ਫਲਸਫ਼ਾਨਾ ਅੰਦਾਜ਼ ਵਾਲੀ ਵਾਰਤਕ
ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਵੱਲੋਂ ਰਚੀ, ਅੱਖਰ ਮੰਚ ਕਪੂਰਥਲਾ ਵੱਲੋਂ ਛਪਵਾਈ ਅਤੇ ਸੁੰਦਰ ਬੁੱਕ ਡਿਪੋ, ਜਲੰਧਰ ਵੱਲੋਂ ਪ੍ਰਕਾਸ਼ਿਤ ਪੁਸਤਕ ‘ਧੀਆਂ ਡਾਲਰ ਖੋਜਣ ਚੱਲੀਆਂ’ ਸਮਕਾਲੀ ਪੰਜਾਬੀ ਸਮਾਜ ਦੇ ਵਿਹਾਰਾਂ-ਵਰਤਾਰਿਆਂ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਫਲਸਫ਼ਾਨਾ ਅੰਦਾਜ਼ ਵਿੱਚ ਮੁਖ਼ਾਤਿਬ ਹੋਣ ਵਾਲੀ ਵਾਰਤਕ ਰਚਨਾ...
ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਵੱਲੋਂ ਰਚੀ, ਅੱਖਰ ਮੰਚ ਕਪੂਰਥਲਾ ਵੱਲੋਂ ਛਪਵਾਈ ਅਤੇ ਸੁੰਦਰ ਬੁੱਕ ਡਿਪੋ, ਜਲੰਧਰ ਵੱਲੋਂ ਪ੍ਰਕਾਸ਼ਿਤ ਪੁਸਤਕ ‘ਧੀਆਂ ਡਾਲਰ ਖੋਜਣ ਚੱਲੀਆਂ’ ਸਮਕਾਲੀ ਪੰਜਾਬੀ ਸਮਾਜ ਦੇ ਵਿਹਾਰਾਂ-ਵਰਤਾਰਿਆਂ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਫਲਸਫ਼ਾਨਾ ਅੰਦਾਜ਼ ਵਿੱਚ ਮੁਖ਼ਾਤਿਬ ਹੋਣ ਵਾਲੀ ਵਾਰਤਕ ਰਚਨਾ ਹੈ। ‘ਮਾਂ ਵਰਗੀ ਕਵਿਤਾ’, ‘ਜਾਗ ਪੰਜਾਬ ਤੂੰ ਜਾਗ’ ਅਤੇ ‘ਹਰਫ਼ਾਂ ਦੀ ਜਾਗੀਰ’ ਵਰਗੇ ਕਾਵਿ-ਸੰਗ੍ਰਹਿਆਂ ਵਿੱਚ ਅਹਿਸਾਸਾਂ, ਖ਼ੁਆਬਾਂ ਅਤੇ ਆਸਾਂ ਨੂੰ ਕਾਵਿਮਈ ਹਰਫ਼ ਦੇਣ ਵਾਲਾ ਕੁਲਵੰਤ ਸਿੰਘ ਔਜਲਾ ਆਪਣੀ ਪਹਿਲੀ ਵਾਰਤਕ ਰਚਨਾ ‘ਕਵਿਤਾ ਵਰਗੀਆਂ ਧੀਆਂ’ ਤੋਂ ਬਾਅਦ ਇੱਕ ਵਾਰ ਫਿਰ ਆਪਣੀਆਂ ਸ਼ਨਾਖਤਾਂ, ਵਿਰਾਸਤਾਂ ਪ੍ਰਤੀ ਚਾਹਤਾਂ ਅਤੇ ਚਿੰਤਨ ਲੈ ਕੇ ਹਾਜ਼ਰ ਹੋਇਆ ਹੈ। ਪੰਜਾਬ ਵਿੱਚੋਂ ਧੀਆਂ ਧਿਆਣੀਆਂ ਦੇ ਲਗਾਤਾਰ ਹੋ ਰਹੇ ਪਰਵਾਸ ਦੇ ਜੋਖ਼ਮ ਭਰੇ ਅਤੇ ਨਿਰਮੋਹ ਵਰਤਾਰੇ ਨੂੰ ‘ਧੀਆਂ ਡਾਲਰ ਖੋਜਣ ਚੱਲੀਆਂ’ ਦੇ ਰੂਪਕ ਵਿੱਚ ਬੰਨ੍ਹਦਿਆਂ ਉਹ ਆਪਣੀ ਪੁਸਤਕ ਨੂੰ ਸਿਰਫ਼ ਸਿਰਲੇਖ ਹੀ ਨਹੀਂ ਦਿੰਦਾ, ਸਗੋਂ ਸਾਡੇ ਸਮਿਆਂ ਦੀਆਂ ਸਾਜ਼ਿਸ਼ਾਂ, ਸਿਆਸਤਾਂ ਅਤੇ ਸਾਡੇ ਅੰਦਰਲੇ ਲੋਭ ਅਤੇ ਤਿਲਕਣਬਾਜ਼ੀਆਂ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਮੋਹ-ਨਿਰਮੋਹ ਦੀ ਡੂੰਘੀ ਸੰਵੇਦਨਾ ਨਾਲ ਅਤੀਤ ਅਤੇ ਵਰਤਮਾਨ ਬਾਰੇ ਉਸ ਨੇ ਲਿਖਿਆ ਹੈ:
‘‘ਮੇਰੀਆਂ ਕਵਿਤਾ ਵਰਗੀਆਂ ਧੀਆਂ ਹੁਣ ਪਰਦੇਸਣਾਂ ਨਹੀਂ ਪਰਵਾਸਣਾਂ ਹੋਣ ਨੂੰ ਫਿਰਦੀਆਂ ਨੇ। ਪਰਦੇਸਣਾਂ ਹੋਣ ਦੀ ਸ਼ਨਾਖਤ ਇਨ੍ਹਾਂ ਨੂੰ ਸਮਾਜਿਕ ਤੇ ਸਭਿਆਚਾਰਕ ਵਿਰਸੇ ਨੇ ਪ੍ਰਦਾਨ ਕੀਤੀ ਹੈ। ਪਰਵਾਸਣਾਂ ਹੋਣ ਦਾ ਜਨੂੰਨ ਇਨ੍ਹਾਂ ਨੂੰ ਹਕੂਮਤਾਂ ਦੀ ਬਦਨੀਅਤੀ, ਵਕਤ ਦੀ ਬੇਰੁਖ਼ੀ ਤੇ ਰਿਜ਼ਕ ਦੀ ਮਹਾਮਾਰੀ ਨੇ ਬਖ਼ਸ਼ਿਆ ਹੈ।’’
ਪੁਸਤਕ ਵਿੱਚ ਥਾਂ ਪੁਰ ਥਾਂ ਸਿਰਫ਼ ਮਾਪਿਆਂ ਦਾ ਲਾਲਚ, ਖੋਖਲੀਆਂ ਰਵਾਇਤਾਂ, ਰਿਜ਼ਕ ਲਈ ਅੰਨ੍ਹੀ ਦੌੜ, ਪਰਾਏ ਮਾਹੌਲ ਦੀ ਦਹਿਸ਼ਤ ਅਤੇ ਅਸੁਰੱਖਿਆ ਕਰਕੇ ‘ਕਵਿਤਾ ਵਰਗੀਆਂ ਧੀਆਂ’ ਦਾ ‘ਅਗ਼ਜ਼ਲ’ ਵਰਗੀਆਂ ਹੋ ਜਾਣਾ ਹੀ ਨਹੀਂ, ਸਗੋਂ ਪੰਜਾਬੀ ਨੈਤਿਕਤਾ ਵਿੱਚ ਹੋਰ ਬਹੁਤ ਸਾਰੀਆਂ ਬੇਅਦਬ ਅਲਾਮਤਾਂ ਦਾ ਆ ਜਾਣਾ ਵੀ ਫ਼ਿਕਰ ਬਣਿਆ ਨਜ਼ਰ ਆਉਂਦਾ ਹੈ। ਇਸ ਪੁਸਤਕ ਦੇ ਕੁੱਲ ਇੱਕੀ ਨਿਬੰਧਾਂ ਵਿੱਚ ਉਸ ਨੇ ਪੰਜਾਬ ਦਾ ਫਲਸਫ਼ਾਨਾ ਵਿਸ਼ਲੇਸ਼ਣ ਕੀਤਾ ਹੈ। ਇਸ ਪੁਸਤਕ ਦੀ ਸੰਵੇਦਨਾ, ਸਰੋਕਾਰਾਂ ਅਤੇ ਮਿਆਰਾਂ ਦੀ ਥਾਹ ਦੇਣ ਲਈ ਇਸ ਵਿਚਲੇ ਕੁਝ ਵਾਕ ਹਾਜ਼ਰ ਹਨ:
- ਆਪਣੀ ਧਰਤੀ ਨੂੰ ਸਿੰਜਣ ਤੇ ਸੁਪਨਸ਼ੀਲ ਕਰਨ ਦੀ ਚੇਸ਼ਟਾ ਤੇ ਚਾਹਤ ਭੈਅਭੀਤ ਹੋ ਗਈ ਹੈ।
- ਮਨੁੱਖ ਨੂੰ ਵੋਟ, ਵਣਜ ਤੇ ਵਸਤੂ ਬਣਾਉਣ ਦੀ ਸਿਆਸਤ ਅਜੋਕੇ ਸਹੂਲਤਨਾਮੇ ਦੀ ਜਣਨੀ ਹੈ। ਮੁਫ਼ਤਖੋਰੇ ਮੰਗਤੇ ਬਣਾ ਦੇਣਾ ਸਹੂਲਤੀ ਸਿਆਸਤ ਦੀ ਗਹਿਰੀ ਸਾਜ਼ਿਸ਼ ਹੈ।
- ਸਟੇਟ ਦੀਆਂ ਕਾਰਪੋਰੇਟ ਚਲਾਕੀਆਂ ਅਤੇ ਚਾਲਾਂ ਨੇ ਅਜੋਕੇ ਬੰਦੇ ਨੂੰ ਸ਼ੋਹਰਤ, ਸਿਆਸਤ, ਸਜਾਵਟ ਅਤੇ ਸਵੈ ਦੀਆਂ ਨੀਹਾਂ ਵਿੱਚ ਚਿਣ ਦਿੱਤਾ ਹੈ।
- ਰੁੱਖੀ ਸੁੱਕੀ ਹੁਣ ਕਿਸੇ ਵੀ ਘਰ ਦਾ ਸੁਭਾਅ ਅਤੇ ਸੁਪਨਾ ਨਹੀਂ। ... ਸਵੈ ਦੀ ਸ਼ੋਭਾ ਅਤੇ ਸ਼ਕਤੀ ਲਈ ਅਸੀਂ ਧੜਾਧੜ ਵਿਕ ਰਹੇ ਹਾਂ। ਸਾਡਾ ਹਰ ਵਰਤਾਰਾ ਤੇ ਵਣਜ ਰੇਗਿਸਤਾਨ ਮੁਖੀ ਹੈ।
- ਸਾਡੇ ਮਾਪਿਆਂ ਦਾ ਯੁੱਗ ਸਾਊ, ਸਾਦਾ, ਸੁਪਨਸਾਜ਼ ਤੇ ਸਿਰੜੀ ਮਨੁੱਖਾਂ ਦਾ ਯੁੱਗ ਸੀ। ਕਠੋਰ, ਕਾਵਿਕ ਤੇ ਕਰਮਸ਼ੀਲ ਇਸ ਯੁੱਗ ਨੇ ਸਦੀਵੀ ਮੁੱਲਾਂ ਵਾਲੀ ਤਹਿਰੀਕ ਸਿਰਜੀ।
- ਪਹਿਲਾਂ ਲੋਕਾਂ ਕੋਲ ਦੀਨ, ਦੀਵਾਨਗੀ, ਦਰਿਆਦਿਲੀ, ਦਰਵੇਸ਼ੀ ਅਤੇ ਦਾਨਾਈ ਹੁੰਦੀ ਸੀ। ਅੱਜਕੱਲ੍ਹ ਦਿਖਾਵਟ, ਦਹਿਸ਼ਤ, ਦਰਿੰਦਗੀ ਤੇ ਦੰਭ ਦਾ ਬੋਲਬਾਲਾ ਹੈ।
- ਪੰਜਾਬੀਆਂ ਕੋਲ ਆਪਣੀ ਸ਼ਨਾਖਤ ਤੇ ਸਨਦ ਲਈ ਲੜਨ ਵਾਸਤੇ ਦਿਆਨਤਦਾਰ ਅਤੇ ਦੂਰ-ਦ੍ਰਿਸ਼ਟ ਅਗਵਾਈ ਦੀ ਘਾਟ ਹੈ।
- ਦਿਲੋਂ ਬੋਲਣ ਤੋਂ ਡਰ ਲੱਗਦਾ ਹੈ ਤੇ ਹੌਲੀ ਹੌਲੀ ਧੜਿਆਂ ਦੀ ਸਿਆਸਤ ਦੇ ਅਨੁਕੂਲ ਬੋਲਣ ਦੀ ਪ੍ਰਥਾ ਸਾਡਾ ਸੁਭਾਅ ਬਣ ਜਾਂਦਾ ਹੈ।
- ਨਾ ਅਸੀਂ ਚੰਗੇ ਵਿਰੋਧੀ ਹਾਂ, ਨਾ ਅਸੀਂ ਚੰਗੇ ਸਹਿਯੋਗੀ ਹਾਂ। ਸਾਨੂੰ ਲੜਨ ਦਾ ਸਹੀ ਤਰੀਕਾ ਤੇ ਸਲੀਕਾ ਵਿਸਰ ਗਿਆ ਹੈ।
ਇੱਕ ਪਾਸੇ ਲਾਰਿਆਂ, ਲਿਸ਼ਕਾਰਿਆਂ ਅਤੇ ਲਲਕਾਰਿਆਂ ਨਾਲ ਭਰਮਾ-ਡਰਾ ਰਹੀ ਤਾਨਾਸ਼ਾਹੀ ਅਤੇ ਦੂਜੇ ਪਾਸੇ ਅਜੋਕੇ ਵਿਅਕਤੀ ਦੇ ਖ਼ੁਦ ਨੂੰ ਖੋਜਣ ਤੇ ਖ਼ੁਆਬਸ਼ੀਲ ਨਾ ਰਹਿਣ ਦੀ ਅਕਰਮਕਤਾ ਨੇ ਜਥੇਬੰਦੀਆਂ ਵਾਲੇ ਸਾਂਝੇ ਸੰਘਰਸ਼ ਨੂੰ ਜਿਵੇਂ ਖੇਰੂੰ-ਖੇਰੂੰ ਕੀਤਾ ਹੈ, ਉਸ ਦੀ ਅਵਾਜ਼ਾਰੀ ਇਨ੍ਹਾਂ ਲੇਖਾਂ ਦੀ ਪ੍ਰੇਰਕ ਹੈ। ਇਹ ਲੇਖ ਬਹੁਤ ਸਾਰੇ ਮੌਲਿਕ ਬਿੰਬਾਂ, ਰੂਪਕਾਂ, ਉਪਮਾਵਾਂ ਅਤੇ ਖ਼ੂਬਸੂਰਤ ਅਨੁਪ੍ਰਾਸਾਂ ਨਾਲ ਇਹ ਸੋਝੀ ਵੀ ਦਿੰਦੇ ਹਨ ਕਿ ਇਹ ਦਿਸ਼ਾਹੀਣ, ਮੋਹਹੀਣ ਅਤੇ ਮਾਤਮੀ ਮਾਹੌਲ, ਜਿਹੜਾ ਸਾਨੂੰ ਬੇਹਿਸ ਕਰ ਰਿਹਾ ਹੈ, ਇਸ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ; ਅਤੇ ਇਹ ਅੰਤਰ-ਦ੍ਰਿਸ਼ਟੀ ਵੀ ਦਿੰਦਾ ਹੈ ਕਿ ਸਾਡੇ ਸੁਪਨਿਆਂ ਦਾ ਸਜੀਵ ਹੋਣਾ, ਆਸ ਦਾ ਜਗਦੇ ਰਹਿਣਾ ਹੀ ਸਮਿਆਂ ਨੂੰ ਉਦਾਸੀਆਂ ਦੇ ਖ਼ੌਫ਼ ਤੋਂ ਬਚਾ ਸਕੇਗਾ।
ਪੰਜਾਬੀਆਂ ਨੂੰ ਆਪਣੇ ਵੱਡੇ ਵਡੇਰਿਆਂ ਦੇ ਸਿਰੜ, ਸਿਦਕ, ਮਾਣ ਮਹੱਤ ਦਾ ਵਾਸਤਾ ਪਾ ਕੇ ਅਜੋਕੇ ਸਮਿਆਂ ਦੇ ਸਵਾਦਲੇ, ਸੌਦੇਬਾਜ਼ ਬਿਰਤਾਂਤ ਦੇ ਮਾਰੂ ਸੈਲਾਬ ਵਿੱਚ ਰੁੜ੍ਹਨੋਂ ਬਚਣ ਲਈ ਬਾਖ਼ਬਰ ਕਰਨ ਵਾਲੀ ਇਹ ਪੁਸਤਕ ਆਪਣੇ ਸੁਨੇਹੇ ਕਰਕੇ ਹੀ ਨਹੀਂ, ਆਪਣੇ ਅਤਿ ਕਾਵਿਕ ਅਤੇ ਸੁਹਜਮਈ ਅੰਦਾਜ਼ ਕਰਕੇ ਵੀ ਪੜ੍ਹਨਯੋਗ ਹੈ। ਭਾਵਾਂ ਅਤੇ ਤਰਕਾਂ ਨੂੰ ਜਜ਼ਬਿਆਂ ਗੁੱਧੀ ਭਾਸ਼ਾ ਵਿੱਚ ਸਮੋ ਕੇ ਬਣਾਏ ਲੇਖਾਂ ਦੇ ‘ਕਿੱਥੇ ਗਿਆ ਰਾਗ ਤੇ ਰਬਾਬ ਜਿਹਾ ਆਲ੍ਹਣਾ’, ‘ਹੁਣ ਵੰਡਣ ਨੂੰ ਫਿਰੀਏ ਬਾਬਾ ਰਲ ਮਿਲ ਤੇਰੀ ਖ਼ੁਦਾਈ’, ‘ਪਿਓ ਦਾਦੇ ਦਾ ਦਿੱਤਾ ਇੰਜ ਨਹੀਂ ਰੋੜ੍ਹੀਦਾ’, ‘ਵਾਈਪਰਾਂ ਨਾਲ ਡਾਲਰ ਹੂੰਝਦੇ ਪੰਜਾਬੀ’ ਵਰਗੇ ਸਿਰਲੇਖ ਜਾਂ ਲੇਖਾਂ ਵਿੱਚ ਸ਼ਾਮਿਲ ਪ੍ਰੋ. ਕੁਲਵੰਤ ਸਿੰਘ ਔਜਲਾ ਦੀਆਂ ਆਪਣੀਆਂ ਲਿਖੀਆਂ ਕਾਵਿ ਪੰਕਤੀਆਂ ਹੀ ਨਹੀਂ, ਲੇਖਾਂ ਦੀ ਸਮੁੱਚੀ ਸ਼ੈਲੀ ਹੀ ਰਸਭਿੰਨੀ ਸ਼ਬਦਾਵਲੀ ਦੀ ਸੁਚੱਜੀ ਅਤੇ ਸੁਚੇਤ ਚੋਣ ਕਰਕੇ ਨਿਵੇਕਲੀ ਅਤੇ ਮੌਲਿਕ ਹੈ। ਪੰਜਾਬੀ ਵਾਰਤਕ ਵਿੱਚ ਇਹ ਪੁਸਤਕ ਇੱਕ ਜ਼ਿਕਰਯੋਗ ਵਾਧਾ ਹੈ।
ਸੰਪਰਕ: 94172-43245
