ਸਾਦਗੀ ਦੀ ਮੂਰਤ ਸੀ ਨਾਵਲਕਾਰ ਜਸਵੰਤ ਕੰਵਲ
ਸਾਹਿਤ ਨੂੰ ਕਦੇ ਵੀ ਜ਼ਬਰਦਸਤੀ ਨਹੀਂ ਅਪਣਾਇਆ ਜਾ ਸਕਦਾ ਅਤੇ ਨਾ ਹੀ ਇਹ ਕਿਸੇ ’ਤੇ ਥੋਪਿਆ ਜਾ ਸਕਦਾ ਹੈ। ਇਹ ਤਾਂ ਧੁਰ ਅੰਦਰਲੀ ਇੱਕ ਚੇਟਕ ਹੈ, ਜਿਸ ਦੀ ਮਿਸਾਲ ਪਿੰਡ ਢੁੱਡੀਕੇ ਦੇ ਇੱਕ ਸਿੱਧੇ ਸਾਦੇ ਸ਼ਖ਼ਸ ਤੋਂ ਮਿਲਦੀ ਹੈ ਜਿਸ...
ਸਾਹਿਤ ਨੂੰ ਕਦੇ ਵੀ ਜ਼ਬਰਦਸਤੀ ਨਹੀਂ ਅਪਣਾਇਆ ਜਾ ਸਕਦਾ ਅਤੇ ਨਾ ਹੀ ਇਹ ਕਿਸੇ ’ਤੇ ਥੋਪਿਆ ਜਾ ਸਕਦਾ ਹੈ। ਇਹ ਤਾਂ ਧੁਰ ਅੰਦਰਲੀ ਇੱਕ ਚੇਟਕ ਹੈ, ਜਿਸ ਦੀ ਮਿਸਾਲ ਪਿੰਡ ਢੁੱਡੀਕੇ ਦੇ ਇੱਕ ਸਿੱਧੇ ਸਾਦੇ ਸ਼ਖ਼ਸ ਤੋਂ ਮਿਲਦੀ ਹੈ ਜਿਸ ਨੂੰ ਪਿੰਡ ਵਾਲੇ ਪਿਆਰ ਨਾਲ ‘ਮਾਹਲੇ ਕਾ ਬੰਤਾ’ ਆਖ ਕੇ ਵੀ ਬੁਲਾਉਂਦੇ ਸਨ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੰਤਾ ਕਿਸੇ ਦਿਨ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵਜੋਂ ਜਸਵੰਤ ਸਿੰਘ ਕੰਵਲ ਦੇ ਨਾਂ ਨਾਲ ਜਾਣਿਆ ਜਾਵੇਗਾ। ਮੈਨੂੰ ਪਿੱਛੇ ਜਿਹੇ ਉਨ੍ਹਾਂ ਦੇ ਘਰ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਘਰ ਦੀਆਂ ਛੱਤਾਂ ਦੇ ਬਾਲੇ ਅਤੇ ਉਨ੍ਹਾਂ ਦੀ ਪੁਰਾਣੀ ਛੋਟੀ ਜਿਹੀ ਮੇਜ਼ ਕੁਰਸੀ, ਜਿਸ ’ਤੇ ਬੈਠ ਕੇ ਉਹ ਲਿਖਿਆ ਕਰਦੇ ਸਨ, ਅੱਜ ਵੀ ਉਨ੍ਹਾਂ ਦੀ ਸਾਦਗੀ ਦੀਆਂ ਬਾਤਾਂ ਪਾਉਂਦੇ ਹਨ।
ਉਨ੍ਹਾਂ ਦੇ ਪਿੰਡ ਦੇ ਸਾਥੀਆਂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਕੰਵਲ ਪਿੰਡ ਵਿੱਚ ਇੱਕ ਸਾਧਾਰਨ ਇਨਸਾਨ ਵਜੋਂ ਹੀ ਵਿਚਰਦਾ ਰਿਹਾ ਹੈ। ਉਨ੍ਹਾਂ ਦੀ ਸਾਦਗੀ ਨੇ ਕਦੇ ਵੀ ਲੇਖਕ ਹੋਣ ਦੀ ਹੈਂਕੜ ਆਪਣੇ ਉੱਪਰ ਭਾਰੂ ਨਹੀਂ ਹੋਣ ਦਿੱਤੀ। ਉਨ੍ਹਾਂ ਦੇ ਨਾਵਲਾਂ ਦੇ ਪਾਤਰ ਜ਼ਿਆਦਾ ਕਰਕੇ ਪਿੰਡਾਂ ਦੇ ਅਸਲੀ ਪਾਤਰਾਂ ਨਾਲ ਮੇਲ ਖਾਂਦੇ ਹਨ। ਜਦੋਂ 27 ਜੂਨ 1943 ਨੂੰ ਕੰਵਲ ਦਾ ਜਨਮ ਪਿਤਾ ਸਰਦਾਰ ਮਾਹਲਾ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਤਾਂ ਉਸ ਵੇਲੇ ਢੁੱਡੀਕੇ ਕੱਚੇ ਕੋਠਿਆਂ ਵਾਲਾ ਕਾਫ਼ੀ ਵੱਡਾ ਪਿੰਡ ਸੀ। ਕੱਚੇ ਰਾਹ ਸਨ ਤੇ ਵਿੰਗੀਆਂ ਟੇਢੀਆਂ ਪਹੀਆਂ ਤੇ ਪਗਡੰਡੀਆਂ। ਟਾਵੇਂ ਟੱਲੇ ਖੂਹ ਸਨ, ਜਿਨ੍ਹਾਂ ਉੱਤੇ ਹਲਟ ਚਲਦੇ। ਹਲਟਾਂ ਦੇ ਕੁੱਤੇ ਟਿਕੀਆਂ ਰਾਤਾਂ ਵਿੱਚ ਟਿੱਚ ਟਿੱਚ ਕਰਦੇ ਸਨ। ਉਨ੍ਹਾਂ ਦਾ ਇਹ ਪਿੰਡ ਸ਼ਹਿਰ ਜਗਰਾਉਂ ਦੇ ਲਾਗੇ ਹੀ ਪੈਂਦਾ ਹੈ। ਅਜੀਤਵਾਲ ਰੇਲਵੇ ਸਟੇਸ਼ਨ ਢੁੱਡੀਕੇ ਤੋਂ ਸਿਰਫ਼ ਦੋ ਕੋਹ ਦੂਰ ਹੈ। ਉਸ ਵੇਲੇ ਸ਼ਹਿਰ ਆਉਣ ਜਾਣ ਲਈ ਗੱਡੇ ਜਾਂ ਯੱਕੇ ਦੀ ਸਵਾਰੀ ਹੀ ਹੁੰਦੀ ਸੀ।
ਕੰਵਲ ਹੋਰੀਂ ਦੱਸਦੇ ਸਨ ਕਿ ਉਹ ਲਾਹੌਰ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਲਈ ਮੋਗਾ ਤੋਂ ਬੱਸ ਰਾਹੀਂ ਜਾਇਆ ਕਰਦੇ ਸਨ। ਜਸਵੰਤ ਕੰਵਲ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਜਮਾਤ ਪਾਸ ਕੀਤੇ ਬਿਨਾਂ ਹੀ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਸੀ। ਆਪਣੀ ਇੱਕ ਇੰਟਰਵਿਊ ਵਿੱਚ ਉਹ ਦੱਸਦੇ ਹਨ ਕਿ ਪਿਤਾ ਦੀ ਮੌਤ ਤੋਂ ਬਾਅਦ ਆਰਥਿਕ ਤੰਗੀ ਕਰਕੇ ਉਨ੍ਹਾਂ ਨੂੰ ਮਲਾਇਆ ਜਾਣਾ ਪਿਆ, ਜਿੱਥੇ ਉਨ੍ਹਾਂ ਨੂੰ ਮਜ਼ਦੂਰੀ ਦੇ ਨਾਲ ਨਾਲ ਚੌਕੀਦਾਰੀ ਵੀ ਕਰਨੀ ਪਈ। ਲਿਖਣ ਦੀ ਚੇਟਕ ਵੀ ਉਨ੍ਹਾਂ ਨੂੰ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਹੀ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ ਅਤੇ ਇੱਥੇ ਹੀ ਉਨ੍ਹਾਂ ਨੂੰ ਇੱਕ ਚੀਨੀ ਮੁਟਿਆਰ ਨਾਲ ਪਹਿਲਾ ਪਿਆਰ ਹੋਇਆ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਵਕਤ ਅਤੇ ਘਰ ਦੇ ਹਾਲਾਤ ਨੇ ਜਸਵੰਤ ਸਿੰਘ ਕੰਵਲ ਨੂੰ ਜ਼ਿਆਦਾ ਦੇਰ ਮਲਾਇਆ ਵਿੱਚ ਰਹਿਣ ਨਹੀਂ ਦਿੱਤਾ ਅਤੇ ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇੱਥੇ ਹੀ ਹੋ ਗਿਆ।
ਉਹ ਆਪਣਾ ਪਹਿਲਾ ਪਿਆਰ ਛੱਡ ਕੇ ਆਪਣੇ ਪਿੰਡ ਢੁੱਡੀਕੇ ਆ ਕੇ ਰਹਿਣ ਲੱਗੇ ਤੇ ਆਪਣੇ ਛੋਟੇ ਭਰਾ ਨਾਲ ਖੇਤੀਬਾੜੀ ਕਰਦੇ ਰਹੇ। ਜਸਵੰਤ ਕੰਵਲ ਦਾ ਵਿਆਹ 1943 ਵਿੱਚ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਨੌਕਰੀ ਮਿਲ ਗਈ। ਉੱਥੇ ਹੀ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰ ਲਿਆ। ਸਾਹਿਤਕ ਪਿਆਸ ਤ੍ਰਿਪਤ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇੱਥੇ ਹੀ ਉਨ੍ਹਾਂ ਨੇ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗ਼ੈਰ-ਪੰਜਾਬੀ ਲੇਖਕ ਤੋਂ ਪ੍ਰਭਾਵਿਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਲਿਖੀ, ਜਿਸ ਨੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਨਾਂ ਦੀ ਚਰਚਾ ਛੇੜ ਦਿੱਤੀ ਅਤੇ ਉਨ੍ਹਾਂ ਦੀ ਇੱਕ ਲੇਖਕ ਵਜੋਂ ਪਛਾਣ ਬਣੀ। ‘ਜੀਵਨ ਕਣੀਆਂ’ ਦੇ ਪ੍ਰਕਾਸ਼ਕ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਵੀ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ।
ਜਸਵੰਤ ਕੰਵਲ ਹੋਰੀਂ ਦੱਸਦੇ ਸਨ ਕਿ ਇਹ ਨਾਵਲ ਇੱਕ ਸੱਚੀ ਘਟਨਾ ’ਤੇ ਆਧਾਰਿਤ ਸੀ। ਮਿੰਟਗੁਮਰੀ ਵਿੱਚ ਇੱਕ ਰਿਸਾਲਦਾਰ ਦੇ ਕਤਲ ਦੇ ਕੇਸ ਵਿੱਚ ਇੱਕ ਬੇਗੁਨਾਹ ਨੌਜਵਾਨ ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਸ ਘਟਨਾ ਦੇ ਕੱਚ-ਸੱਚ ਨੂੰ ਵੇਖ ਕੇ ਅਤੇ ਕਲਪਨਾ ਦੀ ਰੰਗਤ ਚਾੜ੍ਹ ਕੇ ਨਾਵਲ ਦੀ ਕਹਾਣੀ ਉਸਾਰੀ ਗਈ। ਇਹ ਨਾਵਲ ਇੰਨਾ ਮਕਬੂਲ ਹੋਇਆ ਕਿ ਇਸ ਤੋਂ ਬਾਅਦ ਪਾਠਕ ਉਨ੍ਹਾਂ ਦੇ ਨਵੇਂ ਨਾਵਲਾਂ ਦੀ ਉਡੀਕ ਕਰਨ ਲੱਗ ਪਏ ਸਨ। ਬਾਜ਼ਾਰ ਵਿੱਚ ਆਉਂਦਿਆਂ ਹੀ ਉਨ੍ਹਾਂ ਦੇ ਨਾਵਲ ਹੱਥੋਂ ਹੱਥ ਵਿਕ ਜਾਂਦੇ ਸਨ।
ਕੰਵਲ ਦੀ ਪੰਜਾਬੀ ਨਾਵਲ ਨੂੰ ਦੇਣ ਬਹੁਤ ਹੀ ਮੁੱਲਵਾਨ ਹੈ। ਉਨ੍ਹਾਂ ਨੇ ਮਾਲਵੇ ਦੇ ਪੇਂਡੂ ਜੀਵਨ ਨੂੰ ਆਪਣੇ ਨਾਵਲਾਂ ਦੀ ਆਧਾਰ-ਭੂਮੀ ਬਣਾਇਆ ਹੈ। ਜਸਵੰਤ ਸਿੰਘ ਕੰਵਲ ਨੂੰ ਨਾਨਕ ਸਿੰਘ ਦਾ ਉਤਰਾਧਿਕਾਰੀ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਕੰਵਲ ਆਪਣੇ ਵਿਸ਼ੇ ਵਸਤੂ ਵਿੱਚ ਨਾਨਕ ਸਿੰਘ ਤੋਂ ਅੱਡ ਸਨ। ਨਾਵਲਕਾਰ ਨਾਨਕ ਸਿੰਘ ਜਿੱਥੇ ਸਮਾਜ ਸੁਧਾਰ ’ਤੇ ਜ਼ਿਆਦਾ ਜ਼ੋਰ ਦਿੰਦੇ ਸਨ, ਉੱਥੇ ਕੰਵਲ ਗਲਪ ਨੂੰ ਮਾਧਿਅਮ ਬਣਾ ਕੇ ਸਮਾਜਵਾਦੀ ਯਥਾਰਥਵਾਦ ਦਾ ਪ੍ਰਚਾਰ ਕਰਦੇ ਸੀ। ਪਿੰਡਾਂ ਦੀਆਂ ਵੱਖ-ਵੱਖ ਵਰਗਾਂ ਦੇ ਪਰਸਪਰ ਵਿਰੋਧ ਵਿੱਚੋਂ ਉਪਜੀਆਂ ਘਟਨਾਵਾਂ ਉਨ੍ਹਾਂ ਦੇ ਨਾਵਲਾਂ ਦਾ ਬਿਰਤਾਂਤਕ-ਪਾਸਾਰ ਬਣੀਆਂ। ਵਰਗ ਸੰਘਰਸ਼ ਨੂੰ ਉਹ ਪ੍ਰੀਤ-ਕਥਾ ਦੇ ਪਿਛੋਕੜ ਵਿੱਚ ਰੱਖ ਕੇ ਪੇਸ਼ ਕਰਦੇ ਰਹੇ। ਜ਼ਿਆਦਾ ਕਰਕੇ ਉਨ੍ਹਾਂ ਦੇ ਨਾਵਲਾਂ ਦਾ ਆਧਾਰ ਪਿਆਰ ਮੁਹੱਬਤ ਹੀ ਰਿਹਾ ਹੈ। ਉਹ ਮੂਲ ਰੂਪ ਵਿੱਚ ਮਾਰਕਸਵਾਦ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ ਹੈ।
ਜਸਵੰਤ ਸਿੰਘ ਕੰਵਲ ਨੇ ਹਮੇਸ਼ਾ ਹੀ ਆਪਣੇ ਨਾਵਲਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਭਰਪੂਰ ਪੇਸ਼ਕਾਰੀ ਕੀਤੀ ਹੈ। ਉਨ੍ਹਾਂ ਨੇ ਪੇਂਡੂ ਲੋਕਾਂ ਦੇ ਸਮਾਜਿਕ, ਰਾਜਨੀਤਿਕ ਤੇ ਸੱਭਿਆਚਾਰਕ ਪੱਖਾਂ ਦਾ ਜ਼ਿਕਰ ਆਪਣੇ ਨਾਵਲਾਂ ਵਿੱਚ ਕੀਤਾ ਹੈ। ਉਹ ਆਪਣੇ ਨਾਵਲਾਂ ਵਿੱਚ ਮਲਵਈ ਸੱਭਿਆਚਾਰ ਦੇ ਨਾਲ-ਨਾਲ ਜਗੀਰਦਾਰੀ ਪ੍ਰਬੰਧ ਦੀਆਂ ਕੁਰੀਤੀਆਂ ਨੂੰ ਵੀ ਪੇਸ਼ ਕਰਦੇ ਰਹੇ। ਉਨ੍ਹਾਂ ਦੀ ਪੇਸ਼ਕਾਰੀ ਇੰਨੀ ਜਜ਼ਬਾਤੀ ਹੈ ਕਿ ਹਰ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਉਨ੍ਹਾਂ ਦੇ ਨਾਵਲਾਂ ਦੇ ਪਾਤਰ ਆਦਰਸ਼ਕ ਹੋਣ ਦੇ ਨਾਲ-ਨਾਲ ਆਮ ਜੀਵਨ ਵਿੱਚੋਂ ਸਹਿਜੇ ਹੀ ਮਿਲ ਜਾਂਦੇ ਹਨ। ਉਨ੍ਹਾਂ ਦੇ ਨਾਵਲਾਂ ਦੇ ਪਲਾਟ ਇਕਹਿਰੇ ਤੇ ਗੁੰਝਲਦਾਰ ਵਿਉਂਤ ਵਾਲੇ ਹਨ। ਦ੍ਰਿਸ਼ ਵਰਣਨ ਵਿੱਚ ਕੰਵਲ ਨੂੰ ਮੁਹਾਰਤ ਹਾਸਲ ਸੀ। ਉਹ ਆਪਣੇ ਨਾਵਲਾਂ ਵਿੱਚ ਮਲਵਈ ਉਪਭਾਸ਼ਾ ਦੀ ਵਧੇਰੇ ਵਰਤੋਂ ਕਰਦੇ ਸਨ।
ਇਸੇ ਤਰ੍ਹਾਂ ‘ਤੋਸ਼ਾਲੀ ਦੀ ਹੰਸੋ’ ਇਤਿਹਾਸਕ ਨਾਵਲ ਲਿਖ ਕੇ ਵੀ ਉਨ੍ਹਾਂ ਨੇ ਇਤਿਹਾਸ ਵਿੱਚੋਂ ਗਲਪੀ-ਬਿਰਤਾਂਤ ਦੀ ਸਿਰਜਣਾ ਕੀਤੀ ਹੈ। ਇਸ ਨਾਵਲ ਨੂੰ 1993 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਕੰਵਲ ਨੂੰ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕ ਵਜੋਂ ਮਾਣ ਹਾਸਲ ਹੈ। ਨਾਵਲਾਂ ਤੋਂ ਇਲਾਵਾ ਉਨ੍ਹਾਂ ਦੇ ਦਸ ਕਹਾਣੀ ਸੰਗ੍ਰਹਿ, ਸੱਤ ਨਿਬੰਧ ਸੰਗ੍ਰਹਿ, ਦੋ ਰੇਖਾ ਚਿੱਤਰ ਅਤੇ ਤਿੰਨ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਜਸਵੰਤ ਕੰਵਲ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਦੇ ਜਰਨਲ ਸਕੱਤਰ ਤੇ ਬਾਨੀ ਵੀ ਰਹੇ, ਜਿਸ ਵੱਲੋਂ ਹਰ ਸਾਲ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਜਸਵੰਤ ਗਿੱਲ ਐਵਾਰਡ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕੰਵਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਦਰਾਂ ਵਰ੍ਹੇ ਤੱਕ ਪਿੰਡ ਦੇ ਸਰਪੰਚ ਵੀ ਰਹੇ। ਜਸਵੰਤ ਕੰਵਲ ਨੂੰ 1986 ਵਿੱਚ ਪੰਜਾਬੀ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਐਵਾਰਡ ਅਤੇ 1990 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋੋਮਣੀ ਸਾਹਿਤਕਾਰ ਵਜੋਂ ਸਨਮਾਨਿਆ ਗਿਆ। ਉਨ੍ਹਾਂ ਦੇ ਕੁਝ ਮਕਬੂਲ ਹੋਏ ਨਾਵਲਾਂ ’ਚੋਂ ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਜ਼ਿੰਦਗੀ ਦੂਰ ਨਹੀਂ’, ‘ਸੁੰਦਰਾ’, ‘ਲਹੂ ਦੀ ਲੋਅ’, ‘ਮੁਕਤੀ ਮਾਰਗ’ ਤੇ ‘ਚਿੱਕੜ ਦੇ ਕੰਵਲ’ ਆਦਿ ਪਾਠਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ।
ਪੰਜਾਬ ਦੀਆਂ ਵੱਖ-ਵੱਖ ਪੀੜ੍ਹੀਆਂ ਦੇ ਮੁੰਡੇ-ਕੁੜੀਆਂ ਨੂੰ ਜਿੰਨੀ ਊਰਜਾ ਕੰਵਲ ਦੇ ਪਾਤਰਾਂ ਨੇ ਦਿੱਤੀ, ਉਹ ਸ਼ਾਇਦ ਹੀ ਕਿਸੇ ਹੋਰ ਨਾਵਲਕਾਰ ਦੇ ਪਾਤਰਾਂ ਦੇ ਹਿੱਸੇ ਆਈ ਹੋਵੇ। ਇਹ ਇਤਫ਼ਾਕ ਹੀ ਸੀ ਕਿ ਉਨ੍ਹਾਂ ਦੀ ਕਲਮ ‘ਜੀਵਨ ਕਣੀਆਂ’ ਤੋਂ ਸ਼ੁਰੂ ਹੋ ਕੇ ‘ਧੁਰ ਦਰਗਾਹ’ ਤੱਕ ਪਹੁੰਚ ਕੇ ਪਹਿਲੀ ਫਰਵਰੀ 2020 ਨੂੰ ਹਮੇਸ਼ਾ ਲਈ ਖ਼ਾਮੋਸ਼ ਹੋ ਗਈ।
ਸੰਪਰਕ: 94179-90040

