ਅਖ਼ਬਾਰ ਚੋਰ
ਸਾਡੇ ਘਰ ਵਿੱਚ ਲਗਪਗ 1980 ਤੋਂ ਲਗਾਤਾਰ ਅਖ਼ਬਾਰ ਆ ਰਿਹਾ ਹੈ। ਪਹਿਲਾਂ ਦਾਦਾ ਜੀ ਅੰਗਰੇਜ਼ੀ ਅਖ਼ਬਾਰ ਪੜ੍ਹਦੇ ਸਨ, ਜਿਨ੍ਹਾਂ ਦੀ ਬਦੌਲਤ ਘਰ ਵਿੱਚ ਸਵੇਰੇ ਸਭ ਤੋਂ ਪਹਿਲਾਂ ਚਾਹ ਦੇ ਕੱਪ ਨਾਲ ਅਖ਼ਬਾਰ ਫਰੋਲਣ ਦੀ ਆਦਤ ਗੂੜ੍ਹੀ ਹੋ ਗਈ। ਸਮੇਂ ਦੇ...
ਸਾਡੇ ਘਰ ਵਿੱਚ ਲਗਪਗ 1980 ਤੋਂ ਲਗਾਤਾਰ ਅਖ਼ਬਾਰ ਆ ਰਿਹਾ ਹੈ। ਪਹਿਲਾਂ ਦਾਦਾ ਜੀ ਅੰਗਰੇਜ਼ੀ ਅਖ਼ਬਾਰ ਪੜ੍ਹਦੇ ਸਨ, ਜਿਨ੍ਹਾਂ ਦੀ ਬਦੌਲਤ ਘਰ ਵਿੱਚ ਸਵੇਰੇ ਸਭ ਤੋਂ ਪਹਿਲਾਂ ਚਾਹ ਦੇ ਕੱਪ ਨਾਲ ਅਖ਼ਬਾਰ ਫਰੋਲਣ ਦੀ ਆਦਤ ਗੂੜ੍ਹੀ ਹੋ ਗਈ। ਸਮੇਂ ਦੇ ਗੇੜ ਨਾਲ ਦਾਦਾ ਜੀ ਚਲੇ ਗਏ ਅਤੇ ਅੰਗਰੇਜ਼ੀ ਦੀ ਜਗ੍ਹਾ ਹੁਣ ਪੰਜਾਬੀ ਅਖ਼ਬਾਰ ਨੇ ਲੈ ਲਈ, ਪਰ ਘਰ ਦੀ ਇਹ ਪੁਰਾਣੀ ਸਾਹਿਤਕ ਰਵਾਇਤ ਅੱਜ ਵੀ ਕਾਇਮ ਹੈ। ਸਵੇਰ ਦੀ ਚਾਹ ਦਾ ਸਵਾਦ ਉਦੋਂ ਤੱਕ ਫਿੱਕਾ ਰਹਿੰਦਾ ਹੈ, ਜਦੋਂ ਤੱਕ ਦੇਸ਼-ਦੁਨੀਆ ਦੀਆਂ ਖ਼ਬਰਾਂ ’ਤੇ ਨਜ਼ਰ ਨਾ ਪੈ ਜਾਵੇ।
ਇੱਕ ਵਾਰ ਦੀ ਗੱਲ ਹੈ; ਸਰਦੀਆਂ ਦੇ ਦਿਨ ਸਨ, ਚਾਰ-ਚੁਫੇਰੇ ਸੰਘਣੀ ਧੁੰਦ ਦੀ ਚਾਦਰ ਤਣੀ ਹੋਈ ਸੀ ਅਤੇ ਕੜਾਕੇ ਦੀ ਠੰਢ ਹੱਡਾਂ ਨੂੰ ਚੀਰ ਰਹੀ ਸੀ। ਇੱਕ ਦਿਨ ਜਦੋਂ ਅਸੀਂ ਸਵੇਰੇ ਉੱਠੇ ਤਾਂ ਘਰ ਦੇ ਵਿਹੜੇ ਵਿੱਚ ਅਖ਼ਬਾਰ ਨਹੀਂ ਸੀ। ਅਸੀਂ ਕਾਫ਼ੀ ਸਮਾਂ ਉਡੀਕਦੇ ਰਹੇ, ਪਰ ਜਦੋਂ ਧੁੱਪ ਨਿੱਤਰ ਆਈ ਤਾਂ ਇਹ ਸੋਚ ਕੇ ਮਨ ਨੂੰ ਸਮਝਾ ਲਿਆ ਕਿ ਚਲੋ, ਅੱਜ ਸ਼ਾਇਦ ਕੋਹਰੇ ਕਰਕੇ ਅਖ਼ਬਾਰ ਵਾਲਾ ਮੁੰਡਾ ਆਇਆ ਹੀ ਨਹੀਂ ਹੋਣਾ ਜਾਂ ਕਿਧਰੇ ਲੇਟ ਹੋ ਗਿਆ ਹੋਵੇਗਾ। ਪਰ ਅਗਲੇ ਦਿਨ ਫਿਰ ਇਹੀ ਭਾਣਾ ਵਾਪਰਿਆ। ਮੈਂ ਸੋਚਿਆ ਕਿ ਚਾਲੀ-ਪੰਜਤਾਲੀ ਸਾਲਾਂ ਵਿੱਚ ਇਹ ਬਹੁਤ ਘੱਟ ਹੋਇਆ ਹੈ ਕਿ ਲਗਾਤਾਰ ਦੋ ਦਿਨ ਅਖ਼ਬਾਰ ਨਾ ਆਵੇ। ਸ਼ੱਕ ਪੈਣ ’ਤੇ ਮੈਂ ਆਂਢ-ਗੁਆਂਢ ਪੁੱਛਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਤਾਂ ਅਖ਼ਬਾਰ ਬਾਕਾਇਦਾ ਪਹੁੰਚਿਆ ਹੈ। ਹੁਣ ਮੇਰਾ ਮੱਥਾ ਠਣਕਿਆ। ਮੈਂ ਤੁਰੰਤ ਅਖ਼ਬਾਰ ਵਾਲੀ ਏਜੰਸੀ ਦੇ ਮਾਲਕ ਨੂੰ ਫੋਨ ਖੜਕਾਇਆ ਕਿ ‘ਭਰਾਵਾ, ਤੁਹਾਡਾ ਮੁੰਡਾ ਸਾਡਾ ਘਰ ਛੱਡ ਜਾਂਦਾ ਹੈ, ਦੋ ਦਿਨਾਂ ਤੋਂ ਅਖ਼ਬਾਰ ਨਹੀਂ ਮਿਲਿਆ।’ ਉਸਨੇ ਮੇਰੇ ਸਾਹਮਣੇ ਹੀ ਹਾਕ ਮਾਰ ਕੇ ਹਾਕਰ ਮੁੰਡੇ ਨੂੰ ਪੁੱਛਿਆ। ਮੁੰਡਾ ਪੂਰੇ ਦਾਅਵੇ ਨਾਲ ਕਹਿ ਰਿਹਾ ਸੀ, ‘ਬਾਊ ਜੀ, ਮੈਂ ਅੱਜ ਵੀ ਤੇ ਕੱਲ੍ਹ ਵੀ ਉਨ੍ਹਾਂ ਦਾ ਅਖ਼ਬਾਰ ਉਨ੍ਹਾਂ ਦੇ ਬੂਹੇ ਅੱਗੇ ਸੁੱਟ ਕੇ ਆਇਆ ਹਾਂ।’
ਮੁੰਡੇ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਇੱਕੋ ਵੇਲੇ ਹੈਰਾਨੀ ਤੇ ਗੁੱਸਾ ਜਾਗ ਪਏ। ਮੈਂ ਸੋਚਿਆ ਕਿ ਗਲੀ ਵਿੱਚ ਕੌਣ ਅਜਿਹਾ ‘ਗਿਆਨਵਾਨ’ ਚੋਰ ਪੈਦਾ ਹੋ ਗਿਆ ਹੈ, ਜੋ ਮੇਰੇ ਤੋਂ ਵੀ ਪਹਿਲਾਂ ਉੱਠ ਕੇ ਅਖ਼ਬਾਰ ਚੋਰੀ ਕਰ ਰਿਹਾ ਹੈ। ਅਗਲੇ ਦਿਨ ਮੈਂ ਉਸ ‘ਅਖ਼ਬਾਰ ਚੋਰ’ ਨੂੰ ਰੰਗੇ ਹੱਥੀਂ ਫੜਨ ਦਾ ਪੱਕਾ ਇਰਾਦਾ ਕਰ ਲਿਆ। ਸਾਡੇ ਘਰ ਦਾ ਇੱਕ ਕਮਰਾ ਬਿਲਕੁਲ ਗਲੀ ਦੇ ਮੂਹਰਲੇ ਪਾਸੇ ਹੈ, ਜਿਸ ਦੀ ਖਿੜਕੀ ਵਿੱਚੋਂ ਗਲੀ ਦਾ ਇੱਕ ਪਾਸਾ ਸਾਫ਼ ਨਜ਼ਰ ਆਉਂਦਾ ਹੈ। ਮੈਂ ਰਾਤ ਨੂੰ ਉਸ ਮੂਹਰਲੇ ਕਮਰੇ ਵਿੱਚ ਹੀ ਬਿਸਤਰਾ ਲਾ ਲਿਆ ਅਤੇ ਅਲਾਰਮ ਲਗਾ ਕੇ ਸੌਂ ਗਿਆ। ਸਵੇਰੇ ਪੰਜ ਕੁ ਵਜੇ, ਜਦੋਂ ਅਜੇ ਤਾਰਿਆਂ ਦੀ ਲੋਅ ਬਾਕੀ ਸੀ, ਮੈਂ ਉੱਠ ਕੇ ਖਿੜਕੀ ਕੋਲ ਅਖ਼ਬਾਰ ਦੀ ਰਾਖੀ ਬੈਠ ਗਿਆ। ਖਿੜਕੀ ਦੇ ਸ਼ੀਸ਼ੇ ਤੋਂ ਗਲੀ ਦਾ ਨਜ਼ਾਰਾ ਬਿਲਕੁਲ ਸਾਫ ਦਿਸ ਰਿਹਾ ਸੀ। ਥੋੜ੍ਹੀ ਦੇਰ ਬਾਅਦ ਮੋਟਰਸਾਈਕਲ ਦੀ ਆਵਾਜ਼ ਆਈ ਅਤੇ ਹਾਕਰ ਨੇ ਰੋਜ਼ ਵਾਂਗ ਅਖ਼ਬਾਰ ਸੁੱਟ ਦਿੱਤਾ। ਮੈਂ ਸੋਚਿਆ, ਬੱਸ, ਹੁਣ ਚੋਰ ਦੇ ਆਉਣ ਦੀ ਦੇਰ ਹੈ, ਅੱਜ ਨਹੀਂ ਬਚਦਾ। ਅਖ਼ਬਾਰ ਆਉਣ ਦੇ ਮਸਾਂ ਪੰਜ ਕੁ ਮਿੰਟ ਬਾਅਦ ਜੋ ਕੁਝ ਵਾਪਰਿਆ, ਉਸ ਨੇ ਕੜਾਕੇ ਦੀ ਸਰਦੀ ਵਿੱਚ ਵੀ ਮੈਨੂੰ ਮੁੜਕਾ ਲਿਆ ਦਿੱਤਾ। ਮੈਂ ਸਾਹ ਰੋਕੀ ਦੇਖ ਰਿਹਾ ਸੀ ਕਿ ਗਲੀ ਵਿੱਚੋਂ ਇੱਕ ਬੇਸਹਾਰਾ ਗਾਂ ਹੌਲੀ-ਹੌਲੀ ਤੁਰਦੀ ਹੋਈ ਸਾਡੇ ਬੂਹੇ ਅੱਗੇ ਆ ਕੇ ਰੁਕੀ। ਉਸ ਨੇ ਬੜੀ ਮਾਸੂਮੀਅਤ ਨਾਲ ਆਪਣੀ ਜੀਭ ਅੱਗੇ ਵਧਾਈ, ਥੱਲੇ ਪਏ ਅਖ਼ਬਾਰ ਨੂੰ ਉਸ ’ਚ ਲਪੇਟਿਆ ਅਤੇ ਚਿੱਥਣ ਲੱਗ ਪਈ। ਦੇਖਦੇ ਹੀ ਦੇਖਦੇ ਉਹ ਦੇਸ਼-ਦੁਨੀਆ ਦੀਆਂ ਖ਼ਬਰਾਂ, ਸਿਆਸੀ ਵਾਅਦਿਆਂ ਤੇ ਲੀਡਰਾਂ ਦੇ ਫੋਕੇ ਦਾਅਵਿਆਂ ਨਾਲ ਭਰਿਆ ਅਖ਼ਬਾਰ ਹੜੱਪ ਕਰ ਗਈ।
ਮੇਰਾ ਹਾਸਾ ਵੀ ਨਿਕਲ ਗਿਆ ਤੇ ਗੁੱਸਾ ਵੀ ਆਇਆ। ਜਿਸ ਚੋਰ ਨੂੰ ਫੜਨ ਲਈ ਮੈਂ ਰਾਤ ਭਰ ਇੰਤਜ਼ਾਰ ਕੀਤਾ ਸੀ, ਉਹ ਤਾਂ ਸਰਕਾਰੀ ਅਣਗਹਿਲੀ ਦੀ ਮਾਰ ਝੱਲ ਰਹੀ ਇੱਕ ਬੇਸਹਾਰਾ ਗਾਂ ਸੀ। ਮੈਂ ਖਿੜਕੀ ਖੋਲ੍ਹ ਕੇ ਬਾਹਰ ਦੇਖਿਆ, ਉਹ ਅਖ਼ਬਾਰ ਦਾ ਆਖਰੀ ਸਫ਼ਾ ਲੰਘਾ ਕੇ ਮੇਰੇ ਵੱਲ ਇੰਜ ਦੇਖ ਰਹੀ ਸੀ ਜਿਵੇਂ ਕਹਿ ਰਹੀ ਹੋਵੇ, ‘ਤੁਹਾਡੇ ਲੀਡਰਾਂ ਦੇ ਭਾਸ਼ਣਾਂ ਅਤੇ ਦਾਅਵਿਆਂ ਵਿੱਚ ਕੋਈ ਰਸ ਨਹੀਂ ਸੀ, ਪਰ ਹਾਂ, ਸੰਪਾਦਕੀ ਅਤੇ ਮਿਡਲ ਸਫ਼ਾ ਥੋੜ੍ਹਾ ਕਰਾਰਾ ਸੀ।’
ਇਸ ਘਟਨਾ ਨੇ ਹੱਸਣ ਦੇ ਨਾਲ-ਨਾਲ ਮੈਨੂੰ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਸੋਚ ਵਿੱਚ ਡੋਬ ਦਿੱਤਾ। ਸਾਡੀਆਂ ਸਰਕਾਰਾਂ ਹਰ ਸਾਲ ‘ਗਊ ਸੈੱਸ’ ਦੇ ਨਾਂ ’ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਟੈਕਸ ਵਜੋਂ ਇਕੱਠੇ ਕਰਦੀਆਂ ਹਨ। ਬਿਜਲੀ ਦੇ ਬਿੱਲਾਂ ਤੋਂ ਲੈ ਕੇ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਅਤੇ ਹਰ ਥਾਂ ਇਹ ਟੈਕਸ ਬੜੀ ਬੇਰਹਿਮੀ ਨਾਲ ਵਸੂਲਿਆ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਕਾਗਜ਼ਾਂ ਵਿੱਚ ਵੱਡੀਆਂ-ਵੱਡੀਆਂ ਹਾਈ-ਟੈੱਕ ਗਊਸ਼ਾਲਾਵਾਂ ਅਤੇ ਉਨ੍ਹਾਂ ਦੇ ਰੱਖ-ਰਖਾਅ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਸਰਦੀ ਦੀਆਂ ਇਨ੍ਹਾਂ ਠੰਢੀਆਂ ਰਾਤਾਂ ਵਿੱਚ ਸੜਕਾਂ ’ਤੇ ਹੱਡ-ਚੀਰਵੀਂ ਠੰਢ ਵਿੱਚ ਰੁਲਦੇ ਪਸ਼ੂਆਂ ਦੇ ਰੂਪ ਵਿੱਚ ਸਾਫ਼ ਨਜ਼ਰ ਆਉਂਦੀ ਹੈ।
ਇਹ ਬੇਸਹਾਰਾ ਪਸ਼ੂ ਸਿਰਫ਼ ਅਖ਼ਬਾਰਾਂ ਦੇ ਪੰਨੇ ਹੀ ਨਹੀਂ ਚੱਟਮ ਕਰ ਰਹੇ, ਸਗੋਂ ਸੜਕਾਂ ’ਤੇ ਮੌਤ ਦਾ ਦੂਤ ਬਣ ਕੇ ਵੀ ਘੁੰਮ ਰਹੇ ਹਨ। ਅਜੇ ਪਿੱਛੇ ਜਿਹੇ ਹੀ ਪੰਜਾਬੀ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਧਾ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ, ਇਸੇ ਪ੍ਰਸ਼ਾਸਨਿਕ ਨਾਕਾਮੀ ਅਤੇ ਸਿਸਟਮ ਦੀ ਅਣਗਹਿਲੀ ਦੀ ਪ੍ਰਤੱਖ ਮਿਸਾਲ ਹੈ। ਹਰ ਰੋਜ਼ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਸੜਕਾਂ ’ਤੇ ਵਾਪਰਦੇ ਹਾਦਸਿਆਂ ਕਾਰਨ ਹਮੇਸ਼ਾ ਲਈ ਬੁਝ ਜਾਂਦੇ ਹਨ। ਖ਼ਬਰਾਂ ਬਣਦੀਆਂ ਹਨ, ਕੁਝ ਦਿਨ ਅਫ਼ਸੋਸ ਹੁੰਦਾ ਹੈ ਤੇ ਫਿਰ ਸਭ ਕੁਝ ਸਰਕਾਰੀ ਫਾਈਲਾਂ ਵਿੱਚ ਦਫ਼ਨ ਹੋ ਜਾਂਦਾ ਹੈ। ਅਜਿਹਾ ਲੱਗਦਾ ਹੈ ਜਿਵੇਂ ਸਿਸਟਮ ਨੇ ਖ਼ੁਦ ਹੀ ਆਪਣੀਆਂ ਅੱਖਾਂ ’ਤੇ ਪੱਟੀ ਬੰਨ੍ਹ ਲਈ ਹੋਵੇ ਤਾਂ ਜੋ ਸੜਕਾਂ ’ਤੇ ਖਿੱਲਰੀਆਂ ਲਾਸ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਦਰਦ ਦਿਖਾਈ ਹੀ ਨਾ ਦੇਵੇ।
ਉਸ ਦਿਨ ਤੋਂ ਬਾਅਦ ਅਸੀਂ ਅਖ਼ਬਾਰ ਰੱਖਣ ਦੀ ਜਗ੍ਹਾ ਤਾਂ ਬਦਲ ਦਿੱਤੀ, ਪਰ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਅੱਖਾਂ ਖੁੱਲ੍ਹਣ ਦੀ ਉਮੀਦ ਹਮੇਸ਼ਾ ਲਈ ਛੱਡ ਦਿੱਤੀ। ਅਸੀਂ ਸਮਝ ਗਏ ਕਿ ਸਿਸਟਮ ਦੇ ਭਰੋਸੇ ਬੈਠਣਾ ਆਪਣੀ ਕਿਸਮਤ ਨੂੰ ਰੋਣ ਵਾਂਗ ਹੈ। ਇਸ ਲਈ, ਉਸ ‘ਅਖ਼ਬਾਰ ਚੋਰ’ ਲਈ ਬੂਹੇ ਅੱਗੇ ਦੋ ਰੋਟੀਆਂ ਰੱਖਣੀਆਂ ਅਸੀਂ ਰੋਜ਼ ਦਾ ਨੇਮ ਬਣਾ ਲਿਆ ਜਿਸ ਨਾਲ ਭਾਵੇਂ ਉਸ ਦੀ ਭੁੱਖ ਨਹੀਂ ਮਿਟ ਸਕਦੀ ਪਰ ਮੇਰੇ ਮਨ ਨੂੰ ਸੰਤੁਸ਼ਟੀ ਜ਼ਰੂਰ ਮਿਲਦੀ ਸੀ।
ਸੰਪਰਕ: 95014-75400

