DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੰਗ ਸੋਚ

ਹਸਪਤਾਲ ਦੀਆਂ ਕੰਧਾਂ ਨੇ ਧਾਰਮਿਕ ਸਥਾਨਾਂ ਨਾਲੋਂ ਵੱਧ ਅਰਦਾਸਾਂ ਸੁਣੀਆਂ ਹੁੰਦੀਆਂ ਹਨ, ਪਰ ਇਨ੍ਹਾਂ ਕੰਧਾਂ ਨੇ ਇਨਸਾਨੀ ਮਾਨਸਿਕਤਾ ਦੇ ਉਹ ਕੌੜੇ ਸੱਚ ਵੀ ਸੁਣੇ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਜ਼ਿੰਦਗੀ ਅਤੇ ਮੌਤ ਵਿਚਕਾਰਲੇ ਉਸ ਪਤਲੇ...

  • fb
  • twitter
  • whatsapp
  • whatsapp
Advertisement

ਹਸਪਤਾਲ ਦੀਆਂ ਕੰਧਾਂ ਨੇ ਧਾਰਮਿਕ ਸਥਾਨਾਂ ਨਾਲੋਂ ਵੱਧ ਅਰਦਾਸਾਂ ਸੁਣੀਆਂ ਹੁੰਦੀਆਂ ਹਨ, ਪਰ ਇਨ੍ਹਾਂ ਕੰਧਾਂ ਨੇ ਇਨਸਾਨੀ ਮਾਨਸਿਕਤਾ ਦੇ ਉਹ ਕੌੜੇ ਸੱਚ ਵੀ ਸੁਣੇ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਜ਼ਿੰਦਗੀ ਅਤੇ ਮੌਤ ਵਿਚਕਾਰਲੇ ਉਸ ਪਤਲੇ ਜਿਹੇ ਗਲਿਆਰੇ ਵਿੱਚ ਬੈਠ ਕੇ ਮਨੁੱਖ ਜਿੰਨੀਆਂ ਦੁਆਵਾਂ ਮੰਗਦਾ ਹੈ, ਸ਼ਾਇਦ ਉਹ ਪੂਰੀ ਉਮਰ ਦੀ ਇਬਾਦਤ ’ਤੇ ਭਾਰੀ ਹੁੰਦੀਆਂ ਹਨ। ... ਤੇ ਕਈ ਵਾਰ ਅਸੀਂ ਅਜਿਹੇ ਮੋੜ ’ਤੇ ਖੜ੍ਹੇ ਹੁੰਦੇ ਹਾਂ ਜਿੱਥੇ ਇੱਕ ਪਾਸੇ ਜੀਵਨ ਲਈ ਤੜਫ਼ ਹੁੰਦੀ ਹੈ ਤੇ ਦੂਜੇ ਪਾਸੇ ਮਿਲੇ ਹੋਏ ਜੀਵਨ ਨੂੰ ਦੁਰਕਾਰਿਆ ਜਾ ਰਿਹਾ ਹੁੰਦਾ ਹੈ। ਅਜਿਹਾ ਹੀ ਕੁਝ ਮੇਰੇ ਸ਼ਹਿਰ ਦੇ ਇੱਕ ਨਰਸਿੰਗ ਹੋਮ ਵਿੱਚ ਵਾਪਰਿਆ, ਜਿਸ ਨੇ ਮੇਰੇ ਸੋਚਣ ਦੇ ਨਜ਼ਰੀਏ ਨੂੰ ਸਦਾ ਲਈ ਬਦਲ ਦਿੱਤਾ। ਉਸ ਦਿਨ ਹਸਪਤਾਲ ਦੀਆਂ ਉਹ ਕੰਧਾਂ ਮੈਨੂੰ ਵੱਢ-ਵੱਢ ਖਾਂਦੀਆਂ ਪ੍ਰਤੀਤ ਹੋ ਰਹੀਆਂ ਸਨ। ਹਸਪਤਾਲਾਂ ਦੀ ਉਹ ਖ਼ਾਸ ਫਿਨਾਈਲ ਵਾਲੀ ਤਿੱਖੀ ਗੰਧ ਅਕਸਰ ਸਾਨੂੰ ਬੇਚੈਨ ਕਰ ਦਿੰਦੀ ਹੈ, ਪਰ ਉਸ ਦਿਨ ਉਹ ਮੈਨੂੰ ਸਾਹ ਘੁੱਟਦੀ ਮਹਿਸੂਸ ਹੋ ਰਹੀ ਸੀ। ਮੇਰੀ ਪਤਨੀ ਅੰਦਰ ਅਪਰੇਸ਼ਨ ਥੀਏਟਰ ਵਿੱਚ ਸੀ ਅਤੇ ਮੈਂ ਬਾਹਰ ਬੈਂਚ ’ਤੇ ਬੈਠਾ ਸਮੇਂ ਦੇ ਹਰ ਬੀਤਦੇ ਸਕਿੰਟ ਨੂੰ ਆਪਣੀ ਨਬਜ਼ ’ਤੇ ਮਹਿਸੂਸ ਕਰ ਰਿਹਾ ਸੀ। ਕੁਦਰਤ ਦੀ ਮਾਰ ਦੇਖੋ, ਅਸੀਂ ਜਿਸ ਖ਼ੁਸ਼ੀ ਦੀ ਬੜੇ ਚਾਵਾਂ ਨਾਲ ਮਹੀਨਿਆਂ ਤੋਂ ਉਡੀਕ ਕਰ ਰਹੇ ਸੀ, ਉਹ ਰਸਤੇ ਵਿੱਚ ਹੀ ਦਮ ਤੋੜ ਗਈ। ਡਾਕਟਰਾਂ ਨੇ ਬੜੀ ਬੇਰੁਖ਼ੀ ਨਾਲ ਇੱਕ ਸਤਰ ਵਿੱਚ ਕਹਿ ਦਿੱਤਾ ਸੀ, ‘‘ਬੱਚੇ ਦੀ ਧੜਕਣ ਨਹੀਂ ਬਣੀ, ਕੇਸ ਖ਼ਰਾਬ ਹੋ ਗਿਆ ਹੈ, ਅਪਰੇਸ਼ਨ ਕਰਨਾ ਪਵੇਗਾ।’’

ਮੈਂ ਬਾਹਰ ਬੈਂਚ ’ਤੇ ਬੈਠਾ ਉਸ ‘ਨਾ ਬਣੀ ਧੜਕਣ’ ਦੇ ਗ਼ਮ ਵਿੱਚ ਡੁੱਬਿਆ ਹੋਇਆ ਸਾਂ। ਮੇਰੀਆਂ ਬੰਦ ਅੱਖਾਂ ਸਾਹਮਣੇ ਉਹ ਛੋਟੇ-ਛੋਟੇ ਬੂਟ, ਨਿੱਕੇ ਕੱਪੜੇ ਤੇ ਖਿਡੌਣੇ ਘੁੰਮ ਰਹੇ ਸਨ, ਜੋ ਅਸੀਂ ਬੜੀ ਰੀਝ ਨਾਲ ਬਾਜ਼ਾਰਾਂ ਵਿੱਚ ਦੇਖੇ ਸਨ। ਮੇਰੇ ਲਈ ਉਹ ਅਣਜੰਮਿਆ ਬੱਚਾ ਸਿਰਫ਼ ਇੱਕ ਮਾਸ ਦਾ ਲੋਥੜਾ ਨਹੀਂ ਸੀ, ਉਹ ਸਾਡੇ ਸੁਪਨਿਆਂ ਦਾ ਉਹ ਮਹਿਲ ਸੀ ਜੋ ਉਸਰਨ ਤੋਂ ਪਹਿਲਾਂ ਹੀ ਢਹਿ ਗਿਆ ਸੀ। ਮੈਂ ਰੱਬ ਨਾਲ ਅੰਦਰੋਂ-ਅੰਦਰੀ ਲੜ ਰਿਹਾ ਸਾਂ ਕਿ ‘ਤੂੰ ਇੱਕ ਵਾਰ ਉਸ ਦਿਲ ਨੂੰ ਧੜਕਣ ਤਾਂ ਦੇ ਦਿੰਦਾ, ਮੈਂ ਉਸ ਨੂੰ ਦੁਨੀਆ ਦੀ ਹਰ ਖ਼ੁਸ਼ੀ ਦੇ ਦਿੰਦਾ।’

Advertisement

ਮੇਰੇ ਬਿਲਕੁਲ ਸਾਹਮਣੇ ਵਾਲੇ ਬੈਂਚ ’ਤੇ ਇੱਕ ਬਜ਼ੁਰਗ ਮਾਤਾ ਬੈਠੀ ਸੀ। ਉਸ ਦੇ ਚਿਹਰੇ ਦੀਆਂ ਡੂੰਘੀਆਂ ਝੁਰੜੀਆਂ ਵਿੱਚ ਇੱਕ ਅਜੀਬ ਜਿਹੀ ਤੜਫ਼ ਅਤੇ ਬੇਚੈਨੀ ਸੀ। ਉਸ ਦੀ ਨੂੰਹ ਅੰਦਰ ਲੇਬਰ ਰੂਮ ਵਿੱਚ ਸੀ। ਮਾਤਾ ਦੇ ਹੱਥ ਵਿੱਚ ਫੜੀ ਮਾਲਾ ਦੇ ਮਣਕੇ ਬੜੀ ਤੇਜ਼ੀ ਨਾਲ ਘੁੰਮ ਰਹੇ ਸਨ ਤੇ ਉਸ ਦੇ ਬੁੱਲ੍ਹ ਲਗਾਤਾਰ ਕੁਝ ਬੁੜਬੁੜਾ ਰਹੇ ਸਨ। ਮੈਨੂੰ ਲੱਗਿਆ ਸ਼ਾਇਦ ਉਹ ਵੀ ਮੇਰੇ ਵਾਂਗ ਹੀ ਅੰਦਰਲੀ ਜ਼ਿੰਦਗੀ ਲਈ ਸੁੱਖਾਂ ਸੁੱਖ ਰਹੀ ਹੈ, ਸ਼ਾਇਦ ਉਹ ਵੀ ਪਰਿਵਾਰ ਦੇ ਨਵੇਂ ਜੀਅ ਦੇ ਸਵਾਗਤ ਲਈ ਕਾਹਲੀ ਹੈ। ਮੇਰੇ ਮਨ ਵਿੱਚ ਆਪਣੇ ਦੁੱਖ ਦੇ ਬਾਵਜੂਦ ਉਸ ਮਾਤਾ ਲਈ ਹਮਦਰਦੀ ਜਾਗੀ ਕਿ ਰੱਬ ਕਰੇ ਇਸ ਦੇ ਘਰ ਖ਼ੁਸ਼ੀਆਂ ਦਾ ਦੀਵਾ ਜਗੇ। ਅਚਾਨਕ ਲੇਬਰ ਰੂਮ ਦਾ ਭਾਰੀ ਦਰਵਾਜ਼ਾ ਇੱਕ ਝਟਕੇ ਨਾਲ ਖੁੱਲ੍ਹਿਆ। ਇੱਕ ਨਰਸ ਬਾਹਰ ਆਈ। ਉਸ ਦੇ ਚਿਹਰੇ ’ਤੇ ਕਿਸੇ ਵੱਡੀ ਜਿੱਤ ਵਰਗੀ ਮੁਸਕੁਰਾਹਟ ਸੀ। ਉਸ ਨੇ ਮਾਤਾ ਕੋਲ ਜਾ ਕੇ ਬੜੇ ਉਤਸ਼ਾਹ ਨਾਲ ਕਿਹਾ, ‘‘ਮਾਤਾ ਜੀ ਮੁਬਾਰਕਾਂ, ਬਹੁਤ ਸੋਹਣੀ ਗੁੱਡੀ ਆਈ ਐ... ਬੱਚੀ ਤੇ ਮਾਂ ਦੋਵੇਂ ਬਿਲਕੁਲ ਤੰਦਰੁਸਤ ਨੇ।’’

Advertisement

ਉਹ ‘ਮੁਬਾਰਕ’ ਅਤੇ ‘ਗੁੱਡੀ’ ਸ਼ਬਦ ਮੇਰੇ ਕੰਨਾਂ ਵਿੱਚ ਕਿਸੇ ਤਪਦੇ ਮਾਰੂਥਲ ਵਿੱਚ ਠੰਢੀ ਫੁਹਾਰ ਵਾਂਗ ਪਏ। ਮੈਨੂੰ ਲੱਗਿਆ ਕਿ ਇਸ ਉਦਾਸ ਗਲਿਆਰੇ ਵਿੱਚ ਕਿਤੇ ਤਾਂ ਜੀਵਨ ਦੀ ਕਿਲਕਾਰੀ ਗੂੰਜੀ ਹੈ, ਕਿਤੇ ਤਾਂ ਮੌਤ ਹਾਰੀ ਹੈ। ਪਰ ਅਗਲੇ ਹੀ ਪਲ ਜੋ ਵਾਪਰਿਆ, ਉਸ ਨੇ ਮੇਰੀ ਰੂਹ ਕੰਬਾ ਦਿੱਤੀ। ਨਰਸ ਦੀ ਗੱਲ ਸੁਣ ਕੇ ਮਾਤਾ ਦੇ ਚਿਹਰੇ ’ਤੇ ਖ਼ੁਸ਼ੀ ਦੀ ਇੱਕ ਲਕੀਰ ਤੱਕ ਨਾ ਆਈ। ਉਸ ਨੇ ਮਾਲਾ ਫੜਿਆ ਹੱਥ ਬੇਜਾਨ ਜਿਹਾ ਕਰ ਕੇ ਹੇਠਾਂ ਸੁੱਟ ਦਿੱਤਾ, ਇੱਕ ਲੰਮਾ ਹਉਕਾ ਭਰਿਆ ਅਤੇ ਬੜੀ ਬੇਰੁਖ਼ੀ ਨਾਲ ਬੋਲੀ, ‘‘ਨੀਂ ਧੀਏ, ਕਾਹਦੀਆਂ ਮੁਬਾਰਕਾਂ? ਇਹ ‘ਪੱਥਰ’ ਤਾਂ ਪਹਿਲਾਂ ਵੀ ਇੱਕ ਬੈਠਾ ਘਰੇ... ਅੱਜ ਫੇਰ ‘ਪੱਥਰ’ ਹੀ ਪੱਲੇ ਪੈ ਗਿਆ।’’ ਇਹ ਕਹਿੰਦਿਆਂ ਉਹ ਬਜ਼ੁਰਗ ਔਰਤ ਉੱਥੇ ਹੀ ਫ਼ਰਸ਼ ’ਤੇ ਬੈਠ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ। ਉਹ ਖ਼ੁਸ਼ੀ ਵਿੱਚ ਨਹੀਂ ਸਗੋਂ ਇਸ ਗੱਲ ਦੇ ਸੋਗ ਵਿੱਚ ਰੋ ਰਹੀ ਸੀ ਕਿ ਉਸ ਦੇ ਘਰ ਇੱਕ ਹੋਰ ਧੀ ਨੇ ਜਨਮ ਲਿਆ ਹੈ। ਮੇਰੇ ਲੂ-ਕੰਡੇ ਖੜ੍ਹੇ ਹੋ ਗਏ। ਮੈਂ ਸੁੰਨ ਹੋ ਕੇ ਕਦੇ ਉਸ ਰੋਂਦੀ ਮਾਤਾ ਨੂੰ ਦੇਖਦਾ ਤੇ ਕਦੇ ਅਪਰੇਸ਼ਨ ਥੀਏਟਰ ਦੇ ਉਸ ਬੰਦ ਦਰਵਾਜ਼ੇ ਨੂੰ, ਜਿਸ ਦੇ ਪਿੱਛੇ ਮੇਰੀ ਪਤਨੀ ਆਪਣੀ ਉਸ ਔਲਾਦ ਲਈ ਜੂਝ ਰਹੀ ਸੀ ਜਿਸ ਦੀ ਧੜਕਣ ਹੀ ਨਹੀਂ ਸੀ ਬਣੀ। ਮੇਰਾ ਜੀਅ ਕੀਤਾ ਕਿ ਉਸ ਮਾਤਾ ਨੂੰ ਹਲੂਣ ਕੇ ਪੁੱਛਾਂ ‘‘ਮਾਤਾ, ਜਿਸ ਨੂੰ ਤੂੰ ਪੱਥਰ ਕਹਿ ਕੇ ਦੁਰਕਾਰ ਰਹੀ ਹੈਂ, ਉਸ ਧੜਕਣ ਦੀ ਕੀਮਤ ਮੇਰੇ ਕੋਲੋਂ ਪੁੱਛ ਕੇ ਦੇਖ। ਮੈਂ ਤਾਂ ਉਹ ਨਾ ਬਣੀ ਧੜਕਣ ਵੀ ਅੱਖਾਂ ’ਤੇ ਲਾਉਣ ਨੂੰ ਤਿਆਰ ਸੀ। ਤੇਰੇ ਕੋਲ ਤਾਂ ਰੱਬ ਨੇ ਜਿਊਂਦੀ-ਜਾਗਦੀ ‘ਗੁੱਡੀ’ ਭੇਜੀ ਹੈ ਤੇ ਤੂੰ ਉਸ ਨੂੰ ਪੱਥਰ ਕਹਿ ਰਹੀ ਹੈਂ?’’

ਸਾਡੇ ਸਮਾਜ ਦਾ ਇਹ ਕਿਹੜਾ ਚਿਹਰਾ ਹੈ? ਇੱਕ ਪਾਸੇ ਮੇਰੀ ਪਤਨੀ ਅੰਦਰ ਉਸ ਔਲਾਦ ਦੇ ਵਿਛੋੜੇ ਵਿੱਚ ਜੂਝ ਰਹੀ ਸੀ, ਜਿਸ ਦੀ ਧੜਕਣ ਨਹੀਂ ਬਣੀ ਅਤੇ ਦੂਜੇ ਪਾਸੇ ਇਹ ਔਰਤ ਸੀ, ਜੋ ਇੱਕ ਪੂਰੀ ਤਰ੍ਹਾਂ ਸਲਾਮਤ ਅਤੇ ਧੜਕਦੀ ਜ਼ਿੰਦਗੀ ਨੂੰ ਸਿਰਫ਼ ਧੀ ਹੋਣ ਕਰ ਕੇ ਬੋਝ ਮੰਨ ਰਹੀ ਸੀ। ਕੀ ਇੱਕ ਮਾਸੂਮ ਦੀ ਜਾਨ ਦੀ ਕੀਮਤ ਉਸ ਦੇ ਸਿਰਫ਼ ਲਿੰਗ ਤੋਂ ਤੈਅ ਹੋਵੇਗੀ? ਹਸਪਤਾਲ ਤੋਂ ਬਾਹਰ ਆਉਂਦਿਆਂ ਮੇਰਾ ਮਨ ਬਹੁਤ ਭਾਰਾ ਸੀ। ਮੈਨੂੰ ਮਹਿਸੂਸ ਹੋਇਆ ਕਿ ਮੇਰੇ ਬੱਚੇ ਦੀ ਧੜਕਣ ਤਾਂ ਕੁਦਰਤੀ ਕਾਰਨਾਂ ਕਰ ਕੇ ਨਹੀਂ ਸੀ ਬਣੀ, ਪਰ ਇਸ ਸਮਾਜ ਦੀ ਮਨੁੱਖਤਾ ਅਤੇ ਸੰਵੇਦਨਸ਼ੀਲਤਾ ਦੀ ਧੜਕਣ ਕਦੋਂ ਬਣੇਗੀ? ਅਸੀਂ ਵੱਡੀਆਂ ਕੋਠੀਆਂ ਤੇ ਮਹਿਲਾਂ ਵਰਗੇ ਘਰ ਤਾਂ ਬਣਾ ਲਏ, ਪਰ ਸਾਡੀ ਸੋਚ ਅੱਜ ਵੀ ਪੱਥਰਾਂ ਨਾਲੋਂ ਸਖ਼ਤ ਹੈ। ਗੱਡੀ ਦੀ ਖਿੜਕੀ ’ਚੋਂ ਬਾਹਰ ਦੇਖਦਿਆਂ ਮੇਰੇ ਅੰਦਰੋਂ ਵਾਰ-ਵਾਰ ਇੱਕੋ ਸਵਾਲ ਉੱਠ ਰਿਹਾ ਸੀ ਕਿ ‘ਆਖ਼ਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ?’ ਮੇਰੀਆਂ ਅੱਖਾਂ ਸਾਹਮਣੇ ਉਸ ਨਵਜੰਮੀ ਬੱਚੀ ਦਾ ਚਿਹਰਾ ਘੁੰਮ ਰਿਹਾ ਸੀ, ਜਿਸ ਨੇ ਅਜੇ ਸੰਸਾਰ ਵਿੱਚ ਅੱਖਾਂ ਹੀ ਖ੍ਹੋਲੀਆਂ ਹੀ ਨੇ ਤੇ ਉਸ ਦੇ ਆਪਣੇ ਹੀ ਖ਼ੂਨ ਨੇ ਉਸ ਨੂੰ ‘ਬੋਝ’ ਦਾ ਲਕਬ ਦੇ ਦਿੱਤਾ। ਮੈਂ ਸੋਚ ਰਿਹਾ ਸੀ ਕਿ ਜਿਸ ਬੱਚੀ ਨੇ ਅਜੇ ਆਪਣੀਆਂ ਅੱਖਾਂ ਵੀ ਨਹੀਂ ਸੀ ਖੋਲ੍ਹੀਆਂ, ਉਸ ਦੇ ਹਿੱਸੇ ਦਾ ਅੰਬਰ ਉਸ ਦੀ ਦਾਦੀ ਦੇ ਹਉਕਿਆਂ ਨੇ ਪਹਿਲਾਂ ਹੀ ਕਾਲਾ ਕਰ ਦਿੱਤਾ ਸੀ। ਕੀ ਉਹ ‘ਪੱਥਰ’ ਸੀ? ਨਹੀਂ, ਪੱਥਰ ਤਾਂ ਉਹ ਸੋਚ ਸੀ ਜੋ ਸਦੀਆਂ ਤੋਂ ਸਾਡੇ ਅੰਦਰ ਜੰਮੀ ਬੈਠੀ ਹੈ। ਮੈਨੂੰ ਅਹਿਸਾਸ ਹੋਇਆ ਕਿ ਅਸੀਂ ਧਾਰਮਿਕ ਸਥਾਨਾਂ ਵਿੱਚ ਜਾ ਕੇ ਜਿਸ ‘ਸ਼ਕਤੀ’ ਦੀ ਪੂਜਾ ਕਰਦੇ ਹਾਂ, ਜਦੋਂ ਉਹ ਸਾਡੇ ਵਿਹੜੇ ਵਿੱਚ ਧੀ ਬਣ ਕੇ ਉਤਰਦੀ ਹੈ ਤਾਂ ਸਾਡੀ ਨਿਹਚਾ ਕਿਉਂ ਡੋਲ ਜਾਂਦੀ ਹੈ? ਹਸਪਤਾਲ ਦਾ ਉਹ ਗਲਿਆਰਾ ਮੈਨੂੰ ਇੱਕ ਸਬਕ ਦੇ ਗਿਆ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਡੀ ਗ਼ਰੀਬੀ ਪੈਸੇ ਦੀ ਨਹੀਂ, ਸਗੋਂ ਸੋਚ ਦੀ ਹੈ। ਮੈਂ ਆਪਣੇ ਖ਼ਾਲੀ ਹੱਥਾਂ ਵੱਲ ਦੇਖਿਆ ਤੇ ਫਿਰ ਆਸਮਾਨ ਵੱਲ। ਮੇਰੇ ਮਨ ਨੇ ਹੌਲੀ ਜਿਹੀ ਬੁੜਬੁੜਾਇਆ, ‘ਕਾਸ਼! ਉਸ ਮਾਤਾ ਨੂੰ ਪਤਾ ਹੁੰਦਾ ਕਿ ‘ਗੁੱਡੀਆਂ’ ਪੱਥਰ ਨਹੀਂ ਹੁੰਦੀਆਂ, ਉਹ ਤਾਂ ਉਹ ਰਹਿਮਤ ਹੁੰਦੀਆਂ ਨੇ ਜੋ ਪੱਥਰ ਦਿਲਾਂ ਵਿੱਚ ਵੀ ਮੁਹੱਬਤ ਦੇ ਚਸ਼ਮੇ ਵਗਾਉਣ ਦੀ ਤਾਕਤ ਰੱਖਦੀਆਂ ਹਨ।’ ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਅਜੇ ਵੀ ਉਸ ਮੋੜ ’ਤੇ ਖੜ੍ਹੇ ਹਾਂ ਜਿੱਥੇ ਧੀਆਂ ਨੂੰ ਸਵੀਕਾਰਨ ਲਈ ਜਿਗਰਾ ਨਹੀਂ, ਸਗੋਂ ਸਿਰਫ਼ ਜਵਾਬਦੇਹੀ ਲੱਭੀ ਜਾਂਦੀ ਹੈ। ਮੇਰੀ ਗੱਡੀ ਅੱਗੇ ਵਧ ਰਹੀ ਸੀ, ਪਰ ਮੇਰਾ ਮਨ ਉਸੇ ਬੈਂਚ ’ਤੇ ਅਟਕਿਆ ਹੋਇਆ ਸੀ, ਜਿੱਥੇ ਇੱਕ ਜਿਊਂਦੀ ਜਾਨ ਆਪਣੇ ਹੀ ਘਰ ਵਿੱਚ ‘ਬੇਗ਼ਾਨੀ’ ਹੋ ਚੁੱਕੀ ਸੀ।

ਸੰਪਰਕ: 95014-75400

Advertisement
×