਨ੍ਹ ਲਗਾਏ,

ਇਸੇ ਕਰਕੇ ਕੁਦਰਤ ਨੂੰ ਵੀ ਖਟਕ ਰਿਹਾ ਹੈ ਬੰਦਾ।

ਜ਼ਹਿਰਾਂ ਬੀਜੇ ਜ਼ਹਿਰਾਂ ਵੱਡੇ ਜ਼ਹਿਰਾਂ ਦੇ ਵਿੱਚ ਰਮਿਆ,

ਫਿਰ ਆਪੇ ਹੀ ਜ਼ਹਿਰ ਰੋਜ਼ਾਨਾ ਗਟਕ ਰਿਹਾ ਹੈ ਬੰਦਾ।

ਇਹ ਵੀ ਸੱਚ ਹੈ ਇਥੋਂ ਤੇਰੇ ਨਾਲ ਨਾ ਕੁਝ ਵੀ ਜਾਣਾ,

ਪਰ ‘ਪਾਰਸ’ ਇਹ ਸੱਚ ਨੂੰ ਵੇਖੋ ਝਟਕ ਰਿਹਾ ਹੈ ਬੰਦਾ।

ਚੋਰੀ, ਯਾਰੀ, ਠੱਗੀ-ਠੋਰੀ ਕਰਦਾ ਮੂਲ ਨਾ ਡਰਦਾ,

ਸੱਚ ਲੁਕਾ ਕੇ ਕਿੰਨਾ ਬਣ ਇਹ ਚਟਕ ਰਿਹਾ ਹੈ ਬੰਦਾ।

ਸੰਪਰਕ: 99888-11681

* * *

ਡੌਂਕੀ

ਪਰਮਜੀਤ ਸਿੰਘ ਰਾਜਗੜ੍ਹ

ਜ਼ਿੰਦਗੀ ਜੀਣ ਦਾ ਸਿੱਖ ਤਰੀਕਾ,

ਕੀ ਕਰਨਾ ਏ ਵਿੱਚ ਅਮਰੀਕਾ।

ਸਰ ਕਰਨਾ ਪਊ ਜੰਗਲ ਪਨਾਮਾ,

ਜਿਥੇ ਪਹਿਲਾਂ ਹੀ ਵਿਲਕਣ ਜਾਨਾਂ।

ਕਈ ਤਾਂ ਪਿੰਜਰ ਹੋ ਕੇ ਰਹਿ ਗਏ,

ਉਥੇ ਪੀ ਲਿਆ ਖ਼ੂਨ ਸ਼ੈਤਾਨਾਂ।

ਲੋਥਾਂ ਵਿੱਚੋਂ ਲੰਘਣਾ ਪੈਦਾ,

ਤਲੀ ’ਤੇ ਰੱਖ ਕੇ ਆਪਣੀਆਂ ਜਾਨਾਂ।

ਕਈ ਮੁੱਕਦੇ ਨੇ ਭੁੱਖੇ ਪਿਆਸੇ,

ਉਥੇ ਹਰ ਰਾਹ ਹੈ ਅਨਜਾਨਾ।

ਜਦੋਂ ਦਿਲ ’ਤੇ ਪੱਥਰ ਧਰ ਕੇ,

ਛੱਡ ਜਾਂਦੀਆਂ ਸਾਥ ਕਮਾਨਾਂ।

ਕਈ ਤੜਫ਼ ਤੜਫ਼ ਮਰ ਜਾਂਦੇ,

ਰੁਲ਼ ਖੁਲ ਕੇ ਫਿਰ ਨਿਕਲਣ ਜਾਨਾਂ।

ਆਪ ਡੁੱਬੇ ਜੱਗ ਪਰਲੋਂ ਆਵੇ,

ਸੱਚੀਆਂ ਹੋਣ ਅਖਾਣਾਂ।

ਡੌਂਕਰ ਨਹੀਂ ਦੈਤਾਂ ਦਾ ਤਾਂਡਵ,

ਜਿਵੇਂ ਕਰਦੀ ਮੌਤ ਮਸਾਣਾਂ।

‘ਪਰਮਜੀਤ’ ਡਾਲਰ ਦੇ ਸੁਫ਼ਨੇ,

ਆਪਣਾ ਆਪ ਹਰਾਨਾਂ।

ਥੋੜ੍ਹੀ ਖਾ ਇੱਜ਼ਤ ਦੀ ਖਾ ਲੈ,

ਕਿਉਂ ਜਿੰਦੜੀ ਨੂੰ ਕੁਰਲਾਉਂਦਾਂ।

ਸੰਪਰਕ: 98763-63722

* * *

Advertisement
×