DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਰਕਸ਼ੀਲ ਲਹਿਰ ਦਾ ਨਾਇਕ ਡਾ. ਦਾਭੋਲਕਰ

ਮਹਾਰਾਸ਼ਟਰ ਦੀ ਪ੍ਰਗਤੀਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦੀ ਕੁਝ ਫਿਰਕੂ ਅਤੇ ਗੈਰ ਸਮਾਜੀ ਅਨਸਰਾਂ ਵੱਲੋਂ 20 ਅਗਸਤ, 2013 ਨੂੰ ਪੁਣੇ (ਮਹਾਰਾਸ਼ਟਰ) ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸਿਰਫ਼ ਇਸ ਲਈ ਹੱਤਿਆ ਕਰ...

  • fb
  • twitter
  • whatsapp
  • whatsapp
Advertisement

ਮਹਾਰਾਸ਼ਟਰ ਦੀ ਪ੍ਰਗਤੀਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦੀ ਕੁਝ ਫਿਰਕੂ ਅਤੇ ਗੈਰ ਸਮਾਜੀ ਅਨਸਰਾਂ ਵੱਲੋਂ 20 ਅਗਸਤ, 2013 ਨੂੰ ਪੁਣੇ (ਮਹਾਰਾਸ਼ਟਰ) ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸਿਰਫ਼ ਇਸ ਲਈ ਹੱਤਿਆ ਕਰ ਦਿੱਤੀ ਗਈ ਸੀ ਕਿਉਂਕਿ ਉਹ ਆਮ ਲੋਕਾਂ ਨੂੰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਅਖੌਤੀ ਚਮਤਕਾਰਾਂ, ਰੂੜੀਵਾਦੀ ਰਵਾਇਤਾਂ ਅਤੇ ਫਿਰਕਾਪ੍ਰਸਤੀ ਖ਼ਿਲਾਫ਼ ਜਾਗਰੂਕ ਕਰ ਰਹੇ ਸਨ। ਪਹਿਲੀ ਨਵੰਬਰ ਸੰਨ 1945 ਨੂੰ ਸਤਾਰਾ (ਮਹਾਰਾਸ਼ਟਰ) ਵਿੱਚ ਜਨਮੇ ਡਾ. ਦਾਭੋਲਕਰ ਨੇ ਮਿਰਾਜ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਪਰ ਡਾਕਟਰੀ ਦੀ ਨੌਕਰੀ ਕਰਦਿਆਂ ਉਨ੍ਹਾਂ ਨੇ ਗੰਭੀਰਤਾ ਨਾਲ ਇਹ ਮਹਿਸੂਸ ਕੀਤਾ ਕਿ ਸਮੁੱਚੇ ਮਹਾਰਾਸ਼ਟਰ ਵਿੱਚ ਧਾਰਮਿਕ ਆਸਥਾ ਦੀ ਆੜ ਹੇਠ ਅੰਧ-ਵਿਸ਼ਵਾਸ ਅਤੇ ਕਰਮਕਾਂਡ ਫੈਲਾਅ ਕੇ ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਕਥਿਤ ਕਾਲੇ ਇਲਮ ਦੇ ਢੋਂਗੀਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਲੁੱਟਿਆ ਜਾ ਰਿਹਾ ਹੈ ਜਿਸ ਉੱਤੇ ਰੋਕਥਾਮ ਲਈ ਆਮ ਲੋਕਾਂ ਵਿੱਚ ਸੰਸਥਾਗਤ ਪੱਧਰ ’ਤੇ ਵਿਗਿਆਨਕ ਚੇਤਨਾ ਵਿਕਸਿਤ ਕਰਨ ਦੀ ਲੋੜ ਹੈ। ਇਸੇ ਲਈ ਡਾ. ਦਾਭੋਲਕਰ ਨੇ ਸੰਨ 1983 ’ਚ ਲੋਕਾਂ ਨੂੰ ਲੁੱਟਣ ਵਾਲੇ ਪਾਖੰਡੀ ਬਾਬਿਆਂ ਖ਼ਿਲਾਫ਼ ਆਪਣਾ ਸੰਘਰਸ਼ ਸ਼ੁਰੂ ਕੀਤਾ। ਸੰਨ 1989 ਵਿੱਚ ਉਨ੍ਹਾਂ ਅੰਧ ਸ਼ਰਧਾ ਨਿਰਮੂਲਨ ਸਮਿਤੀ ਨਾਂ ਦੀ ਪ੍ਰਗਤੀਸ਼ੀਲ ਸੰਸਥਾ ਦੀ ਸਥਾਪਨਾ ਕਰਕੇ ਅੰਧ ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਥੇਬੰਦਕ ਵਿਗਿਆਨਕ ਚੇਤਨਾ ਲਹਿਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪੂਰੇ ਮਹਾਰਾਸ਼ਟਰ ਵਿੱਚ ਇਸ ਤਰਕਸ਼ੀਲ ਸੰਸਥਾ ਦੀਆਂ 200 ਤੋਂ ਵੱਧ ਇਕਾਈਆਂ ਬਣਾਈਆਂ। ਡਾ. ਦਾਭੋਲਕਰ ਨੇ ਲਗਾਤਾਰ 40 ਸਾਲ ਮਹਾਰਾਸ਼ਟਰ ਵਿੱਚ ਕਥਿਤ ਕਾਲੇ ਜਾਦੂ, ਟੂਣੇ, ਚਮਤਕਾਰ, ਜੋਤਿਸ਼, ਰਾਸ਼ੀਫਲ ਅਤੇ ਕਥਿਤ ਦੈਵੀ ਸ਼ਕਤੀਆਂ ਦੇ ਝੂਠੇ ਦਾਅਵੇਦਾਰ ਪਾਖੰਡੀਆਂ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਰੂੜੀਵਾਦੀ ਰਵਾਇਤਾਂ, ਧਾਰਮਿਕ ਅਸਹਿਣਸ਼ੀਲਤਾ, ਜਾਤ-ਪਾਤ, ਨਾਬਰਾਬਰੀ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਜਾਗਰੂਕਤਾ ਮੁਹਿੰਮ ਚਲਾਈ। ਇਸੇ ਮੁਹਿੰਮ ਤਹਿਤ ਉਨ੍ਹਾਂ ਨੇ ਵਿਗਿਆਨ ਬੋਧ ਵਾਹਿਨੀ ਨਾਂ ਦੀ ਇਕ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਮਹਾਰਾਸ਼ਟਰ ਦੇ ਪਿੰਡਾਂ ਵਿੱਚ ਚਲਾਈ ਅਤੇ ਲੋਕਾਂ ਨੂੰ ਕਥਿਤ ਚਮਤਕਾਰਾਂ ਪਿੱਛੇ ਕੰਮ ਕਰਦੇ ਵਿਗਿਆਨਕ ਕਾਰਨਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਅਗਿਆਨਤਾ ਅਤੇ ਅੰਧ ਵਿਸ਼ਵਾਸਾਂ ਖ਼ਿਲਾਫ਼ ਕੀਤੇ ਸੰਘਰਸ਼ ਦੌਰਾਨ ਉਨ੍ਹਾਂ ਨੇ 15 ਸਾਲਾਂ ਵਿੱਚ ਲਗਪਗ 10 ਹਜ਼ਾਰ ਅਧਿਆਪਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਿੱਖਿਅਤ ਕੀਤਾ। ਉਨ੍ਹਾਂ ਨੇ ਵਿਗਿਆਨਕ ਵਿਸ਼ਿਆਂ ਉੱਤੇ 12 ਕਿਤਾਬਾਂ ਵੀ ਲਿਖੀਆਂ ਅਤੇ ਉਹ ਪ੍ਰਗਤੀਸ਼ੀਲ ਰਸਾਲੇ ‘ਸਾਧਨਾ’ ਦੇ ਸੰਪਾਦਕ ਵੀ ਰਹੇ। ਸਮਾਜਿਕ ਬਰਾਬਰੀ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਜਿੱਥੇ ‘ਇੱਕ ਪਿੰਡ-ਇੱਕ ਖੂਹ’ ਦੇ ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਕੀਤੀ, ਉਥੇ ਹੀ ਸਮਾਜ ਵਿੱਚੋਂ ਭੇਦ-ਭਾਵ ਖ਼ਤਮ ਕਰਨ ਲਈ ਉੱਠੇ ਕਈ ਸਮਾਜਿਕ ਅੰਦੋਲਨਾਂ ਦੀ ਅਗਵਾਈ ਵੀ ਕੀਤੀ। ਡਾ. ਦਾਭੋਲਕਰ ਨੇ ਸਮੁੰਦਰ, ਨਦੀਆਂ-ਨਾਲਿਆਂ ਵਿੱਚ ਰਸਾਇਣਕ ਰੰਗਾਂ ਵਾਲੀਆਂ ਮੂਰਤੀਆਂ ਦੇ ਵਿਸਰਜਨ ਦਾ ਡਟਵਾਂ ਵਿਰੋਧ ਕੀਤਾ ਤਾਂ ਕਿ ਸਮੁੰਦਰੀ ਜੀਵ-ਜੰਤੂਆਂ ਅਤੇ ਮਨੁੱਖੀ ਜਾਨਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਬਚਾਇਆ ਜਾ ਸਕੇ। ਇਸ ਕਾਰਜ ਲਈ ਉਨ੍ਹਾਂ ਨੂੰ ਧਾਰਮਿਕ ਕੱਟੜਵਾਦੀਆਂ ਦੇ ਵਿਰੋਧ ਦਾ ਕਈ ਵਾਰ ਸਾਹਮਣਾ ਵੀ ਕਰਨਾ ਪਿਆ। ਡਾ. ਦਾਭੋਲਕਰ ਵੱਲੋਂ ਸੰਨ 1995 ਵਿੱਚ ਅੰਧ-ਵਿਸ਼ਵਾਸ ਵਿਰੋਧੀ ਬਿੱਲ ਦਾ ਇੱਕ ਖਰੜਾ ਤਿਆਰ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਭੇਜਿਆ ਗਿਆ ਪਰ ਵਿਧਾਨ ਸਭਾ ਵਿੱਚ ਇਸ ਬਿੱਲ ਦੇ ਪੇਸ਼ ਹੋਣ ਮੌਕੇ ਕੁਝ ਸਿਆਸੀ ਅਤੇ ਕੱਟੜ ਧਾਰਮਿਕ ਸੰਗਠਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਇਸ ਬਿੱਲ ਨੂੰ ਪਾਸ ਕਰਵਾਉਣ ਦੇ ਗੰਭੀਰ ਯਤਨਾਂ ਵਜੋਂ ਡਾ. ਦਾਭੋਲਕਰ ਨੂੰ ਕੁਝ ਧਾਰਮਿਕ ਸੰਗਠਨਾਂ ਅਤੇ ਅਖੌਤੀ ਧਰਮ ਗੁਰੂਆਂ ਵੱਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਉਨ੍ਹਾਂ ਨੇ ਇਸ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਯਤਨ ਜਾਰੀ ਰੱਖੇ। ਆਖ਼ਰਕਾਰ ਇਹ ਬਿੱਲ ਸੰਨ 2005 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਸ ਹੋ ਗਿਆ ਪਰ ਕੁਝ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਸਾਜਿਸ਼ੀ ਵਿਰੋਧ ਕਾਰਨ ਇਹ ਵਿਧਾਨ ਪਰਿਸ਼ਦ ਵਿੱਚ ਪਾਸ ਨਹੀਂ ਹੋ ਸਕਿਆ। ਅਫਸੋਸ ਦੀ ਗੱਲ ਹੈ ਕਿ ਮਹਾਰਾਸ਼ਟਰ ਪੁਲੀਸ ਅਤੇ ਜਾਂਚ ਏਜੰਸੀਆਂ ਨੂੰ ਇਸ ਸਾਜਿਸ਼ੀ ਹੱਤਿਆ ਸੰਬੰਧੀ ਸਪੱਸ਼ਟ ਸਬੂਤ ਮਿਲੇ ਹੋਣ ਦੇ ਬਾਵਜੂਦ ਅਸਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਵੱਲੋਂ ਬੇਸ਼ਕ ਦਸ ਸਾਲ ਬਾਅਦ ਦੋ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਪਰ ਹਕੂਮਤੀ ਦਬਾਅ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਨਾਕਾਮੀ ਕਰਕੇ ਇਸ ਕਤਲ ਕਾਂਡ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਮੁੱਖ ਮੁਲਜ਼ਮ ਅਤੇ ਸਾਜ਼ਿਸ਼ ਘਾੜੇ ਡਾ. ਵਰਿੰਦਰ ਤਾਵੜੇ ਸਮੇਤ ਮੁਲਜ਼ਮਾਂ ਸੰਜੀਵ ਪੁਨਾਲੇਕਰ ਤੇ ਵਿਕਰਮ ਨੂੰ ਬਰੀ ਕਰ ਦਿੱਤਾ ਗਿਆ। ਵੱਡਾ ਸਵਾਲ ਇਹ ਵੀ ਹੈ ਕਿ ਡਾ. ਦਾਭੋਲਕਰ ਵੱਲੋਂ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਫਿਰਕੂ ਅਨਸਰਾਂ ਨੂੰ ਮਹਾਰਾਸ਼ਟਰ ਪੁਲੀਸ ਵੱਲੋਂ ਉਸ ਵੇਲੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐੱਚ) ਅਨੁਸਾਰ, ਹਰ ਭਾਰਤੀ ਨਾਗਰਿਕ ਨੂੰ ਜੀਵਨ ਵਿੱਚ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਵਿਕਸਿਤ ਕਰਨ ਦੇ ਨਾਲ-ਨਾਲ ਆਪਣੇ ਆਲੇ ਦੁਆਲੇ ਬਾਰੇ ਜਾਨਣ ਅਤੇ ਉਸ ਵਿੱਚ ਸੁਧਾਰ ਕਰਨ ਦਾ ਫਰਜ਼ ਨਿਭਾਉਣ ਦੀ ਤਾਕੀਦ ਕੀਤੀ ਗਈ ਹੈ। ਇਸਦੇ ਨਾਲ ਹੀ ਧਾਰਾ 19 ਤਹਿਤ ਕਿਸੇ ਮੁੱਦੇ ਸੰਬੰਧੀ ਲਿਖਣ, ਬੋਲਣ, ਵਿਰੋਧ ਕਰਨ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਅਧਿਕਾਰ ਵੀ ਦਿੱਤਾ ਗਿਆ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਹਾਕਮ ਜਮਾਤਾਂ ਅਤੇ ਕਥਿਤ ਫਿਰਕੂ ਸੰਗਠਨਾਂ ਵੱਲੋਂ ਅਜਿਹੀ ਆਜ਼ਾਦੀ ਉੱਤੇ ਸਖ਼ਤ ਰੋਕਾਂ ਲਾਈਆਂ ਜਾ ਰਹੀਆਂ ਹਨ।

ਇਸ ਲਈ ਅੱਜ ਸਾਨੂੰ ਡਾ. ਦਾਭੋਲਕਰ ਦੀ ਵਿਗਿਆਨਕ ਵਿਚਾਰਧਾਰਾ ਉੱਤੇ ਡਟ ਕੇ ਪਹਿਰਾ ਦਿੰਦੇ ਹੋਏ ਅੰਧ ਵਿਸ਼ਵਾਸ ਅਤੇ ਅਗਿਆਨਤਾ ਦੇ ਹਨੇਰਿਆਂ ਨੂੰ ਖ਼ਤਮ ਕਰਨ ਲਈ ਵਿਗਿਆਨਕ ਚੇਤਨਾ ਦੀ ਲਹਿਰ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ।

Advertisement

ਸੰਪਰਕ: 76960-30173

Advertisement

Advertisement
×