ਮਹਿਲਾ ਦਿਵਸ ਦੇ ਜਸ਼ਨਾਂ ’ਚ ਅਣਗੌਲੀ ਔਰਤ
ਹਰ ਸਾਲ 8 ਮਾਰਚ ਦੀ ਸਵੇਰ ਜਦੋਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ, ਔਰਤਾਂ ਦੀ ਮਹਿਮਾ ਦੇ ਸੋਹਲਿਆਂ ਨਾਲ ਭਰ ਜਾਂਦਾ ਹੈ ਤਾਂ ਮਨ ਵਿੱਚ ਸੁਭਾਵਿਕ ਹੀ ਸਵਾਲ ਉੱਠਦਾ ਹੈ ਕਿ ਕੀ ਇਹ ਜਸ਼ਨ ਉਸ ਔਰਤ ਤੱਕ ਵੀ ਪਹੁੰਚਦੇ ਹਨ ਜਿਸ ਦੀਆਂ...
ਹਰ ਸਾਲ 8 ਮਾਰਚ ਦੀ ਸਵੇਰ ਜਦੋਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ, ਔਰਤਾਂ ਦੀ ਮਹਿਮਾ ਦੇ ਸੋਹਲਿਆਂ ਨਾਲ ਭਰ ਜਾਂਦਾ ਹੈ ਤਾਂ ਮਨ ਵਿੱਚ ਸੁਭਾਵਿਕ ਹੀ ਸਵਾਲ ਉੱਠਦਾ ਹੈ ਕਿ ਕੀ ਇਹ ਜਸ਼ਨ ਉਸ ਔਰਤ ਤੱਕ ਵੀ ਪਹੁੰਚਦੇ ਹਨ ਜਿਸ ਦੀਆਂ ਅੱਖਾਂ ਵਿੱਚ ਅਜੇ ਵੀ ਗ਼ਰੀਬੀ ਦਾ ਸੁਰਮਾ ਅਤੇ ਹੱਥਾਂ ’ਤੇ ਮਜ਼ਦੂਰੀ ਦੇ ਛਾਲੇ ਹਨ? ਕੀ ਇਹ ਦਿਨ ਸਿਰਫ਼ ਸ਼ਹਿਰੀ ਕੁਲੀਨ ਵਰਗ ਦੇ ਸੈਮੀਨਾਰਾਂ ਅਤੇ ਫੁੱਲਾਂ ਦੇ ਗੁਲਦਸਤਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਜਾਂ ਇਸ ਦਾ ਨਿੱਘ ਉਸ ਮਿਹਨਤਕਸ਼ ਔਰਤ ਤੱਕ ਵੀ ਪੁੱਜਦਾ ਹੈ, ਜੋ ਸੂਰਜ ਚੜ੍ਹਨ ਤੋਂ ਪਹਿਲਾਂ ਚੁੱਲ੍ਹੇ ਦਾ ਧੂੰਆਂ ਸਹਿੰਦੀ ਹੈ ਅਤੇ ਸੂਰਜ ਡੁੱਬਣ ਤੋਂ ਬਾਅਦ ਵੀ ਪਰਿਵਾਰ ਦੀਆਂ ਲੋੜਾਂ ਦੀ ਫ਼ਿਕਰ ਵਿੱਚ ਜਾਗਦੀ ਰਹਿੰਦੀ ਹੈ?
ਕੌਮਾਂਤਰੀ ਮਹਿਲਾ ਦਿਵਸ ਦਾ ਜਨਮ ਕਿਸੇ ਸ਼ਾਹੀ ਮਹਿਲ ਜਾਂ ਸੁਖਾਵੇਂ ਹਾਲਾਤ ਵਿੱਚ ਨਹੀਂ, ਸਗੋਂ ਸਨਅਤੀ ਕ੍ਰਾਂਤੀ ਦੇ ਉਸ ਦੌਰ ਵਿੱਚ ਹੋਇਆ ਸੀ ਜਿੱਥੇ ਔਰਤਾਂ ਨੂੰ ਮਸ਼ੀਨਾਂ ਦਾ ਇੱਕ ਹਿੱਸਾ ਮਾਤਰ ਸਮਝਿਆ ਜਾਂਦਾ ਸੀ। ਸਾਲ 1908 ਵਿੱਚ ਨਿਊਯਾਰਕ ਦੀਆਂ ਸੜਕਾਂ ’ਤੇ 15,000 ਔਰਤਾਂ ਦਾ ਉਹ ਮਾਰਚ ਸਿਰਫ਼ ਇੱਕ ਰੋਸ ਪ੍ਰਦਰਸ਼ਨ ਨਹੀਂ ਸੀ ਸਗੋਂ ਆਪਣੀ ਮਨੁੱਖੀ ਹੋਂਦ ਦੀ ਤਲਾਸ਼ ਸੀ। ਉਨ੍ਹਾਂ ਨੇ ‘ਰੋਟੀ ਅਤੇ ਗੁਲਾਬ’ (Bread and Roses) ਦੀ ਮੰਗ ਕੀਤੀ ਸੀ- ਜਿੱਥੇ ‘ਰੋਟੀ’ ਆਰਥਿਕ ਸੁਰੱਖਿਆ ਤੇ ਬਿਹਤਰ ਉਜਰਤ ਦਾ ਪ੍ਰਤੀਕ ਸੀ ਅਤੇ ‘ਗੁਲਾਬ’ ਜੀਵਨ ਵਿੱਚ ਸਨਮਾਨ ਤੇ ਮਨੁੱਖੀ ਅਧਿਕਾਰਾਂ ਦਾ। ਸਾਲ 1910 ਵਿੱਚ ਕੋਪਨਹੈਗਨ ਦੀ ਕਾਨਫਰੰਸ ਵਿੱਚ ਜਰਮਨੀ ਕ੍ਰਾਂਤੀਕਾਰੀ ਕਲਾਰਾ ਜ਼ੈਟਕਿਨ ਨੇ ਜਦੋਂ ਇਸ ਦਿਨ ਨੂੰ ਕੌਮਾਂਤਰੀ ਪੱਧਰ ’ਤੇ ਮਨਾਉਣ ਦੀ ਤਜਵੀਜ਼ ਰੱਖੀ ਸੀ, ਤਾਂ ਉਨ੍ਹਾਂ ਦਾ ਮਕਸਦ ਦੁਨੀਆ ਭਰ ਦੀਆਂ ਮਜ਼ਦੂਰ ਔਰਤਾਂ ਨੂੰ ਇੱਕ ਅਜਿਹੀ ਜਥੇਬੰਦਕ ਪਛਾਣ ਦੇਣਾ ਸੀ ਜੋ ਉਨ੍ਹਾਂ ਨੂੰ ਸਦੀਆਂ ਪੁਰਾਣੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰ ਸਕੇ ਪਰ ਅੱਜ ਜਦੋਂ ਅਸੀਂ ਸਦੀ ਤੋਂ ਵੱਧ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਪੇਂਡੂ ਭਾਰਤ ਅਤੇ ਖੇਤ ਮਜ਼ਦੂਰ ਵਰਗ ਦੀਆਂ ਔਰਤਾਂ ਦੀ ਤਸਵੀਰ ਬਹੁਤੀ ਨਹੀਂ ਬਦਲੀ। ਪਿੰਡਾਂ ਵਿੱਚ ਰਹਿਣ ਵਾਲੀਆਂ ਕਰੋੜਾਂ ਔਰਤਾਂ, ਜੋ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਦਿਹਾੜੀ ਕਰਦੀਆਂ ਹਨ ਜਾਂ ਘਰਾਂ ਦੇ ਅਣਗਿਣਤ ਕੰਮਾਂ ਨੂੰ ਬਿਨਾਂ ਕਿਸੇ ਉਜਰਤ ਜਾਂ ਮਾਨਤਾ ਦੇ ਨਿਭਾਉਂਦੀਆਂ ਹਨ, ਉਨ੍ਹਾਂ ਲਈ ਅੱਜ ਵੀ 8 ਮਾਰਚ ਆਮ ਦਿਨ ਵਰਗਾ ਹੀ ਹੈ। ਇਹ ਇੱਕ ਕੌੜੀ ਸਮਾਜਿਕ ਸੱਚਾਈ ਹੈ ਕਿ ਜਿਸ ਔਰਤ ਦੇ ਨਾਮ ’ਤੇ ਇਹ ਵਿਸ਼ੇਸ਼ ਦਿਨ ਰਾਖਵਾਂ ਕੀਤਾ ਗਿਆ ਹੈ, ਉਹ ਖ਼ੁਦ ਇਸ ਤੋਂ ਪੂਰੀ ਤਰ੍ਹਾਂ ਬੇਖ਼ਬਰ ਆਪਣੇ ਬੱਚਿਆਂ ਦੀ ਦੋ ਵਕਤ ਦੀ ਰੋਟੀ ਲਈ ਜੱਦੋ-ਜਹਿਦ ਕਰ ਰਹੀ ਹੈ। ਉਨ੍ਹਾਂ ਲਈ ਮਹਿਲਾ ਦਿਵਸ ਦੀਆਂ ਵਧਾਈਆਂ ਤੋਂ ਵੱਡੀ ਚੁਣੌਤੀ ਰੋਜ਼ਾਨਾ ਦੀ ਮਜ਼ਦੂਰੀ ਅਤੇ ਘਰ ਦਾ ਗੁਜ਼ਾਰਾ ਹੈ। ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਇਸ ਦਿਨ ਨੂੰ ਸਿਰਫ਼ ਪ੍ਰਤੀਕਾਤਮਕ ਜਸ਼ਨਾਂ ਅਤੇ ਰਸਮੀ ਭਾਸ਼ਣਾਂ ਤੋਂ ਮੁਕਤ ਕਰ ਕੇ ਜ਼ਮੀਨੀ ਪੱਧਰ ’ਤੇ ਲਿਆਂਦਾ ਜਾਵੇ। ਸਰਕਾਰਾਂ ਨੂੰ ਚਾਹੀਦਾ ਹੈ ਕਿ 8 ਮਾਰਚ ਨੂੰ ਹਰ ਮਜ਼ਦੂਰ, ਖੇਤ ਕਾਮੇ ਅਤੇ ਘਰੇਲੂ ਔਰਤ ਲਈ ਇੱਕ ਅਧਿਕਾਰਤ ‘ਸਨਮਾਨ ਦਿਵਸ’ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਹ ਛੁੱਟੀ ਸਿਰਫ਼ ਕੰਮ ਤੋਂ ਆਰਾਮ ਨਹੀਂ ਹੋਵੇਗੀ, ਸਗੋਂ ਇਹ ਉਸ ਦੀ ਅਣਥੱਕ ਕਿਰਤ ਨੂੰ ਸਮਾਜਿਕ ਤੇ ਸੰਵਿਧਾਨਕ ਮਾਨਤਾ ਵੱਲ ਇੱਕ ਮਜ਼ਬੂਤ ਕਦਮ ਹੋਵੇਗੀ। ਜਦੋਂ ਇੱਕ ਦਿਨ ਲਈ ਖੇਤਾਂ ਦਾ ਕੰਮ ਰੁਕੇਗਾ, ਜਦੋਂ ਉਸਾਰੀ ਅਧੀਨ ਇਮਾਰਤਾਂ ’ਤੇ ਔਰਤਾਂ ਦੇ ਹੱਥਾਂ ਦੀ ਹਲਚਲ ਥੰਮੇਗੀ, ਉਦੋਂ ਹੀ ਇਸ ਪੁਰਸ਼ ਪ੍ਰਧਾਨ ਸਮਾਜ ਨੂੰ ਔਰਤ ਦੀ ਅਸਲ ਅਹਿਮੀਅਤ ਅਤੇ ਉਸ ਦੀ ਗੈਰ-ਹਾਜ਼ਰੀ ਨਾਲ ਪੈਦਾ ਹੋਣ ਵਾਲੇ ਸੰਕਟ ਦਾ ਅਹਿਸਾਸ ਹੋਵੇਗਾ।
ਸਾਨੂੰ ਇਹ ਸਮਝਣਾ ਪਵੇਗਾ ਕਿ ਔਰਤ ਸਿਰਫ਼ ‘ਘਰ ਦੀ ਲੱਜ’ ਜਾਂ ‘ਤਿਆਗ ਦੀ ਮੂਰਤ’ ਵਰਗੇ ਭਾਵੁਕ ਸ਼ਬਦਾਂ ਤੱਕ ਸੀਮਤ ਨਹੀਂ ਹੈ, ਉਹ ਇੱਕ ਸੁਤੰਤਰ ਮਨੁੱਖੀ ਇਕਾਈ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਔਰਤਾਂ ਦੇ ਵਿਸ਼ੇਸ਼ ਇਕੱਠ ਕੀਤੇ ਜਾਣੇ ਚਾਹੀਦੇ ਹਨ ਜਿੱਥੇ ਉਨ੍ਹਾਂ ਨੂੰ ਸਿਰਫ਼ ਅੱਖਰ ਗਿਆਨ ਹੀ ਨਹੀਂ, ਸਗੋਂ ਕਾਨੂੰਨੀ ਸੁਰੱਖਿਆ, ਜਾਇਦਾਦ ਵਿੱਚ ਬਰਾਬਰ ਦੇ ਹੱਕ ਅਤੇ ਸਿਹਤ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਵੇ। ਔਰਤ ਦਿਵਸ ਦੀ ਅਸਲ ਸਾਰਥਕਤਾ ਉਦੋਂ ਹੀ ਸਿੱਧ ਹੋਵੇਗੀ ਜਦੋਂ ਹਰ ਉਹ ਔਰਤ, ਜੋ ਅੱਜ ਵੀ ਸਮਾਜਿਕ ਬੰਧਨਾਂ, ਅਨਪੜ੍ਹਤਾ ਅਤੇ ਆਰਥਿਕ ਤੰਗੀ ਦੀ ਮਾਰ ਹੇਠ ਹੈ, ਇਹ ਮਹਿਸੂਸ ਕਰੇਗੀ ਕਿ ਇਹ ਦਿਨ ਉਸ ਦੀ ਆਪਣੀ ਆਜ਼ਾਦੀ, ਉਸ ਦੇ ਆਪਣੇ ਵਜੂਦ ਅਤੇ ਉਸ ਦੇ ਆਪਣੇ ਸਨਮਾਨ ਦਾ ਦਿਨ ਹੈ। ਆਓ, ਇਸ ਵਾਰ ਅਸੀਂ ਉਨ੍ਹਾਂ ਅਣਗੌਲੀਆਂ ਔਰਤਾਂ ਦੀ ਆਵਾਜ਼ ਬਣੀਏ ਜਿਨ੍ਹਾਂ ਦੀ ਹੋਂਦ ਚੁੱਲ੍ਹੇ ਦੀ ਫੂਕਣੀ ਜਾਂ ਕਾਰਖਾਨਿਆਂ ਦੀਆਂ ਮਸ਼ੀਨਾਂ ਦੇ ਸ਼ੋਰ ਵਿੱਚ ਗੁੰਮ ਹੋ ਕੇ ਰਹਿ ਗਈ ਹੈ।
ਸੰਪਰਕ: 82830-66125

