ਕਵਿਤਾਵਾਂ

ਕਵਿਤਾਵਾਂ

ਯੁੱਗ ਪਲਟਾਊ ਸੀਸ

ਅਮਰਜੀਤ ਸਿੰਘ ਅਮਨੀਤ

ਧੜ ਹੀ ਰਹਿ ਜਾਂਦੇ ਨੇ ਦਿੱਲੀਆਂ ਕੋਲ਼ 

ਸੀਸ ਕਿਸੇ ਚਾਂਦਨੀ ਚੌਕ ’ਚ

ਤਲਵਾਰਾਂ ਤੋਂ ਕੱਟ ਨਹੀਂ ਹੁੰਦੇ 

ਉਹ ਧੜੋਂ ਅਲੱਗ ਹੋ ਕੇ ਵੀ

ਧਰਤ ’ਤੇ ਨਾ ਡਿੱਗਦੇ

ਉਹ ਸ੍ਰੀ ਆਨੰਦਪੁਰ ਜਾ ਪਹੁੰਚਦੇ 

ਤੇ ਫਿਰ ਸੀਸ ਮੰਗਦੀ 

ਹਰ ਤਲਵਾਰ ਸਾਹਵੇਂ 

ਆ ਪ੍ਰਗਟ ਹੁੰਦੇ 

ਤੇ ਫਿਰ ਵੇਖਦਿਆਂ ਵੇਖਦਿਆਂ 

ਹਰ ਧੜ ਉੱਤੇ ਸ਼ੁਭਾਇਮਾਨ ਹੋ ਜਾਂਦੇ

ਨੀਹਾਂ ’ਚ ਚਿਣਨਾ ਚਾਹਿਆ ਜਿਨ੍ਹਾਂ ਨੂੰ

ਉਹ ਸੀਸ ਸਨ

ਹਰ ਅਸਾਵੇਂ ਯੁੱਧ ’ਚ ਜੂਝਦੇ ਜੋ

ਉਹ ਵੀ ਸੀਸ ਹੀ ਸਨ

ਜਿਨ੍ਹਾਂ ਸਿਰਾਂ ਦੇ ਮੁੱਲ ਪੈਂਦੇ 

ਉਹ ਵੀ ਸੀਸ ਹੀ ਤਾਂ ਸਨ

ਸੀਸ ਹਰ ਯੁੱਗ ’ਚ ਜੂਝਦੇ ਨੇ 

ਇੱਕ ਸੀਸ ਜੂਝ ਕੇ 

ਕਈ ਸੀਸਾਂ ’ਚ ਪਰਿਵਰਤਿਤ ਹੁੰਦਾ

ਸਿਰਾਂ ਦਾ ਸੀਸਾਂ ’ਚ ਬਦਲਣਾ ਹੀ

ਯੁੱਗ ਦਾ ਬਦਲਣਾ ਹੁੰਦਾ ਹੈ 

ਸੱਚੇ ਪਾਤਸ਼ਾਹ ਤੁਹਾਡੇ ਸੀਸ ਨੇ 

ਯੁੱਗ ਬਦਲਿਆ 

ਸੀਸ ਨਾ ਭੈਅ ਦਿੰਦੇ 

ਨਾ ਕਦੇ ਭੈਅ ਮੰਨਦੇ

ਭਾਵੇਂ ਉਹ ਤਖ਼ਤ ਹੋਣ 

ਤਖ਼ਤਾਂ ਦੀਆਂ ਫ਼ੌਜਾਂ ਹੋਣ

ਜਾਂ ਫ਼ੌਜਾਂ ਦੀਆਂ ਤੇਗਾਂ ਹੋਣ

ਉਹ ਸੀਸ ਜਾਣਦੇ ਕਿ ਇਹ ਤਖ਼ਤ ਸਿਰਫ਼ 

ਧੁਰ ਤੋਂ ਅਟੱਲ ਮੌਤ ਨੂੰ ਵਰਤਾ ਸਕਦੇ

ਤੇ ਤਨਾਂ ਨੂੰ ਧਰਤ ਦੇ ਸਪੁਰਦ ਕਰ ਸਕਦੇ

ਪਰ ਸਿਰੜ ਨੂੰ ਕਦੇ ਛੂਹ ਨਾ ਸਕਦੇ

ਪਾਤਸ਼ਾਹ ਜੀਓ!

ਤੁਹਾਡੇ ਰਾਹ ਵਿੱਚ ਤਲਵਾਰਾਂ, ਅਗਨ 

ਉੱਬਲਦੀਆਂ ਦੇਗਾਂ, ਆਰੇ ਆਉਂਦੇ

ਤੁਹਾਡੇ ਨਾਲ਼ ਚੱਲਣ ਲਈ ਵੀ

ਪੈਰ ਨਹੀਂ ਧੜਾਂ ’ਤੇ ਸੀਸ ਚਾਹੀਦਾ ਹੁੰਦਾ

ਸ਼ਰਨ ਆਏ ਸਿਰਾਂ ਦੀ ਪੀੜਾ ਨੂੰ ਹਰਨ ਲਈ

ਸੀਸ ਆਪ ਤਲਵਾਰਾਂ ਵੱਲ ਤੁਰ ਪੈਂਦੇ ਨੇ

ਜਾਬਰਾਂ ਲਈ ਵੰਗਾਰ ਬਣਦੇ

ਲੋਕਾਈ ਦੀ ਚਾਦਰ ਬਣਨਾ 

ਕਿੰਨਾ ਵੱਡਾ ਕਰਮ ਹੁੰਦਾ

ਤੁਸਾਂ ਤੇਗ ਤੋਂ ਸਿਮਰਨ ਤੱਕ

ਸਿਮਰਨ ਤੋਂ ਪ੍ਰਗਟ ਹੋਣ ਤੱਕ

ਪ੍ਰਗਟ ਹੋ ਕੇ 

ਫਿਰ ਤਲਵਾਰ ਦੇ ਸਨਮੁੱਖ ਹੋਣ ਤੱਕ 

ਕੇਹਾ ਜੀਵਨ ਜੀਵਿਆ 

ਕਿ ਹਰ ਪ੍ਰਾਣੀ ਜਿਊਂ ਉੱਠਿਆ

ਤੇ ਤਲਵਾਰਾਂ ਦੇ ਰੂਬਰੂ ਹੋਣ ਤੁਰ ਪਿਆ

ਤੇ ਕਾਲ਼ੀ ਰਾਤ ਵਰਗੇ ਸਮੇਂ ਦੇ ਮੱਥੇ ’ਤੇ

ਪਹੁ ਫੁਟਾਲ਼ੇ ਦੀ ਕੋਈ ਕਿਰਨ ਦਿਸੀ

ਗੁਰੂ ਜੀਓ!

ਤੁਸੀਂ ਸਮਝਾ ਦਿੱਤਾ

ਨੈਣਾਂ ਦੇ ਜੋਤਹੀਣ ਹੋਣ ਤੋਂ ਪਹਿਲਾਂ 

ਸਿਰ ਕੰਬ ਕੰਬ ਜਾਣ ਤੋਂ ਪਹਿਲਾਂ 

ਬੁਲਬੁਲੇ ਤੇ ਰੇਤ ਦੀ ਕੰਧ ਨਿਆਈਂ 

ਬਿਨਸ ਜਾਣ ਤੋਂ ਪਹਿਲਾਂ 

ਅਉਧ ਬਿਰਥੀ ਜਾਣ ਤੋਂ ਪਹਿਲਾਂ 

ਸਿਰ ਤਲਵਾਰਾਂ ਨੂੰ ਭੇਟ ਹੋ ਸਕਦੇ ਨੇ 

ਤੇ ਫਿਰ ਸਿਰ ਸੀਸ ਅਖਵਾਉਂਦੇ 

ਹੋਰ ਸਿਰਾਂ ਨੂੰ ਸੀਸਾਂ ’ਚ ਬਦਲਦੇ 

ਸੀਸ ਫਿਰ ਇੱਕ ਯੁੱਗ ਬਦਲਦੇ।

ਸੰਪਰਕ: 88722-66066

* * *

ਅੰਟੀ ਅੰਕਲ ਰਿਸ਼ਤੇ ਖਾ ਗਏ

ਮਨਮੋਹਨ ਸਿੰਘ ਬਾਸਰਕੇ

ਕਿਹੋ ਜਿਹਾ ਜ਼ਮਾਨਾ ਆਇਆ,

ਭੁੱਲ ਗਏ ਹਾਂ ਆਪਣਾ ਪਰਾਇਆ।

ਮਾਂ ਨੂੰ ਬੀਬੀ ਕਹਿਣਾ ਭੁੱਲ ਗਏ,

ਮੰਮੀ ਸ਼ਬਦ ’ਤੇ ਅਸੀਂ ਹਾਂ ਡੁੱਲ ਗਏ।

ਪਿਉ ਨੂੰ ਅਸੀਂ ਕਹਿੰਦੇ  ਸੀ ਭਾਪਾ,

ਗਲ਼ ਨਾਲ ਲਾਉਂਦਾ, ਮਾਰਦਾ ਦਾਬਾ।

ਭੁੱਲ ਗਏ ਗੱਡਾ, ਭੁੱਲ ਗਏ ਚਰਖਾ,

ਭੁੱਲ ਗਏ ਕੀ ਹੁੰਦੀ ਸੀ ਡਾਚੀ।

ਅੰਟੀ ਅੰਕਲ ਰਿਸ਼ਤੇ ਖਾ ਗਏ,

ਭੁੱਲ ਗਏ ਕਹਿਣਾ ਭੂਆ ਮਾਸੀ।

ਹੇਕਾਂ ਲਾ ਲਾ ਗਾਉਣਾ ਭੁੱਲ ਗਏ,

ਸੰਗੀਤ ਦੇ ਰੌਲੇ, ਸ਼ਬਦ ਰੁਲ ਗਏ।

ਸੋਹਣੀ ਸੂਰਤ ਕੋਈ ਨਾ ਵੇਂਹਦਾ,

ਮਾਇਆ ਉੱਤੇ ਅਸੀਂ ਹਾਂ ਡੁੱਲ ਗਏ।

ਆਨਲਾਈਨ ਹੁਣ ਹੋਵੇ ਪੜ੍ਹਾਈ

ਸਕੂਲਾਂ ਦੀ  ਗਈ ਪਛਾਣ ਗਵਾਈ

ਅੱਧੇ ਟੀਚਰ ਘਰੀਂ ਤੋਰ ਕੇ ,

ਫੀਸ ਬੱਚਿਆਂ ਤੋਂ ਪੂਰੀ ਪਾਈ।

ਵੈਨ ਵਾਲਾ ਭਾਵੇਂ ਘਰ ਬੈਠਾ ਹੈ,

ਰਕਮ ਕਿਰਾਏ ਦੀ ਪੂਰੀ ਆਈ।

ਸਲੇਟਾਂ ਭੁੱਲ ਗਏ ਸਿਆਹੀ ਭੁੱਲ ਗਏ,

ਭੁੱਲ ਗਏ ਹਾਂ ਫੱਟੀ ਤੇ ਗਾਚੀ।

ਅੰਟੀ ਅੰਕਲ ਰਿਸ਼ਤੇ ਖਾ ਗਏ,

ਭੁੱਲ ਗਏ ਕਹਿਣਾ ਭੂਆ ਮਾਸੀ।

ਦੁੱਧ ਘਿਓ ਅਸੀਂ ਖਾਣਾ ਛੱਡ ਗਏ,

ਡੋਡੇ ਪੋਸਤ ਅਫੀਮ ’ਤੇ ਲੱਗ ਗਏ।

ਘੋਲ ਕਬੱਡੀ ਕੋਈ ਕੋਈ ਖੇਡੇ,

ਮੂੰਗਲੀਆਂ ਫੇਰਨ ਤੋਂ ਹਟ ਗਏ।

ਲੱਸੀ ਮੱਖਣ ਭੁੱਲ ਗਏ ਖਾਣਾ,

ਇਸਦੀ ਥਾਂ ਚਾਹ ਕੌਫੀ ਛਕ ਗਏ।

ਵੇਖੀ ‘ਮਨਮੋਹਨ’ ਨਾ ਛੇੜੀ ਮੈਨੂੰ,

ਮੈਂ ਮੁਰਗੇ ਨਾਲ, ਲਾਈ ਗਿਲਾਸੀ।

ਅੰਟੀ ਅੰਕਲ ਰਿਸ਼ਤੇ ਖਾ ਗਏ,

ਭੁੱਲ ਗਏ ਕਹਿਣਾ ਭੂਆ ਮਾਸੀ।

ਖੱਦਰ ਗਏ, ਰੇਜੇ ਵੀ ਗਏ,

ਲੱਭਣ ਨਾ, ਕਿੱਥੇ ਭੇਜੇ ਗਏ?

ਪਤਲੂਨ ਗਈ ਤੇ ਧੋਤੀ ਗਈ,

ਬੋਤਾ ਗਿਆ ਤੇ ਬੋਤੀ ਗਈ।

ਸੱਤੂ ਪੀਣੇ ਅਸੀਂ ਹਾਂ ਭੁੱਲ ਗਏ,

ਠੰਢਿਆਂ ’ਤੇ ਅਸੀਂ ਹਾਂ ਡੁੱਲ ਗਏ।

ਚਾਚੇ ਤਾਏ ਵੀ ਅੰਕਲ ਹੋ ਗਏ,

ਭੁੱਲ ਗਏ ‘ਬਾਸਰਕੇ’ ਤਾਈ ਚਾਚੀ।

ਅੰਟੀ ਅੰਕਲ ਰਿਸ਼ਤੇ ਖਾ ਗਏ

ਭੁੱਲ ਗਏ ਹਾਂ ਅਸੀਂ ਭੂਆ ਮਾਸੀ।

ਸੰਪਰਕ: 99147-16616

* * *

ਆਸਾਂ ਕਣਕ ਤੋਂ

ਰਾਜਨਦੀਪ ਕੌਰ ਮਾਨ

ਸੋਨੇ ਰੰਗੀਆਂ ਕਣਕਾਂ ਹੋਈਆਂ,

ਚਾਰ ਚੁਫ਼ੇਰੇ ਨੇ ਖ਼ੁਸ਼ਬੋਈਆਂ,

ਰੀਝਾਂ ਦਿਲ ਵਿਚ ਉਮੜ ਪਈਆਂ,

ਜਦ ਖੇਤੀਂ ਫ਼ਸਲਾਂ ਪੱਕ ਗਈਆਂ।

ਐਤਕੀਂ ਨੇ ਕਈ ਕਾਜ ਰਚਾਉਣੇ,

ਫ਼ਸਲ ਵੇਚ ਕੇ ਕਰਜ਼ੇ ਲਾਹੁਣੇ।

ਆੜਤੀਏ ਵੀ ਕਰਨ ਉਡੀਕਾਂ,

ਭੈਣਾਂ ਦੇ ਵੀ ਉਲਾਂਭੇ ਲਾਹੁਣੇ।

ਸੁੱਖੀ ਸਾਂਦੀ ਚੜ੍ਹਣ ਨੇਪਰੇ,

ਕਾਰਜ ਸਾਰੇ ਪੂਰੇ ਕਰਨੇ।

ਕਿਸਾਨ ਨੇ ਆਸਾਂ ਬੜੀਆਂ ਲਾਈਆਂ,

ਫ਼ਸਲਾਂ ਨੇ ਦੁੱਖ ਦੂਰ ਜਾ ਕਰਨੇ।

ਸ਼ਾਲਾ ਹਰ ਪੰਜਾਬੀ ਵੱਸੇ,

ਹਰ ਕਿਸਾਨ ਖ਼ੁਸ਼ੀ ਵਿੱਚ ਗਾਵੇ,

ਖ਼ੁਸ਼ੀਆਂ ਵਾਲੀ ਆਏ ਵਿਸਾਖੀ,

ਕਿਰਤੀ ਕਾਮਾ ਭੰਗੜੇ ਪਾਵੇ।

ਸੰਪਰਕ: 62393-26166

* * *

ਧਰਤੀ ਦਾ ਵਾਸਤਾ 

ਮਲਕੀਤ ਕੌਰ 

ਵੇ ਮੈਂ ਧਰਤੀ ਦੇਸ਼ ਪੰਜਾਬ ਦੀ

ਮੈਂ ਤੁਹਾਡੀ ਸਭ ਦੀ ਮਾਂ

ਮੈਨੂੰ ਦੋ ਟੁਕੜਿਆਂ ਵਿੱਚ ਵੰਡ’ਤਾ

ਕੋਈ ਬਣਿਆ ਦਰਦੀ ਨਾ

ਮੇਰੇ ਜਿਗਰ ਦੇ ਟੁਕੜੇ ਟੁੱਕ ਵੱਢ ਕੇ

ਨਾ ਫੜੀ ਕਿਸੇ, ਉਨ੍ਹਾਂ ਦੀ ਬਾਂਹ

ਮੇਰੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ 

ਰਹੀ ਮੈਂ ਤਰਲੇ ਪਾਉਂਦੀ ਸਾਂ 

ਮੈਂ ਰਹੀ ਬਥੇਰਾ ਚਿਰ ਕੂਕਦੀ

ਕਿਸੇ ਕੂਕ ਸੁਣੀ ਕੋਈ ਨਾ

ਮੈਂ ਇਨਸਾਫ਼ ਬਥੇਰਾ ਸੀ ਮੰਗਿਆ 

ਪਰ ਨਹੀਂ ਦਿੱਤਾ ਕਿਸੇ ਨੇ ਨਿਆਂ

ਮੇਰਾ ਅੱਧਾ ਧੜ ਪਾਕਿ ਬਣਾ ਦਿੱਤਾ

ਭਾਰਤ ਰੱਖਿਆ ਅੱਧੇ ਦਾ ਨਾਂ

ਜਿਨ੍ਹਾਂ ਵੰਡ ਦੀ ਝੱਲੀ ਤ੍ਰਾਸਦੀ

ਬਹਿ ਕੇ, ਕਦੇ ਦੁੱਖ ਫੋਲਿਓ ਤਾਂ

ਰਿਸਦੇ ਨਾਸੂਰ ਉਨ੍ਹਾਂ ਦੇ ਰਹਿਣਗੇ

ਆਉਣਾ ਅੰਗੂਰ ਕਦੇ ਵੀ ਨਾ

ਹਾੜ੍ਹਾ! ਸੁਣਿਓ ਵੇ ਮੇਰਾ ਵਾਸਤਾ 

ਮੁੜ ਕਦੇ ਪਾਇਓ ਵੰਡੀਆਂ ਨਾ

ਮੇਰੇ ਗੂੰਜਦੀਆਂ ਕੰਨੀਂ ਸਿਸਕੀਆਂ 

ਕਿਵੇਂ ਭੁੱਲਾਂ, ਮੈਂ ਉਨ੍ਹਾਂ ਦੀ ਮਾਂ 

ਮੈਨੂੰ ਜਿਉਂਦੀ ਨਾ ਹੁਣ ਸਮਝਿਓ

ਵੇ ਮੈਂ ਵੀ ਮਰਿਆਂ ਬਰਾਬਰ ਹਾਂ 

ਵੇ ਮੈਂ ਧਰਤ ਪੰਜਾਬ ਦੀ ਹਾਂ

ਮੈਂ ਧਰਤ ਪੰਜਾਬ ਦੀ ਹਾਂ...

ਸੰਪਰਕ: 94630-67521

* * *

ਜ਼ਰਾ ਸੁਣੀਂ...

ਦਵਿੰਦਰਪਾਲ ਚੰਦ ਬੋਹੜ ਵਡਾਲਾ

ਸਾਡਾ ਸਬਰ ਪਰਖ ਨਾ ਹਾਕਮਾਂ ਤੂੰ, 

ਤੇਰੇ ਜਿਹੇ ਪਹਿਲਾਂ ਵੀ ਹਾਰੇ ਨੇ।

ਤਵਾਰੀਖ਼ ਬਿਆਨੇ ਡੋਲਦੇ ਨਹੀਂ,

ਕੀ ਚਰਖੜੀਆਂ, ਕੀ ਆਰੇ ਨੇ।

ਜੇ ਨਾਲ ਹਲੀਮੀ ਭਰੇ ਸੀ,

ਸਵਾ ਲੱਖ ’ਤੇ ਵੀ ਇਹ ਭਾਰੇ ਨੇ।

ਮਿਸਾਲ ਨਹੀਂ ਲੱਭਣੀ ਬ੍ਰਹਿਮੰਡ ’ਚੋਂ,

ਸੀਸ ਤਲੀ ’ਤੇ ਰੱਖ ਮੈਦਾਨ ਮਾਰੇ ਨੇ।

ਭਾਂਬੜ ਉੱਠੇ ਸੀ ਅੰਬਰਸਰੋਂ ਕਹਿੰਦੇ,

ਵਿੱਚ ਲੰਡਨ ਜਾ ਕੇ ਠਾਰੇ ਨੇ।

ਏਥੇ ਲੱਖਾਂ ਬਾਬਰ ਆਉਂਦੇ ਰਹੇ,

ਮੇਰੇ ਬਾਬੇ ਕਿਆਂ ਨੇ ਤਾਰੇ ਨੇ।

ਟੋਡਰ ਮੱਲਾਂ ਦੇ ਸਿਰ, ਹੱਥ ਪਾਤਸ਼ਾਹ ਦਾ,

ਫੰਡ ਓਥੋਂ ਹੀ ਆਉਂਦੇ ਸਾਰੇ ਨੇ।

ਜ਼ਰਾ ਯਾਦ ਕਰੀਂ ਤੂੰ ਇੱਕੀਆਂ ਨੂੰ,

ਕਿੱਦਾਂ ਚੁਣ-ਚੁਣ ਵੈਰੀ ਮਾਰੇ ਨੇ।

ਬਸ ਇੱਕੋ ਗੱਲ ਤੋਂ ਭੈਅ ਆਵੇ,

ਖਿੰਡ ਗਏ ਤਾਂ ਪੱਕੇ ਹਾਰੇ ਨੇ।

ਮੌਤ ਸਾਨੂੰ ਵੇਖ ਕੇ ਘਾਬਰਦੀ,

ਜਦੋਂ ਮਰੇ, ਆਪਣਿਆਂ ਹੀ ਮਾਰੇ ਨੇ।

ਸੰਪਰਕ: 94780-19948

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All