ਪਾਸ਼ ਦੀ ਕਵਿਤਾ

ਪਾਸ਼ ਦੀ ਕਵਿਤਾ

ਅਮਰਜੀਤ ਚੰਦਨ, ਗੁਰਬਖਸ਼ ਸਿੰਘ ਅਤੇ ਪਾਸ਼।

ਅਮਰਜੀਤ ਚੰਦਨ

ਹਰ ਕਵੀ ਦੀ ਜ਼ਿੰਦਗੀ ਦੀਆਂ ਘਟਨਾਵਾਂ ਦੀ ਫ਼ਿਤਰਤ ਬਦਲਦੀ ਰਹਿੰਦੀ ਹੈ ਤੇ ਗ੍ਰਹਿਣ ਕਰਨ ਦੀ ਸੰਵੇਦਨਾ ਵੀ। ਪਾਸ਼ ਵਰਗਾ ਪ੍ਰਤਿਭਾਵਾਨ ਹੀ ਲਿਖ ਸਕਦਾ ਹੈ ਕਿ ਇਹ ਕਲਮ ਫੜ ਕੇ ਧੱਕੇ ਨਾਲ ਨਜ਼ਮਤਰਾਸ਼ੀ ਨਹੀਂ ਕਰਦਾ। ਪਾਸ਼ ਦੇ ਤਖ਼ਲੀਕੀ ਅਮਲ ਨੂੰ ਦਰਸਾਉਂਦਾ ਇੱਕੋ ਇੰਟਰਵਿਉ ਮਿਲਦਾ ਹੈ, ਜੋ ਸੰਨ 1978 ਵਿਚ ਸੰਦਰਭ ਪਰਚੇੇ ਵਿਚ ਛਪਿਆ ਸੀ। ਇਸ ਵਿਚ ਮੁਲਾਕਾਤੀ ਆਪਣੇ ਵੱਲੋਂ ਹੀ ਧਾਰ ਲੈਂਦਾ ਹੈ ਕਿ ਪਾਸ਼ ਪਹਿਲਾਂ ਪਾਠਕਾਂ ਦੇ ਵਿਸ਼ਾਲ ਘੇਰੇ ਵਾਸਤੇ ਲਿਖਦਾ ਸੀ ਤੇ ਅਗਲੀਆਂ ਦੋ ਕਿਤਾਬਾਂ ਇਹਨੇ ਮਹਿਦੂਦ ਘੇਰੇ ਵਾਸਤੇ ਲਿਖੀਆਂ। ਇਹ ਗੱਲ ਦੁਹਰਾਉਣ ਦੀ ਸ਼ਾਇਦ ਲੋੜ ਨਹੀਂ ਕਿ ਪਾਸ਼ ਦੇ ਦਾਇਰੇ ਦਾ ਆਕਾਰ ਹਮੇਸ਼ਾ ਇੱਕੋ ਹੀ ਰਿਹਾ। ਪਾਸ਼ ਦੀ ਸ਼ੋਖ਼ ਰੰਗ ਵਾਲੀ ਕਵਿਤਾ ਵਾਲੇ ਪਾਠਕ ਭਾਵੇਂ ਉਹਦੇ ਅਗਲੇ ਸੂਖਮ ਰੰਗ ਨੂੰ ਪਹਿਲਾਂ ਵਾਂਙ ਨਾ ਮਾਣ ਸਕਦੇ ਹੋਣਗੇ। ਇਹ ਜਿਸ ਜ਼ਾਤੀ ਦਹਿਸ਼ਤਪਸੰਦ ਲਹਿਰ ਵਿਚ ਪਰਵਾਨ ਚੜ੍ਹਿਆ ਸੀ, ਉਹਦੀ ਅਟੱਲ ਨਾਕਾਮਯਾਬੀ ਤੋਂ ਮਗਰੋਂ ਇਹ ਪਹਿਲਾਂ ਵਾਂਙ ਸ਼ੋਖ਼ ਰੰਗ ਵਾਲੀ ਕਵਿਤਾ ਕਿਵੇਂ ਲਿਖ ਸਕਦਾ ਸੀ। ਨਾਲੇ ਹਰ ਚੰਗਾ ਕਵੀ ਨਵੇਂ ਕਾਵਿਕ-ਮਿਥ ਸਿਰਜਦਾ ਤੇ ਇਨ੍ਹਾਂ ਦਾ ਨਾਲੋ-ਨਾਲ ਸੰਘਾਰ ਵੀ ਕਰਦਾ ਜਾਂਦਾ ਹੈ।

ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ

ਹਾਰਨ ਬਾਅਦ ਕੋਈ ਅਣਖੀ ਜਿਵੇਂ

ਵੈਰੀ ਦੀਆਂ ਅੱਖਾਂ ’ਚ ਤੱਕਦਾ ਹੈ

ਮੈਂ ਨਿੱਕੀ-ਨਿੱਕੀ ਲੋਅ ਵਿਚ

ਕਿਰ ਗਈ ਗਾਨੀ ਵਾਂਗ

ਟੋਹ-ਟੋਹ ਕੇ ਆਪਣਾ ਆਪ ਲਭਣਾ ਹੈ

ਸੁਲੇਖ: ਜਤਿੰਦਰ ਸਿੰਘ

ਇਸੇ ਇੰਟਰਵਿਊ ਵਿਚ ਮੁਲਾਕਾਤੀ ਪਾਸ਼ ਕੋਲੋਂ ਇਹ ਅਖਵਾ ਕੇ ਛਡਦਾ ਹੈ ਕਿ ਪਿਆਰ ਵਰਗੇ ਈਮਾਨਦਾਰ ਅਨੁਭਵ ਨੂੰ ਆਪਣੀ ਕਾਵਿਕ ਸੰਵੇਦਨਾ ਦਾ ਅੰਗ ਏਸ ਲਈ ਨਹੀਂ ਬਣਾ ਸਕਿਆ, ਕਿਉਂਕਿ ਇਹਨੂੰ ਮਿਲੀਟੈਂਟੀਆਂ ਨਾਲ ਸੁਰ ਮੇਲੀ ਰਖਣ ਦੀ ਕੋਈ ਦੰਭੀ ਮਜਬੂਰੀ ਸੀ। ਇਹ ਗ਼ਲਤ-ਬਿਆਨੀ ਤੇ ਗ਼ਲਤ ਪੇਸ਼ਕਾਰੀ ਹੈ। ਜੁਝਾਰ ਕਵਿਤਾ ਦੇ ਪ੍ਰਮੁਖ ਕਵੀ ਦੀ ਰਚਨਾ ਵਿਚ ਪਿਆਰ ਦੇ ਇਜ਼ਹਾਰ ਦਾ ਬੰਧੇਜ ਪਹਿਲਾਂ ਦੇ ਕਵੀਆਂ ਦੇ ਬੰਧੇਜ ਨਾਲੋਂ ਕਿਤੇ ਘਟ ਹੈ। ਜੁਝਾਰ ਕਵੀ ਕਿਤੇ ਨਹੀਂ ਆਖਦੇ ਕਿ ਮੁਹੱਬਤ ਇਨਕਲਾਬ ਦੇ ਰਾਹ ਦੀ ਰੁਕਾਵਟ ਹੈ। (ਉਂਜ ਪਾਸ਼ ਦੀ ਕਵਿਤਾ ‘ਮੈਂ ਹੁਣ ਵਿਦਾ ਹੁੰਦਾ ਹਾਂ’ ਛਪਣ ਵੇਲੇ ਇਹਦੀ ਔਰਤ ਤਾਈਂ ਰਵੱਈਏ ਕਾਰਣ ਕਰੜੀ ਨੁਕਤਾਚੀਨੀ ਹੋਈ ਸੀ।) ਪਾਸ਼ ਆਖਦਾ ਹੈ ਕਿ ਪਿਆਰ ਕਵਿਤਾ ਕਦੇ ਵੀ ਕਾਤਲਾਂ ਦੇ ਹੱਕ ’ਚ ਨਹੀਂ ਭੁਗਤ ਸਕਦੀ। ਪਾਬਲੋ ਨਰੂਦਾ ਨੇ ਆਖਿਆ ਸੀ ਕਿ ਸਿਆਸੀ ਕਵਿਤਾ ਦਾ ਰਾਹ ਪਿਆਰ ਕਵਿਤਾ ਦੇ ਰਾਹ ਵਿਚੋਂ ਨਿਕਲਦਾ ਹੈ। ਨਵੇਂ ਕਵੀਆਂ ਨੂੰ ਪਹਿਲਾਂ ਪਿਆਰ ਕਵਿਤਾ ਲਿਖਣੀ ਚਾਹੀਦੀ ਹੈ, ਫੇਰ ਸਿਆਸੀ ਕਵਿਤਾ। ਸਾਡੇ ਹੋਇਆ ਇਹ ਕਿ ਹਰ ਕਵੀ ਨੇ ਸ਼ੁਰੂਆਤ ਹੀ ਸਿਆਸੀ ਕਵਿਤਾ ਤੋਂ ਕੀਤੀ। ਇਹ ਦੋਸ਼ ਸਾਨੂੰ ਰੂਸੀ ਤੇ ਚੀਨੀ ਸਮਾਜਵਾਦੀ ਯਥਾਰਥਵਾਦੀਆਂ ਤੋਂ ਵਿਰਸੇ ਵਿਚ ਮਿਲਿਆ ਸੀ। ਸੋਚਣ ਵਾਲੀ ਗੱਲ ਹੈ ਕਿ ਪਾਸ਼ ‘ਸਾਡੇ ਸਮਿਆਂ ਵਿਚ’ ਦੀ ਭੂਮਿਕਾ ਵਿਚ ਕਮਲਾ ਦਾਸ ਦੀ ਕਵਿਤਾ ਨੂੰ ਨਮੂਨਾ ਕਿਉਂ ਸਮਝਦਾ ਹੈ। ਮੁਕੰਮਲ ਔਰਤ ਨਾਲ ਸਾਵਾਂ ਰਿਸ਼ਤਾ ਜੇ ਪੰਜਾਬੀ ਸਮਾਜ ਵਿਚ ਮੁਮਕਿਨ ਨਹੀਂ, ਤਾਂ ਪਾਸ਼ ਵਰਗਾ ਅਸਲੀਅਤਪਸੰਦ ਕਵੀ ਉਸ ਔਰਤ ਦੀ ਰੂਮਾਨੀ ਸਿਰਜਣਾ ਤਾਂ ਨਹੀਂ ਸੀ ਕਰ ਸਕਦਾ।

ਹੁਣੇ ਜਿਹੇ ਛਪੇ ਕੁਝ ਲੇਖਾਂ ਵਿਚ ਪਾਸ਼ ਨੂੰ ‘ਛੋਟੀ ਕਿਸਾਨੀ ਦਾ ਨੁਮਾਇੰਦਾ ਕਵੀ’ ਬਣਾ ਕੇ ਪੇਸ਼ ਕੀਤਾ ਗਿਆ ਹੈ। ਆਰਥਿਕ ਖ਼ਾਨਿਆਂ ਵਿਚ ਪਾਸ਼ ਨੂੰ ਜਾਂ ਕਿਸੇ ਹੋਰ ਕਵੀ ਨੂੰ ਰਖਣ ਨਾਲ ਪੂਰਾ ਨਿਆਂ ਨਹੀਂ ਕੀਤਾ ਜਾ ਸਕਦਾ। ਇਹ ਸਿੱਧੜ ਆਲੋਚਨਾ ਹੈ। ਇਤਾਲਵੀ ਮਾਰਕਸਵਾਦੀ ਚਿੰਤਕ ਅਨਤੋਨੀਓ ਲੈਬਰੀਓਲਾ ਨੇ ਮਾਰਕਸੀ ਸਿਧਾਂਤ ਨੂੰ ਕੁਢਰ ਆਰਥਿਕ ਖ਼ਾਨਾਬੰਦੀ ਵਿਚ ਪੇਸ਼ ਕਰਨ ਵਾਲਿਆਂ ਖ਼ਿਲਾਫ਼ 1908 ਵਿਚ ਲਿਖਿਆ ਸੀ: ‘‘ਮੂਰਖ ਇਸ ਵਿਧੀ ਨਾਲ ਸਾਰੇ ਇਤਿਹਾਸ ਨੂੰ ਵਪਾਰਕ ਹਿਸਾਬ-ਕਿਤਾਬ ਦੀ ਪੱਧਰ ਤਕ ਲੈ ਜਾਣਗੇ ਅਤੇ ਆਖ਼ਰ ਨੂੰ ਦਾਤੇ ਦੀ ਕਿਰਤ, ਡੀਵਾਈਨ ਕੌਮੇਡੀ ਨੂੰ ਕਪੜੇ ਦੇ ਟੋਟਿਆਂ ਦਾ ਵਹੀਖ਼ਾਤਾ ਬਣਾ ਕੇ ਪੇਸ਼ ਕਰਨਗੇ, ਜਿਨ੍ਹਾਂ ਨੂੰ ਵੇਚ-ਵੇਚ ਫ਼ਲੋਰੈਂਸ ਦੇ ਠਗ ਵਪਾਰੀ ਅੰਨ੍ਹੀ ਕਮਾਈ ਕਰਦੇ ਹੁੰਦੇ ਸਨ।’’ ਸੱਚੀ ਗੱਲ ਤਾਂ ਇਹ ਹੈ ਕਿ ਮਾਰਕਸੀ ਸਿਧਾਂਤ ਆਰਥਿਕ ਬੁਨਿਆਦ ਤੇ ਉਸਾਰ ਦੇ ਆਪਸੀ ਰਿਸ਼ਤੇ ਨੂੰ ਗੁੰਝਲਦਾਰ ਰਿਸ਼ਤਾ ਸਮਝਦਾ ਹੈ, ਸਿਧਪਧਰਾ ਨਹੀਂ। ਨਿਰੀ ਆਰਥਿਕਤਾ ਸਭ ਕੁਝ ਨਹੀਂ ਹੁੰਦੀ। ਪਾਸ਼ ਦੀ ਕਵਿਤਾ ਕੁਝ ਕਨਾਲ ਖੱਤਿਆਂ, ਹਾੜੀ ਸੌਣੀ ਦਾ ਪਟਵਾਰੀ ਜਾਂ ਸ਼ਾਹ ਕਰਾੜ ਦੇ ਕਾਗ਼ਜ਼ਾਂ ਵਹੀਆਂ ’ਚ ਦਰਜ ਹਿੰਦਸਿਆਂ ਦਾ ਬਿਆਨ ਨਹੀਂ ਹੈ; ਸਗੋਂ ਮਿਹਨਤਕਸ਼ ਇਨਸਾਨ ਦੀ ਰੂਹ ਦਾ ਇਹਦੀਆਂ ਖ਼ਾਹਸ਼ਾਂ ਤੇ ਨਾਉਮੀਦੀ ਦਾ ਅਕਸ ਹੈ ਤੇ ਇਹਦੀ ਜੀਣ-ਥੀਣ ਦੀ ਨਿਤ ਦੀ ਜੱਦੋਜਹਿਦ ਦੀ ਕਹਾਣੀ ਹੈ। ਪਾਸ਼ ਤੋਂ ਪਹਿਲਾਂ ਦੇ ਸਾਰੇ ਸਮਾਜਵਾਦੀ ਕਵੀ ਛੋਟੀ ਕਿਸਾਨੀ ਦੇ ਹੀ ਸ਼ਾਇਰ ਸਨ, ਪਰ ਉਨ੍ਹਾਂ ਦਾ ਇਕ ਵੀ ਮਿਸਰਾ ਕਿਸੇ ਦੀ ਜ਼ਬਾਨ ’ਤੇ ਨਹੀਂ ਚੜ੍ਹਿਆ। ਪਾਸ਼ ਆਪਣੀ ਕਾਵਿਕ ਪ੍ਰਤਿਭਾ ਕਰ ਕੇ ਹੀ ਪਾਸ਼ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All