DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਨ-ਸ਼ਾਂਤੀ ਅਤੇ ਸਾਂਝਾ ਭਵਿੱਖ

ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ‘The future is Peace: A Shared Journey Across the Holy Land’ ਇੱਕ ਫ਼ਲਸਤੀਨੀ ਅਜ਼ੀਜ਼ ਅਬੂ ਸਾਰ੍ਹਾ ਅਤੇ ਇੱਕ ਇਜ਼ਰਾਇਲੀ ਮਾਓਜ਼ ਇਨਾਨ ਨੇ ਰਲ ਕੇ ਲਿਖੀ ਹੈ। ਦੋਵੇਂ ਫ਼ਲਸਤੀਨ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਲਈ ਕੰਮ...

  • fb
  • twitter
  • whatsapp
  • whatsapp
Advertisement

ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ‘The future is Peace: A Shared Journey Across the Holy Land’ ਇੱਕ ਫ਼ਲਸਤੀਨੀ ਅਜ਼ੀਜ਼ ਅਬੂ ਸਾਰ੍ਹਾ ਅਤੇ ਇੱਕ ਇਜ਼ਰਾਇਲੀ ਮਾਓਜ਼ ਇਨਾਨ ਨੇ ਰਲ ਕੇ ਲਿਖੀ ਹੈ। ਦੋਵੇਂ ਫ਼ਲਸਤੀਨ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਲਈ ਕੰਮ ਕਰਨ ਵਾਲੇ ਕਾਰਕੁਨ ਹਨ। ਅਜ਼ੀਜ਼ ਅਬੂ ਸਾਰ੍ਹਾ ਦਾ ਭਰਾ ਇਜ਼ਰਾਇਲੀ ਰੱਖਿਆ ਸੈਨਾਵਾਂ ਵੱਲੋਂ ਕੀਤੇ ਤਸ਼ੱਦਦ ਕਾਰਨ ਮਾਰਿਆ ਗਿਆ ਸੀ ਅਤੇ ਮਾਓਜ਼ ਇਨਾਨ ਦੇ ਮਾਪੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਦੌਰਾਨ ਮਾਰੇ ਗਏ ਸਨ। ਇਨ੍ਹਾਂ ਦੋਵਾਂ ਲੇਖਕਾਂ ਨੇ ਆਪਣੇ ਦੁੱਖ ਨੂੰ ਇੱਕ-ਦੂਜੇ ਪ੍ਰਤੀ ਦੁਸ਼ਮਣੀ ਅਤੇ ਬਦਲੇ ਦੀ ਭਾਵਨਾ ਵਿੱਚ ਬਦਲਣ ਦੀ ਥਾਂ ਇਸ ਖੇਤਰ ਵਿੱਚ ਸ਼ਾਂਤੀ ਬਹਾਲੀ ਲਈ ਕੰਮ ਕਰਨ ਦੀ ਭਾਵਨਾ ਵਿੱਚ ਤਬਦੀਲ ਕੀਤਾ ਹੈ। ਉਹ ਕਹਿੰਦੇ ਹਨ, ‘‘ਅਸੀਂ ਡਰ ਅਤੇ ਗੁੱਸੇ, ਅਤਿਵਾਦ ਅਤੇ ਫ਼ਿਰਕਾਪ੍ਰਸਤੀ ਰਾਹੀਂ ਇੰਨੇ ਵੰਡੇ ਗਏ ਹਾਂ ਕਿ ਹੁਣ ਅਸੀਂ ਇੱਕ-ਦੂਜੇ ਦੀ ਇਨਸਾਨੀਅਤ ਨਹੀਂ ਦੇਖ ਸਕਦੇ ਜਾਂ ਇੱਕ-ਦੂਜੇ ਦੇ ਦੁੱਖ ਪ੍ਰਤੀ ਹਮਦਰਦੀ ਮਹਿਸੂਸ ਨਹੀਂ ਕਰ ਸਕਦੇ। ਅਸੀਂ ਸਾਨੂੰ ਵਿਰਾਸਤ ਵਿੱਚ ਮਿਲੇ ਇਤਿਹਾਸ ਵਿੱਚ ਜਿਊਂ ਰਹੇ ਹਾਂ, ਪਰ ਇਜ਼ਰਾਇਲੀਆਂ ਅਤੇ ਫ਼ਲਸਤੀਨੀਆਂ ਦੋਵਾਂ ਲਈ ਸਾਂਝਾ ਭਵਿੱਖ ਉਸਾਰਨਾ ਜ਼ਰੂਰੀ ਹੈ। ਅਜਿਹਾ ਕਰਨ ਲਈ ਸਾਨੂੰ ਵੰਡਣ ਵਾਲੀਆਂ ਅਗਿਆਨਤਾ ਅਤੇ ਨਫ਼ਰਤ ਦੀਆਂ ਕੰਧਾਂ ਨੂੰ ਢਾਹ ਦੇਣਾ ਹੀ ਅੱਗੇ ਵਧਣ ਦਾ ਇੱਕੋ ਇੱਕ ਰਾਹ ਹੈ।’’ ਇਸ ਕਿਤਾਬ ਵਿੱਚ ਉਨ੍ਹਾਂ ਨੇ ਇਸ ਖਿੱਤੇ ਦੇ ਅਮੀਰ ਇਤਿਹਾਸ, ਇਸ ਨਾਲ ਆਪੋ-ਆਪਣੇ ਲੋਕਾਂ ਦੇ ਸਬੰਧਾਂ ਦੀ ਕਹਾਣੀ, ਉਨ੍ਹਾਂ ਵਿਚਕਾਰ ਇੱਕ ਸਦੀ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਲੜਾਈ ਦੇ ਲੋਕਾਂ ’ਤੇ ਪੈ ਰਹੇ ਅਸਰ ਬਾਰੇ ਗੱਲ ਕੀਤੀ ਹੈ। ਫ਼ਲਸਤੀਨੀਆਂ ਅਤੇ ਇਜ਼ਰਾਇਲੀਆਂ ਵਿਚਕਾਰ ਵੰਡੀਆਂ ਪਾਉਣ ਵਾਲੀਆਂ ਸਥਿਤੀਆਂ ਬਾਰੇ ਗੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਲੜਾਈ ਤੋਂ ਪਹਿਲਾਂ ਆਪਣੇ ਲੋਕਾਂ ਵਿਚਕਾਰ ਸਹਿਯੋਗ ਦੇ ਲੰਮੇ ਇਤਿਹਾਸ ਦੀ ਵੀ ਗੱਲ ਕੀਤੀ ਹੈ। ਅਜ਼ੀਜ਼ ਅਤੇ ਮਾਓਜ਼ ਉਸ ਸਮੇਂ ਆਪਣੇ ਲੋਕਾਂ ਦਰਮਿਆਨ ਸ਼ਾਂਤੀ ਦੀ ਉਮੀਦ ਲੈ ਕੇ ਦੁਨੀਆ ਦੇ ਰੂ-ਬ-ਰੂ ਹੋਏ ਹਨ, ਜਦੋਂ ਬਹੁਤ ਘੱਟ ਲੋਕ ਇਸ ਦੀ ਆਸ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੀ ਗੱਲ ਕਹਿਣ ਦਾ ਢੰਗ ਬਹੁਤ ਹੀ ਸ਼ਕਤੀਸ਼ਾਲੀ ਤਰੀਕੇ ਨਾਲ ਇਸ ਉਮੀਦ ਦੇ ਪੂਰਾ ਹੋਣ ਦਾ ਯਕੀਨ ਦਿਵਾਉਂਦਾ ਹੈ। ਇਹ ਕਿਤਾਬ ਸਿਰਫ਼ ਫ਼ਲਸਤੀਨੀ ਅਤੇ ਇਜ਼ਰਾਇਲੀ ਲੋਕਾਂ ਲਈ ਹੀ ਨਹੀਂ ਸਗੋਂ ਦੁਨੀਆ ਦੇ ਉਨ੍ਹਾਂ ਸਾਰੇ ਲੋਕਾਂ ਲਈ ਅਹਿਮ ਹੈ, ਜਿਨ੍ਹਾਂ ਦੇ ਸਮਾਜਾਂ ਵਿੱਚ ਨਫ਼ਰਤ, ਦੁਸ਼ਮਣੀਆਂ ਅਤੇ ਹਿੰਸਾ ਦੇ ਬਿਰਤਾਂਤ ਦਾ ਬੋਲਬਾਲਾ ਹੈ। ਇਹ ਕਿਤਾਬ ਵੱਖ-ਵੱਖ ਲੋਕਾਂ ਨੂੰ ਨਫ਼ਰਤ, ਦੁਸ਼ਮਣੀ ਅਤੇ ਹਿੰਸਾ ਤੋਂ ਪਾਰ ਜਾ ਕੇ ਇੱਕ-ਦੂਸਰੇ ਨਾਲ ਇਨਸਾਨੀਅਤ ਦਾ ਰਿਸ਼ਤਾ ਕਾਇਮ ਕਰਨ ਦਾ ਰਾਹ ਦੱਸਦੀ ਹੈ।

------

Advertisement

ਇੱਕ ਵਾਰ ਦੀ ਗੱਲ ਹੈ, ਦੋ ਭਰਾ ਇੱਕੋ ਪਹਾੜੀ ਦੇ ਵੱਖ-ਵੱਖ ਪਾਸਿਆਂ ’ਤੇ ਰਹਿੰਦੇ ਸਨ। ਉਨ੍ਹਾਂ ਨੂੰ ਆਪਣੇ ਪਿਤਾ ਦੀ ਅੱਧੀ-ਅੱਧੀ ਜ਼ਮੀਨ ਵਿਰਾਸਤ ਵਿੱਚ ਮਿਲੀ। ਇੱਕ ਵਿਆਹਿਆ ਹੋਇਆ ਸੀ ਤੇ ਉਸ ਦੇ ਬੱਚੇ ਸਨ, ਦੂਜੇ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਇਕੱਲਾ ਰਹਿੰਦਾ ਸੀ। ਉਹ ਆਪੋ-ਆਪਣੇ ਖੇਤਾਂ ਵਿੱਚ ਵਾਹੀ ਕਰਦੇ ਸਨ। ਜਦੋਂ ਵਾਢੀ ਦਾ ਸਮਾਂ ਆਇਆ ਤਾਂ ਦੋਵਾਂ ਨੂੰ ਭਰਪੂਰ ਫ਼ਸਲਾਂ ਦੀ ਬਰਕਤ ਮਿਲੀ। ਇੱਕ ਰਾਤ ਛੋਟੇ ਭਰਾ ਨੇ ਮਨ ਹੀ ਮਨ ਸੋਚਿਆ, ‘ਮੇਰੇ ਕੋਲ ਲੋੜ ਤੋਂ ਵੱਧ ਹੈ। ਮੇਰੇ ਭਰਾ ਦਾ ਪਰਿਵਾਰ ਵੱਡਾ ਹੈ। ਯਕੀਨਨ ਉਸ ਦੀ ਲੋੜ ਮੇਰੇ ਨਾਲੋਂ ਵੱਡੀ ਹੈ।’ ਪਹਾੜੀ ਦੇ ਦੂਜੇ ਪਾਸੇ, ਵੱਡਾ ਭਰਾ ਮੰਜੇ ’ਤੇ ਪਿਆ ਸੋਚ ਰਿਹਾ ਸੀ, ‘ਮੇਰੇ ਬੱਚੇ ਹਨ ਜੋ ਬੁਢਾਪੇ ਵਿੱਚ ਮੇਰੀ ਦੇਖ-ਭਾਲ ਕਰਨਗੇ, ਪਰ ਮੇਰੇ ਭਰਾ ਦਾ ਕੋਈ ਨਹੀਂ। ਯਕੀਨਨ ਉਸ ਦੀ ਲੋੜ ਮੇਰੇ ਨਾਲੋਂ ਵੱਡੀ ਹੈ।’

Advertisement

ਉਸ ਰਾਤ ਦੋਵਾਂ ਨੇ ਕਣਕ ਰੱਖਣ ਵਾਲੀ ਆਪੋ-ਆਪਣੀ ਕੋਠੜੀ ਵਿੱਚੋਂ ਕਣਕ ਦੀ ਇੱਕ-ਇੱਕ ਬੋਰੀ ਚੁੱਕੀ ਅਤੇ ਪਹਾੜੀ ਉੱਤੋਂ ਦੀ ਦੂਜੇ ਪਾਸੇ ਜਾ ਕੇ ਬਿਨਾਂ ਦੱਸਿਆਂ ਦੂਜੇ ਭਰਾ ਦੀ ਕੋਠੜੀ ਵਿੱਚ ਰੱਖ ਦਿੱਤੀ। ਦੂਜੇ ਦਿਨ ਸਵੇਰੇ ਦੋਵੇਂ ਹੈਰਾਨ ਸਨ ਕਿ ਉਨ੍ਹਾਂ ਦੀ ਆਪੋ-ਆਪਣੀ ਕੋਠੜੀ ਜਿਉਂ ਦੀ ਤਿਉਂ ਸੀ। ਕਈ ਰਾਤਾਂ ਇਹ ਵਟਾਂਦਰਾ ਚਲਦਾ ਰਿਹਾ। ਆਖ਼ਰ ਇੱਕ ਰਾਤ ਤਾਰਿਆਂ ਭਰੇ ਆਸਮਾਨ ਹੇਠ ਦੋਵੇਂ ਭਰਾ ਪਹਾੜੀ ਉੱਤੇ ਇੱਕ-ਦੂਜੇ ਨੂੰ ਮਿਲ ਪਏ। ਦੋਵਾਂ ਨੇ ਕਣਕ ਦੀ ਬੋਰੀ ਚੁੱਕੀ ਹੋਈ ਸੀ। ਉਸ ਪਲ ਉਨ੍ਹਾਂ ਨੂੰ ਸਮਝ ਆਈ ਕਿ ਉਨ੍ਹਾਂ ਦੀ ਕੋਠੜੀ ’ਚ ਕਣਕ ਕਦੇ ਘੱਟ ਕਿਉਂ ਨਹੀਂ ਸੀ ਹੋਈ। ਦੋਵੇਂ ਇੱਕ-ਦੂਜੇ ਨੂੰ ਜੱਫੀ ਪਾ ਕੇ ਰੋ ਪਏ।

ਇਸੇ ਪਹਾੜੀ ਉੱਤੇ ਭਰਾਵਾਂ ਦੇ ਅਸਧਾਰਨ ਪਿਆਰ ਦੀ ਇਸ ਥਾਂ ’ਤੇ ਪਵਿੱਤਰ ਸ਼ਹਿਰ ਯੇਰੂਸ਼ਲਮ ਉਸਾਰਿਆ ਗਿਆ ਹੈ। ਅਸੀਂ ਦੋਵਾਂ- ਅਜ਼ੀਜ਼ ਇੱਕ ਫਲਸਤੀਨੀ ਅਤੇ ਮਾਓਜ਼ ਇੱਕ ਇਜ਼ਰਾਈਲੀ- ਨੇ ਉਸ ਸਮੇਂ ਭਰਾਤਰੀ ਸਬੰਧ ਕਾਇਮ ਕੀਤੇ ਜਦੋਂ ਦੁਨੀਆ ਸਾਡੇ ਤੋਂ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ ਉਮੀਦ ਕਰ ਰਹੀ ਸੀ।

ਅਸੀਂ ਸ਼ਾਂਤੀ ਦੇ ਹਰਕਾਰੇ ਤੇ ਕਿਸਾਨਾਂ ਦੇ ਪੁੱਤਰ ਹਾਂ। ਅਸੀਂ ਅਜਿਹੀ ਦੁਨੀਆ ਵਿੱਚ ਜਨਮੇ ਹਾਂ, ਜਿੱਥੇ ਇਜ਼ਰਾਇਲੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਭਰਾਵਾਂ ਵਾਲੇ ਪਿਆਰ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। (ਅਜ਼ੀਜ਼ ਦਾ ਭਰਾ ਪਹਿਲੇ ਇੰਤਫਾਦਾ, ਯਾਨੀ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫ਼ਲਸਤੀਨੀਆਂ ਵੱਲੋਂ ਇਜ਼ਰਾਈਲ ਦੇ ਫ਼ੌਜੀ ਕਬਜ਼ੇ ਵਿਰੁੱਧ 1987-1993 ਵਿਚਕਾਰ ਉੱਠੇ ਵੱਡੇ ਅੰਦੋਲਨ ਦੌਰਾਨ ਮਾਰਿਆ ਗਿਆ ਸੀ; ਮਾਓਜ਼ ਦੇ ਮਾਪੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿੱਚ ਮਾਰੇ ਗਏ ਸਨ) ਸਾਡੇ ਆਪਸੀ ਘਾਟੇ ਅਤੇ ਦੁੱਖ ਦੇ ਨਾਲ ਨਾਲ ਸ਼ਾਂਤੀ ਦੇ ਸਾਂਝੇ ਸੁਪਨੇ ਨੇ ਸਾਨੂੰ ਉਸ ਸਮੇਂ ਇਕੱਠੇ ਕੀਤਾ ਜਦੋਂ ਜੰਗ ਦੀ ਹਿੰਸਾ ਨੇ ਸਾਡੇ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਦੂਰ ਧੱਕ ਦਿੱਤਾ ਹੈ।

ਭਰਾਵਾਂ ਵਿਚਕਾਰ ਪਿਆਰ ਅਤੇ ਦਰਿਆਦਿਲੀ ਦੀ ਇਹ ਕਹਾਣੀ ਇੱਕ ਪ੍ਰਸਿੱਧ ਯਹੂਦੀ ਲੋਕ-ਕਥਾ ਹੈ, ਪਰ ਇਸ ਦੀ ਸ਼ੁਰੂਆਤ ਇੱਕ ਅਰਬ ਲੋਕ-ਕਥਾ ਵਜੋਂ ਹੋਈ ਸੀ, ਜੋ ਸਦੀਆਂ ਤੋਂ ਯੇਰੂਸ਼ਲਮ ਦੇ ਫ਼ਲਸਤੀਨੀ ਵਾਸੀਆਂ ਵੱਲੋਂ ਪੀੜ੍ਹੀ-ਦਰ-ਪੀੜ੍ਹੀ ਤੇ ਜ਼ੁਬਾਨ-ਦਰ-ਜ਼ੁਬਾਨ ਅੱਗੇ ਤੁਰਦੀ ਆਈ ਅਤੇ ਫਿਰ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਯਹੂਦੀਆਂ ਵੱਲੋਂ ਅਪਣਾ ਲਈ ਗਈ। ਸਾਡੇ ਲੋਕਾਂ ਵਿਚਕਾਰ ਲੜਾਈ ਤੋਂ ਪਹਿਲਾਂ ਸੱਭਿਆਚਾਰਕ ਸਹਿਯੋਗ ਦਾ ਇੱਕ ਲੰਮਾ ਇਤਿਹਾਸ ਸੀ। ... ਪਰ ਅੱਜ ਅਸੀਂ ਹਿੰਸਾ ਅਤੇ ਬਦਲੇ ਦੇ ਤੂਫ਼ਾਨ ਵਿੱਚ ਘਿਰੇ ਹੋਏ ਹਾਂ, ਜਿਸ ਨੇ ਇੱਕ ਸਦੀ ਤੋਂ ਵੱਧ ਖ਼ੂਨ-ਖਰਾਬਾ ਕਰਵਾਇਆ ਹੈ। ਸਾਡੇ ਪੀੜ੍ਹੀਆਂ ਤੋਂ ਚਲੇ ਆਉਂਦੇ ਸਦਮੇ ਦੇ ਨਿਸ਼ਾਨ ਡੂੰਘੇ ਹਨ। ਅਸੀਂ ਡਰ ਅਤੇ ਗੁੱਸੇ, ਦਹਿਸ਼ਤਗਰਦੀ ਅਤੇ ਫ਼ਿਰਕਾਪ੍ਰਸਤੀ ਦੁਆਰਾ ਇੰਨੇ ਵੰਡੇ ਗਏ ਹਾਂ ਕਿ ਹੁਣ ਅਸੀਂ ਇੱਕ ਦੂਜੇ ਦੀ ਇਨਸਾਨੀਅਤ ਨਹੀਂ ਦੇਖ ਸਕਦੇ ਜਾਂ ਇੱਕ ਦੂਜੇ ਦੇ ਦੁੱਖ ਪ੍ਰਤੀ ਹਮਦਰਦੀ ਮਹਿਸੂਸ ਨਹੀਂ ਕਰ ਸਕਦੇ ਸਗੋਂ ਵਿਰਾਸਤ ਵਿੱਚ ਮਿਲੇ ਇਤਿਹਾਸ ਵਿੱਚ ਜਿਊਂ ਰਹੇ ਹਾਂ। ਪਰ ਜੇ ਇਜ਼ਰਾਇਲੀਆਂ ਅਤੇ ਫ਼ਲਸਤੀਨੀਆਂ ਨੇ ਇੱਕ ਸਾਂਝਾ ਭਵਿੱਖ ਉਸਾਰਨਾ ਹੈ, ਸਾਡੇ ਲਈ ਆਪਣੇ ਦੋਵੇਂ ਮੁਲਕਾਂ ਦੇ ਲੋਕਾਂ ਦੀ ਖ਼ਾਤਰ ਇਹ ਕਰਨਾ ਲਾਜ਼ਮੀ ਹੈ, ਤਾਂ ਸਾਨੂੰ ਵੰਡਣ ਵਾਲੀਆਂ ਅਗਿਆਨਤਾ ਅਤੇ ਨਫ਼ਰਤ ਦੀਆਂ ਕੰਧਾਂ ਨੂੰ ਢਾਹ ਦੇਣਾ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਹੈ।

ਇਸ ਲੜਾਈ ਵਿੱਚ ਆਪਣੇ ਪਿਆਰਿਆਂ ਨੂੰ ਗੁਆ ਦੇਣ ਦੇ ਦਰਦ ਤੋਂ ਅਸੀਂ ਦੋਵੇਂ ਵਾਕਫ਼ ਹਾਂ। ਅਸੀਂ ਸਮਝਦੇ ਹਾਂ ਕਿ ਇਸ ਸਮੇਂ ਜਦੋਂ ਇੰਨੇ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਪਰਿਵਾਰ ਬਰਬਾਦ ਹੋ ਚੁੱਕੇ ਹਨ ਤਾਂ ਦੁੱਖ ਅਤੇ ਸੋਗ ਦੌਰਾਨ ਸ਼ਾਂਤੀ ਬਾਰੇ ਗੱਲ ਕਰਨੀ ਬਹੁਤ ਕਮਜ਼ੋਰੀ ਭਰੀ ਜਾਂ ਖ਼ਤਰਨਾਕ ਗੱਲ ਵੀ ਸਾਬਿਤ ਹੋ ਸਕਦੀ ਹੈ। ਜਦੋਂ ਹਰ ਧਿਰ ਇਹ ਮੰਨਦੀ ਹੈ ਕਿ ਦੂਜੀ ਧਿਰ ਉਸ ਦੀ ਹੋਂਦ ਲਈ ਖ਼ਤਰਾ ਹੈ ਤਾਂ ਸ਼ਾਂਤੀ ਦੀ ਗੱਲ ਕਰਨਾ ਕਿਸੇ ਨੂੰ ਆਪਣੇ ਲੋਕਾਂ ਨਾਲ ਧਰੋਹ ਕਮਾਉਣ ਵਰਗਾ ਜਾਪ ਸਕਦਾ ਹੈ। ਦੁਨੀਆ ਵਿੱਚ ਅਸੀਂ ਜਿੱਧਰ ਵੀ ਵੇਖਦੇ ਹਾਂ, ਸਾਨੂੰ ਇਹ ਵੰਡੀਆਂ ਵਧਦੀਆਂ ਨਜ਼ਰ ਆਉਂਦੀਆਂ ਹਨ। ‘ਅਸੀਂ’ ਤੇ ‘ਉਹ’ ਦੀ ਝੂਠੀ ਮਾਨਸਿਕਤਾ ਵਿੱਚ ਵੰਡੇ ਹੋਏ ਅਸੀਂ ਡਰ ਦੀ ਰਾਜਨੀਤੀ ਦੁਆਰਾ ਦਿੱਤੇ ਗਏ ‘ਜਿੱਤ-ਹਾਰ’ ਵਾਲੇ ਤਰਕਾਂ ਨੂੰ ਹੀ ਦੁਹਰਾਉਂਦੇ ਰਹਿੰਦੇ ਹਾਂ। ਬਾਈਬਲ ਦੀ ਕਹਾਵਤਾਂ ਦੀ ਕਿਤਾਬ (ਬੁੱਕ ਆਫ ਪ੍ਰੋਵਰਬਜ਼) ਵਿੱਚ ਲਿਖਿਆ ਹੈ, “ਜਿੱਥੇ ਦੂਰ-ਦ੍ਰਿਸ਼ਟੀ (ਵਿਜ਼ਨ) ਨਹੀਂ ਹੁੰਦੀ, ਉੱਥੇ ਲੋਕ ਖ਼ਤਮ ਹੋ ਜਾਂਦੇ ਹਨ।” ਅੱਜ ਸਾਨੂੰ ਸਦਭਾਵਨਾ ਅਤੇ ਸਥਾਈ ਸ਼ਾਂਤੀ ਦੀ ਰਣਨੀਤੀ ਵੱਲ ਲਿਜਾਣ ਵਾਲੀ ਦੂਰ-ਦ੍ਰਿਸ਼ਟੀ ਦੀ ਥਾਂ ਅਕਸਰ ਅਜਿਹੀ ਦ੍ਰਿਸ਼ਟੀ ਦਿੱਤੀ ਜਾਂਦੀ ਹੈ, ਜੋ ਵਧੇਰੇ ਹਿੰਸਾ ਵੱਲ ਲੈ ਜਾਂਦੀ ਹੈ। ... ਪਰ ਇੱਕ ਰਾਹ ਹੋਰ ਵੀ ਹੈ।

ਬਹੁਤ ਲੰਮੇ ਸਮੇਂ ਤੋਂ ਸ਼ਾਂਤੀ ਕਾਇਮ ਕਰਨ ਵਾਲਿਆਂ ਨੂੰ ਘਰ ਬਾਹਰ ਦੋਵਾਂ ਥਾਵਾਂ ’ਤੇ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ। ਸਾਨੂੰ ਗੱਲਬਾਤ ਦੀਆਂ ਮੇਜ਼ਾਂ ’ਤੇ ਨਹੀਂ ਬੁਲਾਇਆ ਜਾਂਦਾ, ਨਾ ਹੀ ਸਾਨੂੰ ਸਾਡੇ ਲੋਕਾਂ ਦੇ ਨਾਂ ’ਤੇ ਫ਼ੈਸਲੇ ਲੈਣ ਵਾਲਿਆਂ ਦੇ ਕੌਮਾਂਤਰੀ ਸੰਮੇਲਨਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਅਸੀਂ ਸੁਪਨੇ ਦੇਖਣ ਵਾਲੇ ਕਹਿ ਕੇ ਨਕਾਰੇ ਅਤੇ ਭੋਲੇ-ਭਾਲੇ ਸਮਝ ਕੇ ਮਖੌਲ ਦੇ ਪਾਤਰ ਬਣਾਏ ਜਾਣ ਦੇ ਆਦੀ ਹਾਂ। ਫਿਰ ਵੀ ਅਸੀਂ ਯਥਾਰਥਵਾਦੀ ਹਾਂ। ਅਸੀਂ ਜਾਣਦੇ ਹਾਂ ਕਿ ਬੰਬ ਸ਼ਾਂਤੀ ਨਹੀਂ ਲਿਆਉਣਗੇ, ਕੰਧਾਂ ਸਾਡੀ ਰੱਖਿਆ ਨਹੀਂ ਕਰਨਗੀਆਂ ਤੇ ਜੰਗ ਕਿਸੇ ਵੀ ਧਿਰ ਲਈ ਸੁਰੱਖਿਆ ਨਹੀਂ ਲਿਆਵੇਗੀ। ਅਸਲ ਸਿੱਧਾਪਣ ਇਹ ਸੋਚਣਾ ਹੈ ਕਿ ਡਰ ਅਤੇ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸਦਮਾ ਸੁਰੱਖਿਆ ਪ੍ਰਦਾਨ ਕਰੇਗਾ, ਜਾਂ ਇਹ ਕਿ ਇਸ ਲੜਾਈ ਦੀ ਭਿਆਨਕਤਾ ਨੂੰ ਖ਼ਤਮ ਕਰਨ ਦੀ ਕੋਈ ਵੀ ਰਣਨੀਤੀ ਸੁਪਨੇ ਦੇਖਣ ਵਾਲਿਆਂ ਅਤੇ ਦੂਰ-ਅੰਦੇਸ਼ ਲੋਕਾਂ ਦੀ ਅਗਵਾਈ ਤੋਂ ਬਿਨਾਂ ਸਫ਼ਲ ਹੋ ਸਕਦੀ ਹੈ। ਅਸੀਂ ਸਿਆਸਤਦਾਨਾਂ ਅਤੇ ਵਿਸ਼ਵ ਆਗੂਆਂ ਨਾਲ ਮਿਲ ਕੇ ਅਜਿਹਾ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਅੰਤਹੀਣ ਜੰਗਾਂ ਦੇ ਦੁਖਾਂਤ ਤੋਂ ਪਰ੍ਹੇ ਹੋਵੇ। ਇੱਕ ਅਜਿਹਾ ਰਾਹ ਜੋ ਮਾਣ, ਸ਼ਮੂਲੀਅਤ ਅਤੇ ਬਰਾਬਰੀ ਦੀਆਂ ਕਦਰਾਂ-ਕੀਮਤਾਂ ’ਤੇ ਆਧਾਰਿਤ ਭਵਿੱਖ ਵੱਲ ਲੈ ਕੇ ਜਾਂਦਾ ਹੋਵੇ। ਅਸੀਂ ਆਪਣੀਆਂ ਨਿੱਜੀ ਕਹਾਣੀਆਂ ਪੂਜਾ ਸਥਾਨਾਂ, ਵਰਚੁਅਲ ਟਾਊਨ ਹਾਲਾਂ ਅਤੇ ਸਥਾਨਕ ਭਾਈਚਾਰਕ ਕੇਂਦਰਾਂ ਵਿੱਚ; ਯੂਨੀਵਰਸਿਟੀਆਂ ਦੇ ਕੈਂਪਸਾਂ ਅਤੇ ਪਿੜਾਂ ਵਿੱਚ ਹਜ਼ਾਰਾਂ ਦਰਸ਼ਕਾਂ ਅੱਗੇ ਸਾਂਝੀਆਂ ਕੀਤੀਆਂ ਹਨ। ਅਣਗਿਣਤ ਪੱਤਰਕਾਰਾਂ ਅਤੇ ਮੀਡੀਆ ਸੰਸਥਾਵਾਂ ਨੇ ‘ਦਰਿਆ ਤੋਂ ਸਮੁੰਦਰ ਤੱਕ’ (ਜੌਰਡਨ ਦਰਿਆ ਅਤੇ ਭੂ-ਮੱਧ ਸਾਗਰ ਵਿਚਕਾਰ ਦੀ ਧਰਤੀ, ਜਿਸ ਵਿੱਚ ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਦੇ ਇਲਾਕੇ ਆਉਂਦੇ ਹਨ) ਸ਼ਾਂਤੀ ਦੀ ਸਾਡੀ ਸਾਂਝੀ ਦੂਰ-ਦ੍ਰਿਸ਼ਟੀ ਬਾਰੇ ਸਾਡੇ ਨਾਲ ਇੰਟਰਵਿਊਜ਼ ਕੀਤੀਆਂ ਹਨ।

ਮੂਲ ਰੂਪ ਵਿੱਚ ਅਸੀਂ ਯਾਤਰੀ ਅਤੇ ਗਾਈਡ ਹਾਂ। ਟੂਰਿਜ਼ਮ ਦੇ ਖੇਤਰ ਵਿੱਚੋਂ ਹੋਣ ਕਰਕੇ ਸਾਨੂੰ ਲੋਕਾਂ ਨੂੰ ਤਬਦੀਲੀ ਲਿਆਉਣ ਵਾਲੇ ਸਫ਼ਰਾਂ ’ਤੇ ਲਿਜਾਣ ਦਾ ਸ਼ੌਕ ਹੈ ਅਤੇ ਅਸੀਂ ਯਾਤਰੀਆਂ ਨੂੰ ਜੰਗ ਵਾਲੇ ਖੇਤਰਾਂ ਵਿੱਚ ਗਾਈਡ ਕਰਨ ਵਿੱਚ ਮਾਹਿਰ ਹੋ ਗਏ ਹਾਂ। ਸਾਡਾ ਵਿਸ਼ਵਾਸ ਹੈ ਕਿ ਸਫ਼ਰ ਸਿਰਫ਼ ਸਫ਼ਰ ਕਰਨ ਵਾਲੀਆਂ ਥਾਵਾਂ ਦੀ ਬਣਾਈ ਸੂਚੀ ’ਤੇ ਦਰਜ ਥਾਵਾਂ ’ਤੇ ਨਿਸ਼ਾਨ ਲਾ ਕੇ ਲੰਘ ਜਾਣ ਦਾ ਨਾਂ ਨਹੀਂ ਹੈ ਸਗੋਂ ਇਹ ਕੂਟਨੀਤੀ, ਸੰਵਾਦ ਅਤੇ ਸ਼ਾਂਤੀ ਉਸਾਰਨ ਦੀ ਸਨਅਤ ਹੈ। ਅਸੀਂ ਸਿੱਖਿਆ ਹੈ ਕਿ ਜਦੋਂ ਸੋਚ ਵਿੱਚ ਤਬਦੀਲੀ ਲਿਆਉਣ ਅਤੇ ਵਿਰੋਧੀ ਵਿਚਾਰਾਂ ਦਰਮਿਆਨ ਸੰਵਾਦ ਰਚਾਉਣ ਦੀ ਗੱਲ ਆਉਂਦੀ ਹੈ ਤਾਂ ਆਪਣੀ ਆਰਾਮ ਭਰੀ ਜ਼ਿੰਦਗੀ ’ਚੋਂ ਬਾਹਰ ਨਿਕਲ ਕੇ ‘ਦੂਜੇ’ ਨੂੰ ਮਿਲਣ ਅਤੇ ਸੱਚੇ ਦਿਲ ਨਾਲ ਉਸ ਦੀ ਕਹਾਣੀ ਸੁਣਨ ਦੇ ਤਜਰਬੇ ਤੋਂ ਵੱਧ ਸ਼ਕਤੀਸ਼ਾਲੀ ਜਾਂ ਤਬਦੀਲੀ ਲਿਆਉਣ ਵਾਲੀ ਕੋਈ ਹੋਰ ਗੱਲ ਨਹੀਂ ਹੈ। ਅਸੀਂ ਦੋਵਾਂ ਨੇ ਇਜ਼ਰਾਈਲ ਅਤੇ ਫ਼ਲਸਤੀਨ ਵਿੱਚ ਹਜ਼ਾਰਾਂ ਟੂਰਾਂ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਕੀਤੀ ਹੈ। ਅਸੀਂ ਲੋਕਾਂ ਨੂੰ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆ ਕੇ ਡਰ ਅਤੇ ਨਫ਼ਰਤ ਤੋਂ ਪਾਰ ਪਾਉਂਦੇ ਦੇਖਿਆ ਹੈ, ਜਿਨ੍ਹਾਂ ਨੂੰ ਉਹ ਕਦੇ ਆਪਣੇ ਦੁਸ਼ਮਣ ਸਮਝਦੇ ਸਨ। ਸ਼ਾਂਤੀ ਦੇ ਰਾਹ ’ਤੇ ਪੁੱਟਿਆ ਜਾਣ ਵਾਲਾ ਪਹਿਲਾ ਕਦਮ ਦੂਜੀ ਧਿਰ ਦੀ ਕਹਾਣੀ ਸੁਣਨਾ ਹੈ। ਇਹ ਸੌਖਾ ਲੱਗਦਾ ਹੈ, ਪਰ ਇਸ ਲੰਮੇ ਅਤੇ ਔਖੇ ਰਾਹ ਦੀ ਚੋਣ ਕਰਨ ਵਾਲਿਆਂ ਲਈ ਅਕਸਰ ਇਹ ਸਭ ਤੋਂ ਔਖਾ ਕਦਮ ਹੁੰਦਾ ਹੈ। ਇਸ ਲਈ ਇਜ਼ਰਾਇਲੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਲਗਭਗ ਇੱਕ ਸਦੀ ਤੋਂ ਚੱਲੇ ਆ ਰਹੇ ਖ਼ੂਨ-ਖਰਾਬੇ ਦੇ ਸਭ ਤੋਂ ਮਾਰੂ ਸਾਲ ਦੇ ਦਸਵੇਂ ਮਹੀਨੇ ਅਗਸਤ 2024 ਨੂੰ ਅਸੀਂ ਸਫ਼ਰ ਦੀ ਤਬਦੀਲੀ ਲਿਆਉਣ ਵਾਲੀ ਸ਼ਕਤੀ ਵੱਲ ਰੁਖ਼ ਕੀਤਾ।

ਅਸੀਂ ਆਪਣੇ ਲੋਕਾਂ ਦੀ ਕਹਾਣੀ ਉਸ ਧਰਤੀ ਦੇ ਜੀਵਤ ਇਤਿਹਾਸ ਰਾਹੀਂ ਦੱਸਣੀ ਚਾਹੁੰਦੇ ਸੀ, ਜੋ ਸਾਡੀਆਂ ਯਾਦਾਂ ਨੂੰ ਸਾਂਭੀ ਬੈਠੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਆਵਾਜ਼ ਦੇਣੀ ਚਾਹੁੰਦੇ ਸੀ, ਜਿਨ੍ਹਾਂ ਦੀਆਂ ਜ਼ਿੰਦਗੀਆਂ ’ਤੇ ਇਸ ਲੜਾਈ ਦੀ ਲਗਾਤਾਰ ਹਿੰਸਾ ਨੇ ਬਹੁਤ ਡੂੰਘਾ ਅਸਰ ਪਾਇਆ ਹੈ। ਗਾਜ਼ਾ ’ਤੇ ਮਹੀਨਿਆਂ ਤੋਂ ਹੋ ਰਹੀ ਬੰਬਾਰੀ ਅਤੇ ਖੇਤਰੀ ਜੰਗ ਦੇ ਮੰਡਰਾਉਂਦੇ ਖ਼ਤਰੇ ਨੇ ਸਾਰੇ ਖੇਤਰ ਵਿੱਚ ਸੈਰ-ਸਪਾਟਾ ਸਨਅਤ ਨੂੰ ਲਗਭਗ ਤਬਾਹ ਕਰ ਦਿੱਤਾ ਸੀ। ਅਸੀਂ ਯਾਤਰੀਆਂ ਨੂੰ ਇਸ ਪਵਿੱਤਰ ਧਰਤੀ ’ਤੇ ਨਹੀਂ ਲਿਜਾ ਸਕਦੇ ਸੀ। ਇਸ ਲਈ ਅਸੀਂ ਆਪ ਉਸ ਪ੍ਰਾਚੀਨ ਧਰਤੀ ’ਤੇ ਅੱਠ ਦਿਨਾਂ ਦੇ ਸਫ਼ਰ ’ਤੇ ਜਾਣ ਦਾ ਫ਼ੈਸਲਾ ਕੀਤਾ, ਜਿਹੜੀ ਧਰਤੀ ਸਾਡੇ ਲੋਕਾਂ ਨੂੰ ਜੋੜਦੀ ਵੀ ਹੈ ਅਤੇ ਵੰਡਦੀ ਵੀ। ਇਸ ਯਾਤਰਾ ਦੌਰਾਨ ਅਸੀਂ ਇੱਕ-ਦੂਜੇ ਬਾਰੇ ਨਵੀਆਂ ਗੱਲਾਂ ਸਿੱਖੀਆਂ, ਪਹਿਲਾਂ ਬਣੀਆਂ ਧਾਰਨਾਵਾਂ ਨੂੰ ਚੁਣੌਤੀ ਦਿੱਤੀ, ਇੱਕ-ਦੂਜੇ ਦੇ ਪਰਿਵਾਰਾਂ ਨੂੰ ਮਿਲੇ ਅਤੇ ਸਦੀਆਂ ਪੁਰਾਣੇ ਸਵਾਲਾਂ ਦੇ ਸਨਮੁੱਖ ਹੋਏ। ਅਸੀਂ ਤੁਹਾਨੂੰ ਯਾਦਾਂ, ਸਿਮਰਤੀਆਂ ਅਤੇ ਇਤਿਹਾਸ ਦੇ ਇਸ ਸਫ਼ਰ ’ਤੇ ਸਾਡੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਾਂ।

(ਬਹੁਤ ਸਾਲ ਪਹਿਲਾਂ ਅਜ਼ੀਜ਼ ਨੇ ‘ਦੋਤਰਫ਼ਾ ਕਹਾਣੀ’ ਦੱਸਣ ਵਾਲੀ ਪਹੁੰਚ ਵਰਤਣੀ ਸ਼ੁਰੂ ਕੀਤੀ, ਜਿਸ ਵਿੱਚ ਇਜ਼ਰਾਇਲੀ ਅਤੇ ਫ਼ਲਸਤੀਨੀ ਗਾਈਡ ਮਿਲ ਕੇ ਟੂਰ ਕਰਵਾਉਂਦੇ ਹਨ, ਆਪਣੀਆਂ ਕਹਾਣੀਆਂ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਦੇ ਹਨ, ਜੋ ਸੈਲਾਨੀਆਂ ਨੂੰ ਇਸ ਲੜਾਈ ਦੀ ਭਿਆਨਕਤਾ ਨੂੰ ਸਮਝਣ ਲਈ ਮਨੁੱਖੀ ਸੰਦਰਭ ਪ੍ਰਦਾਨ ਕਰਦੇ ਹਨ।) ਅਗਲੇ ਸਫ਼ਰ ਦੌਰਾਨ ਇਸ ਖੇਤਰ ਦੀਆਂ ਪਵਿੱਤਰ ਅਤੇ ਵਿਵਾਦਗ੍ਰਸਤ ਥਾਵਾਂ ਨੂੰ ਦੇਖਣ ਜਾਣ ਸਮੇਂ ਅਸੀਂ ਤੁਹਾਨੂੰ ਵਾਰੋ-ਵਾਰੀ ਗਾਈਡ ਕਰਾਂਗੇ ਅਤੇ ਉਸ ਸਿਆਸੀ ਇਤਿਹਾਸ ਨੂੰ ਸਾਂਝਾ ਕਰਾਂਗੇ, ਜਿਸ ਨੇ ਸਾਡੇ ਲੋਕਾਂ ਨੂੰ ਵੱਖ ਕਰਨ ਵਾਲੀਆਂ ਭੌਤਿਕ ਅਤੇ ਮਨੋਵਿਗਿਆਨਕ ਹੱਦਾਂ ਨੂੰ ਆਕਾਰ ਦਿੱਤਾ ਹੈ।

ਅਸੀਂ ਤੁਹਾਨੂੰ ਨੇਗੇਵ ਵਿੱਚ ਮਾਓਜ਼ ਦੇ ਬਚਪਨ ਦੇ ਖੇਤਰ ਵਿੱਚ ਲੈ ਕੇ ਜਾਵਾਂਗੇ, ਜੋ ਹਜ਼ਾਰਾਂ ਸਾਲਾਂ ਤੋਂ ਵਪਾਰ, ਸੱਭਿਆਚਾਰ ਅਤੇ ਲੜਾਈ ਦਾ ਕੇਂਦਰ ਰਿਹਾ ਹੈ। ਜਦੋਂ ਅਸੀਂ ਇਜ਼ਰਾਈਲ ਅਤੇ ਗਾਜ਼ਾ ਪੱਟੀ ਵਿਚਕਾਰ ਸਰਹੱਦੀ ਵਾੜ ਦੇ ਸਾਏ ਵਿੱਚ ਖੜ੍ਹੇ ਹੋਵਾਂਗੇ, ਅਸੀਂ ਲੜਾਈ ਕਾਰਨ ਦੋਹਾਂ ਪਾਸਿਆਂ ਨੂੰ ਪੁੱਜੇ ਸਦਮੇ ਦੇ ਸਨੁਮੱਖ ਹੁੰਦਿਆਂ ਜੰਗ ਕਾਰਨ ਲੱਗੇ ਸੱਲਾਂ ਨੂੰ ਦੇਖਾਂਗੇ ਅਤੇ ਦੁੱਖ ਤੇ ਸ਼ਾਂਤੀ ਕਾਇਮੀ ਦੇ ਸੰਗਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰਾਚੀਨ ਬੰਦਰਗਾਹ ਜਾਫਾ ਅਤੇ ਇਜ਼ਰਾਈਲ ਦੇ ਆਧੁਨਿਕ ਸ਼ਹਿਰ ਤੇਲ ਅਵੀਵ ਵਿੱਚ (ਜਿਸ ਨੂੰ ‘ਸਟਾਰਟਅੱਪ ਸਿਟੀ’ ਅਤੇ ‘ਉਹ ਸ਼ਹਿਰ ਜੋ ਕਦੇ ਨਹੀਂ ਰੁਕਦਾ’ ਕਿਹਾ ਜਾਂਦਾ ਹੈ) ਬਾਰੇ ਗੱਲ ਸ਼ੁਰੂ ਕਰਾਂਗੇ। ਇਹ ਉਹ ਸ਼ਹਿਰ ਹੈ, ਜਿੱਥੇ ਮਿਥਿਹਾਸਕ ਅਤੇ ਅੰਜੀਲ ਵਿਚਲਾ ਪ੍ਰਤੀਕਵਾਦ ਨੇੜਲੇ ਅਤੀਤ ਨਾਲ ਟਕਰਾਉਂਦਾ ਹੈ।

ਤਣਾਅ ਵਿੱਚ ਘਿਰੇ ਇਸ ਖੇਤਰ ਵਿੱਚ ਇਹ ਅਹਿਸਾਸ ਪਵਿੱਤਰ ਸ਼ਹਿਰ ਯੇਰੂਸ਼ਲਮ ਤੋਂ ਵੱਧ ਕਿਤੇ ਹੋਰ ਮਹਿਸੂਸ ਨਹੀਂ ਹੁੰਦਾ। ਤਿੰਨ ਅਬਰਾਹਮੀ ਧਰਮਾਂ (ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ) ਲਈ ਪਵਿੱਤਰ ਇਹ ‘ਸ਼ਾਂਤੀ ਦਾ ਸ਼ਹਿਰ’ ਲੜਾਈ ਦੇ ਕੇਂਦਰ ਵਿੱਚ ਵਸਿਆ ਹੋਇਆ ਹੈ ਅਤੇ ਵੱਖ-ਵੱਖ ਵਿਸ਼ਵਾਸਾਂ ਤੇ ਸੱਭਿਆਚਾਰਾਂ ਦੀਆਂ ਸਮੂਹਿਕ ਧੜਕਣਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਇਸ ਪੁਰਾਣੇ ਸ਼ਹਿਰ ਦੀਆਂ ਵਿੰਗੀਆਂ ਅਤੇ ਵਲ-ਖਾਂਦੀਆਂ ਪਥਰੀਲੀਆਂ ਗਲੀਆਂ ਵਿੱਚ ਤੁਰਦਿਆਂ ਅਸੀਂ ਲੜਾਈ ਨੂੰ ਇਤਿਹਾਸ ਤੇ ਵਰਤਮਾਨ ਵਿੱਚ ਦੇਖਾਂਗੇ ਅਤੇ ਮਨੁੱਖਤਾ ਦੀ ਸਹਿਯੋਗ ਪ੍ਰਤੀ ਡੂੰਘੀ ਸਮਰੱਥਾ ਨੂੰ ਵੀ ਦੇਖਾਂਗੇ। ਯੇਰੂਸ਼ਲਮ ਦੇ ਬਾਹਰਵਾਰ ਅਸੀਂ ਅਜ਼ੀਜ਼ ਦੇ ਪਿੰਡ ਜਾਵਾਂਗੇ ਅਤੇ ਜਾਣਾਂਗੇ ਕਿ ਵਖਰੇਵੇਂ ਅਤੇ ਕਬਜ਼ੇ ਦੀਆਂ ਨੀਤੀਆਂ ਕਿਸ ਤਰ੍ਹਾਂ ਉਸ ਦੇ ਪਰਿਵਾਰ ਨੂੰ ਆਪਣੇ ਹੀ ਘਰ ਵਿੱਚ ਰਹਿਣ ਤੋਂ ਰੋਕਦੀਆਂ ਹਨ।

ਅਸੀਂ ਦੱਖਣ ਵੱਲ ਵੀ ਜਾਵਾਂਗੇ ਅਤੇ ਚੈੱਕਪੋਸਟ ਪਾਰ ਕਰਕੇ ਵੈਸਟ ਬੈਂਕ ਵਿੱਚ ਦਾਖ਼ਲ ਹੋਵਾਂਗੇ। ਇਹ ਇਲਾਕਾ ਲਗਭਗ ਡੈਲਾਵੇਅਰ ਸੂਬੇ (ਅਮਰੀਕਾ ਦਾ ਇੱਕ ਸੂਬਾ) ਜਿੰਨਾ ਵੱਡਾ ਹੈ, ਜਿੱਥੇ ਲਗਭਗ 33 ਲੱਖ ਫ਼ਲਸਤੀਨੀ ਫ਼ੌਜੀ ਹਨ ਅਤੇ ਪੰਜ ਲੱਖ ਤੋਂ ਵੱਧ ਇਜ਼ਰਾਇਲੀ ਆਬਾਦਕਾਰਾਂ (ਸੈੱਟਲਰਾਂ) ਨੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਦਿਆਂ ਖੇਤੀ ਵਾਲੀ ਜ਼ਮੀਨ ਦੇ ਵੱਡੇ ਰਕਬੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਭਾਰੀ ਸੁਰੱਖਿਆ ਵਾਲੀਆਂ ਨੌਆਬਾਦੀਆਂ (ਸੈਟਲਮੈਂਟਸ) ਵਿੱਚ ਰਹਿੰਦੇ ਹਨ। ਅਸੀਂ ਫ਼ਲਸਤੀਨੀਆਂ ਦੇ ਸ਼ਹਿਰ ਬੈਥਲਹੈਮ ਨੂੰ ਜਾਵਾਂਗੇ, ਜਿੱਥੇ ਸਰਹੱਦ ’ਤੇ ਕੰਕਰੀਟ ਦੀ 25 ਫੁੱਟ ਤੋਂ ਵੀ ਉੱਚੀ (ਬਰਲਿਨ ਦੀ ਕੰਧ ਤੋਂ ਦੁੱਗਣੀ ਉੱਚੀ) ਕੰਧ ਖੜ੍ਹੀ ਹੈ ਜੋ ਗ੍ਰੈਫਿਟੀ (ਕੰਧ-ਲਿਖਤਾਂ), ਕੰਧ-ਚਿੱਤਰਾਂ ਅਤੇ ਜਨਤਕ ਕਲਾ (ਸਟ੍ਰੀਟ ਆਰਟ) ਨਾਲ ਢਕੀ ਹੋਈ ਹੈ। ਇਸ ਗ੍ਰੈਫਿਟੀ, ਕੰਧ-ਚਿੱਤਰਾਂ ਅਤੇ ਜਨਤਕ ਕਲਾ (ਸਟ੍ਰੀਟ ਆਰਟ) ਨੇ ਵੰਡੀਆਂ ਪਾਉਣ ਵਾਲੀ ਇਸ ਕੰਧ ਨੂੰ ਵਿਰੋਧ ਦੇ ਕੈਨਵਸ ਵਿੱਚ ਬਦਲ ਦਿੱਤਾ ਹੈ। ਵੈਸਟ ਬੈਂਕ ਵਿੱਚ ਅਸੀਂ ਇਸ ਖੇਤਰ ਨਾਲ ਯਹੂਦੀ ਲੋਕਾਂ ਦੇ ਅੰਜੀਲੀ (ਬਿਬਲੀਕਲ) ਤੇ ਇਤਿਹਾਸਕ ਸਬੰਧ ਬਾਰੇ ਜਾਣਾਂਗੇ ਅਤੇ ਢਾਂਚਾਗਤ ਹਿੰਸਾ ਦੀ ਅਸਲੀਅਤ ਦੇ ਸਨਮੁੱਖ ਹੋਵਾਂਗੇ। ਅਸੀਂ ਇਹ ਵੇਖਾਂਗੇ ਕਿ ਕਿਹੜੀ ਚੀਜ਼ ਫ਼ਲਸਤੀਨੀਆਂ ਨੂੰ ਇੱਕ ਲੋਕ ਸਮੂਹ ਵਜੋਂ ਜੋੜਦੀ ਹੈ।

ਫਿਰ ਅਸੀਂ ਉੱਤਰ ਵੱਲ ਇਜ਼ਰਾਈਲ ਦੇ ਸਭ ਤੋਂ ਮਹੱਤਵਪੂਰਨ ਅਰਬੀ ਸ਼ਹਿਰ ਵੱਲ ਜਾਵਾਂਗੇ, ਜਿਹੜਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿਸ ਨੇ 1948 ਤੋਂ ਪਹਿਲਾਂ ਵਾਲੀ ਆਪਣੀ ਫ਼ਲਸਤੀਨੀ ਪਛਾਣ ਅਜੇ ਵੀ ਬਰਕਰਾਰ ਰੱਖੀ ਹੋਈ ਹੈ। ਐਲਾਨ (ਐਨਨਸੀਏਸ਼ਨ) ਦੀ ਥਾਂ (ਇਸਾਈ ਮੱਤ ਅਨੁਸਾਰ ਉਹ ਥਾਂ ਜਿੱਥੇ ਫਰਿਸ਼ਤੇ ਗੈਬਰੀਅਲ ਨੇ ਮੈਰੀ ਨੂੰ ਦੱਸਿਆ ਸੀ ਕਿ ਉਹ ਈਸਾ ਨੂੰ ਗਰਭ ਵਿੱਚ ਧਾਰਨ ਕਰੇਗੀ) ਅਤੇ ਈਸਾ ਦੇ ਬਚਪਨ ਦਾ ਘਰ ਹੋਣ ਕਰਕੇ ਨਾਜ਼ਰਥ ਸ਼ਹਿਰ ਇਸਾਈਆਂ ਲਈ ਪਵਿੱਤਰ ਹੈ। ਇਹ ਇਸਾਈ ਧਰਮ ਦਾ ਜਨਮ ਸਥਾਨ ‘ਇਜ਼ਰਾਈਲ ਵਿੱਚ ਅਰਬਾਂ ਦੀ ਰਾਜਧਾਨੀ’ ਕਿਵੇਂ ਬਣਿਆ, ਅਸੀਂ ਤੁਹਾਨੂੰ ਉਸ ਇਤਿਹਾਸ ਬਾਰੇ ਦੱਸਾਂਗੇ ਅਤੇ ਨਾਜ਼ਰਥ ਦੇ ਇੱਕ ਪਰਿਵਾਰ ਨਾਲ ਮਾਓਜ਼ ਦੀ ਵੀਹ ਸਾਲਾਂ ਦੀ ਭਾਈਵਾਲੀ ਦੀ ਕਹਾਣੀ ਵੀ ਸਾਂਝੀ ਕਰਾਂਗੇ, ਜਿਸ ਨੇ ਸ਼ਹਿਰ ਦੀ ਆਰਥਿਕਤਾ ਨੂੰ ਸੁਰਜੀਤ ਕੀਤਾ ਹੈ।

ਅਸੀਂ ਆਪਣਾ ਸਫ਼ਰ ਗੈਲੀਲੀ ਵਿਖੇ ਖ਼ਤਮ ਕਰਾਂਗੇ, ਜਿੱਥੇ ਅਸੀਂ ਉਸ ਰਸਤੇ ਦੇ ਇੱਕ ਹਿੱਸੇ ’ਤੇ ਜਾਵਾਂਗੇ, ਜਿਸ ਰਾਹ ਉੱਤੇ ਈਸਾ ਨਾਜ਼ਰਥ ਤੋਂ ਕੇਪਰਨਾਮ ਤੱਕ ਤੁਰੇ ਸਨ। ਇਸ ਖੇਤਰ ਦਾ ਇਤਿਹਾਸ ਬਹੁ-ਪਰਤੀ ਅਤੇ ਗੁੰਝਲਦਾਰ ਹੈ। ਅਸੀਂ ਰੋਮਨਾਂ ਵਲੋਂ ਜੇਤੂ ਫ਼ੌਜ ਲਈ ਬਣਾਈ ਸੜਕ ਦੇਖਾਂਗੇ, ਢਹਿ-ਢੇਰੀ ਹੋਈਆਂ ਸਲਤਨਤਾਂ ਦੇ ਜੰਗੀ ਨਿਸ਼ਾਨ ਅਤੇ ਇੱਕ ਕਿਬੂਤ (ਸਮੂਹਿਕ ਬਸਤੀ) ਦੇਖਾਂਗੇ ਜੋ ਹੌਲੋਕਾਸਟ ਦੇ ਪੀੜਤ ਬੱਚਿਆਂ ਵੱਲੋਂ 1948 ਵਿੱਚ ਇੱਕ ਫ਼ਲਸਤੀਨੀ ਪਿੰਡ ਦੀ ਥਾਂ ’ਤੇ ਬਣਾਇਆ ਗਿਆ ਸੀ। ਦਰਦ ਦੀ ਪਰਤ ਦਰ ਪਰਤ, ... ਪਰ ਜੰਗ ਮਨੁੱਖੀ ਕਹਾਣੀ ਦਾ ਅੰਗ ਹੈ। ਇਹ ਸੱਭਿਅਤਾ ਦੇ ਆਰੰਭ ਤੋਂ ਹੀ ਸਾਡੇ ਨਾਲ ਹੈ। ਪੋਪ ਫਰਾਂਸਿਸ ਨੇ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਬਾਰੇ ਚਿਤਾਵਨੀ ਦਿੰਦਿਆਂ ਸਾਨੂੰ ਕਿਹਾ ਸੀ, ‘‘ਇੱਕ ਸਮਾਜ, ਪਰਿਵਾਰ ਜਾਂ ਦੋਸਤਾਂ ਦਾ ਗਰੁੱਪ ਤਣਾਅ ਤੋਂ ਬਿਨਾਂ ਕਿਸ ਤਰ੍ਹਾਂ ਦਾ ਹੋਵੇਗਾ? ਤੁਸੀਂ ਜਾਣਦੇ ਹੋ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ? ਇਹ ਇੱਕ ਕਬਰਿਸਤਾਨ ਹੋਵੇਗਾ ਕਿਉਂਕਿ ਸਿਰਫ਼ ਮੁਰਦਿਆਂ ਵਿੱਚ ਹੀ ਕੋਈ ਤਣਾਅ ਅਤੇ ਲੜਾਈ ਨਹੀਂ ਹੁੰਦੀ। ਜਿੱਥੇ ਜ਼ਿੰਦਗੀ ਹੈ, ਉੱਥੇ ਤਣਾਅ ਹੈ ਅਤੇ ਲੜਾਈ ਹੈ।’’ ਅਸੀਂ ਆਪਣੇ ਅਤੀਤ ਜਾਂ ਵਰਤਮਾਨ ਦੇ ਇਸ ਸੱਚ ਤੋਂ ਬਚ ਨਹੀਂ ਸਕਦੇ, ਪਰ ਜੇਕਰ ਅਸੀਂ ਸਦੀਵੀ ਹਿੰਸਾ ਤੋਂ ਆਜ਼ਾਦ ਹੋਣਾ ਅਤੇ ਅਜਿਹਾ ਭਵਿੱਖ ਬਣਾਉਣਾ ਹੈ, ਜਿਸ ਵਿੱਚ ਸਾਡੇ ਲੋਕ ਸ਼ਾਂਤੀ ਨਾਲ ਰਹਿ ਸਕਣ ਤਾਂ ਸਾਨੂੰ ਲੜਾਈ ਤੋਂ ਉੱਪਰ ਉੱਠਣ ਅਤੇ ਉਸ ਤੋਂ ਅਗਾਂਹ ਜਾਣ ਦਾ ਰਾਹ ਲੱਭਣਾ ਪਵੇਗਾ। ਅੰਤ ਵਿੱਚ ਹਰ ਲੜਾਈ ਖ਼ਤਮ ਹੁੰਦੀ ਹੈ। ਇਹ ਫ਼ੈਸਲਾ ਅਸੀਂ ਕਰਨਾ ਹੈ ਕਿ ਉਸ ਤੋਂ ਪਹਿਲਾਂ ਕਿੰਨਾ ਖ਼ੂਨ ਵਹਾਉਣਾ ਹੈ।

ਜੇ ਸਾਡੀ ਕਹਾਣੀ ਅਤੇ ਇਸ ਸਫ਼ਰ ਵਿੱਚੋਂ ਤੁਸੀਂ ਹੋਰ ਕੁਝ ਨਹੀਂ ਵੀ ਲੈਣਾ ਤਾਂ ਇਹ ਸ਼ਬਦ ਜ਼ਰੂਰ ਲੈ ਕੇ ਜਾਣਾ: ਭਵਿੱਖ ਸ਼ਾਂਤੀ ਹੈ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਖ਼ੁਦ ਪੁਰਾਣੇ ਜੰਗੀ ਖੇਤਰਾਂ- ਵੀਅਤਨਾਮ ਅਤੇ ਉੱਤਰੀ ਆਇਰਲੈਂਡ ਤੋਂ ਲੈ ਕੇ ਰਵਾਂਡਾ ਅਤੇ ਦੱਖਣੀ ਅਫ਼ਰੀਕਾ - ਤੱਕ ਜਾ ਕੇ ਕੰਮ ਕੀਤਾ ਹੈ ਅਤੇ ਲੋਕਾਂ ਦੀ ਆਪਣੇ ਸਦਮੇ ਦੇ ਮਲਬੇ ਤੇ ਜੰਗ ਦੀ ਤਬਾਹੀ ਵਿੱਚੋਂ ਉੱਪਰ ਉੱਠਣ ਦੀ ਸਮਰੱਥਾ ਦੇ ਨਾਲ-ਨਾਲ ਸਾਬਕਾ ਦੁਸ਼ਮਣਾਂ ਨੂੰ ਮਿਲ ਕੇ ਜ਼ਖ਼ਮਾਂ ਨੂੰ ਭਰਨ ਵਾਲਾ ਸੁਲ੍ਹਾ ਦਾ ਰਾਹ ਬਣਾਉਂਦੇ ਵੇਖਿਆ ਹੈ। ਅਸੀਂ ਜਾਣਦੇ ਹਾਂ ਕਿ ਮਨੁੱਖਤਾ ਦਾ ਭਵਿੱਖ ਸ਼ਾਂਤੀ ਹੈ; ਸਿਰਫ਼ ਇਹ ਨਹੀਂ ਜਾਣਦੇ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੋਰ ਕਿੰਨੇ ਨਿਰਦੋਸ਼ ਲੋਕਾਂ ਨੂੰ ਦੁੱਖ ਝੱਲਣੇ ਪੈਣਗੇ।

ਅਸੀਂ ਅਜਿਹੀਆਂ ਥਾਵਾਂ ’ਤੇ ਗਏ ਹਾਂ, ਜਿੱਥੇ ਲੋਕ ਸ਼ਾਂਤੀ ਦੀ ਵਿਚਾਰਧਾਰਾ ਦੇ ਹਾਮੀ ਹਨ, ਭਾਵੇਂ ਕਿ ਖ਼ੂਨ-ਖਰਾਬਾ, ਗ਼ੁਲਾਮੀ ਅਤੇ ਨਸਲਕੁਸ਼ੀ ਉਨ੍ਹਾਂ ਦੇ ਤਾਜ਼ਾ ਇਤਿਹਾਸ ਦਾ ਹਿੱਸਾ ਹਨ। ਅਸੀਂ ਦੇਖਿਆ ਹੈ ਕਿ ਕੌਮਾਂਤਰੀ ਸੰਸਥਾਵਾਂ ਕਮਜ਼ੋਰ ਅਤੇ ਅਪ੍ਰਸੰਗਿਕ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਜੰਗਾਂ ਨੂੰ ਰੋਕਣ ਅਤੇ ਸਾਂਝ ਦੇ ਪੁਲ ਉਸਾਰਨ ਲਈ ਬਣਾਈ ਗਈ ਸੰਸਥਾ ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨਜ਼) ਤੇਜ਼ੀ ਨਾਲ ਆਪਣਾ ਮਿਸ਼ਨ ਪੂਰਾ ਕਰਨ ਦੇ ਅਸਮਰੱਥ ਹੁੰਦੀ ਜਾ ਰਹੀ ਹੈ ਕਿਉਂਕਿ ਇਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਰੋਕੀਆਂ ਜਾ ਸਕਣ ਵਾਲੀਆਂ ਜੰਗਾਂ ਵਿੱਚ ਸ਼ਾਮਿਲ ਹੁੰਦੇ ਹਨ ਜਾਂ ਉਨ੍ਹਾਂ ਦਾ ਸਮਰਥਨ ਕਰਦੇ ਹਨ। ਸਾਨੂੰ ਯਕੀਨ ਹੈ ਕਿ ਵੇਲਾ ਆ ਗਿਆ ਹੈ ਕਿ ਅਸੀਂ ਇੱਕ ਅਮਨ-ਸ਼ਾਂਤੀ ਭਰੇ ਸੰਸਾਰ ਦੀ ਕਾਇਮੀ ਲਈ ਆਪਣੇ ਉਸ ਨਜ਼ਰੀਏ ਨੂੰ ਸੁਰਜੀਤ ਕਰੀਏ, ਜਿਸ ’ਤੇ ਇਹ ਸੰਸਥਾਵਾਂ ਉਸਾਰੀਆਂ ਗਈਆਂ ਸਨ। ਇਜ਼ਰਾਈਲ ਅਤੇ ਫ਼ਲਸਤੀਨ ਵਿੱਚ ਸਥਾਈ ਸ਼ਾਂਤੀ ਦੁਨੀਆ ਭਰ ਵਿੱਚ ਲਹਿਰਾਂ ਨੂੰ ਜਨਮ ਦੇਵੇਗੀ ਅਤੇ ਦੁਨੀਆ ਨੂੰ ਇਹ ਯਾਦ ਦਿਵਾਉਣ ਵਿੱਚ ਮਦਦ ਕਰੇਗੀ ਕਿ ਭਵਿੱਖ ਸ਼ਾਂਤੀ ਦਾ ਹੀ ਹੋਵੇਗਾ।

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਫ਼ਲਸਤੀਨੀ ਅਤੇ ਇਜ਼ਰਾਇਲੀ ਆਪਣੀਆਂ ਇਤਿਹਾਸਕ ਕਹਾਣੀਆਂ ਨੂੰ ਸੁਣਾਉਣ ਅਤੇ ਆਪਣੀ ਮੌਜੂਦਾ ਹਕੀਕਤ ਤੇ ਦਰਦ ਨੂੰ ਪਰਿਭਾਸ਼ਿਤ ਕਰਨ ਲਈ ਜਿਹੜੀ ਭਾਸ਼ਾ ਅਤੇ ਸ਼ਬਦਾਵਲੀ ਵਰਤਦੇ ਹਨ ਉਹ ਅਕਸਰ ਓਨੀ ਹੀ ਡੂੰਘੀ ਤਰ੍ਹਾਂ ਵੰਡੀ ਹੋਈ ਹੈ ਜਿੰਨੀ ਇਹ ਲੜਾਈ। ਕੁਝ ਸ਼ਬਦ ਕਾਨੂੰਨ ਪੱਖੋਂ ਵਜ਼ਨ ਰੱਖਦੇ ਹਨ ਜਦੋਂਕਿ ਕੁਝ ਹੋਰ ਸ਼ਬਦ ਮਾਨਸਿਕ ਪੱਧਰ ’ਤੇ ਵੱਡੀਆਂ ਭਾਵਨਾਵਾਂ ਉਪਜਾਉਣ ਦੀ ਸਮਰੱਥਾ ਰੱਖਦੇ ਹਨ। ਬਹੁਤ ਸਾਰੇ ਲੋਕ ਇਤਿਹਾਸ ਦੇ ਸਿਰਫ਼ ਇੱਕ ਬਿਰਤਾਂਤ ਨਾਲ ਕਦੇ ਸਹਿਮਤ ਨਹੀਂ ਹੋਣਗੇ, ਫਿਰ ਵੀ ਸਾਂਝੇ ਭਵਿੱਖ ਲਈ ਸਾਨੂੰ ਕੋਈ ਸਾਂਝਾ ਆਧਾਰ ਲੱਭਣਾ ਹੀ ਪਵੇਗਾ।

ਬਹੁਤੇ ਫ਼ਲਸਤੀਨੀ ਅਤੇ ਮਨੁੱਖੀ ਅਧਿਕਾਰ ਸੰਗਠਨ (ਜਿਨ੍ਹਾਂ ਵਿੱਚ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਨਿਗਰਾਨੀ ਕਰਨ ਵਾਲੀ ਇਜ਼ਰਾਈਲ ਦੀ ਐੱਨ ਜੀ ਓ ‘ਬੈਟਸਲੇਮ’ ਵੀ ਸ਼ਾਮਿਲ ਹੈ) ਗਾਜ਼ਾ ਉੱਤੇ ਬੰਬਾਰੀ ਅਤੇ ਲੱਖਾਂ ਆਮ ਨਾਗਰਿਕਾਂ ਲਈ ਭੇਜੇ ਜਾਣ ਵਾਲੇ ਖਾਣੇ ਅਤੇ ਮਨੁੱਖੀ ਸਹਾਇਤਾ ’ਤੇ ਰੋਕਾਂ ਨੂੰ ਨਸਲਕੁਸ਼ੀ ਕਰਾਰ ਦਿੰਦੇ ਹਨ, ਬਹੁਤੇ ਇਜ਼ਰਾਇਲੀਆਂ ਲਈ ਇਹ ਇੱਕ ਜੰਗ ਹੈ ਜੋ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਦੇ ਜਵਾਬ ਵਿੱਚ ਸ਼ੁਰੂ ਹੋਈ ਹੈ। ਇਸੇ ਤਰ੍ਹਾਂ ਬਹੁਤੇ ਇਜ਼ਰਾਇਲੀ ਵੈਸਟ ਬੈਂਕ ਵਿੱਚ ਬਣੇ ਸਰਹੱਦੀ ਬੈਰੀਅਰ ਨੂੰ ‘ਸੁਰੱਖਿਆ ਵਾੜ’ ਕਹਿੰਦੇ ਹਨ, ਜੋ ਉਨ੍ਹਾਂ ਨੂੰ ਆਤਮਘਾਤੀ ਹਮਲਿਆਂ ਤੋਂ ਬਚਾਉਣ ਲਈ ਬਣਾਈ ਗਈ ਹੈ, ਉਦੋਂ ਫ਼ਲਸਤੀਨੀ ਆਪਣੇ ਅਲੱਗ ਰੱਖੇ ਜਾਣ ਅਤੇ ਕਬਜ਼ੇ ਦੇ ਤਜਰਬੇ ਨੂੰ ਦਰਸਾਉਣ ਲਈ ਇਸ ਨੂੰ ‘ਅਪਾਰਟਾਇਟ ਕੰਧ’ ਕਹਿੰਦੇ ਹਨ। ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਬਦਾਵਲੀ ਨੂੰ ਸੈਂਸਰ ਨਹੀਂ ਕਰਾਂਗੇ।

ਹੋ ਸਕਦਾ ਹੈ ਕਿ ਅਸੀਂ ਹਮੇਸ਼ਾ ਸ਼ਬਦਾਵਲੀ, ਇਤਿਹਾਸਕ ਬਿਰਤਾਂਤ ਜਾਂ ਸਿਆਸੀ ਵਿਸ਼ਲੇਸ਼ਣ ਨਾਲ ਸਹਿਮਤ ਨਾ ਹੋਈਏ, ਪਰ ਸਾਡੀ ਅਪੀਲ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਬੰਬਾਂ, ਘੇਰਾਬੰਦੀ ਅਤੇ ਹਿੰਸਾ ਦੀ ਰਣਨੀਤੀ ਨੂੰ ਰੱਦ ਕਰਦੇ ਹਾਂ। ਅਸੀਂ ਸਹਿਮਤ ਹਾਂ ਕਿ ਹਿੰਸਾ ਦੇ ਸਾਰੇ ਅਮਲਾਂ ਦਾ ਅੰਤ ਹੋਣਾ ਚਾਹੀਦਾ ਹੈ ਅਤੇ ਅਸੀਂ ਸਥਾਈ ਸ਼ਾਂਤੀ, ਬਿਹਤਰ ਭਵਿੱਖ ਤੇ ਸੱਚੀ ਬਰਾਬਰੀ ਪ੍ਰਤੀ ਦ੍ਰਿੜ੍ਹਤਾ ਨਾਲ ਵਚਨਬੱਧ ਹਾਂ।

ਆਪਣੀਆਂ ਸਹਿਮਤੀਆਂ ਅਤੇ ਅਸਹਿਮਤੀਆਂ ਦੇ ਬਾਵਜੂਦ ਅਸੀਂ ਦੋਵੇਂ ਮਨੁੱਖੀ ਜਾਨਾਂ ਦੀ ਰੱਖਿਆ ਕਰਨ, ਖ਼ੂਨ-ਖਰਾਬੇ ਦਾ ਅੰਤ ਕਰਨ ਅਤੇ ਅਜਿਹੀ ਸਥਾਈ ਤੇ ਨਿਆਂਪੂਰਨ ਸ਼ਾਂਤੀ ਸਥਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਸਾਡੇ ਸਾਰਿਆਂ ਲਈ ਬਰਾਬਰੀ, ਨਿਆਂ, ਮਾਣ, ਮਾਨਤਾ ਅਤੇ ਸੁਰੱਖਿਆ ’ਤੇ ਆਧਾਰਿਤ ਹੋਵੇ।

ਸਾਡੀ ਦੋਸਤੀ ਅਸਾਧਾਰਨ ਹੈ, ਫਿਰ ਵੀ ਅਸੀਂ ਵਿਲੱਖਣ ਨਹੀਂ ਹਾਂ। ਅਸੀਂ ਦੋਵੇਂ ਸਥਾਨਕ ਅਤੇ ਵਿਸ਼ਵ ਪੱਧਰ ’ਤੇ ਇੱਕ ਸਾਂਝੇ ਭਵਿੱਖ ਲਈ ਪੁਲ ਉਸਾਰਨ ਲਈ ਕੰਮ ਕਰ ਰਹੇ ਇਜ਼ਰਾਇਲੀਆਂ ਅਤੇ ਫ਼ਲਸਤੀਨੀਆਂ ਦੇ ਵਧ ਰਹੇ ਗੱਠਜੋੜ ਦਾ ਹਿੱਸਾ ਹਾਂ। ਅਸੀਂ ਇਕੱਠੇ ਮਿਲ ਕੇ ਇੱਕ ਨਵੀਂ ਕਹਾਣੀ ਦੀ ਸਿਰਜਣਾ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਫ਼ਲਸਤੀਨੀ ਅਤੇ ਇਜ਼ਰਾਇਲੀ, ਜਾਂ ਯਹੂਦੀ ਅਤੇ ਅਰਬ ਨਹੀਂ ਸਮਝਦੇ ਸਗੋਂ ਅਜਿਹੇ ਇਨਸਾਨ ਸਮਝਦੇ ਹਾਂ, ਜੋ ਸੰਵਾਦ, ਮੁਆਫ਼ ਕਰਨ ਅਤੇ ਸ਼ਾਂਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਉਨ੍ਹਾਂ, ਜੋ ਸਿਰਫ਼ ਵੰਡ ਦੀਆਂ ਲਕੀਰਾਂ ਹੀ ਦੇਖਦੇ ਹਨ, ਨੂੰ ਕਹਿਣਾ ਚਾਹੁੰਦੇ ਹਾਂ: ਜੇ ਤੁਹਾਡੇ ਲਈ ਸਾਨੂੰ ਵੰਡਣਾ ਜ਼ਰੂਰੀ ਹੈ ਤਾਂ ਸਾਨੂੰ ਇਸ ਤਰ੍ਹਾਂ ਵੰਡੋ ਕਿ ਇੱਕ ਪਾਸੇ ਉਹ ਲੋਕ ਹੋਣ ਜੋ ਸ਼ਾਂਤੀ ਅਤੇ ਬਰਾਬਰੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਦੂਸਰੇ ਪਾਸੇ ਉਹ ਜਿਹੜੇ ਇਸ ਖ਼ਿਆਲ ਨਾਲ ਸਹਿਮਤ ਨਹੀਂ।

ਅਸੀਂ ਇਸ ਸਫ਼ਰ ਦੀ ਸ਼ੁਰੂਆਤ ਆਪਣੇ ਦੁੱਖ ਦਾ ਸਾਹਮਣਾ ਕਰਕੇ ਕਰਦੇ ਹਾਂ, ਜਿਸ ਤਰ੍ਹਾਂ ਸਾਰੇ ਸ਼ਾਂਤੀ ਕਾਰਜਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।

Advertisement
×