ਕਵਿਤਾਵਾਂ

ਕਵਿਤਾਵਾਂ

ਵਾਹ ਕਿਰਸਾਨਾ

ਪ੍ਰੋ. ਕੁਲਵੰਤ ਸਿੰਘ ਔਜਲਾ

ਵਾਹ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਵਿਸ਼ਵ ਪੂਰੇ ਵਿੱਚ ਹੁੰਦੀਆਂ ਗੱਲਾਂ ਦੇਖ ਤੇਰੇ ਆਕ੍ਰੋਸ਼ ਦੀਆਂ

ਕੈਸਾ ਸਹਿਜ ਸਿਦਕ ਕਿਰਸਾਨਾ, ਕੈਸੀ ਹੱਕੀ ਜੰਗ ਤੇਰੀ

ਕੈਸੇ ਤੇਰੇ ਵਹਿਣ ਵਲਵਲੇ, ਕੈਸੀ ਸੁਪਨ-ਉਮੰਗ ਤੇਰੀ

ਸੱਥਾਂ ਦੇ ਵਿੱਚ ਹੁੰਦੀਆਂ ਸਿਫ਼ਤਾਂ ਤੇਰੇ ਮਾਨਵ-ਕੋਸ਼ ਦੀਆਂ

ਵਾਹ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਦਿੱਲੀ ਦੀਆਂ ਸਰਹੱਦਾਂ ਉੱਤੇ ਸਰਹੱਦ-ਸੰਸਾਰ ਉਸਾਰਿਆ ਤੂੰ

ਰੋਹ ਦੀ ਵੱਖਰੀ ਭਾਸ਼ਾ ਦੇ ਵਿੱਚ ਸੱਤਾ ਨੂੰ ਵੰਗਾਰਿਆ ਤੂੰ

ਕਰਦੇ ਉਪਮਾ ਆਲਿਮ ਫ਼ਾਜ਼ਿਲ ਤੇਰੇ ਜ਼ਿਕਰ-ਏ-ਹੋੋਸ਼ ਦੀਆਂ

ਵਾਹ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਹੁਕਮਰਾਨਾਂ ਨਾਲ ਕਰੇਂ ਡਿਬੇਟਾਂ ਨਾ ਥਿੜਕੇਂ ਨਾ ਡੋਲੇਂ ਤੂੰ

ਕਾਲੇ ਸ਼ਾਹ ਕਾਨੂੰਨਾਂ ਬਾਰੇ ਹਿੱਕ ਤਾਣ ਕੇ ਬੋਲੇਂ ਤੂੰ

ਨਾਲ ਤਰਕ ਦੇ ਖੋਲ੍ਹੇਂ ਤਹਿਆਂ ਹਰ ਔਗੁਣ ਹਰ ਦੋਸ਼ ਦੀਆਂ

ਵਾਹ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਹੱਕ ਅਤੇ ਇਨਸਾਫ਼ ਵਾਸਤੇ ਯੁੱਧ ਕਰਨਾ ਅਧਿਕਾਰ ਤੇਰਾ

ਜੁਗ ਜੁਗ ਜੀਵੇ ਅੰਨਦਾਤਿਆ ਬਹੁਰੰਗਾ ਪਰਿਵਾਰ ਤੇਰਾ

ਬੇਪਰਦ ਕਰੀ ਜਾਹ ਚਾਲਾਂ ਤਾਨਾਸ਼ਾਹ ਖ਼ਾਮੋਸ਼ ਦੀਆਂ

ਵਾਹ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਕਿਰਤੀ ਕਵੀ ਕਿਸਾਨ ਮੁਲਾਜ਼ਮ ਗੀਤ ਜੋਸ਼ੀਲੇ ਗਾਉਂਦੇ ਨੇ

ਜਿੱਤ ਕੇ ਹੀ ਹੁਣ ਮੁੜਾਂਗੇ ਏਥੋਂ ਐਸੀਆਂ ਹੇਕਾਂ ਲਾਉਂਦੇ ਨੇ

ਬੇਨਕਾਬ ਕਰਨ ਬਦਨੀਤੀਆਂ ਮੱਕਰੇ ਜੋ ਮਦਹੋਸ਼ ਦੀਆਂ

ਵਾਹ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਦੂਰੋਂ ਦੂਰੋਂ ਚਲਕੇ ਲੋਕੀਂ ਦੇਣ ਹੌਂਸਲਾ ਆਏ ਨੇ

ਜੱਦੋਜਹਿਦ ਦਾ ਸਾਂਝਾ ਜਜ਼ਬਾ ਆਪਣੇ ਨਾਲ ਲਿਆਏ ਨੇ

ਅਰਥੀਆਂ ਫੂਕਣ ਰਲਮਿਲ ਸਾਰੇ ਫ਼ਿਰਕਾਪ੍ਰਸਤ ਫ਼ਰੋਸ਼ ਦੀਆਂ

ਵਾਰ ਕਿਰਸਾਨਾ ਗਾਉਂਦੇ ਢਾਡੀ ਵਾਰਾਂ ਤੇਰੇ ਜੋਸ਼ ਦੀਆਂ

ਵਿਸ਼ਵ ਪੂਰੇ ਵਿੱਚ ਹੁੰਦੀਆਂ ਗੱਲਾਂ ਦੇਖ ਤੇਰੇ ਆਕ੍ਰੋਸ਼ ਦੀਆਂ

* * *

ਪੰਜਾਬੀਏ

ਜਸਵੰਤ ਧਾਪ

ਕਰਦੇ ਆਂ ਤੇਰੀ ਪਰਵਾਹ ਨੀ ਪੰਜਾਬੀਏ

ਨਿਕਲੇ ਮਨਾਉਣ ਤੇਰਾ ਮਾਹ ਨੀ ਪੰਜਾਬੀਏ

ਤੇਰੇ ਨਾਲ ਜੱਗ ਉੱਤੇ ਸਾਡੀ ਪਹਿਚਾਨ ਨੀ

ਦਿਲ ਕੁਰਬਾਨ ਸਾਡਾ ਜਿੰਦ ਕੁਰਬਾਨ ਨੀ

ਤੇਰੇ ਸਾਹਾਂ ਨਾਲ ਸਾਡੇ ਸਾਹ ਨੀ ਪੰਜਾਬੀਏ

ਨਿਕਲੇ ਮਨਾਉਣ ਤੇਰਾ ਮਾਹ ਨੀ ਪੰਜਾਬੀਏ

ਕਾਹਲੀਆਂ ਹਮਲੇ ਕਰਨ ਲਈ ਅੱਜ ਅੰਗਰੇਜ਼ੀਆਂ

ਏਨੀਆਂ ਆਸਾਨ ਨਹੀਂ ਰੋਕਣੀਆਂ ਤੇਜ਼ੀਆਂ

ਖੜ੍ਹਦੇ ਆਂ ਤਾਂ ਵੀ ਹਿੱਕ ਡਾਹ ਨੀ ਪੰਜਾਬੀਏ

ਨਿਕਲੇ ਮਨਾਉਣ ਤੇਰਾ ਮਾਹ ਨੀ ਪੰਜਾਬੀਏ

ਮਿੱਠੀ ਏ ਤਾਸੀਰ ਤੇਰੀ ਮਿੱਠੇ ਅੰਦਾਜ਼ ਨੇ

ਸਾਹਿਤ ਦੇ ਅੰਬਰਾਂ ’ਤੇ ਬਸ ਤੇਰੇ ਰਾਜ ਨੇ

ਕਿੱਸੇ ਗੀਤ ਗ਼ਜ਼ਲਾਂ ਗਵਾਹ ਨੀ ਪੰਜਾਬੀਏ

ਨਿਕਲੇ ਮਨਾਉਣ ਤੇਰਾ ਮਾਹ ਨੀ ਪੰਜਾਬੀਏ

ਗੁਰੂਆਂ ਫ਼ਕੀਰਾਂ ਤੈਨੂੰ ਸੂਫ਼ੀਆਂ ਉਚਾਰਿਆ

ਪੜ੍ਹ ਸੁਣ ਲੋਕਾਂ ਵਿੱਚ ਦਿਲਾਂ ਦੇ ਉਤਾਰਿਆ

ਬਖ਼ਸ਼ਾਏ ਆਪਣੇ ਗੁਨਾਹ ਨੀ ਪੰਜਾਬੀਏ

ਨਿਕਲੇ ਮਨਾਉਣ ਤੇਰਾ ਮਾਹ ਨੀ ਪੰਜਾਬੀਏ

ਧਾਪ ਮਾਂ ਬੋਲੀਏ ਖ਼ਿਆਲ ਤੇਰਾ ਰੱਖਣਾ

ਕਲਮਾਂ ’ਚ ਸਾਂਭ ਕੇ ਜਲਾਲ ਤੇਰਾ ਰੱਖਣਾ

ਖਾਵਾਂਗੇ ਨਾ ਕਦੇ ਵੀ ਵਿਸਾਹ ਨੀ ਪੰਜਾਬੀਏ

ਨਿਕਲੇ ਮਨਾਉਣ ਤੇਰਾ ਮਾਹ ਨੀ ਪੰਜਾਬੀਏ
ਸੰਪਰਕ: 98551-45330

* * *

ਮੰਜ਼ਿਲ

ਡਾ. ਨਿਰਮਲ ਸਿੰਘ ਬਰਾੜ

ਲੱਖ ਖ਼ੁਸ਼ੀ ਮਨਾਈਏ ਜਿੱਤਣ ਦੀ

ਹਾਰ ਲਈ ਖ਼ਾਮੋਸ਼ ਵੀ ਹੋਣਾ ਪੈਂਦਾ ਏ,

ਸੱਜਣਾ ਦੂਜੇ ਦਾ ਦਿਲ ਜਿੱਤਣ ਲਈ

ਆਪਣਾ ਆਪ ਵੀ ਖੋਣਾ ਪੈਂਦਾ ਏ,

ਜ਼ਰੂਰੀ ਨਹੀਂ ਕਿ ਇੱਕ ਤੇ ਇੱਕ

ਗਿਆਰਾਂ ਹੁੰਦੇ ਐ,

ਕਦੇ-ਕਦੇ ਇੱਕ ਤੇ ਇੱਕ

ਦੋ ਵੀ ਹੋਣਾ ਪੈਂਦਾ ਏ,

ਬੇਸ਼ੱਕ ਦੂਜੇ ਦਾ ਮਨ ਮੋਹਣਾ

ਦੌੜ ਜ਼ਮਾਨੇ ਦੀ,

ਕਦੇ-ਕਦਾਈਂ ਆਪਣਾ

ਮਨ ਵੀ ਮੋਹਣਾ ਪੈਂਦਾ ਏ।

ਹੱਸਦਿਆਂ ਨਾਲ ਹੱਸੀਏ

ਕਹਿਣ ਸਿਆਣੇ ਬਈ,

ਉਨ੍ਹਾਂ ਨੂੰ ਕਹਿੰਦੇ ਸੁਣਿਆ ਮੈਂ

ਲੁਕ-ਲੁਕ ਵੀ ਰੋਣਾ ਪੈਂਦਾ ਏ,

ਭਾਵੇਂ ਮੰਜ਼ਿਲ ਮਿਲਦੀ

ਅੱਗੇ ਪੁੱਟਦੇ ਪੈਰਾਂ ਨੂੰ,

ʻਨਿਰਮਲʼ ਮੰਜ਼ਿਲ ਪਾਉਣ ਲਈ

ਇੱਕ ਪੈਰ ਖਲੋਣਾ ਪੈਂਦਾ ਏ।
ਸੰਪਰਕ: 98728-54751

* * *

ਗ਼ਜ਼ਲ

ਜਗਦੀਸ਼ ਸਿੰਘ ਕਲਾਨੌਰ

ਕੰਡਿਆਂ ਵੱਲ ਵੇਖ ਨਾ, ਖਿੜਦੇ ਗੁਲਾਬ ਦੇਖ।

ਹਾਨੀਆਂ ’ਤੇ ਝੂਰ ਨਾ, ਹੁੰਦੇ ਜੋ ਲਾਭ ਦੇਖ।

ਟਾਈਟਲ ਉੱਤੇ ਰੀਝ ਨਾ ਮੁੱਲ ਨੂੰ ਦੇਖੀਂ,

ਆਤਮਾ ਨੂੰ ਫੋਲ ਕੇ, ਅੰਦਰੋਂ ਕਿਤਾਬ ਦੇਖ।

ਫ਼ਿਰਕੂਆਂ ਨੇ ਧਰਤ ਵੰਡੀ ,ਵੰਡੇ ਪੰਜੇ ਆਬ ਵੀ,

ਮਿਲਣ ਨੂੰ ਬੇਤਾਬ ਨੇ, ਸਤਲੁਜ ਚਨਾਬ ਦੇਖ।

ਲੂੰਬੜ ਕਦੇ ਬਾਘ ਤੇ ਤੋਤਾ ਵੀ ਬਣ ਬੈਠਦਾ,

ਨੇਤਾ ਜੀ ਦੇ ਕੋਲ ਹਨ, ਕਿੰਨੇ ਨਕਾਬ ਦੇਖ।

ਧਰਤੀ ਪੁੱਤਰ ਧਰਤ ਖ਼ਾਤਰ, ਕਿਸ ਤਰੀਕੇ ਜੂਝਦਾ,

ਉਤਰ ਕੇ ਜ਼ਮੀਨ ਉੱਤੇ ਅਰਸ਼ ਤੋਂ ਜਨਾਬ ਦੇਖ।

ਸੁੱਤਿਆਂ ਜੋ ਖ਼ੁਆਬ ਲੈਂਦੇ, ਬੇਹਿੰਮਤੇ ਲੋਕ ਨੇ,

ਜਾਗਦੇ ਦੀ ਅੱਖ ’ਚ, ਲਟਕਦੇ ਜੋ ਖ਼ੁਆਬ ਦੇਖ।

ਅੰਤ ਵੇਲ਼ਾ ਆ ਗਿਆ ਤਾਂ ਕਿਹੜਾ ਲੋਹੜਾ ਆ ਗਿਆ,

ਡੁੱਬਦੇ ਸੂਰਜ ਤੋਂ ਸਿੱਖ, ਅੰਤਲਾ ਸ਼ਬਾਬ ਦੇਖ।
ਸੰਪਰਕ: 98727-65490­

* * *

ਗੱਲ

ਮਨਜੀਤ ਪਾਲ ਸਿੰਘ

ਰੁਕੇ ਹੋਏ ਪੈਰਾਂ ਦੀ ਨਹੀਂ ਹੈ, ਇਹ ਦਾਸਤਾਨ ਕੋਈ।

ਇਹ ਤਾਂ ਹੈ ਦਲਦਲਾਂ ’ਚ, ਦੌੜਦੀ ਰਫ਼ਤਾਰ ਦੀ ਗੱਲ।

ਖਲਾਰ ਕੇ ਭਿੱਜੇ ਪਰਾਂ ਨੂੰ ਜਦੋਂ, ਛੋਹ ਜਾਂਦੀ ਅੰਬਰਾਂ ਨੂੰ ਉਡਾਣ

ਚੁੱਪ ਦੇ ਹੋਂਠਾਂ ਦੀ ਆਵਾਜ਼, ਗਾ ਉੱਠਦੀ ਕੋਈ ਪਾਰ ਦੀ ਗੱਲ।

ਸੁੰਗੜ ਜਾਂਦੇ ਨੇ ਵਜੂਦ ਬਿੰਦੂ ਵਾਂਗ, ਤੇ ਫੈਲ ਜਾਂਦੇ ਨੇ ਕਦੇ ਤਰੰਗ ਬਣ ਕੇ

ਹੋ ਜਾਂਦੀ ਹੈ ਪ੍ਰਗਟ ਕਦੇ ਕੋਈ ਸੂਖ਼ਮ, ਤੇ ਕਦੇ ਵਿਸਥਾਰ ਦੀ ਗੱਲ।

ਸਿਮਟ ਕੇ ਪੈੜਾਂ ’ਚ ਹੀ ਜੀਅ ਲੈਂਦੇ ਨੇ, ਪਲਾਂ ’ਚ ਜੁੱਗਾਂ ਜੇਡੀ ਉਮਰ

ਮਿਟਾ ਕੇ ਤੁਰਦੇ ਨੇ ਜ਼ਿਹਨ ’ਚੋਂ ਆਪਣੇ, ਕਿਸੇ ਪੁਰਸਕਾਰ ਦੀ ਗੱਲ।

ਦ੍ਰਿਸ਼ਟਮਾਨ ਆਕਾਰਾਂ ’ਚ ਹੀ, ਸਮਾਇਆ ਹੋਇਐ ਓਹ ਭਾਵੇਂ

ਸੌਖੀ ਨਹੀਂ ਹੈ ਕਰਨੀ, ਫੇਰ ਵੀ ਨਿਰ-ਆਕਾਰ ਦੀ ਗੱਲ।
ਸੰਪਰਕ: 96467-13135

* * *

ਨਜ਼ਮ

ਭੁਪਿੰਦਰ ਸਿੰਘ ਪੰਛੀ

ਜਾਂਦਾ ਹੋਇਆ ਸੰਨਾਟਾ ਦੇ ਗਿਆ

ਬਿਰਹੋਂ ਦਾ ਭਰ ਬਾਟਾ ਦੇ ਗਿਆ

ਦਿਲ ਦੀ ਪੂੰਜੀ ਲੁੱਟ ਲੈ ਗਿਆ

ਮੈਨੂੰ ਘਾਟਾ ਹੀ ਘਾਟਾ ਦੇ ਗਿਆ

ਮੇਰੇ ਇਸ਼ਕ ਨੇ ਸੀਸ ਝੁਕਾਇਆ

ਵੱਢ ਕੇ ਹੱਥ ਵਿੱਚ ਗਾਟਾ ਦੇ ਗਿਆ

ਦਿਲ ਭਰ ਕੇ ਨਹੀਂ ਉੱਛਲਦਾ

ਐਸਾ ਜਵਾਰਭਾਟਾ ਦੇ ਗਿਆ

ਪੰਛੀ ਬਿਰਹੋਂ ਦੀ ਰੋਟੀ ਖਾਂਦਾ ਰਹਿ

ਉਹ ਦਰਦਾਂ ਦਾ ਆਟਾ ਦੇ ਗਿਆ
ਸੰਪਰਕ: 98559-91055

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All