DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨਵੇਂ ਤਜਰਬੇ, ਨਵੀਂ ਕਹਾਣੀ..!

ਉਦੋਂ ਮੈਂ ਸਰਕਾਰੀ ਨੌਕਰੀ ’ਚ ਅਜੇ ਨਵਾਂ-ਨਵਾਂ ਆਇਆ ਸਾਂ। ਛੇ ਮਹੀਨੇ ਦੀ ਟ੍ਰੇਨਿੰਗ ਮਗਰੋਂ ਮੈਂ ਕੈਨਾਲ ਡਿਵੀਜ਼ਨ, ਫ਼ਰੀਦਕੋਟ ਵਿੱਚ ਆਪਣੀ ਡਿਊਟੀ ਜੁਆਇਨ ਕਰ ਲਈ ਸੀ। ਡਿਊਟੀ ਜੁਆਇਨ ਕੀਤਿਆਂ ਹਾਲੇ ਥੋੜ੍ਹੀ ਦੇਰ ਹੀ ਹੋਈ ਸੀ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ...

  • fb
  • twitter
  • whatsapp
  • whatsapp
Advertisement

ਉਦੋਂ ਮੈਂ ਸਰਕਾਰੀ ਨੌਕਰੀ ’ਚ ਅਜੇ ਨਵਾਂ-ਨਵਾਂ ਆਇਆ ਸਾਂ। ਛੇ ਮਹੀਨੇ ਦੀ ਟ੍ਰੇਨਿੰਗ ਮਗਰੋਂ ਮੈਂ ਕੈਨਾਲ ਡਿਵੀਜ਼ਨ, ਫ਼ਰੀਦਕੋਟ ਵਿੱਚ ਆਪਣੀ ਡਿਊਟੀ ਜੁਆਇਨ ਕਰ ਲਈ ਸੀ। ਡਿਊਟੀ ਜੁਆਇਨ ਕੀਤਿਆਂ ਹਾਲੇ ਥੋੜ੍ਹੀ ਦੇਰ ਹੀ ਹੋਈ ਸੀ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ। ਇਹ ਚੋਣਾਂ ਉਸ ਵਕਤ ਹੋ ਰਹੀਆਂ ਸਨ ਜਦੋਂ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਵਿਗੜਿਆ ਹੋਇਆ ਸੀ ਤੇ ਇੱਕ ਰਾਜਨੀਤਕ ਪਾਰਟੀ ਨੇ ਇਨ੍ਹਾਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ।

ਚੋਣ ਡਿਊਟੀਆਂ ਬਾਰੇ ਸੂਚਨਾ ਦਫ਼ਤਰ ਵਿੱਚ ਆਈ ਤਾਂ ਉਸ ਵਿੱਚ ਮੇਰਾ ਨਾਮ ਵੀ ਸੀ। ਜਦੋਂ ਦੇਖਿਆ ਤਾਂ ਹੈਰਾਨ ਹੋ ਗਿਆ ਕਿ ਮੈਂ ਤਾਂ ਬਹੁਤ ਹੀ ਜੂਨੀਅਰ ਹਾਂ ਅਤੇ ਮੇਰੀ ਡਿਊਟੀ ਪ੍ਰੀਜ਼ਾਈਡਿੰਗ ਅਫਸਰ ਵਜੋਂ ਲੱਗੀ ਹੋਈ ਹੈ ਭਾਵ ਪੂਰੀ ਟੀਮ ਦਾ ਇੰਚਾਰਜ। ਧਿਆਨ ਨਾਲ ਡਿਊਟੀ ਲਿਸਟ ’ਤੇ ਦੁਬਾਰਾ ਨਜ਼ਰ ਮਾਰੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਤੋਂ ਇਲਾਵਾ ਕੋਈ ਡਾਕਟਰ, ਕੋਈ ਪ੍ਰੋਫੈਸਰ ਤੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਸਨ। ਮੈਂ ਆਪਣੇ ਸੀਨੀਅਰਜ਼ ਕੋਲ ਆਪਣਾ ਇਹ ਖ਼ਦਸ਼ਾ ਜ਼ਾਹਿਰ ਕੀਤਾ ਕਿ ਮੈਨੂੰ ਤਾਂ ਇਸ ਕੰਮ ਦਾ ਭੋਰਾ ਵੀ ਤਜਰਬਾ ਨਹੀਂ, ਪਰ ਮੈਨੂੰ ਪ੍ਰੀਜ਼ਾਈਡਿੰਗ ਅਫਸਰ ਬਣਾ ਦਿੱਤਾ ਹੈ ਹਾਲਾਂਕਿ ਮੇਰੇ ਤੋਂ ਕਿਤੇ ਸੀਨੀਅਰ ਅਧਿਕਾਰੀ ਇਸ ਸੂਚੀ ’ਚ ਸ਼ਾਮਿਲ ਹਨ। ਮੇਰੀ ਗੱਲ ਸੁਣ ਕੇ ਮੇਰੇ ਸੀਨੀਅਰਜ਼ (ਉਨ੍ਹਾਂ ਸਭਨਾਂ ਦੀ ਵੀ ਕਿਤੇ ਨਾ ਕਿਤੇ ਚੋਣ ਡਿਊਟੀ ਲੱਗੀ ਹੋਈ ਸੀ) ਬਹੁਤ ਹੱਸੇ ਅਤੇ ਕਹਿਣ ਲੱਗੇ, ‘‘ਹੌਸਲਾ ਰੱਖ ਹੌਸਲਾ। ਇਹ ਤਜਰਬੇ ਹੀ ਹੁੰਦੇ ਨੇ, ਜੋ ਜ਼ਿੰਦਗੀ ਵਿੱਚ ਬਹੁਤ ਕੰਮ ਆਉਂਦੇ ਹਨ। ਨਾਲੇ ਚੋਣਾਂ ਵਿੱਚ ਕਈ ਵਾਰੀ ਡਿਊਟੀਆਂ ਇਉਂ ਵੀ ਆ ਹੀ ਜਾਂਦੀਆਂ ਨੇ, ਤੂੰ ਤਾਂ ਅਜੇ ਜੁਆਇਨ ਹੀ ਕੀਤਾ ਹੈ। ਇਹੋ ਜਿਹੀਆਂ ਡਿਊਟੀਆਂ ਤਾਂ ਤੈਨੂੰ ਅੱਗੇ ਹੋਰ ਵੀ ਆਉਣਗੀਆਂ।’’ ਉਨ੍ਹਾਂ ਦੇ ਇਹ ਹੌਸਲੇ ਭਰੇ ਬੋਲ ਸੁਣ ਕੇ ਮੈਨੂੰ ਧਰਵਾਸ ਮਿਲਿਆ ਤੇ ਡਿਊਟੀ ਕਰਨ ਦਾ ਪੂਰਾ ਮਨ ਬਣਾ ਲਿਆ। ਘਰਦਿਆਂ, ਦੋਸਤਾਂ ਤੇ ਹੋਰ ਕਈਆਂ ਨੇ ਕਿਹਾ ਕਿ ਆਪਣੀ ਡਿਊਟੀ ਕਟਵਾ ਲੈ, ਹਾਲਾਤ ਬਹੁਤ ਖ਼ਰਾਬ ਨੇ, ਪਰ ਮੈਂ ਉਨ੍ਹਾਂ ਦੀ ਇਸ ਗੱਲ ਵੱਲ ਭੋਰਾ ਧਿਆਨ ਨਾ ਦਿੱਤਾ।

Advertisement

ਮੈਨੂੰ ਸਿਰਫ਼ ਆਪਣੇ ਸੀਨੀਅਰਜ਼ ਦੀ ਇਹੋ ਗੱਲ ਵਾਰ-ਵਾਰ ਚੇਤੇ ਆ ਰਹੀ ਸੀ ਕਿ ਤਜਰਬੇ ਹੀ ਜ਼ਿੰਦਗੀ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦੇ ਨੇ। ਚੋਣ ਡਿਊਟੀ ਦੀ ਰਿਹਰਸਲ ਦਾ ਪਹਿਲਾ ਦਿਨ ਸੀ। ਇੱਕ ਕਾਲਜ ਦੇ ਮੈਦਾਨ ਵਿੱਚ ਸ਼ਾਮਿਆਨੇ ਸਜੇ ਹੋਏ ਸਨ। ਚੋਣ ਡਿਊਟੀ ਦੇਣ ਵਾਲੇ ਸਾਰੇ ਸਰਕਾਰੀ ਕਰਮਚਾਰੀ ਉੱਥੇ ਪਹੁੰਚੇ ਹੋਏ ਸਨ, ਪੂਰੀ ਰੌਣਕ ਸੀ, ਹਾਜ਼ਰੀਆਂ ਲੱਗ ਰਹੀਆਂ ਸਨ। ਸਪੀਕਰ ’ਤੇ ਚੋਣ ਸਬੰਧੀ ਸੂਚਨਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ। ਵੱਖ-ਵੱਖ ਟੀਮਾਂ ਬਣਾਈਆਂ ਜਾ ਰਹੀਆਂ ਸਨ ਤਾਂ ਕਿ ਹਰ ਕਿਸੇ ਦੀ ਆਪਣੀ ਟੀਮ ਦੇ ਸਾਥੀਆਂ ਨਾਲ ਜਾਣ ਪਛਾਣ ਹੋ ਸਕੇ।

Advertisement

ਜਦੋਂ ਮੇਰੀ ਟੀਮ ਦੇ ਮੈਂਬਰਾਂ ਨੂੰ ਇਹ ਪਤਾ ਲੱਗਾ ਕਿ ਮੈਂ ਉਨ੍ਹਾਂ ਦਾ ਪ੍ਰੀਜ਼ਾਈਡਿੰਗ ਅਫਸਰ ਹਾਂ ਤਾਂ ਸਾਰੇ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੇ ਕਿਉਂਕਿ ਉਹ ਸਾਰੇ ਮੇਰੇ ਤੋਂ ਬਹੁਤ ਹੀ ਸੀਨੀਅਰ ਸਨ, ਪਰ ਸਾਰੇ ਜ਼ਿੰਦਾਦਿਲ ਤੇ ਨੇਕ ਇਨਸਾਨ ਸਨ। ਮੈਂ ਆਪਣਾ ਇਹ ਖ਼ਦਸ਼ਾ ਉਨ੍ਹਾਂ ਕੋਲ ਵੀ ਜ਼ਾਹਿਰ ਕੀਤਾ ਤਾਂ ਕੋਲ ਖੜ੍ਹੇ ਪ੍ਰਿੰਸੀਪਲ ਮੈਡਮ ਕਹਿਣ ਲੱਗੇ, ‘‘ਨਿੱਕੇ ਵੀਰ, ਤੂੰ ਚਿੰਤਾ ਨਾ ਕਰ। ਅਸੀਂ ਸਾਰੇ ਤੇਰੇ ਨਾਲ ਹਾਂ।’’ ਮੈਡਮ ਦੇ ਇਨ੍ਹਾਂ ਬੋਲਾਂ ਨੇ ਮੇਰੇ ਵਿੱਚ ਹੋਰ ਹਿੰਮਤ ਤੇ ਹੌਸਲਾ ਭਰ ਦਿੱਤਾ। ਆਖ਼ਰੀ ਰਿਹਰਸਲ ਤੋਂ ਬਾਅਦ ਸਾਰੀਆਂ ਚੋਣ ਟੀਮਾਂ ਆਪੋ-ਆਪਣੀ ਚੋਣ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ਨੂੰ ਹੋ ਤੁਰੀਆਂ। ਜਦੋਂ ਅਸੀਂ ਆਪਣੇ ਪੋਲਿੰਗ ਸਟੇਸ਼ਨ (ਇੱਕ ਵੱਡੇ ਪਿੰਡ ਦੇ ਸਰਕਾਰੀ ਸਕੂਲ, ਜ਼ਿਲ੍ਹਾ ਫਰੀਦਕੋਟ) ਪਹੁੰਚੇ ਤਾਂ ਉੱਥੇ ਚੋਣਾਂ ਵਾਲਾ ਤਾਂ ਕੋਈ ਮਾਹੌਲ ਹੀ ਨਹੀਂ ਸੀ। ਚੁਫ਼ੇਰੇ ਸੁੰਨ ਪਸਰੀ ਸੀ। ਬਸ ਅਸੀਂ ਪੰਜ ਜਣੇ ਡਿਊਟੀ ਵਾਲੇ, ਪੰਜ ਹੀ ਸਾਡੇ ਨਾਲ ਸਕਿਉਰਿਟੀ ਵਾਲੇ ਸਨ ਤੇ ਦੋ ਉਸ ਸਕੂਲ ਦੇ ਸੇਵਾਦਾਰ ਸਨ। ਸਾਡੇ ਨਾਲ ਗਏ ਪ੍ਰਿੰਸੀਪਲ ਮੈਡਮ ਦੀ ਉਸ ਪਿੰਡ ਵਿੱਚ ਕੋਈ ਰਿਸ਼ਤੇਦਾਰੀ ਸੀ। ਉਨ੍ਹਾਂ ਨੇ ਪਹਿਲਾਂ ਚਾਹ-ਪਾਣੀ ਤੇ ਫਿਰ ਰਾਤ ਨੂੰ ਰੋਟੀ ਦਾ ਪ੍ਰਬੰਧ ਕਰਵਾਇਆ। ਉੱਥੋਂ ਦੇ ਭਲੇ ਲੋਕਾਂ ਨੇ ਵੀ ਬਹੁਤ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਲੰਗਰ ਪਾਣੀ ਛਕਾਇਆ। ਉਨ੍ਹਾਂ ਦਾ ਧੰਨਵਾਦ ਕਰਨ ਵਾਸਤੇ ਤਾਂ ਸਾਡੇ ਕੋਲ ਸ਼ਬਦ ਵੀ ਨਹੀਂ ਸਨ। ਦੂਜੇ ਦਿਨ ਅੱਠ ਕੁ ਵਜੇ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋਣਾ ਸੀ।

ਅਸੀਂ ਸਾਰਿਆਂ ਨੇ ਰਲ ਮਿਲ ਕੇ ਚੋਣ ਨਾਲ ਸਬੰਧਿਤ ਸਾਰਾ ਸਾਮਾਨ ਸਾਝਰੇ ਹੀ ਟਿਕਾਣਿਆਂ ’ਤੇ ਟਿਕਾਅ ਦਿੱਤਾ ਸੀ, ਪਰ ਦੁਪਹਿਰ 12 ਵਜੇ ਤੱਕ ਇੱਕ ਵੀ ਵੋਟਰ ਵੋਟ ਪਾਉਣ ਨਾ ਆਇਆ। ਹਾਲਾਂਕਿ ਉਦੋਂ ਉਸ ਪਿੰਡ ਦੀ ਕਾਫ਼ੀ ਵੋਟ ਸੀ। ਅਸੀਂ ਗੱਲਾਂ ਕਰਕੇ ਹੀ ਵਕਤ ਟਪਾ ਰਹੇ ਸਾਂ। ਫਿਰ ਹੌਲੀ-ਹੌਲੀ ਵੋਟਰ ਆਉਣ ਲੱਗੇ। ਵੋਟ ਪਾਉਣ ਦਾ ਸਮਾਂ ਸ਼ਾਮ ਚਾਰ ਵਜੇ ਤੱਕ ਸੀ, ਪਰ ਸਾਢੇ ਤਿੰਨ ਵਜੇ ਤੱਕ ਕੁੱਲ ਪੰਜਾਹ ਕੁ ਵੋਟਾਂ ਹੀ ਪੋਲ ਹੋਈਆਂ ਸਨ।

ਲੱਗਦਾ ਸੀ ਕਿ ਹੁਣ ਸ਼ਾਇਦ ਹੀ ਕੋਈ ਹੋਰ ਵੋਟਰ ਆਵੇ, ਪਰ ਪੌਣੇ ਕੁ ਚਾਰ ਵਜੇ ਦਸ ਪੰਦਰਾਂ ਬੰਦੇ ਸਕੂਲ ਵਿੱਚ ਦਾਖ਼ਲ ਹੁੰਦੇ ਦਿਸੇ ਤਾਂ ਸਾਨੂੰ ਲੱਗਿਆ ਕਿ ਚਲੋ ਕੁਝ ਹੋਰ ਵੋਟਰ ਆਏ ਨੇ। ਉਹ ਆ ਕੇ ਵਰਾਂਡੇ ਵਿੱਚ ਖਲੋ ਗਏ। ਉਨ੍ਹਾਂ ’ਚੋਂ ਦੋ ਤਿੰਨ ਜਣੇ ਅੰਦਰ ਝਾਤੀਆਂ ਮਾਰ ਕੇ ਦੇਖਣ ਲੱਗੇ। ਮਾਹੌਲ ਠੀਕ ਨਾ ਹੋਣ ਕਰਕੇ ਸਕਿਉਰਿਟੀ ਵਾਲੇ ਵੀ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਸਨ। ਫਿਰ ਵੀ ਦੋ ਬੰਦੇ ਹੌਲੀ-ਹੌਲੀ ਸਾਡੇ ਕਮਰੇ ਦੇ ਅੰਦਰ ਆ ਗਏ। ਇਸ ਤੋਂ ਪਹਿਲਾਂ ਕਿ ਸਕਿਉਰਿਟੀ ਵਾਲੇ ਦੂਜਿਆਂ ਨੂੰ ਰੋਕਦੇ, ਉਹ ਵੀ ਧੁੱਸ ਦੇ ਕੇ ਕਮਰੇ ’ਚ ਪਹੁੰਚ ਗਏ। ਇਹ ਦੇਖਦਿਆਂ ਹੀ ਸਕਿਉਰਿਟੀ ਵਾਲੇ ਵੀ ਬੜੀ ਮੁਸ਼ਤੈਦੀ ਨਾਲ ਆਏ ਅਤੇ ਆ ਕੇ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹ ਗਏ। ਸਕਿਉਰਿਟੀ ਵਾਲਿਆਂ ਦਾ ਘੇਰਾ ਦੇਖ ਕੇ ਉਹ ਬੰਦੇ ਥੋੜ੍ਹਾ ਢੈਲੇ ਹੋ ਗਏ ਤਾਂ ਸਾਡੇ ਸੀਨੀਅਰ ਡਾਕਟਰ ਸਾਬ੍ਹ ਨੇ ਉਨ੍ਹਾਂ ਨੂੰ ਕਿਹਾ, ‘‘ਹਾਂ ਜੀ ਬਾਈ ਜੀ, ਜੇ ਵੋਟ ਪਾਉਣੀ ਹੈ ਤਾਂ ਜਲਦੀ-ਜਲਦੀ ਲਾਈਨ ਬਣਾ ਲਓ। ਬਸ ਪੰਦਰਾਂ ਕੁ ਮਿੰਟ ਦਾ ਹੀ ਸਮਾਂ ਰਹਿ ਗਿਆ ਹੈ।’’ ‘‘ਅਸੀਂ ਵੋਟ ਵੂਟ ਪਾਉਣ ਨਹੀਂ ਆਏ,’’ ਉਨ੍ਹਾਂ ’ਚੋਂ ਇੱਕ ਬੋਲਿਆ। ਫਿਰ ਦੂਜਾ ਕਹਿਣ ਲੱਗਾ, ‘‘ਅਸੀਂ ਤਾਂ ਸਿਰਫ਼ ਇਹੋ ਪਤਾ ਕਰਨ ਆਏ ਹਾਂ ਕਿ ਹੁਣ ਤੱਕ ਕੁੱਲ ਕਿੰਨੀਆਂ ਵੋਟਾਂ ਪੈ ਗਈਆਂ ਨੇ।’’

ਉਨ੍ਹਾਂ ਦਾ ਇਹ ਸਵਾਲ ਸੁਣ ਕੇ ਡਾਕਟਰ ਸਾਬ੍ਹ ਨੇ ਕਿਹਾ, ‘‘ਵੋਟਾਂ ਤਾਂ ਬਾਈ ਹਾਲੇ ਪੰਜਾਹ ਕੁ ਹੀ ਪਈਆਂ ਨੇ, ਤੁਸੀਂ ਦੱਸੋ ਕੀ ਚਾਹੁੰਦੇ ਹੋ?’’ ‘‘ਵੋਟਾਂ ਤਾਂ ਫਿਰ ਵੀ ਕੁਝ ਜ਼ਿਆਦਾ ਹੀ ਪੈ ਗਈਆਂ,’’ ਉਨ੍ਹਾਂ ’ਚੋਂ ਇੱਕ ਹੋਰ ਬੋਲਿਆ, ਪਰ ਸਾਡੇ ਹਿਸਾਬ ਨਾਲ ਤਾਂ ਵੋਟਾਂ ਦੀ ਇਹ ਗਿਣਤੀ ਬਹੁਤ ਘੱਟ ਸੀ ਤੇ ਉਨ੍ਹਾਂ ਦੀ ਨਜ਼ਰ ਵਿੱਚ ਵੋਟਾਂ ਕੁਝ ਜ਼ਿਆਦਾ ਹੀ ਪੈ ਗਈਆਂ ਸਨ। ਮੈਂ ਉਨ੍ਹਾਂ ਨੂੰ ਮੁਖ਼ਾਤਿਬ ਹੋ ਕੇ ਕੁਝ ਕਹਿਣ ਹੀ ਲੱਗਾ ਸਾਂ ਕਿ ਡਾਕਟਰ ਸਾਬ੍ਹ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ। ਉਸੇ ਵੇਲੇ ਸਕਿਉਰਿਟੀ ਇੰਚਾਰਜ ਉਨ੍ਹਾਂ ਨੂੰ ਥੋੜ੍ਹੀ ਜਿਹੀ ਸਖ਼ਤੀ ਨਾਲ ਬੋਲੇ, ‘‘ਜਨਾਬ, ਜੇ ਵੋਟ ਪਾਉਣੀ ਐ ਤਾਂ ਪਾਓ, ਨਹੀਂ ਤਾਂ ਕਿਰਪਾ ਕਰਕੇ ਕਮਰੇ ’ਚੋਂ ਬਾਹਰ ਚਲੇ ਜਾਓ।’’ ਸਕਿਉਰਿਟੀ ਇੰਚਾਰਜ ਦੇ ਤੇਵਰ ਦੇਖ ਕੇ ਉਹ ਬੰਦੇ ਪੈਰ ਮਲਦੇ ਹੋਏ ਹੌਲੀ-ਹੌਲੀ ਕਮਰੇ ’ਚੋਂ ਬਾਹਰ ਹੋ ਤੁਰੇ, ਫਿਰ ਸਕੂਲੋਂ ਬਾਹਰ ਨਿਕਲ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਡਾਕਟਰ ਸਾਬ੍ਹ ਮੈਨੂੰ ਠਰ੍ਹੰਮੇ ਨਾਲ ਕਹਿਣ ਲੱਗੇ, ‘‘ਕਾਕਾ, ਇਹ ਉਹ ਲੋਕ ਸਨ ਜਿਹੜੇ ਚਾਹੁੰਦੇ ਸਨ ਕਿ ਵੋਟਾਂ ਘੱਟ ਤੋਂ ਘੱਟ ਪੈਣ, ਇਹ ਲੜਨ ਭਿੜਨ ਦਾ ਬਹਾਨਾ ਲੱਭਦੇ ਸੀ ਤਾਂ ਹੀ ਮੈਂ ਤੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸੀ।’’ ਡਾਕਟਰ ਸਾਬ੍ਹ ਦੀ ਗੱਲ ਸੁਣ ਕੇ ਮੈਂ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ ਤੇ ਉਹ ਫਿਰ ਕਹਿਣ ਲੱਗੇ, ‘‘ਕਾਕਾ, ਨਾਲੇ ਤੇਰੀ ਨੌਕਰੀ ਹਾਲੇ ਬਹੁਤ ਪਈ ਹੈ, ਡਿਊਟੀਆਂ ਤੈਨੂੰ ਹੋਰ ਵੀ ਬਹੁਤ ਆਉਣਗੀਆਂ, ਪਰ ਇਹੋ ਜਿਹੇ ਲੋਕਾਂ ਨੂੰ ਕਦੇ ਬਾਹਲਾ ਮੂੰਹ ਨਾ ਲਾਈਂ। ਆਪਾਂ ਸਰਕਾਰੀ ਬੰਦੇ ਹਾਂ ਤੇ ਆਪਣਾ ਫਰਜ਼ ਹੈ ਚੋਣਾਂ ਦੀ ਇਸ ਪ੍ਰਕਿਰਿਆ ਨੂੰ ਸੁੱਖੀ ਸਾਂਦੀ ਨੇਪਰੇ ਚਾੜ੍ਹਨਾ। ਗੰਭੀਰ ਡਿਊਟੀ ਨਿਭਾਉਂਦਿਆਂ ਹਰ ਪਾਸੇ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਖ਼ਾਸਕਰ ਇਹੋ ਜਿਹੀਆਂ ਡਿਊਟੀਆਂ ਮੌਕੇ।’’ ਉਸ ਚੋਣ ਤੋਂ ਬਾਅਦ ਕੁਝ ਹੋਰ ਚੋਣ ਡਿਊਟੀਆਂ ਦਿੱਤੀਆਂ, ਪਰ ਉਹ ਤਜਰਬਾ ਹਮੇਸ਼ਾ ਮੇਰੇ ਬਹੁਤ ਕੰਮ ਆਇਆ ਕਿ ਸਥਿਤੀ ਨੂੰ ਕਿੱਦਾਂ ਤੇ ਕਿਵੇਂ ਸੰਭਾਲਣਾ ਹੈ। ਉਹ ਪਹਿਲੀ ਚੋਣ ਡਿਊਟੀ ਦੇ ਕੇ ਮੈਂ ਅਗਲੀ ਸ਼ਾਮ ਇੱਕ ਕਵਿਤਾ ਲਿਖੀ ਸੀ ਜਾਂ ਸਮਝੋ ਲਿਖ ਹੋ ਗਈ। ਉਸ ਦੀਆਂ ਕੁਝ ਸਤਰਾਂ ਅੱਜ ਵੀ ਚੇਤੇ ਨੇ:

ਕਿਸੇ ਸਿਆਣੇ ਦੀ ਆਖੀ ਉਹ,

ਅੱਜ ਵੀ ਨਾਲ ਹੈ ਗੱਲ ਸਿਆਣੀ।

ਚੁੱਪ ਬੈਠਿਆਂ ਸਰਦਾ ਕਿੱਥੇ?

ਬਣ’ਜਾ ਮਿੱਤਰਾ ਸਮੇਂ ਦਾ ਹਾਣੀ।

ਪੱਥਰਾਂ ਵਿੱਚ ਦੀ ਲੰਘ ਜਾਂਦਾ ਹੈ,

ਆਪ ਬਣਾ ਕੇ ਰਸਤਾ ਪਾਣੀ।

ਬਿਖੜੇ ਪੈਂਡੇ ਖ਼ੁਦ ਹੀ ਦੱਸਦੇ,

ਨਵੇਂ ਤਜਰਬੇ, ਨਵੀਂ ਕਹਾਣੀ।

ਸੰਪਰਕ: 98142-53315

Advertisement
×