DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਗਜ਼ੀ ਮੰਟੋ

ਸਆਦਤ ਹਸਨ ਮੰਟੋ ਦਾ ਆਪਣਾ ਖ਼ਿਆਲ ਸੀ: ‘‘...ਹੁਣ ਤੱਕ ਮੰਟੋ ਬਾਰੇ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਹੈ, ਉਹਦੇ ਹੱਕ ਵਿੱਚ ਘੱਟ ਤੇ ਉਹਦੇ ਖ਼ਿਲਾਫ਼ ਜ਼ਿਆਦਾ। ਜੇ ਉਨ੍ਹਾਂ ਸਾਰੇ ਲੇਖਾਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਕੋਈ ਵੀ ਅਕਲਮੰਦ ਬੰਦਾ ਮੰਟੋ ਬਾਰੇ...

  • fb
  • twitter
  • whatsapp
  • whatsapp
Advertisement

ਸਆਦਤ ਹਸਨ ਮੰਟੋ ਦਾ ਆਪਣਾ ਖ਼ਿਆਲ ਸੀ: ‘‘...ਹੁਣ ਤੱਕ ਮੰਟੋ ਬਾਰੇ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਹੈ, ਉਹਦੇ ਹੱਕ ਵਿੱਚ ਘੱਟ ਤੇ ਉਹਦੇ ਖ਼ਿਲਾਫ਼ ਜ਼ਿਆਦਾ। ਜੇ ਉਨ੍ਹਾਂ ਸਾਰੇ ਲੇਖਾਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਕੋਈ ਵੀ ਅਕਲਮੰਦ ਬੰਦਾ ਮੰਟੋ ਬਾਰੇ ਚੰਗੀ ਮਾੜੀ ਰਾਏ ਨਹੀਂ ਬਣਾ ਸਕਦਾ...।’’ ਇਸ ਲਈ ਮੰਟੋ ਨੇ ਆਪਣੇ ਬਾਰੇ ਖ਼ੁਦ ਲਿਖਿਆ ਤੇ ਲਿਖਿਆ ਵੀ ਦੂਰ ਖਲੋ ਕੇ। ਆਪਣੇ ਆਪ ਨੂੰ ਇਸ ਨਜ਼ਰੀਏ ਨਾਲ ਮੰਟੋ ਵਰਗਾ ਲੇਖਕ ਹੀ ਦੇਖ ਸਕਦਾ ਹੈ। ਹਥਲਾ ਲੇਖ ਮੰਟੋ ਵੱਲੋਂ ਆਪਣੀ ਸ਼ਖ਼ਸੀਅਤ ਦਾ ਖ਼ੁਦ ਕੀਤਾ ਬਿਆਨ ਹੈ ।

ਮੰਟੋ ਆਪਣੀ ਪਤਨੀ ਸਫ਼ੀਆ ਨਾਲ।
ਮੰਟੋ ਆਪਣੀ ਪਤਨੀ ਸਫ਼ੀਆ ਨਾਲ।

ਹੁਣ ਤੱਕ ਇਸ ਬੰਦੇ ਬਾਰੇ ਜੋ ਕੁਝ ਲਿਖਿਆ ਜਾ ਚੁੱਕਾ ਹੈ, ਉਹ ਸਚਾਈ ਤੋਂ ਕੋਹਾਂ ਦੂਰ ਹੈ। ਕੋਈ ਉਹਨੂੰ ਸ਼ੈਤਾਨ ਕਹਿੰਦਾ ਹੈ, ਕੋਈ ਗੰਜਾ ਫਰਿਸ਼ਤਾ। ਜ਼ਰਾ ਰੁਕੋ, ਮੈਂ ਦੇਖ ਲਵਾਂ, ਉਹ ਕੰਬਖਤ ਕਿਤੇ ਏਥੇ ਹੀ ਲੁਕਿਆ ਬੈਠਾ ਸੁਣ ਨਾ ਰਿਹਾ ਹੋਵੇ। ਨਹੀਂ, ਮੈਨੂੰ ਯਾਦ ਆ ਗਿਆ, ਇਹ ਤਾਂ ਉਹਦੇ ਪੀਣ ਦਾ ਵੇਲਾ ਹੈ। ਸ਼ਾਮ ਦੇ ਛੇ ਵਜੇ ਤੋਂ ਬਾਅਦ ਉਹਨੂੰ ਕੌੜਾ ਸ਼ਰਬਤ ਪੀਣ ਦੀ ਵਾਦੀ ਹੈ।

ਲਓ, ਸੁਣੋ, ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਬੰਦਾ ਕਹਾਣੀਕਾਰ ਕਿਵੇਂ ਬਣਿਆ। ਮੰਟੋ ਦੀ ਕਹਾਣੀ ਕਲਾ ਦੋ ਵਿਰੋਧੀ ਤੱਤਾਂ ਦੀ ਆਪਸੀ ਖਹਿਬਾਜ਼ੀ ਦਾ ਨਤੀਜਾ ਹੈ। ਉਹਦੇ ਅੱਬਾ ਹਜ਼ੂਰ, ਖ਼ੁਦਾ ਉਨ੍ਹਾਂ ’ਤੇ ਰਹਿਮ ਫਰਮਾਏ!, ... ਬੜੇ ਸਖ਼ਤ ਮਿਜਾਜ਼ ਕਿਸਮ ਦੇ ਤੇ ਉਹਦੀ ਅੰਮੀ ਜਾਨ ਨਰਮ ਕੋਮਲ ਚਿਤ ਔਰਤ। ਇਨ੍ਹਾਂ ਦੋਹਾਂ ਪੁੜਾਂ ਵਿੱਚ ਪਿਸ ਕੇ ਇਹ ਦਾਣਾ ਜਿਸ ਰੂਪ ਵਿੱਚ ਬਾਹਰ ਨਿਕਲਿਆ, ਉਹਦਾ ਅੰਦਾਜ਼ਾ ਤੁਸੀਂ ਖ਼ੁਦ ਲਾ ਸਕਦੇ ਹੋ।

Advertisement

ਹੁਣ ਮੈਂ ਮੰਟੋ ਦੀ ਖੁੱਲ੍ਹੀ ਜ਼ਿੰਦਗੀ ਵੱਲ ਆਉਂਦਾ ਹਾਂ। ਛੋਟਾ ਹੁੰਦਾ ਬੜਾ ਹੁਸ਼ਿਆਰ ਮੁੰਡਾ ਸੀ ਉਹ... ਤੇ ਹੱਦ ਦਰਜੇ ਦਾ ਸ਼ਰਾਰਤੀ ਵੀ। ਉਸ ਜ਼ਮਾਨੇ ਵਿੱਚ ਉਹਦਾ ਕੱਦ ਮਸਾਂ ਸਾਢੇ ਤਿੰਨ ਫੁੱਟ ਹੋਵੇਗਾ। ਉਹ ਆਪਣੇ ਪਿਤਾ ਦੀ ਆਖ਼ਰੀ ਸੰਤਾਨ ਸੀ। ਉਹਨੂੰ ਆਪਣੇ ਅੰਮੀ-ਅੱਬਾ ਦਾ ਪਿਆਰ ਤਾਂ ਮਿਲਿਆ ਪਰ ਉਹਦੇ ਤਿੰਨ ਵੱਡੇ ਭਰਾ ਸਨ, ਜੋ ਉਮਰ ਵਿੱਚ ਉਹਦੇ ਤੋਂ ਬਹੁਤ ਵੱਡੇ ਸਨ ਤੇ ਵਿਲਾਇਤ ਵਿੱਚ ਪੜ੍ਹ ਰਹੇ ਸਨ, ਉਨ੍ਹਾਂ ਨੂੰ ਮਿਲਣ ਦਾ ਉਹਨੂੰ ਕਦੇ ਮੌਕਾ ਨਹੀਂ ਮਿਲਿਆ, ਇਸ ਲਈ ਕਿਉਂਕਿ ਉਹ ਮਤਰੇਏ ਸਨ। ਉਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਮਿਲੇ ਤੇ ਉਨ੍ਹਾਂ ਕੋਲੋਂ ਉਹਨੂੰ ਭਰਾਵਾਂ ਵਾਲਾ ਸਨੇਹ ਮਿਲੇ। ਇਹ ਸਨੇਹ ਉਹਨੂੰ ਉਦੋਂ ਨਸੀਬ ਹੋਇਆ ਜਦੋਂ ਦੁਨੀਆ ਉਹਨੂੰ ਵੱਡਾ ਕਹਾਣੀਕਾਰ ਮੰਨ ਚੁੱਕੀ ਸੀ।

Advertisement

ਹੁਣ ਲੋਕ ਕਹਿੰਦੇ ਨੇ ਕਿ ਉਹ ਉਰਦੂ ਦਾ ਬਹੁਤ ਵੱਡਾ ਅਫ਼ਸਾਨਾਨਿਗਾਰ ਹੈ। ਇਹ ਸੁਣ ਕੇ ਉਹਨੂੰ ਹਾਸਾ ਆ ਜਾਂਦਾ ਹੈ। ਇਸ ਲਈ ਕਿ ਉਹਨੂੰ ਉਰਦੂ ਅਜੇ ਵੀ ਨਹੀਂ ਆਉਂਦੀ। ਉਹ ਸ਼ਬਦਾਂ ਪਿੱਛੇ ਇੰਜ ਦੌੜਦਾ ਹੈ, ਜਿਵੇਂ ਜਾਲ ਫੈਲਾ ਕੇ ਕੋਈ ਸ਼ਿਕਾਰੀ ਤਿੱਤਲੀਆਂ ਪਿੱਛੇ ਦੌੜੇ ਤੇ ਉਹ ਹੱਥਾਂ ਵਿੱਚੋਂ ਤਿਲਕ ਕੇ ਨਿਕਲ ਜਾਣ। ਇਹੀ ਕਾਰਨ ਹੈ ਕਿ ਉਹਦੀਆਂ ਕਹਾਣੀਆਂ ਵਿੱਚ ਸੋਹਣੇ ਸੋਹਣੇ ਸ਼ਬਦਾਂ ਦੀ ਘਾਟ ਹੈ। ਉਹ ਤਾਂ ਅਸਲ ਵਿੱਚ ਲੱਠਮਾਰ ਹੈ, ਪਰ ਜਿੰਨੇ ਲੱਠ ਉਹਦੀ ਗਰਦਨ ’ਤੇ ਪਏ ਨੇ, ਉਹਨੇ ਖ਼ੁਸ਼ੀ ਖ਼ੁਸ਼ੀ ਸਹੇ ਹਨ।

ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੰਟੋ ਇੱਕ ਨੰਬਰ ਦਾ ਫਰਾਡੀਆ ਹੈ। ਇਹਦਾ ਇੱਕ ਹੋਰ ਸਬੂਤ ਇਹ ਹੈ ਕਿ ਉਹ ਆਮ ਤੌਰ ’ਤੇ ਕਹਿੰਦਾ ਹੈ ਕਿ ਉਹ ਕਹਾਣੀ ਸੋਚਦਾ ਨਹੀਂ, ਸਗੋਂ ਕਹਾਣੀ ਖ਼ੁਦ ਉਹਨੂੰ ਸੋਚਦੀ ਹੈ। ਮੈਨੂੰ ਪਤਾ ਹੈ ਕਿ ਜਦੋਂ ਉਹਨੇ ਕਹਾਣੀ ਲਿਖਣੀ ਹੁੰਦੀ ਹੈ ਤਾਂ ਉਹਦੀ ਹਾਲਤ ਮੁਰਗੀ ਦੇ ਆਂਡਾ ਦੇਣ ਵਰਗੀ ਹੁੰਦੀ ਹੈ। ਪਰ ਉਹ ਇਹ ਆਂਡਾ ਕਿਤੇ ਲੁਕ ਕੇ ਨਹੀਂ ਦੇਂਦਾ, ਸਗੋਂ ਸਾਰਿਆਂ ਦੇ ਸਾਹਮਣੇ ਦੇਂਦਾ ਹੈ। ਉਹਦੇ ਯਾਰ-ਦੋਸਤ ਬੈਠੇ ਗੱਪਾਂ ਮਾਰ ਰਹੇ ਹੁੰਦੇ ਨੇ, ਉਹਦੀਆਂ ਧੀਆਂ ਸ਼ੋਰ ਮਚਾ ਰਹੀਆਂ ਹੁੰਦੀਆਂ ਨੇ ਤੇ ਉਹ ਆਪਣੀ ਖ਼ਾਸ ਕੁਰਸੀ ’ਤੇ ਬੈਠਾ ਆਂਡਾ ਦੇ ਰਿਹਾ ਹੁੰਦਾ ਹੈ, ਜਿਸ ਵਿੱਚੋਂ ਬਾਅਦ ਵਿੱਚ ਚੂੰ-ਚੂੰ ਕਰਦੀਆਂ ਕਹਾਣੀਆਂ ਨਿਕਲ ਆਉਂਦੀਆਂ ਹਨ।

ਮੈਂ ਜਦੋਂ ਇਹ ਲੇਖ ਲਿਖ ਰਿਹਾ ਹਾਂ ਤਾਂ ਮੈਨੂੰ ਡਰ ਹੈ ਕਿ ਕਿਤੇ ਮੰਟੋ ਮੇਰੇ ਨਾਲ ਨਾਰਾਜ਼ ਨਾ ਹੋ ਜਾਵੇ। ਉਹਦੀ ਹਰ ਚੀਜ਼ ਸਹੀ ਜਾ ਸਕਦੀ ਹੈ, ਨਰਾਜ਼ਗੀ ਨਹੀਂ। ਤਦੋਂ ਉਹ ਬਿਲਕੁਲ ਸ਼ੈਤਾਨ ਬਣ ਜਾਂਦਾ ਹੈ, ਪਰ ਸਿਰਫ਼ ਕੁਝ ਮਿੰਟਾਂ ਲਈ ਤੇ ਇਨ੍ਹਾਂ ਮਿੰਟਾਂ ਵਿੱਚ ਹੀ ਖ਼ੁਦਾ ਖ਼ੈਰ ਕਰੇ...!

ਕਹਾਣੀ ਲਿਖਣ ਦੇ ਮਾਮਲੇ ਵਿੱਚ ਉਹ ਬੜਾ ਨਖਰੇ ਵਾਲਾ ਹੈ। ਇੱਕ ਵਾਰ ਉਹਨੇ ਲਿਖਿਆ ਸੀ ਕਿ ਉਹਦੀ ਜੇਬ ਵਿੱਚ ਅਨੇਕਾਂ ਕਹਾਣੀਆਂ ਪਈਆਂ ਰਹਿੰਦੀਆਂ ਹਨ, ਪਰ ਸਚਾਈ ਇਹਦੇ ਬਿਲਕੁਲ ਉਲਟ ਹੈ। ਜਦੋਂ ਉਹਨੇ ਕਹਾਣੀ ਲਿਖਣੀ ਹੁੰਦੀ ਹੈ ਤਾਂ ਉਹ ਸਾਰੀ ਸਾਰੀ ਰਾਤ ਉਹਦੇ ਬਾਰੇ ਸੋਚਦਾ ਰਹਿੰਦਾ ਹੈ, ਪਰ ਉਹਨੂੰ ਕੁਝ ਨਹੀਂ ਸੁੱਝਦਾ। ਫਿਰ ਉਹ ਸਵੇਰੇ ਪੰਜ ਵਜੇ ਉੱਠ ਕੇ ਅਖ਼ਬਾਰ ਵਿੱਚੋਂ ਕਹਾਣੀ ਦਾ ਰਸ ਚੂਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਅਸਫਲ ਰਹਿੰਦਾ ਹੈ। ਤਦੋਂ ਉਹ ਗੁਸਲਖਾਨੇ ਵਿੱਚ ਜਾਂਂਦਾ ਹੈ ਤਾਂ ਕਿ ਆਪਣਾ ਸਿਰ ਠੰਢਾ ਕਰ ਸਕੇ, ਪਰ ਗੱਲ ਫਿਰ ਵੀ ਨਹੀਂ ਬਣਦੀ। ਫਿਰ ਉਹ ਖਿੱਝ ਕੇ ਗੱਲ ਗੱਲ ’ਤੇ ਪਤਨੀ ਨਾਲ ਝਗੜਣ ਲੱਗ ਜਾਂਦਾ ਹੈ, ਪਰ ਗੱਲ ਓਥੇ ਵੀ ਨਹੀਂ ਬਣਦੀ। ਪਾਨ ਲੈਣ ਲਈ ਘਰੋਂ ਬਾਹਰ ਨਿਕਲ ਜਾਂਦਾ ਹੈ। ਪਾਨ ਉਹਦੀ ਮੇਜ਼ ’ਤੇ ਪਿਆ ਰਹਿੰਦਾ ਹੈ, ਪਰ ਕਹਾਣੀ ਫਿਰ ਵੀ ਨਹੀਂ ਸੁੱਝਦੀ।

ਅਖੀਰ ਉਹ ਬਦਲੇ ਦੀ ਭਾਵਨਾ ਨਾਲ ਕਲਮ ਜਾਂ ਪੈਨਸਿਲ ਹੱਥ ਵਿੱਚ ਫੜਦਾ ਹੈ ਤੇ 786 ਲਿਖ ਕੇ ਜਿਹੜਾ ਫ਼ਿਕਰਾ ਦਿਮਾਗ਼ ਵਿੱਚ ਪਹਿਲਾਂ ਆਉਂਦਾ ਹੈ, ਉਸੇ ਤੋਂ ਕਹਾਣੀ ਸ਼ੁਰੂ ਕਰ ਦੇਂਦਾ ਹੈ।

ਅਕਸਰ ਉਹ ਡੂੰਘੇ ਵਿਸ਼ਿਆਂ ’ਤੇ ਕਲਮ ਚਲਾਉਂਦਾ ਹੈ ਤੇ ਕਹਾਣੀਆਂ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ’ਤੇ ਇਤਰਾਜ਼ ਕੀਤਾ ਜਾ ਸਕਦਾ ਹੈ, ਪਰ ਮੈਨੂੰ ਪਤਾ ਹੈ ਕਿ ਉਹਨੇ ਜਦੋਂ ਵੀ ਕਿਸੇ ਵਿਸ਼ੇ ਉੱਤੇ ਲਿਖਿਆ ਹੈ, ਪਹਿਲੇ ਸਫ਼ੇ ’ਤੇ 786 ਜ਼ਰੂਰ ਲਿਖਿਆ ਹੈ, ਜਿਸਦਾ ਮਤਲਬ ਹੈ: ਬਿਸਮਿੱਲਾਹ! ਇਹ ਬੰਦਾ ਜੋ ਆਮ ਕਰਕੇ ਖ਼ੁਦਾ ਦੀ ਹਸਤੀ ਨੂੰ ਨਹੀਂ ਮੰਨਦਾ, ਕਾਗਜ਼ ’ਤੇ ਮੋਮਨ ਬਣ ਜਾਂਦਾ ਹੈ। ਇਹ ਉਹ ਕਾਗਜ਼ੀ ਮੰਟੋ ਹੈ, ਜਿਸ ਨੂੰ ਤੁਸੀਂ ਕਾਗਤੀ ਬਦਾਮਾਂ ਵਾਂਗ ਉਂਗਲਾਂ ਨਾਲ ਤੋੜ ਸਕਦੇ ਹੋ। ਉਂਜ ਉਹ ਹਥੌੜੇ ਨਾਲ ਵੀ ਟੁੱਟਣ ਵਾਲਾ ਬੰਦਾ ਨਹੀਂ।

ਅਜਿਹੀ ਸ਼ਖ਼ਸੀਅਤ ਬਾਰੇ ਕੁਝ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਉਹ ਚੋਰ ਹੈ, ਝੂਠਾ ਹੈ, ਧੋਖੇਬਾਜ਼ ਹੈ, ਤਮਾਸ਼ਬੀਨ ਹੈ। ਉਹਨੇ ਅਕਸਰ ਆਪਣੀ ਬੀਵੀ ਦੀ ਬੇਖ਼ਬਰੀ ਦਾ ਫ਼ਾਇਦਾ ਉਠਾ ਕੇ ਕਈ ਸੌ ਰੁਪਏ ਚੁਰਾਏ ਨੇ। ਉਹਨੂੰ ਅੱਠ ਸੌ ਦੇ ਕੇ ਚੋਰ ਅੱਖ ਨਾਲ ਦੇਖਦਾ ਰਹਿੰਦਾ ਕਿ ਬੀਵੀ ਨੇ ਕਿੱਥੇ ਰੱਖੇ ਨੇ। ਦੂਸਰੇ ਦਿਨ ਇੱਕ ਹਰਾ ਨੋਟ ਉਡਾ ਲੈਂਦਾ। ਪਤਨੀ ਨੂੰ ਜਦੋਂ ਇਸ ਚੋਰੀ ਦਾ ਪਤਾ ਲੱਗਾ ਤਾਂ ਉਹਨੇ ਨੌਕਰਾਂ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ।

ਉਂਜ ਤਾਂ ਮੰਟੋ ਬਾਰੇ ਮਸ਼ਹੂਰ ਹੈ ਕਿ ਉਹ ਸੱਚ ਬੋਲਣ ਵਾਲਾ ਬੰਦਾ ਹੈ, ਪਰ ਮੈਂ ਇਹਦੇ ਨਾਲ ਸਹਿਮਤ ਨਹੀਂ। ਉਹ ਇੱਕ ਨੰਬਰ ਦਾ ਝੂਠਾ ਹੈ। ਸ਼ੁਰੂ ਸ਼ੁਰੂ ਵਿੱਚ ਉਹਦਾ ਝੂਠ ਘਰ ਵਿੱਚ ਚੱਲ ਜਾਂਦਾ ਸੀ। ਇਸ ਲਈ ਕਿ ਉਸ ਵਿੱਚ ਮੰਟੋ ਦਾ ਇੱਕ ਖ਼ਾਸ ‘ਟੱਚ’ ਹੁੰਦਾ ਸੀ। ਪਰ ਹੁਣ ਉਹਦੇ ਘਰ ਵਾਲੇ ਸਮਝਣ ਲੱਗ ਪਏ ਸਨ ਕਿ ਉਹਦੀ ਹਰ ਗੱਲ ਝੂਠੀ ਹੈ- ਉਸ ਤਿਲ ਵਾਂਗ ਜਿਸ ਨੂੰ ਔਰਤਾਂ ਆਪਣੀ ਗੱਲ੍ਹ ’ਤੇ ਸੁਰਮੇ ਨਾਲ ਬਣਾ ਲੈਂਦੀਆਂ ਹਨ।

ਮੰਟੋ ਅਨਪੜ੍ਹ ਹੈ- ਇਸ ਲਿਹਾਜ਼ ਨਾਲ ਕਿ ਉਹਨੇ ਕਦੇ ਮਾਰਕਸ ਨਹੀਂ ਪੜਿ੍ਹਆ, ਫਰਾਇਡ ਦੀ ਕੋਈ ਕਿਤਾਬ ਅੱਜ ਤੱਕ ਉਹਦੀਆਂ ਨਜ਼ਰਾਂ ਸਾਹਮਣਿਓਂ ਨਹੀਂ ਲੰਘੀ, ਹੀਗਲ ਦਾ ਸਿਰਫ਼ ਉਹ ਨਾਮ ਹੀ ਜਾਣਦਾ ਹੈ। ਪਰ ਮਜ਼ੇ ਦੀ ਗੱਲ ਇਹ ਹੈ ਕਿ ਲੋਕ, ਮੇਰਾ ਮਤਲਬ ਹੈ, ਆਲੋਚਕ ਕਹਿੰਦੇ ਹਨ ਕਿ ਉਹ ਉਨ੍ਹਾਂ ਸਾਰਿਆਂ ਤੋਂ ਪ੍ਰਭਾਵਿਤ ਹੈ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਮੰਟੋ ਕਿਸੇ ਦੂਸਰੇ ਦੇ ਖ਼ਿਆਲਾਂ ਤੋਂ ਪ੍ਰਭਾਵਿਤ ਹੁੰਦਾ ਹੀ ਨਹੀਂ। ਉਹ ਸਮਝਦਾ ਹੈ ਕਿ ਸਮਝਾਉਣ ਵਾਲੇ ਸਾਰੇ ਚੁਗਦ ਹੁੰਦੇ ਹਨ। ਦੁਨੀਆ ਨੂੰ ਸਮਝਾਉਣਾ ਨਹੀਂ ਚਾਹੀਦਾ, ਉਹਨੂੰ ਖ਼ੁਦ ਸਮਝਣਾ ਚਾਹੀਦਾ।

ਆਪਣੇ ਆਪ ਨੂੰ ਸਮਝਾ ਬੁਝਾ ਕੇ ਉਹ ਅਜਿਹਾ ਬਣ ਗਿਆ ਹੈ, ਜੋ ਅਕਲ ਦੀ ਸੂਝ ਤੋਂ ਉੱਚਾ ਹੈ। ਉਹ ਕਈ ਵਾਰ ਅਜਿਹੀਆਂ ਊਟ-ਪਟਾਂਗ ਗੱਲਾਂ ਕਰ ਜਾਂਦਾ ਹੈ ਕਿ ਸੁਣ ਕੇ ਹਾਸਾ ਆਉਂਦਾ ਹੈ। ਪਰ ਮੈਂ ਇਹ ਕਹੇ ਬਿਨਾਂ ਵੀ ਨਹੀਂ ਰਹਿ ਸਕਦਾ ਕਿ ਉਹ ਇੱਕ ਅਜਿਹੇ ਪੱਕੇ ਅੰਦਾਜ਼ ਵਾਲਾ ਬੰਦਾ ਹੈ ਕਿ ਆਪਣੇ ਆਪ ਨੂੰ ਵੀ ਡਾਂਟਦਾ ਫਿਟਕਾਰਦਾ ਰਹਿੰਦਾ ਹੈ।

ਸੰਪਰਕ: 94173-58120

Advertisement
×