DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੀ ਹੈ ਡਾਰਕ ਆਕਸੀਜਨ ?

ਹੁਣ ਤੱਕ ਅਸੀਂ ਹਰੇ ਪੌਦਿਆਂ ਵੱਲੋਂ ਆਕਸੀਜਨ ਗੈਸ ਪੈਦਾ ਕੀਤੇ ਜਾਣ ਬਾਰੇ ਹੀ ਜਾਣਦੇ ਸਾਂ। ਹਰੇ ਰੰਗ ਦੇ ਬੂਟੇ, ਜਿਨ੍ਹਾਂ ਵਿੱਚ ਕਲੋਰੋਫ਼ਿਲ ਨਾਮ ਦਾ ਪਦਾਰਥ ਹੰਦਾ ਹੈ, ਸੂਰਜ ਦੀ ਰੋਸ਼ਨੀ ’ਚ ਭੋਜਨ ਪਦਾਰਥ ਅਤੇ ਆਕਸੀਜਨ ਗੈਸ ਪੈਦਾ ਕਰਦੇ ਹਨ। ਇਸ...

  • fb
  • twitter
  • whatsapp
  • whatsapp
Advertisement

ਹੁਣ ਤੱਕ ਅਸੀਂ ਹਰੇ ਪੌਦਿਆਂ ਵੱਲੋਂ ਆਕਸੀਜਨ ਗੈਸ ਪੈਦਾ ਕੀਤੇ ਜਾਣ ਬਾਰੇ ਹੀ ਜਾਣਦੇ ਸਾਂ। ਹਰੇ ਰੰਗ ਦੇ ਬੂਟੇ, ਜਿਨ੍ਹਾਂ ਵਿੱਚ ਕਲੋਰੋਫ਼ਿਲ ਨਾਮ ਦਾ ਪਦਾਰਥ ਹੰਦਾ ਹੈ, ਸੂਰਜ ਦੀ ਰੋਸ਼ਨੀ ’ਚ ਭੋਜਨ ਪਦਾਰਥ ਅਤੇ ਆਕਸੀਜਨ ਗੈਸ ਪੈਦਾ ਕਰਦੇ ਹਨ। ਇਸ ਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕਿਹਾ ਜਾਂਦਾ ਹੈ। ਇਸ ਤਰ੍ਹਾਂ ਧਰਤੀ ਦੇ ਸਾਰੇ ਜੀਵ ਜੰਤੂ ਆਪਣੀਆਂ ਆਕਸੀਜਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰੁੱਖਾਂ ਵੱਲੋਂ ਪੈਦਾ ਕੀਤੀ ਗਈ ਆਕਸੀਜਨ ਉੱਤੇ ਹੀ ਨਿਰਭਰ ਕਰਦੇ ਸਨ। ਪਰ ਸਕਾਟਲੈਂਡ ਦੇ ਵਿਗਿਆਨੀਆਂ ਨੇ ਹੁਣ ਨਵੀਂ ਖੋਜ ਰਾਹੀਂ ਸਮੁੰਦਰ ਵਿੱਚ ਪੱਥਰਾਂ ਤੋਂ ਆਕਸੀਜਨ ਗੈਸ ਪੈਦਾ ਕੀਤੇ ਜਾਣ ਦਾ ਪਤਾ ਲਾਇਆ ਹੈ। ਸਮੁੰਦਰੀ ਵਿਗਿਆਨ ਨਾਲ ਜੁੜੇ ਸਕਾਟਲੈਂਡ ਦੇ ਵਿਗਿਆਨੀ ਐਂਡਰਿਊ ਸਵੀਟਮੈਨ ਅਤੇ ਉਸ ਦੇ ਸਾਥੀਆਂ ਨੇ ਇੱਕ ਅਜਿਹੀ ਚਮਤਕਾਰੀ ਖੋਜ ਕੀਤੀ ਹੈ, ਜੋ ਦਾਅਵਾ ਕਰਦੀ ਹੈ ਕਿ ਸਮੁੰਦਰ ਦੇ ਅੰਦਰ ਕਰੀਬ ਤੇਰਾਂ ਹਜ਼ਾਰ ਫੁੱਟ ਦੀ ਡੂੰਘਾਈ ’ਤੇ ਆਕਸੀਜਨ ਪੈਦਾ ਹੋ ਰਹੀ ਹੈ।

ਇਸ ਨੂੰ ਸਮੁੰਦਰੀ ਆਕਸੀਜਨ ਆਖਿਆ ਜਾਂਦਾ ਹੈ। ਨਵੀਂ ਖੋਜ ਦੱਸਦੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਆਕਸੀਜਨ ਉਸ ਜਗ੍ਹਾ ’ਤੇ ਪੈਦਾ ਹੋ ਰਹੀ ਹੈ ਜਿੱਥੇ ਸੂਰਜ ਦੀ ਰੋਸ਼ਨੀ ਬਿਲਕੁਲ ਨਹੀਂ ਪਹੁੰਚ ਰਹੀ ਭਾਵ ਆਕਸੀਜਨ ਹਨੇਰੇ ’ਚ ਪੈਦਾ ਹੋ ਰਹੀ ਹੈ। ਇਸ ਲਈ ਸਮੁੰਦਰੀ ਆਕਸੀਜਨ ਨੂੰ ਡਾਰਕ ਆਕਸੀਜਨ ਦਾ ਵੀ ਨਾਮ ਦਿੱਤਾ ਗਿਆ ਹੈ। ਪ੍ਰਸ਼ਾਂਤ ਮਹਾਸਾਗਰ ਦਾ ਖੇਤਰ, ਜਿੱਥੇ ਇਹ ਕਿਰਿਆ ਚੱਲ ਰਹੀ ਹੈ, ਦੀ ਡੂੰਘਾਈ ਧਰਤੀ ਦੀ ਸਭ ਤੋਂ ਉੱਚੀ ਚੋਟੀ ਮਾਊਟ ਐਵਰੈਸਟ ਦੀ ਉੱਚਾਈ ਤੋਂ ਅੱਧੀ ਦੇ ਬਰਾਬਰ ਹੈ।

Advertisement

ਘਟ ਰਹੇ ਰੁੱਖਾਂ ਦਾ ਬਦਲ ਹੈ ਸਮੁੰਦਰੀ ਆਕਸੀਜਨ: ਨਵੀਂ ਖੋਜ ਨੇ ਦੁਨੀਆ ਦੇ ਵਿਗਿਆਨੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਧਰਤੀ ਉੱਤੇ ਆਕਸੀਜਨ ਪ੍ਰਾਪਤ ਕਰਨ ਦੇ ਰੁੱਖਾਂ ਤੋਂ ਇਲਾਵਾ ਹੋਰ ਵੀ ਸਾਧਨ ਹਨ। ਹੁਣ ਇਸ ਦੇ ਨਾਲ ਹੀ ਆਕਸੀਜਨ ਦੇ ਬਦਲਵੇਂ ਸਰੋਤ ਲੱਭਣ ਦੀ ਸ਼ੁਰੂਆਤ ਵੀ ਹੋ ਗਈ ਹੈ। ਸੰਸਾਰ ਭਰ ਵਿੱਚ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਜੰਗਲ ਐਮਾਜ਼ੋਨ ਸਮੇਤ ਕੁੱਲ ਦੁਨੀਆ ਦੇ ਜੰਗਲਾਂ ਨੂੰ ਮਨੁੱਖ ਆਪਣੇ ਨਿੱਜੀ ਸਵਾਰਥਾਂ ਲਈ ਕੱਟ ਰਿਹਾ ਹੈ। ਇਸੇ ਤਰ੍ਹਾਂ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਵਿੱਚ ਵੀ ਦਰੱਖ਼ਤਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਉਸ ਨੂੰ ਦੇਖਦਿਆਂ ਜੀਵਾਂ ਦੀ ਸਾਹ ਕਿਰਿਆ ਲਈ ਲੋੜੀਂਦੀ ਆਕਸੀਜਨ ਵੀ ਘਟਦੀ ਜਾ ਰਹੀ ਹੈ ਤੇ ਹੁਣ ਆਕਸੀਜਨ ਦੀ ਨਵੀਂ ਖੋਜ ਧਰਤੀ ਦੇ ਸਮੂਹ ਪ੍ਰਾਣੀਆਂ ਲਈ ਨਵੀਂ ਸਵੇਰ ਦਾ ਸੁਨੇਹਾ ਲੈ ਕੇ ਆਈ ਹੈ।

Advertisement

ਸਮੁੰਦਰੀ ਆਕਸੀਜਨ ਦਾ ਸਰੋਤ: ਜ਼ਿਕਰਯੋਗ ਹੈ ਕਿ ਧਰਤੀ ਉੱਤੇ ਮਿਲਦੀ ਆਕਸੀਜਨ ਦਾ ਕਰੀਬ ਅੱਧਾ ਹਿੱਸਾ ਸਮੁੰਦਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਵਿਗਿਆਨੀ ਪਹਿਲਾਂ ਸਮੁੰਦਰਾਂ ਵਿਚਲੇ ਪੌਦਿਆਂ ਨੂੰ ਹੀ ਸਮੁੰਦਰੀ ਆਕਸੀਜਨ ਦਾ ਸਰੋਤ ਮੰਨ ਰਹੇ ਸਨ, ਪਰ ਸਵੀਟਮੈਨ ਦੀ ਖੋਜ ਨੇ ਸਿੱਧ ਕੀਤਾ ਹੈ ਕਿ ਸਮੁੰਦਰਾਂ ਤੋਂ ਆਉਂਦੀ ਆਕਸੀਜਨ ਦਾ ਸਰੋਤ ਉੱਥੋਂ ਦੇ ਬੂਟੇ ਨਹੀਂ ਸਗੋਂ ਉੱਥੇ ਪਏ ਹੋਏ ਬਹੁਧਾਤੀ (ਬਹੁਤੀਆਂ ਧਾਤਾਂ ਤੋਂ ਬਣੇ ਪੱਥਰ) ਪੱਥਰ ਹਨ। ਪ੍ਰਸ਼ਾਂਤ ਮਹਾਸਾਗਰ ਦੇ 13,100 ਫੁੱਟ ਦੀ ਡੂੰਘਾਈ ’ਤੇ ਪਏ ਹੋਏ ਇਹ ਬਹੁਧਾਤੀ ਪੱਥਰ ਮੈਗਨੀਜ਼, ਕੋਬਾਲਟ, ਤਾਂਬਾ, ਲਿਥੀਅਮ ਅਤੇ ਨਿੱਕਲ ਆਦਿ ਧਾਤਾਂ ਦੇ ਬਣੇ ਹੋਏ ਹਨ। ਇਹ ਉਹੀ ਧਾਤਾਂ ਹਨ ਜਿਹੜੀਆਂ ਮੋਬਾਈਲਾਂ ਦੀ ਟੱਚ ਸਕਰੀਨ, ਚਾਰਜ ਕਰਨਯੋਗ ਬੈਟਰੀਆਂ ਅਤੇ ਸੋਲਰ ਪੈਨਲ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਵਿਗਿਆਨੀਆਂ ਵੱਲੋਂ ਇਨ੍ਹਾਂ ਪੱਥਰਾਂ ਨੂੰ ਬਾਹਰ ਕੱਢ ਕੇ ਅਤੇ ਲੈਬਾਰਟਰੀ ਵਿੱਚ ਤਜਰਬੇ ਕਰਨ ਤੋਂ ਬਾਅਦ ਇਹ ਪਤਾ ਲਾਇਆ ਗਿਆ ਹੈ ਕਿ ਇਨ੍ਹਾਂ ਵਿੱਚ ਬਿਜਲੀ ਦਾ ਕਰੰਟ ਮੌਜੂਦ ਹੁੰਦਾ ਹੈ। ਇੱਕ ਆਲੂ ਦੇ ਆਕਾਰ ਦਾ ਅਜਿਹਾ ਪੱਥਰ 0.95 ਵੋਲਟ ਬਿਜਲੀ ਪੈਦਾ ਕਰ ਸਕਦਾ ਹੈ। ਇਨ੍ਹਾਂ ਪੱਥਰਾਂ ਨੂੰ ਵਧੇਰੇ ਗਿਣਤੀ ਵਿੱਚ ਜੋੜ ਕੇ ਵੱਡੀ ਮਾਤਰਾ ਵਿੱਚ ਵੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਵਿਗਿਆਨੀਆਂ ਨੇ ਪਾਣੀ ਹੇਠਲੇ ਬਹੁਧਾਤੀ ਪੱਥਰਾਂ ਨੂੰ ਭੂ-ਬੈਟਰੀਆਂ ਜਾਂ ਕੁਦਰਤੀ ਬੈਟਰੀਆਂ ਦਾ ਨਾਮ ਦਿੱਤਾ ਹੈ।

ਇਹ ਪੱਥਰ ਸਮੁੰਦਰੀ ਪਾਣੀ ਨੂੰ ਬਿਜਲਈ ਵਿਧੀ ਨਾਲ ਤੋੜ ਕੇ ਹਾਈਡਰੋਜਨ ਅਤੇ ਆਕਸੀਜਨ ਗੈਸਾਂ ਪੈਦਾ ਕਰਦੇ ਹਨ। ਇਹ ਪੈਦਾ ਹੋਈ ਆਕਸੀਜਨ ਗੈਸ ਸਮੁੰਦਰੀ ਆਕਸੀਜਨ ਦਾ ਸਰੋਤ ਹੈ। ਇਨ੍ਹਾਂ ਖੋਜਾਂ ਰਾਹੀਂ ਵਿਗਿਆਨੀਆਂ ਨੇ ਇਹ ਸਬੂਤ ਦੇ ਦਿੱਤੇ ਹਨ ਕਿ ਸਾਡੇ ਗ੍ਰਹਿ ਉੱਤੇ ਪ੍ਰਕਾਸ਼ ਸੰਸਲੇਸ਼ਣ ਤੋਂ ਇਲਾਵਾ ਆਕਸੀਜਨ ਪ੍ਰਾਪਤੀ ਦੇ ਹੋਰ ਵੀ ਸਾਧਨ ਹਨ। ਵਿਗਿਆਨੀਆਂ ਵੱਲੋਂ ਕੁਦਰਤੀ ਭੂ-ਵਿਗਿਆਨ ਨਾਮ ਦੇ ਇੱਕ ਰਸਾਲੇ ਵਿੱਚ ਛਪੇ ਇੱਕ ਲੇਖ ਵਿੱਚ ਦੱਸਿਆ ਗਿਆ ਹੈ ਕਿ ਮੈਕਸੀਕੋ ਅਤੇ ਅਮਰੀਕਾ ਦੇ ਹਵਾਈ ਪ੍ਰਾਂਤ ਵਿਚਾਲੇ ਪ੍ਰਸ਼ਾਂਤ ਮਹਾਸਾਗਰ ਦਾ ਜੋ ਹਿੱਸਾ ਹੈ, ਉਸ ਦੇ 45 ਲੱਖ ਵਰਗ ਕਿਲੋਮੀਟਰ ਖੇਤਰ ਵਿੱਚ ਬਹੁਧਾਤੀ ਪੱਥਰ ਮੌਜੂਦ ਹਨ। ਇਹ ਪੱਥਰ ਪਿਛਲੇ ਲੰਮੇ ਸਮੇਂ ਤੋਂ ਆਕਸੀਜਨ ਗੈਸ ਪੈਦਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਵਿਗਿਆਨੀ ਪਿਛਲੇ ਦਸ ਸਾਲਾਂ ਤੋਂ ਸਮੁੰਦਰੀ ਤਲ ਉੱਤੇ ਵੱਖ-ਵੱਖ ਖੋਜਾਂ ਕਰ ਰਹੇ ਸਨ। ਇਹ ਸਮਝਣ ਦੀ ਲੋੜ ਹੈ ਕਿ ਅਸੀਂ ਜਿਵੇਂ-ਜਿਵੇਂ ਸਮੁੰਦਰ ਦੀ ਡੂੰਘਾਈ ਵਿੱਚ ਜਾਂਦੇ ਹਾਂ ਤਾਂ ਆਮ ਤੌਰ ’ਤੇ ਆਕਸੀਜਨ ਦੀ ਮਾਤਰਾ ਘਟਦੀ ਜਾਂਦੀ ਹੈ।

ਪਰ ਸਵੀਟਮੈਨ ਦੀ ਟੀਮ ਨੂੰ ਇਸ ਗੱਲ ਦੀ ਹੈਰਾਨੀ ਹੋਈ ਸੀ ਕਿ ਜਿਵੇਂ-ਜਿਵੇਂ ਉਹ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਜਾਂਦੇ ਸਨ ਤਾਂ ਉਨ੍ਹਾਂ ਨੂੰ ਆਕਸੀਜਨ ਦੀ ਮਾਤਰਾ ਵਧਦੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਸੀ। ਇਸੇ ਤੋਂ ਹੀ ਉਨ੍ਹਾਂ ਨੂੰ ਸਮੁੰਦਰੀ ਆਕਸੀਜਨ ਦੀ ਖੋਜ ਕਰਨ ਵਿੱਚ ਮਦਦ ਮਿਲੀ ਸੀ।

ਪ੍ਰਦੂਸ਼ਣ ਰਹਿਤ ਹੈ ਸਮੁੰਦਰੀ ਆਕਸੀਜਨ: ਜ਼ਿਕਰਯੋਗ ਹੈ ਕਿ ਵਿਗਿਆਨੀ ਪਿਛਲੇ ਲੰਮੇ ਸਮੇਂ ਤੋਂ ਅਜਿਹੀ ਆਕਸੀਜਨ ਦੀ ਭਾਲ ਵਿੱਚ ਸਨ ਜਿਸ ਨੁੂੰ ਪੈਦਾ ਕਰਨ ਦੌਰਾਨ ਕੋਈ ਪ੍ਰਦੂਸ਼ਣ ਪੈਦਾ ਨਾ ਹੁੰਦਾ ਹੋਵੇ। ਅਜਿਹੀ ਆਕਸੀਜਨ ਜਿਸ ਨੂੰ ਪੈਦਾ ਕਰਨ ਵਿੱਚ ਸਾਡਾ ਆਲਾ-ਦੁਆਲਾ ਪ੍ਰਦੂਿਸ਼ਤ ਨਹੀਂ ਹੁੰਦਾ ਉਸ ਨੂੰ ਹਰੀ ਆਕਸੀਜਨ ਦਾ ਨਾਮ ਦਿੱਤਾ ਜਾਂਦਾ ਹੈ। ਸਵੀਟਮੈਨ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਇਸ ਖੋਜ ਨੇ ਪ੍ਰਦੂਸ਼ਣ ਰਹਿਤ ਆਕਸੀਜਨ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ ਭਾਵ ਸਮੁੰਦਰਾਂ ਤੋਂ ਮਿਲਦੇ ਇਨ੍ਹਾਂ ਪੱਥਰਾਂ ਦੀ ਮਦਦ ਨਾਲ ਆਕਸੀਜਨ ਤਿਆਰ ਕੀਤੀ ਜਾ ਸਕੇਗੀ, ਉਹ ਵੀ ਬਿਨਾਂ ਕਿਸੇ ਕਿਸਮ ਦੇ ਵਾਤਾਵਰਨੀ ਪ੍ਰਦੂਸ਼ਣ ਤੋਂ।

ਨਵੀਂ ਖੋਜ ਨਾਲ ਕਈ ਸਵਾਲਾਂ ਦੇ ਜਵਾਬ ਦੇਣਾ ਹੋਇਆ ਸੌਖਾ: ਪਿਛਲੇ ਲੰਮੇ ਸਮੇਂ ਤੋਂ ਜੋ ਕੁਝ ਸਵਾਲ ਵਿਗਿਆਨੀਆਂ ਲਈ ਰਹੱਸ ਹੀ ਬਣੇ ਹੋਏ ਸਨ, ਮੌਜੂਦਾ ਖੋਜ ਨੇ ਉਨ੍ਹਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਸੌਖੇ ਕਰ ਦਿੱਤੇ ਹਨ। ਸਮੁੰਦਰ ’ਚੋਂ ਮਿਲੀ ਆਕਸੀਜਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧਰਤੀ ਗ੍ਰਹਿ ਉੱਤੇ ਸਭ ਤੋਂ ਪਹਿਲੇ ਜੀਵ ਦੀ ਸ਼ੁਰੂਆਤ ਸਮੁੰਦਰ ਵਿੱਚ ਹੀ ਹੋਈ ਹੋਏਗੀ। ਇਸੇ ਤਰ੍ਹਾਂ ਇਸ ਗੱਲ ’ਤੇ ਵੀ ਵਾਦ-ਵਿਵਾਦ ਚੱਲਦਾ ਰਿਹਾ ਸੀ ਕਿ ਕੀ ਪਹਿਲੇ-ਪਹਿਲ ਦੇ ਜੀਵਾਂ ਦੇ ਜਿਊਂਦੇ ਰਹਿਣ ਲਈ ਆਕਸੀਜਨ ਜ਼ਰੂਰੀ ਸੀ ਜਾਂ ਫਿਰ ਉਹ ਜੀਵ ਆਕਸੀਜਨ ਤੋਂ ਬਗੈਰ ਹੀ ਜਿਊਂਦੇ ਰਹਿਣ ਦੇ ਯੋਗ ਸਨ? ਹੁਣ ਇਸ ਦਾ ਜਵਾਬ ਦਿੱਤਾ ਜਾ ਸਕਦਾ ਹੈ ਕਿ ਉਨ੍ਹਾਂ ਜੀਵਾਂ ਕੋਲ ਜਿਊਂਦੇ ਰਹਿਣ ਲਈ ਆਕਸੀਜਨ ਮੌਜੂਦ ਸੀ ਤੇ ਇਸੇ ਦੇ ਸਹਾਰੇ ਹੀ ਉਹ ਜਿਊਂਦੇ ਰਹੇ ਹੋਣਗੇ। ਪਹਿਲਾਂ ਇਹ ਪ੍ਰਸ਼ਨ ਕੀਤਾ ਜਾਂਦਾ ਸੀ ਕਿ ਕੀ ਧਰਤੀ ਉੱਤੇ ਆਕਸੀਜਨ ਨਾਲ ਸਾਹ ਲੈਣ ਵਾਲੇ ਜੀਵ ਜੰਤੂ ਰੁੱਖਾਂ ਦੇ ਪੈਦਾ ਹੋਣ ਤੋਂ ਬਾਅਦ ਹੋਂਦ ਵਿੱਚ ਆਏ ਸਨ ਜਾਂ ਉਹ ਰੁੱਖਾਂ ਤੋਂ ਪਹਿਲਾਂ ਵੀ ਧਰਤੀ ਉੱਤੇ ਮੌਜੂਦ ਸਨ? ਹੁਣ ਇਸ ਦਾ ਜਵਾਬ ਦਿੱਤਾ ਜਾ ਸਕਦਾ ਹੈ, ਭਾਵ ਸਮੁੰਦਰ ਵਿਚਲੀ ਆਕਸੀਜਨ ਜੰਤੂਆਂ ਲਈ ਮੌਜੂਦ ਸੀ ਇਸ ਲਈ ਜੀਵ-ਜੰਤੂਆਂ ਦਾ ਜਨਮ ਰੁੱਖਾਂ ਤੋਂ ਪਹਿਲਾਂ ਵੀ ਸੰਭਵ ਹੋ ਸਕਦਾ ਹੈ।

ਸੰਪਰਕ: 62842-20595

Advertisement
×