ਇਕ ਪਾਸੇ ਟਾਹਲੀਆਂ...

ਇਕ ਪਾਸੇ ਟਾਹਲੀਆਂ...

ਗੁਰਪ੍ਰੀਤ ਸਿੰਘ ਕਾਹਨੇਕੇ

ਟਾਹਲੀ/ਸ਼ੀਸ਼ਮ ਪੰਜਾਬ ਦਾ ਰਾਜ ਦਰੱਖਤ ਹੈ। ਪੰਜਾਬ ਦੇ ਭੂਗੋਲਿਕ ਚੌਗਿਰਦੇ ’ਚ ਟਾਹਲੀ ਹੌਲੀ ਰਫ਼ਤਾਰ ਨਾਲ ਵਧਣ ਵਾਲਾ ਰੁੱਖ ਹੈ। ਟਾਹਲੀ ਮਜ਼ਬੂਤ ਅਤੇ ਗੂੜ੍ਹੀ ਛਾਂ ਵਾਲਾ ਰੁੱਖ ਹੈ। ਇਸਨੂੰ ਵਿਗਿਆਨਕ ਭਾਸ਼ਾ ਵਿਚ ‘ਦਲਬਰਜੀਆ ਸਿਸੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਇਸਨੂੰ ਸ਼ੀਸ਼ਮ ਅਤੇ ਸਿੰਸਪਾ ਵੀ ਕਹਿੰਦੇ ਹਨ। ਟਾਹਲੀ ਦਾ ਮੂਲ ਸਥਾਨ ਭਾਰਤ ਨੂੰ ਮੰਨਿਆ ਗਿਆ ਹੈ ਅਤੇ ਬਿਹਾਰ ਟਾਹਲੀ ਪੈਦਾ ਕਰਨ ਵਿਚ ਸਾਰੇ ਭਾਰਤ ਵਿਚੋਂ ਪਹਿਲਾ ਸਥਾਨ ਰੱਖਦਾ ਹੈ। ਇਹ ਪਹਾੜੀ, ਮੈਦਾਨੀ, ਦਰਿਆਈ ਅਤੇ ਘੱਟ ਰੇਤਲੇ ਇਲਾਕਿਆਂ ਵਿਚ ਆਮ ਪਾਈ ਜਾਂਦੀ ਹੈ। ਟਾਹਲੀ ਦਾ ਰੁੱਖ ਆਮ ਤੌਰ ’ਤੇ ਲਗਪਗ 30 ਤੋਂ 50 ਫੁੱਟ ਵਿਚਕਾਰ ਹੁੰਦਾ ਹੈ। ਚੁਫੇਰੇ ਫੈਲਿਆ ਇਹ ਰੁੱਖ ਠੰਢੀ ਗੂੜ੍ਹੀ ਛਾਂ ਬਖ਼ਸ਼ਦਾ ਹੈ। ਟਾਹਲੀ ਦੇ ਮਜ਼ਬੂਤ ਡਾਹਣੇ ਹੋਣ ਕਰਕੇ ਸਾਉਣ ਮਹੀਨੇ ਵਿਚ ਕੁੜੀਆਂ ਇਸ ’ਤੇ ਪੀਂਘਾਂ ਝੂਟਦੀਆਂ ਸਨ। ਟਾਹਲੀ ਦੇ ਰੁੱਖ ਨੂੰ ਜਿੱਥੇ ਪਹਾੜਾਂ, ਮੈਦਾਨਾਂ, ਖੂਹਾਂ, ਛੱਪੜਾਂ, ਟੋਭਿਆਂ, ਖੇਤਾਂ, ਚੋਆਂ, ਸੱਥਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਆਮ ਵੇਖਿਆ ਜਾ ਸਕਦਾ ਹੈ, ਉੱਥੇ ਦਰਿਆਵਾਂ ਦੇ ਕਿਨਾਰਿਆਂ ’ਤੇ ਟਾਹਲੀ ਚੁਫ਼ੇਰੇ ਨੂੰ ਚਾਰ ਚੰਨ ਲਾਉਂਦੀ ਹੈ। ਟਾਹਲੀ ਦੇ ਕੱਚੇ ਛੋਟੇ ਰੁੱਖ ਦੀ ਛਿੱਲੜ ਜਿੱਥੇ ਕਰੀਮ ਅਤੇ ਹਰੇ ਰੰਗ ਦੀ ਰਲਵੀਂ-ਮਿਲਵੀਂ ਭਾਅ ਮਾਰਦੀ ਹੈ, ਉੱਥੇ ਪੱਕੇ ਰੁੱਖ ਦੀ ਛਿੱਲੜ ਭੂਰੇ ਰੰਗ ਦੀ ਅਤੇ ਬੰਜਰ ਧਰਤੀ ਵਾਂਗ ਉੱਪਰੋਂ ਫਟੀ ਜਿਹੀ ਹੁੰਦੀ ਹੈ। ਟਾਹਲੀ ਦੇ ਪੱਤੇ ਹਰੇ ਕਚੂਰ ਪਤਾਸਿਆਂ ਵਰਗੇ ਗੋਲ ਹੁੰਦੇ ਹਨ। ਅਪਰੈਲ ਮਹੀਨੇ ਵਿਚ ਗਰਮੀ ਸ਼ੁਰੂ ਹੁੰਦਿਆਂ ਹੀ ਟਾਹਲੀ ’ਤੇ ਪੀਲੇ, ਚਿੱਟੇ ਰੰਗ ਦੇ ਛੋਟੇ-ਛੋਟੇ ਫੁੱਲ ਲੱਗਦੇ ਹਨ। ਫੁੱਲਾਂ ਤੋਂ ਬਾਅਦ 2-3 ਇੰਚ ਦੀਆਂ ਹਰੇ/ਪੀਲੇ ਰੰਗ ਦੀਆਂ ਪਤਲੀਆਂ ਚਪਟੀਆਂ ਫਲੀਆਂ ਵਿਚ ਟਾਹਲੀ ਦਾ ਬੀਜ ਬਣਦਾ ਹੈ। ਇਕ ਫਲੀ ਵਿਚ 2 ਤੋਂ 4 ਬੀਜ ਹੁੰਦੇ ਹਨ। ਜਦੋਂ ਸਾਉਣ ਮਹੀਨੇ ਵਿਚ ਮੀਂਹ ਦੀ ਛਹਿਬਰ ਲੱਗਦੀ ਹੈ ਤਾਂ ਠੰਢੀਆਂ ਹਵਾਵਾਂ ਨਾਲ ਫਲੀਆਂ ਅਤੇ ਪੱਤੇ ਅਨੋਖਾ ਸੰਗੀਤ ਪੈਦਾ ਕਰਦੇ ਹਨ। ਪੰਛੀ ਵੀ ਟਾਹਲੀਆਂ ’ਤੇ ਆਪਣੀਆਂ ਸੁਰਾਂ ਦੇ ਰਾਗ ਅਲਾਪਦੇ ਹਨ।

ਟਾਹਲੀ ਪੰਜਾਬ ਦਾ ਪ੍ਰਤੀਕਾਤਮਕ ਰੁੱਖ ਹੈ। ਟਾਹਲੀ ਦੀ ਕਾਲੀ ਲੱਕੜ ਬਹੁਤ ਸਖ਼ਤ ਤੇ ਲਾਹੇਵੰਦ ਹੁੰਦੀ ਹੈ ਤੇ ਇਹ ਘੁਣ ਤੇ ਹੋਰ ਹਰ ਤਰ੍ਹਾਂ ਦੀ ਮਾਰ ਸਹਿਣ ਦੇ ਯੋਗ ਹੁੰਦੀ ਹੈ। ਟਾਹਲੀ ਦਾ ਰੁੱਖ ਬਹੁਤ ਮੋਟੇ ਪੋਰੇ ਵਾਲਾ, ਵੱਡੇ ਮੋਟੇ ਡਾਹਣਿਆਂ ਵਾਲਾ ਤਾਕਤਦਾਰ ਸਖ਼ਤ ਅਤੇ ਚੀਕਣੀ ਲੱਕੜੀ ਵਾਲਾ ਰੁੱਖ ਹੈ। ਟਾਹਲੀ ਨੂੰ ਮਾਲਵੇ ਦਾ ਸਾਗਵਾਨ ਵੀ ਆਖਿਆ ਜਾਂਦਾ ਹੈ। ਪੁਰਾਤਨ ਸਮੇਂ ਵਿਚ ਗੱਡੇ ਦੇ ਨਿਰਮਾਣ ਵਿਚ ਟਾਹਲੀ ਦਾ ਖ਼ਾਸ ਮਹੱਤਵ ਹੁੰਦਾ ਸੀ। ਗੱਡੇ ਦੀ ਨਾਭ, ਬੂਜਲੀ, ਗਜ਼, ਪੁੱਠੀਆ, ਛੱਤ, ਸ਼ਗਨੀ, ਪਿੰਜਣੀ, ਠੋਡ, ਸਦਵਾਈ, ਅਲਾਰੀਆ, ਫੱਲ੍ਹੜ ਸਭ ਟਾਹਲੀ ਦੇ ਬਣਦੇ ਸਨ। ਟਾਹਲੀ ਦੀ ਲੱਕੜ ਇਮਾਰਤਾਂ ਲਈ ਮਜ਼ਬੂਤ, ਸੁੰਦਰ ਅਤੇ ਲਾਹੇਵੰਦ ਮੰਨੀ ਜਾਂਦੀ ਹੈ ਜਿੱਥੇ ਤਰਖਾਣ ਚੌਰਸੀਆਂ, ਸੱਥੀਆਂ, ਹਥੌੜੇ, ਹਥੌੜੀਆਂ, ਘਣਾਂ ਦੇ ਦਸਤੇ ਟਾਹਲੀ ਦੇ ਪਾ ਕੇ ਖ਼ੁਸ਼ ਹੁੰਦਾ, ਉੱਥੇ ਮਿਸਤਰੀ ਟਾਹਲੀ ਦਾ ਰੰਦਾ ਬਣਾ ਕੇ ਮਾਣ ਮਹਿਸੂਸ ਕਰਦੇ ਸਨ। ਖੇਤਾਂ ਦੇ ਸਖ਼ਤ ਕੰਮਾਂ ਵਿਚ ਹਲਾਂ, ਖੁਰਪਿਆਂ ਦੇ ਦਸਤਿਆਂ, ਕਹੀਆਂ, ਕਸੋਲੀਆਂ, ਤੰਗਲੀਆਂ ਦੇ ਦਸਤੇ ਵੀ ਟਾਹਲੀ ਦੇ ਪੈਂਦੇ ਸੀ।

ਵੈਦਗੀ ਪੱਖੋਂ ਨਜ਼ਰ ਮਾਰੀਏ ਤਾਂ ਟਾਹਲੀ ਦੀਆਂ ਪੱਤੀਆਂ ਵਿਚੋਂ ਟੈਨਿਨ ਪ੍ਰਾਪਤ ਹੁੰਦਾ ਹੈ ਜੋ ਅਨੇਕਾਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਟਾਹਲੀ ਦੀ ਲੱਕੜੀ ਵਿਚੋਂ ਤੇਲ ਨਿਕਲਦਾ ਹੈ ਜੋ ਕੋਹੜ, ਸਫ਼ੈਦ ਦਾਗ਼, ਪੇਟ ਦੇ ਕੀੜੇ, ਖ਼ੂਨ ਸ਼ੁੱਧ ਕਰਨ ਅਤੇ ਫੋੜੇ ਫਿਣਸੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਟਾਹਲੀ ਤੋਂ ਤਿਆਰ ਦਵਾਈਆਂ ਹਿਚਕੀ, ਸੋਜ਼, ਬਲਗਮ, ਬਵਾਸੀਰ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਲਈ ਲਾਹੇਵੰਦ ਹਨ। ਟਾਹਲੀ ਅਨੇਕ ਗੁਣਾਂ ਦੀ ਖਾਣ ਹੈ। ਇਸ ਦੀਆਂ ਨਵੀਆਂ ਟਾਹਣੀਆਂ ਸੂਖਮ ਤੇ ਕੋਮਲ ਹੁੰਦੀਆਂ ਹਨ, ਜਦੋਂ ਇਹ ਟਾਹਣੀਆਂ ਪੱਕ ਜਾਂਦੀਆਂ ਹਨ ਤਾਂ ਕਮਜ਼ੋਰ ਦੰਦਾਂ ਨੂੰ ਮਜ਼ਬੂਤ ਅਤੇ ਸੁੰਦਰ ਬਣਾਉਣ ਲਈ ਇਸਦੀ ਦਾਤਣ ਬਹੁਤ ਫ਼ਾਇਦੇਮੰਦ ਹੁੰਦੀ ਹੈ। ਪਿਸ਼ਾਬ ਦੀਆਂ ਪਰੇਸ਼ਾਨੀਆਂ ਲਈ ਟਾਹਲੀ ਦੇ ਪੱਤਿਆਂ ਦਾ ਕਾੜ੍ਹਾ ਲਾਹੇਵੰਦ ਹੈ। ਟਾਹਲੀ ਦਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਟਾਹਲੀ ਦਾ ਰਸ ਮਨੁੱਖੀ ਸਰੀਰ ਲਈ ਬਹੁਤ ਲਾਭਦਇਕ ਹੈ।

ਕਈ ਪਿੰਡਾਂ ਅਤੇ ਗੁਰਦੁਆਰਿਆਂ ਦੇ ਨਾਂ ਵੀ ਟਾਹਲੀ ਦੇ ਨਾਂ ’ਤੇ ਰੱਖੇ ਹੋਏ ਹਨ। ਟਾਹਲੀ ਦਾ ਰੁੱਖ ਬਹੁਤ ਘੱਟ ਮਿਹਨਤ ਅਤੇ ਸੇਵਾ ਸੰਭਾਲ ਮੰਗਦਾ ਹੈ। ਮਨੁੱਖ ਦੀ ਆਰਥਿਕ ਤਰੱਕੀ ਵਿਚ ਟਾਹਲੀ ਦੇ ਰੁੱਖ ਦੀ ਬਹੁਤ ਦੇਣ ਹੈ। ਇਹ ਸਰਦੀ ਅਤੇ ਗਰਮੀ ਝੱਲਣ ਦੇ ਵੀ ਪੂਰੀ ਤਰ੍ਹਾ ਸਮਰੱਥ ਹੈ। ਫਰਵਰੀ-ਮਾਰਚ ਦਾ ਮਹੀਨਾ ਇਸਦੇ ਪੌਦੇ ਲਗਾਉਣ ਲਈ ਬਹੁਤ ਵਧੀਆ ਸਮਾਂ ਹੈ। ਨੰਦ ਲਾਲ ਨੂਰਪੁਰੀ ਨੇ ਆਪਣੇ ਇਕ ਗੀਤ ’ਚ ਇਸ ਰੁੱਖ ਨੂੰ ਬੜੀ ਸਹਿਜਤਾ ਨਾਲ ਪੇਸ਼ ਕੀਤਾ ਹੈ:

ਇਕ ਪਾਸੇ ਟਾਹਲੀਆਂ ਤੇ ਇਕ ਪਾਸੇ ਬੇਰੀਆਂ,

ਸਾਉਣ ਦਾ ਮਹੀਨਾ, ਪੀਂਘਾਂ ਤੇਰੀਆਂ ਤੇ ਮੇਰੀਆਂ ।

ਇਕ ਧੀ ਆਪਣੀ ਮਾਂ ਨੂੰ ਟਾਹਲੀ ਦਾ ਚਰਖਾ ਬਣਾਉਣ ਲਈ ਜਿਹੜੇ ਸ਼ਬਦਾਂ ਵਿਚ ਬਿਆਨ ਕਰਦੀ ਹੈ, ਉਹ ਸਾਡੇ ਲੋਕ ਗੀਤਾਂ ਵਿਚ ਇੰਜ ਪਰੋਏ ਹੋਏ ਹਨ:

* ਕਿੱਕਰ ਦਾ ਮੇਰਾ ਚਰਖਾ ਮਾਏ,

ਟਾਹਲੀ ਦਾ ਬਣਵਾ ਦੇ

ਇਸ ਚਰਖੇ ਦੇ ਹਿੱਲਣ ਮਝੇਰੂ,

ਮਾਲ੍ਹਾਂ ਬਹੁਤੀਆਂ ਖਾਵੇ

* ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ

ਗਾਉਣ ਵਾਲੇ ਦਾ ਮੂੰਹ,

ਹਾਣੀਆਂ ਟਾਹਲੀ ’ਤੇ ਘੁੱਗੀ ਕਰੇ ਘੂੰ-ਘੂੰ

ਆਪਣੀ ਧੀ ਦੀ ਡੋਲੀ ਤੋਰਨ ਮਗਰੋਂ ਮਾਵਾਂ-ਧੀਆਂ ਦੇ ਵਿਛੋੜੇ ਸਬੰਧੀ ਟਾਹਲੀ ਦਾ ਜ਼ਿਕਰ ਲੋਕ ਗੀਤਾਂ ਵਿਚ ਮਿਲਦਾ ਹੈ:

* ਉੱਚੀ ਟਾਹਲੀ ’ਤੇ ਘੁੱਗੀਆਂ ਦਾ ਜੋੜਾ,

ਮਾਵਾਂ ਧੀਆਂ ਦਾ ਲੰਮਾ ਵਿਛੋੜਾ

ਰੱਬਾ ਕਿਤੇ ਮਿਲੀਏ

ਮਿਲੀਏ ਤਾਂ ਮਿਲੀਏ ਮਿਲ ਮੇਰੀਏ ਜਾਨੇ

ਹੁਣ ਤਾਂ ਪੈ ਗਈਆਂ ਵੱਸ ਬਿਗਾਨੇ

ਰੱਬਾ ਕਿਤੇ ਮਿਲੀਏ

* ’ਕੱਲੀ ਹੋਵੇ ਨਾ ਵਣਾਂ ਵਿਚ ਟਾਹਲੀ,

’ਕੱੱਲਾ ਨਾ ਹੋਵੇ ਪੁੱਤ ਜੱਟ ਦਾ

ਸੰਪਰਕ: 95014-04756

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All