ਕਵਿਤਾਵਾਂ

ਕਵਿਤਾਵਾਂ

ਲਾਜ਼ਮੀ ਹੈ

ਇੰਦਰਜੀਤ ਕੌਰ

ਤੂੰ, ਜੋ ਉਮਰਾਂ ਦੇ ਲਿਹਾਜ਼ ਦਾ

ਕਵਚ ਬਣਾ ਕੇ

ਆਪਣੀਆਂ ਗਿੱਧ ਅੱਖਾਂ ਨਾਲ

ਮੇਰੇ ਕੱਜਣ ਦੇ ਚੀਥੜੇ ਕਰਨੇ ਲੋਚਦਾ ਏਂ

ਤੂੰ, ਜੋ ਵਿਦਵਤਾ ਦੇ ਪਰਦੇ ਹੇਠ

ਆਪਣੇ ਵਹਿਸ਼ੀ ਖ਼ਿਆਲਾਂ ਨੂੰ

ਬਣਾ-ਸੰਵਾਰ ਕੇ ਪਰੋਸਦਾ ਏਂ

ਤੂੰ, ਜਿਸ ਨੂੰ ਖ਼ਹਿ ਕੇ ਲੰਘਣਾ

ਆਪਣਾ ਹੱਕ ਲੱਗਦਾ ਏ

ਤੂੰ, ਜੋ ਤੁਰੀ ਜਾਂਦੀ ਨੂੰ

ਅੰਗ ਅੰਗ ਛਾਂਟਦਾ ਏਂ

ਤੇ ਨਿੱਤ ਆਪਣੇ ਦਿਮਾਗ਼ ਦੀ ਗੰਦਗੀ ’ਚ

ਪਲੀਤ ਕਰਨਾ ਲੋਚਦਾ ਏਂ

ਤੂੰ, ਜੋ ਚਾਰ ਲਾਵਾਂ ਜਾਂ ਸੱਤ ਫੇਰਿਆਂ ਨਾਲ

ਖ਼ੁਦਾ ਬਣ ਬੈਠਦਾ ਏਂ

ਤੇਰੀ ਔਕਾਤ

ਓਸੇ ਪਲ

ਤੇਰੀ ਦਿੱਖ ਦੇ ਅਡੰਬਰ

ਤੇਰੇ ਮਿੱਠੇ ਬੋਲਾਂ ਦੇ ਸਮੁੰਦਰ

ਤੇਰੇ ਨਪੁੰਸਕ ਇਤਿਹਾਸ

ਵਿਚੋਂ ਬਾਹਰ ਆ ਖਲੋਂਦੀ ਏ

ਤੇ ਦੱਸਦੀ ਏ

ਕਿ ਤੇਰੀ ਹਸਤੀ ਦਾ ਅੰਸ਼ ਮਾਤਰ ਵੀ

ਸਵੀਕਾਰਨਯੋਗ ਨਹੀਂ

ਕਿ ਤੇਰੇ ਵਹਿਸ਼ੀ ਖਿਆਲਾਂ

ਤੇ ਤੇਰੀਆਂ ਪਲੀਤ ਸੋਚਾਂ ਦਾ ਖ਼ਾਤਮਾ

ਓਨਾ ਹੀ ਜ਼ਰੂਰੀ ਹੈ

ਜਿੰਨਾ ਲਾਜ਼ਮੀ ਹੈ

ਸਾਹ ਲੈਣਾ

ਸੁਫ਼ਨੇ ਵੇਖਣਾ

ਤੇ ਜਿਊਣਾ।

* * *

ਗ਼ਜ਼ਲ

ਜਸਵਿੰਦਰ ਸਿੰਘ ਰੁਪਾਲ

ਉੱਠਣੋ ਨਾ ਰੋਕ ਸਕੀਏ, ਮਘਦੇ ਸ਼ਰਾਰਿਆਂ ਨੂੰ।

ਯੁੱਗ ਬਦਲਣਾ ਏ ਯਾਰੋ, ਸਮਝੋ ਇਸ਼ਾਰਿਆਂ ਨੂੰ।

ਕੰਧਾਂ ਨਾ ਬੋਲ ਸਕੀਆਂ, ਜਦ ਰੂਪ ਚੀਕਦਾ ਸੀ,

ਫੂਕਾਂ ਗਿਰਾ ਕੇ ਬਿਜਲੀ, ਐਸੇ ਚੁਬਾਰਿਆਂ ਨੂੰ।

ਜਾਤਾਂ ਅਤੇ ਜਮਾਤਾਂ, ਬਣੀਆਂ ਜੁ ਇਸ਼ਕ ਵੈਰੀ,

ਪੂਰੇ ਕਰਾਂ ਅਧੂਰੇ, ਚਾਵਾਂ ਕੁਆਰਿਆਂ ਨੂੰ।

ਬਹੁਤੀ ਨਾ ਦੇਰ ਝੂਟੇ, ਕੁਰਸੀ ਦੇ ਹੋਰ ਮਿਲਣੇ,

ਮਿਲਦੀ ਅਜੇ ਏ ਰੋਟੀ, ਕਿਰਤੀ ਵਿਚਾਰਿਆਂ ਨੂੰ।

ਤਕਨੀਕ ਨੇ ਮਿਟਾਈਆਂ, ਸਾਂਝਾਂ ਪੁਰਾਣੀਆਂ ਸਭ,

ਹਲ਼ ਤੇ ਪੰਜਾਲੀਆਂ ਨੂੰ, ਕੁੱਪਾਂ ਗੁਹਾਰਿਆਂ ਨੂੰ।

ਕਾਲਜ-ਸਕੂਲ ਖੋਲ੍ਹੋ, ਉਦਯੋਗ ਨੂੰ ਚਲਾਵੋ,

ਜਿੰਦੇ ਲਗਾ ਦੋ ਭਾਵੇਂ, ਰੱਬ ਦੇ ਦਵਾਰਿਆਂ ਨੂੰ।

ਸੁੱਚੀ ਕਿਰਤ ਬਣਾਈ, ਜਿਨ੍ਹਾਂ ਹਮੇਸ਼ ਪੂਜਾ,

ਸੀਸ ਆਪਣਾ ਝੁਕਾਵਾਂ, ਐਸੇ ਪਿਆਰਿਆਂ ਨੂੰ।

ਆਖੋ ਲਿਖਾਰੀਆਂ ਨੂੰ, ਕਲਮਾਂ ਬਣਾਉਣ ਤੇਗਾਂ,

ਹੁਣ ਸ਼ਬਦ ਬਾਣ ਛੱਡੋ, ਬੋਲੋ ਬੁਲਾਰਿਆਂ ਨੂੰ।

ਪਲਕਾਂ ਵਿਛਾਈ ਮੰਜ਼ਿਲ, ਕਰਦੀ ਜੁ ਕਦਮ-ਬੋਸੀ,

ਝੱਖੜ ਦੇ ਭੰਨਿਆਂ ਨੂੰ, ਪੀੜਾਂ-ਸਵਾਰਿਆਂ ਨੂੰ।

ਤਖ਼ਤਾ-ਏ-ਜ਼ੁਲਮ ਡੋਲੇ, ਸੁਣ ਕੇ ਆਵਾਜ਼ ਮੇਰੀ,

‘ਰੂਪਾਲ’ ਇਹ ਉਡੀਕੇ, ਸਾਂਝੇ ਹੁੰਗਾਰਿਆਂ ਨੂੰ।
ਸੰਪਰਕ: 98147-15796

* * *

ਪੱਛਮ ਵਾਵਾਂ ਵੱਗੀਆਂ!

ਕਮਲਜੀਤ ਕੌਰ ਕਮਲ

ਪੱਛਮ ਵਾਵਾਂ ਵੱਗੀਆਂ,

ਅੱਜ ਪੂਰਬ ਮੰਨੇ ਕੌਣ?

ਹਉਮੈਂ ਅੰਦਰ ਵੱਸਿਆ,

ਹੋਵੇ ਨਾ ਨੀਵੀਂ ਧੌਣ।

ਕਦਰਾਂ-ਕੀਮਤਾਂ ਵਾਲਿਉ,

ਅੱਜ ਪੁੱਛਦਾ ’ਥੋਨੂੰ ਕੌਣ।

ਸਾਂਝ ਦੇ ਢੋਲੇ ਗਾਉਂਦਿਓ,

ਕੋਈ ਸੁਣੇ ਨਾ ’ਥੋਡਾ ਗਾਉਣ।

ਅੱਜ ਬੀਬਰ ਨੂੰ ਸੁਣਦਿਆਂ,

ਵਾਰਸ ਬੁੱਲਾ ਸਿਆਣੇ ਕੌਣ?

ਪੱਛਮ ’ਵਾਵਾਂ ਵੱਗੀਆਂ,

ਅੱਜ ਪੂਰਬ ਮੰਨੇ ਕੌਣ।
ਸੰਪਰਕ: 94786-22696

* * *

ਹਿੰਮਤ ਕਰ

ਸਵੀ ਬੁਆਲ

ਤੂੰ ਰੌਸ਼ਨ ਕਰ ਖ਼ੁਦ ਹਿੰਮਤ ਨੂੰ,

ਮੱਥੇ ਦੀਆਂ ਲਿਖੀਆਂ ਵਹਿਮ ਤੇਰਾ,

ਮੰਜ਼ਿਲ ਦੀਆਂ ਰਾਹਾਂ ਦੂਰ ਸਹੀ,

ਸਿਖ਼ਰਾਂ ਤੱਕ ਜੂਝੇ ਅਹਿਮ ਤੇਰਾ,

ਨ੍ਹੇਰੇ ਵਿੱਚ ਵਾਟਾਂ ਮੁਸ਼ਕਿਲ ਨਈਂ,

ਇੱਕ ਚਿਣਕ ਜਗੇ ਖ਼ਾਕ ਸਹਿਮ ਤੇਰਾ,

ਤੂੰ ਲਾਹਣਤ ਪਾਵੇਂ ਕਰਮਾਂ ਨੂੰ,

ਓਹ ਬੱਲਿਆ ਪਰਖ਼ੇ ਰਹਿਮ ਤੇਰਾ।
ਈ-ਮੇਲ: Savi6641@gmail.com

* * *

ਮੁਸ਼ਕਿਲ

ਪੁਖਰਾਜ ਸੋਲੰਕੀ

ਵਜੂਦ ਬਚਾ ਕੇ ਰੱਖਣਾ ਮੁਸ਼ਕਿਲ ਹੈ ਅੱਜਕੱਲ੍ਹ

ਸੱਚ ਨੂੰ ਸੱਚ ਕਹਿਣਾ ਮੁਸ਼ਕਿਲ ਹੈ ਅੱਜਕੱਲ੍ਹ

ਮਾੜੀ ਜਹੀ ਗੱਲ ’ਤੇ ਵਹਿ ਜਾਂਦੀ ਨਦੀ ਖ਼ੂਨ ਦੀ

ਗੰਗਾ ਪ੍ਰੇਮ ਦੀ ਵਹਿਣਾ ਮੁਸ਼ਕਿਲ ਹੈ ਅੱਜਕੱਲ੍ਹ

ਰਹਿਣ ਨੂੰ ਮਿਲ ਜਾਣਗੇ ਬੰਗਲੇ ਆਲੀਸ਼ਾਨ

ਦਿਲ ’ਚ ਕਿਸੇ ਦੇ ਰਹਿਣਾ ਮੁਸ਼ਕਿਲ ਹੈ ਅੱਜਕੱਲ੍ਹ

ਦੇਹ ਦੀ ਮੰਡੀ ਵਿਚ ਮਿਲ ਜਾਂਦਾ ਸੋਨਾ ਪੁਖਰਾਜ

ਮਿਲਣਾ ਸ਼ਰਮ ਦਾ ਗਹਿਣਾ ਮੁਸ਼ਕਿਲ ਹੈ ਅੱਜਕੱਲ੍ਹ।
ਸੰਪਰਕ: 92514-31947

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All