ਲੋਕਾਂ ਦਾ ਸ਼ਾਇਰ ਮਹਿੰਦਰ ਸਾਥੀ

ਲੋਕਾਂ ਦਾ ਸ਼ਾਇਰ ਮਹਿੰਦਰ ਸਾਥੀ

ਲੋਕ ਸ਼ਾਇਰ ਮਹਿੰਦਰ ਸਾਥੀ ਨੇ ਆਪਣੀ ਸਾਰੀ ਜ਼ਿੰਦਗੀ ਖ਼ਸਤਾਹਾਲ ਮਕਾਨ ਵਿੱਚ ਗ਼ਰੀਬੀ ਨਾਲ ਜੂਝਦਿਆਂ ਅਤੇ ਹਕੂਮਤਾਂ ਨਾਲ਼ ਲੋਹਾ ਲੈਂਦਿਆਂ  ਕੱਟ ਲਈ, ਪਰ ਉਸ ਦੇ ਜਜ਼ਬੇ ਤੇ ਹੌਸਲੇ ਨੂੰ ਨਾ ਤਾਂ ਘਰ ਦੀ ਗ਼ਰੀਬੀ ਰੋਕ ਸਕੀ ਤੇ ਨਾ ਹੀ ਜ਼ਾਲਮ ਹਕੂਮਤਾਂ। ਉਹ ਇਨ੍ਹਾਂ ਨੂੰ ਵੰਗਾਰਦਾ ਹੋਇਆ ਕਿਸਾਨਾਂ, ਮਜ਼ਦੂਰਾਂ ਤੇ ਦੱਬੇ ਕੁਚਲੇ ਲੋਕਾਂ ਲਈ ਸੰਘਰਸ਼ ਕਰਦਾ ਰਿਹਾ। ਸਾਥੀ ਨੇ ਲੋਟੂ ਸਿਸਟਮ ਵਿਰੁੱਧ ਆਵਾਜ਼ ਹੀ ਨਹੀਂ ਉਠਾਈ ਸਗੋਂ ਆਪਣੀ ਕਲਮ ਨੂੰ ਵੀ ਇਨ੍ਹਾਂ ਖ਼ਿਲਾਫ਼ ਹਥਿਆਰ ਬਣਾਇਆ। ਉਹ ਉਦੋਂ ਵੀ ਹਕੂਮਤਾਂ ਨੂੰ ਲਲਕਾਰਦਾ ਰਿਹਾ ਜਦੋਂ ਹਕੂਮਤ ਦੀਆਂ ਬੰਦੇ ਖਾਣੀਆਂ ਬੰਦੂਕਾਂ ਨੇ ਬੋਲਣ ਤੇ ਲਿਖਣ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ ਸੀ। ਉਹ ਮਰਨ ਤੋਂ ਕਦੇ ਨਹੀਂ ਡਰਿਆ। ਇਸੇ  ਲਈ ਉਸ ਨੇ ਜੋ ਲਿਖਿਆ ਉਸ ਉੱਤੇ ਪੂਰਾ ਉਤਰਿਆ। ਉਸ ਨੇ ਸਰਕਾਰੀ/ਗ਼ੈਰ-ਸਰਕਾਰੀ ਇਨਾਮਾਂ-ਸਨਮਾਨਾਂ ਲਈ ਨਾ ਤਾਂ ਕਿਸੇ ਨਾਲ ਸਮਝੌਤਾ ਕੀਤਾ ਤੇ ਨਾ ਹੀ ਦੂਹਰੇ ਕਿਰਦਾਰ ਨੂੰ ਜੀਵਿਆ। ਇਸ ਲਈ ਉਹ ਸਾਰੀ ਜ਼ਿੰਦਗੀ ਲੋਕਪੱਖੀ ਸ਼ਾਇਰ ਹੀ ਬਣਿਆ ਰਿਹਾ। ਸਾਥੀ ਸਦਾ ਹੱਕ, ਸੱਚ, ਨਿਆਂ ਲਈ ਅੜਦਾ, ਖੜ੍ਹਦਾ ਅਤੇ ਲੜਦਾ ਰਿਹਾ।

 ਭਾਵੇਂ ਅੱਜ ਇਨਕਲਾਬੀ ਸ਼ਾਇਰ ਮਹਿੰਦਰ ਸਾਥੀ  ਜਿਸਮਾਨੀ ਤੌਰ ’ਤੇ ਸਾਡੇ ਵਿੱਚ ਨਹੀਂ, ਪਰ ਸਾਥੀ ਨੇ ਆਪਣੇ ਇਨਕਲਾਬੀ ਵਿਚਾਰਾਂ ਨਾਲ ਜੋ ਬੀਜ ਸਾਹਿਤ ਦੀ ਜ਼ਮੀਨ ’ਤੇ ਬੀਜਿਆ ਹੈ ਉਹ ਕਦੇ ਉਸ ਨੂੰ ਮਰਨ ਨਹੀਂ ਦੇਵੇਗਾ। ਸਾਥੀ ਦੀ ਕਲਮ ’ਚੋਂ ਨਿਕਲੇ ਸ਼ਬਦ ਉਸ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਰੱਖਣਗੇ। ਤਣੇ ਮੁੱਕੇ ਨਾਲ਼ ਮਸ਼ਾਲਾਂ ਬਾਲ ਕੇ ਰੱਖਣ ਦਾ ਪੈਗ਼ਾਮ ਦਿੰਦਾ ਵਿਦਾ ਹੋਇਆ ਸਾਥੀ ਜ਼ੁਲਮ ਖ਼ਿਲਾਫ਼ ਉੱਠੀ ਇਨਕਲਾਬ ਦੀ ਹਰ ਮਸ਼ਾਲ ਵਿੱਚੋਂ ਨਜ਼ਰ ਆਵੇਗਾ ਤੇ ਹਰ ਸੰਘਰਸ਼ ਵਿੱਚੋਂ ਉਸ ਦੀ ਇਨਕਲਾਬੀ ਆਵਾਜ਼ ਗੂੰਜਦੀ ਸੁਣਾਈ ਦੇਵੇਗੀ।

ਮਹਿੰਦਰ ਸਾਥੀ ਦੀਆਂ ਕੁਝ ਚੋਣਵੀਆਂ ਗ਼ਜ਼ਲਾਂ ਤੇ ਕਵਿਤਾਵਾਂ: 

ਮਸ਼ਾਲਾਂ ਬਾਲ ਕੇ ਚੱਲਣਾ  

ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ,

ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ।

ਮਿਲੂ ਮਨਸੂਰ ਨੂੰ ਸੂਲੀ, ਤੇ ਵਿਸ਼ ਸੁਕਰਾਤ ਦੇ ਹਿੱਸੇ, 

ਰਹੇਗਾ ਜੁਰਮ ਸੱਚ ਕਹਿਣਾ, ਜਦੋਂ ਤਕ ਰਾਤ ਬਾਕੀ ਹੈ।

ਪਸੀਨੇ ਦੀ ਤਾਂ ਗੱਲ ਛੱਡੋ, ਲਹੂ ਮਜ਼ਦੂਰ ਦਾ ਯਾਰੋ,

ਇਹ ਸਸਤਾ ਪਾਣੀਓਂ ਰਹਿਣਾ, ਜਦੋਂ ਤਕ ਰਾਤ ਬਾਕੀ ਹੈ। 

ਉਦੋਂ ਤੱਕ ਰਹਿਣਗੇ ਸ਼ਿੰਗਾਰ ਹਰ ਮਹਿਫ਼ਿਲ ਦਾ ਉੱਲੂ ਹੀ,

ਪਪੀਹੇ ਨੂੰ ਕਿਨ੍ਹੇ ਸੁਨਣਾ, ਜਦੋਂ ਤਕ ਰਾਤ ਬਾਕੀ ਹੈ।

ਬਣੇਗਾ ਇਸ਼ਕ ਮੇਰਾ ਓਦੋਂ ਤਕ ਬਾਰੂਦ ਦਾ ਖਾਜਾ,

ਤੇ ਤੇਰੇ ਹੁਸਨ ਨੇ ਵਿਕਣਾ, ਜਦੋਂ ਤਕ ਰਾਤ ਬਾਕੀ ਹੈ। 

ਰਗੜ ਮੱਥਾ ਤੂੰ ਮੰਦਰ ਵਿਚ, ਜਾਂ ਮਸਜਿਦ ਵਿਚ ਤੂੰ ਕਰ ਸਿਜਦੇ 

ਤੇਰੇ ਦੁੱਖਾਂ ਨਹੀਂ ਮਿਟਣਾ, ਜਦੋਂ ਤਕ ਰਾਤ ਬਾਕੀ ਹੈ।

ਹਨੇਰੇ ਦੀ ਅਦਾਲਤ ਵਿੱਚ ਹੈ ਕੀ ਫ਼ਰਿਆਦ ਦਾ ਫ਼ਾਇਦਾ,

ਤੂੰ ਕਰ ਸੰਗਰਾਮ ਐ ਸੱਜਣਾ, ਜਦੋਂ ਤਕ ਰਾਤ ਬਾਕੀ ਹੈ।

ਸੜੂ ਸੱਸੀ, ਡੁੱਬੂ ਸੋਹਣੀ, ਮੁਹੱਬਤ ਦੇ ਦੁਖਾਂਤ ਦਾ, 

ਨਹੀਂ ਇਹ ਸਿਲਸਿਲਾ ਮੁੱਕਣਾ, ਜਦੋਂ ਤਕ ਰਾਤ ਬਾਕੀ ਹੈ।

ਹਕੀਕਤ ਤਾਂ ਹੈ ਇਹ ਮਿਰਜ਼ੇ, ਗਏ ਮਾਰੇ ਨੇ ਬੰਨ੍ਹ ਬੰਨ੍ਹ ਕੇ, 

ਤੇ ਖ਼ਬਰੀਂ ‘ਟਾਕਰਾ’ ਛਪਣਾ, ਜਦੋਂ ਤਕ ਰਾਤ ਬਾਕੀ ਹੈ।

ਮੇਰਾ ਮੱਥਾ, ਰਹੂ ਭੱਥਾ, ਇਹ ਬਣਿਆ ਰੋਹ ਦੇ ਤੀਰਾਂ ਦਾ, 

ਨਹੀਂ ਇਸ ਤਿਊੜੀ ਨੇ ਮਿਟਣਾ, ਜਦੋਂ ਤਕ ਰਾਤ ਬਾਕੀ ਹੈ। 

ਲੜਨਗੇ ਨਾਲ ਤੇਰੇ ਐ! ਹਨੇਰੇ ਅੰਤ ਤਕ ‘ਸਾਥੀ’

ਇਨ੍ਹਾਂ ਨਹੀਂ ਚੈਨ ਸੰਗ ਬਹਿਣਾ, ਜਦੋਂ ਤਕ ਰਾਤ ਬਾਕੀ ਹੈ।

* * *

ਗ਼ਜ਼ਲ

ਅਸਾਡੇ ਬਾਅਦ ਵੀ ਯਾਰੋ! ਮਸ਼ਾਲਾਂ ਬਾਲ਼ਦੇ ਰਹਿਣਾ,

ਹਨੇਰੇ ਰਾਹ ਹਯਾਤੀ ਦੇ, ਸਦਾ ਉਜਿਆਲਦੇ ਰਹਿਣਾ।

ਅਸੀਂ ਗੁਫ਼ਤਾਰ ਤੇ ਕਿਰਦਾਰ ਨੂੰ ਹਮਕਦਮ ਰਖਿਆ ਹੈ,

ਰਵਾਇਤ ਹੈ ਬੜੀ ਔਖੀ, ਤੁਸੀਂ ਪਰ ਪਾਲਦੇ ਰਹਿਣਾ।

ਅਸੀਂ ਹੱਕ, ਸੱਚ, ਨਿਆਂ ਦੇ ਹਾਂ ਹਮੇਸ਼ਾ ਹੀ ਰਹੇ ਸੰਗੀ,

ਵਿਰਾਸਤ ਹੈ ਅਸਾਡੀ ਇਹ ਤੁਸੀਂ ਸੰਭਾਲਦੇ ਰਹਿਣਾ।

ਤੁਹਾਨੂੰ ਬਣਨ ਲਈ ਮੁਖ਼ਬਰ, ਸਿੰਘਾਸਣ ਦੇਵੇਗਾ ਮੋਹਰਾਂ,

ਤੁਸੀਂ ਫ਼ੁਟਬਾਲ ਵਾਂਗੂੰ ਮਾਰ ਠੋਕਰ ਟਾਲਦੇ ਰਹਿਣਾ।

ਉਹ ਮੌਤੋਂ ਡਰ ਗਿਆ ਹੁੰਦਾ, ਕਦੋਂ ਦਾ ਮਰ ਗਿਆ ਹੁੰਦਾ,

ਕਈ ਯੁਗ ਗੁਜ਼ਰਨੇ ਪਰ ਉਸ ਨੇ ਤੇਈ ਸਾਲ ਦੇ ਰਹਿਣਾ।

ਕ੍ਰਾਂਤੀ ਦੈਂਤ ਪੀਲੇ ਦੇ ਕਿਲ੍ਹੇ ਵਿਚ ਕੈਦ ਹੈ ਯਾਰੋ,

ਸਿਰਾਂ ਨੂੰ ਜੋੜ ਉਸ ਦੀ ਮੁਕਤੀ ਦਾ ਰਾਹ ਭਾਲਦੇ ਰਹਿਣਾ।

ਸਿਤਮਗਰ ਸਾਹਮਣੇ ਸ਼ਮਸ਼ੀਰ ਹੋਵਣ, ‘ਨੇਰ੍ਹੇ ਵਿਚ ਸ਼ੱਮ੍ਹਾ,

ਜੋ ‘ਨ੍ਹੇਰਾ ਮੇਟ ਦੇਵਣ ਸ਼ਬਦ ਐਸੇ ਢਾਲਦੇ ਰਹਿਣਾ।

ਅਤੀਤੋਂ ਸਬਕ ਸਿੱਖ ਕੇ ਹੈ ਭਵਿੱਖ ਨੂੰ ਆਪਣਾ ਕਰਨਾ,

ਸਮੇਂ ਦੀ ਸਮਝ ਰੱਖਣੀ ਹੈ, ਤੇ ਹਾਣੀ ਹਾਲ ਦੇ ਰਹਿਣਾ।

ਤੂੰ ਗ਼ੈਰਤ ਮਿਰਜ਼ੇ ਵਾਲੀ ਰੱਖ, ਦਲੇਰੀ ਦੁੱਲੇ ਵਾਲੀ ਹੋ,

ਸਿਦਕ ਫ਼ਰਹਾਦ ਦਾ ਬਣ ਕੇ, ਇਨ੍ਹਾਂ ਦੇ ਨਾਲ ਦੇ ਰਹਿਣਾ।

ਪਲੇਠਾ ਪਿਆਰ ਸਾਡਾ ਲੋਕਤਾ ਹੈ, ਆਖਰੀ ਵੀ ਇਹ,

ਵਫ਼ਾ ਇਸ ਦੀ ਅਖ਼ੀਰੀ ਸਾਹਾਂ ਤੀਕਰ ਪਾਲਦੇ ਰਹਿਣਾ।

ਇਹ ਜੋ ਕੁਝ ਵੀ ਹੈ ਦੁਨੀਆ ਵਿਚ ਕ੍ਰਿਸ਼ਮਾ ਘਾਲਣਾ ਦਾ ਹੈ,

ਜੇ ‘ਸਾਥੀ’ ਪਾਉਣੈ ਕੁਝ ਤਾਂ ਘਾਲਣਾ ਨੂੰ ਘਾਲਦੇ ਰਹਿਣਾ।

* * *

ਉਦਾਸ ਹੈ

ਹੈ ਸੁੰਨੀ ਸੁੰਨੀ ਹਰ ਗਲੀ, ਨਗਰ ਨਗਰ ਉਦਾਸ ਹੈ,

ਇਹ ਰੁੱਤ ਕੈਸੀ ਆਈ ਹੈ ਕਿ ਹਰ ਬਸ਼ਰ ਉਦਾਸ ਹੈ।

ਗ਼ਰੀਬ ਹਨ ਅਮੀਰ ਹਨ, ਘਰਾਂ ’ਚ ਸਭ ਅਸੀਰ ਹਨ,

ਸਜ਼ਾ ਇਹ ਕਿਉਂ? ਇਹ ਸੋਚਦੀ ਸ਼ਬ-ਓ-ਸਹਰ ਉਦਾਸ ਹੈ।

 

ਇਹ ਸੁੰਨੀ ਸੁੰਨੀ ਸੈਰਗਾਹ, ਹੈ ਸੈਰੀਆਂ ਦਾ ਤੱਕਦੀ ਰਾਹ,

ਇਹ ਫੁੱਲ ਨਿੰਮੋਝੂਣੇ ਨੇ, ਸ਼ਜਰ ਸ਼ਜਰ ਉਦਾਸ ਹੈ।

ਮਈ ਦੀ ਸੜਦੀ ਬਲਦੀ ਧੁੱਪ ਤੁਰਦੇ ਕਾਫ਼ਲੇ ਨੇ ਚੁੱਪ,

ਇਨ੍ਹਾਂ ਨੂੰ ਤੱਕ ਇਨ੍ਹਾਂ ਦੀ ਹੀ; ਰਚੀ ਡਗਰ ਉਦਾਸ ਹੈ।

ਬਜ਼ਾਰ ਹੋਇਆ ਇਸ ਤਰ੍ਹਾਂ, ਖ਼ਿਜ਼ਾਂ ’ਚ ਬਾਗ਼ ਜਿਸ ਤਰ੍ਹਾਂ,

ਸਜਾ ਕੇ ਬੈਠੇ ਹੱਟੀਆਂ ਇਹ ਹੱਟੀਗਰ ਉਦਾਸ ਹੈ।

ਨਾ ਮੈਅਕਦੇ ’ਚ ਰੌਣਕਾਂ, ਨਾ ਮੰਦਰਾਂ ’ਚ ਸੰਗਤਾਂ,

ਇਹ ਮੈਅਕਦਾ ਵੀਰਾਨ ਹੈ ਉਹ ਰੱਬ ਦਾ ਘਰ ਉਦਾਸ ਹੈ।

ਨਾ ਮਹਿਫ਼ਿਲਾਂ ’ਚ ਕਹਿਕਹੇ, ਨਾ ਦੋਸਤਾਂ ਦੇ ਚੁਟਕਲੇ,

ਇਹ ਸ਼ਾਮ ਸਹਿਮੀ ਸਹਿਮੀ ਹੈ ਤੇ ਹਰ ਨਜ਼ਰ ਉਦਾਸ ਹੈ।

ਇਹ ਫੜੀਆਂ ਤੇ ਇਹ ਰੇਹੜੀਆਂ, ਇਹ ਤਖ਼ਤ ਕਰੀਆਂ ਵਿਹਲੀਆਂ,

ਇਹ ਖਾਣ ਕਿੱਥੋਂ ਰੋਟੀਆਂ, ਬੜੀ ਖ਼ਬਰ ਉਦਾਸ ਹੈ।

ਵਬਾ ਦਾ ਲਾਹਾ ਲੈ ਰਿਹੈ, ਜੜ੍ਹੀਂ ਅਜੰਡਾ ਬਹਿ ਰਿਹੈ,

ਹੈ ਤਖ਼ਤ ਭਗਵਾਂ ਖ਼ੁਸ਼ ਬੜਾ ਇਹ ਜਨਤਾ ਪਰ ਉਦਾਸ ਹੈ।

ਇਹ ਇਕ ਕਿਸੇ ਦੀ ਗ਼ਲਤੀ ਹੈ ਤੇ ਦੁਨੀਆ ਸਭ ਭੁਗਤਦੀ ਹੈ,

ਨਹੀਂ ਇਕੱਲਾ ਹਿੰਦ ਹੀ ਇਹ ਦੁਨੀਆ ਭਰ ਉਦਾਸ ਹੈ।

ਉਹ ਕਲ੍ਹ ਜੋ ਹੈ ਆ ਰਿਹਾ, ਖ਼ੁਸ਼ੀ ਹੈ ਉਹ ਲਿਆ ਰਿਹਾ,

ਨਿਰਾਸ਼ ਨਾ ਹੋ ਸਾਥੀਆ, ਇਹ ਅੱਜ ਅਗਰ ਉਦਾਸ ਹੈ।

* * *

ਗ਼ਜ਼ਲ

ਜੋਸ਼ ਦਾ ਇੱਕ ਜ਼ਲਜ਼ਲਾ ਅੱਜ ਸਾਡੀਆਂ ਬਾਹਾਂ ’ਚ ਹੈ।

ਜਾਏਗੀ ਢਹਿ ਹਰ ਕੰਧ ਉਹ ਸਾਡੇ ਜੋ ਰਾਹਾਂ ’ਚ ਹੈ।

ਤਪਦੀਆਂ ਤਵੀਆਂ ਤੇ ਠੰਢੇ ਬੁਰਜਾਂ ਤੋਂ ਜੋ ਨਾ ਝੁਕੇ,

ਅੱਜ ਸਾਡੀ ਪਰਖ ਵੀ ਇਹ ਉਨ੍ਹਾਂ ਦੇ ਰਾਹਾਂ ’ਚ ਹੈ।

ਦੁਨੀਆ ਨੇ ਕਹਿ ਕਹਿ ਨਸ਼ੇੜੀ ਬੱਦੂ ਕੀਤਾ ਜੋ ਪੰਜਾਬ,

ਤੱਕ ਲਿਆ ਨਾ ਜ਼ੋਰ ਕਿੰਨਾ ਉਸਦੀਆਂ ਬਾਹਾਂ ’ਚ ਹੈ।

ਬਾਜ਼ ਆ ਜ਼ਾਲਮ ਜ਼ੁਲਮ ਤੋਂ ਤਖ਼ਤ ਤੇਰਾ ਉੱਡ ’ਜੂ,

ਇੱਕ ਝੱਖੜ ਅੱਜ ਮਜ਼ਲੂਮਾਂ ਦੀਆਂ ਆਹਾਂ ’ਚ ਹੈ।

ਕਾਫ਼ਲੇ ਉਹ ਮੰਜ਼ਿਲਾਂ ’ਤੇ ਪਹੁੰਚਦੇ ਨੇ ਲਾਜ਼ਮੀ,

ਹੋਸ਼ ਮੱਥਿਆਂ ਵਿੱਚ ਜਿਨ੍ਹਾਂ ਦੇ ਜੋਸ਼ ਇੱਕ ਸਾਹਾਂ ’ਚ ਹੈ।

ਤੈਨੂੰ ਮਿਲ ਕੇ ਦਿੱਲੀਏ ਨੀ! ਫ਼ਿਰ ਮਿਲਾਂਗੇ ਉਨ੍ਹਾਂ ਨੂੰ,

ਤੇਰਾ ਅੱਜਕੱਲ੍ਹ ਬਹਿਣ-ਉੱਠਣ ਜਿਹੜਿਆਂ ਸ਼ਾਹਾਂ ’ਚ ਹੈ।

* * *

ਗ਼ਜ਼ਲ

ਨਾ ਤਾਂ ਇਹ ਸਾਡਾ ਸ਼ੌਕ ਸੀ ਨਾ ਸਾਡੀਆਂ ਸੀ ਆਦਤਾਂ,

ਤਿਰੀ ਸਿਤਮਗਰੀ ਸਿਖਾਈਆਂ ਸਾਨੂੰ ਇਹ ਬਗ਼ਾਵਤਾਂ।

ਨਾ ਨਾਲ ਸਾਡੇ ਵੈਰ ਪਾਲ ਖ਼ਾਹ-ਮ-ਖ਼ਾਹ ਨੀ ਦਿੱਲੀਏ!

ਤੂੰ ਜਾਣਦੀਂ ਏਂ ਸਾਡੀਆਂ ਸ਼ਰਾਫ਼ਤਾਂ ਤੇ ਗ਼ੈਰਤਾਂ।

ਉਹ ਧਰਮ ਹੈ ਜਾਂ ਰਾਜਨੀਤੀ, ਪਿਆਰ ਹੈ ਜਾਂ ਵਿੱਦਿਆ,

ਇਹ ਸਾਰੇ ਬਣ ਕੇ ਰਹਿ ਗਏ ਨੇ ਅੱਜ ਤਾਂ ਤਿਜਾਰਤਾਂ।

ਕਿਧਰ ਗਿਆ ਮਨੁੱਖ ਉਹ, ਜੋ ਸਬਰ ਸੀ, ਤਿਆਗ ਸੀ,

ਨ ਬੇਲਗਾਮ ਭੁੱਖ ਸੀ, ਨ ਪੁਤਲਾ ਸੀ ਸਵਾਰਥਾਂ।

ਉਹ ਕੱਲ੍ਹ ਵੀ ਤੇ ਅੱਜ ਵੀ ਜ਼ਮੀਂ ’ਤੇ ਹੀ ਨੇ ਰੇਂਗਦੇ,

ਜੋ ਆਸਮਾਨ ਛੂੰਹਦੀਆਂ ਨੇ ਸਿਰਜਦੇ ਇਮਾਰਤਾਂ।

ਇਹ ਤਖ਼ਤ-ਤਾਜ, ਦੌਲਤਾਂ, ਗ਼ਰੂਰ ਤੇ ਇਹ ਤਾਕਤਾਂ,

ਇਹ ਟੁੱਟੇ ਤਾਰੇ ਦੀ ਨੇ ਲੀਕ, ਪਰ ਸਦਾ ਸਦਾਕਤਾਂ।

ਬਦਲ ਬਦਲ ਕੇ ਭੇਸ ਉਹ ਚਿਰਾਂ ਤੋਂ ਠੱਗੀ ਜਾਂਦੇ ਨੇ,

ਮਿਰੀ ਉਮੀਦ, ਸਾਦਗੀ, ਯਕੀਨ ਤੇ ਮੁਹੱਬਤਾਂ।

ਵਧਾਈ ਤੈਨੂੰ ਦੋਸਤਾ! ਇਹ ਭੀੜ ਵਿਚ ਜਾ ਰਲਣ ਦੀ,

ਹੈ ਹਟ ਕੇ ਚਲਣਾ ਭੀੜ ਤੋਂ ਤਾਂ ਆਫ਼ਤਾਂ ਹੀ ਆਫ਼ਤਾਂ।

ਇਹ ਤੁਗ਼ਲਕੀ ਕਬਾੜੀਏ, ਇਹ ਹਿਟਲਰੀ ਹਵਾਰੀਏ,

ਕਦੋਂ ਸੀ ਸੋਚਿਆ ਵਤਨ ’ਤੇ ਕਰਨਗੇ ਹਕੂਮਤਾਂ।

ਸੀ ਕੂੜ, ਕੱਚ ਤੇ ਛਲ, ਕਪਟ ਦੀ ਚਾਂਦੀ ਓਥੇ ਦੋਸਤਾ,

ਕਿਸੇ ਟਕੇ ਨਾ ਸੇਰ ਪੁੱਛੀਆਂ, ਸਾਡੀਆਂ ਸ਼ਰਾਫ਼ਤਾਂ।

ਜਿਨ੍ਹਾਂ ਦਾ ਹੈ “ਮਨੂੰ” ਇਮਾਨ, ਗਿਆਨ, ਸ਼ਾਨ ਬਾਨ ਨੀ!

ਉਨ੍ਹਾਂ ਨੂੰ ਕਿਉਂ ਤੂੰ ਜਨਤੀਏ! ਇਹ ਸੌਂਪੀਆਂ ਹਕੂਮਤਾਂ।

ਸਦਾ ਸਮੇਂ ਨੇ ਏਸ ਨੂੰ ਤਾਂ ਬਖ਼ਸ਼ੀਆਂ ਨੇ ਤਲਖ਼ੀਆਂ,

ਮਿਰੀ ਗ਼ਜ਼ਲ ’ਚੋਂ ਸਾਥੀਆ ਤੂੰ ਖੋਜ ਨਾ ਨਜ਼ਾਕਤਾਂ।

* * *

ਗ਼ਜ਼ਲ   

ਕਿੱਥੇ ਵਸੇਂਗਾ ਤੂੰ ਭਲਾ ਸਾਨੂੰ ਉਜਾੜ ਕੇ।

ਪਾਏਂਗਾ ਕਿੱਥੇ ਆਲ੍ਹਣਾ ਸ਼ਾਖ਼ਾਂ ਨੂੰ ਝਾੜ ਕੇ।

ਰੱਬਾ! ਬਚਾਈਂ ਉਸ ਨੂੰ, ਉਹ ਉਨ੍ਹਾਂ ਨੂੰ ਮਿਲ ਰਿਹੈ,

ਮਿਲਦੇ ਨੇ ਸੌ-ਸੌ ਚਿਹਰਾ ਜੋ ਚਿਹਰੇ ’ਤੇ ਚਾੜ੍ਹ ਕੇ।

ਕੈਸਾ ਇਹ ਵਿਸ਼ਵੀਕਰਨ ਹੈ, ਜਿਸ ਨੇ ਕਿ ਆਦਮੀ,

ਕੱਟ ਕੇ ਸਮੂਹ ਤੋਂ ਰੱਖ’ਤਾ ਨਿਜ ਵਿੱਚ ਹੀ ਤਾੜ ਕੇ।

ਚੁੱਲ੍ਹੇ, ਚਿਰਾਗ਼ ਬਾਲ਼ ਦੇ ਜੇਕਰ ਤੂੰ ਅਗਨ ਹੈਂ,

ਜਿੱਥੇ ਕਿਤੇ ਵੀ ’ਨ੍ਹੇਰ ਹੈ ਰੱਖ ਦੇ ਤੂੰ ਸਾੜ ਕੇ।

ਹੋਊ ਹਵਸ ਜੋ ਰੁਕ ਗਈ ਚਾਂਦੀ ਦੀ ਕੰਧ ਤੋਂ,

ਹੁੰਦਾ ਜੇ ਇਸ਼ਕ ਲੰਘਦਾ ਪਰਬਤ ਵੀ ਪਾੜ ਕੇ।

ਸੂਹਾ ਸੁਹਾਣਾ ਰੁੱਖ ਉਹ ਕਿੱਥੇ ਸੀ ਉਖੜਨਾ,

ਖ਼ੁਦਗ਼ਰਜ਼ੀਆਂ ਦਾ ਲੈ ਗਿਆ ਝੱਖੜ ਉਖਾੜ ਕੇ।

ਭੈੜੀ ਇਹ ਕੋਕ ਜੋਕ ਕਿਵੇਂ ਤੈਨੂੰ ਭਾਅ ਗਈ,

ਅੱਧਰਿੜਕਿਆ ਤੇ ਪੀਂਦਾ ਸੀ ਦੁੱਧ ਤੂੰ ਤਾਂ ਕਾੜ੍ਹ ਕੇ।

ਮੁਜਰੇ ਤੋਂ ਥੱਕੀ ਹਾਰੀ ਮੈਂ ਲਿਆਇਆ ਮੁਹਾਜ਼ ’ਤੇ,

ਉਸਤਾਦ ਕਹਿੰਦੇ ਤੂੰ ਗ਼ਜ਼ਲ ਰੱਖ ’ਤੀ ਵਿਗਾੜ ਕੇ।

ਈਮਾਨ ਦਾ ਯੁਗ ਲੰਘ ਗਿਆ ਲਗਦਾ ਹੈ ‘ਸਾਥੀਆ’ 

ਸ਼ਾਤਰ ਅਗਾਹਾਂ ਲੰਘ ਗਏ ਤੈਨੂੰ ਪਛਾੜ ਕੇ।

* * *

ਕੁ-ਰੁੱਤਾਂ

ਦੇਵਤਿਆਂ ਦੇ ਵੇਲੇ ਘੇਰਨ

ਆ ਕੇ ਕਈ ਬਲਾਵਾਂ

ਸਿਖਰ ਦੁਪਹਿਰੇ ਧੁੱਪਾਂ ਉੱਤੇ

ਆਥਣ ਦਾ ਪਰਛਾਵਾਂ

ਖੇਡਣ ਦੀ ਰੁੱਤ ਰੋਟੀ ਖੋਜੇ

ਭੁੱਲ ਖੇਡਣ ਦੀਆਂ ਥਾਂਵਾਂ 

ਹਰਿਆਂ ਭਰਿਆਂ ਰੁੱਖਾਂ ਉੱਤੇ

ਭੌਂਦੀਆਂ ਫਿਰਨ ਖ਼ਿਜ਼ਾਵਾਂ

ਮਹਿਕਦੀ ਰੁੱਤੇ ਬੁੱਲਾ ਮਹਿਕਦਾ

ਆਉਂਦਾ ਟਾਵਾਂ ਟਾਵਾਂ

ਯਖ਼ ਤੇ ਨੀਲੇ ਹੱਥ ਮਾਘ ਦੇ

ਸੋਹਲ ਸਾਉਣ ਦੀਆਂ ਬਾਂਹਵਾਂ

ਸਦੀਆਂ ਤੋਂ ਮੈਂ ਮੁੜ੍ਹਕਾ ਬੀਜਾਂ

ਪਰ ਥੁੜ ਹੀ ਫਲ ਪਾਵਾਂ

ਹਰ ਪਾਸੇ ਕਾਲਖ਼ ਦੇ ਕਬਜ਼ੇ

ਚਾਨਣ ਫਿਰੇ ਨਿਥਾਵਾਂ

ਨਫ਼ਰਤ ਦੀ ਰੁੱਤ ਵਿੱਚ ਨੀ ਸਜਣੀ

ਗੀਤ-ਪ੍ਰੀਤ ਕੀ ਗਾਵਾਂ?

ਸ਼ਾਮ ਤੋਂ ਪਹਿਲਾਂ ਰਾਤ ਆਪਣਾ

ਦੇ ਜਾਂਦੀ ਸਿਰਨਾਵਾਂ

ਵਿੱਚ ਕੁ-ਰੁੱਤਾਂ ਤੈਨੂੰ ਜਿੰਦੇ

ਫਿਰ ਵੀ ਮੈਂ ਖਿੜਾਵਾਂ

* * *

ਪਤਝੜ ਸਦਾ ਨਾ ਰਹਿਣੀ 

ਪਤਝੜ ਸਦਾ ਨਾ ਰਹਿਣੀ, ਆਉਣੀ ਬਹਾਰ ਆਖ਼ਰ

ਜੀਵਨ ਤੋਂ ਮੌਤ ਖਾਂਦੀ, ਆਈ ਹੈ ਹਾਰ ਆਖ਼ਰ

ਮੰਨਿਆ ਹੈ ਰਾਤ ਲੰਬੀ, ਗਹਿਰਾ ਬੜਾ ਹੈ ਨ੍ਹੇਰਾ

ਇਉਂ ਜਾਪਦੈ ਕਿ ਹੋਣਾ ਹੀ ਨਈਂ ਜਿਵੇਂ ਸਵੇਰਾ

ਅੱਜ ਵਕਤ ਵੇਖਦਾ ਹੈ, ਕਿੰਨਾ ਕੁ ਸਾਡਾ ਜੇਰਾ?

ਨਾ ਹੌਸਲੇ ਦਾ ਛੱਡੀਂ ਇਹ ਝੂਲਦਾ ਫੁਰੇਰਾ

ਪਾਇਆ ਮੁਸੀਬਤਾਂ ਤੋਂ ਏਸੇ ਨੇ ਪਾਰ ਆਖ਼ਰ

ਪਤਝੜ ਸਦਾ ਨਾ ਰਹਿਣੀ...

ਇਹ ਵਾਵਰੋਲੇ ਵਹਿਸ਼ੀ ਨਫ਼ਰਤ ਦੀਆਂ ਹਵਾਵਾਂ

ਖ਼ੂਨੀ ਜਨੂੰਨੀ ਮੌਸਮ ਤੇ ਆਤਸ਼ੀ ਘਟਾਵਾਂ

ਰੁੱਖ ਆਲ੍ਹਣੇ ਤੇ ਪੰਛੀ, ਜੋ ਫੂਕ ਰਹੀਆਂ ਛਾਂਵਾਂ

ਬਰਬਾਦੀਆਂ ਇਹ ਬਦੀਆਂ, ‘ਬੰਦੇ-ਨੁਮਾ’ ਬਲਾਵਾਂ

ਕਿੰਨਾ ਵੀ ਜ਼ੋਰ ਲਾਵਣ, ਜਿੱਤੇਗਾ ਪਿਆਰ ਆਖ਼ਰ

ਪਤਝੜ ਸਦਾ ਨਾ ਰਹਿਣੀ...

ਰੋਹੀ ਦੇ ਰਾਹੀ ਵਾਂਗੂੰ, ਥੱਕ ਕੇ ਹਰਾਸ ਨਾ ਹੋ

ਸਾਥੀ ਵਿਛੜ ਗਏ ਨੇ, ਫਿਰ ਵੀ ਉਦਾਸ ਨਾ ਹੋ

ਛੱਡ ਆਸ ਦਾ ਨਾ ਪੱਲਾ, ਹਾਰਾਂ ਦੇ ਪਾਸ ਨਾ ਹੋ

ਨਾ! ਹੋ ਨਿਰਾਸ਼ ਨਾ ਹੋ! ਜੀਵਨ ਤੋਂ ਲਾਸ਼ ਨਾ ਹੋ 

ਸੰਘਰਸ਼ ਹੀ ਹੈ ਸਾਥੀ, ਜੀਵਨ ਦਾ ਸਾਰ ਆਖ਼ਰ

ਪਤਝੜ ਸਦਾ ਨਾ ਰਹਿਣੀ...

ਇਹ ਸਹਿਮ ਦਾ ਸਮੁੰਦਰ ਲਹਿਣਾ ਹੀ ਲਹਿਣਾ ਇਕ ਦਿਨ

ਚਿੜੀਆਂ ਨੇ ਬਾਜ਼ਾਂ ਦੇ ਗਲ਼, ਪੈਣਾ ਹੀ ਪੈਣਾ ਇਕ ਦਿਨ

ਸਤਿਆਂ ਦੇ ਰੋਹ ਦੇ ਹੜ੍ਹ ਨੇ, ਵਹਿਣਾ ਹੀ ਵਹਿਣਾ ਇਕ ਦਿਨ 

ਜ਼ੁਲਮੋ-ਸਿਤਮ ਦਾ ਧੌਲਰ, ਢਹਿਣਾ ਹੀ ਢਹਿਣੈ ਇਕ ਦਿਨ

ਉੱਠਣਗੇ ‘ਸਾਥੀ’ ਖ਼ਾਕੋਂ ਇਹ ਖ਼ਾਕਸਾਰ ਆਖ਼ਰ

ਪਤਝੜ ਸਦਾ ਨਾ ਰਹਿਣੀ, ਆਉਣੀ ਬਹਾਰ ਆਖ਼ਰ।

* * *

ਗ਼ਜ਼ਲ

ਗਰਾਂ ਤਾਂ ਤੇਰੇ ਮੇਰੇ ਸ਼ਹਿਰ ਉਹਨਾਂ ਨੇ ਬਣਾ ਦਿੱਤੇ।

ਵਫ਼ਾ ਦੇ ਬੋੜ੍ਹ ਵੱਢ ਕੇ ਪਰ ਸਵਾਰਥ-ਬੋੜ੍ਹ ਲਾ ਦਿੱਤੇ।

ਲੈ ਤੇਰੇ ਖ਼ਤ ਮੈਂ ਅੱਜ ਸਾਰੇ ਦੇ ਸਾਰੇ ਨੇ ਜਲਾ ਦਿੱਤੇ,

ਮੈਂ ਆਪਣੇ ਕਤਲ ਦੇ ਨੇ ਸਭ ਨਿਸ਼ਾਂ ਖ਼ੁਦ ਹੀ ਮਿਟਾ ਦਿੱਤੇ।

ਜੋ ਮਿਰਜ਼ਾ ਤੋੜ ਕੇ ਤਾਰੇ ਸੀ ਗੁੰਦਦਾ ਸਾਹਿਬਾਂ ਦੇ ਜ਼ੁਲਫ਼ੀਂ,

ਉਨ੍ਹੂੰ ਰੋਜ਼ੀ ਦੇ ਚੱਕਰ ਨੇ ਦਿਨੇ ਤਾਰੇ ਵਿਖਾ ਦਿੱਤੇ।

ਮੈਂ ਸੀਤਾ, ਹੀਰ, ਰਜ਼ੀਆ, ਲਕਸ਼ਮੀ ਤੇ ਕਲਪਨਾ ਵੀ ਹਾਂ,

ਤੂੰ ਸਾਹਿਬਾਂ ਤੱਕ ਹੀ ਮੇਰੇ ਪੈਂਡੇ ਨੇ ਕਾਹਤੋਂ ਮੁਕਾ ਦਿੱਤੇ।

ਸੀ ਮਿਰਜ਼ਾ ਮਾਣ ਕਰਦਾ ਡਿਗਰੀਆਂ ਦੇ ਜਿਹੜੇ ਤੀਰਾਂ ’ਤੇ,

ਉਨ੍ਹਾਂ ਦੇ ਚੰਦੜਾਂ ਦੇ ਚਪੜਾਸੀ ਨੇ ਹੀ ਮੂੰਹ ਭੁਆ ਦਿੱਤੇ।

ਉਨ੍ਹਾਂ ਪੁੱਛਿਆ ਇਹ ਕੱਕਰ ਕਹਿਰ ਕਿਹੜੇ ਫੁੱਲ ਨੇ ਸਹਿ ਜਾਂਦੇ,

ਮੈਂ ਅਮ੍ਰਿਤ ਵੇਲੇ ਕੂੜਾ ਫੋਲਦੇ ਬੱਚੇ ਵਿਖਾ ਦਿੱਤੇ।

* * *

ਮੇਰੇ ਛੈਣੀ ਹਥੌੜੇ ਨੇ ਘੜਿਆ ਹੈ ਜੋ,

ਆਪਣੇ ਹੱਥੀਂ ਮੈਂ ਮੰਦਰ ’ਚ ਧਰਿਆ ਹੈ ਜੋ,

ਜਿਸ ਦਾ ਸਿਰਜਕ ਹਾਂ ਮੈਂ, ਸਿਰਜਨਾ ਜੋ ਮਿਰੀ,

ਮੰਨ ਲਵਾਂ ਉਸ ਨੂੰ ਭਗਵਾਨ ਕਿਸ ਵਾਸਤੇ?

- ਪੇਸ਼ਕਸ਼: ਜਸਵੰਤ ਗਿੱਲ ਸਮਾਲਸਰ

ਸੰਪਰਕ: 97804-51878

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All