ਇੱਕ ਹਾਦਸਾ, ਸੌ ਸਲਾਹਾਂ !
ਸੇ ਸਾਲ ਅਚਾਨਕ ਰਾਜਿੰਦਰਾ ਕਾਲਜ ਬਠਿੰਡਾ ਤੋਂ ਪੇਪਰ ਸੁਪਰਡੈਂਟ ਦੀ ਸੇਵਾ ਨਿਭਾ ਕੇ ਪਿੰਡ ਬਾਦਲ ਆਪਣੇ ਘਰ ਪਰਤਦਿਆਂ ਮੇਰਾ ਐਕਸੀਡੈਂਟ ਹੋ ਗਿਆ। ਇਸ ਕਾਰਨ ਮੇਰੀ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲ ਗਏ ਅਤੇ ਕੋਈ ਨਾੜ ਬਲੌਕ ਹੋਣ ਕਰਕੇ ਮੇਰੀ ਖੱਬੀ...
ਸੇ ਸਾਲ ਅਚਾਨਕ ਰਾਜਿੰਦਰਾ ਕਾਲਜ ਬਠਿੰਡਾ ਤੋਂ ਪੇਪਰ ਸੁਪਰਡੈਂਟ ਦੀ ਸੇਵਾ ਨਿਭਾ ਕੇ ਪਿੰਡ ਬਾਦਲ ਆਪਣੇ ਘਰ ਪਰਤਦਿਆਂ ਮੇਰਾ ਐਕਸੀਡੈਂਟ ਹੋ ਗਿਆ। ਇਸ ਕਾਰਨ ਮੇਰੀ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲ ਗਏ ਅਤੇ ਕੋਈ ਨਾੜ ਬਲੌਕ ਹੋਣ ਕਰਕੇ ਮੇਰੀ ਖੱਬੀ ਲੱਤ ਵਿੱਚ ਜਾਨਲੇਵਾ ਦਰਦ ਹੋਣ ਲੱਗਾ। ਜਿਹੜੇ ਵੀ ਡਾਕਟਰ ਨੂੰ ਦਿਖਾਵਾਂ, ਉਹੀ ਕਹੇ- ਅਪਰੇਸ਼ਨ ਹੋਊ ਜਾਂ ਸਰਜਰੀ। ਬਠਿੰਡਾ, ਡੱਬਵਾਲੀ, ਮਲੋਟ, ਮੁਕਤਸਰ, ਪਟਿਆਲਾ ਤੋਂ ਲੈ ਕੇ ਪੀ ਜੀ ਆਈ ਚੰਡੀਗੜ੍ਹ ਅਤੇ ਏਮਜ਼ ਬਠਿੰਡਾ ਤੱਕ ਚੈੱਕਅੱਪ ਕਰਵਾ ਲਿਆ, ਪਰ ਦਰਦ ਟੱਸ ਤੋਂ ਮੱਸ ਨਾ ਹੋਇਆ। ਇਸ ਜਾਨਲੇਵਾ ਦਰਦ ਅਤੇ ਲੱਤ ਦੇ ਸੁੰਨ੍ਹੇਪਣ ਨੇ ਮੈਨੂੰ ਬਹੁਤ ਚਿੰਤਤ ਕਰ ਦਿੱਤਾ ਸੀ। ਕੀ ਕਰਾਂ? ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਸੋਚਿਆ ਅਪਰੇਸ਼ਨ ਹੀ ਕਰਵਾ ਲਵਾਂ, ਪਰ ਹਰ ਕੋਈ ਆਖਦਾ, “ਜਿਨ੍ਹਾਂ ਹਮਾਤੜਾਂ ਦੇ ਢੂਹੀ ਦੇ ਅਪਰੇਸ਼ਨ ਹੋਏ ਆ, ਉਹ ਮੰਜੇ ’ਤੇ ਪਏ ਚੂਕਦੇ ਆ, ਵਾਕਰ ’ਤੇ ਤੁਰਦੇ ਆ ਤੇ ਜਿਊਂਦੇ-ਜੀਅ ਨਰਕ ਭੋਗਦੇ ਆ। ਜੇ ਨਹੀਂ ਯਕੀਨ ਆਉਂਦਾ ਤਾਂ ਜਾ ਕੇ ਅੱਖਾਂ ਨਾਲ ਦੇਖ ਲੈ ਉਨ੍ਹਾਂ ਨੂੰ! ਬੱਲਿਆ, ਜੇ ਘਰਦਿਆਂ ਦੀ ‘ਕੁੱਤੇ-ਖ਼ੁਆਰੀ’ ਤੋਂ ਬਚਣਾ ਤਾਂ ਭੁੱਲ ਕੇ ਵੀ ਅਪਰੇਸ਼ਨ ਨਾ ਕਰਵਾਈਂ।” ਹੁਣ ਮੈਨੂੰ ਕੋਈ ਸਮਝ ਨਾ ਆਵੇ ਕਿ ਕਿਸ ਦੀ ਮੰਨਾਂ? ਮੈਂ ਇੱਕ ਅਜੀਬ ਤਰ੍ਹਾਂ ਦੀ ਮੁਸ਼ਕਲ ਵਿੱਚ ਫਸਿਆ ਦਿਨ-ਰਾਤ ਫ਼ਿਕਰਮੰਦ ਰਹਿੰਦਾ। ਪੂਰੇ ਪਿੰਡ ਵਾਂਗ ਆਸੇ-ਪਾਸੇ ਦੀਆਂ ਗਲੀਆਂ-ਗੁਆਂਢ ਵਿੱਚ ਜੰਗਲ ਦੀ ਅੱਗ ਵਾਂਗ ਖ਼ਬਰ ਫੈਲ ਗਈ ਕਿ ‘ਮਾਸਟਰ ਪਰਮਪਾਲ ਦਾ ਐਕਸੀਡੈਂਟ ਹੋ ਗਿਆ।’ ਪਿੰਡ ਦੇ ਲੋਕਾਂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਦੇ ਜਾਣਕਾਰਾਂ, ਰਿਸ਼ਤੇਦਾਰਾਂ ਅਤੇ ਮੇਰੀ ਖ਼ੈਰ-ਸੁੱਖ ਮੰਗਣ ਵਾਲੇ ਦੋਸਤਾਂ-ਮਿੱਤਰਾਂ ਦਾ ਹਾਲ-ਚਾਲ ਪੁੱਛਣ ਲਈ ਤਾਂਤਾ ਲੱਗ ਗਿਆ। ਹਰ ਕੋਈ ਆਪੋ-ਆਪਣਾ ਸੁਝਾਅ ਦੇਵੇ, ਨੁਸਖਾ ਦੱਸੇ ਕਿ ਇੰਝ ਕਰਨ ਨਾਲ ਦਰਦ ਦੂਰ ਹੋਜੂ। ਮੇਰੇ ਪਿੰਡ ਦਾ ਵਿਰਾਸਤੀ ਮਿਰਾਸੀ ‘ਲਾਹੌਰੀਆ’ ਮੇਰਾ ਹਾਲ ਪੁੱਛਣ ਆਇਆ ਤਾਂ ਕਹਿੰਦਾ, “ਮਾਸਟਰ ਜੀ! ਲੱਗਦਾ ਤੁਸੀਂ ਕਿਸੇ ਬੱਚੇ ਦੇ ਕੰਨ ਖਿੱਚੇ ਹੋਣੇ ਆ, ਕੀਤੀ ਹੋਣੀ ਆ ਕਿਸੇ ਦੀ ਡੰਡਾ-ਪਰੇਡ, ਬਣਾਇਆ ਹੋਣਾ ਕਿਸੇ ਨੂੰ ਮੁਰਗਾ ਜਾਂ ਕਿਸੇ ਨੂੰ ਫੇਲ੍ਹ ਕਰਤਾ ਹੋਣਾ! ਸਰਾਪ ਲੱਗ ਗਿਆ ਥੋਨੂੰ ਰੱਬ ਦੇ ਜੀਆਂ ਦਾ! ਕਹਿੰਦੇ ਹੁੰਦੇ ਆ ਨਾ ਕਿ ਬੱਚਿਆਂ ਦੀ ਰੱਬ ਨੇੜੇ ਹੋ ਕੇ ਸੁਣਦਾ। ਹੁਣ ਭੋਗੋ ਕੀਤੀ-ਕੱਤਰੀ! ਲੱਗ ਗਈ ਕਸੂਤੇ ਥਾਂ ਸੱਟ, ਪਰ ਸੰਸਾ (ਫ਼ਿਕਰ) ਨਾ ਕਰੋ, ਅਰਜੁਨ ਦੀ ਛੱਲ ਦੀ ਚਾਹ ਬਣਾ ਕੇ ਪੀ ਲਓ, ਦਿਨਾਂ ’ਚ ਨੌਂ-ਬਰ-ਨੌਂ ਹੋ ਜਾਓਗੇ, ਦਰਦ-ਦੁਰਦ ਕਿਧਰੇ ਛੂ-ਮੰਤਰ ਹੋਜੂ। ਬਾਕੀ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਠੀਕ ਹੋਜੇ ਥੋਡਾ ਦਰਦ।”
ਦੁਪਹਿਰੇ ਮੁਖਤਿਆਰੋ ਤਾਈ ਆਈ। ਮੇਰਾ ਸਿਰ ਪਲੋਸ ਕੇ ਕਹਿੰਦੀ, “ਹਾਏ ਮੈਂ ਮਰਜਾਂ! ਕਿਵੇਂ ਹੋਇਆ ਐਕਸੀਡੈਂਟ ਪੁੱਤ?” ਜਦੋਂ ਮੈਂ ਦੱਸਿਆ ਕਿ ਕਿਸੇ ਨੇ ਮਗਰੋਂ ਕਾਰ ਮਾਰ ਦਿੱਤੀ, ਉਹ ਸੁਣਦਿਆਂ ਸਾਰ ਹੀ ਮਲਵਈ ਭਾਸ਼ਾ ’ਚ ਮੋਟੀਆਂ-ਮੋਟੀਆਂ ਗਾਲ੍ਹਾਂ ਕੱਢਣ ਲੱਗ ਪਈ, “ਕੌਣ ਸੀ ਅੱਗ-ਲੱਗਿਆ, ਪੱਟੀਆਂ ਜੜ੍ਹਾਂ ਵਾਲਾ ਕੁਲਹਿਣਾ, ਚੌੜਾ, ਫੁੱਟੇ ਡੇਲਿਆਂ ਵਾਲਾ? ਮੁੰਡੇ ਨੂੰ ਵੱਜੋਂ-ਰੱਤਾ (ਨਕਾਰਾ) ਕਰ ਗਿਆ। ਹੁਣ ਗੌਲ ਨਾ ਕਰ, ਫੜ ਕੇ ਨੰਦੂ ਦੀ ਹੱਟੀ ਤੋਂ ਸਵਾ ਰੁਪਏ ਦੇ ਪਤਾਸੇ, ਛੇਤੀ ਦੇਣੇ ਮੰਦਰ ਵਾਲੇ ਪੰਡਤ ਕੋਲ ਜਾ ਕੇ ਹਥੌਲਾ ਪਵਾ ਲੈ, ਦਿਨਾਂ ’ਚ ਈ ਰਾਮ ਆਜੂ।” ਮੇਰੀ ਨਾਨੀ-ਸੱਸ ਬਲਦੇਵ ਕੌਰ ਨੇ ਫ਼ੋਨ ਕਰਕੇ ਸੁਝਾਅ ਦਿੱਤਾ, “ਤੇਲੀਆ ਸਫ਼ਾਰੀ ਦੇਸੀ ਘਿਓ ’ਚ ਭੁੰਨ ਕੇ ਖਾ ਲੈ, ਅੰਬਾ-ਹਲਦੀ ਦੁੱਧ ’ਚ ਮਿਲਾ ਕੇ ਪੀ ਲੈ, ਗੂੰਦ ਨੂੰ ਤਵੇ ’ਤੇ ਭੁੰਨ ਕੇ ਖਾ ਲੈ, ਦਰਦ ਦੁੜੰਗੇ ਮਾਰਦਾ ਜਾਊ।”
ਮੇਰੇ ਪੜ੍ਹੇ-ਲਿਖੇ ਦੋਸਤ ਗੁਰੂਆ, ਬਾਬੂ, ਰਾਜੂ ਅਤੇ ਗੁਰਭੈ ਮੇਰਾ ਹਾਲ ਪੁੱਛਣ ਆਏ ਤਾਂ ਕਹਿਣ ਲੱਗੇ, “ਐਵੇਂ ਨਾ ਦੇਸੀ ਨੁਸਖਿਆਂ ਪਿੱਛੇ ਭੱਜਿਆ ਫਿਰ, ਚੁੱਪ ਕਰਕੇ ਐੱਮ ਆਰ ਆਈ ਕਰਵਾ ਲੈ, ਕਿਸੇ ਨਿਊਰੋ-ਸਰਜਨ ਨੂੰ ਦਿਖਾ ਲੈ। ਪਤਾ ਲੱਗਜੂ ਬਈ ਕਿਹੜੀ ਨਾੜ ਬਲੌਕ ਐ, ਕਿਹੜਾ ਮਣਕਾ ਹਿੱਲਿਆ ਤੇ ਕਿੱਥੇ ਨੁਕਸ ਆ? ਐਲੋਪੈਥੀ ਨਾਲ ਦਰਦ ਠੀਕ ਹੋਜੂ, ਫ਼ਿਕਰ ਨਾ ਕਰ, ਅਸੀਂ ਤੇਰੇ ਨਾਲ ਆਂ।” ਤਾਏ ‘ਜੱਗਰ’ ਦਾ ਮੁੰਡਾ ‘ਜੰਟਾ’ ਕਹਿੰਦਾ, “ਤੂੰ ਤਾਂ ਮਾ’ਟਰਾ (ਮਾਸਟਰ ਜੀ) ਸਾਰੇ ਜੱਗ ਨੂੰ ਪੜ੍ਹਾਉਨੈ, ਤੈਨੂੰ ਕੀ ਪੜ੍ਹਾਵਾਂ? ਜੇ ਮੇਰੀ ਮੰਨੇ ਤਾਂ ਆਪਣੇ ਲਾਗਵੇਂ ਪਿੰਡ ‘ਮਾਨਾਂ’ ਵਾਲੇ ‘ਧੱਤੂ ਵੈਦ’ ਤੋਂ ‘ਬਾਰੇ’ ਲਵਾ ਲੈ, ਬਾਰਿਆਂ ਨਾਲ ਢੂਹੀ ਦਾ ਦਰਦ ਮਿੰਟਾਂ-ਸਕਿੰਟਾਂ ’ਚ ਠੀਕ ਹੋਜੂ।” ਕੜ੍ਹੀ-ਖਾਣਿਆਂ ਦਾ ‘ਬਖਤੌਰਾ’ ਕਹਿੰਦਾ, “ਐਵੇਂ ਨਾ ਬਾਰਿਆਂ ਨਾਲ ਢੂਹੀ ਦਾ ਨਾਸ ਕਰਵਾ ਲਈਂ, ਕਿਸੇ ਥਰੈਪਿਸਟ ਤੋਂ ਥਰੈਪੀ ਕਰਵਾ ਲੈ, ਐਕਸਰਸਾਈਜ਼ ਕਰ, ਮਾਲਸ਼ ਕਰਵਾ। ਦੁੱਖ ਆਉਂਦਾ ਤੇਜ਼ੀ ਨਾਲ ਆ, ਪਰ ਜਾਂਦਾ ਦੇਰੀ ਨਾਲ ਆ; ਫ਼ਿਕਰ ਨਾ ਕਰ ਸਭ ਠੀਕ ਹੋਜੂ, ਸਾਰਾ ਪਿੰਡ ਤੇਰੇ ਨਾਲ ਆ।” ਮਿੱਠੜੀ ਪਿੰਡ ਵਾਲਾ ਬਾਬਾ ਨੱਥੂ ਕਹਿੰਦਾ, “ਬਥੇਰੀ ਤਨਖਾਹ ਲੈਨਾ, ਸਰਕਾਰ ਦਾ ਜਵਾਈ ਆਂ ਤੂੰ! ਸ਼ਾਮ ਨੂੰ ਘਰ ਦੀ ਦਾਰੂ ਦੇ ਦੋ ਪੈੱਗ ਲਾ ਲਿਆ ਕਰ ਮੋਟੇ-ਮੋਟੇ; ਨਾਲ ਖਾਇਆ ਕਰ ਦੇਸੀ ਆਂਡੇ, ਦੇਸੀ ਕੁੱਕੜ ਦਾ ਮੀਟ, ਬੱਕਰੇ ਦੇ ਖਰੌੜਿਆਂ ਦਾ ਸੂਪ ਜਾਂ ਘਰ ਦੀ ਦਾਰੂ ਸ਼ੱਕਰ ’ਚ ਮਿਲਾ ਕੇ ਖਾਇਆ ਕਰ ਨਿਰਣੇ ਕਾਲਜੇ। ਭੋਰਾ ਭੁੱਕੀ ਜਾਂ ਅਫ਼ੀਮ ਖਾ ਲਿਆ ਕਰ, ਦਰਦ ਦਾ ਕੀ ਬਈ ਹਟੇ ਨਾ!” ਇੰਝ ਹਰ ਦਿਨ ਨਵਾਂ ਸੁਝਾਅ, ਨਵਾਂ ਨੁਸਖਾ! ਕਿਸਦੀ ਮੰਨਾਂ ਕਿਸਦੀ ਨਾ ਮੰਨਾਂ? ਮੈਂ ਸ਼ਸ਼ੋਪੰਜ ’ਚ ਪਿਆ ਰਹਿੰਦਾ। 15 ਜਨਵਰੀ 2026 ਦਿਨ ਸੋਮਵਾਰ ਨੂੰ ਸਵੇਰੇ-ਸਵੇਰੇ ‘ਸੰਗਤੀ’ ਦਰਜ਼ੀ ਦਾ ਮੁੰਡਾ ‘ਬੱਬੀ’ ਆਇਆ ਤੇ ਕਹਿੰਦਾ, “ਐਂ ਕਰ, ਪੱਕਾ ਡਲਾ ਅੱਗ ਵਿੱਚ ਗਰਮ ਕਰਕੇ ਸੇਕਾ ਦਿਆ ਕਰ, ਟਕੋਰ ਕਰਿਆ ਕਰ; ਖ਼ੂਨ ਪੰਘਰੇ ਤੋਂ ਦਰਦ ਘਟਜੂ।
ਪੱਬਾਂ ਭਾਰ ਧੁੱਪੇ ਬੈਠਿਆ ਕਰ ਘੜੀ ਦੋ ਪਲ, ਤ੍ਰੇਲ ਵਾਲੇ ਘਾਹ ’ਤੇ ਤੁਰਿਆ ਕਰ ਤੜਕੇ-ਤੜਕੇ, ਅੰਗੀਠੀ ਦੀ ਅੱਗ ਦਾ ਸੇਕਾ ਦੇਇਆ ਕਰ ਲੱਤ ਨੂੰ, ਨਿੰਮ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਨਹਾਇਆ ਕਰ।” ਟਾਂਡੇ-ਭੰਨਾਂ ਦਾ ‘ਸੰਤਾ’ ਕਹਿੰਦਾ, “ਸਰ੍ਹੋਂ ਦੇ ਤੇਲ ਵਿੱਚ ਲਸਣ ਦੀਆਂ ਗੰਢੀਆਂ ਪਾ ਕੇ, ਗਰਮ ਕਰਕੇ ਮਾਲਸ਼ ਕਰਵਾਇਆ ਕਰ ਭਰਜਾਈ ਤੋਂ- ਨਾਲੇ ਪੁੰਨ ਨਾਲੇ ਫ਼ਲੀਆਂ!! ਦਰਦ-ਦੁਰਦ ਗੁਆਂਢੀਆਂ ਦੇ ਘਰੇ ਵੀ ਨਹੀਂ ਰਹਿਣਾ।” ਗੁਰਦੁਆਰੇ ਵਾਲਾ ਪਾਠੀ ‘ਭੋਲਾ’ ਕਹਿੰਦਾ, “ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਿਆ ਕਰ, ਸਰੋਵਰ ਵਿੱਚ ਇਸ਼ਨਾਨ ਕਰਿਆ ਕਰ ਸੱਚੇ ਮਨ ਨਾਲ, ਗੁਰੂ ਮਹਾਰਾਜ ਸਭ ਠੀਕ ਕਰਦੂ।” ਸਬਜ਼ੀ ਵਾਲਾ ‘ਰਾਮਦਿੱਤਾ’ ਮੇਰੀ ਢੂਹੀ ਵੱਲ ਇਸ਼ਾਰਾ ਕਰਕੇ ਹੱਸਦਾ ਹੋਇਆ ਵਿਅੰਗ ਵਜੋਂ ਕਹਿੰਦਾ, “ਭਰਾਵਾ! ਤੇਰੇ ਢੁੱਡਰੀ ਪੈ ਗਈ, ‘ਚਰਨੇ’ ਟਾਂਗਲ ਤੋਂ ਚਕਵਾ ਲੈ। ਜਦੋਂ ਉਹਨੇ ਉਂਗਲ ਪਾ ਕੇ ਕਸੂਤੇ ਥਾਂ ਤੋਂ ਢੁੱਡਰੀ ਚੁੱਕੀ, ਦਰਦ ਤਾਂ ਆਪੇ ਠੀਕ ਹੋਜੂ, ਹੈ ਕਿ ਨਹੀਂ?” ਤਾਈ ‘ਕੌੜੋ’ ਮੇਰਾ ਪਤਾ ਲੈਣ ਆਈ ਤਾਂ ਕਹਿੰਦੀ, “ਪੁੱਤ! ਤੇਰੀ ਘਰਵਾਲੀ ਨੂੰ ਕਹਿ ਬਈ ਕੋਰੇ ਤੌੜੇ ’ਤੇ ਸੇਵੀਆਂ ਵੱਟ ਕੇ ਖੁਆਏ ਤੈਨੂੰ ਘਿਓ ’ਚ ਭੁੰਨ ਕੇ, ਸੱਜਰ ਸੂਈ ਮੱਝ ਦੇ ਦੁੱਧ ’ਚ ਰਿੰਨ੍ਹ ਕੇ। ਗੁੱਝੀਆਂ ਸੱਟਾਂ ਦੇ ਜ਼ਖ਼ਮ ਭਰ ਜਾਣਗੇ।” ਓਮਾ ਪੰਡਤ ਕਹਿੰਦਾ, “ਭਗਤਾ! ਕੀੜਿਆਂ ਦੇ ਭੌਣ ’ਤੇ ਸਤਨਾਜਾ ਪਾਇਆ ਕਰ, ਗਊਆਂ ਨੂੰ ਪੱਠੇ ਚਾਰਿਆ ਕਰ, ਢੱਠੇ ਨੂੰ ਗੁੜ ਚਾਰਿਆ ਕਰ; ਮਾਤਾ ਰਾਣੀ ਭਲਾ ਕਰੂਗੀ, ਗਊਸ਼ਾਲਾ ’ਚ ਦਾਨ-ਪੁੰਨ ਕਰ।” ਪਿੰਡ ਦਾ ‘ਹੀਰੀ ਮਲੰਗ’ ਕਹਿੰਦਾ, “ਪੇਟ-ਘਰੋੜੀ ਦਿਆ! ਕਰਮਾਂ ਵਾਲਾ ਐਂ ਜੋ ਮੌਤ ਦੇ ਮੂੰਹੋਂ ਨਿਕਲ ਗਿਆ, ਹੁਣ ਦਾ ਬਚਿਆ ਕਈ ਵਾਰ ਬਚੇਂਗਾ। ਦਾਤਾ ਹਰੀ ਸਿਉਂ ਦੀ ਸੰਗਤ ਕਰਾ ਭਤੀਜ! ਜਦੋਂ ਕਾਂਬੜੀਏ ਨੇ ਕੀਤੀ ਅਰਦਾਸ, ਦਰਦ ਹੋਜੂ ਛੂ-ਮੰਤਰ। ਪਿੰਡ ਕਾਲਝਰਾਣੀ ਬਾਬਾ ਸਿੱਧ ਕਲਿੰਝਰ ਦੇ ਲੂਣ ਤੇ ਝਾੜੂ ਸੁੱਖ ਲੈ, ਬਾਬਾ ਅਮੇਦਪੁਰੀ ਫਰੀਦਕੋਟ ਕੋਟਲੀ ਮੱਥਾ ਟੇਕ ਆ, ਬਾਬੇ ਜਾਣੀ-ਜਾਣ ਆ, ਭਲੀ ਕਰਨਗੇ।” ਇੰਝ ਕੋਈ ਦੇਸੀ, ਕੋਈ ਅੰਗਰੇਜ਼ੀ, ਕੋਈ ਧਾਰਮਿਕ ਤੇ ਕੋਈ ਸੱਭਿਆਚਾਰਕ ਨੁਸਖਾ ਦੇ ਕੇ ਮੇਰੇ ਦਰਦ ਨੂੰ ਵੰਡਾਉਂਦਾ ਰਿਹਾ। ਗੱਲ ਕੀ, ਸਕੇ-ਸੰਬੰਧੀਆਂ, ਮਿੱਤਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਉਦਾਸ ਨਹੀਂ ਹੋਣ ਦਿੱਤਾ। ਮੇਰਾ ਜੀਅ ਲਵਾਈ ਰੱਖਿਆ। ਹਰ ਕੋਈ ਆਖੇ, “ਪੈਸੇ-ਟਕੇ ਦੀ ਫ਼ਿਕਰ ਨਾ ਕਰੀਂ ਮਾ’ਟਰਾ, ਪਿੰਡ ’ਚੋਂ ਉਗਰਾਹੀ ਇਕੱਠੀ ਕਰ ਲਾਂਗੇ, ਇਲਾਜ ਖੁਣੋਂ ਤੈਨੂੰ ਕੁਝ ਨਹੀਂ ਹੋਣ ਦਿੰਦੇ।” ਕਾਲਜ ਵਾਲੇ ਸਹਿਕਰਮੀ ਹਰ ਦਿਨ ਫ਼ੋਨ ਕਰਕੇ ਕਹਿੰਦੇ, “ਜਾਨ ਹੈ ਤਾਂ ਜਹਾਨ ਹੈ, ਝੋਰਾ ਨਾ ਕਰ, ਤੇਰੀਆਂ ਜਮਾਤਾਂ ਅਸੀਂ ਲਗਾ ਲਵਾਂਗੇ। ਫੰਡ ਵੀ ਇਕੱਠਾ ਕੀਤਾ ਤੇਰੇ ਇਲਾਜ ਜੋਗਾ। ਦੱਬ ਕੇ ਖ਼ੁਰਾਕ ਖਾ, ਜੇ ਕੋਈ ਨੀਮ-ਹਕੀਮ ਹੋਇਆ ਤਾਂ ਦੱਸੀਂ”
ਅੰਬੋ ਬਿਸ਼ਨ ਕੌਰ ਆਈ ਤੇ ਕਹਿਣ ਲੱਗੀ, “ਮੈਂ ਤੇਰੇ ਤੋਂ ਸਦਕੇ ਜਾਵਾਂ ਪੁੱਤ! ਤੇਰੇ ਪਿੱਠ ਵਿੱਚ ਚੁੱਕ ਪੈ ਗਈ ਲੱਗਦੀ ਹੈ। ਇੱਕ ਕੰਮ ਕਰ, ਦੋ ਸਕੀਆਂ ਭੈਣਾਂ- ਜੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਣ- ਉਨ੍ਹਾਂ ਨੂੰ ਆਪਣੀ ਪਿੱਠ ਉੱਪਰੋਂ ਸੱਤ ਵਾਰ ਲੰਘਣ ਲਈ ਕਹਿ ਕੇ ਟੂਣਾ ਕਰਵਾ ਲੈ; ਇਹ ਤੇਰਾ ਦਰਦ ਤੁਰੰਤ ਗਾਇਬ ਹੋ ਜਾਵੇਗਾ। ਐਵੇਂ ਅੰਗਰੇਜ਼ੀ ਦਵਾਈਆਂ ਖਾ-ਖਾ ਕੇ ਮੇਹਦੇ ਵਿੱਚ ਗਰਮੀ ਨਾ ਕਰਵਾ ਲਈਂ।” ਨਾਨਕਿਆਂ ਵੱਲੋਂ ਮਾਮਾ ਬੁੱਗੀ ਆਇਆ ਮੇਰਾ ਪਤਾ ਲੈਣ। ਉਹ ਜੱਫੀ ਪਾ ਕੇ ਕਹਿੰਦਾ, “ਭਾਣਜਿਆ! ਸੱਟਾਂ-ਸੁੱਟਾਂ ਤਾਂ ਚੱਲਦੀ ਜ਼ਿੰਦਗੀ ’ਚ ਵੱਜਦੀਆਂ ਹੀ ਰਹਿੰਦੀਆਂ ਨੇ, ਕੋਈ ਨਾ, ਰਾਮ ਆਜੂ। ਐਂ ਦੱਸ ਬਈ ਤੇਰਾ ਕਿਸੇ ਨਾਲ ਕੋਈ ਲੜਾਈ-ਝਗੜਾ ਜਾਂ ਕੁੱਟ-ਕਲੇਸ਼ ਤਾਂ ਨਹੀਂ ਹੋਇਆ? ਇੱਕ ਵਾਰੀ ਦੱਸ ਦੇ, ਕਰ ਦੂੰ ਖੰਨਿਆਂ ਦੇ ਭੋਰੇ!” ਮਗਤੂ ਹਲਵਾਈ ਹਾਲ ਪੁੱਛਣ ਆਇਆ ਤਾਂ ਕਹਿੰਦਾ, “ਮਿੱਤਰਾ! ਤੈਨੂੰ ਨਜ਼ਰ ਲੱਗ ਗਈ। ਸਿਰ ਤੋਂ ਮਿਰਚਾਂ ਵਾਰ ਕੇ ਸੁੱਟ ਮੱਚਦੀ-ਮੱਚਦੀ ਅੱਗ ’ਚ; ਜੌੜੇ ਪੁੱਤ ਜਣਨ ਵਾਲੀ ਕਿਸੇ ਬੁੜ੍ਹੀ ਦੀ ਤੰਬੀ (ਸਲਵਾਰ) ਦਾ ਪਹੁੰਚਾ ਸੁੱਟ ਵਾਰ ਕੇ ਅੱਗ ਵਿੱਚ; ਖੂਹੀ ਵਿੱਚ ਲੂਣ ਜਾਂ ਚਾਹ-ਪੱਤੀ ਵਾਰ ਕੇ ਸੁੱਟ ਦੇ; ਤਵੇ ’ਤੇ ਫਿਟਕੜੀ ਖਿੱਲ ਕਰਕੇ ਬਣੀ ਸ਼ਕਲ ਦਾ ਮੜੰਗਾ ਪਛਾਣ ਬਈ ਕਿਸਦੀ ਐ, ਫਿਰ ਉਸ ਕੜਮੇ ਦੇ ਪੈਰ ਦੀ ਮਿੱਟੀ ਚੁੱਕ ਕੇ ਚੁੱਲ੍ਹੇ ’ਚ ਸੁੱਟ! ਨਜ਼ਰ ਤਾਂ ਕਹਿੰਦੇ ਨੇ ਬਈ ਪੱਥਰ ਪਾੜ ਦਿੰਦੀ ਆ, ਤੂੰ ਕਿਹੜੇ ਬਾਗ ਦੀ ਮੂਲੀ ਆਂ? ਇਹ ਕੰਮ ਕਰੇ ਬਿਨਾਂ ਦਰਦ ਠੀਕ ਨਹੀਂ ਹੋਣਾ ਬੱਲਿਆ, ਭਾਵੇਂ ਮੇਰੇ ਨਾਲ ਸ਼ਰਤ ਲਾ ਲਾ।” ਹਰ ਦਿਨ ਨਵਾਂ ਨੁਸਖਾ ਸੁਣਨ ਉਪਰੰਤ ਕਦੇ ਮੈਨੂੰ ਗੁੱਸਾ ਆਉਂਦਾ, ਕਦੇ ਜਨ-ਸਮੂਹ ਦੀ ਭਾਈਚਾਰਕ ਸਾਂਝ ਅਤੇ ਜੀਵਨ-ਤਜਰਬੇ ’ਤੇ ਹੈਰਾਨੀ ਭਰਿਆ ਮਾਣ ਮਹਿਸੂਸ ਹੁੰਦਾ। ਪੂਰੇ ਚਾਰ ਮਹੀਨਿਆਂ ਬਾਅਦ, ਜਨ-ਸਮੂਹ ਦੀਆਂ ਦੁਆਵਾਂ, ਭਾਈਚਾਰਕ ਸਾਂਝ ਅਤੇ ਨੁਸਖਿਆਂ ਦੇ ਅਸਰ ਨਾਲ ਮੈਂ ਬਿਲਕੁਲ ਠੀਕ ਹੋ ਗਿਆ ਤੇ ਢੂਹੀ ਦੇ ਅਪਰੇਸ਼ਨ ਤੋਂ ਬਚ ਗਿਆ। ਮਾਂ ਕਹਿੰਦੀ, “ਪੁੱਤਰਾ! ਮਰ ਕੇ ਬਚਿਆ ਤੂੰ, ਕਿਸੇ ਦਾ ਮਾੜਾ ਨਾ ਕਰੀਂ ਮੇਰਾ ਪੁੱਤ ਸਾਰੀ ਜ਼ਿੰਦਗੀ।”
ਸੰਪਰਕ: 99158-95184
