ਬਹੁ-ਵਿਧਾਵੀ ਲੇਖਕ ਛੋਟੂ ਰਾਮ ਮੌਦਗਿਲ
ਸਾਹਿਤ ਦੀ ਮੁੱਖ ਸੁਰ ਮਾਨਵੀ ਕਦਰਾਂ-ਕੀਮਤਾਂ ਦੇ ਪਸਾਰ ਤੇ ਸਮਕਾਲੀ ਸਰੋਕਾਰਾਂ ਬਾਰੇ ਘੋਖਵੀਂ ਸਮਝ ਰਾਹੀਂ ਅਜਿਹਾ ਸੂਝ ਸੰਸਾਰ ਸਿਰਜਣਾ ਹੁੰਦਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਲੇਖਕ ਦੀ ਨਿੱਜੀ ਪਛਾਣ ਦਾ ਸਬੱਬ ਬਣ ਸਕੇ। ਸੀ ਆਰ ਮੌਦਗਿਲ ਉਰਫ਼ ਛੋਟੂ ਰਾਮ...
ਸਾਹਿਤ ਦੀ ਮੁੱਖ ਸੁਰ ਮਾਨਵੀ ਕਦਰਾਂ-ਕੀਮਤਾਂ ਦੇ ਪਸਾਰ ਤੇ ਸਮਕਾਲੀ ਸਰੋਕਾਰਾਂ ਬਾਰੇ ਘੋਖਵੀਂ ਸਮਝ ਰਾਹੀਂ ਅਜਿਹਾ ਸੂਝ ਸੰਸਾਰ ਸਿਰਜਣਾ ਹੁੰਦਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਲੇਖਕ ਦੀ ਨਿੱਜੀ ਪਛਾਣ ਦਾ ਸਬੱਬ ਬਣ ਸਕੇ। ਸੀ ਆਰ ਮੌਦਗਿਲ ਉਰਫ਼ ਛੋਟੂ ਰਾਮ ਮੌਦਗਿਲ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਭਾਸ਼ਾ ਵਿਭਾਗ, ਪੰਜਾਬ ਦਾ ਡਾਇਰੈਕਟਰ ਹੁੰਦਿਆਂ ਉਸ ਨੇ ਨਿਵੇਕਲੀ ਪਛਾਣ ਕਾਇਮ ਕਰਨ ਲਈ ਸਾਹਿਤ ਦੇ ਵਿਭਿੰਨ ਰੂਪਾਂ ’ਤੇ ਕਲਮ ਅਜ਼ਮਾਈ। ਹਥਲੀ ਕਿਤਾਬ ਵਿੱਚ ਬਹੁਤ ਸਾਰੇ ਲੇਖਕਾਂ ਨੇ ਉਸ ਦੀ ਸ਼ਖ਼ਸੀਅਤ ਤੇ ਸਾਹਿਤ ਦੇ ਵਿਭਿੰਨ ਪਾਸਾਰਾਂ ਨੂੰ ਦ੍ਰਿਸ਼ਟੀਗੋਚਰ ਕਰਨ ਦਾ ਉਪਰਾਲਾ ਕੀਤਾ ਹੈ।
ਸੀ ਆਰ ਮੌਦਗਿਲ ਦੀ ਬਹੁਪੱਖੀ ਸ਼ਖ਼ਸੀਅਤ ਲਈ ਕਈ ਵਿਸ਼ੇਸ਼ਣ ਵਰਤੇ ਗਏ ਹਨ, ਜਿਵੇਂ- ਮੌਦਗਿਲ ਇੱਕ ਸੰਕਲਪ, ਸਹੂਲੀਅਤ, ਗਿਆਨਮਈ ਧਾਰਾ ਦਾ ਵਹਿਣ, ਵਿਲੱਖਣ ਗੁਣਾਂ ਦਾ ਧਾਰਨੀ, ਸ਼ਰਾਫ਼ਤ ਤੇ ਸੱਜਣਤਾ ਦਾ ਮੁਜੱਸਮਾ, ਵਿਵੇਕਸ਼ੀਲ ਪ੍ਰਾਣੀ, ਮੋਹ ਵਾਲੀ ਬੋਲ-ਬਾਣੀ ਦਾ ਮਾਲਕ ਆਦਿ। ਇਹ ਵਿਸ਼ੇਸ਼ਣ ਉਹਦੀ ਸ਼ਖ਼ਸੀਅਤ ਦੇ ਗੁਣਾਂ ਨੂੰ ਉਘਾੜਦੇ ਹਨ। ਜਤਿੰਦਰ ਮੌਦਗਿਲ ਆਪਣੇ ਪਿਤਾ ਸੀ ਆਰ ਮੌਦਗਿਲ ਦੀ ਸ਼ਖ਼ਸੀਅਤ ਬਾਰੇ ਬੜੇ ਸਟੀਕ ਸ਼ਬਦਾਂ ਵਿੱਚ ਲਿਖਦਾ ਹੈ: ‘ਉਨ੍ਹਾਂ ਦੇ ਬੇਬਾਕੀ ਵਾਲੇ ਸ਼ਬਦ ਕਹਿਣੀ-ਕਰਨੀ ਦੇ ਪੱਕੇ, ਉਹ ਹਮੇਸ਼ਾ ਕਿਹਾ ਕਰਦੇ ਸਨ ਭਾਵੇਂ ਕਿ ਮੇਰੇ ਬਾਰੇ ਬਹੁਤਿਆਂ ਨੇ ਨਹੀਂ ਲਿਖਿਆ, ਪਰ ਮੈਨੂੰ ਮਾਣ ਹੈ ਆਪਣੇ ਆਪ ’ਤੇ, ਕਿਉਂਕਿ ਆਪਣੇ ਆਪ ਨੂੰ ਸਭ ਤੋਂ ਵੱਧ ਮੈਂ ਹੀ ਜਾਣਦਾ ਹਾਂ।’ ਉਹ ਇਹ ਵੀ ਕਹਿੰਦੇ ਸਨ ਕਿ ਮੈਂ ਫੂਕ ਨਹੀਂ ਛਕਦਾ। ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਦਗੜ-ਦਗੜ ਨਹੀਂ ਕੀਤੀ ਸਗੋਂ ਸਹਿਜ ਸੁਖਾਵੀਂ ਨਦੀ ਦੀ ਤੋਰ ਵਾਂਗ ਜ਼ਿੰਦਗੀ ਜੀਵੀ। ਇਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਕਮਾਲ ਸੀ। ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਪਹਿਲੂ ਇਹ ਵੀ ਸੀ ਕਿ ਕਦੇ ਹਿੰਦੀ ਵਿੱਚ ਪੰਜਾਬੀ ਸਮਝਾਉਂਦੇ ਤੇ ਕਦੇ ਪੰਜਾਬੀ ਵਿੱਚ ਹਿੰਦੀ ਵਾਲਿਆਂ ਦੀਆਂ ਰਮਜ਼ਾਂ ਸਮਝਦੇ। ਜੇ ਸਾਹਿਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਕਵਿਤਾ, ਕਹਾਣੀ ਤੇ ਵਾਰਤਕ ਦੀਆਂ ਕਿਤਾਬਾਂ ਰਚੀਆਂ। ‘ਲੇਖ ਕੁਲੇਖ’ ਉਨ੍ਹਾਂ ਦੀ ਪਹਿਲੀ ਵਾਰਤਕ ਕਿਤਾਬ ਹੈ, ਜਿਸ ਵਿੱਚ ਨਿਬੰਧ ਤੇ ਵਿਅੰਗ ਰੂਪਾਕਾਰਾਂ ਰਾਹੀਂ ਉਹ ਆਪਣੇ ਵਿਚਾਰਾਂ ਨੂੰ ਸਮਕਾਲੀ ਕੈਨਵਸ ’ਤੇ ਪੇਸ਼ ਕਰਦੇ ਹਨ। ਇਸ ਬਾਰੇ ਡਾ. ਨਰਿੰਦਰ ਪਾਲ ਲਿਖਦਾ ਹੈ: ‘ਇਨ੍ਹਾਂ ਨਿਬੰਧਾਂ ਦਾ ਪਸਾਰਾ ਮਨੋਵਿਗਿਆਨ, ਭਾਰਤੀ ਤੇ ਪੰਜਾਬੀ ਸੰਸਕ੍ਰਿਤੀ, ਯਾਤਰਾ ਸੰਸਮਰਣ, ਰਾਜਸਥਾਨੀ ਲੋਕ ਨਾਟਕ ਕਲਾ ਤੇ ਇਸ ਦੀ ਇਤਿਹਾਸਕਾਰੀ; ਮਨੁੱਖ ਦੀਆਂ ਹਾਸ, ਝੱਸ, ਗੱਲਾਂ ਬਾਤਾਂ, ਭੁੱਲਣ ਪ੍ਰਵਿਰਤੀ; ਖਾਣ ਪੀਣ ਦੀਆਂ ਨਿਗੂਣੀਆਂ ਵਸਤਾਂ ਦੀ ਚੋਰੀ ਆਦਿ ਅਹਿਮ ਪ੍ਰਵਿਰਤੀਆਂ, ਪੰਛੀਆਂ ਦਾ ਸੱਭਿਆਚਾਰ, ਸੌਂਦਰਯ ਬੋਧ, ਕਲਾਤਮਕਤਾ, ਦੋਸ਼ਪੂਰਨ ਵਿਦਿਅਕ ਪ੍ਰਬੰਧ ਨਾਲ ਜੁੜਿਆ ਇਮਤਿਹਾਨੀ ਪ੍ਰਬੰਧ ਦੇ ਥੀਮਾਂ ਦੁਆਲੇ ਉਸਰਿਆ ਹੋਇਆ ਹੈ।’ ਇਸ ਵਿਸ਼ਾਲਤਾ ਤੋਂ ਪਤਾ ਲੱਗਦਾ ਹੈ ਕਿ ਵਿਸ਼ੇ ਤੇ ਕਲਾ ਪੱਖੋਂ ਇਹ ਵਾਰਤਕ ਵੰਨਗੀਆਂ ਕਿੰਨੀਆਂ ਬਹੁ-ਦਿਸ਼ਾਵੀ ਤੇ ਬਹੁ-ਭਾਂਤੀ ਹਨ।
ਵਾਰਤਕ ਪੱਖੋਂ ਉਨ੍ਹਾਂ ਦੀ ਕਿਤਾਬ ‘ਲੋਹੇ ਦੀਆਂ ਕੰਧਾਂ’ ਵੀ ਬੜੀ ਚਰਚਿਤ ਹੈ। ਇਸ ਬਾਰੇ ਡਾ. ਹਰਸਿਮਰਨ ਸਿੰਘ ਰੰਧਾਵਾ ਦਾ ਕਥਨ ਹੈ: ‘ਬੇਸ਼ੱਕ ਇਸ ਸੰਗ੍ਰਹਿ ਵਿੱਚ ਸਾਰੇ ਲੇਖ ਆਕਾਰ ਵਿੱਚ ਛੋਟੇ ਹਨ, ਪਰ ਇਸ ਦੇ ਬਾਵਜੂਦ ਇਨ੍ਹਾਂ ਨੂੰ ਪੜ੍ਹਦਿਆਂ ਪਾਠਕ ਨੂੰ ਤਸੱਲੀ ਹੁੰਦੀ ਹੈ ਕਿਉਂਕਿ ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਉਹ ਗੱਲ ਕਰ ਰਿਹਾ ਹੈ ਜਿਸ ਬਾਰੇ ਪਾਠਕ ਅਕਸਰ ਸੋਚਦਾ ਹੈ।’ ਅਸਲ ਵਿੱਚ ਮੌਦਗਿਲ ਹੋਰਾਂ ਦੀ ਸ਼ੈਲੀ ਤੇ ਸ਼ਬਦ ਚੋਣ ਬੜੀ ਭਾਵਪੂਰਤ ਤੇ ਪਾਠਕ ਦੇ ਨੇੜੇ ਦੀ ਹੈ। ਪਾਠਕ ਤੇ ਲੇਖਕ ਦੇ ਰਿਸ਼ਤੇ ਨੂੰ ਦ੍ਰਿੜ੍ਹ ਕਰਨ ਲਈ ਅਜਿਹੀ ਸ਼ੈਲੀ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਹੈ। ਉਨ੍ਹਾਂ ਕੋਲ ਸ਼ਬਦ ਚੋਣ ਵੀ ਬੜੀ ਢੁਕਵੀਂ ਤੇ ਠੇਠ ਹੈ, ਜੋ ਪਾਠਕ ਦੇ ਮਨ ’ਤੇ ਆਪਣੀ ਪਕੜ ਬਣਾਈ ਰੱਖਦੀ ਹੈ। ‘ਦਿਸਹੱਦਿਆਂ ਦੇ ਰਾਹੀ’ ਉਨ੍ਹਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ਹੈ। ਇਸ ਵਿੱਚ ਕੁੱਲ 24 ਕਹਾਣੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਨਿੱਜੀ ਅਨੁਭਵ ਵਿੱਚੋਂ ਜਨਮੀਆਂ ਹਨ। ਇਨ੍ਹਾਂ ਦੇ ਪਾਤਰ ਜਿਊਂਦੇ ਜਾਗਦੇ ਇਨਸਾਨ ਹਨ। ਇਨ੍ਹਾਂ ਕਹਾਣੀਆਂ ਵਿੱਚ ਉਹ ਆਰਥਿਕ ਥੁੜ੍ਹਾਂ ਮਾਰੇ ਲੋਕਾਂ ਤੇ ਔਰਤ ਦੀ ਤ੍ਰਾਸਦਿਕ ਹੋਣੀ ਨੂੰ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਦੇਸ਼ ਵੰਡ ਤੋਂ ਬਾਅਦ ਪੈਦਾ ਹੋਈਆਂ ਸਮੱਸਿਆਵਾਂ ਬਾਰੇ ਵੀ ਕਹਾਣੀਆਂ ਹਨ।
ਏਸੇ ਤਰ੍ਹਾਂ ‘ਮਰਦ ਬੱਚੀ’ ਕਹਾਣੀ ਸੰਗ੍ਰਹਿ ਵਿੱਚ 11 ਕਹਾਣੀਆਂ ਹਨ। ਇਨ੍ਹਾਂ ਦੇ ਵਿਸ਼ੇ ਗਹਿਰ ਗੰਭੀਰ ਤੇ ਲੇਖਕ ਦੀ ਸਮਾਜਿਕ ਵਰਤਾਰੇ ਬਾਰੇ ਚੇਤੰਨ ਦ੍ਰਿਸ਼ਟੀ ਦੇ ਸੂਚਕ ਹਨ। ਇਨ੍ਹਾਂ ਕਹਾਣੀਆਂ ਦਾ ਧਰਾਤਲ ਯਥਾਰਥਵਾਦੀ-ਮਾਨਵਵਾਦੀ ਬਿਰਤੀ ਦਾ ਲਖਾਇਕ ਹੈ। ਇਨ੍ਹਾਂ ਦਾ ਵਿਸ਼ਾ ਵਸਤੂ ਵੀ ਸਮਾਜਿਕ ਸਰੋਕਾਰਾਂ ਵਾਲਾ ਹੈ। ਸਾਰੀਆਂ ਕਹਾਣੀਆਂ ਦੇ ਬਿਰਤਾਂਤ ਦਿਲਚਸਪ ਢੰਗ ਨਾਲ ਪੇਸ਼ ਕੀਤੇ ਗਏ ਹਨ। ਸਮਾਜ ਵਿੱਚ ਫੈਲਿਆ ਭ੍ਰਿਸ਼ਟਾਚਾਰ, ਜਾਤ ਪਾਤ ਦੇ ਨਾਂ ਹੇਠ ਹੁੰਦੇ ਵਿਤਕਰੇ ਤੇ ਸ਼ੋਸ਼ਣ ਇਨ੍ਹਾਂ ਕਹਾਣੀਆਂ ਦੀ ਮੂਲ ਸੁਰ ਹੈ। ਅਸਲ ਵਿੱਚ ਲੇਖਕ ਵਸਤੂ ਸੰਸਾਰ ਦੇ ਸਮਵਿੱਥ ਹੀ ਰਚਨਾ ਸੰਸਾਰ ਸਿਰਜਦਾ ਹੈ। ਇਹ ਇੱਕ ਤਰ੍ਹਾਂ ਨਾਲ ਵਸਤੂ ਸੰਸਾਰ ਦਾ ਕਲਾਤਮਿਕ ਪਰਤੌਅ ਹੀ ਹੁੰਦਾ ਹੈ।
ਕਾਵਿ ਰਚਨਾਵਾਂ ਵਿੱਚ ਉਹ ਮਾਨਵੀ ਸੁਰ ਤੇ ਆਪਸੀ ਸਾਂਝ ’ਤੇ ਜ਼ੋਰ ਦਿੰਦੇ ਹਨ। ਉਹ ਸਮਾਜ ਵਿੱਚ ਪਿਆਰ-ਮੁਹੱਬਤ ਅਤੇ ਆਪਸੀ ਭਾਈਚਾਰੇ ਦਾ ਛੱਟਾ ਦੇਣਾ ਚਾਹੁੰਦੇ ਹਨ, ਜਿਸ ਨਾਲ ਨਰੋਆ ਤੇ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ। ਇੱਕ ਸੁਹਿਰਦ ਲੇਖਕ ਕੋਲ ਸੁਪਨ ਸੰਸਾਰ ਹੁੰਦਾ ਹੈ, ਜਿਸ ਰਾਹੀਂ ਉਹ ਆਪਣੇ ਆਦਰਸ਼ ਸਥਾਪਿਤ ਕਰਦਾ ਹੈ। ਸਮਾਜ ਨੂੰ ਵੰਡਣ ਦੀ ਸੋਚ ’ਤੇ ਵਿਅੰਗ ਕਰਦਿਆਂ ਉਹ ਲਿਖਦੇ ਹਨ- ਕਿੱਥੋਂ ਕੁ ਤੀਕਰ ਸੋਚਦੇ ਹੋ/ ਪਾਉਣੀਆਂ ਨੇ ਵੰਡੀਆਂ/ ਹਾਲਾਂ ਤੱਕ ਤਾਂ ਉਹੋ ਭੁੱਲੇ ਨਹੀਂ/ ਪਹਿਲਾਂ ਜੋ ਹੋਈਆਂ ਭੰਡੀਆਂ/ ਭੌਂ ਤੇ ਪਾਣੀਆਂ ਦੀ ਵੰਡ ਤਾਂ/ ਹੋ ਸਕਦਾ ਹੈ ਇੱਕ ਦਿਨ ਮੁੱਕ ਜਾਵੇ/ ਪਰ ਜੋ ਕਰ ਰਹੇ ਹੋ ਸੋਚਾਂ ਨੂੰ ਖੰਡਿਤ/ ਹੋ ਸਕਦੈ ਕੱਲ੍ਹ ਨੂੰ/ ਨੀਰ ਨੈਣਾਂ ਦਾ ਮੁੱਕ ਜਾਵੇ। ਸਾਹਿਤ ਨੂੰ ਪਰਿਭਾਸ਼ਿਤ ਕਰਦਿਆਂ ਉਹ ਲਿਖਦੇ ਹਨ- ‘ਸ਼ਬਦ ਜਦ ਇੱਕ ਸਮੂਹ ਵਿੱਚ ਜੁੜਦਾ ਹੈ ਤਾਂ ਇੱਕ ਸਾਰਥਿਕ ਪਰਿਭਾਸ਼ਾ ਗ੍ਰਹਿਣ ਕਰਦਾ ਹੈ ਤੇ ਜਨਮ ਹੁੰਦਾ ਹੈ ਇੱਕ ਵਾਕ ਦਾ। ਵਾਕ ਜਦ ਸਮੂਹ ਵਿੱਚ ਮਿਲਦਾ ਹੈ ਤਾਂ ਸਾਹਿਤ ਹੋ ਜਾਂਦਾ ਹੈ।’ ਉਨ੍ਹਾਂ ਨੇ ਕੁੱਲ 70 ਕਿਤਾਬਾਂ ਦੀ ਸਿਰਜਣਾ ਕੀਤੀ। ਇਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਨਿਬੰਧ, ਸਫ਼ਰਨਾਮੇ, ਅਨੁਵਾਦ ਤੇ ਸੰਪਾਦਿਤ ਰਚਨਾਵਾਂ ਸ਼ਾਮਿਲ ਹਨ। ਹਥਲੀ ਕਿਤਾਬ ਵਿੱਚ ਅਨੇਕਾਂ ਪ੍ਰਸਿੱਧ ਵਿਦਵਾਨਾਂ, ਉਨ੍ਹਾਂ ਨਾਲ ਨੇੜਲੇ ਸਬੰਧਾਂ ਵਾਲੇ ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਕਈ ਲੁਕੇ ਪੱਖ ਤੇ ਅਨੁਭਵ ਸਾਂਝੇ ਕੀਤੇ ਹਨ। ਇੰਜ ਇਸ ਬਹੁ-ਵਿਧਾਵੀ ਲੇਖਕ ਦੀ ਸ਼ਖ਼ਸੀਅਤ ਤੇ ਰਚਨਾਵਾਂ ਬਾਰੇ ਇਹ ਕਿਤਾਬ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ।
ਸੰਪਰਕ: 94173-58120
ਕਿਤਾਬ ‘ਛੋਟੂ ਰਾਮ ਮੌਦਗਿਲ- ਜੀਵਨ ਅਤੇ ਸਾਹਿਤ’; ਸੰਪਾਦਕ: ਡਾ. ਸੁਦਰਸ਼ਨ ਗਾਸੋ
ਕੀਮਤ: 230 ਰੁਪਏ;
ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ, ਪੰਚਕੂਲਾ।
