ਨਵੀਂ ਉਡਾਰੀ
ਸੁਖਵੰਤ ਸਿਹੁੰ ਦੇ ਸਿਰ ’ਤੇ ਪਰਿਵਾਰ ਸਮੇਤ ਬਾਹਰ ਜਾਣ ਦਾ ਭੂਤ ਸਵਾਰ ਸੀ। ਉਹ ਹਰ ਸਮੇਂ ਸੋਚਦਾ ਕਿ ਉਹ ਆਪਣੇ ਦੋਹਾਂ ਬੱਚਿਆਂ ਦੇ ਵਿਆਹ ਬਾਹਰੋਂ ਆਏ ਪਰਿਵਾਰਾਂ ਦੇ ਬੱਚਿਆਂ ਨਾਲ਼ ਹੀ ਕਰਨਗੇ। ਵੱਡਾ ਮੁੰਡਾ ਜੱਸੀ ਪੱਚੀ ਵਰ੍ਹਿਆਂ ਦਾ ਹੋ ਚੁੱਕਾ...
ਸੁਖਵੰਤ ਸਿਹੁੰ ਦੇ ਸਿਰ ’ਤੇ ਪਰਿਵਾਰ ਸਮੇਤ ਬਾਹਰ ਜਾਣ ਦਾ ਭੂਤ ਸਵਾਰ ਸੀ। ਉਹ ਹਰ ਸਮੇਂ ਸੋਚਦਾ ਕਿ ਉਹ ਆਪਣੇ ਦੋਹਾਂ ਬੱਚਿਆਂ ਦੇ ਵਿਆਹ ਬਾਹਰੋਂ ਆਏ ਪਰਿਵਾਰਾਂ ਦੇ ਬੱਚਿਆਂ ਨਾਲ਼ ਹੀ ਕਰਨਗੇ। ਵੱਡਾ ਮੁੰਡਾ ਜੱਸੀ ਪੱਚੀ ਵਰ੍ਹਿਆਂ ਦਾ ਹੋ ਚੁੱਕਾ ਸੀ ਤੇ ਕੁੜੀ ਰਾਣੋ ਉਸ ਤੋਂ ਦੋ-ਢਾਈ ਸਾਲ ਛੋਟੀ ਸੀ। ਉਸ ਨੇ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਕਹਿਣਾ ਕਿ ਉਸ ਦੇ ਬੱਚਿਆਂ ਲਈ ਕੋਈ ਬਾਹਰਲੇ ਰਿਸ਼ਤੇ ਦੀ ਦੱਸ ਪਾਉਣ ਜਾਂ ਕਈ ਵਾਰ ਪਿੰਡ ਵਿੱਚ ਕਿਸੇ ਨੂੰ ਕਹਿਣਾ ਕਿ ਕੋਈ ਬਾਹਰਲਾ ਰਿਸ਼ਤਾ ਹੋਵੇ ਤਾਂ ਕਰਵਾ ਦੇਣਾ। ਇਸ ਤਰ੍ਹਾਂ ਰਿਸ਼ਤੇ ਵੇਖਦੇ-ਵੇਖਦੇ ਦੋ ਸਾਲ ਹੋਰ ਲੰਘ ਗਏ। ਇੱਕ ਦਿਨ ਕਿਸੇ ਨੇ ਰਾਣੋ ਦਾ ਰਿਸ਼ਤਾ ਬਾਹਰਲੇ ਮੁੰਡੇ ਨਾਲ਼ ਕਰਵਾ ਦਿੱਤਾ ਤੇ ਹਫ਼ਤੇ ਕੁ ’ਚ ਹੀ ਵਿਆਹ ਹੋ ਗਿਆ ਕਿਉਂਕਿ ਮੁੰਡੇ ਵਾਲਿਆਂ ਨੇ ਮਹੀਨੇ ਦੇ ਵਿੱਚ-ਵਿੱਚ ਹੀ ਕੈਨੇਡਾ ਮੁੜਨਾ ਸੀ।
ਰਾਣੋ ਅਤੇ ਉਸ ਦਾ ਸਾਰਾ ਪਰਿਵਾਰ ਬਹੁਤ ਖੁਸ਼ ਸੀ। ਮਹੀਨੇ ਬਾਅਦ ਰਾਣੋ ਦਾ ਪਤੀ ਰਮਨ ਅਤੇ ਉਸ ਦੀ ਸੱਸ ਬਾਹਰ ਚਲੇ ਗਏ। ਰਾਣੋ ਦਾ ਸਹੁਰਾ ਗੁਜ਼ਰੇ ਨੂੰ ਕਈ ਸਾਲ ਹੋ ਗਏ ਸਨ, ਉਸ ਦੀ ਸੱਸ ਨੇ ਹੀ ਕੈਨੇਡਾ ਵਿੱਚ ਮਿਹਨਤ ਕਰ ਕੇ ਆਪਣੇ ਪੁੱਤਰ ਰਮਨ ਨੂੰ ਪਾਲ਼ਿਆ ਸੀ। ਰਾਣੋ ਦੇ ਘਰ ਵਾਲ਼ੇ ਨੇ ਕਾਗਜ਼ ਬਾਹਰ ਜਾ ਕੇ ਹੀ ਭੇਜਣੇ ਸਨ। ਜੱਸੀ ਦੀ ਉਮਰ ਲੰਘਦੀ ਵੇਖ ਕੇ ਪਿੰਡੋਂ ਕਿਸੇ ਨੇ ਸੁਖਵੰਤ ਸਿੰਘ ਨੂੰ ਸਲਾਹ ਦਿੱਤੀ, ‘ਬਈ, ਬਾਹਰਲੇ ਚੱਕਰ ਵਿੱਚ ਕਿਤੇ ਮੁੰਡਾ ਛੜਾ ਨਾ ਰੱਖ ਲਵੀਂ... ਮੇਰੇ ਮੁੰਡੇ ਦੀ ਸਾਲੀ ਆ... ਜੇ ਕਹੇ ਤਾਂ ਆਪਾਂ ਜੱਸੀ ਨੂੰ ਰਿਸ਼ਤਾ ਕਰਵਾ ਦੇਈਏ..?’ ਸੁਖਵੰਤ ਸਿੰਘ ਨੇ ਉਸ ਨੂੰ ਕਿਹਾ,‘... ਘਰੇ ਸਲਾਹ ਕਰ ਕੇ ਦੱਸਦਾਂ ਬਾਈ..!’ ਸੁਖਵੰਤ ਨੇ ਘਰ ਜਾ ਕੇ ਆਪਣੀ ਪਤਨੀ ਨਾਲ ਸਲਾਹ ਕੀਤੀ। ਦੋਵਾਂ ਜੀਆਂ ਨੇ ਆਪਸੀ ਸਹਿਮਤੀ ਨਾਲ ਜੱਸੀ ਦਾ ਰਿਸ਼ਤਾ ਪੱਕਾ ਕਰ ਲਿਆ ਤੇ ਕੁੜੀ ਨੂੰ ਵੇਖਣ ਗਏ ਹੀ ਚੁੰਨੀ ਚੜ੍ਹਾ ਕੇ ਲੈ ਆਏ। ਸੁਖਵੰਤ ਦੇ ਦਿਲ ਵਿੱਚ ਕਿੱਧਰੇ ਨਾ ਕਿੱਧਰੇ ਮੁੰਡੇ ਨੂੰ ਵਿਦੇਸ਼ ਭੇਜਣ ਦੀ ਅਧੂਰੀ ਰੀਝ ਰੜਕਦੀ ਸੀ। ਉਂਝ ਉਸ ਦੇ ਦਿਮਾਗ਼ ਤੋਂ ਬੱਚੇ ਵਿਆਹੁਣ ਵਾਲ਼ਾ ਬੋਝ ਹਲਕਾ ਹੋ ਗਿਆ ਸੀ। ਰਾਣੋ ਦੇ ਬਾਹਰ ਦੇ ਕਾਗਜ਼ ਹਾਲੇ ਬਣੇ ਨਹੀਂ ਸਨ ਕਿਉਂਕਿ ਉਸ ਦੀ ਸੱਸ ਬਿਮਾਰ ਹੋ ਗਈ। ਰਾਣੋ ਦਾ ਪਤੀ ਕਾਗਜ਼ ਕਿੱਥੋਂ ਤੋਰਦਾ ਉਹ ਤਾਂ ਆਪਣੀ ਮਾਂ ਦੀ ਬਿਮਾਰੀ ਵਿੱਚ ਉਲ਼ਝ ਗਿਆ ਸੀ... ਸਾਰਾ ਦਿਨ ਉਸ ਦੀ ਦੇਖ਼ ਭਾਲ਼ ਕਰਦਾ, ਦੋ ਕੁ ਮਹੀਨੇ ਬਿਮਾਰ ਰਹਿ ਕੇ ਰਾਣੋ ਦੀ ਸੱਸ ਗੁਜ਼ਰ ਗਈ। ਰਾਣੋ ਦਾ ਪਤੀ ਆਪਣੀ ਮਾਂ ਦੇ ਫੁੱਲ ਪਾਉਣ ਲਈ ਇੰਡੀਆ ਆਇਆ ਤਾਂ ਫਿਰ ਦਸ ਕੁ ਦਿਨ ਰਾਣੋ ਸਹੁਰੇ ਲਾ ਆਈ। ਵਾਪਸ ਕੈਨੇਡਾ ਜਾਣ ਤੋਂ ਇੱਕ ਦਿਨ ਪਹਿਲਾਂ ਜਦੋਂ ਉਹ ਰਾਣੋ ਨੂੰ ਪੇਕੇ ਛੱਡਣ ਆਇਆ ਤਾਂ ਸੁਖਵੰਤ ਸਿੰਘ ਨੇ ਆਪਣੇ ਜਵਾਈ ਨਾਲ਼ ਆਪਣੇ ਪੁੱਤ-ਨੂੰਹ ਨੂੰ ਬਾਹਰ ਬੁਲਾਉਣ ਦੀ ਕੋਈ ਜੁਗਤ ਪੁੱਛੀ। ਉਨ੍ਹਾਂ ਦਿਨਾਂ ਵਿੱਚ ਕੈਨੇਡਾ ਵਿੱਚ ਬੈਠੇ ਮੁੰਡੇ ਜਾਂ ਕੁੜੀ ਕਿਸੇ ਨਾਲ਼ ਵੀ ਵਿਆਹ ਕਰਵਾ ਕੇ ਬਾਹਰ ਬੁਲਾ ਲੈਂਦੇ ਸਨ ਤੇ ਉੱਥੇ ਜਾ ਕੇ ਪੱਕੇ ਹੋਣ ’ਤੇ ਤਲਾਕ ਦੇ ਕੇ ਆਪੋ-ਆਪਣੇ ਰਾਹ ਪੈ ਜਾਂਦੇ ਸਨ। ਕੁਝ ਲੋਕਾਂ ਨੇ ਤਾਂ ਕਈ-ਕਈ ਵਿਆਹ ਕਰਵਾ ਕੇ ਕਿੰਨੇ-ਕਿੰਨੇ ਜਣਿਆਂ ਨੂੰ ਬਾਹਰ ਬੁਲਾਇਆ ਸੀ। ਉਨ੍ਹਾਂ ਨੇ ਵੀ ਆਪਣੇ ਜਵਾਈ ਨਾਲ਼ ਸਲਾਹ ਕੀਤੀ ਤੇ ਕਿਹਾ, ‘‘ਰਮਨ ਜੇ ਅਸੀਂ ਰਾਣੋ ਤੋਂ ਪਹਿਲਾਂ ਜੱਸੀ ਦੀ ਵਾਹੁਟੀ ਦੇ ਕਾਗਜ਼ ਤੇਰੇ ਤੋਂ ਲਵਾ ਲਈਏ ਤਾਂ ਉੱਥੇ ਜਾ ਕੇ ਪੱਕੇ ਹੁੰਦੇ ਸਾਰ ਤੂੰ ਤਲਾਕ ਦੇ ਦੇਵੀਂ ਤੇ ਫਿਰ ਰਾਣੋ ਨੂੰ ਬੁਲਾ ਲੈਣਾ... ਸਾਲ ਖੰਡ ਦੀ ਗੱਲ ਐ... ਛੇ ਮਹੀਨੇ ਵਿੱਚ ਜੱਸੀ ਦੀ ਵਾਹੁਟੀ ਤੇਰੇ ਕੋਲ ਪਹੁੰਚ ਜਾਊਗੀ... ਦੋ ਕੁ ਮਹੀਨੇ ਬਾਅਦ ਤਲਾਕ ਦੇ ਦੇਵੀਂ... ਫਿਰ ਰਾਣੋ ਦੇ ਕਾਗਜ਼ ਲਾ ਦੇਵੀਂ..!’ ਹੁਣ ਚਾਹੇ ਬਾਹਰਲੀਆਂ ਸਰਕਾਰਾਂ ਨੇ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਹਨ ਪਰ ਪਹਿਲਾਂ ਬਾਹਰ ਜਾਣ ਖ਼ਾਤਰ ਇਹੋ ਜਿਹੇ ਹੀਲੇ ਵਸੀਲੇ ਅਪਣਾ ਕੇ ਬਹੁਤ ਲੋਕ ਵਿਦੇਸ਼ ਜਾਂਦੇ ਸਨ। ਰਾਣੋ ਦੇ ਘਰ ਵਾਲ਼ੇ ਨੇ ਰਾਣੋ ਵੱਲ ਤੱਕਿਆ ਤਾਂ ਉਸ ਦੀਆਂ ਨਜ਼ਰਾਂ ਵਿੱਚ ਵੀ ਆਪਣੇ ਘਰਦਿਆਂ ਦੀ ਗੱਲ ਨਾਲ਼ ਸਹਿਮਤੀ ਛੁਪੀ ਹੋਈ ਸੀ। ਉਸ ਨੇ ਫਿਰ ਵੀ ਸਿੱਧੇ ਤੌਰ ’ਤੇ ਕਿਹਾ ਕਿ ਜੇ ਰਾਣੋ ਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਇਸ ਤਰ੍ਹਾਂ ਹੀ ਕਰ ਲੈਂਦੇ ਹਾਂ। ਰਾਣੋ ਨੇ ਉਸੇ ਸਮੇਂ ਕਿਹਾ, ‘ਕੋਈ ਗੱਲ ਨ੍ਹੀਂ ਜੀ, ਜੇ ਜੱਸੀ ਵੀਰੇ ਦਾ ਬਾਹਰ ਜਾਣ ਦਾ ਕੰਮ ਹੁੰਦਾ ਹੈ ਤਾਂ ਆਪਾਂ ਇੰਦਾਂ ਈ ਕਰ ਲੈਨੇ ਆਂ... ਜਿਵੇਂ ਸਾਰੇ ਜਣੇ ਕਹਿੰਦੇ ਨੇ..!’ ਇਹ ਸੁਣ ਕੇ ਰਾਣੋ ਦੇ ਪਤੀ ਨੇ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਰਾਣੋ ਦੇ ਪਤੀ ਨੇ ਕੈਨੇਡਾ ਜਾ ਕੇ ਆਪਣੇ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਆਪਣੀ ਸਾਲੇਹਾਰ ਜੱਸੀ ਦੀ ਵਾਹੁਟੀ ਸਿਮਰਨ ਦੇ ਕਾਗਜ਼ ਮੰਗਵਾ ਲਏ। ਛੇ ਕੁ ਮਹੀਨੇ ਵਿੱਚ ਜੱਸੀ ਦੀ ਵਹੁਟੀ ਦਾ ਵੀਜ਼ਾ ਲੱਗ ਕੇ ਆ ਗਿਆ ਤੇ ਉਹ ਰਮਨ ਦੀ ਪਤਨੀ ਬਣ ਕੇ ਕੈਨੇਡਾ ਪਹੁੰਚ ਗਈ। ਸੁਖਵੰਤ ਸਿੰਘ ਦਾ ਸਾਰਾ ਪਰਿਵਾਰ ਬਹੁਤ ਖੁਸ਼ ਸੀ। ਸਾਰਾ ਦਿਨ ਪੂਰਾ ਟੱਬਰ ਬਾਹਰ ਜਾਣ ਦੀਆਂ ਗੱਲਾਂ ਕਰਦਾ ਰਹਿੰਦਾ। ਹੁਣ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਛੇਤੀ ਹੀ ਰਮਨ ਤੇ ਸਿਮਰਨ ਦਾ ਤਲਾਕ ਹੋ ਕੇ ਥੋੜ੍ਹੇ ਮਹੀਨਿਆਂ ਵਿੱਚ ਹੀ ਦੋਵੇਂ ਭੈਣ-ਭਰਾ ਰਾਣੋ ਤੇ ਜੱਸੀ ਦੇ ਕਾਗਜ਼ ਲੱਗ ਜਾਣਗੇ ਤੇ ਉਨ੍ਹਾਂ ਦੇ ਬਾਹਰ ਜਾਂਦੇ ਹੀ ਸੁਖਵੰਤ ਸਿੰਘ ਤੇ ਉਸ ਦੀ ਘਰਵਾਲ਼ੀ ਨੂੰ ਬੱਚੇ ਆਪਣੇ ਕੋਲ਼ ਬੁਲਾ ਲੈਣਗੇ, ਫਿਰ ਅਰਾਮ ਨਾਲ ਸਾਰੀ ਉਮਰ ਕੈਨੇਡਾ ਵਿੱਚ ਬਿਤਾਉਣਗੇ। ਜੱਸੀ ਦੀ ਵਾਹੁਟੀ ਜਾਂਦੇ ਸਾਰ ਕੰਮ ’ਤੇ ਵੀ ਲੱਗ ਗਈ। ਸੁਖਵੰਤ ਸਿੰਘ ਨੇ ਪੀ ਸੀ ਓ ’ਤੇ ਜਾ ਕੇ ਫੋਨ ਕਰਨ ਜਾਂ ਸੁਣਨ ਨਾਲੋਂ ਔਖੇ-ਸੌਖੇ ਹੋ ਕੇ ਆਪਣੇ ਘਰੇ ਹੀ ਫ਼ੋਨ ਲਗਵਾ ਲਿਆ ਤਾਂ ਜੋ ਬੱਚਿਆਂ ਨੂੰ ਆਪਸ ਵਿੱਚ ਗੱਲ ਕਰਨ ਦੀ ਸੌਖ ਰਹੇ।
ਜੱਸੀ ਦੀ ਵਾਹੁਟੀ ਜੱਸੀ ਨੂੰ ਹਫ਼ਤੇ ਬਾਅਦ ਫੋਨ ਕਰਦੀ ਅਤੇ ਤਸੱਲੀ ਦਿੰਦੀ ਕਿ ਛੇਤੀ ਹੀ ਉਹ ਤਲਾਕ ਲੈ ਕੇ ਉਸ ਨੂੰ ਆਪਣੇ ਕੋਲ ਬੁਲਾ ਲਵੇਗੀ। ਉਧਰ ਰਾਣੋ ਦਾ ਪਤੀ ਉਸ ਨੂੰ ਫ਼ੋਨ ਕਰਦਾ ਤਾਂ ਉਹ ਵੀ ਇਹੀ ਗੱਲ ਰਾਣੋ ਨੂੰ ਆਖਦਾ। ਦੋਹਾਂ ਦਾ ਪਹਿਲਾਂ ਹਫ਼ਤੇ ਵਿੱਚ ਦੋ ਵਾਰ ਵੀ ਫ਼ੋਨ ਆ ਜਾਂਦਾ ਸੀ। ਹੌਲੀ-ਹੌਲੀ ਇੱਕ ਵਾਰ ਹੋ ਗਿਆ ਤੇ ਫਿਰ ਪੰਦਰਾਂ ਦਿਨ ਬਾਅਦ ਕਰਨ ਲੱਗੇ। ਜਦ ਵੀ ਸੁਖਵੰਤ ਸਿੰਘ ਉਨ੍ਹਾਂ ਨੂੰ ਤਲਾਕ ਬਾਰੇ ਪੁੱਛਦਾ ਤਾਂ ਉਨ੍ਹਾਂ, ‘ਛੇਤੀ ਹੀ ਤਲਾਕ ਲੈ ਲਵਾਂਗੇ, ਤਲਾਕ ਦੇ ਕਾਗਜ਼ ਕੋਰਟ ਵਿੱਚ ਅਗਲੇ ਹਫ਼ਤੇ ਲਾਵਾਂਗੇ..!’ ਕਹਿੰਦਆਂ ਡੇਢ ਸਾਲ ਕੱਢ ਦਿੱਤਾ। ਹੁਣ ਉਨ੍ਹਾਂ ਦੇ ਫ਼ੋਨ ਬਹੁਤ ਘੱਟ ਆਉਂਦੇ। ਇੱਕ ਦਿਨ ਰਾਣੋ ਦੇ ਪਤੀ ਦਾ ਫ਼ੋਨ ਆਇਆ ਤੇ ਸਿੱਧੀ ਸੁਖਵੰਤ ਸਿੰਘ ਨਾਲ਼ ਗੱਲ ਕੀਤੀ, ‘‘ਪਾਪਾ ਜੀ... ਮੈਂ ਕੁਝ ਮਹੀਨਿਆਂ ਤੋਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਸੀ, ਤੁਸੀਂ ਮੇਰੀ ਗੱਲ ਸੁਣਦੇ ਈ ਨਹੀਂ ਸੀ, ਅਸਲ ਵਿੱਚ ਮੇਰੀ ਤੇ ਸਿਮਰਨ ਦੀ ਨੇਚਰ ਬਹੁਤ ਮਿਲ਼ਦੀ ਹੈ, ਅਸੀਂ ਇੱਕ ਦੂਜੇ ਨੂੰ ਬਹੁਤ ਅੰਡਰਸਟੈਂਡ ਕਰਦੇ ਹਾਂ... ਇਸ ਕਰ ਕੇ ਅਸੀਂ ਦੋਹਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਇੱਕ ਦੂਜੇ ਨੂੰ ਤਲਾਕ ਨਹੀਂ ਦੇਣਾ.... ਅਸੀਂ ਆਪਣੇ ਬੇਬੀ ਦਾ ਫਿਊਚਰ ਥੋੜ੍ਹਾ ਖ਼ਰਾਬ ਕਰਨੈ... ਸਾਡਾ ਬੇਬੀ ਹੁਣ ਦੋ ਮਹੀਨੇ ਦਾ ਹੋ ਗਿਐ... ਮੈਂ ਤੁਹਾਨੂੰ ਇਹੀ ਦੱਸਣ ਲਈ ਫੋਨ ਕੀਤਾ ਸੀ... ਹੁਣ ਤੁਸੀਂ ਇਸ ਨੰਬਰ ’ਤੇ ਫੋਨ ਨਹੀਂ ਨਾ ਕਰਿਓ ਕਿਉਂਕਿ ਸਾਡਾ ਇਹ ਨੰਬਰ ਅੱਜ ਬੰਦ ਹੋ ਜਾਵੇਗਾ ਤੇ ਅਸੀਂ ਨਵਾਂ ਘਰ ਲੈ ਲਿਆ ਹੈ, ਉੱਥੇ ਸਾਡਾ ਹੋਰ ਨੰਬਰ ਹੋਵੇਗਾ..!’’ ਇਹ ਕਹਿ ਕੇ ਰਮਨ ਨੇ ਫ਼ੋਨ ਕੱਟ ਦਿੱਤਾ। ਫ਼ੋਨ ਕੱਟਣ ਤੋਂ ਬਾਅਦ ਟੂੰ-ਟੂੰ ਦੀ ਆਵਾਜ਼ ਸੁਖਵੰਤ ਸਿੰਘ ਦੇ ਕੰਨਾਂ ਵਿੱਚ ਕਿੰਨਾ ਚਿਰ ਗੂੰਜਦੀ ਰਹੀ, ਉਹ ਉੱਥੇ ਹੀ ਕੰਨ ਨੂੰ ਫ਼ੋਨ ਲਾਈ ਬੁੱਤ ਬਣਿਆ ਖੜ੍ਹਾ ਆਪਣੀਆਂ ਅੱਖਾਂ ਵਿੱਚ ਸਜਾਏ ਹਵਾਈ ਮਹਿਲ ਨੂੰ ਢਹਿ-ਢੇਰੀ ਹੁੰਦਾ ਵੇਖਦਾ-ਵੇਖਦਾ ਧਰਤੀ ’ਤੇ ਡਿੱਗ ਗਿਆ।
ਸਾਰੇ ਪਰਿਵਾਰ ਨੂੰ ਇਸ ਸਦਮੇ ਵਿੱਚੋਂ ਨਿਕਲਣ ਲਈ ਦੋ ਸਾਲ ਲੱਗੇ। ਪਿੰਡ ਵਿੱਚ ਉਹ ਮਜ਼ਾਕ ਦਾ ਪਾਤਰ ਬਣ ਗਏ। ਜਦ ਉਹ ਘਰੋਂ ਬਾਹਰ ਨਿਕਲ਼ਦੇ ਤਾਂ ਲੋਕ ਉਨ੍ਹਾਂ ਵੱਲ ਘੂਰ-ਘੂਰ ਕੇ ਵੇਖਦੇ, ਕਈ ਲੋਕ ਤਾਂ ਸਿੱਧੀਆਂ ਹੀ ਮਸ਼ਕਰੀਆਂ ਕਰਨ ਲੱਗ ਜਾਂਦੇ। ਸੁਖਵੰਤ ਸਿੰਘ ਦੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਗਹਿਰੀ ਸੱਟ ਲੱਗੀ ਸੀ। ਦੋ ਸਾਲ ਬਾਅਦ ਫਿਰ ਉਸ ਨੇ ਬੱਚਿਆਂ ਦੇ ਸਾਦੇ ਤਰੀਕੇ ਨਾਲ ਵਿਆਹ ਕੀਤੇ। ਇਸ ਵਾਰ ਵਿਦੇਸ਼ ਜਾਣ ਲਈ ਨਹੀਂ ਸਗੋਂ ਉਨ੍ਹਾਂ ਦੇ ਘਰ ਵਸਾਉਣ ਲਈ ਵਿਆਹ ਕੀਤੇ ਸਨ। ਰਾਣੋ ਦਾ ਪਤੀ ਖੇਤੀਬਾੜੀ ਕਰਦਾ ਸੀ ਤੇ ਉਹ ਆਪਣੇ ਘਰ ਸੌਖੀ ਸੀ। ਉਹ ਪੇਕੇ ਕਦੇ-ਕਦਾਈਂ ਆਉਂਦੀ। ਉਸ ਦੇ ਦੋ ਧੀਆਂ ਹੋ ਗਈਆਂ ਸਨ ਤੇ ਇੱਧਰ ਉਸ ਦਾ ਭਰਾ ਜੱਸੀ ਵੀ ਇੱਕ ਪੁੱਤ ਦਾ ਬਾਪ ਬਣ ਗਿਆ ਸੀ। ਉਨ੍ਹਾਂ ਦੇ ਬੱਚੇ ਦੇਖਦੇ-ਦੇਖਦੇ ਕਦੋਂ ਵੱਡੇ ਹੋ ਗਏ ਪਤਾ ਈ ਨਾ ਲੱਗਿਆ। ਜੱਸੀ ਦਾ ਪੁੱਤ ਬਹੁਤ ਸਿਆਣਾ ਤੇ ਹੁਸ਼ਿਆਰ ਸੀ। ਉਹ ਪੜ੍ਹਾਈ ਲਈ ਬਾਹਰ ਚਲਾ ਗਿਆ ਜਦ ਕਿ ਜੱਸੀ ਨੂੰ ਤਾਂ ਬਾਹਰ ਦੇ ਨਾਂ ਤੋਂ ਹੀ ਚਿੜ ਸੀ। ਜੱਸੀ ਦੇ ਬੇਟੇ ਨੇ ਤੇਈ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ਼ ਬੀਤੀ ਘਟਨਾ ਬਾਰੇ ਲੋਕਾਂ ਦੇ ਮੂੰਹੋਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸਨ ਤੇ ਕਈ ਵਾਰ ਤਾਂ ਲੋਕ ਉਸ ਦੇ ਦਾਦੇ ਸੁਖਵੰਤ ਸਿੰਘ ਦਾ ਮਜ਼ਾਕ ਉਸ ਦੇ ਮੂੰਹ ’ਤੇ ਉਡਾਉਂਦੇ ਸਨ। ਇਹ ਗੱਲਾਂ ਜੱਸੀ ਦੇ ਪੁੱਤਰ ਨੇ ਆਪਣੇ ਦਿਲ ਵਿੱਚ ਬਿਠਾਈਆਂ ਹੋਈਆਂ ਸਨ। ਉਹ ਲੋਕਾਂ ਦੇ ਮੂੰਹ ਬੰਦ ਕਰਨਾ ਚਾਹੁੰਦਾ ਸੀ। ਕੈਨੇਡਾ ਵਿੱਚ ਉਸ ਨੇ ਆਪਣੀ ਪੜ੍ਹਾਈ ਪੂਰੀ ਹੁੰਦੇ ਸਾਰ ਪਹਿਲਾਂ ਆਪਣੇ ਦਾਦੇ ਸੁਖਵੰਤ ਸਿਹੁੰ ਨੂੰ ਆਪਣੇ ਕੋਲ ਬੁਲਾਇਆ। ਉਸ ਨੇ ਆਪਣੇ ਦਾਦੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਲੰਕ ਧੋ ਕੇ ਲੋਕਾਂ ਦੇ ਮੂੰਹ ਬੰਦ ਕੀਤੇ। ਸੁਖਵੰਤ ਸਿਹੁੰ ਦੇ ਦੱਬੇ ਅਰਮਾਨਾਂ ਨੂੰ ਖੰਭ ਲਾ ਕੇ ਉਸ ਦੇ ਪੋਤੇ ਨੇ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਉਸ ਨੂੰ ਨਵੀਂ ਉਡਾਣ ਦਿੱਤੀ।
ਸੰਪਰਕ: 99889-01324

