DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮੜੀਏ! ਤੇਰੇ ਬਾਝੋਂ...

ਮਾਂ ਦੀ ਗ਼ੈਰ-ਮੌਜੂਦਗੀ ਦਾ ਅਸਲ ਅਹਿਸਾਸ ਉਦੋਂ ਹੁੰਦਾ ਹੈ, ਜਦੋਂ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ। ਮਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਭਾਵੁਕ ਕਰ ਦੇਣ ਵਾਲੀ ਇੱਕ ਕਹਾਣੀ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ। ਇੱਕ ਇਕਾਂਤ ਜਿਹੀ ਥਾਂ...

  • fb
  • twitter
  • whatsapp
  • whatsapp
Advertisement
ਮਾਂ ਦੀ ਗ਼ੈਰ-ਮੌਜੂਦਗੀ ਦਾ ਅਸਲ ਅਹਿਸਾਸ ਉਦੋਂ ਹੁੰਦਾ ਹੈ, ਜਦੋਂ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ। ਮਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਭਾਵੁਕ ਕਰ ਦੇਣ ਵਾਲੀ ਇੱਕ ਕਹਾਣੀ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ। ਇੱਕ ਇਕਾਂਤ ਜਿਹੀ ਥਾਂ ’ਤੇ ਕੋਈ ਵਿਅਕਤੀ ਰੋਜ਼ਾਨਾ ਢੋਲਕ ਵਜਾਇਆ ਕਰਦਾ ਸੀ। ਢੋਲਕ ਦੀ ਆਵਾਜ਼ ਸੁਣ ਕੇ ਇੱਕ ਬੱਕਰੀ ਦਾ ਛੋਟਾ ਜਿਹਾ ਮੇਮਣਾ ਹਰ ਰੋਜ਼ ਉਸ ਦੇ ਕੋਲ ਆ ਕੇ ਖੜ੍ਹ ਜਾਂਦਾ। ਇੱਕ ਦਿਨ ਢੋਲਕਵਾਦਕ ਨੇ ਉਤਸੁਕਤਾਵੱਸ ਮੇਮਣੇ ਨੂੰ ਪੁੱਛਿਆ, ‘‘ਮੇਮਣੇ! ਮੈਂ ਜਦੋਂ ਵੀ ਢੋਲਕ ਵਜਾਉਣਾ ਸ਼ੁਰੂ ਕਰਦਾ ਹਾਂ, ਤੂੰ ਸਭ ਕੰਮ ਛੱਡ ਕੇ ਮੇਰੇ ਕੋਲ ਆ ਕੇ ਖੜ੍ਹਾ ਹੋ ਜਾਂਦਾ ਏਂ। ਕੀ ਤੈਨੂੰ ਮੇਰੇ ਢੋਲਕ ਦੀ ਸੁਰ, ਤਾਲ ਅਤੇ ਲੈਅ ਚੰਗੀ ਲੱਗਦੀ ਹੈ?’’ ਮੇਮਣੇ ਨੇ ਬੜੇ ਮਾਸੂਮ, ਪਰ ਦਰਦ ਭਰੇ ਲਹਿਜੇ ਵਿੱਚ ਜਵਾਬ ਦਿੱਤਾ, “ਮੈਨੂੰ ਸੁਰ, ਤਾਲ ਅਤੇ ਲੈਅ ਦੀ ਭਲਾ ਕੀ ਸਮਝ ਹੋਣੀ ਹੈ! ਅਸਲ ਵਿੱਚ ਤੇਰੇ ਇਸ ਢੋਲਕ ਉੱਤੇ ਮੇਰੀ ਮਾਂ ਦੀ ਚਮੜੀ ਮੜ੍ਹੀ ਹੋਈ ਹੈ। ਜਦੋਂ ਤੂੰ ਢੋਲਕ ਉੱਤੇ ਥਾਪ ਦਿੰਦਾ ਹੈਂ ਤਾਂ ਉਸ ਦੀ ਗੂੰਜ ਸਿੱਧੀ ਮੇਰੇ ਦਿਲ ਵਿੱਚ ਵੱਜਦੀ ਹੈ। ਬਸ, ਇਸੇ ਖਿੱਚ ਸਦਕਾ ਮੈਂ ਹਰ ਰੋਜ਼ ਤੇਰੇ ਕੋਲ ਆ ਕੇ ਖੜ੍ਹ ਜਾਂਦਾ ਹਾਂ।”

ਮਾਂ ਆਪਣੇ ਗਰਭ ਵਿੱਚ ਬੱਚੇ ਨੂੰ ਧਾਰਨ ਕਰਦਿਆਂ ਹੀ ਸੁਪਨੇ ਬੁਣਨੇ ਸ਼ੁਰੂ ਕਰ ਦਿੰਦੀ ਹੈ ਕਿ ਉਸ ਦਾ ਬੱਚਾ ਦੁਨੀਆ ਦਾ ਸਭ ਤੋਂ ਸੋਹਣਾ ਬੱਚਾ ਹੋਵੇਗਾ, ਉਸ ਦੀਆਂ ਅੱਖਾਂ ਦਾ ਤਾਰਾ, ਉਸ ਦਾ ਰਾਜਕੁਮਾਰ! ਜਦੋਂ ਪੁੱਤਰ ਕੋਈ ਜੰਗ ਜਿੱਤ ਕੇ ਆਉਂਦਾ ਹੈ ਤਾਂ ਮਾਂ ਵਧਾਈਆਂ ਦੇਣ ਵਾਲਿਆਂ ਦੀ ਭੀੜ ਵਿੱਚ ਸਭ ਤੋਂ ਪਿੱਛੇ ਖੜ੍ਹੀ ਮੁਸਕਰਾ ਰਹੀ ਹੁੰਦੀ ਹੈ, ਪਰ ਜੇਕਰ ਬੱਚਾ ਹਾਰ ਜਾਵੇ ਜਾਂ ਮੁਸੀਬਤ ਵਿੱਚ ਹੋਵੇ ਤਾਂ ਉਸ ਦਾ ਦੁੱਖ ਵੰਡਾਉਣ ਅਤੇ ਉਸ ਨੂੰ ਹੌਸਲਾ ਦੇਣ ਲਈ ਮਾਂ ਸਭ ਤੋਂ ਅੱਗੇ ਆ ਕੇ ਢਾਲ ਬਣ ਜਾਂਦੀ ਹੈ। ਉਹ ਆਪਣੀਆਂ ਸਾਰੀਆਂ ਖ਼ੁਸ਼ੀਆਂ ਔਲਾਦ ਦੇ ਲੇਖੇ ਲਾ ਦਿੰਦੀ ਹੈ ਅਤੇ ਬੱਚਿਆਂ ਦੇ ਹਿੱਸੇ ਦੇ ਸਾਰੇ ਦੁੱਖ ਆਪਣੇ ਪੱਲੇ ਪਾ ਲੈਂਦੀ ਹੈ। ਜਦੋਂ ਮਾਂ ਜਿਊਂਦੀ ਹੁੰਦੀ ਹੈ ਤਾਂ ਸਾਡੇ ਵਿੱਚੋਂ ਕਈਆਂ ਨੂੰ ਉਸ ਦੇ ਅਸੀਮ ਆਸ਼ੀਰਵਾਦ ਅਤੇ ਹੋਂਦ ਦੀ ਬਹੁਤੀ ਕਦਰ ਨਹੀਂ ਹੁੰਦੀ। ਉਸ ਦੇ ਸਦਾ ਲਈ ਤੁਰ ਜਾਣ ਤੋਂ ਬਾਅਦ ਘਰ ਵਿੱਚ ਪਸਰਿਆ ਖਲਾਅ ਹੀ ਦੱਸਦਾ ਹੈ ਕਿ ਮਾਂ ਕੀ ਹੁੰਦੀ ਹੈ। ਮਾਂ ਦੀ ਹੋਂਦ ਦਾ ਅਸਲ ਮੁੱਲ ਸਿਰਫ਼ ਉਹੀ ਜਾਣਦੇ ਹਨ, ਜਿਨ੍ਹਾਂ ਦੇ ਸਿਰਾਂ ਤੋਂ ਇਹ ਸੰਘਣੀ ਛਾਂ ਸਦਾ ਲਈ ਉੱਠ ਚੁੱਕੀ ਹੈ। ਇੱਕ ਬੱਚੇ ਨੂੰ ਆਪਣੀ ਗੋਦ ਵਿੱਚ ਖਿਡਾਉਣ ਲਈ ਉਹ ਪਤਾ ਨਹੀਂ ਕਿੰਨੀਆਂ ਸੁੱਖਾਂ ਸੁੱਖਦੀ ਹੈ, ਮੰਦਰੀਂ-ਮਸੀਤੀਂ ਜਾਂਦੀ ਹੈ।

Advertisement

ਜਿਸ ਦਿਨ ਕੋਈ ਔਰਤ ਮਾਂ ਬਣਦੀ ਹੈ, ਉਸ ਦਿਨ ਉਸ ਦੀ ਖ਼ੁਸ਼ੀ ਵੇਖਣਯੋਗ ਹੁੰਦੀ ਹੈ। ਪਰ ਜੀਵਨ ਦੀ ਤ੍ਰਾਸਦੀ ਵੇਖੋ, ਜਦੋਂ ਉਸ ਦੇ ਆਪਣੇ ਸੁਖ ਭੋਗਣ ਦਾ ਸਮਾਂ ਆਉਂਦਾ ਹੈ ਤਾਂ ਕਈ ਵਾਰ ਉਹ ਔਲਾਦ ਲਈ ‘ਬੋਝ’ ਬਣ ਜਾਂਦੀ ਹੈ। ਇੱਕ ਇਕੱਲੀ ਮਾਂ ਆਪਣੇ ਕਈ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕਰ ਦਿੰਦੀ ਹੈ, ਪਰ ਅਫ਼ਸੋਸ! ਸਾਰੇ ਬੱਚਿਆਂ ਕੋਲੋਂ ਮਿਲ ਕੇ ਵੀ ਇੱਕ ਮਾਂ ਸਾਂਭੀ ਨਹੀਂ ਜਾਂਦੀ। ਮਾਂ ਦੇ ਤੁਰ ਜਾਣ ਤੋਂ ਬਾਅਦ ਜ਼ਿੰਦਗੀ ਵਿੱਚ ਰੋਕਣ-ਟੋਕਣ ਵਾਲਾ ਕੋਈ ਨਹੀਂ ਰਹਿੰਦਾ। ਜਿਹੜੇ ਲੋਕ ਰੋਕਦੇ-ਟੋਕਦੇ ਵੀ ਹਨ, ਉਨ੍ਹਾਂ ਦੇ ਲਹਿਜੇ ਵਿੱਚ ਨਾ ਤਾਂ ਮਾਂ ਵਰਗਾ ਫ਼ਿਕਰ ਹੁੰਦਾ ਹੈ ਅਤੇ ਨਾ ਹੀ ਉਹ ਆਪਣਾਪਣ। ‘‘ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ’’, ‘‘ਤੂੰ ਵਿਗੜਦਾ ਜਾ ਰਿਹਾ ਏਂ’’, ‘‘ਮੈਨੂੰ ਤੇਰੀ ਸੰਗਤ ਠੀਕ ਨਹੀਂ ਲੱਗਦੀ’’, ‘‘ਮੈਨੂੰ ਮੂਰਖ ਨਾ ਸਮਝ, ਮੈਂ ਸਭ ਜਾਣਦੀ ਹਾਂ’’- ਇਹ ਪਿਆਰ ਭਰੀਆਂ ਝਿੜਕਾਂ ਵਾਲੇ ਸ਼ਬਦ ਸਿਰਫ਼ ਮਾਂ ਦੇ ਮੂੰਹੋਂ ਹੀ ਨਿਕਲ ਸਕਦੇ ਹਨ ਕਿਉਂਕਿ ਬੱਚਿਆਂ ਦਾ ਉਸ ਤੋਂ ਵੱਧ ਫ਼ਿਕਰ ਦੁਨੀਆ ਵਿੱਚ ਹੋਰ ਕਿਸੇ ਨੂੰ ਹੋ ਹੀ ਨਹੀਂ ਸਕਦਾ। ਮਾਂ ਪਰਿਵਾਰ ਅਤੇ ਹੋਰ ਸਭ ਰਿਸ਼ਤਿਆਂ ਵਿਚਕਾਰ ਇੱਕ ਅਜਿਹਾ ਮਜ਼ਬੂਤ ਪੁਲ ਹੁੰਦੀ ਹੈ, ਜਿਸ ਦੇ ਟੁੱਟਦਿਆਂ ਹੀ ਸਾਰੇ ਰਿਸ਼ਤੇ-ਨਾਤੇ ਪੇਤਲੇ ਪੈ ਜਾਂਦੇ ਹਨ। ਭੈਣਾਂ, ਮਾਸੀਆਂ, ਭੂਆ ਅਤੇ ਹੋਰ ਸਾਕ-ਸਬੰਧੀਆਂ ਦਾ ਆਉਣਾ-ਜਾਣਾ ਮਹਿਜ਼ ਰਸਮੀ ਰਹਿ ਜਾਂਦਾ ਹੈ। ਭਰਾਵਾਂ ਦੀਆਂ ਇੱਕ-ਦੂਜੇ ਵੱਲ ਪਿੱਠਾਂ ਹੋ ਜਾਂਦੀਆਂ ਹਨ, ਉਹ ਇੱਕ-ਦੂਜੇ ਦੇ ਸ਼ਰੀਕ ਬਣ ਜਾਂਦੇ ਹਨ ਅਤੇ ਉਨ੍ਹਾਂ ਦਾ ਆਪਸੀ ਸੰਵਾਦ ਤੱਕ ਰੁਕ ਜਾਂਦਾ ਹੈ। ਮਾਂ ਨੂੰ ਇਹ ਭਲੀ-ਭਾਂਤ ਪਤਾ ਹੁੰਦਾ ਹੈ ਕਿ ਪੁੱਤਾਂ ਦੇ ਵਿਆਹਾਂ ਤੋਂ ਬਾਅਦ ਘਰ ਵਿੱਚ ਨੂੰਹਾਂ ਨੇ ਆ ਜਾਣਾ ਹੈ, ਉਸ ਦੀ ਰੋਟੀ ਵੰਡੀ ਜਾਣੀ ਹੈ ਅਤੇ ਉਸ ਦੀ ਜ਼ਿੰਦਗੀ ਧੀਆਂ-ਪੁੱਤਾਂ ਦੇ ਰਹਿਮੋ-ਕਰਮ ’ਤੇ ਹੋ ਜਾਣੀ ਹੈ; ਫਿਰ ਵੀ ਉਹ ਆਪਣੇ ਪੁੱਤਾਂ ਦੇ ਵਿਆਹਾਂ ਦਾ ਹਰ ਸ਼ਗਨ ਚਾਅ ਅਤੇ ਰੀਝਾਂ ਨਾਲ ਵਧ-ਚੜ੍ਹ ਕੇ ਕਰਦੀ ਹੈ। ਜੇਕਰ ਕਿਸੇ ਬੱਚੇ ਦੇ ਰਿਸ਼ਤੇ ਵਿੱਚ ਦੇਰੀ ਹੋ ਜਾਵੇ ਤਾਂ ਉਸ ਦੀ ਭੁੱਖ-ਪਿਆਸ ਉੱਡ ਜਾਂਦੀ ਹੈੈ। ਉਹ ਆਪਣੀ ਔਲਾਦ ਦੀ ਖ਼ੁਸ਼ੀ ਲਈ ਹਰ ਦੁੱਖ ਹੱਸ ਕੇ ਸਹਿਣ ਲਈ ਤਿਆਰ ਰਹਿੰਦੀ ਹੈ।

Advertisement

ਸਾਡੇ ਮੁਹੱਲੇ ਵਿੱਚ ਰਹਿੰਦੇ ਚੰਗਾ ਖੱਟਦੇ-ਕਮਾਉਂਦੇ ਦੋ ਪੁੱਤਰਾਂ ਵਿੱਚੋਂ ਕੋਈ ਵੀ ਆਪਣੀ ਬਜ਼ੁਰਗ ਮਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ। ਉਹ ਵਿਚਾਰੀ ਘਰ ਦੇ ਇੱਕ ਪੁਰਾਣੇ ਟੁੱਟੇ ਹੋਏ ਕਮਰੇ ਵਿੱਚ ਇਕੱਲੀ ਰਹਿੰਦੀ ਸੀ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਪੇਟ ਪਾਲਦੀ ਸੀ। ਇੱਕ ਦਿਨ ਉਸ ਦੇ ਇੱਕ ਪੁੱਤਰ ਨੂੰ ਪੁਲੀਸ ਕਿਸੇ ਮਾਮਲੇ ਵਿੱਚ ਫੜ ਕੇ ਲੈ ਗਈ। ਉਹ ਮਾਂ ਆਪਣੇ ਉਸੇ ਪੁੱਤਰ ਨੂੰ ਪੁਲੀਸ ਤੋਂ ਛੁਡਵਾਉਣ ਲਈ ਭੱਜੀ-ਭੱਜੀ ਇਲਾਕੇ ਦੇ ਵਿਧਾਇਕ ਕੋਲ ਪਹੁੰਚੀ ਅਤੇ ਮਿੰਨਤਾਂ ਕਰਦਿਆਂ ਕਹਿਣ ਲੱਗੀ, ‘‘ਮੇਰਾ ਪੁੱਤ ਬੇਕਸੂਰ ਹੈ, ਪੁਲੀਸ ਨੂੰ ਫੋਨ ਕਰ ਕੇ ਉਸ ਨੂੰ ਛੁਡਵਾ ਦਿਓ।’’ ਵਿਧਾਇਕ ਨੇ ਹੈਰਾਨ ਹੋ ਕੇ ਉਸ ਮਾਂ ਨੂੰ ਆਖਿਆ, ‘‘ਬੇਬੇ, ਤੇਰਾ ਮੁੰਡਾ ਤੈਨੂੰ ਆਪਣੇ ਘਰ ਵੜਨ ਨਹੀਂ ਦਿੰਦਾ, ਤੈਨੂੰ ਝੱਲਦਾ ਤੱਕ ਨਹੀਂ, ਫਿਰ ਵੀ ਤੂੰ ਉਸ ਨੂੰ ਛੁਡਵਾਉਣ ਲਈ ਹਾੜ੍ਹੇ ਕੱਢ ਰਹੀ ਹੈਂ?’’ ਉਸ ਮਾਂ ਨੇ ਅੱਗੋਂ ਬੜਾ ਭਾਵੁਕ ਜਵਾਬ ਦਿੱਤਾ, ‘‘ਪੁੱਤਰਾ, ਮੈਂ ਮਾਂ ਹਾਂ। ਮੈਂ ਉਸ ਨੂੰ ਨੌਂ ਮਹੀਨੇ ਕੁੱਖ ਵਿੱਚ ਰੱਖ ਕੇ ਜਨਮ ਦਿੱਤਾ ਹੈ। ਮਾਂ ਆਪਣੇ ਪੁੱਤ ਨੂੰ ਕਦੇ ਵੀ ਤਕਲੀਫ਼ ਵਿੱਚ ਨਹੀਂ ਦੇਖ ਸਕਦੀ।’ ਉਹ ਮਾਂ ਹੀ ਹੁੰਦੀ ਹੈ, ਜੋ ਪੁੱਤਾਂ ਨੂੰ ਇੱਕ-ਦੂਜੇ ਨਾਲ ਜੋੜੀ ਰੱਖਣ ਲਈ ਉਨ੍ਹਾਂ ਦੀਆਂ ਗ਼ਲਤੀਆਂ ’ਤੇ ਪਰਦਾ ਪਾ ਕੇ ਰੱਖਦੀ ਹੈ। ਇਮਤਿਹਾਨਾਂ ਦੇ ਦਿਨਾਂ ਵਿੱਚ ਮਾਂ ਵੱਲੋਂ ਦਹੀਂ-ਖੰਡ ਜਾਂ ਮਿੱਠੇ ਚੌਲ ਖੁਆਉਣਾ, ਮੱਥਾ ਟੇਕਣ ਲਈ ਮੰਦਰ-ਗੁਰਦੁਆਰੇ ਲੈ ਕੇ ਜਾਣਾ, ਬਾਬਾ ਜੀ/ਭਾਈ ਜੀ ਤੋਂ ਪੇਪਰ ਚੰਗੇ ਹੋਣ ਦਾ ਆਸ਼ੀਰਵਾਦ ਦਿਵਾਉਣਾ ਅਤੇ ਵੱਡਿਆਂ ਦੇ ਪੈਰੀਂ ਹੱਥ ਲਗਾਉਣ ਲਈ ਕਹਿਣਾ ਯਾਦ ਆਉਂਦਾ ਹੈ। ਮੱਥਾ ਚੁੰਮ ਕੇ ਇਮਤਿਹਾਨ ਲਈ ਭੇਜਣਾ, ਘੱਟ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਬੜੇ ਫ਼ਿਕਰ ਨਾਲ ਪੁੱਛਣਾ ਕਿ ‘ਪਰਚਾ ਕਿਸ ਤਰ੍ਹਾਂ ਦਾ ਹੋਇਆ?’ ਅਤੇ ਸਾਡਾ ਚਿਹਰਾ ਵੇਖ ਕੇ ਹੀ ਅੰਦਾਜ਼ਾ ਲਗਾ ਲੈਣਾ ਕਿ ਪੇਪਰ ਚੰਗਾ ਹੋਇਆ ਹੈ ਜਾਂ ਮਾੜਾ। ਇਹ ਸਭ ਕੁਝ ਅੱਜ ਯਾਦ ਆਉਂਦਾ ਹੈ ਤਾਂ ਮਾਂ ਦੇ ਤੁਰ ਜਾਣ ਦਾ ਅਹਿਸਾਸ ਹੋਰ ਸ਼ਿੱਦਤ ਨਾਲ ਹੁੰਦਾ ਹੈ। ਧੀਆਂ ਜਿੰਨੀਆਂ ਮਰਜ਼ੀ ਸੁਖੀ ਹੋਣ ਜਾਂ ਜਿੰਨੇ ਮਰਜ਼ੀ ਅਮੀਰ ਘਰ ਵਿੱਚ ਵਿਆਹੀਆਂ ਹੋਣ, ਫਿਰ ਵੀ ਮਾਂ ਦੀ ਹਮੇਸ਼ਾ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਘਰੋਂ ਵੱਧ ਤੋਂ ਵੱਧ ਦੇ ਕੇ ਤੋਰਿਆ ਜਾਵੇ। ਗੀਤਕਾਰ ਸ਼ਮਸ਼ੇਰ ਸੰਧੂ ਨੇ ਗੀਤ ‘ਪੇਕੇ ਹੁੰਦੇ ਮਾਵਾਂ ਨਾਲ’ ਐਵੇਂ ਹੀ ਨਹੀਂ ਲਿਖਿਆ ਕਿਉਂਕਿ ਮਾਵਾਂ ਦੇ ਜਿਉਂਦਿਆਂ ਧੀਆਂ ਦੀ ਪੇਕੇ ਘਰ ਵਿੱਚ ਬਹੁਤ ਵੁੱਕਤ ਹੁੰਦੀ ਹੈ। ਮਾਵਾਂ ਅਕਸਰ ਧੀਆਂ ਨੂੰ ਇਹ ਕਹਿੰਦੀਆਂ ਹਨ, ‘‘ਧੀਏ! ਮੇਰੇ ਜਿਉਂਦੇ-ਜੀਅ ਛੇਤੀ-ਛੇਤੀ ਗੇੜਾ ਮਾਰ ਲਿਆ ਕਰ, ਮੇਰੇ ਤੋਂ ਬਾਅਦ ਤੈਨੂੰ ਕਿਸੇ ਨੇ ਆਉਣ ਲਈ ਨਹੀਂ ਕਹਿਣਾ।’’ ਅੱਜ ਮਾਂ ਨਹੀਂ ਰਹੀ ਤਾਂ ਕਦੇ ਇਕੱਲਤਾ ਵਿੱਚ ਬੈਠਿਆਂ ਉਸ ਦੀਆਂ ਆਖੀਆਂ ਨਿੱਕੀਆਂ-ਨਿੱਕੀਆਂ ਗੱਲਾਂ ਚੇਤੇ ਆਉਂਦੀਆਂ ਹਨ: ‘‘ਪੁੱਤ ਖੜ੍ਹੇ ਹੋ ਕੇ ਦੁੱਧ ਨਹੀਂ ਪੀਂਦੇ’’, ‘‘ਜੂਠੀ ਰੋਟੀ ਨਹੀਂ ਛੱਡੀਦੀ, ਅੰਨ ਪਰਮੇਸ਼ਰ ਦੁਰਸੀਸ ਦਿੰਦਾ ਹੈ’’, ‘‘ਕੱਪੜੇ ਢੰਗ ਨਾਲ ਪਾ ਕੇ ਰੱਖ, ਸਰਦੀ ਲੱਗ ਜਾਵੇਗੀ’’, ‘‘ਨਹਾਉਣ ਤੋਂ ਪਹਿਲਾਂ ਰੋਟੀ ਖਾਣੀ ਚੰਗੀ ਨਹੀਂ ਹੁੰਦੀ’’, ‘‘ਸਵੇਰੇ ਦੇਰ ਨਾਲ ਉੱਠਣਾ ਚੰਗਾ ਨਹੀਂ ਹੁੰਦਾ’’ ਅਤੇ ਰਾਤ ਨੂੰ ਦੇਰ ਨਾਲ ਘਰ ਆਉਣ ’ਤੇ ਝਿੜਕਣਾ ‘‘ਤੈਨੂੰ ਵਾਰ-ਵਾਰ ਕਿਉਂ ਸਮਝਾਉਣਾ ਪੈਂਦਾ ਹੈ?’’। ਜਿਸ ਆਜ਼ਾਦੀ ਲਈ ਅਸੀਂ ਮਾਂ ਨਾਲ ਲੜਦੇ ਰਹਿੰਦੇ ਸੀ, ਅੱਜ ਜਦੋਂ ਉਹ ਆਜ਼ਾਦੀ ਸਾਡੇ ਕੋਲ ਹੈ ਤਾਂ ਸਾਡੇ ਕੋਲ ਮਾਂ ਨਹੀਂ ਹੈ। ਮਾਂ ਤੋਂ ਬਿਨਾਂ ਉਸ ਆਜ਼ਾਦੀ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਡਾਕਟਰ ਏ ਪੀ ਜੇ ਅਬਦੁਲ ਕਲਾਮ ਆਪਣੀ ਇੱਕ ਪੁਸਤਕ ਵਿੱਚ ਲਿਖਦੇ ਹਨ ਕਿ ਮੈਂ ਉਸ ਦਿਨ ਮਾਂ ਦਾ ਕਰਜ਼ਦਾਰ ਹੋ ਗਿਆ, ਜਿਸ ਦਿਨ ਮੈਨੂੰ ਇਹ ਪਤਾ ਲੱਗਾ ਕਿ ਉਹ ਖ਼ੁਦ ਭੁੱਖੀ ਰਹਿ ਗਈ ਕਿਉਂਕਿ ਮੈਂ ਉਸ ਦੇ ਹਿੱਸੇ ਦੀਆਂ ਰੋਟੀਆਂ ਵੀ ਖਾ ਗਿਆ ਸਾਂ। ਮੇਰੇ ਇਹ ਕਹਿਣ ’ਤੇ ਕਿ ਮੈਥੋਂ ਭੁੱਲ ਹੋ ਗਈ ਹੈ ਤਾਂ ਮਾਂ ਨੇ ਅੱਗੋਂ ਬੜੇ ਪਿਆਰ ਨਾਲ ਕਿਹਾ ਸੀ, ‘‘ਜਦੋਂ ਪੁੱਤ ਢਿੱਡ ਭਰ ਕੇ ਰੋਟੀ ਖਾ ਲੈਂਦਾ ਹੈ ਤਾਂ ਮਾਂ ਆਪਣੇ ਆਪ ਰੱਜ ਜਾਂਦੀ ਹੈ।’’ ਉਸ ਦੇ ਨਾ ਹੋਣ ਦੇ ਅਸਹਿ ਵਿਛੋੜੇ ਦਾ ਦੁੱਖ ਸਹਿੰਦਿਆਂ ਵੀ ਮੈਂ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਹਾਂ ਕਿ ਮੈਂ ਉਸ ਦਾ ਪੁੱਤਰ ਹਾਂ।

ਸੰਪਰਕ: 98726-27136

Advertisement
×