ਨਵੰਬਰ 1984
ਨਵੰਬਰ 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਅਤੇ ਦੇਸ਼ ਵਿੱਚ ਹੋਰ ਕਈ ਥਾਈਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਥਲਾ ਲੇਖ ਉਸ ਵੇਲੇ ਸਿੱਖ ਭਾਈਚਾਰੇ ਵੱਲੋਂ ਹੰਢਾਈ ਗਈ ਅਕੱਥ ਪੀੜ ਨੂੰ ਉਜਾਗਰ ਕਰਦਾ ਹੈ। ਸਰੋਤ: 1984...
ਨਵੰਬਰ 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਅਤੇ ਦੇਸ਼ ਵਿੱਚ ਹੋਰ ਕਈ ਥਾਈਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਥਲਾ ਲੇਖ ਉਸ ਵੇਲੇ ਸਿੱਖ ਭਾਈਚਾਰੇ ਵੱਲੋਂ ਹੰਢਾਈ ਗਈ ਅਕੱਥ ਪੀੜ ਨੂੰ ਉਜਾਗਰ ਕਰਦਾ ਹੈ।
ਸਰੋਤ: 1984 ਸਿੱਖ ਆਰਕਾਈਵ
ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ’ਤੇ ਜੂਨ 1984 ਵਿੱਚ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ ਗਿਆ। ਇਸ ਕਾਰਨ ਸਿੱਖ ਭਾਈਚਾਰੇ ਦੇ ਮਨਾਂ ਵਿੱਚ ਡਾਢਾ ਰੋਹ ਸੀ। ਇਸ ਦੇ ਚਲਦਿਆਂ ਇੰਦਰਾ ਗਾਂਧੀ ਦੇ ਸਿੱਖ ਅੰਗ ਰੱਖਿਅਕਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਉਸ ਦੀ ਹੱਤਿਆ ਕਰ ਦਿੱਤੀ। ਉਸ ਸਮੇਂ ਦੇ ਕਾਂਗਰਸੀ ਆਗੂਆਂ ਐੱਚ.ਕੇ.ਐੱਲ. ਭਗਤ, ਲਲਿਤ ਮਾਕਨ, ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ ਅਤੇ ਅਰਜਨ ਦਾਸ ਫੌਰੀ ਏਮਜ਼ ਪੁੱਜੇ, ਜਿੱਥੇ ਗੋਲੀਆਂ ਲੱਗਣ ਤੋਂ ਬਾਅਦ ਇੰਦਰਾ ਗਾਂਧੀ ਨੂੰ ਲਿਆਂਦਾ ਗਿਆ ਸੀ। ਉਸ ਦਿਨ ਇਸ ਬਾਰੇ ਖ਼ਬਰ ਨਸ਼ਰ ਹੋਣ ਮਗਰੋਂ ਦਿੱਲੀ ਅਤੇ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ, ਸਿੱਖਾਂ ਵਿਰੁੱਧ ਆਪਣੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਖ਼ੌਫ਼ਨਾਕ ਨਾਅਰਾ ਦਿੱਤਾ ਗਿਆ ਸੀ: ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’। ਇਨ੍ਹਾਂ ਆਗੂਆਂ ਦੇ ਹਸਪਤਾਲ ਤੋਂ ਬਾਹਰ ਨਿਕਲਦਿਆਂ ਹੀ ਸਿੱਖਾਂ ਉੱਤੇ ਹਮਲੇ ਸ਼ੁਰੂ ਹੋ ਗਏ ਸਨ।
1 ਨਵੰਬਰ
ਪੱਤਰਕਾਰ ਤਵਲੀਨ ਸਿੰਘ ਨੇ ਆਪਣੀ ਪੁਸਤਕ ‘ਦਰਬਾਰ’ ਵਿੱਚ ਲਿਖਿਆ ਹੈ: ‘ਉਸ (ਰਾਜੀਵ ਗਾਂਧੀ) ਨੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ ਕਿ ਭਾਰਤ ਨੇ ਇੱਕ ਮਹਾਨ ਨੇਤਾ ਗੁਆ ਦਿੱਤਾ ਹੈ। ਇੱਕ ਅਜਿਹੀ ਆਗੂ ਜੋ ਨਾ ਸਿਰਫ਼ ਉਸ ਦੀ ਆਪਣੀ ਮਾਂ ਸੀ ਸਗੋਂ ਪੂਰੇ ਦੇਸ਼ ਦੀ ਮਾਂ ਸੀ। ਫਿਰ ਉਹ ਰੁਕ ਕੇ ਉਦਾਸੀ ਨਾਲ ਕੈਮਰੇ ਵੱਲ ਦੇਖਣ ਲੱਗਾ ਜਦੋਂਕਿ ਦੂਰਦਰਸ਼ਨ ਉੱਤੇ ਐੱਚ.ਕੇ.ਐੱਲ. ਭਗਤ ਤੇ ਉਸ ਦੇ ਸਮਰਥਕ ਦੁਹੱਥੜ ਮਾਰਦੇ ਹੋਏ ਇਹ ਨਾਅਰੇ ਲਾਉਂਦਿਆਂ ਦਿਖਾਏ ਜਾ ਰਹੇ ਸਨ, ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’।’
‘ਦਿ ਇਲੱਸਟ੍ਰੇਟਿਡ ਵੀਕਲੀ ਆਫ ਇੰਡੀਆ’ ਦੀ 23 ਦਸੰਬਰ 1984 ਦੀ ਰਿਪੋਰਟ ਮੁਤਾਬਿਕ ਗਵਾਹਾਂ ਨੇ ਦੱਸਿਆ ਕਿ ਭੀੜ ਕਿਵੇਂ ਘਰ-ਘਰ ਜਾਂਦੀ, ਹਰ ਵਿਅਕਤੀ ਦਾ ਨਾਂ ਲੈ ਕੇ ਉਸ ਨੂੰ ਬਾਹਰ ਘੜੀਸ ਕੇ ਲਿਆਉਂਦੀ ਅਤੇ ਕੁੱਟਦੀ-ਮਾਰਦੀ, ਕੋਂਹਦੀ ਤੇ ਉਸ ਉੱਤੇ ਮਿੱਟੀ ਦਾ ਤੇਲ ਛਿੜਕ ਕੇ ਸਾੜ ਦਿੰਦੀ ਸੀ। ਇਹ ਕੋਈ ਬਾਹਰੋਂ ਆਏ ਲੋਕ ਨਹੀਂ ਸਨ ਸਗੋਂ ਕੁਝ ਗੁਆਂਢੀਆਂ ਨੇ ਹੀ ਹਮਲਾਵਰ ਭੀੜਾਂ ਦਾ ਸਿੱਖਾਂ ਦੇ ਕਤਲਾਂ ਅਤੇ ਲੁੱਟ-ਮਾਰ ਜਾਂ ਅੱਗਾਂ ਲਾ ਲਾ ਕੇ ਸਾੜਨ ਵਿੱਚ ਸਾਥ ਦਿੱਤਾ ਸੀ।
ਭਾਜਪਾ ਦੇ ਤਤਕਾਲੀ ਜਨਰਲ ਸਕੱਤਰ ਲਾਲ ਕ੍ਰਿਸ਼ਨ ਅਡਵਾਨੀ ਯਾਦ ਕਰਦੇ ਹਨ ਕਿ ਪਾਰਟੀ ਦੇ ਇੱਕ ਸੀਨੀਅਰ ਮੈਂਬਰ ਮਦਨ ਲਾਲ ਖੁਰਾਣਾ ਨੇ ਕਾਹਲੀ ਨਾਲ ਵਧੀਕ ਪੁਲੀਸ ਕਮਿਸ਼ਨਰ ਐੱਚ.ਸੀ. ਜਾਟਵ ਕੋਲ ਜਾ ਕੇ ਰੋਸ ਪ੍ਰਗਟ ਕੀਤਾ, ਜੋ ਸ਼ਾਂਤ ਖੜ੍ਹਾ ਤਾਂਡਵ ਕਰ ਰਹੀ ਭੀੜ ਨੂੰ ਦੇਖ ਰਿਹਾ ਸੀ। ਖੁਰਾਣਾ ਦੀ ਗੱਲ ਸੁਣ ਕੇ ਜਾਟਵ ਨੇ ਕਿਹਾ, “ਥੋੜ੍ਹਾ ਹੋਨੇ ਦੋ, ਐਸੀ ਕਿਆ ਬਾਤ ਹੈ?”
ਪਹਿਲੀ ਨਵੰਬਰ ਨੂੰ ਸੂਰਜ ਛਿਪਣ ਮਗਰੋਂ ਪੂਰਬੀ ਦਿੱਲੀ ਦੀ ਤ੍ਰਿਲੋਕਪੁਰੀ ਦੇ ਬਲਾਕ 32 ਵਿਚਲੀ ਹਮਲਾਵਰ ਭੀੜ ਰਾਤ ਦੇ ਖਾਣੇ ਲਈ ਖਿੰਡ-ਪੁੰਡ ਗਈ। ਇਸ ਬਲਾਕ ਦੇ 400 ਤੋਂ ਵੱਧ ਸਿੱਖ ਪਰਿਵਾਰਾਂ ਦਾ ਕਤਲੇਆਮ, ਅੱਗਜ਼ਨੀ ਅਤੇ ਲੁੱਟ-ਮਾਰ ਕਰਨ ਮਗਰੋਂ ਉਨ੍ਹਾਂ ਨੂੰ ਸੱਚਮੁੱਚ ਭੁੱਖ ਲੱਗ ਆਈ ਸੀ। ਇੱਕ ਘੰਟੇ ਮਗਰੋਂ ਢਿੱਡ ਭਰ ਕੇ ਉਹ ਜਮਨਾ ਪਾਰ ਦੀ ਕਲੋਨੀ ਦੀਆਂ ਦੋ ਭੀੜੀਆਂ ਗਲੀਆਂ ਵਿੱਚ ਤਫ਼ਰੀਹ ਕਰਨ ਪਰਤੇ ਤਾਂ ਜੋ ਉੱਥੇ ‘ਸਖ਼ਤ ਮਿਹਨਤ’ ਕਰ ਰਹੇ ਲੋਕਾਂ (ਹਮਲਾਵਰ ਭੀੜ) ਦਾ ਸਾਥ ਦੇਣ। ਦਿੱਲੀ ਅਤੇ ਦੇਸ਼ ਦੇ 80 ਤੋਂ ਵੱਧ ਸ਼ਹਿਰਾਂ ਵਿੱਚ ਗਿਣੀ-ਮਿਥੀ ਸਾਜ਼ਿਸ਼ ਤਹਿਤ ਹਿੰਸਾ ਸ਼ੁਰੂ ਹੋ ਚੁੱਕੀ ਸੀ। ਹਰ ਥਾਂ ਤਰੀਕਾ ਇੱਕੋ ਜਿਹਾ ਸੀ, ਅਵਿਸ਼ਵਾਸਯੋਗ ਅਤੇ ਅਣਮਨੁੱਖੀ ਹਿੰਸਾ ਸੀ, ਦੁਖਾਂਤ ਅਕੱਥ ਸੀ। ਇਹ ਹਿੰਸਾ ਚਾਰ ਦਿਨ ਹੋਈ। ਰੇਲਵੇ ਅਥਾਰਿਟੀਆਂ ਤੋਂ ਮਿਲੇ ਆਰ.ਪੀ.ਐੱਫ ਦੇ ਰਿਕਾਰਡ ਮੁਤਾਬਿਕ, ਨਵੰਬਰ ਦੇ ਪਹਿਲੇ ਦੋ ਦਿਨਾਂ ਵਿੱਚ ਘੱਟੋ-ਘੱਟ ਛਿਆਲੀ ਵਾਰ ਅਣਅਧਿਕਾਰਤ ਤੌਰ ’ਤੇ ਰੇਲਗੱਡੀਆਂ ਰੋਕੀਆਂ ਗਈਆਂ। ਰੇਲਗੱਡੀ ਰੋਕਣ ਮਗਰੋਂ ਸਿੱਖਾਂ ਨੂੰ ਪਛਾਣ-ਪਛਾਣ ਕੇ ਬਾਹਰ ਘੜੀਸਿਆ ਅਤੇ ਫਿਰ ਕੋਹ-ਕੋਹ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸ਼ਾਂ ਪਲੈਟਫਾਰਮਾਂ ਜਾਂ ਪਟੜੀਆਂ ’ਤੇ ਸੁੱਟ ਦਿੱਤੀਆਂ ਗਈਆਂ।
2 ਨਵੰਬਰ
ਹਿੰਸਾ ਸਿਰਫ਼ ਰਾਜਧਾਨੀ ਦਿੱਲੀ ਤੱਕ ਹੀ ਸੀਮਿਤ ਨਹੀਂ ਸੀ ਰਹੀ। ਦਿੱਲੀ ਦੀਆਂ ਬਾਹਰੀ ਕਲੋਨੀਆਂ ਅਤੇ ਹੋਰ ਦੂਰ-ਦੁਰਾਡੇ ਇਲਾਕਿਆਂ ਯਾਨੀ ਉੱਤਰੀ ਭਾਰਤ ਦੇ ‘ਗਊ-ਪੂਜਕ’ ਸੂਬਿਆਂ ਅਤੇ ਹੋਰ ਸੂਬਿਆਂ ਵਿੱਚ ਜਿੱਥੇ ਵੀ ਸਿੱਖਾਂ ਦੀ ਸੰਘਣੀ ਆਬਾਦੀ ਸੀ, ਵਿੱਚ ਵੀ ਹਮਲੇ ਸ਼ੁਰੂ ਕਰ ਦਿੱਤੇ ਗਏ। ਦਿੱਲੀ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਥਾਂ ਉੱਤਰ ਪ੍ਰਦੇਸ਼ ਦਾ ਸੁਲ੍ਹਾਕੁਲ ਸ਼ਹਿਰ ਕਾਨਪੁਰ ਸੀ। ਪੂਰਬੀ ਰਾਜ ਬਿਹਾਰ ਦੀ ਬੋਕਾਰੋ ਸਟੀਲ ਸਿਟੀ ਅਤੇ ਚਾਸ ਖੇਤਰ ਵਿੱਚ ਵੀ ਏਨੀ ਹੀ ਭਿਆਨਕ ਹਿੰਸਾ ਭੜਕੀ।
ਉੱਤਰ-ਪੱਛਮ ਵਿੱਚ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੇਂਦਰੀ ਉੱਤਰੀ ਸੂਬਿਆਂ ਵਿੱਚ ਵੀ ਹਿੰਸਾ ਫੈਲ ਗਈ, ਜਿੱਥੇ ਸੰਗਠਿਤ ਹਿੰਸਾ ਕਾਰਨ ਲਗਭਗ ਚਾਲੀ ਸ਼ਹਿਰ ਪ੍ਰਭਾਵਿਤ ਹੋਏ। ਪੱਛਮ ਵਿੱਚ ਰਾਜਸਥਾਨ ਤੇ ਗੁਜਰਾਤ, ਪੂਰਬ ਵਿੱਚ ਬਿਹਾਰ ਤੇ ਪੱਛਮੀ ਬੰਗਾਲ ਦੇ ਨਾਲ ਨਾਲ ਦੱਖਣ-ਪੱਛਮ ’ਚ ਮਹਾਰਾਸ਼ਟਰ ਵਿੱਚ ਵੀ ਹਿੰਸਾ ਦੀਆਂ ਘਟਨਾਵਾਂ ਹੋਈਆਂ। ਇਹ ਜਾਬਰ ਵਰਤਾਰਾ ਦੇਸ਼ ਦੇ ਦੂਰ-ਦੁੁਰਾਡੇ ਉੱਤਰ-ਪੂਰਬੀ ਸੂਬੇ ਆਸਾਮ ਤੱਕ ਵੀ ਜਾ ਪਹੁੰਚਿਆ।
ਗੈਮਨ ਕਲੋਨੀ ਦੇ ਦੰਗਾ ਪੀੜਤ ਗਵਾਹ ਨਰਿੰਦਰ ਸਿੰਘ ਵੱਲੋਂ ਮਿਸ਼ਰਾ ਕਮਿਸ਼ਨ 1987 ਨੂੰ ਦਿੱਤੇ ਗਏ ਹਲਫ਼ਨਾਮੇ ਮੁਤਾਬਿਕ, ‘‘ਜਿਉਂ ਹੀ ਅਸੀਂ ਬਾਹਰ ਆਏ, ਉਨ੍ਹਾਂ ਨੇ ਲਹੂ ਦੇ ਤਿਹਾਏ ਜਾਨਵਰਾਂ ਵਾਂਗ ਸਾਡੇ ਉੱਤੇ ਹਮਲਾ ਕਰ ਦਿੱਤਾ। ਕੁਹਾੜੀ ਦਾ ਪਹਿਲਾ ਵਾਰ ਮੇਰੀ ਮਾਂ ’ਤੇ ਹੋਇਆ। ਅਚਾਨਕ ਬਿਨਾਂ ਕਿਸੇ ਉਕਸਾਹਟ ਦੇ ਹੋਏ ਇਸ ਹਮਲੇ ਤੋਂ ਉਹ ਇੰਨੀ ਘਬਰਾ ਗਈ ਕਿ ਚੀਕ ਵੀ ਨਹੀਂ ਸਕੀ ਅਤੇ ਜ਼ਮੀਨ ’ਤੇ ਡਿੱਗ ਪਈ। ਕੁਹਾੜੀ ਨੇ ਉਸ ਦੇ ਮੋਢੇ ’ਤੇ ਡੂੰਘਾ ਜ਼ਖ਼ਮ ਕਰ ਦਿੱਤਾ ਸੀ ਅਤੇ ਉਸ ਦਾ ਕਾਫ਼ੀ ਖ਼ੂਨ ਵਹਿਣ ਲੱਗਾ। ਉਸ ਦੇ ਡਿੱਗਣ ਤੋਂ ਬਾਅਦ ਵੀ ਹਮਲਾਵਰ ਨਹੀਂ ਰੁਕੇ ਸਗੋਂ ਉਨ੍ਹਾਂ ਸਾਰਿਆਂ ਨੇ ਆਪਣੇ ਹਥਿਆਰਾਂ ਨਾਲ ਉਸ ’ਤੇ ਵਾਰ ਕੀਤੇ, ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ। ਅਗਲਾ ਨਿਸ਼ਾਨਾ ਮੇਰੀ ਛੋਟੀ ਭੈਣ ਬਣੀ, ਜਿਸ ਦੀ ਉਮਰ ਸਤਾਰਾਂ ਸਾਲ ਸੀ। ਉਸ ਦੀ ਗਰਦਨ ਵਿੱਚ ਇੱਕ ਲੰਮਾ ਚਾਕੂ ਖੋਭ ਦਿੱਤਾ ਗਿਆ, ਜਿਸ ਨਾਲ ਡੂੰਘਾ ਜ਼ਖ਼ਮ ਹੋ ਗਿਆ ਅਤੇ ਉਸ ਵਿੱਚੋਂ ਖ਼ੂਨ ਦੀ ਤਤੀਰੀ ਵਹਿ ਤੁਰੀ। ਉਹ ਮੌਕੇ ’ਤੇ ਹੀ ਡਿੱਗ ਪਈ, ਪਰ ਮੁਜਰਿਮ ਉਸ ਨੂੰ ਉਦੋਂ ਤੱਕ ਕੋਂਹਦੇ ਰਹੇ ਜਦੋਂ ਤੱਕ ਉਨ੍ਹਾਂ ਨੂੰ ਮੇਰੀ ਬੇਸਹਾਰਾ ਭੈਣ ਦੇ ਮਰਨ ਦਾ ਯਕੀਨੀ ਨਹੀਂ ਹੋ ਗਿਆ।’’
ਕਤਲੇਆਮ ਦੀ ਪਹਿਲੀ ਲਹਿਰ ਮਗਰੋਂ ਪੁਲੀਸ ਵੀ ਬਚੇ ਹੋਏ ਸਿੱਖਾਂ ਨੂੰ ਲੱਭ ਕੇ ਖ਼ਤਮ ਕਰਨ ਲਈ ਫਿਰਦੇ ਕਾਤਲ ਦਸਤਿਆਂ ਨਾਲ ਹੋ ਤੁਰੀ। ਕਈ ਚਸ਼ਮਦੀਦਾਂ ਨੇ ਗਵਾਹੀਆਂ ਦਿੱਤੀਆਂ ਕਿ ਪੁਲੀਸ ਨੇ ਕਾਤਲਾਂ ਨੂੰ ਕਲੋਨੀਆਂ ਵਿੱਚ ਵਾਰ-ਵਾਰ ਆਉਣ ਜਾਣ ਦੀ ਖੁੱਲ੍ਹ ਦਿੱਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਚੀ ਵਿਚਲੇ ਨਾਵਾਂ ਵਾਲੇ ਸਾਰੇ ਲੋਕ ਮਾਰ ਮੁਕਾਏ ਜਾ ਸਕਣ।
ਛੇ ਨਵੰਬਰ ਤੱਕ ਇੱਕ ਹਫ਼ਤਾ ਰੇਡੀਓ ਉੱਤੇ ਪ੍ਰਸਾਰਿਤ ਕੀਤੀਆਂ ਤੇ ਟੈਲੀਵਿਜ਼ਨ ਸਕਰੀਨਾਂ ਉੱਤੇ ਦਿਖਾਈਆਂ ਜਾ ਰਹੀਆਂ ਖ਼ਬਰਾਂ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਫ਼ੌਜ ਸੱਦ ਲਈ ਗਈ ਹੈ, ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ‘ਸਥਿਤੀ ਕਾਬੂ ਹੇਠ’ ਹੋਣ ਦਾ ਘਿਸਿਆ-ਪਿੱਟਿਆ ਭਰੋਸਾ ਦਿੱਤਾ ਜਾਂਦਾ ਰਿਹਾ। ਆਖ਼ਰ ਫ਼ੌਜ ਨੂੰ 5 ਨਵੰਬਰ ਤੋਂ ਬਾਅਦ ਹੀ ਵਿਆਪਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਗਿਆ।
ਨਾਨਾਵਤੀ ਕਮਿਸ਼ਨ 2005 ਨੂੰ ਹਰੀ ਨਗਰ ਆਸ਼ਰਮ ਦੇ ਕੁਲਦੀਪ ਸਿੰਘ ਭੋਗਲ ਵੱਲੋਂ ਦਿੱਤੇ ਗਏ ਹਲਫ਼ਨਾਮੇ ਮੁਤਾਬਿਕ, ‘ਹਰਿਆਣਾ ਦੇ ਇੱਕ ਪੁਲੀਸ ਸਿਖਲਾਈ ਕੇਂਦਰ ਤੋਂ ਪੁਲੀਸ ਕਰਮਚਾਰੀਆਂ ਨੂੰ ਅਰਾਜਕਤਾ ਫੈਲਾਉਣ, ਲਾਕਾਨੂੰਨੀ ਅਤੇ ਤਬਾਹੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਦੰਗਾ ਪੀੜਤ ਇੱਕ ਵਿਅਕਤੀ ਨੇ ਮਗਰੋਂ ਹੋਈ ਇੱਕ ਜਾਂਚ ਵਿੱਚ ਗਵਾਹੀ ਦਿੱਤੀ ਕਿ ਕਿਵੇਂ ਉਹ ਹਿੰਸਾ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਫੜਨ ਵਿੱਚ ਕਾਮਯਾਬ ਹੋ ਗਿਆ ਅਤੇ ਉਸ ਕੋਲੋਂ ਬਰਾਮਦ ਹੋਏ ਪਛਾਣ ਪੱਤਰ ਤੋਂ ਸਾਬਿਤ ਹੁੰਦਾ ਸੀ ਕਿ ਉਹ ਹਰਿਆਣਾ ਦੇ ਮਧੂਬਨ ਪੁਲੀਸ ਟਰੇਨਿੰਗ ਸੈਂਟਰ ਤੋਂ ਹੈ।’
ਆਲ ਇੰਡੀਆ ਰੇਡੀਓ ਨੇ ਇੰਦਰਾ ਗਾਂਧੀ ਦੇ ਕਾਤਲਾਂ ਦੀ ਸਿੱਖ ਪਛਾਣ ਨੂੰ ਉਭਾਰਿਆ। ਟੈਲੀਵਿਜ਼ਨ ਅਤੇ ਰੇਡੀਓ ਦੋਵਾਂ ਰਾਹੀਂ ਨਸ਼ਰ ਹੋਈਆਂ ਸ਼ੁਰੂਆਤੀ ਰਿਪੋਰਟਾਂ ਨੇ ਭੀੜ ਦੇ ਇਨ੍ਹਾਂ ਹਮਲਿਆਂ ਨੂੰ ‘ਇੱਕ-ਦੂਜੇ ’ਤੇ ਕੀਤੇ ਜਾ ਰਹੇ ਹਮਲਿਆਂ’ ਵਜੋਂ ਪੇਸ਼ ਕੀਤਾ, ਜਿਸ ਨਾਲ ਇਹ ਗ਼ਲਤ ਪ੍ਰਭਾਵ ਪਿਆ ਕਿ ਦੋ ਭਾਈਚਾਰੇ ਆਪਸ ਵਿੱਚ ਲੜ ਰਹੇ ਸਨ।
ਉਸ ਵੇਲੇ ਦੀਆਂ ਕੁਝ ਘਟਨਾਵਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਇਹ ਕਤਲੇਆਮ ਗਿਣੀ-ਮਿਥੀ ਸਾਜ਼ਿਸ਼ ਸੀ। ਪੀੜਤਾਂ ਦੇ ਬਿਆਨਾਂ ਮੁਤਾਬਿਕ, ‘ਉਨ੍ਹਾਂ (ਭੀੜ) ਨੇ ਲਛਮਣ ਸਿੰਘ ਦੀ ਖੋਪੜੀ ਖੋਲ੍ਹ ਦਿੱਤੀ ਅਤੇ ਉਸ ਦੀ ਪਤਨੀ ਗਿਆਨ ਦੇਵੀ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਅੱਧ-ਮਰੇ ਉਸ ਆਦਮੀ ਨੂੰ ਅੱਗ ਲਗਾ ਦਿੱਤੀ। ਬਲਵੰਤ ਸਿੰਘ ਨੇ ਦਾੜ੍ਹੀ-ਕੇਸ ਕਤਲ ਕਰਵਾ ਕੇ ਅਤੇ ਸ਼ੇਵ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਅਤੇ ਫਿਰ ਉਸ ਨੂੰ ਵੀ ਉਸੇ ਤਰ੍ਹਾਂ ਸਾੜ ਦਿੱਤਾ ਗਿਆ। ਉਸ (ਗਿਆਨ ਦੇਵੀ) ਦਾ ਖ਼ੌਫ਼ਜ਼ਦਾ ਸਹੁਰਾ ਸਰਬ ਸਿੰਘ ਇਹ ਸਭ ਦੇਖਦਾ ਰਿਹਾ। ਇਹ ਖ਼ੂਨੀ ਖੇਡ ਜਾਰੀ ਰਹੀ, ਜਿਸ ਵਿੱਚ ਸਭ ਕੁਝ ਠੀਕ ਤਰੀਕੇ ਚੱਲ ਰਿਹਾ ਹੋਣ ਨੂੰ ਯਕੀਨੀ ਬਣਾਉਣ ਲਈ ਸਥਾਨਕ ਪੁਲੀਸ ਵਾਲੇ ਵੀ ਗੇੜੇ ਮਾਰਦੇ ਰਹੇ ਸਨ।’
ਉਮਾ ਚਕਰਵਰਤੀ ਤੇ ਨੰਦਿਤਾ ਹਕਸਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਲਿਆਣਪੁਰੀ ਦੀ ਇੱਕ ਵਿਧਵਾ ਔਰਤ ਨਾਨਕੀ ਬਾਈ ਦਾ ਕਹਿਣਾ ਸੀ, ‘‘ਇਹ ਕੋਰਾ ਝੂਠ ਹੈ ਕਿ ਉਹ ਬਾਹਰੋਂ ਆਏ ਸਨ। ਕੋਈ ਵੀ ਬਾਹਰੋਂ ਨਹੀਂ ਸੀ। ਉਹ ਸਾਰੇ ਇੱਥੋਂ ਦੇ ਹੀ ਸਨ। ਅਸੀਂ ਲੁਕਣ ਲਈ ਪਿਛਲੀ ਗਲੀ ਵੱਲ ਗਏ, ਪਰ ਕੋਈ ਵੀ ਸਾਨੂੰ ਲੁਕਾਉਣ ਲਈ ਤਿਆਰ ਨਹੀਂ ਸੀ। ਹੁਣ ਬੇਸ਼ੱਕ ਉਹ ਸਾਰੇ ਕਹਿ ਰਹੇ ਹਨ ਕਿ ਉਨ੍ਹਾਂ ਨੇ ਬਹੁਤ ਮਦਦ ਕੀਤੀ ਹੈ। ਉਹੀ ਲੋਕ ਮਾਰ ਰਹੇ ਸਨ ਅਤੇ ਉਹੀ ਲੋਕ (ਬਾਕੀ) ਸਭ ਕੁਝ ਕਰ ਰਹੇ ਸਨ।’’
3 ਨਵੰਬਰ
ਕਈ ਲੇਖਕਾਂ ਨੇ ਆਪਣੀਆਂ ਕਿਤਾਬਾਂ ਵਿੱਚ ਲਿਖਿਆ ਹੈ ਕਿ ਬਲਾਕ 32 ਦੀਆਂ ਦੋ ਗਲੀਆਂ, ਲਗਭਗ 500 ਵਰਗ ਗਜ਼ ਦਾ ਇੱਕ ਖੇਤਰ ਜਿੱਥੇ ਲਗਭਗ 450 ਸਿੱਖ ਪਰਿਵਾਰ ਰਹਿੰਦੇ ਸਨ, ਲਾਸ਼ਾਂ ਨਾਲ ਅਟਿਆ ਪਿਆ ਸੀ, ਨਾਲੀਆਂ ਕੱਟੇ ਹੋਏ ਅੰਗਾਂ ਤੇ ਵਾਲਾਂ ਦੇ ਢੇਰਾਂ ਨਾਲ ਰੁਕੀਆਂ ਹੋਈਆਂ ਸਨ। ਪਹਿਲੀ ਗਲੀ ਦੇ ਪਹਿਲੇ 20 ਗਜ਼ ਵਿੱਚ ਮਨੁੱਖੀ ਕੰਕਾਲ ਖਿੰਡੇ ਪਏ ਸਨ। ਗਲੀ ਦਾ ਬਾਕੀ 40 ਗਜ਼ ਦਾ ਹਿੱਸਾ ਅਣਕੱਜੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ, ਜਿਨ੍ਹਾਂ ਦੀ ਇੰਨੀ ਬੇਰਹਿਮੀ ਨਾਲ ਵੱਢ-ਟੁੱਕ ਕੀਤੀ ਗਈ ਕਿ ਪਛਾਣਨਾ ਵੀ ਮੁਸ਼ਕਿਲ ਸੀ। ਕਤਲ ਕੀਤੇ ਗਏ ਲੋਕਾਂ ਦੀਆਂ ਬੇਜਾਨ ਬਾਹਾਂ ਬਾਲਕੋਨੀਆਂ ਤੋਂ ਹੇਠਾਂ ਲਟਕ ਰਹੀਆਂ ਸਨ; ਕਈ ਘਰਾਂ ਦੇ ਦਰਵਾਜ਼ਿਆਂ ’ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ।
ਆਪਣੇ ਇੱਕ ਕਮਰੇ ਵਾਲੇ ਕਿਰਾਏ ਦੇ ਘਰ ਵਿੱਚ ਪਈਆਂ ਆਪਣੇ ਪਿਤਾ ਤੇ ਤਿੰਨ ਭਰਾਵਾਂ ਦੀਆਂ ਲਾਸ਼ਾਂ ਸਮੇਤ ਅਣਗਿਣਤ ਹੋਰ ਲਾਸ਼ਾਂ ਉੱਤੋਂ ਦੀ ਰੁੜ੍ਹਦੀ ਹੋਈ ਤਿੰਨ ਸਾਲਾ ਇੱਕ ਬੱਚੀ ਰੋਂਦੀ ਹੋਈ ਇਹ ਕਹਿ ਕੇ ਪੱਤਰਕਾਰ ਦੀਆਂ ਬਾਹਾਂ ਵਿੱਚ ਡਿੱਗ ਪਈ ਕਿ ‘ਮੈਨੂੰ ਇੱਥੋਂ ਲੈ ਚੱਲੋ’।
‘ਦਿ ਆਬਜ਼ਰਵਰ’ ਦਾ ਪੱਤਰਕਾਰ ਸ਼ਿਆਮ ਭਾਟੀਆ ਲਿਖਦਾ ਹੈ ਕਿ ਪੁਰਾਣੀ ਦਿੱਲੀ ਦੀ ਸਬਜ਼ੀ ਮੰਡੀ ਵਿੱਚ ਲਾਸ਼ਾਂ ਸੁੱਟੀਆਂ ਜਾ ਰਹੀਆਂ ਸਨ। ਧੂੰਏਂ ਅਤੇ ਸੜਦੇ ਹੋਏ ਮਾਸ ਦੀ ਗੰਧ ਨਾਲ ਘਬਰਾਉਣ ਤੋਂ ਪਹਿਲਾਂ ਉਹ (ਭਾਟੀਆ) 119 ਲਾਸ਼ਾਂ ਗਿਣ ਸਕਿਆ ਸੀ।
ਸਿੱਖ ਕਤਲੇਆਮ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਤ੍ਰਿਲੋਕਪੁਰੀ ਦੀ ਗੱਲ ਕਰੀਏ ਤਾਂ ਇੱਕ ਵਾਰ ਗੁਰਦੁਆਰਿਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰਨ ਮਗਰੋਂ ਸਥਾਨਕ ਪੁਲੀਸ ਦੁਆਰਾ ਸਿੱਖ ਭਾਈਚਾਰੇ ਨੂੰ ਜਾਣਬੁੱਝ ਕੇ ਨਿਹੱਥਾ ਕਰ ਦਿੱਤਾ ਗਿਆ, ਜਿਨ੍ਹਾਂ ਨੇ ਕਾਤਲ ਭੀੜਾਂ ਦੇ ਦਾਖ਼ਲ ਹੋਣ ਤੋਂ ਪਹਿਲਾਂ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਫਿਰ ਇਨ੍ਹਾਂ ਭੀੜਾਂ ਨੇ ਅਗਲੇ 36 ਘੰਟਿਆਂ ਤੱਕ ਵੱਢ-ਟੁੱਕ, ਸਾੜ-ਫੂਕ ਅਤੇ ਬਲਾਤਕਾਰ ਦੇ ਘਿਣਾਉਣੇ ਕਾਰੇ ਜਾਰੀ ਰੱਖੇ।
ਜ਼ੁਬਾਨੀ ਅਤੇ ਲਿਖਤੀ ਗਵਾਹੀਆਂ ਤੋਂ ਖੁਲਾਸਾ ਹੋਇਆ ਹੈ ਕਿ ਮਰਦਾਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਅਤੇ ਨਾਲ ਹੀ ਔਰਤਾਂ ਤੇ ਲੜਕੀਆਂ ਦਾ ਵੀ ਨਸਲਕੁਸ਼ੀ ਵਾਂਗ ਕਤਲੇਆਮ ਕੀਤਾ ਗਿਆ। ਕਈ ਗਵਾਹਾਂ ਨੇ ‘ਟਰੱਕਾਂ ਵਿੱਚ ਸੁੱਟੀਆਂ ਗਈਆਂ ਨੰਗੀਆਂ ਲਾਸ਼ਾਂ’ ਦੇਖਣ ਦੀ ਗੱਲ ਆਖੀ। ਜਿਨਸੀ ਹਿੰਸਾ ਦੀਆਂ ਕੁਝ ਘਟਨਾਵਾਂ ਕਤਲ ਕੀਤੇ ਗਏ ਪਰਿਵਾਰਕ ਮੈਂਬਰਾਂ ਦੀਆਂ ਸੁਲਗ਼ਦੀਆਂ ਲਾਸ਼ਾਂ ਦੇ ਵਿਚਕਾਰ ਵਾਪਰੀਆਂ।
ਅੰਤ ਵਿੱਚ ‘ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ’ ਦੇ ਲੇਖਕ ਇੰਦਰਜੀਤ ਸਿੰਘ ਜੇਜੀ ਦੇ ਸ਼ਬਦਾਂ ਵਿੱਚ ਆਖੀਏ: ਪੀੜਤਾਂ ਦੀ ਬਹੁਤ ਵੱਡੀ ਗਿਣਤੀ ਉਹ ਲੋਕ ਸਨ ਜਿਨ੍ਹਾਂ ਦੀ ਇੱਕ ਸਾਂਝੀ ਧਾਰਮਿਕ ਪਛਾਣ ‘ਸਿੱਖ’ ਵਜੋਂ ਸੀ। ਜਦੋਂ ਕਿਸੇ ਖ਼ਾਸ ਨਸਲੀ ਜਾਂ ਧਾਰਮਿਕ ਪਛਾਣ ਵਾਲੇ ਪੂਰੇ ਭਾਈਚਾਰੇ ਨੂੰ ਖ਼ਤਮ ਕਰਨ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਨਤੀਜੇ ਵਜੋਂ ਕਈ ਹਜ਼ਾਰ ਲੋਕ ਮਾਰੇ ਜਾਂਦੇ ਹਨ ਤਾਂ ਇਸ ਨੂੰ ਨਸਲਕੁਸ਼ੀ ਆਖਦੇ ਹਨ।

