ਲੋਕ ਅਖਾਣ ਕਰੋਨਾ ਕਸਵੱਟੀ ’ਤੇ

ਲੋਕ ਅਖਾਣ ਕਰੋਨਾ ਕਸਵੱਟੀ ’ਤੇ

ਬਲਰਾਜ ਸਿੰਘ

ਵਿਅੰਗ

ਪਿਛਲੇ ਦਸਾਂ ਸਾਲਾਂ ਤੋਂ ਜਦੋਂ ਦਾ ਸਰਕਾਰ ਨੇ ਸਾਨੂੰ ਸੇਵਾਮੁਕਤ ਕੀਤਾ ਹੈ, ਸਾਡੇ ਕੋਲ ਪੜ੍ਹਨ-ਲਿਖਣ ਤੇ ਪੈਨਸ਼ਨ ਛਕਣ ਤੋਂ ਬਿਨਾਂ ਹੋਰ ਕੋਈ ਮਹੱਤਵਪੂਰਨ ਕਾਰਜ ਨਹੀਂ ਬਚਿਆ। ਸਾਰਾ ਦਿਨ ਕਿਤਾਬਾਂ ਨਾਲ ਗੁਜ਼ਾਰਨ ਕਰਕੇ ਅਕਹਿ ਆਨੰਦ ਤੇ ਦਿਮਾਗ਼ੀ ਸਕੂਨ ਦੇ ਗੱਫੇ ਤਾਂ ਮਿਲਦੇ ਹਨ ਸਗੋਂ ਨਵੀਂ ਜਾਣਕਾਰੀ ਨਾਲ ਦਿਮਾਗ਼ ਦੇ ਕਪਾਟ ਵੀ ਖੁੱਲ੍ਹਦੇ ਹਨ। ਹਰ ਗੱਲ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਆਦਤ ਆਪਮੁਹਾਰੇ ਹੀ ਵਿਕਸਿਤ ਹੋ ਜਾਂਦੀ ਹੈ ਤੇ ਦਿਮਾਗ਼ ਹਰ ਗੱਲ ਦੇ ਨਵੇਂ-ਨਵੇਂ ਅਰਥ ਤਲਾਸ਼ਦਾ ਰਹਿੰਦਾ ਹੈ। ਸਾਡੇ ਕੋਲ ਮਿਸਰ ਦੇ ਵੱਡੇ ਧਨੀ ਤੇ ਕੰਜੂਸਾਂ ਦੇ ਸਰਤਾਜ ਕਾਰੂੰ ਜਿੱਡਾ ਵਿਸ਼ਾਲ ਖ਼ਜ਼ਾਨਾ ਤਾਂ ਨਹੀਂ ਜਿਸ ਦੀਆਂ ਚਾਬੀਆਂ ਹੀ 300 ਖੱਚਰਾਂ ’ਤੇ ਲੱਦੀਆਂ ਜਾਂਦੀਆਂ ਹੋਣ, ਪਰ ਪੁਸਤਕਾਂ ਦਾ ਐਨਾ ਕੁ ਖ਼ਜ਼ਾਨਾ ਜ਼ਰੂਰ ਹੈ ਜਿਸ ਨਾਲ ਸਾਡੇ ਘਰ ਦਾ ਪਿਛਲਾ 10’x10’ ਦਾ ਕਮਰਾ ਤੂੜਿਆ ਪਿਆ ਹੈ। ਕੱਲ੍ਹ ਇਸ ਖ਼ਜ਼ਾਨੇ ਨੂੰ ਵਾਚਦਿਆਂ ਹੀ ਸਾਨੂੰ ਲੋਕ ਅਖਾਣਾਂ ਦੀ ਇੱਕ ਕਿਤਾਬ ’ਚੋਂ ਇਲਮ ਹੋਇਆ ਕਿ ਕਹਾਵਤਾਂ ਕਿਸੇ ਇਕ ਦਿਨ ਜਾਂ ਸਾਲ ਵਿਚ ਨਹੀਂ ਬਣਦੀਆਂ ਸਗੋਂ ਹਜ਼ਾਰਾਂ ਸਾਲ ਘਿਸਣ ਬਾਅਦ ਹੀ ਹੋਂਦ ’ਚ ਆਉਂਦੀਆਂ ਹਨ ਅਤੇ ਇਨ੍ਹਾਂ ਨੂੰ ਪੈਦਾ ਕਰਨ ਵਾਲੇ ਦੀ ਭਾਲ ਕਰਨੀ ਤਾਂ ਸਮੁੰਦਰ ਵਿਚੋਂ ਸੂਈ ਦੀ ਭਾਲ ਕਰਨ ਦੇ ਬਰਾਬਰ ਹੈ। ਮੰਨਦੇ ਹਾਂ ਅਖਾਣਾਂ ਬਾਰੇ ਵਿਦਵਾਨਾਂ ਦੀ ਇਹ ਪਰਿਭਾਸ਼ਾ ਹਜ਼ਾਰਾਂ ਸਾਲ ਸਮੇਂ ਦੀ ਕਸੌਟੀ ’ਤੇ ਖਰੀ ਉਤਰਦੀ ਰਹੀ ਹੋਵੇਗੀ, ਪਰ ਹੁਣ ਇਸ ਕੁਲਹਿਣੇ ਕਰੋਨਾ ਦੇ ਦੁਨੀਆਂ ਭਰ ’ਚ ਪੈਰ ਪਸਾਰਨ ਕਾਰਨ ਇਸ ਨੇ ਚਿਰਾਂ ਤੋਂ ਪ੍ਰਚਲਿਤ ਮੁਹਾਵਰਿਆਂ ਤੇ ਅਖਾਣਾਂ ’ਤੇ ਵੀ ਅਛੋਪਲੇ ਜਿਹੇ ਆਪਣਾ ਕਬਜ਼ਾ ਜਮਾ ਲੈਣਾ ਹੈ ਤੇ ਭਾਸ਼ਾ ਵਿਗਿਆਨੀਆਂ ਤੇ ਮਾਹਿਰ ਵਿਦਵਾਨਾਂ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਵੀ ਗ਼ਲਤ ਸਿੱਧ ਕਰ ਦੇਣਾ ਹੈ ਕਿ ਅਖਾਣ ਹਜ਼ਾਰਾਂ ਸਾਲ ਘਿਸਣ ਬਾਅਦ ਹੀ ਹੋਂਦ ’ਚ ਆਉਂਦੇ ਹਨ। ਇਸ ਨੇ ‘ਸੌ ਸੁਨਿਆਰ ਦੀ, ਇਕ ਲੁਹਾਰ ਦੀ’ ਵਾਲੀ ਗੱਲ ਕਰ ਕੇ ਮੱਲੋ-ਮੱਲੀ ਸਾਡੀ ਬੋਲਚਾਲ ਦਾ ਹਿੱਸਾ ਬਣ ਜਾਣਾ ਹੈ। ਸਾਡੇ ਖਿਆਲ ਵਿਚ ਫਿਰ ਵਿਦਿਆਰਥੀਆਂ ਨੂੰ ਹਰ ਲੋਕ ਅਖਾਣ ਦਾ ਅਰਥ ਸਪਸ਼ਟ ਕਰਨ ਲਈ ਪੁਰਾਣੇ ਰਾਜਿਆਂ-ਮਹਾਰਾਜਿਆਂ, ਕੁਪੱਤੀਆਂ ਸੱਸਾਂ-ਨੂੰਹਾਂ, ਵੈਲੀ ਪੁੱਤਰਾਂ, ਭ੍ਰਿਸ਼ਟ ਲੀਡਰਾਂ, ਝਗੜਾਲੂ ਗੁਆਂਢੀਆਂ ਆਦਿ ਦੇ ਪੋਤੜੇ ਫਰੋਲ ਫਰੋਲ ਫਰੋਲ ਕੇ, ਵੱਡੇ ਵੱਡੇ ਮੀਲਾਂ ਲੰਮੇ ਵਾਕ ਯਾਦ ਕਰ ਕੇ ਸਿਰ ਪੋਲਾ ਕਰਨ ਦੀ ਲੋੜ ਨਹੀਂ ਹਰੇਗੀ। ਹਾਥੀ ਦੇ ਪੈਰ ਥੱਲੇ ਸਭ ਦਾ ਪੈਰ ਆ ਜਾਣਾ ਹੈ। ਇਕੱਲੇ ਕਰੋਨਾ ਨੇ ਹੀ ਉਨ੍ਹਾਂ ਨੂੰ ਘੋਟਾ ਲਾਉਣ ਦੀ ਦੁਸ਼ਵਾਰੀਆਂ ਭਰੀ ਮੱਥਾ-ਪਚੀ ਤੋਂ ਕਾਫ਼ੀ ਹੱਦ ਤਕ ਬਚਾ ਲੈਣਾ ਹੈ। ਹੱਥ ਕੰਗਣ ਨੂੰ ਆਰਸੀ ਕੀ। ਲਓ ਆਪ ਹੀ ਪੜ੍ਹ ਲਓ। 

ਅਖਾਣ ਹੈ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’ ਜਿਸ ਦਾ ਅਰਥ ਹੈ ਬਦੋਬਦੀ ਕਿਸੇ ਦੇ ਕੰਮ ’ਚ ਦਖ਼ਲ ਦੇਣਾ। ਹੁਣ ਜੇਕਰ ਇਸ ਅਖਾਣ ਨੂੰ ਕਰੋਨਾ ਦੇ ਸੰਦਰਭ ’ਚ ਦੇਖਿਆ ਜਾਵੇ ਤਾਂ ਸਾਨੂੰ ਤੁਰੰਤ ਇਹੀ ਲੱਗੇਗਾ ਕਿ ਕਰੋਨਾ ਨੇ ਸਾਡੀ ਸ਼ਾਂਤ ਜ਼ਿੰਦਗੀ ’ਚ ਤਰਥੱਲੀ ਮਚਾ ਦਿੱਤੀ ਹੈ। ਇਸ ਚੰਦਰੇ ਦੇ ਆਗਮਨ ਤੋਂ ਪਹਿਲਾਂ ਅਸੀਂ ਢੋਲੇ ਦੀਆਂ ਲਾਉਂਦੇ ਸੀ। ਹੁਣ ਤਾਂ ਜ਼ਰਾ ਕੁ ਖੰਘਦੇ ਬੰਦੇ ਤੋਂ ਵੀ ਅਸੀਂ ਇਉਂ ਡਰਦੇ ਹਾਂ ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਬਾਜ਼ਾਰ ਵਿਚ ਮਾਸਕ ਨਾਲ ਮੂੰਹ ਢਕ ਕੇ ਆਪਣੇ ਨਾਲ ਜਾਂਦੀ ਆਪਣੀ ਵਹੁਟੀ ਨੂੰ ਵੀ ਜ਼ਰਾ ਕੁ ਅੱਗੇ-ਪਿੱਛੇ ਰਹਿ ਜਾਣ ਦੀ ਸੂਰਤ ’ਚ ਅਸੀਂ ਬੁਲਾਉਣ ਤੋਂ ਗੁਰੇਜ਼ ਹੀ ਕਰਦੇ ਹਾਂ, ਮਤੇ ਇਸ ਮਾਸਕ ਦੇ ਪੰਗੇ ਕਾਰਨ ਅਸੀਂ ਕਿਸੇ ਕਾਲਜ ਜਾਂਦੀ ਨੱਢੀ ਤੋਂ ਹੀ ਨਾ ਛੋਤ ਲੁਹਾ ਬੈਠੀਏ। ਭਾਵੇਂ ਇਸ ਮਸਲੇ ਦਾ ਹੱਲ ਅਸੀਂ ਵਹੁਟੀ ਦੀ ਲਾਲ ਚੁੰਨੀ ਨੂੰ ਛਣਕਦੀਆਂ ਨਿੱਕੀਆਂ ਨਿੱਕੀਆਂ ਸੰਗੀਤਮਈ ਘੰਟੀਆਂ ਲੁਆ ਕੇ ਕਰ ਲਿਆ ਹੈ ਪਰ ਕਰੋਨਾ ਦੀ ਦਹਿਸ਼ਤ ਤੋਂ ਅਸੀਂ ਸਾਲਾਂਬੱਧੀ ਕਦੇ ਵੀ ਮੁਕਤ ਨਹੀਂ ਹੋ ਸਕਾਂਗੇ। ਇਸ ਚਾਣਚੱਕ ਆਈ ਮੁਸੀਬਤ ਨੂੰ ਸਾਡੀਆਂ ਆਉਣ ਵਾਲੀਆਂ ਸੈਂਕੜੇ ਪੀੜ੍ਹੀਆਂ ਵੀ ਉਮਰ ਭਰ ਯਾਦ ਰੱਖਣਗੀਆਂ। ਸਾਨੂੰ ਲੱਗਦਾ ਹੈ ਸਾਡੇ ਦੇਸ਼ ਦੇ ਭਾਵੀ ਨਾਗਰਿਕਾਂ ਨੇ ਅਗਲੇ ਕੁਝ ਅਰਸੇ ਵਿਚ ਹੀ ਜ਼ਿੰਦਗੀ ’ਚ ਮੱਲੇ-ਮੱਲੀ ਦਖ਼ਲ ਦੇਣ ਵਾਲਿਆਂ ਲਈ ਕਰੋਨਾ ਤੋਂ ਖ਼ੌਫ਼ਜ਼ਦਾ ਹੋ ਕੇ ਨਵਾਂ ਅਖਾਣ ਘੜ ਲੈਣਾ ਹੈ, ‘ਸੱਦੀ ਨਾ ਬੁਲਾਈ, ਮੈਂ ਕਰੋਨੇ ਦੀ ਤਾਈ’।

ਸਾਨੂੰ ਲੱਗਦਾ ਹੈ ਕਿ ‘ਕਰੋਨਾ’ ਸ਼ਬਦ ਨੇ ਸਾਡੇ ਪੰਜਾਬ ਦੇ ਪੜ੍ਹਾਕੂਆਂ ਦੀਆਂ ਮੁਹਾਵਰਿਆਂ ਸਬੰਧੀ ਰੱਟਾ ਲਾਉਣ ਦੀਆਂ ਔਕੜਾਂ ਨੂੰ 100 ਫ਼ੀਸਦੀ ਨਹੀਂ ਤਾਂ 80 ਫ਼ੀਸਦੀ ਤਾਂ ਜ਼ਰੂਰ ਹੀ ਖ਼ਤਮ ਕਰ ਦੇਣਾ ਹੈ। ਸਿਰਫ਼ ਕਰੋਨਾ ਸ਼ਬਦ ਯਾਦ ਰੱਖ ਕੇ ਹੀ ਉਨ੍ਹਾਂ ਨੇ ਅਨੇਕਾਂ ਮੁਹਾਵਰੇ ਖ਼ੁਦ ਘੜ ਲਿਆ ਕਰਨੇ ਹਨ, 

ਜਿਵੇਂ- ਸ਼ਹਿਰ ਵਿਚ ਕਰੋਨਾ ਦੇ ਇਕੱਠੇ ਹੀ ਦਸ ਮਰੀਜ਼ਾਂ ਬਾਰੇ ਪਤਾ ਲੱਗਣ ’ਤੇ ਉਹਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਜਾਂ ਕੀ ਤੁਹਾਡੀ ਅਕਲ ’ਤੇ ਪੱਥਰ ਪੈ ਗਏ ਹਨ ਜੋ ਕਰੋਨਾ ਮਹਾਂਮਾਰੀ ਵਿਚ ਵੀ ਬਿਨਾਂ ਮਾਸਕ ਦੇ ਘੁੰਮ ਰਹੇ ਹੋ? ਜਾਂ ਕਰੋਨਾ ਨੇ ਸਾਰੀ ਦੁਨੀਆਂ ਦੇ ਲੋਕਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਸੀ ਜਾਂ ਕਰੋਨਾ ਸਭ ਨੂੰ ਇੱਕ ਅੱਖ ਨਾਲ ਦੇਖਦਾ ਸੀ ... ਆਦਿ।

ਜੇਕਰ ਸਾਡੇ ਪੁਰਾਣੇ ਗੀਤਕਾਰ ਅੱਜ ਜਿਉਂਦੇ ਹੁੰਦੇ ਤਾਂ ਕਰੋਨਾ ਸੰਕਟ ਕਾਰਨ ਉਨ੍ਹਾਂ ਦੇ ਲਿਖੇ ਗੀਤਾਂ ਵਿਚ ਸ਼ਾਇਦ ਅਸੀਂ ਇਹੋ ਜਿਹੀਆਂ ਤਬਦੀਲੀਆਂ ਦੇਖਦੇ। ਪ੍ਰੇਮੀ ਵੱਲੋਂ ਪ੍ਰੇਮਿਕਾ ਨੂੰ ਬੇਰੀਆਂ ਦੇ ਝੁੰਡ ’ਚੋਂ ਬੁਲਾਉਣ ’ਤੇ ਪ੍ਰੇਮਿਕਾ ਨੇ ਦਿਲ ਦੀਆਂ ਮਜਬੂਰੀਆਂ ਨੂੰ ਕੁਝ ਐਦਾ ਜ਼ਾਹਰ ਕਰਨਾ ਸੀ:

ਦੱਸ ਕਿਹੜੇ ਮੈਂ ਬਹਾਨੇ ਆਵਾਂ

ਕਰੋਨਾ ਮੈਨੂੰ ਘਰ ਡੱਕਤਾ...

 ਕਰੋਨਾ ਕਾਰਨ ਬਦਲੇ ਹਾਲਾਤ ਵਿਚ ਮਹਿਬੂਬ ਨੇ ਆਪਣੀ ਮਹਿਬੂਬਾ ਨੂੰ ਆਪਣੀ ਖੰਘ ਵਿਚ ਖੰਘਣ ਨੂੰ ਭੁੱਲ ਕੇ ਵੀ ਨਹੀਂ ਸੀ ਕਹਿਣਾ ਸਗੋਂ ਭੈਅਭੀਤ ਹੋ ਕੇ ਕੁਝ ਐਦਾਂ ਅਰਜ਼ੋਈ ਕਰਨੀ ਸੀ:

ਨਾ ਤੂੰ ਮਿੱਤਰਾ ਦੀ ਖੰਘ ਵਿਚ ਖੰਘ ਬੱਲੀਏ

ਕੁਆਰੰਟਾਈਨ ਹੋ ਕੇ ਸੁੱਖ ਸਾਡੀ ਮੰਗ ਬੱਲੀਏ।

ਸਾਨੂੰ ਲੱਗਦਾ ਹੈ ਕਿ ਕਰੋਨਾ ਕਾਰਨ ਨਿਕਟ ਭਵਿੱਖ ਵਿਚ ਬੁਝਾਰਤਾਂ ਦਾ ਵੀ ਕੁਝ ਇਸ ਤਰ੍ਹਾਂ ਨਵੀਨੀਕਰਨ ਹੋ ਜਾਵੇਗਾ:

ਚੀਨ ’ਚ ਜਿਹੜਾ ਜੰਮਿਆ, ਦੋ ਨੇ ਜਿਸ ਦੇ ਨਾਂ

ਨੰਗੇ ਮੂੰਹ ਜਿਸ ਨੇ ਢਕਵਾ’ਤੇ

ਬੁੱਝੋ ਉਸ ਦਾ ਨਾਂ?

ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਘੰਟਿਆਂ ਬੱਧੀ ਸੋਚਾਂ ’ਚ ਗੜੂੰਦ ਹੋ ਕੇ ਇਸ ਦਾ ਸਹੀ ਉੱਤਰ ‘ਕਰੋਨਾ’ ਲੱਭਣਗੀਆਂ।

ਸਾਨੂੰ ਸੌ ਫ਼ੀਸਦੀ ਯਕੀਨ ਹੈ ਕਿ ਕਰੋਨਾ ਸਬੰਧੀ ਸਾਡੀਆਂ ਇਹ ਖੋਜਾਂ ਖੋਜ ਕਰ ਰਹੇ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਣਗੀਆਂ। ਸਾਡੀਆਂ ਲਿਖ਼ਤਾਂ ਦਾ ਇਨਾਮ ਦੁਆਊ ਸਭਾਵਾਂ ਟਕੇ ਸੇਰ ਮੁੱਲ ਨਹੀਂ ਪਾਉਂਦੀਆਂ। ਉਹ ਹੁਣ ਸਵਾ ਲੱਖ ਦਾ ਇਨਾਮ ਦੇ ਕੇ ਆਪਣੀ ਭੁੱਲ ਬਖ਼ਸ਼ਾ ਸਕਦੀਆਂ ਹਨ।

ਸੰਪਰਕ: 93573-61417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All