DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਪ ਕੀ ਸ਼ਫਕਤ ਮੇਂ ਹੀ... ... ...

ਅੱਜ ਜੂਨ ਮਹੀਨੇ ਦੇ ਤੀਜੇ ਐਤਵਾਰ ਆਲਮੀ ਪੱਧਰ ’ਤੇ ‘ਪਿਤਾ ਦਿਵਸ’ ਯਾਨੀ ‘ਫਾਦਰਜ਼ ਡੇਅ’ ਮਨਾਇਆ ਜਾ ਰਿਹਾ ਹੈ। ਇਹ ਦਿਹਾੜਾ ਸਾਨੂੰ ਮਹਿਜ਼ ਵਧਾਈਆਂ ਦੇ ਆਦਾਨ-ਪ੍ਰਦਾਨ ਜਾਂ ਰਸਮੀ ਜਸ਼ਨਾਂ ਤੱਕ ਸੀਮਤ ਨਹੀਂ ਕਰਦਾ, ਸਗੋਂ ਆਪਣੇ ਅੰਦਰ ਝਾਤ ਮਾਰਨ ਲਈ ਵੀ ਪ੍ਰੇਰਦਾ...

  • fb
  • twitter
  • whatsapp
  • whatsapp
Advertisement

ਅੱਜ ਜੂਨ ਮਹੀਨੇ ਦੇ ਤੀਜੇ ਐਤਵਾਰ ਆਲਮੀ ਪੱਧਰ ’ਤੇ ‘ਪਿਤਾ ਦਿਵਸ’ ਯਾਨੀ ‘ਫਾਦਰਜ਼ ਡੇਅ’ ਮਨਾਇਆ ਜਾ ਰਿਹਾ ਹੈ। ਇਹ ਦਿਹਾੜਾ ਸਾਨੂੰ ਮਹਿਜ਼ ਵਧਾਈਆਂ ਦੇ ਆਦਾਨ-ਪ੍ਰਦਾਨ ਜਾਂ ਰਸਮੀ ਜਸ਼ਨਾਂ ਤੱਕ ਸੀਮਤ ਨਹੀਂ ਕਰਦਾ, ਸਗੋਂ ਆਪਣੇ ਅੰਦਰ ਝਾਤ ਮਾਰਨ ਲਈ ਵੀ ਪ੍ਰੇਰਦਾ ਹੈ। ਅੱਜ ਦੇ ਇਸ ਖ਼ਾਸ ਦਿਨ ’ਤੇ ਮੇਰੇ ਜ਼ਿਹਨ ਵਿੱਚ ਕੋਈ ਕਿਤਾਬੀ ਪਰਿਭਾਸ਼ਾ ਨਹੀਂ, ਬਲਕਿ ਆਪਣੇ ਬਾਪੂ ਜੀ ਦਾ ਉਹ ਨਿਰਛਲ ਚਿਹਰਾ ਘੁੰਮ ਜਾਂਦਾ ਹੈ ਜਿਸ ਨੂੰ ਚੇਤੇ ਕਰਦਿਆਂ ਅੱਜ ਵੀ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਅਤੇ ਮਨ ਉਨ੍ਹਾਂ ਦੇ ਸਤਿਕਾਰ ਵਿੱਚ ਝੁਕ ਜਾਂਦਾ ਹੈ। ਮੇਰਾ ਬਚਪਨ ਆਮ ਬੱਚਿਆਂ ਵਾਂਗ ਹੱਸਦਾ-ਖੇਡਦਾ, ਨੱਚਦਾ-ਟੱਪਦਾ ਜਾਂ ਬੇਫ਼ਿਕਰੀ ਵਾਲਾ ਨਹੀਂ ਸੀ। ਮੈਂ ਤਾਂ ਜਨਮ ਤੋਂ ਹੀ ‘ਹੀਮੋਫੀਲੀਆ’ (ਖ਼ੂਨ ਦੀ ਇੱਕ ਬਿਮਾਰੀ, ਜੋ ਮਾਵਾਂ ਰਾਹੀਂ ਸਿਰਫ਼ ਪੁੱਤਰਾਂ ਦੇ ਹਿੱਸੇ ਆਉਂਦੀ ਹੈ) ਦਾ ਸ਼ਿਕਾਰ ਸਾਂ। ਇਸ ਕਾਰਨ ਬਚਪਨ ਵਿੱਚ ਆਮ ਬੱਚਿਆਂ ਵਾਂਗ ਬਾਹਰ ਗਲੀਆਂ ਵਿੱਚ ਦੌੜਨਾ-ਭੱਜਣਾ ਜਾਂ ਖੇਡਾਂ ਵਿੱਚ ਹਿੱਸਾ ਲੈਣਾ ਮੇਰੇ ਲਈ ਪੂਰੀ ਤਰ੍ਹਾਂ ਮਨ੍ਹਾ ਸੀ।

ਮੇਰੀ ਨਾਜ਼ੁਕ ਸਿਹਤ ਨੂੰ ਲੈ ਕੇ ਬਾਪੂ ਜੀ ਦੇ ਮਨ ਵਿੱਚ ਹਰ ਪਲ ਚਿੰਤਾ ਰਹਿੰਦੀ ਸੀ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਮੇਰੀ ਸਲਾਮਤੀ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ। ਕੋਈ ਰਿਸ਼ਤੇਦਾਰ, ਗੁਆਂਢੀ ਜਾਂ ਰਾਹਗੀਰ, ਜਿੱਥੇ ਵੀ ਕੋਈ ਦੱਸ ਪਾਉਂਦਾ, ਬਾਪੂ ਜੀ ਉਧਰ ਨੂੰ ਹੀ ਵਹੀਰਾਂ ਘੱਤ ਲੈਂਦੇ। ਨਾਮੀ ਹਸਪਤਾਲਾਂ ਦੇ ਗੇੜੇ ਕੱਟਣੇ ਤਾਂ ਇੱਕ ਪਾਸੇ, ਜੇ ਕੋਈ ਕਹਿੰਦਾ ਕਿ ਕਿਸੇ ਦੂਰ-ਦੁਰਾਡੇ ਪਿੰਡ ਵਿੱਚ ਕੋਈ ਦੇਸੀ ਹਕੀਮ ਬੈਠਦਾ ਹੈ, ਕਿਸੇ ਡੇਰੇ ’ਤੇ ਕੋਈ ਬਿਮਾਰੀ ਕੱਟਦਾ ਹੈ ਜਾਂ ਕੋਈ ਹਥੌਲੇ ਦੀ ਉਮੀਦ ਜਗਾਉਂਦਾ ਤਾਂ ਉਹ ਮੈਨੂੰ ਲੈ ਕੇ ਉੱਥੇ ਵੀ ਪਹੁੰਚ ਜਾਂਦੇ। ਉਨ੍ਹਾਂ ਦੇ ਮਨ ਵਿੱਚ ਬਸ ਇੱਕੋ-ਇੱਕ ਆਸ ਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਚੈਨ ਮਿਲ ਜਾਵੇ। ਲੋਕ ਕੀ ਕਹਿਣਗੇ ਜਾਂ ਕੋਈ ਕੀ ਸੋਚੇਗਾ, ਇਸ ਦੀ ਉਨ੍ਹਾਂ ਨੇ ਕਦੇ ਪ੍ਰਵਾਹ ਨਹੀਂ ਸੀ ਕੀਤੀ।

Advertisement

ਸਰਕਾਰੀ ਨੌਕਰੀ ਦੇ ਕੁਝ ਬੇਰਹਿਮ ਨਿਯਮ ਹੁੰਦੇ ਹਨ, ਜਿੱਥੇ ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਹਰ ਰਿਸ਼ਤੇ ਤੋਂ ਉੱਪਰ ਰੱਖੀ ਜਾਂਦੀ ਹੈ। ਬਾਪੂ ਜੀ ਜਿਸ ਦਫ਼ਤਰ ਵਿੱਚ ਤਾਇਨਾਤ ਸਨ, ਉੱਥੇ ਹਾਜ਼ਰੀ ਦੇ ਨਿਯਮ ਬੜੇ ਸਖ਼ਤ ਸਨ। ਰਾਤ ਵੇਲੇ ਜਦੋਂ ਮੇਰੇ ਜੋੜਾਂ ’ਤੇ ਸੋਜ ਆ ਜਾਂਦੀ ਤਾਂ ਪੀੜ ਕਾਰਨ ਮੇਰੀਆਂ ਚੀਕਾਂ ਨਿਕਲ ਜਾਂਦੀਆਂ। ਮੈਂ ਬੇਵੱਸ ਹੋ ਕੇ ਛੱਤ ਵੱਲ ਤੱਕਦਾ। ਉਹ ਦਰਦ ਭਰੀਆਂ ਰਾਤਾਂ ਬਾਪੂ ਜੀ ਤੇ ਮਾਂ ਮੇਰੇ ਸਿਰਹਾਣੇ ਬੈਠ ਕੇ ਜਾਗ ਕੇ ਲੰਘਾਉਂਦੇ। ਬਰਫ਼ ਦੀਆਂ ਟਕੋਰਾਂ ਕਰਦੇ ਹੋਏ ਉਹ ਨਾਲੋ-ਨਾਲ ਮੂੰਹ ਵਿੱਚ ਕੋਈ ਜਾਪ ਕਰੀ ਜਾਂਦੇ ਤਾਂ ਜੋ ਖ਼ੂਨ ਦਾ ਵਹਾਅ ਰੁਕੇ ਤੇ ਮੈਨੂੰ ਕੁਝ ਪਲ ਦਾ ਸਕੂਨ ਮਿਲੇ। ਸਾਰੀ ਰਾਤ ਉਨੀਂਦਰੇ ਕੱਟ ਕੇ, ਅੱਧਮੋਏ ਸਰੀਰ ਨਾਲ ਜਦੋਂ ਸਵੇਰੇ ਬਾਪੂ ਜੀ ਦਫ਼ਤਰ ਪਹੁੰਚਦੇ ਤਾਂ ਲੇਟ ਹੋਣ ਕਾਰਨ ਅੱਗੋਂ ਅਫ਼ਸਰਾਂ ਦੀਆਂ ਝਾੜਾਂ ਅਤੇ ਤਲਖ਼ ਬੋਲ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ। ਇੱਕ ਖ਼ੁਦਦਾਰ ਇਨਸਾਨ ਲਈ ਬਿਨਾਂ ਕਸੂਰ ਅਜਿਹਾ ਨਿਰਾਦਰ ਸਹਿਣਾ ਕਿਸੇ ਵੱਡੇ ਸੰਤਾਪ ਤੋਂ ਘੱਟ ਨਹੀਂ ਸੀ, ਪਰ ਬਾਪੂ ਜੀ ਉਹ ਸਭ ਕੁਝ ਚੁੱਪਚਾਪ ਜਰ ਜਾਂਦੇ।

Advertisement

ਦਫ਼ਤਰ ਵਿੱਚ ਦਿਨ ਭਰ ਅਫ਼ਸਰਾਂ ਦੀਆਂ ਝਾੜਾਂ, ਤਲਖ਼ ਬੋਲ ਅਤੇ ਮਾਨਸਿਕ ਸੰਤਾਪ ਹੰਢਾਉਣ ਤੋਂ ਬਾਅਦ ਜਦੋਂ ਸ਼ਾਮ ਨੂੰ ਬਾਪੂ ਜੀ ਘਰ ਪਰਤਦੇ ਤਾਂ ਉਨ੍ਹਾਂ ਦੇ ਚਿਹਰੇ ’ਤੇ ਉਸ ਕੜਵਾਹਟ ਦਾ ਭੋਰਾ ਵੀ ਨਿਸ਼ਾਨ ਨਹੀਂ ਸੀ ਹੁੰਦਾ। ਬਰੂਹਾਂ ਲੰਘਦਿਆਂ ਹੀ ਉਹ ਆਪਣੇ ਚਿਹਰੇ ’ਤੇ ਇੱਕ ਮਿੱਠੀ ਤੇ ਪਿਆਰੀ ਮੁਸਕਰਾਹਟ ਸਜਾ ਲੈਂਦੇ। ਉਹ ਸਭ ਤੋਂ ਪਹਿਲਾਂ ਮੇਰੇ ਕੋਲ ਆਉਂਦੇ, ਮੇਰੇ ਸਿਰ ’ਤੇ ਹੱਥ ਰੱਖਦੇ ਅਤੇ ਬੜੇ ਲਾਡ ਨਾਲ ਆਖਦੇ, ‘‘ਉੱਠੋ ਬਈ... ਕੀ ਹਾਲ ਹੈ ਮੇਰੇ ਸ਼ੇਰ ਪੁੱਤਰ ਦਾ?’’ ਬਾਪੂ ਜੀ ਦੇ ਉਸ ਹੌਸਲੇ ਭਰੇ ਬੋਲਾਂ ਅਤੇ ਪਿਆਰ ਭਰੀ ਛੋਹ ਪਾ ਕੇ ਮੇਰੀ ਅੱਧੀ ਪੀੜ ਤਾਂ ਉੱਥੇ ਹੀ ਕਾਫ਼ੂਰ ਹੋ ਜਾਂਦੀ। ਅੱਜ ‘ਪਿਤਾ ਦਿਵਸ’ ਦੇ ਮੌਕੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਬਾਪੂ ਜੀ ਦੇ ਚਿਹਰੇ ਦਾ ਉਹ ਖੇੜਾ ਕੋਈ ਆਮ ਗੱਲ ਨਹੀਂ ਸੀ, ਬਲਕਿ ਆਪਣੇ ਪੁੱਤ ਦੀ ਜ਼ਿੰਦਗੀ ਨੂੰ ਸਲਾਮਤ ਰੱਖਣ ਲਈ ਇੱਕ ਪਿਤਾ ਵੱਲੋਂ ਲੜਿਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਅਤੇ ਖ਼ਾਮੋਸ਼ ਸੰਘਰਸ਼ ਸੀ।

ਇਸੇ ਸੰਘਰਸ਼ੀ ਸਫ਼ਰ ਨਾਲ ਜੁੜੀ ਇੱਕ ਹੋਰ ਪੀੜਦਾਇਕ ਯਾਦ ਅੱਜ ਵੀ ਮੈਨੂੰ ਅੰਦਰੋਂ ਝੰਜੋੜ ਦਿੰਦੀ ਹੈ। ਬਾਪੂ ਜੀ ਦੀ ਉਮਰ ਦੇ ਆਖ਼ਰੀ ਪੜਾਅ ਵਿੱਚ ਜਦੋਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ ਤਾਂ ਇੱਕ ਦਿਨ ਮੈਂ ਆਪਣੀ ਨੌਕਰੀ ਦੇ ਰੁਝੇਵਿਆਂ ਕਾਰਨ ਬਹਾਨਾ ਬਣਾ ਕੇ ਉਨ੍ਹਾਂ ਨੂੰ ਪੀ ਜੀ ਆਈ ਲਿਜਾਣ ਤੋਂ ਟਾਲਾ ਵੱਟ ਲਿਆ ਅਤੇ ਝੂਠ ਬੋਲ ਦਿੱਤਾ ਕਿ ਡਾਕਟਰ ਅੱਜ ਛੁੱਟੀ ’ਤੇ ਹਨ। ਸਾਰਾ ਦਿਨ ਮੇਰੇ ਜ਼ਮੀਰ ਨੇ ਮੈਨੂੰ ਲਾਹਨਤਾਂ ਪਾਈਆਂ ਕਿਉਂਕਿ ਮੈਂ ਆਪਣੇ ਪਿਤਾ ਦੀ ਸਿਹਤ ਨਾਲੋਂ ਨੌਕਰੀ ਨੂੰ ਤਰਜੀਹ ਦਿੱਤੀ ਸੀ। ਮੈਨੂੰ ਅਹਿਸਾਸ ਹੋਇਆ ਕਿ ਨੌਕਰੀਆਂ ਮਹਿਜ਼ ਕਾਗਜ਼ੀ ਰੁਝੇਵੇਂ ਹਨ, ਪਰ ਮਾਪਿਆਂ ਦੀ ਸੇਵਾ ਦਾ ਮੌਕਾ ਜੇ ਹੱਥੋਂ ਨਿਕਲ ਜਾਵੇ ਤਾਂ ਉਹ ਪਛਤਾਵਾ ਉਮਰ ਭਰ ਭੋਗਣਾ ਪੈਂਦਾ ਹੈ।

ਪਿਤਾ ਜੀ ਦੀ ਦੂਰਅੰਦੇਸ਼ੀ ਸਦਕਾ ਹੀ ਮੈਂ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਦੀਆਂ ਉੱਚੀਆਂ ਪੌੜੀਆਂ ਚੜ੍ਹ ਸਕਿਆ। ਉਨ੍ਹਾਂ ਦੀ ਹੱਲਾਸ਼ੇਰੀ ਨਾਲ ਜਦੋਂ ਮੈਂ ਪੀਐੱਚ ਡੀ ਕੀਤੀ ਤਾਂ ਉਹ ਖ਼ੁਸ਼ੀ ਨਾਲ ਬਾਗੋਬਾਗ ਹੋ ਗਏ। ਜਦੋਂ ਮੈਨੂੰ ਡਿਗਰੀ ਐਵਾਰਡ ਹੋਈ ਤਾਂ ਉਨ੍ਹਾਂ ਨੇ ਤੋਹਫ਼ੇ ਵਜੋਂ ਮੈਨੂੰ ਇੱਕ ਕਾਰ ਦਿੱਤੀ। ਇਹ ਗੱਡੀ ਮੇਰੇ ਲਈ ਸਿਰਫ਼ ਵਾਹਨ ਨਹੀਂ, ਸਗੋਂ ਉਨ੍ਹਾਂ ਦੇ ਅਥਾਹ ਪਿਆਰ ਦੀ ਨਿਸ਼ਾਨੀ ਹੈ। ਅੱਜ ਜਦੋਂ ਮੈਂ ਆਪਣੇ ਨਾਂ ਨਾਲ ‘ਡਾਕਟਰ’ ਲਿਖਦਾ ਹਾਂ ਤਾਂ ਮੈਨੂੰ ਉਨ੍ਹਾਂ ਦੀਆਂ ਅੱਖਾਂ ਵਿੱਚਲੀ ਉਹ ਚਮਕ ਸਾਫ਼ ਦਿਖਾਈ ਦਿੰਦੀ ਹੈ। ਬਾਪੂ ਜੀ ਨੇ ਜਿਸ ਮਜ਼ਬੂਤ ਇਰਾਦੇ ਨਾਲ ਮੇਰੇ ਭਵਿੱਖ ’ਤੇ ਪਹਿਰਾ ਦਿੱਤਾ, ਉਸ ਨੇ ਮੈਨੂੰ ਜ਼ਿੰਦਗੀ ਦੇ ਹਰ ਮੁਕਾਮ ’ਤੇ ਡੱਟ ਕੇ ਖੜ੍ਹਨ ਦਾ ਸਿਦਕ ਸਿਖਾਇਆ।

ਬਾਪੂ ਜੀ ਮੇਰੀ ਸਿਹਤ ਨੂੰ ਲੈ ਕੇ ਹਮੇਸ਼ਾ ਡੂੰਘੀ ਅਤੇ ਨਿਰੰਤਰ ਚਿੰਤਾ ਵਿੱਚ ਡੁੱਬੇ ਰਹਿੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਇਸ ਫ਼ਿਕਰ ਦਾ ਪਰਛਾਵਾਂ ਮੇਰੇ ’ਤੇ ਨਹੀਂ ਪੈਣ ਦਿੱਤਾ। ਮੇਰੀ ਸਰੀਰਕ ਮਜਬੂਰੀ ਨੂੰ ਦੇਖਦਿਆਂ ਉਨ੍ਹਾਂ ਦੀ ਸੋਚ ਬਹੁਤ ਨਿੱਗਰ ਅਤੇ ਸਪੱਸ਼ਟ ਸੀ। ਉਹ ਹਮੇਸ਼ਾ ਮੈਨੂੰ ਥਾਪੜਾ ਦਿੰਦਿਆਂ ਕਹਿੰਦੇ, ‘‘ਤੂੰ ਸਿਰਫ਼ ਆਪਣੀ ਪੜ੍ਹਾਈ ਵੱਲ ਧਿਆਨ ਦੇ, ਬਾਕੀ ਸਭ ਮੇਰੇ ’ਤੇ ਛੱਡ।’’ ਆਰਥਿਕ ਤੰਗੀਆਂ ਦੇ ਬਾਵਜੂਦ, ਉਨ੍ਹਾਂ ਨੇ ਮੇਰੀ ਉੱਚ-ਵਿੱਦਿਆ ਲਈ ਦਿਨ-ਰਾਤ ਇੱਕ ਕਰ ਦਿੱਤਾ। ਉਨ੍ਹਾਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਸਦਕਾ ਹੀ ਮੈਨੂੰ ਸਰਕਾਰੀ ਨੌਕਰੀ ਮਿਲੀ ਤੇ ਮੈਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ।

​ਮੈਨੂੰ ਅੱਜ ਵੀ ਬਾਪੂ ਜੀ ਦੀ ਉਹ ਨਸੀਹਤ ਚੇਤੇ ਹੈ, ਜਦੋਂ ਮੈਂ ਪਹਿਲੀ ਵਾਰ ਦਫ਼ਤਰ ਜਾਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਮੇਰੇ ਮੋਢਿਆਂ ’ਤੇ ਹੱਥ ਰੱਖ ਕੇ ਸੰਜੀਦਗੀ ਨਾਲ ਆਖਿਆ ਸੀ, ‘‘ਪੁੱਤ, ਤੇਰੇ ਹੱਥ ਦੀ ਕਲਮ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ, ਸਗੋਂ ਹੰਝੂ ਪੂੰਝਣ ਲਈ ਹੈ। ਦਫ਼ਤਰ ਆਏ ਕਿਸੇ ਵੀ ਬੇਵੱਸ ਇਨਸਾਨ ਦੇ ਦੁੱਖ-ਦਰਦ ਨੂੰ ਆਪਣੀ ਪੀੜ ਸਮਝ ਕੇ ਹੱਲ ਕਰੀਂ।’’

ਜਦੋਂ ਵੀ ਕੋਈ ਮੁਲਾਜ਼ਮ ਆਪਣੀ ਅਰਜ਼ੋਈ ਲੈ ਕੇ ਮੇਰੇ ਕੋਲ ਆਉਂਦਾ ਤਾਂ ਮੈਨੂੰ ਬਾਪੂ ਜੀ ਨਸੀਹਤ ਯਾਦ ਆਉਂਦੀ। ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਮੇਰੀ ਕਲਮ ਤੋਂ ਕਿਸੇ ਦਾ ਦਿਲ ਨਾ ਦੁਖੇ। ​ਭਾਵੇਂ ਅੱਜ ਮੈਂ ਸੇਵਾ-ਮੁਕਤ ਹੋ ਚੁੱਕਿਆ ਹਾਂ, ਪਰ ਉਨ੍ਹਾਂ ਦੀ ਕਹੀ ਗੱਲ ਮੇਰੇ ਅੰਦਰਲੀ ਇਨਸਾਨੀਅਤ ਦੀ ਬੁਨਿਆਦ ਬਣ ਗਈ। ਅਫ਼ਸੋਸ, ਮਾਂ-ਬਾਪ ਦੀ ਅਸਲ ਕਦਰ ਅਕਸਰ ਉਦੋਂ ਪੈਂਦੀ ਹੈ ਜਦੋਂ ਉਹ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ। ਜਦੋਂ ਸਿਰ ਤੋਂ ਉਨ੍ਹਾਂ ਦਾ ਸਾਇਆ ਉੱਠ ਜਾਂਦਾ ਹੈ, ਉਦੋਂ ਅਹਿਸਾਸ ਹੁੰਦਾ ਹੈ ਕਿ ਨੀਂਹ ਦੇ ਪੱਥਰ ਦੇ ਖੁਰਨ ਨਾਲ ਇਮਾਰਤ ਕਿੰਨੀ ਬੇਵੱਸ ਹੋ ਗਈ ਹੈ। ਮੇਰੇ ਨਿੱਜੀ ਅਨੁਭਵ ਦੇ ਪੰਨਿਆਂ ਵਿੱਚੋਂ ਇੱਕ ਯਾਦ ਅੱਜ ਵੀ ਕਾਲਜੇ ਨੂੰ ਧੂਹ ਪਾਉਂਦੀ ਹੈ। ਇੱਕ ਵਾਰ ਪੈਸੇ-ਧੇਲੇ ਦੇ ਮਾਮਲੇ ਵਿੱਚ ਮੇਰੀ ਪਿਤਾ ਜੀ ਨਾਲ ਮਾਮੂਲੀ ਤਕਰਾਰ ਹੋ ਗਈ ਸੀ। ਉਸ ਵੇਲੇ ਉਨ੍ਹਾਂ ਨੇ ਬਹੁਤ ਹੀ ਉਦਾਸ ਅਤੇ ਗੰਭੀਰ ਸੁਰ ਵਿੱਚ ਆਖਿਆ ਸੀ, ‘‘ਕੋਈ ਨ੍ਹੀਂ ਕਾਕਾ, ਇਹ ਯਾਦ ਰੱਖੀਂ... ਜਦੋਂ ਤੇਰੇ ਪੁੱਤਰ ਨੇ ਤੇਰੇ ਨਾਲ ਕਦੇ ਇੱਦਾਂ ਮੱਥਾ ਲਾਇਆ, ਤੈਨੂੰ ਉਦੋਂ ਮੇਰੀ ਯਾਦ ਆਊ।’’ ਉਦੋਂ ਉਮਰ ਦਾ ਪੜਾਅ ਅੱਲ੍ਹੜ ਸੀ, ਇਸ ਲਈ ਉਸ ਗੱਲ ਦੇ ਡੂੰਘੇ ਅਰਥ ਸਮਝ ਨਹੀਂ ਸਨ ਆਏ। ਪਰ ਅੱਜ ਜਦੋਂ ਮੈਂ ਖ਼ੁਦ ਜ਼ਿੰਦਗੀ ਦੇ ਉਸੇ ਮੋੜ ’ਤੇ ਆ ਖਲੋਤਾ ਹਾਂ ਤਾਂ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ ਕਿ ਪਿਤਾ ਦੀ ਉਸ ਸਖ਼ਤੀ ਪਿੱਛੇ ਫ਼ਿਕਰਮੰਦੀ ਦਾ ਕਿੰਨਾ ਵਿਸ਼ਾਲ ਸਮੁੰਦਰ ਛੁਪਿਆ ਹੋਇਆ ਸੀ।

ਅੱਜ ਦੇ ਦੌਰ ਵਿੱਚ ਕੁਝ ਅਜਿਹੀਆਂ ਬਦਨਸੀਬ ਔਲਾਦਾਂ ਵੀ ਦੇਖਣ ਨੂੰ ਮਿਲਦੀਆਂ ਹਨ, ਜੋ ਬੁਢਾਪੇ ਦੇ ਇਸ ਨਿਤਾਣੇ ਅਤੇ ਨਿਆਸਰੇ ਪੜਾਅ ’ਤੇ ਪਹੁੰਚੇ ਆਪਣੇ ਬਜ਼ੁਰਗਾਂ ਦਾ ਤਿਰਸਕਾਰ ਕਰਦੀਆਂ ਹਨ। ਜੋ ਪਿਤਾ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਆਪਣੀ ਸਾਰੀ ਜ਼ਿੰਦਗੀ ਲੇਖੇ ਲਾ ਦਿੰਦਾ ਹੈ, ਉਸ ਨੂੰ ਉਸ ਦੇ ਹੀ ਘਰ ਵਿੱਚੋਂ ਬੇਗਾਨਾ ਕਰ ਕੇ ਬਿਰਧ ਆਸ਼ਰਮ ਵੱਲ ਧੱਕ ਦਿੱਤਾ ਜਾਂਦਾ ਹੈ।

ਭਾਵੇਂ ਅੱਜ ਬਾਪੂ ਜੀ ਜਿਸਮਾਨੀ ਤੌਰ ’ਤੇ ਸਾਡੇ ਦਰਮਿਆਨ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦਾ ਅਥਾਹ ਜਜ਼ਬਾ ਅੱਜ ਵੀ ਮੇਰੇ ਅੰਗ-ਸੰਗ ਹੈ। ਉਨ੍ਹਾਂ ਨੇ ਉਂਗਲ ਫੜ ਕੇ ਮੈਨੂੰ ਜ਼ਿੰਦਗੀ ਦੇ ਔਖੇ ਰਾਹਾਂ ’ਤੇ ਤੁਰਨਾ ਸਿਖਾਇਆ ਅਤੇ ਉਹ ਹਮੇਸ਼ਾ ਮੇਰੇ ਲਈ ਇੱਕ ਰਾਹ ਦਸੇਰਾ ਬਣੇ ਰਹੇ। ਅੱਜ ਪਿਤਾ ਦਿਵਸ ਦੇ ਇਸ ਦਿਹਾੜੇ ’ਤੇ ਮੈਂ ਅੱਜ ਵੀ ਉਨ੍ਹਾਂ ਦੀ ਮੁਹੱਬਤ ਅਤੇ ਖਲੂਸ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਹਾਂ। ਇੱਕ ਉਰਦੂ ਸ਼ਾਇਰ ਨੇ ਇਸ ਅਹਿਸਾਸ ਨੂੰ ਬੜੀ ਨਜ਼ਾਕਤ ਨਾਲ ਇਉਂ ਪੇਸ਼ ਕੀਤਾ ਹੈ:

​ਮੈਨੇ ਰਬ ਕੋ ਨਹੀਂ ਦੇਖਾ,

ਮਗਰ ਇਤਨਾ ਯਕੀਂ ਹੈ,

ਕਿ ਬਾਪ ਕੀ ਸ਼ਫ਼ਕਤ ਮੇਂ ਹੀ,

ਮੁਝੇ ਖ਼ੁਦਾ ਨਜ਼ਰ ਆਤਾ ਹੈ।

ਸੰਪਰਕ: 97800-36146

Advertisement
×