ਕੇਦਾਰਨਾਥ ਸਿੰਘ ਦੀਆਂ ਕਵਿਤਾਵਾਂ

ਕੇਦਾਰਨਾਥ ਸਿੰਘ ਦੀਆਂ ਕਵਿਤਾਵਾਂ

- ਟ੍ਰਿਬਿਊਨ ਫਾਈਲ ਫ਼ੋਟੋ

ਕੇਦਾਰਨਾਥ ਸਿੰਘ ਦਾ ਨਾਂ ਹਿੰਦੀ ਸਾਹਿਤ ਦੇ ਉਨ੍ਹਾਂ ਕਵੀਆਂ ਵਿਚ ਸ਼ੁਮਾਰ ਹੁੰਦਾ ਹੈ ਜਿਨ੍ਹਾਂ ਨੇ ਹਿੰਦੀ ਕਵਿਤਾ ਨੂੰ ਇਕ ਨਵੀਂ ਬੁਲੰਦੀ ਅਤੇ ਇਕ ਨਵੇਂ ਮੁਕਾਮ ’ਤੇ ਪਹੁੰਚਾਇਆ। 1934 ਵਿਚ ਉੱਤਰ ਪ੍ਰਦੇਸ਼ ਦੇ ਚਕੀਆ ਪਿੰਡ ਵਿਚ ਜਨਮੇ ਕੇਦਾਰਨਾਥ ਸਿੰਘ ਦੇ ਹਿੰਦੀ ਵਿਚ ਅਨੇਕ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ ਜਿਨ੍ਹਾਂ ਵਿਚ ਅਭੀ ਬਿਲਕੁਲ ਅਭੀ, ਜ਼ਮੀਨ ਪਕ ਰਹੀ ਹੈ, ਯਹਾਂ ਸੇ ਦੇਖੋ, ਬਾਘ, ਅਕਾਲ ਮੈ ਸਾਰਸ, ਉੱਤਰ ਕਬੀਰ ਔਰ ਅਨ੍ਯ ਕਵਿਤਾਏਂ, ਤਾਲਸਤਾਏ ਔਰ ਸਾਈਕਲ, ਅਤੇ ਸ੍ਰਿਸ਼ਟੀ ਪਰ ਪਹਰਾ, ਚਰਚਿਤ ਰਹੇ। ਅਕਾਲ ਮੇਂ ਸਾਰਸ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਅਤੇ ਇਸ ਤੋਂ ਇਲਾਵਾ ਵਿਆਸ ਸਨਮਾਨ, ਤੇ ਗਿਆਨਪੀਠ ਪੁਰਸਕਾਰ ਵੀ ਪ੍ਰਾਪਤ ਹੋਏ। 18 ਮਾਰਚ 2018 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਸਾਹਿਤ ਅਕਾਦਮੀ ਦਿੱਲੀ ਵੱਲੋਂ ਉਨ੍ਹਾਂ ਦਾ ਕਾਵਿ ਸੰਗ੍ਰਹਿ ਅਕਾਲ ਮੇਂ ਸਾਰਸ ਪੰਜਾਬੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਜਿਸ ਦਾ ਅਨੁਵਾਦ ਅਮਰਜੀਤ ਕੌਂਕੇ ਨੇ ਕੀਤਾ।

ਮਾਂ ਬੋਲੀ

ਕੀੜੀਆਂ ਮੁੜਦੀਆਂ ਨੇ ਜਿਵੇਂ

ਖੁੱਡਾਂ ਦੇ ਵਿਚ

ਕਠਫੋੜਾ ਪਰਤਦਾ ਹੈ ਜਿਵੇਂ ਲੱਕੜ ਦੇ ਕੋਲ

ਜਹਾਜ਼ ਮੁੜ ਆਉਂਦੇ ਜਿਵੇਂ ਇਕ ਦੂਜੇ ਪਿੱਛੇ

ਲਾਲ ਅਸਮਾਨ ਵਿਚ ਖੰਭ ਫੈਲਾਈ

ਹਵਾਈ ਅੱਡਿਆਂ ’ਤੇ

ਐ ਮੇਰੀ ਭਾਸ਼ਾ

ਮੈਂ ਪਰਤਦਾ ਹਾਂ ਤੇਰੇ ਕੋਲ

ਜਦੋਂ ਚੁੱਪ ਰਹਿੰਦਿਆਂ

ਆਕੜ ਜਾਂਦੀ ਹੈ ਮੇਰੀ ਜੀਭ

ਦੁਖਣ ਲਗਦੀ ਹੈ

ਮੇਰੀ ਆਤਮਾ...

* * * * * * * * * * *

ਕੁਝ ਗੁਰ ਜਿਹੜੇ ਕਿਸੇ ਕਿਸਾਨ ਪਿਤਾ ਨੇ ਆਪਣੇ ਪੁੱਤਰ ਨੂੰ ਦੱਸੇ

- ਟ੍ਰਿਬਿਊਨ ਫਾਈਲ ਫ਼ੋਟੋ

ਮੇਰੇ ਪੁੱਤਰ

ਖੂਹ ਵਿਚ ਕਦੇ ਨਾ ਝਾਕੀਂ

ਜਾਵੀਂ ਪਰ ਉਸ ਪਾਸੇ ਕਦੇ ਨਾ ਜਾਵੀਂ

ਜਿਧਰ ਉੱਡੇ ਜਾ ਰਹੇ ਹੋਣ

ਕਾਲੇ ਕਾਲੇ ਕਾਂ

ਹਰਾ ਪੱਤਾ ਕਦੇ ਨਾ ਤੋੜੀਂ

ਤੇ ਜੇ ਤੋੜੇਂ ਵੀ ਤਾਂ ਇਸ ਤਰ੍ਹਾਂ

ਕਿ ਦਰਖਤ ਨੂੰ ਜ਼ਰਾ ਵੀ

ਹੋਵੇ ਨਾ ਪੀੜ

ਰਾਤ ਨੂੰ ਰੋਟੀ ਦੀ ਬੁਰਕੀ

ਜਦੋਂ ਵੀ ਤੋੜੇਂ

ਤਾਂ ਪਹਿਲਾਂ ਸਿਰ ਝੁਕਾ ਕੇ

ਕਣਕ ਦੇ ਬੂਟੇ ਨੂੰ

ਯਾਦ ਕਰ ਲਵੀਂ

ਜੇ ਕਦੇ ਲਾਲ ਕੀੜੀਆਂ ਦਿਸਣ

ਤਾਂ ਸਮਝੀਂ ਕਿ

ਹਨ੍ਹੇਰੀ ਆਉਣ ਵਾਲੀ ਹੈ

ਕਈ ਕਈ ਰਾਤਾਂ ਜੇ

ਨਾ ਸੁਣੇ ਕਦੇ ਗਿੱਦੜਾਂ ਦੀ ਅਵਾਜ਼

ਤਾਂ ਸਮਝ ਲਵੀਂ

ਕਿ ਬੁਰੇ ਦਿਨ ਆਉਣ ਵਾਲੇ ਨੇ

ਮੇਰੇ ਪੁੱਤਰ

ਕਦੇ ਬਿਜਲੀ ਦੇ ਵਾਂਗ ਨਾ ਡਿੱਗੀਂ

ਜੇ ਕਦੇ ਡਿੱਗ ਵੀ ਪਵੇਂ

ਤਾਂ ਘਾਹ ਵਾਂਗ ਫਿਰ ਉੱਗ ਪੈਣ ਦੇ ਲਈ

ਹਮੇਸ਼ਾ ਤਿਆਰ ਰਹੀਂ

ਕਦੇ ਹਨ੍ਹੇਰੇ ਵਿਚ

ਜੇ ਰਾਹ ਭੁੱਲ ਜਾਵੇਂ

ਤਾਂ ਧਰੂ ਤਾਰੇ ’ਤੇ ਨਹੀਂ

ਸਿਰਫ਼ ਦੂਰੋਂ ਆਉਂਦੀਆਂ

ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ’ਤੇ

ਭਰੋਸਾ ਕਰੀਂ

ਮੇਰੇ ਪੁੱਤਰ

ਬੁੱਧਵਾਰ ਨੂੰ ਉੱਤਰ ਕਦੇ ਨਾ ਜਾਵੀਂ

ਤੇ ਨਾ ਕਦੇ ਐਤਵਾਰ ਨੂੰ ਪੱਛਮ

ਤੇ ਸਭ ਤੋਂ ਵੱਡੀ ਗੱਲ ਮੇਰੇ ਪੁੱਤਰ

ਕਿ ਲਿਖ ਲੈਣ ਮਗਰੋਂ

ਇਨ੍ਹਾਂ ਸ਼ਬਦਾਂ ਨੂੰ

ਪੂੰਝ ਕੇ ਸਾਫ਼ ਕਰ ਦੇਵੀਂ

ਤਾਂ ਕਿ

ਕੱਲ੍ਹ ਨੂੰ ਜਦੋਂ ਸੂਰਜ ਚੜ੍ਹੇ

ਤਾਂ ਤੇਰੀ ਫੱਟੀ

ਰੋਜ਼ ਵਾਂਗ ਧੋਤੀ ਹੋਈ

ਤੇ ਸਾਫ਼ ਚਮਕਦੀ ਰਹੇ...

* * * * * * * * * * *

ਪੂੰਜੀ

ਸਾਰਾ ਸ਼ਹਿਰ ਛਾਨਣ ਮਗਰੋਂ

ਮੈਂ ਇਸ ਨਤੀਜੇ ’ਤੇ ਪਹੁੰਚਿਆ

ਕਿ ਇਸ ਇੰਨੇ ਵੱਡੇ ਸ਼ਹਿਰ ਵਿਚ

ਮੇਰੀ ਸਭ ਤੋਂ ਵੱਡੀ ਪੂੰਜੀ ਹੈ

ਮੇਰਾ ਚਲਦਾ ਹੋਇਆ ਸਾਹ

ਮੇਰੀ ਛਾਤੀ ਵਿਚ ਬੰਦ

ਮੇਰੀ ਨਿੱਕੀ ਜਿਹੀ ਪੂੰਜੀ

ਜਿਸਨੂੰ ਮੈਂ ਰੋਜ਼ ਥੋੜ੍ਹਾ ਥੋੜ੍ਹਾ

ਖਰਚ ਕਰ ਦਿੰਦਾ ਹਾਂ

ਕਿਉਂ ਨਾ ਇੰਜ ਹੋਵੇ

ਕਿ ਇਕ ਦਿਨ ਉੱਠਾਂ

ਤੇ ਉਹ ਜਿਹੜਾ ਭੂਰਾ ਜਿਹਾ

ਇਕ ਜਨ-ਬੈਂਕ ਹੈ

ਇਸ ਸ਼ਹਿਰ ਦੇ ਆਖਰੀ ਕੋਨੇ ’ਤੇ

ਇਸ ਨੂੰ ਉੱਥੇ ਜਮ੍ਹਾਂ ਕਰ ਆਵਾਂ

ਸੋਚਦਾ ਹਾਂ

ਉੱਥੇ ਮਿਲੇਗਾ ਜੋ ਵਿਆਜ਼

ਉਸ ਨਾਲ ਜਿਉਂ ਲਵਾਂਗਾ

ਠਾਠ ਨਾਲ

ਕਈ ਕਈ ਜੀਵਨ...

* * * * * * * * * * *

ਧੱਬਾ

ਸਵੇਰ ਤੋਂ ਪਿਆ ਹੈ

ਸੜਕ ਦੇ ਵਿਚਕਾਰ

ਲਾਲ ਚਮਕਦਾ ਖ਼ੂਨ ਦਾ ਧੱਬਾ

ਹੁਣ ਉਹ ਸੁੱਕ ਕੇ

ਲਾਲ ਤੋਂ ਭੂਰਾ

ਤੇ ਭੂਰੇ ਤੋਂ ਹੌਲੀ ਹੌਲੀ

ਕਾਲਾ ਹੁੰਦਾ ਜਾ ਰਿਹਾ ਸੀ

ਜਿਹੜਾ ਵੀ ਉਧਰ ਜਾਂਦਾ ਸੀ

ਦੇਖਦਾ ਸੀ ਧੱਬੇ ਨੂੰ

ਫੇਰ ਅੱਖ ਬਚਾ ਕੇ ਸੱਜਿਓਂ ਜਾਂ ਖੱਬਿਓਂ

ਅੱਗੇ ਨਿਕਲ ਜਾਂਦਾ ਸੀ

ਇਸੇ ਤਰ੍ਹਾਂ

ਦਿਨ ਭਰ ਹੱਥ ਚੁੱਕੀ

ਸੜਕ ’ਤੇ ਪਿਆ ਰਿਹਾ

ਖ਼ੂਨ ਦਾ ਧੱਬਾ

ਜਦੋਂ ਕੋਈ ਨਹੀਂ ਆਇਆ

ਤਾਂ ਦਿਨ ਭਰ ਦੀ ਤਪਸ਼ ਮਗਰੋਂ

ਉੱਤਰ ਆਈ ਰਿਮਝਿਮ ਬਾਰਿਸ਼

ਬਾਰਿਸ਼ ਧੱਬੇ ਦੇ ਕੋਲ ਗਈ

ਉਸ ਨੇ ਹੌਲੀ ਜਿਹੀ

ਧੱਬੇ ਨੂੰ ਛੂਹਿਆ

ਚੁੱਕਿਆ

ਤੇ ਗਲ ਨਾਲ ਲਾਇਆ

ਫੇਰ ਉਸ ਉਨੀ ਜਗ੍ਹਾ ਨੂੰ

ਜਿੱਥੇ ਪਿਆ ਸੀ ਧੱਬਾ

ਆਪਣੇ ਗਿੱਲੇ ਹੱਥਾਂ ਨਾਲ

ਰਗੜ ਰਗੜ ਕੇ ਧੋਤਾ

ਇਸ ਤਰ੍ਹਾਂ ਕਿੱਸਾ ਖਤਮ ਹੋਇਆ

ਇਕ ਖ਼ੂਨ ਦੇ ਧੱਬੇ ਦਾ

ਹੁਣ ਬਾਰਿਸ਼ ਖ਼ੁਸ਼ ਸੀ

ਕਿ ਧੋ ਦਿੱਤਾ ਉਸਨੇ

ਇਕ ਖ਼ੂਨ ਦੇ ਧੱਬੇ ਨੂੰ

ਤੇ ਧੱਬਾ ਖ਼ੁਸ਼ ਸੀ

ਕਿ ਜਿਵੇਂ ਉਹ ਸੜਕ ’ਤੇ

ਕਦੇ ਹੈ ਹੀ ਨਹੀਂ ਸੀ...

* * * * * * * * * * *

ਜਾਣਾ

ਮੈਂ ਜਾ ਰਹੀ ਹਾਂ -

ਉਸਨੇ ਕਿਹਾ

ਜਾਉ-

ਮੈਂ ਕਿਹਾ

ਇਹ ਜਾਣਦੇ ਹੋਏ

ਕਿ ਜਾਣਾ

ਹਿੰਦੀ ਦੀ ਸਭ ਤੋਂ

ਖ਼ੌਫ਼ਨਾਕ ਕਿਰਿਆ ਹੈ...

* * * * * * * * * * *

ਇਹ ਧਰਤੀ ਰਹੇਗੀ

ਮੈਨੂੰ ਯਕੀਨ ਹੈ

ਇਹ ਧਰਤੀ ਰਹੇਗੀ

ਜੇ ਕਿਤੇ ਹੋਰ ਨਹੀਂ ਤਾਂ

ਮੇਰੀਆਂ ਹੱਡੀਆਂ ਵਿਚ

ਇਹ ਰਹੇਗੀ ਜਿਵੇਂ ਬਿਰਖ ਦੇ

ਤਣੇ ਵਿਚ ਰਹਿੰਦੀ ਹੈ ਸਿਉਂਕ

ਜਿਵੇਂ ਦਾਣਿਆਂ ਵਿਚ ਰਹਿ ਲੈਂਦਾ ਹੈ ਘੁਣ

ਇਹ ਰਹੇਗੀ ਪਰਲੋ ਤੋਂ

ਬਾਅਦ ਵੀ ਮੇਰੇ ਅੰਦਰ

ਜੇ ਕਿਤੇ ਹੋਰ ਨਹੀਂ ਤਾਂ

ਮੇਰੀ ਜ਼ੁਬਾਨ

ਤੇ ਮੇਰੀ ਨਾਸ਼ਮਾਨਤਾ ਵਿਚ

ਇਹ ਰਹੇਗੀ

ਤੇ ਇਕ ਸਵੇਰ ਮੈਂ ਉਠਾਂਗਾ

ਮੈਂ ਉਠਾਂਗਾ ਧਰਤੀ ਸਮੇਤ

ਜਲ ਤੇ ਕਛੁਏ ਸਮੇਤ

ਮੈਂ ਉਠਾਂਗਾ

ਤੇ ਚਲ ਪਵਾਂਗਾ ਉਸਨੂੰ ਮਿਲਣ

ਜਿਸ ਨਾਲ ਵਾਅਦਾ ਹੈ

ਕਿ ਮਿਲਾਂਗਾ...

* * * * * * * * * * *

ਕੂੜਾ

ਜਦੋਂ ਸੜਕਾਂ ’ਤੇ

ਆਵਾਜਾਈ ਸੀ

ਤੇ ਹਵਾ ਵਿਚ

ਮੌਸਮ ਦੇ ਬਦਲ ਜਾਣ ਦੀ

ਹਲਕੀ ਜਿਹੀ ਗਰਮਾਹਟ

ਉਹ ਵਿਆਕੁਲ

ਤੇ ਦੁਖੀ ਦਿਲ ਨਾਲ

ਕ੍ਰੋਧ ਵਿਚ ਥਰ ਥਰ ਕੰਬਦਾ

ਫ਼ਰਸ਼ ’ਤੇ ਖੜ੍ਹਾ ਸੀ

ਤੇ ਕਮਰੇ ਦੀਆਂ ਚੀਜ਼ਾਂ ਉੱਤੇ

ਬੱਦਲਾਂ ਵਾਂਗ ਵਰ੍ਹ ਰਿਹਾ ਸੀ

ਸਭ ਤੋਂ ਪਹਿਲਾਂ

ਉਸਨੇ ਤੋੜ ਦਿੱਤੇ ਸ਼ੀਸ਼ੇ

ਫੇਰ ਸ਼ੀਸ਼ੇ ਦੇ ਟੁਕੜਿਆਂ ਵਿਚ

ਆਪਣੇ ਖਿੰਡੇ ਹੋਏ ਚੇਹਰੇ ਨੂੰ

ਕਰ ਦਿੱਤਾ ਚੂਰੋ ਚੂਰ

ਉਸ ਨੇ ਫੁੱਲਦਾਨ ਚੁੱਕਿਆ ਤੇ

ਵਗਾਹ ਕੇ ਮਾਰਿਆ ਥੱਲੇ

ਕੈਲੰਡਰ ਦੀਆਂ ਤਰੀਕਾਂ ਨੂੰ

ਚੀਰ ਫਾੜ ਦਿੱਤਾ

ਕੁਰਸੀਆਂ ਚੁੱਕ ਚੁੱਕ ਕੇ

ਸੁੱਟਣ ਲੱਗਿਆ ਬਾਹਰ

ਮੈਨੂੰ ਲੱਗਿਆ ਕਿ

ਹੁਣ ਉਹ ਮੰਨੇਗਾ ਨਹੀਂ

ਜਿੱਥੋਂ ਤਕ ਪਹੁੰਚੇਗਾ ਉਸਦਾ ਹੱਥ

ਉਹ ਦੁਨੀਆਂ ਦੀ

ਇੱਕ ਇੱਕ ਕੀਮਤੀ

ਤੇ ਚਮਕਦੀ ਚੀਜ਼ ਨੂੰ

ਤੋੜਦਾ ਤੁਰਿਆ ਜਾਵੇਗਾ

ਮੈਂ ਸੋਚਣ ਲੱਗਿਆ

ਕੀ ਗੱਲ ਹੈ ਆਖਿਰ

ਕੀ ਉਹ ਡਰ ਗਿਆ ਹੈ

ਜਾਂ ਦੁਨੀਆਂ ਵਿਚ ਹੀ

ਏਨਾ ਜ਼ਿਆਦਾ ਕੂੜਾ

ਭਰ ਗਿਆ ਹੈ

* * * * * * * * * * *

ਪਸ਼ੂ ਮੇਲਾ

ਕੱਤੇ ਦੀ ਸ਼ਾਮ

ਟਰੱਕ ਜਾ ਰਹੇ ਹਨ

ਟਰੱਕਾਂ ਵਿਚ ਲੱਦੇ ਹੋਏ ਨੇ ਬਲਦ

ਵਿਕਣ ਲਈ ਜਾ ਰਹੇ ਨੇ

ਪਸ਼ੂਆਂ ਦੇ ਮੇਲੇ ਵਿਚ

ਦੂਰ ਪੰਜਾਬ ਤੋਂ ਆ ਰਹੇ ਨੇ

ਲੰਬੇ-ਗੱਠੇ ਹੋਏ

ਤਾਕਤਵਰ ਬਲਦ

ਵਿਕਣਗੇ ਮੇਲੇ ਵਿਚ

ਘੋੜਿਆਂ ਦੇ ਮੁੱਲ

ਕਿੰਨਾ ਅਜੀਬ ਹੈ

ਕਿ ਬਲਦਾਂ ਨੂੰ

ਮੇਲੇ ਦੀ ਸ਼ਾਮ ਨੇ

ਸੁੰਦਰ ਲਿਸ਼ਕਦੇ

ਘੋੜਿਆਂ ਵਿਚ ਬਦਲ ਦਿੱਤਾ ਹੈ

ਧੂੜ ਵਿਚ ਡੁੱਬਿਆ

ਭੱਜਿਆ ਜਾ ਰਿਹਾ ਹੈ ਟਰੱਕ

ਟਰੱਕ ਨੂੰ ਜਲਦੀ ਹੈ

ਮੇਲੇ ਵਿਚ ਪਹੁੰਚਣ ਦੀ

ਟਰੱਕ ਵਿਚ ਖੜ੍ਹੇ ਨੇ ਬਲਦ

ਥੱਕੇ ਹੋਏ

ਅੱਕੇ ਹੋਏ

ਚੁੱਪਚਾਪ ਦੇਖਦੇ

ਦੂਰ ਪੰਜਾਬ ਤੋਂ ਆ ਰਹੇ ਨੇ

ਸਿਰਫ਼ ਕਦੇ ਕਦੇ

ਟਰੱਕ ਦੇ ਹਿੱਲਣ ਨਾਲ

ਵੱਜ ਪੈਂਦੀ ਹੈ

ਬਲਦਾਂ ਦੇ ਗਲੇ ਦੀ ਘੰਟੀ

ਫੇਰ ਇਕ ਬਲਦ

ਤ੍ਰਭਕ ਕੇ

ਦੇਖਦਾ ਹੈ ਦੂਜੇ ਨੂੰ

ਜਿਵੇਂ ਪੁੱਛਦਾ ਹੋਵੇ

“ਭਰਾਵਾ

ਮੇਲਾ ਅਜੇ ਕਿੰਨੀ ਕੁ ਦੂਰ ਹੈ?”

* * * * * * * * * * *

ਬਣ ਰਿਹਾ ਘਰ

- ਟ੍ਰਿਬਿਊਨ ਫਾਈਲ ਫ਼ੋਟੋ

ਮੈਂ ਦੇਖ ਰਿਹਾ ਹਾਂ

ਉਹ ਕਦੋਂ ਦਾ

ਰੱਖੀ ਜਾ ਰਿਹਾ ਹੈ

ਇੱਟ ਤੇ ਇੱਟ

ਲੋਹੇ ਤੇ ਲੋਹਾ

ਇੰਦਰਧਨੁਸ਼ ਤੇ ਇੰਦਰਧਨੁਸ਼

ਤੇ ਬਈ ਵਾਹ

ਕਿਹੋ ਜਿਹਾ ਜਾਦੂ ਹੈ

ਕਿ ਇੱਟ ਹੌਲੀ ਹੌਲੀ

ਵੱਡੀ ਹੁੰਦੀ ਜਾ ਰਹੀ ਹੈ

ਹੌਲੀ ਹੌਲੀ

ਇੱਟ ਤੋਂ ਵੀ

ਛੋਟਾ ਹੁੰਦਾ ਜਾ ਰਿਹਾ ਹੈ

ਉਹ...

* * * * * * * * * * *

ਚਿਹਰਾ

ਇੱਥੋਂ ਤੱਕ ਆਉਂਦੇ ਆਉਂਦੇ

ਮੈਂ ਬਹੁਤ ਕੁਝ ਭੁੱਲ ਚੁੱਕਾ ਹਾਂ

ਬਹੁਤ ਕੁਝ

ਜਿਸ ਨੂੰ ਯਾਦ ਰਖਣਾ

ਬੜਾ ਜ਼ਰੂਰੀ ਸੀ

ਪਰ ਮੇਰੇ ਲਈ ਇਹ ਦੱਸਣਾ

ਬੜਾ ਮੁਸ਼ਕਿਲ ਹੈ

ਕਿ ਏਨੇ ਦਿਨਾਂ ਬਾਅਦ ਵੀ

ਮੈਨੂੰ ਕਿਉਂ ਯਾਦ ਹੈ

ਇੱਕ ਬੁੱਢੇ ਉਦਾਸ ਆਜੜੀ ਦਾ ਚਿਹਰਾ

ਜਿਸ ਨੂੰ ਮੈਂ ਇਕ ਦਿਨ

ਨਦੀ ਵਿਚ

ਪਿਆ ਦੇਖਿਆ ਸੀ

ਜਿੱਥੇ ਉਸਦੀਆਂ ਭੇਡਾਂ

ਪਾਣੀ ਪੀ ਰਹੀਆਂ ਸਨ

ਮੈਂ ਦੇਖਿਆ

ਉਸਦੇ ਚਿਹਰੇ ਦੀਆਂ ਝੁਰੜੀਆਂ ਵਿਚ

ਅਜੇ ਵੀ ਜਗ੍ਹਾ ਸੀ

ਜਿੱਥੇ ਇਕ ਚਿੜੀ

ਆਪਣਾ ਆਲ੍ਹਣਾ ਬਣਾ ਸਕਦੀ ਸੀ

ਫਿਰ ਭੇਡਾਂ ਰਹਿ ਗਈਆਂ ਉੱਥੇ ਹੀ

ਤੇ ਪਤਾ ਨਹੀਂ ਕਿਵੇਂ

ਦਿਨਾਂ ਨੂੰ ਲੰਘਦਾ ਟੱਪਦਾ

ਮੇਰੇ ਨਾਲ ਤੁਰ ਆਇਆ

ਪਾਣੀ ਤੇ ਚਿੱਕੜ ਸਮੇਤ

ਉਹ ਜਿਉਂਦਾ ਚਿਹਰਾ

ਜਿਸ ਵਿਚੋਂ ਏਨੇ ਵਰ੍ਹਿਆਂ ਬਾਅਦ ਵੀ

ਮੇਰੇ ਅੰਦਰ

ਬੂੰਦਾਂ ਟਪਕ ਰਹੀਆਂ ਸਨ

ਹੁਣ ਕੀ ਕਰਾਂ

ਇਸ ਚਿਹਰੇ ਦਾ

ਕੀ ਇਹ ਸੰਭਵ ਹੈ ਕਿ

ਜਾਵਾਂ

ਤੇ ਫੇਰ ਛੱਡ ਆਵਾਂ

ਉਸ ਨਦੀ ਵਿਚ

ਕੀ ਟੰਗ ਦੇਵਾਂ ਦੀਵਾਰ ’ਤੇ

ਕੀ ਹੈ ਕੋਈ ਕਿੱਲੀ

ਜਿਹੜੀ ਸੰਭਾਲ ਲਵੇ

ਇਕ ਜਿਉਂਦੇ ਚਿਹਰੇ ਨੂੰ...

* * * * * * * * * * *

ਆਂਕੁਸਪੁਰ

ਆਂਕੁਸਪੁਰ

ਰੁਕੀ ਨਹੀਂ ਗੱਡੀ

ਹਮੇਸ਼ਾ ਵਾਂਗ ਦਨਦਨਾਉਂਦੀ ਹੋਈ ਆਈ

ਅਤੇ ਚਲੀ ਲੰਘ ਕੇ ਆਂਕੁਸਪੁਰ

ਸਿਰਫ਼ ਦਸ ਵਜੇ ਵਾਲੀ

ਇੱਥੇ ਰੁਕਦੀ ਹੈ

ਇਕ ਯਾਤਰੀ ਨੇ ਕਿਹਾ

ਦੂਜੇ ਯਾਤਰੀ ਨੂੰ

ਕਿਉਂ?

ਫਿਰ ਕਿਉਂ ਹੈ?

ਇਸ ਧਰਤੀ ’ਤੇ ਕਿਉਂ ਹੈ

ਆਂਕੁਸਪੁਰ

ਜਦੋਂ ਰਿਹਾ ਨਹੀਂ ਗਿਆ

ਤਾਂ ਤਾਰ ’ਤੇ ਬੈਠੀ

ਇਕ ਚਿੜੀ ਨੇ

ਪੁੱਛਿਆ ਦੂਜੀ ਚਿੜੀ ਨੂੰ...
ਚੋਣ ਅਤੇ ਪੰਜਾਬੀ ਰੂਪ: ਅਮਰਜੀਤ ਕੌਂਕੇ
(ਚੋਣਕਾਰ ਉੱਘਾ ਪੰਜਾਬੀ ਕਵੀ, ਆਲੋਚਕ ਅਤੇ ਅਨੁਵਾਦਕ ਹੈ)
ਸੰਪਰਕ: 98142-31698

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All