DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਟਵਾਰਾ: ਇਹ ਜ਼ਖ਼ਮ ਭਰਦੇ ਨ੍ਹੀਂ...!

ਹਰ ਸਾਲ 15 ਅਗਸਤ ਨੂੰ ਜਦੋਂ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ, ਉਦੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਧਰਤੀ ਨਾਲ ਜੁੜੀਆਂ ਕਈ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਹਨ। ਕਿਸੇ ਪਿੰਡ...

  • fb
  • twitter
  • whatsapp
  • whatsapp
Advertisement

ਹਰ ਸਾਲ 15 ਅਗਸਤ ਨੂੰ ਜਦੋਂ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ, ਉਦੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਧਰਤੀ ਨਾਲ ਜੁੜੀਆਂ ਕਈ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਹਨ। ਕਿਸੇ ਪਿੰਡ ਦੇ ਕੋਨੇ ’ਚ ਬੈਠਾ ਕੋਈ ਬਜ਼ੁਰਗ ਭਾਵੇਂ ਉਹ ਚੜ੍ਹਦੇ ਜਾਂ ਲਹਿੰਦੇ ਪੰਜਾਬ ਨਾਲ ਸੰਬੰਧਿਤ ਹੋਵੇ, ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਦਾ ਹੈ ਜੋ ਸਰਹੱਦ ਦੇ ਪਾਰ ਰਹਿ ਗਿਆ ਹੈ। ਉਸ ਦੀਆਂ ਧੁੰਦਲੀਆਂ ਅੱਖਾਂ ਸਾਹਮਣੇ ਉਹ ਘਰ ਆ ਜਾਂਦਾ ਹੈ ਜਿੱਥੇ ਉਸ ਦਾ ਜਨਮ ਹੋਇਆ, ਉਹ ਵਿਹੜਾ ਜਿੱਥੇ ਉਸ ਦਾ ਬਚਪਨ ਬੀਤਿਆ, ਉਹ ਖੂਹ ਜਿਸ ਦਾ ਠੰਢਾ ਪਾਣੀ ਉਹ ਪੀਂਦਾ ਸੀ ਅਤੇ ਉਹ ਮਿੱਟੀ ਜਿਸ ਨਾਲ ਉਸ ਦੀਆਂ ਪੀੜ੍ਹੀਆਂ ਦਾ ਆਪਸੀ ਸਾਂਝ ਦਾ ਰਿਸ਼ਤਾ ਸੀ। 15 ਅਗਸਤ 1947 ਭਾਰਤ ਲਈ ਆਜ਼ਾਦੀ ਦਾ ਇੱਕ ਸੁਨਿਹਰੀ ਦਿਨ ਸੀ, ਪਰ ਪੰਜਾਬ ਅਤੇ ਬੰਗਾਲ ਦੀ ਧਰਤੀ ਲਈ ਇਹ ਵੰਡ, ਵਿਛੋੜੇ ਅਤੇ ਇਤਿਹਾਸ ਦੇ ਸਭ ਤੋਂ ਵੱਡੇ ਉਜਾੜੇ ਦਾ ਅਜਿਹਾ ਕਾਲਾ ਦਿਨ ਸੀ, ਜਿਸ ਦੇ ਜ਼ਖ਼ਮ ਅੱਜ ਵੀ ਰਿਸਦੇ ਹਨ। 15 ਅਗਸਤ 1947 ਭਾਰਤ ਦੀ ਆਜ਼ਾਦੀ ਦਾ ਦਿਨ ਸੀ, ਪਰ ਪੰਜਾਬ ਲਈ ਇਹ ਵੰਡ ਅਤੇ ਵਿਛੋੜੇ ਦਾ ਦਿਨ ਵੀ ਸੀ। ਇਹ ਸਿਰਫ਼ ਨਕਸ਼ੇ ’ਤੇ ਕਾਗਜ਼ਾਂ ਰਾਹੀਂ ਖਿੱਚੀ ਇੱਕ ਲਕੀਰ ਨਹੀਂ ਸੀ, ਇਹ ਲੱਖਾਂ ਲੋਕਾਂ ਦੇ ਦਿਲਾਂ ’ਤੇ ਲੱਗਿਆ ਡੂੰਘਾ ਫੱਟ ਸੀ। ਬ੍ਰਿਟਿਸ਼ ਹਕੂਮਤ ਦੇ ਸਰ ਸਾਇਰਿਲ ਰੈਡਕਲਿਫ ਵੱਲੋਂ ਖਿੱਚੀ ਗਈ ਉਸ ਇੱਕ ਲਕੀਰ ਨੇ ਸਦੀਆਂ ਤੋਂ ਨਾਲ ਰਹਿੰਦੇ ਆ ਰਹੇ ਲੋਕਾਂ ਨੂੰ ਰਾਤੋ-ਰਾਤ ਇੱਕ-ਦੂਜੇ ਲਈ ਬੇਗ਼ਾਨਾ ਕਰ ਦਿੱਤਾ। ਜਿਹੜੇ ਲੋਕ ਇੱਕੋ ਪਿੰਡ ’ਚ ਰਹਿੰਦੇ ਸਨ, ਇੱਕੋ ਖੂਹ ਦਾ ਪਾਣੀ ਪੀਂਦੇ ਸਨ, ਇੱਕ-ਦੂਜੇ ਦੇ ਦੁੱਖ-ਸੁੱਖ ’ਚ ਸ਼ਰੀਕ ਹੁੰਦੇ ਸਨ ਅਤੇ ਤਿਉਹਾਰਾਂ ਨੂੰ ਰਲ਼ ਕੇ ਮਨਾਉਂਦੇ ਸਨ, ਉਹ ਅਚਾਨਕ ਸਰਹੱਦਾਂ ਦੇ ਦੋ ਪਾਸੇ ਵੰਡ ਦਿੱਤੇ ਗਏ। ਧਰਮ ਦੇ ਨਾਂ ’ਤੇ ਵੰਡੇ ਗਏ ਇਸ ਪੰਜਾਬ ’ਚ ਭਾਈਚਾਰਕ ਸਾਂਝ ਦੀਆਂ ਤੰਦਾਂ ਰਾਤੋ-ਰਾਤ ਤਾਰ-ਤਾਰ ਹੋ ਗਈਆਂ। ਇਤਿਹਾਸਕਾਰਾਂ ਅਨੁਸਾਰ 1947 ਦੀ ਵੰਡ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਉਜਾੜਿਆਂ ਵਿੱਚੋਂ ਇੱਕ ਹੈ। ਲਗਪਗ ਇੱਕ ਤੋਂ ਡੇਢ ਕਰੋੜ ਲੋਕਾਂ ਨੂੰ ਆਪਣੇ ਘਰ-ਬਾਰ, ਧਨ-ਦੌਲਤ ਅਤੇ ਜਨਮ-ਭੂਮੀ ਛੱਡ ਕੇ ਅਣਜਾਣ ਥਾਵਾਂ ਵੱਲ ਹਿਜਰਤ ਕਰਨੀ ਪਈ। ਵੱਖ-ਵੱਖ ਅੰਦਾਜ਼ਿਆਂ ਅਨੁਸਾਰ 5 ਲੱਖ ਤੋਂ 10 ਲੱਖ ਤੋਂ ਵੱਧ ਲੋਕ ਫਿਰਕੂ ਹਿੰਸਾ ਅਤੇ ਕਤਲੇਆਮ ਦਾ ਸ਼ਿਕਾਰ ਹੋਏ ਅਤੇ ਹਜ਼ਾਰਾਂ ਔਰਤਾਂ ਨੇ ਅਸਹਿ ਪੀੜ ਝੱਲੀ। ਪਰ ਕਿਸੇ ਵੀ ਸਰਕਾਰੀ ਅੰਕੜੇ ਜਾਂ ਇਤਿਹਾਸਕ ਦਸਤਾਵੇਜ਼ ਵਿੱਚ ਉਹ ਦਰਦ ਪੂਰੀ ਤਰ੍ਹਾਂ ਦਰਜ ਨਹੀਂ ਹੋ ਸਕਦਾ ਜੋ ਇੱਕ ਮਾਂ, ਇੱਕ ਧੀ, ਇੱਕ ਭਰਾ ਜਾਂ ਬਜ਼ੁਰਗ ਨੇ ਹੰਢਾਇਆ। ਅੰਕੜੇ ਤਾਂ ਸਿਰਫ਼ ਗਿਣਤੀ ਦੱਸਦੇ ਹਨ, ਪਰ ਉਹ ਹੰਝੂ, ਚੀਖਾਂ ਅਤੇ ਵਿਛੋੜੇ ਦਾ ਦਰਦ ਕਿਸੇ ਪੈਮਾਨੇ ਨਾਲ ਨਹੀਂ ਮਾਪਿਆ ਜਾ ਸਕਦਾ। ਉਹ ਪਲ ਕਿਹੋ ਜਿਹਾ ਹੋਵੇਗਾ ਜਦੋਂ ਕਿਸੇ ਪਰਿਵਾਰ ਨੇ ਆਪਣੇ ਘਰ ਦੀ ਚੌਖਟ ਨੂੰ ਆਖ਼ਰੀ ਵਾਰ ਛੂਹਿਆ ਹੋਵੇਗਾ। ਉਹ ਘਰ ਜਿੱਥੇ ਬਚਪਨ ਦੀਆਂ ਯਾਦਾਂ ਸਨ, ਜਿੱਥੇ ਵਿਆਹ-ਸ਼ਾਦੀਆਂ ਦੇ ਚਾਅ ਪੂਰੇ ਹੋਏ, ਜਿੱਥੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਉਹ ਖੇਤ ਜਿਨ੍ਹਾਂ ਨੂੰ ਕਿਸਾਨ ਆਪਣੀ ਔਲਾਦ ਵਾਂਗ ਪਿਆਰ ਕਰਦਾ ਸੀ ਅਤੇ ਆਪਣੀ ਮਿਹਨਤ ਦੇ ਮੁੜ੍ਹਕੇ ਨਾਲ ਸਿੰਜਦਾ ਸੀ। ਉਹ ਅੰਬ, ਟਾਹਲੀਆਂ ਅਤੇ ਬੋਹੜ ਦੇ ਦਰੱਖ਼ਤ ਜਿਨ੍ਹਾਂ ਦੀ ਛਾਂ ਹੇਠ ਪੀੜ੍ਹੀਆਂ ਪਲੀਆਂ ਸਨ। ਇਹ ਸਭ ਕੁਝ ਇੱਕੋ ਝਟਕੇ ’ਚ ਛੱਡ ਕੇ ਅਣਜਾਣ ਥਾਂ ਵੱਲ ਤੁਰ ਪੈਣਾ ਸਿਰਫ਼ ਘਰ ਛੱਡਣਾ ਨਹੀਂ ਸੀ, ਸਗੋਂ ਆਪਣੀ ਰੂਹ ਦਾ ਇੱਕ ਵੱਡਾ ਹਿੱਸਾ ਪਿੱਛੇ ਛੱਡ ਆਉਣਾ ਸੀ। ਵੰਡ ਦੇ ਉਹ ਕਾਫ਼ਲੇ ਸਿਰਫ਼ ਲੋਕਾਂ ਦੇ ਕਾਫ਼ਲੇ ਨਹੀਂ ਸਨ, ਉਹ ਟੁੱਟੇ ਹੋਏ ਸੁਪਨਿਆਂ ਦੇ ਕਾਫ਼ਲੇ ਸਨ। ਮੀਲਾਂ ਲੰਮੀਆਂ ਲਾਈਨਾਂ ਵਿੱਚ ਤੁਰਦੇ ਲੋਕਾਂ ਦੇ ਹੱਥਾਂ ਵਿੱਚ ਭੁੱਖਣ-ਭਾਣੇ ਬੱਚੇ ਸਨ, ਕਿਸੇ ਕੋਲ ਥੋੜ੍ਹਾ ਜਿਹਾ ਸਾਮਾਨ ਸੀ ਅਤੇ ਕਿਸੇ ਨੇ ਆਪਣੇ ਘਰ ਦੇ ਵਿਹੜੇ ਦੀ ਮਿੱਟੀ ਚੁੱਕੀ ਹੋਈ ਸੀ। ਕਿਸੇ ਨੇ ਸੋਚਿਆ ਹੋਵੇਗਾ ਕਿ ਇਹ ਰੌਲਾ-ਰੱਪਾ ਕੁਝ ਦਿਨਾਂ ਦੀ ਗੱਲ ਹੈ ਅਤੇ ਹਾਲਾਤ ਠੀਕ ਹੁੰਦਿਆਂ ਹੀ ਉਹ ਆਪਣੇ ਘਰ ਪਰਤ ਆਉਣਗੇ, ਪਰ ਇਤਿਹਾਸ ਨੇ ਉਹ ਮੌਕਾ ਬਹੁਤਿਆਂ ਨੂੰ ਮੁੜ ਨਾ ਦਿੱਤਾ। ਉਹ ਚਾਬੀਆਂ ਜੋ ਲੋਕ ਆਪਣੇ ਘਰਾਂ ਨੂੰ ਜੰਦਰੇ ਲਾ ਕੇ ਨਾਲ ਲੈ ਕੇ ਆਏ ਸਨ, ਵਰ੍ਹਿਆਂ ਤੱਕ ਸੰਦੂਕਾਂ ਵਿੱਚ ਪਈਆਂ ਰਹੀਆਂ, ਪਰ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਮੁੜ ਕਦੇ ਉਨ੍ਹਾਂ ਵਾਸਤੇ ਨਹੀਂ ਖੁੱਲ੍ਹੇ। ਇਸ ਵੰਡ ਦੀ ਸਭ ਤੋਂ ਡੂੰਘੀ ਅਤੇ ਅਸਹਿ ਪੀੜ ਔਰਤਾਂ ਨੇ ਝੱਲੀ। ਕਈ ਧੀਆਂ ਆਪਣੇ ਮਾਪਿਆਂ ਤੋਂ ਵਿਛੜ ਗਈਆਂ, ਕਈ ਭੈਣਾਂ ਆਪਣੇ ਵੀਰਾਂ ਤੋਂ ਦੂਰ ਹੋ ਗਈਆਂ ਅਤੇ ਲੱਖਾਂ ਔਰਤਾਂ ਨੂੰ ਫਿਰਕੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਕਈ ਪਰਿਵਾਰ ਅਜਿਹੀਆਂ ਤ੍ਰਾਸਦੀਆਂ ’ਚੋਂ ਲੰਘੇ ਜਿਨ੍ਹਾਂ ਨੂੰ ਯਾਦ ਕਰਨਾ ਵੀ ਮਾਨਸਿਕ ਤੌਰ ’ਤੇ ਅਸੰਭਵ ਹੈ। ਆਪਣੀ ਇੱਜ਼ਤ ਬਚਾਉਣ ਲਈ ਕਈ ਧੀਆਂ-ਭੈਣਾਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ। ਵੰਡ ਤੋਂ ਬਾਅਦ ਉਹ ਧੀਆਂ ਜੋ ਸਰਹੱਦ ਦੇ ਉਸ ਪਾਰ ਰਹਿ ਗਈਆਂ, ਉਨ੍ਹਾਂ ਨੇ ਅਸਹਿ ਮਾਨਸਿਕ ਤੇ ਸਰੀਰਕ ਪੀੜਾ ਝੱਲੀ, ਉਹ ਔਰਤਾਂ ਜਿਨ੍ਹਾਂ ਦੇ ਵਿਆਹ ਤੇ ਬੱਚੇ ਵੀ ਉੱਥੇ ਹੋਏ ਸਨ, ਜਦੋਂ ਉਨ੍ਹਾਂ ਨੂੰ ਛੱਡ ਆਪਣੇ ਦੇਸ਼ਾਂ ਨੂੰ ਪਰਤੀਆਂ ਹੋਣਗੀਆਂ ਤਾਂ ਉਨ੍ਹਾਂ ਦੀ ਪੀੜਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਉਨ੍ਹਾਂ ਨੇ ਕਿੰਨੀਆਂ ਦੀਵਾਲੀਆਂ ਆਪਣੇ ਪੁਰਾਣੇ ਘਰਾਂ ਅਤੇ ਪਰਿਵਾਰਾਂ ਨੂੰ ਯਾਦ ਕਰਦਿਆਂ ਅੱਖਾਂ ਵਿੱਚ ਅੱਥਰੂ ਭਰ ਕੇ ਮਨਾਈਆਂ ਹੋਣਗੀਆਂ? ਕਿੰਨੀਆਂ ਮਾਵਾਂ ਨੇ ਆਪਣੀਆਂ ਧੀਆਂ ਦੀਆਂ ਯਾਦਾਂ ਦੇ ਵਿੱਚ ਦੀਵਾਲੀ ਦੀ ਰਾਤ ਦੀਵੇ ਜਗਾਏ ਹੋਣਗੇ? ਵੰਡ ਦਾ ਇਹ ਦਰਦ ਸਿਰਫ਼ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਪੰਜਾਬੀ ਸਾਹਿਤ ਅਤੇ ਕਲਾ ਵਿੱਚ ਵੀ ਬਹੁਤ ਡੂੰਘਾਈ ਨਾਲ ਦਰਜ ਹੈ। ਸਾਹਿਤਕਾਰਾਂ ਨੇ ਇਸ ਤ੍ਰਾਸਦੀ ਨੂੰ ਆਪਣੇ ਦਿਲ ਦੇ ਖੂਨ ਨਾਲ ਲਿਖਿਆ। ਅੰਮ੍ਰਿਤਾ ਪ੍ਰੀਤਮ ਦੀ ਪ੍ਰਸਿੱਧ ਕਵਿਤਾ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਪੰਜਾਬ ਦੇ ਵੰਡੇ ਜਾਣ ਦੇ ਦਰਦ ਦੀ ਸਭ ਤੋਂ ਵੱਡੀ ਆਵਾਜ਼ ਬਣੀ।

ਇਸ ਕਵਿਤਾ ਵਿੱਚ ਉਸ ਪੰਜਾਬ ਦੀ ਚੀਖ ਹੈ ਜਿਸ ਨੇ ਆਪਣੇ ਪੁੱਤਰਾਂ, ਧੀਆਂ, ਪ੍ਰੇਮ-ਪਿਆਰ ਅਤੇ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਅੱਖਾਂ ਸਾਹਮਣੇ ਤਬਾਹ ਹੁੰਦਿਆਂ ਦੇਖਿਆ। ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿੱਚ ਵੀ ਵੰਡ ਕਾਰਨ ਪੈਦਾ ਹੋਈ ਮਨੁੱਖੀ ਪੀੜ, ਸ਼ਰਨਾਰਥੀਆਂ ਦਾ ਸੰਘਰਸ਼ ਅਤੇ ਰਿਸ਼ਤਿਆਂ ਦੀ ਟੁੱਟ ਦਾ ਦਰਦ ਸਾਫ਼ ਮਿਲਦਾ ਹੈ। ਹਿੰਦੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਵੀ ਇਸ ਦੁਖਾਂਤ ਨੂੰ ਉੱਘੜਵੇਂ ਰੂਪ ਵਿੱਚ ਪੇਸ਼ ਕੀਤਾ ਗਿਆ। ਖੁਸ਼ਵੰਤ ਸਿੰਘ ਦਾ ਮਸ਼ਹੂਰ ਨਾਵਲ ‘ਟਰੇਨ ਟੂ ਪਾਕਿਸਤਾਨ’ 1947 ਦੀ ਵੰਡ ਨੂੰ ਆਮ ਲੋਕਾਂ ਦੀ ਜ਼ਿੰਦਗੀ ਰਾਹੀਂ ਪੇਸ਼ ਕਰਦਾ ਹੈ। ਇਹ ਦੱਸਦਾ ਹੈ ਕਿ ਕਿਵੇਂ ਸਿਆਸੀ ਫੈਸਲਿਆਂ ਨੇ ਇੱਕ ਸ਼ਾਂਤ ਪਿੰਡ ਮਨੋਮਾਜਰਾ ਦੀ ਜ਼ਿੰਦਗੀ ਨੂੰ ਪਲਕ ਝਪਕਦਿਆਂ ਬਦਲ ਕੇ ਰੱਖ ਦਿੱਤਾ। ਸਿਨੇਮਾ ਅਤੇ ਫਿਲਮਾਂ ਨੇ ਵੀ ਇਸ ਮਾਨਵੀ ਤ੍ਰਾਸਦੀ ਨੂੰ ਦਰਸ਼ਕਾਂ ਦੇ ਸਾਹਮਣੇ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪਹੁੰਚਾਇਆ ਹੈ। ‘ਪਿੰਜਰ’ ਅਤੇ ‘ਖਾਮੋਸ਼ ਪਾਣੀ’ ਵਰਗੀਆਂ ਫਿਲਮਾਂ ਨੇ ਵੰਡ ਦੇ ਸਮੇਂ ਔਰਤਾਂ ਉੱਤੇ ਹੋਏ ਜ਼ੁਲਮ, ਵਿਛੋੜੇ ਅਤੇ ਟੁੱਟੇ ਹੋਏ ਮਨੁੱਖੀ ਰਿਸ਼ਤਿਆਂ ਦੀ ਕਹਾਣੀ ਨੂੰ ਰੂਹ ਤੱਕ ਝੰਜੋੜਨ ਵਾਲੇ ਢੰਗ ਨਾਲ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਫਿਲਮ ‘ਗਰਮ ਹਵਾ’ ਨੇ ਵੰਡ ਤੋਂ ਬਾਅਦ ਆਪਣੇ ਹੀ ਦੇਸ਼ ਵਿੱਚ ਬੇਗ਼ਾਨੇ ਹੋ ਗਏ ਪਰਿਵਾਰਾਂ ਦੀ ਮਾਨਸਿਕ ਦੁਵਿਧਾ ਨੂੰ ਦਰਸਾਇਆ। ਇਹ ਸਾਰੀਆਂ ਰਚਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ 1947 ਸਿਰਫ਼ ਦੇਸ਼ ਦੀ ਵੰਡ ਜਾਂ ਆਜ਼ਾਦੀ ਦਾ ਜਸ਼ਨ ਨਹੀਂ ਸੀ, ਸਗੋਂ ਲੱਖਾਂ ਨਿਰਦੋਸ਼ ਜ਼ਿੰਦਗੀਆਂ ਦੀ ਤਬਾਹੀ ਅਤੇ ਦਰਦ ਦੀ ਅਮਰ ਕਹਾਣੀ ਸੀ। ਉਜਾੜੇ ਦੇ ਇਸ ਵੱਡੇ ਦੁਖਾਂਤ ਤੋਂ ਬਾਅਦ ਵੀ ਪੰਜਾਬੀਆਂ ਨੇ ਹਿੰਮਤ ਨਹੀਂ ਹਾਰੀ। ਆਪਣੇ ਘਰ, ਜ਼ਮੀਨਾਂ ਅਤੇ ਕਾਰੋਬਾਰ ਗੁਆ ਕੇ ਖਾਲੀ ਹੱਥ ਆਏ ਸ਼ਰਨਾਰਥੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਜ਼ੀਰੋ ਤੋਂ ਨਵੀਂ ਸ਼ੁਰੂਆਤ ਕੀਤੀ; ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾ ਕੇ ਆਰਥਿਕ ਤੌਰ ’ਤੇ ਮੁੜ ਪੈਰਾਂ ’ਤੇ ਖੜ੍ਹੇ ਹੋਏ। ਪਰ ਆਰਥਿਕ ਮਜ਼ਬੂਤੀ ਦੇ ਬਾਵਜੂਦ, ਜਨਮ-ਭੂਮੀ ਦਾ ਮੋਹ ਅਤੇ ਬਚਪਨ ਦੀਆਂ ਯਾਦਾਂ ਉਨ੍ਹਾਂ ਦੇ ਦਿਲਾਂ ਵਿੱਚੋਂ ਕਦੇ ਭੁੱਲੇ ਨਹੀਂ। ਦਹਾਕੇ ਬੀਤ ਜਾਣ ਅਤੇ ਨਵੀਆਂ ਪੀੜ੍ਹੀਆਂ ਦੇ ਆਉਣ ’ਤੇ ਵੀ, ਸਰਹੱਦ ਦੇ ਦੋਵੇਂ ਪਾਸੇ ਬੈਠੇ ਬਜ਼ੁਰਗਾਂ ਦੀਆਂ ਅੱਖਾਂ ਆਪਣੇ ਪੁਰਾਣੇ ਪਿੰਡਾਂ, ਖੂਹਾਂ, ਖੇਤਾਂ ਦੀ ਮਹਿਕ ਅਤੇ ਧਰਮਾਂ ਤੋਂ ਉੱਪਰ ਰਹੇ ਗੁਆਂਢੀਆਂ ਦੇ ਸਾਂਝੇ ਰਿਸ਼ਤਿਆਂ ਨੂੰ ਯਾਦ ਕਰਕੇ ਅੱਜ ਵੀ ਨਮ ਹੋ ਜਾਂਦੀਆਂ ਹਨ। ਉਨ੍ਹਾਂ ਲਈ ਇਹ ਵੰਡ ਸਿਰਫ਼ ਧਰਤੀ ਦੀ ਨਹੀਂ, ਸਗੋਂ ਰੂਹਾਂ ਅਤੇ ਅਨਮੋਲ ਯਾਦਾਂ ਦੀ ਵੰਡ ਸੀ।

Advertisement

15 ਅਗਸਤ ਸਾਨੂੰ ਆਜ਼ਾਦੀ ਦਾ ਮਾਣ ਦਿੰਦਾ ਹੈ ਅਤੇ ਉਨ੍ਹਾਂ ਸ਼ਹੀਦਾਂ ਅੱਗੇ ਸੀਸ ਝੁਕਾਉਣ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਵਾਰੀਆਂ। ਪਰ ਇਸ ਦੇ ਨਾਲ ਹੀ 1947 ਦੀ ਵੰਡ ਸਾਨੂੰ ਇਹ ਸਦਾਚਾਰਕ ਸਬਕ ਵੀ ਦਿੰਦੀ ਹੈ ਕਿ ਨਫ਼ਰਤ ਅਤੇ ਫਿਰਕਾਪ੍ਰਸਤੀ ਦੀ ਅੱਗ ਸਭ ਤੋਂ ਪਹਿਲਾਂ ਇਨਸਾਨੀਅਤ ਨੂੰ ਸਾੜ ਕੇ ਸੁਆਹ ਕਰਦੀ ਹੈ। ਧਰਮ, ਜਾਤ, ਭਾਸ਼ਾ ਅਤੇ ਪਛਾਣ ਦੇ ਨਾਂ ’ਤੇ ਖਿੱਚੀਆਂ ਗਈਆਂ ਲਕੀਰਾਂ ਹਮੇਸ਼ਾ ਆਮ ਲੋਕਾਂ ਦੇ ਦਿਲਾਂ ਨੂੰ ਜ਼ਖ਼ਮੀ ਕਰਦੀਆਂ ਹਨ। ਇਸ ਲਈ ਆਜ਼ਾਦੀ ਦਾ ਸੱਚਾ ਸਤਿਕਾਰ ਇਹ ਹੈ ਕਿ ਅਸੀਂ ਆਪਸੀ ਭਾਈਚਾਰੇ, ਪਿਆਰ, ਸ਼ਾਂਤੀ ਅਤੇ ਸਾਂਝ ਨੂੰ ਹਰ ਕੀਮਤ ’ਤੇ ਕਾਇਮ ਰੱਖੀਏ। ਐਤਕੀਂ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਂਦਿਆਂ ਉਨ੍ਹਾਂ ਲੱਖਾਂ ਲੋਕਾਂ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਆਪਣਾ ਘਰ ਆਪਣੀ ਮਿੱਟੀ, ਆਪਣੇ ਪਰਿਵਾਰ ਅਤੇ ਆਪਣੀਆਂ ਯਾਦਾਂ ਗੁਆ ਕੇ ਆਜ਼ਾਦੀ ਦੀ ਸਭ ਤੋਂ ਵੱਡੀ ਕੀਮਤ ਚੁਕਾਈ। ਨਕਸ਼ੇ ਉੱਤੇ ਖਿੱਚੀਆਂ ਸਰਹੱਦਾਂ ਧਰਤੀ ਨੂੰ ਤਾਂ ਵੰਡ ਸਕਦੀਆਂ ਹਨ, ਪਰ ਲੋਕਾਂ ਦੀਆਂ ਯਾਦਾਂ ਨੂੰ ਨਹੀਂ ਵੰਡ ਸਕਦੀਆਂ; ਦੇਸ਼ ਸਿਆਸੀ ਤੌਰ ’ਤੇ ਵੱਖ ਹੋ ਸਕਦੇ ਹਨ, ਪਰ ਸਦੀਆਂ ਪੁਰਾਣੇ ਇਨਸਾਨੀ ਰਿਸ਼ਤੇ ਵੱਖ ਨਹੀਂ ਹੁੰਦੇ। 1947 ਦੀ ਇਸ ਵੱਡੀ ਤ੍ਰਾਸਦੀ ਦੀ ਸਭ ਤੋਂ ਵੱਡੀ ਸਿੱਖਿਆ ਇਹੀ ਹੈ ਕਿ ਜਦੋਂ ਸਿਆਸਤ ਅਤੇ ਫਿਰਕਾਪ੍ਰਸਤੀ ਮਨੁੱਖਤਾ ਤੋਂ ਵੱਡੀ ਹੋ ਜਾਂਦੀ ਹੈ, ਤਾਂ ਹਾਰ ਕਿਸੇ ਇੱਕ ਧਰਮ ਜਾਂ ਕੌਮ ਦੀ ਨਹੀਂ ਹੁੰਦੀ- ਉੱਥੇ ਹਾਰ ਸਿਰਫ਼ ਅਤੇ ਸਿਰਫ਼ ਇਨਸਾਨੀਅਤ ਦੀ ਹੁੰਦੀ ਹੈ।

Advertisement

ਸੰਪਰਕ: 70095-29882

Advertisement
×