ਜ਼ਿੰਦਗੀ ਵੱਲ ਖੁੱਲ੍ਹਦੇ ਨਵੇਂ ਰਾਹ
ਮੈਂ ਇੱਕ ਵੈੱਬ ਸੀਰੀਜ਼ ਦੇਖ ਰਿਹਾ ਸਾਂ ਜੋ 1978 ਦੇ ਚਰਚਿਤ ਗੀਤਾ ਚੋਪੜਾ ਤੇ ਸੰਜੇ ਚੋਪੜਾ ਕਤਲ ਕਾਂਡ ਤੋਂ ਪ੍ਰੇਰਿਤ ਸੀ। ਇਸ ਵਿੱਚ ਅਪਰਾਧ ਦੀ ਕਹਾਣੀ ਤਾਂ ਸੀ ਹੀ ਪਰ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਉਸ ਦੇ ਆਖ਼ਰੀ ਕੁਝ ਮਿੰਟਾਂ...
ਮੈਂ ਇੱਕ ਵੈੱਬ ਸੀਰੀਜ਼ ਦੇਖ ਰਿਹਾ ਸਾਂ ਜੋ 1978 ਦੇ ਚਰਚਿਤ ਗੀਤਾ ਚੋਪੜਾ ਤੇ ਸੰਜੇ ਚੋਪੜਾ ਕਤਲ ਕਾਂਡ ਤੋਂ ਪ੍ਰੇਰਿਤ ਸੀ। ਇਸ ਵਿੱਚ ਅਪਰਾਧ ਦੀ ਕਹਾਣੀ ਤਾਂ ਸੀ ਹੀ ਪਰ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਉਸ ਦੇ ਆਖ਼ਰੀ ਕੁਝ ਮਿੰਟਾਂ ਨੇ ਕੀਤਾ। ਉਹ ਆਖ਼ਰੀ ਪਲ ਜ਼ਿੰਦਗੀ ਦੇ ਉਸ ਅਦਿੱਖ ਸੱਚ ਵੱਲ ਇਸ਼ਾਰਾ ਕਰਦੇ ਹਨ ਜਿਸ ਨੂੰ ਅਸੀਂ ਅਕਸਰ ਸਮਝ ਨਹੀਂ ਪਾਉਂਦੇ। ਕਹਾਣੀ ਵਿੱਚ ਦੋਵੇਂ ਭੈਣ-ਭਰਾ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਜਾ ਰਹੇ ਹੁੰਦੇ ਹਨ। ਰਸਤੇ ਵਿੱਚ ਮੀਂਹ ਪੈਣ ਲੱਗ ਜਾਂਦਾ ਹੈ। ਉਹ ਇੱਕ ਬੱਸ ਸਟਾਪ ਉੱਤੇ ਖੜ੍ਹ ਜਾਂਦੇ ਹਨ। ਭਰਾ ਕਹਿੰਦਾ ਹੈ ਕਿ ਮੰਜ਼ਿਲ ਦੂਰ ਨਹੀਂ, ਦੌੜ ਕੇ ਚੱਲਦੇ ਹਾਂ, ਵੱਧ ਤੋਂ ਵੱਧ ਭਿੱਜ ਜਾਵਾਂਗੇ ਪਰ ਉਹ ਉਡੀਕ ਕਰਨ ਦਾ ਫ਼ੈਸਲਾ ਕਰਦੇ ਹਨ। ਉਸੇ ਉਡੀਕ ਦੌਰਾਨ ਇੱਕ ਕਾਰ ਆਉਂਦੀ ਹੈ, ਉਹ ਉਸ ’ਚ ਬੈਠਣ ਵਾਸਤੇ ਹੱਥ ਦਿੰਦੇ ਹਨ ਤੇ ਫਿਰ ਉਸ ਕਾਰ ਵਿੱਚ ਚੜ੍ਹ ਜਾਂਦੇ ਹਨ। ਉਪਰੰਤ ਉਹ ਦਰਦਨਾਕ ਘਟਨਾ ਵਾਪਰਦੀ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ।
ਸੀਰੀਜ਼ ਦੇ ਅੰਤ ਵਿੱਚ ਇੱਕ ਦ੍ਰਿਸ਼ ਆਉਂਦਾ ਹੈ ਕਿ ਕਾਸ਼ ਉਸ ਦਿਨ ਉਹ ਦਸ ਮਿੰਟ ਦੌੜ ਕੇ ਚਲੇ ਜਾਂਦੇ। ਇਹ ਦ੍ਰਿਸ਼ ਦੇਖ ਕੇ ਮਨ ਵਿੱਚ ਅਨੇਕਾਂ ਵਿਚਾਰ ਉੱਠਦੇ ਹਨ। ਸੱਚਮੁੱਚ, ਜੇ ਉਹ ਦਸ ਮਿੰਟ ਦੌੜ ਲੈਂਦੇ ਤਾਂ ਸ਼ਾਇਦ ਉਹ ਬਚ ਜਾਂਦੇ, ਸ਼ਾਇਦ ਉਹ ਉਸ ਦਿਨ ਗੀਤ ਗਾ ਰਹੇ ਹੁੰਦੇ ਅਤੇ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਕੁਝ ਹੋਰ ਹੁੰਦੀ। ਪਰ ਫਿਰ ਇੱਕ ਹੋਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਜ਼ਿੰਦਗੀ ਨੂੰ ਸਿਰਫ਼ ‘ਕਾਸ਼’ ਦੇ ਆਧਾਰ ’ਤੇ ਸਮਝਿਆ ਜਾ ਸਕਦਾ ਹੈ? ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਇਹੀ ਹੈ ਤੇ ਸਭ ਤੋਂ ਵੱਡੀ ਤਾਕਤ ਵੀ। ਉਹ ਬੀਤੇ ਸਮੇਂ ਨੂੰ ਮੁੜ-ਮੁੜ ਦੇਖਦਾ ਹੈ ਤੇ ਸੋਚਦਾ ਹੈ ਕਿ ਜੇ ਉਸ ਵੇਲੇ ਇੱਕ ਹੋਰ ਫ਼ੈਸਲਾ ਲਿਆ ਹੁੰਦਾ ਤਾਂ ਸ਼ਾਇਦ ਅੱਜ ਸਭ ਕੁਝ ਵੱਖਰਾ ਹੁੰਦਾ। ਸੱਚ ਇਹ ਹੈ ਕਿ ਸਾਨੂੰ ਸਿਰਫ਼ ਉਹ ਰਾਹ ਦਿਖਾਈ ਦਿੰਦਾ ਹੈ ਜਿਸ ’ਤੇ ਅਸੀਂ ਤੁਰੇ ਹਾਂ। ਜਿਹੜੇ ਰਾਹ ਉੱਤੇ ਅਸੀਂ ਨਹੀਂ ਤੁਰੇ, ਉਸ ਬਾਰੇ ਅਸੀਂ ਸਿਰਫ਼ ਅੰਦਾਜ਼ੇ ਹੀ ਲਾ ਸਕਦੇ ਹਾਂ। ਮੈਂ ਆਪਣੇ ਜੀਵਨ ਵਿੱਚ ਵੀ ਇਸ ਗੱਲ ਨੂੰ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ ਹੈ। ਮੇਰੇ ਪਿਤਾ ਜੀ ਫ਼ੌਜ ਵਿੱਚ ਸਨ। ਉਨ੍ਹਾਂ ਦੀ ਅੱਠ ਸਾਲ ਨੌਕਰੀ ਹੋ ਚੁੱਕੀ ਸੀ। ਉਨ੍ਹਾਂ ਦਾ ਭਵਿੱਖ ਚੰਗਾ ਦਿਖਾਈ ਦਿੰਦਾ ਸੀ। ਤਰੱਕੀ ਦੇ ਮੌਕੇ ਸਨ, ਪਰ ਸਾਲਾਨਾ ਛੁੱਟੀ ਦੌਰਾਨ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦਾ ਇੱਕ ਹੱਥ ਕੱਟਿਆ ਗਿਆ। ਉਸ ਵੇਲੇ ਫ਼ੌਜ ਦੇ ਨਿਯਮਾਂ ਅਨੁਸਾਰ ਨਾ ਉਨ੍ਹਾਂ ਨੂੰ ਪੈਨਸ਼ਨ ਮਿਲੀ ਤੇ ਨਾ ਕੋਈ ਵੱਡੀ ਸਹਾਇਤਾ। ਉਨ੍ਹਾਂ ਨੂੰ ਨੌਕਰੀ ਤੋਂ ਰੁਖ਼ਸਤ ਹੋ ਕੇ ਘਰ ਵਾਪਸ ਆਉਣਾ ਪਿਆ। ਉਸ ਸਮੇਂ ਇਹ ਘਟਨਾ ਸਾਡੇ ਪਰਿਵਾਰ ਲਈ ਇੱਕ ਵੱਡਾ ਝਟਕਾ ਸੀ। ਸਾਰਿਆਂ ਨੂੰ ਲੱਗਦਾ ਸੀ ਕਿ ਕਿਸਮਤ ਨੇ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ, ਪਰ ਜ਼ਿੰਦਗੀ ਦੀ ਕਹਾਣੀ ਉੱਥੇ ਖ਼ਤਮ ਨਹੀਂ ਹੋਈ। ਅਸਲ ਕਹਾਣੀ ਤਾਂ ਉਸ ਦਿਨ ਤੋਂ ਸ਼ੁਰੂ ਹੋਈ ਜਦੋਂ ਪਿਤਾ ਜੀ ਨੇ ਹਾਲਾਤ ਅੱਗੇ ਝੁਕਣ ਦੀ ਬਜਾਏ ਉਨ੍ਹਾਂ ਨਾਲ ਲੜਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਖੇਤੀ ਕੀਤੀ, ਮਿਹਨਤ ਕੀਤੀ। ਸਾਈਕਲ ਉੱਤੇ ਪਿੰਡ-ਪਿੰਡ ਚੱਪਲਾਂ ਤੇ ਹੋਰ ਸਾਮਾਨ ਦੀਆਂ ਫੇਰੀਆਂ ਲਾਈਆਂ। ਥੋੜ੍ਹੀ ਜ਼ਮੀਨ ਖ਼ਰੀਦੀ। ਸੰਘਰਸ਼ ਕੀਤਾ। ਅਸੀਂ ਬੱਚੇ ਵੀ ਉਨ੍ਹਾਂ ਦੇ ਨਾਲ ਮਿਲ ਕੇ ਮਿਹਨਤ ਕਰਦੇ ਰਹੇ। ਜ਼ਿੰਦਗੀ ਆਸਾਨ ਨਹੀਂ ਸੀ, ਪਰ ਇਸ ਸੰਘਰਸ਼ ਨੇ ਸਾਨੂੰ ਮਜ਼ਬੂਤ ਬਣਾਇਆ। ਅੱਜ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਸਮਝ ਆਉਂਦੀ ਹੈ ਕਿ ਉਸ ਵੇਲੇ ਜਿਸ ਘਟਨਾ ਨੂੰ ਅਸੀਂ ਬਦਕਿਸਮਤੀ ਸਮਝ ਰਹੇ ਸੀ, ਉਹੀ ਸਾਡੇ ਜੀਵਨ ਦੀ ਦਿਸ਼ਾ ਬਦਲਣ ਵਾਲਾ ਮੋੜ ਬਣ ਗਈ। ਕਦੇ-ਕਦੇ ਮੈਂ ਵੀ ਸੋਚਦਾ ਹਾਂ ਕਿ ਜੇ ਪਿਤਾ ਜੀ ਨਾਲ ਉਹ ਹਾਦਸਾ ਨਾ ਵਾਪਰਿਆ ਹੁੰਦਾ ਤਾਂ ਕੀ ਹੁੰਦਾ? ਸ਼ਾਇਦ ਉਹ ਫ਼ੌਜ ਵਿੱਚ ਹੀ ਰਹਿੰਦੇ। ਤਰੱਕੀਆਂ ਮਿਲਦੀਆਂ। ਅਸੀਂ ਫ਼ੌਜੀ ਮਾਹੌਲ ਵਿੱਚ ਵੱਡੇ ਹੁੰਦੇ। ਹੋ ਸਕਦਾ ਹੈ ਕਿ ਮੈਂ ਤੇ ਮੇਰਾ ਭਰਾ ਵੀ ਫ਼ੌਜ ਵਿੱਚ ਭਰਤੀ ਹੋ ਜਾਂਦੇ। ਸ਼ਾਇਦ ਅੱਜ ਅਸੀਂ ਸੂਬੇਦਾਰ ਜਾਂ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹੁੰਦੇ। ਇਹ ਸਭ ਸੰਭਵ ਸੀ ਪਰ ਇਹ ਸਿਰਫ਼ ਇੱਕ ਸੰਭਾਵਨਾ ਹੈ, ਸੱਚ ਨਹੀਂ। ਸੱਚ ਤਾਂ ਇਹ ਹੈ ਕਿ ਜ਼ਿੰਦਗੀ ਨੇ ਸਾਡੇ ਲਈ ਇੱਕ ਹੋਰ ਰਸਤਾ ਚੁਣਿਆ ਹੋਇਆ ਸੀ। ਪਿਤਾ ਜੀ ਦੇ ਸੰਘਰਸ਼ ਦੇ ਚੱਲਦਿਆਂ ਅਸੀਂ ਚੰਡੀਗੜ੍ਹ ਆ ਗਏ। ਉਸ ਵੇਲੇ ਇਹ ਵੀ ਨਹੀਂ ਪਤਾ ਸੀ ਕਿ ਇਹ ਸ਼ਹਿਰ ਸਾਡੀ ਜ਼ਿੰਦਗੀ ਨੂੰ ਕਿੰਨਾ ਬਦਲ ਦੇਵੇਗਾ। ਇੱਥੇ ਆ ਕੇ ਸਾਨੂੰ ਨਵੇਂ ਲੋਕ ਮਿਲੇ, ਨਵੇਂ ਵਿਚਾਰ ਮਿਲੇ ਤੇ ਇੱਕ ਨਵੀਂ ਦੁਨੀਆ ਨਾਲ ਜਾਣ-ਪਛਾਣ ਹੋਈ। ਅਸੀਂ ਸਾਹਿਤ ਨਾਲ ਜੁੜੇ, ਸੰਗੀਤ ਨਾਲ ਜੁੜੇ, ਰੰਗਮੰਚ ਨਾਲ ਜੁੜੇ। ਹੌਲੀ-ਹੌਲੀ ਕਲਾ ਤੇ ਸੱਭਿਆਚਾਰ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਗਏ। ਸਾਡੇ ਪਿਤਾ ਜੀ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ। ਉਹ ਖ਼ੁਦ ਵੀ ਫਿਲਮਾਂ ਦੇਖਦੇ ਸਨ ਤੇ ਸਾਨੂੰ ਵੀ ਦਿਖਾਉਂਦੇ ਸਨ। ਸ਼ਾਇਦ ਉਨ੍ਹਾਂ ਨੂੰ ਵੀ ਨਹੀਂ ਪਤਾ ਸੀ ਕਿ ਉਹ ਅਣਜਾਣੇ ਵਿੱਚ ਸਾਡੇ ਅੰਦਰ ਇੱਕ ਨਵਾਂ ਬੀਜ, ਬੀਜ ਰਹੇ ਹਨ। ਬਾਅਦ ਵਿੱਚ ਜਦੋਂ ਸਾਡੇ ਆਪਣੇ ਬੱਚੇ ਹੋਏ ਤਾਂ ਅਸੀਂ ਵੀ ਇਹੀ ਰਵਾਇਤ ਜਾਰੀ ਰੱਖੀ। ਸਮੇਂ ਨੇ ਆਪਣਾ ਰੰਗ ਦਿਖਾਇਆ। ਸਾਡੇ ਬੱਚਿਆਂ ਨੇ ਉਨ੍ਹਾਂ ਰਾਹਾਂ ਨੂੰ ਚੁਣਿਆ, ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਸਨ। ਅੱਜ ਮਾਸ਼ਾ ਅੱਲ੍ਹਾ ਮੇਰੀ ਧੀ ਫਿਲਮੀ ਦੁਨੀਆ ਵਿੱਚ ਸੋਹਣਾ ਨਾਮ ਬਣਾ ਚੁੱਕੀ ਹੈ। ਲੋਕ ਉਸ ਨੂੰ ਜਾਣਦੇ ਹਨ, ਉਸ ਦੇ ਕੰਮ ਦੀ ਕਦਰ ਕਰਦੇ ਹਨ। ਸਾਡਾ ਬੇਟਾ ਵੀ ਸੰਗੀਤ ਤੇ ਫਿਲਮ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਲਈ ਪੂਰੇ ਜਜ਼ਬੇ ਨਾਲ ਸੰਘਰਸ਼ ਕਰ ਰਿਹਾ ਹੈ। ਹੁਣ ਕਦੇ-ਕਦੇ ਮੈਂ ਸੋਚਦਾ ਹਾਂ ਕਿ ਜੇ ਪਿਤਾ ਜੀ ਨਾਲ ਉਹ ਹਾਦਸਾ ਨਾ ਵਾਪਰਦਾ, ਜੇ ਉਹ ਫ਼ੌਜ ਵਿੱਚ ਹੀ ਰਹਿੰਦੇ, ਜੇ ਅਸੀਂ ਚੰਡੀਗੜ੍ਹ ਨਾ ਆਉਂਦੇ, ਜੇ ਸਾਡੀ ਜ਼ਿੰਦਗੀ ਉਸੇ ਰਵਾਇਤੀ ਰਾਹ ਉੱਤੇ ਚੱਲਦੀ ਰਹਿੰਦੀ, ਤਾਂ ਕੀ ਸਾਡੇ ਬੱਚੇ ਅੱਜ ਇਸ ਮੁਕਾਮ ’ਤੇ ਹੁੰਦੇ? ਕੀ ਉਹ ਫਿਲਮਾਂ, ਸੰਗੀਤ ਤੇ ਕਲਾ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਸਕਦੇ ਸਨ? ਇਸ ਦਾ ਜਵਾਬ ਮੇਰੇ ਕੋਲ ਨਹੀਂ। ਪਰ ਇੱਕ ਗੱਲ ਜ਼ਰੂਰ ਸਮਝ ਆਉਂਦੀ ਹੈ ਕਿ ਜ਼ਿੰਦਗੀ ਦੀ ਹਰ ਘਟਨਾ ਕਿਸੇ ਨਾ ਕਿਸੇ ਅਣਦੇਖੀ ਕੜੀ ਨਾਲ ਜੁੜੀ ਹੁੰਦੀ ਹੈ। ਇਸੇ ਲਈ ਸਿੱਖੀ ਵਿੱਚ ‘ਭਾਣਾ ਮੰਨਣ’ ਨੂੰ ਇੰਨੀ ਉੱਚੀ ਥਾਂ ਦਿੱਤੀ ਗਈ ਹੈ। ਭਾਣਾ ਮੰਨਣ ਦਾ ਮਤਲਬ ਹੈ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਨਤੀਜੇ ਨੂੰ ਸਹਿਜਤਾ ਨਾਲ ਸਵੀਕਾਰ ਕਰਨਾ। ਇਹ ਮੰਨਣਾ ਕਿ ਸਾਡੀ ਸਮਝ ਸੀਮਿਤ ਹੈ, ਪਰ ਕੁਦਰਤ ਦੀ ਯੋਜਨਾ ਸਾਡੀ ਸਮਝ ਤੋਂ ਕਿਤੇ ਵੱਡੀ ਹੈ। ਕਈ ਵਾਰ ਜੋ ਘਟਨਾ ਉਸ ਵੇਲੇ ਸਾਨੂੰ ਬਹੁਤ ਬੁਰੀ ਲੱਗਦੀ ਹੈ, ਉਹੀ ਅੱਗੇ ਜਾ ਕੇ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ। ਕਈ ਵਾਰ ਜੋ ਨੁਕਸਾਨ ਦਿੱਸਦਾ ਹੈ, ਉਸ ਦੇ ਅੰਦਰ ਕੋਈ ਅਣਦਿਸਿਆ ਲਾਭ ਲੁਕਿਆ ਹੁੰਦਾ ਹੈ। ਕਈ ਵਾਰ ਸਾਨੂੰ ਸਾਲਾਂ ਬਾਅਦ ਸਮਝ ਆਉਂਦੀ ਹੈ ਕਿ ਰੱਬ ਨੇ ਸਾਡੇ ਲਈ ਉਹ ਰਾਹ ਚੁਣਿਆ ਸੀ ਜਿਸ ਦੀ ਕਲਪਨਾ ਵੀ ਅਸੀਂ ਨਹੀਂ ਕਰ ਸਕਦੇ ਸੀ। ਇਸ ਲਈ ਅੱਜ ਮੇਰੀ ਅਰਦਾਸ ਸਿਰਫ਼ ਇਹੀ ਹੈ ਕਿ ਰੱਬ ਸਾਨੂੰ ਹਰ ਹਾਲਾਤ ਵਿੱਚ ਭਾਣਾ ਮੰਨਣ ਦੀ ਸ਼ਕਤੀ ਦੇਵੇ। ਜਦੋਂ ਦੁੱਖ ਆਵੇ ਤਾਂ ਹੌਸਲਾ ਦੇਵੇ, ਜਦੋਂ ਖ਼ੁਸ਼ੀ ਆਵੇ ਤਾਂ ਨਿਮਰਤਾ ਦੇਵੇ ਤੇ ਜਦੋਂ ਕੋਈ ਗੱਲ ਸਾਡੀ ਸਮਝ ਤੋਂ ਬਾਹਰ ਹੋਵੇ ਤਾਂ ਸਹਿਜ ਬਖ਼ਸ਼ੇ। ਇਸ ਅਹਿਸਾਸ ਨਾਲ ਮਨ ਵਿੱਚ ਇੱਕੋ ਗੱਲ ਉੱਭਰਦੀ ਹੈ- ‘ਤੇਰਾ ਭਾਣਾ ਮੀਠਾ ਲਾਗੈ।’
ਸੰਪਰਕ: 94171-73700

