DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਦਾ ਵਿਸ਼ਵਾਸ

ਦੁਨੀਆ ਦੇ ਮਹਾਨ ਵਿਗਿਆਨੀਆਂ ਵਿੱਚ ਥੌਮਸ ਐਡੀਸਨ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਬਿਜਲੀ ਦੇ ਬੱਲਬ ਤੋਂ ਲੈ ਕੇ ਅਨੇਕਾਂ ਮਹਾਨ ਖੋਜਾਂ ਤੱਕ ਐਡੀਸਨ ਨੇ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ, ਪਰ ਉਸ ਦੀ ਕਾਮਯਾਬੀ ਪਿੱਛੇ ਇੱਕ ਅਜਿਹੀ...

  • fb
  • twitter
  • whatsapp
  • whatsapp
Advertisement

ਦੁਨੀਆ ਦੇ ਮਹਾਨ ਵਿਗਿਆਨੀਆਂ ਵਿੱਚ ਥੌਮਸ ਐਡੀਸਨ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਬਿਜਲੀ ਦੇ ਬੱਲਬ ਤੋਂ ਲੈ ਕੇ ਅਨੇਕਾਂ ਮਹਾਨ ਖੋਜਾਂ ਤੱਕ ਐਡੀਸਨ ਨੇ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ, ਪਰ ਉਸ ਦੀ ਕਾਮਯਾਬੀ ਪਿੱਛੇ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸ ਨੇ ਆਪਣੇ ਪੁੱਤਰ ਉੱਤੇ ਉਸ ਵੇਲੇ ਵੀ ਵਿਸ਼ਵਾਸ ਕੀਤਾ ਜਦੋਂ ਸਾਰੀ ਦੁਨੀਆ ਨੇ ਉਸ ਨੂੰ ਨਿਕੰਮਾ ਸਮਝ ਲਿਆ ਸੀ। ਉਹ ਸ਼ਖ਼ਸ ਸੀ ਉਸ ਦੀ ਮਾਂ ਨੈਨਸੀ ਐਡੀਸਨ। ਇਹ ਕਹਾਣੀ ਸਿਰਫ਼ ਇੱਕ ਮਹਾਨ ਵਿਗਿਆਨੀ ਦੀ ਨਹੀਂ, ਸਗੋਂ ਇੱਕ ਮਾਂ ਦੇ ਵਿਸ਼ਵਾਸ, ਹੌਸਲੇ ਅਤੇ ਤਿਆਗ ਦੀ ਹੈ।

ਥੌਮਸ ਐਡੀਸਨ ਦਾ ਜਨਮ 11 ਫਰਵਰੀ 1847 ਨੂੰ ਅਮਰੀਕਾ ਦੇ ਓਹਾਈਓ ਰਾਜ ਵਿੱਚ ਹੋਇਆ। ਬਚਪਨ ਤੋਂ ਹੀ ਉਹ ਬਹੁਤ ਜਿਗਿਆਸੂ ਸੁਭਾਅ ਵਾਲਾ ਸੀ। ਉਹ ਹਰ ਚੀਜ਼ ਬਾਰੇ ਸਵਾਲ ਪੁੱਛਦਾ ਰਹਿੰਦਾ। ਸਕੂਲ ਵਿੱਚ ਵੀ ਉਹ ਅਧਿਆਪਕਾਂ ਨੂੰ ਬਹੁਤ ਸਵਾਲ ਪੁੱਛਦਾ ਸੀ, ਜਿਸ ਕਰਕੇ ਕਈ ਅਧਿਆਪਕ ਉਸ ਨੂੰ ਤੰਗ ਕਰਨ ਵਾਲਾ ਬੱਚਾ ਸਮਝਦੇ ਸਨ। ਇੱਕ ਦਿਨ ਸਕੂਲ ਦੇ ਅਧਿਆਪਕ ਨੇ ਉਸ ਦੀ ਮਾਂ ਨੂੰ ਇੱਕ ਚਿੱਠੀ ਭੇਜੀ। ਬਾਲ ਐਡੀਸਨ ਨੇ ਉਹ ਚਿੱਠੀ ਆਪਣੀ ਮਾਂ ਨੂੰ ਦਿੱਤੀ ਅਤੇ ਪੁੱਛਿਆ, “ਮਾਂ, ਇਸ ਵਿੱਚ ਕੀ ਲਿਖਿਆ ਹੈ?” ਉਸ ਦੀ ਮਾਂ ਨੇ ਚਿੱਠੀ ਪੜ੍ਹੀ। ਅਸਲ ਵਿੱਚ ਉਸ ਵਿੱਚ ਲਿਖਿਆ ਸੀ, “ਤੁਹਾਡਾ ਬੱਚਾ ਬਹੁਤ ਕਮਜ਼ੋਰ ਦਿਮਾਗ਼ ਦਾ ਹੈ। ਉਹ ਸਕੂਲ ਵਿੱਚ ਪੜ੍ਹਨ ਦੇ ਯੋਗ ਨਹੀਂ। ਅਸੀਂ ਇਸ ਨੂੰ ਹੋਰ ਨਹੀਂ ਪੜ੍ਹਾ ਸਕਦੇ।” ਇਹ ਪੜ੍ਹ ਕੇ ਵੀ ਮਾਂ ਨੇ ਆਪਣੇ ਪੁੱਤਰ ਦਾ ਦਿਲ ਟੁੱਟਣ ਨਹੀਂ ਦਿੱਤਾ। ਉਸ ਨੇ ਚਿੱਠੀ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ, “ਤੁਹਾਡਾ ਪੁੱਤਰ ਬਹੁਤ ਹੋਣਹਾਰ ਹੈ। ਇਹ ਸਕੂਲ ਉਸ ਦੀ ਯੋਗਤਾ ਦੇ ਅਨੁਸਾਰ ਨਹੀਂ। ਇਸ ਲਈ ਹੁਣ ਤੁਸੀਂ ਇਸ ਨੂੰ ਘਰ ਵਿੱਚ ਖ਼ੁਦ ਪੜ੍ਹਾਓ।” ਇਹ ਸ਼ਬਦ ਬਾਲ ਐਡੀਸਨ ਦੀ ਜ਼ਿੰਦਗੀ ਬਦਲ ਗਏ। ਉਸ ਦੀ ਮਾਂ ਨੇ ਉਸ ਨੂੰ ਘਰ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਸ ਨੇ ਆਪਣੇ ਪੁੱਤਰ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਪਛਾਣਿਆ। ਜਿੱਥੇ ਦੁਨੀਆ ਇੱਕ ਬੱਚੇ ਵਿੱਚ ਕਮਜ਼ੋਰੀ ਦੇਖ ਰਹੀ ਸੀ, ਉੱਥੇ ਇੱਕ ਮਾਂ ਨੇ ਉਸ ਵਿੱਚ ਮਹਾਨਤਾ ਦੇਖੀ। ਉਸ ਨੇ ਆਪਣੇ ਪੁੱਤਰ ਨੂੰ ਹਮੇਸ਼ਾ ਹੌਸਲਾ ਦਿੱਤਾ ਕਿ ਉਹ ਕੁਝ ਵੱਡਾ ਕਰ ਸਕਦਾ ਹੈ। ਨੈਨਸੀ ਐਡੀਸਨ ਖ਼ੁਦ ਇੱਕ ਅਧਿਆਪਕਾ ਰਹਿ ਚੁੱਕੀ ਸੀ। ਉਹ ਜਾਣਦੀ ਸੀ ਕਿ ਹਰ ਬੱਚਾ ਵੱਖਰਾ ਹੁੰਦਾ ਹੈ। ਉਸ ਨੇ ਕਦੇ ਵੀ ਆਪਣੇ ਪੁੱਤਰ ਦੀ ਤੁਲਨਾ ਹੋਰ ਬੱਚਿਆਂ ਨਾਲ ਨਹੀਂ ਕੀਤੀ। ਉਸ ਨੇ ਉਸ ਨੂੰ ਖੁੱਲ੍ਹ ਕੇ ਸੋਚਣ, ਪ੍ਰਯੋਗ ਕਰਨ ਅਤੇ ਗ਼ਲਤੀਆਂ ਤੋਂ ਸਿੱਖਣ ਦੀ ਆਜ਼ਾਦੀ ਦਿੱਤੀ। ਇਹੋ ਕਾਰਨ ਸੀ ਕਿ ਐਡੀਸਨ ਬਚਪਨ ਤੋਂ ਹੀ ਨਵੇਂ-ਨਵੇਂ ਪ੍ਰਯੋਗ ਕਰਦਾ ਰਹਿੰਦਾ ਸੀ।

Advertisement

ਥੌਮਸ ਐਡੀਸਨ ਨੇ ਜ਼ਿੰਦਗੀ ਵਿੱਚ ਲਗਪਗ 1000 ਤੋਂ ਵੱਧ ਕਾਢਾਂ ਕੱਢੀਆਂ। ਉਸ ਦੀਆਂ ਬਿਜਲੀ ਦਾ ਬੱਲਬ, ਫੋਨੋਗ੍ਰਾਫ ਅਤੇ ਮੂਵੀ ਕੈਮਰੇ ਵਰਗੀਆਂ ਖੋਜਾਂ ਨੇ ਦੁਨੀਆ ਬਦਲ ਦਿੱਤੀ, ਪਰ ਉਸ ਨੇ ਕਦੇ ਵੀ ਆਪਣੀ ਮਾਂ ਦਾ ਯੋਗਦਾਨ ਨਹੀਂ ਭੁਲਾਇਆ। ਉਹ ਕਹਿੰਦਾ ਸੀ, “ਮੇਰੀ ਮਾਂ ਨੇ ਮੈਨੂੰ ਬਣਾਇਆ ਹੈ। ਉਸ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ, ਇਸ ਲਈ ਮੈਂ ਆਪਣੇ ਆਪ ਉੱਤੇ ਵਿਸ਼ਵਾਸ ਕਰ ਸਕਿਆ।”

Advertisement

ਕਿਹਾ ਜਾਂਦਾ ਹੈ ਕਿ ਜਦੋਂ ਐਡੀਸਨ ਬਹੁਤ ਵੱਡਾ ਵਿਗਿਆਨੀ ਬਣ ਗਿਆ ਅਤੇ ਉਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਤਾਂ ਇੱਕ ਦਿਨ ਉਸ ਨੂੰ ਪੁਰਾਣੀਆਂ ਚੀਜ਼ਾਂ ਵਿੱਚੋਂ ਉਹੀ ਸਕੂਲ ਵਾਲੀ ਚਿੱਠੀ ਮਿਲੀ। ਉਸ ਨੇ ਚਿੱਠੀ ਪੜ੍ਹੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਉਸ ਵਿੱਚ ਲਿਖਿਆ ਸੀ, ‘ਤੁਹਾਡਾ ਬੱਚਾ ਮਾਨਸਿਕ ਤੌਰ ’ਤੇ ਕਮਜ਼ੋਰ ਹੈ।’ ਇਹ ਪੜ੍ਹ ਕੇ ਐਡੀਸਨ ਕਈ ਘੰਟੇ ਰੋਂਦਾ ਰਿਹਾ। ਫਿਰ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ, “ਥੌਮਸ ਅਲਵਾ ਐਡੀਸਨ ਮਾਨਸਿਕ ਤੌਰ ’ਤੇ ਕਮਜ਼ੋਰ ਬੱਚਾ ਸੀ, ਜਿਸ ਨੂੰ ਇੱਕ ਮਹਾਨ ਮਾਂ ਨੇ ਸਦੀ ਦਾ ਮਹਾਨ ਵਿਗਿਆਨੀ ਬਣਾ ਦਿੱਤਾ।”

ਇਹ ਕਹਾਣੀ ਸਿਰਫ਼ ਇੱਕ ਵਿਗਿਆਨੀ ਦੀ ਕਾਮਯਾਬੀ ਦੀ ਨਹੀਂ ਸਗੋਂ ਇੱਕ ਮਾਂ ਦੇ ਅਟੱਲ ਵਿਸ਼ਵਾਸ ਦੀ ਤਾਕਤ ਦੀ ਕਹਾਣੀ ਹੈ। ਜੇ ਨੈਨਸੀ ਐਡੀਸਨ ਆਪਣੇ ਪੁੱਤਰ ਉੱਤੇ ਵਿਸ਼ਵਾਸ ਨਾ ਕਰਦੀ ਤਾਂ ਸ਼ਾਇਦ ਦੁਨੀਆ ਇੱਕ ਮਹਾਨ ਵਿਗਿਆਨੀ ਤੋਂ ਵਾਂਝੀ ਰਹਿ ਜਾਂਦੀ। ਇੱਕ ਮਾਂ ਦੇ ਹੌਸਲੇ ਨੇ ਇੱਕ ਬੱਚੇ ਦੀ ਜ਼ਿੰਦਗੀ ਹੀ ਨਹੀਂ, ਸਗੋਂ ਪੂਰੀ ਦੁਨੀਆ ਦਾ ਭਵਿੱਖ ਬਦਲ ਦਿੱਤਾ। ਅੱਜ ਦੇ ਸਮੇਂ ਵਿੱਚ ਇਹ ਕਹਾਣੀ ਹਰ ਮਾਪੇ ਅਤੇ ਅਧਿਆਪਕ ਲਈ ਵੱਡਾ ਸੁਨੇਹਾ ਹੈ। ਹਰ ਬੱਚੇ ਅੰਦਰ ਕੋਈ ਨਾ ਕੋਈ ਖ਼ਾਸ ਯੋਗਤਾ ਹੁੰਦੀ ਹੈ। ਲੋੜ ਸਿਰਫ਼ ਉਸ ਨੂੰ ਸਮਝਣ, ਪ੍ਰੇਰਿਤ ਕਰਨ ਅਤੇ ਉਸ ਉੱਤੇ ਵਿਸ਼ਵਾਸ ਕਰਨ ਦੀ ਹੁੰਦੀ ਹੈ। ਜੇ ਮਾਪੇ ਆਪਣੇ ਬੱਚਿਆਂ ਨੂੰ ਹੌਸਲਾ ਦੇਣ ਤਾਂ ਉਹ ਅਸੰਭਵ ਨੂੰ ਵੀ ਸੰਭਵ ਬਣਾ ਸਕਦੇ ਹਨ।

ਅੰਤ ਵਿੱਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੁਨੀਆ ਦੇ ਹਰ ਮਹਾਨ ਇਨਸਾਨ ਪਿੱਛੇ ਮਾਂ ਦੀਆਂ ਦੁਆਵਾਂ ਅਤੇ ਤਿਆਗ ਲੁਕੇ ਹੁੰਦੇ ਹਨ। ਥੌਮਸ ਐਡੀਸਨ ਅਤੇ ਉਸ ਦੀ ਮਾਤਾ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਪਿਆਂ ਦਾ ਵਿਸ਼ਵਾਸ ਬੱਚਿਆਂ ਲਈ ਸਭ ਤੋਂ ਵੱਡੀ ਤਾਕਤ ਹੁੰਦਾ ਹੈ। ਅੱਜਕੱਲ੍ਹ ਦੇ ਮਾਪਿਆਂ ਨੂੰ ਆਪਣੇ ਬੱਚਿਆਂ ’ਤੇ ਵਿਸ਼ਵਾਸ ਕਰਨ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਇਸ ਦੇਸ਼ ਦੀ ਸੇਵਾ ਲਈ ਅੱਗੇ ਲਿਆਉਣ ਦੀ ਲੋੜ ਹੈ।

ਸੰਪਰਕ: 94175-50795

Advertisement
×