ਅਜੋਕੇ ਜੁਗ ਵਿਚ ਗਿਆਨ-ਵਿਗਿਆਨ ਦੇ ਪਸਾਰੇ ਨਾਲ਼ ਸਾਹਿਤ ਦਾ ਪਨ੍ਹਾਂ ਵੀ ਬਹੁਤ ਵੱਡਾ ਹੋ ਗਿਆ ਹੈ। ਨਵੇਂ ਤੋਂ ਨਵੇਂ ਵਿਸ਼ੇ ਆਜ਼ਮਾਏ ਜਾ ਰਹੇ ਹਨ, ਜਿਹੜੇ ਹਾਲੇ ਕੁਝ ਚਿਰ ਪਹਿਲਾਂ ਹੀ ਸੋਚੇ ਵੀ ਨਹੀਂ ਸੀ ਜਾ ਸਕਦੇ; ਜਾਂ ਵਰਜਿਤ ਸਨ ਜਾਂ ਕਵੀਆਂ ਨੇ ਆਪ ਅਪਣੇ ‘ਤੇ ਬੰਧੇਜ ਲਾਇਆ ਹੋਇਆ ਸੀ। ਧਰਮ ਤੇ ਵਿਚਾਰਧਾਰਾ ਦੀ ਲਾਈ ਵਰਜਣਾ ਵਾਧੂ ਦੀ ਸੀ, ਜੋ ਸਭ ਇਨਸਾਨੀ ਰਿਸ਼ਤਿਆਂ ਨੂੰ ਕੂੜ ਮੰਨਦੀ ਹੈ।
ਇਹੋ ਜਿਹਾ ਹੀ ਵਿਸ਼ਾ ਮਾਂ-ਧੀ ਦੇ ਰਿਸ਼ਤੇ ਦਾ ਹੈ। ਇਸ ਪਰਾਗੇ ਵਾਲ਼ੀਆਂ ਵੀ ਕੁਝ-ਕੁ ਕਵਿਤਾਵਾਂ ਸੌਖੀਆਂ ਨਹੀਂ ਲੱਭੀਆਂ। ਇਕ ਤਾਂ ਸਾਡੇ ਕਵਿਤਰੀਆਂ ਬਹੁਤੀਆਂ ਨਹੀਂ; ਦੂਜਾ ਕਵਿਤਾ ਦੇ ਮਿਆਰ ਦੀ ਮੁਸ਼ਕਿਲ ਵੀ ਹੈ।
ਪੰਜਾਬੀ ਲੋਕ ਸਾਹਿਤ ਵਿਚ ਮਾਂ-ਧੀ ਦੇ ਪਿਆਰ ਦੇ ਬਹੁਤ ਗੀਤ ਹਨ, ਜਿਹੜੇ ਔਰਤਾਂ ਦੇ ਹੀ ਬਣਾਏ ਮੰਨੇ ਜਾਂਦੇ ਹਨ। ਪਰ 19ਵੀਂ ਸਦੀ ਦੇ ਅਖ਼ੀਰ ਤੋਂ ਲੈ ਕੇ ਹੁਣ ਤਕ ਦੇ ਅਜੋਕੇ ਸਾਹਿਤ ਵਿਚ ਇਸ ਵਿਸ਼ੇ ਬਾਰੇ ਟਾਵੀਂ-ਟਾਵੀਂ ਰਚਨਾ ਮਿਲ਼ਦੀ ਹੈ। ਇਹਦਾ ਕੀ ਕਾਰਣ ਹੈ? ਇਹ ਸਾਡੀਆਂ ਕਵਿਤਰੀਆਂ ਆਪ ਹੀ ਦੱਸਣ ਤਾਂ ਚੰਗਾ ਹੈ।
– ਅਮਰਜੀਤ ਚੰਦਨ
ਗੀਤ
ਹਾੜਾ ਈ ਅੰਮੀਏਂ, ਹਾੜਾ ਈ ਓ!
ਖੁੱਸ ਖੁੱਸਨਾ ਜੀਅ ਮਾਹੜਾ ਹੀ ਓ!
ਚੜ੍ਹਦੇ ਫੱਗਣ ਦੀਆਂ ਧੁੱਪਾਂ ਨੁ ਪੀਲੀਆਂ।
ਮੈਂ ਤੱਤੜੀ ਹਾਏ, ਬਿਰਹੋਂ ਨੇ ਕੀਲੀਆਂ।
ਪਰਦੇਸੀ ਤਾਂ ਸਜਣ ਅਸਾੜਾ ਈ ਓ,
ਹਾੜਾ ਈ ਅੰਮੀਏਂ, ਹਾੜਾ ਈ ਓ!
ਲਹਿੰਦੇ ਨੇ ਦਿਨ, ਹਾਏ ਢਲਦੀਆਂ ਨੇ ਰੁੱਤਾਂ।
ਲੰਮੇ ਪਰਛਾਵਿਆਂ ਤੋਂ ਜਾ ਜਾ ਕੇ ਪੁੱਛਾਂ।
ਕੀ ਪ੍ਰੀਤ ਸਦੀਵੀ ਨਿਰਾ ਲਾਰਾ ਈ ਓ?
ਹਾੜਾ ਈ ਅੰਮੀਏਂ, ਹਾੜਾ ਈ ਓ!
ਹਾੜ ਤੇ ਸਾਵਣ ਸਿਆਲ ਕੀ ਨਾਪਾਂ।
ਲੰਮ ਲੰਮੇਰੀਆਂ ਨੇ ਸੁੰਞੀਆਂ ਰਾਤਾਂ।
ਜੋਬਨ ਜਵਾਨੀ, ਜੀਅ ਦਾ ਸਾੜਾ ਈ ਓ
ਹਾੜਾ ਈ ਅੰਮੀਏਂ, ਹਾੜਾ ਈ ਓ!
ਲੋਰੀ
ਲੋਰੀ ਲੋਰੀ … ...
ਰਾਣੀ ਦੁੱਧੋਂ ਗੋਰੀ
ਚੰਦਨ ਦੀ ਪੋਰੀ
ਬਣੀ ਚੰਦਾ ਤੋਂ ਚੋਰੀ
ਸ਼ੱਕਰ ਤੋਂ ਮਿੱਠੀ
ਕਿਸੇ ਨਾ ਡਿੱਠੀ
ਵਾਲ ਕਾਲੇ ਘੁੰਗਰਾਲੇ
ਨੀ ਮੱਖਣਾਂ ਸੰਗ ਪਾਲੇ
ਨੈਣ ਝੀਲਾਂ ਦੀ ਜੋੜੀ
ਨੀ ਲੋਰੀ ਲੋਰੀ … …
ਬੇਟੀ ਦੂਰੋਂ ਹੈ ਆਈ
ਭਰੀ ਤਾਂਘਾਂ ਦੀ ਝੋਲੀ
ਹੈ ਨਾਲ ਲਿਆਈ
ਮਮਤਾ ਦੀ ਗੋਦੀ
ਅੱਗੋਂ ਮਾਂ ਨੇ ਵਿਛਾਈ
ਖੰਡ ਮਿੱਠੀ ਹੈ ਭੋਰੀ
ਭਰੀ ਦੁੱਧ ਦੀ ਕਟੋਰੀ
ਸੌਂ ਜਾ ਸੌਂ ਜਾ, ਰਾਣੀ
ਆਈ ਰਾਤ ਸੁਹਾਣੀ
ਸੁਣ ਮਿੱਠੀ ਕਹਾਣੀ
ਇਕ ਰਾਜਾ ਤੇ ਰਾਣੀ
ਤੈਨੂੰ ਦੇਂਦੇ ਨੇ ਲੋਰੀ
ਲੋਰੀ ਲੋਰੀ … …
ਲੋਰੀ
ਅੰਬਰਾਂ ਤੋਂ ਚੋਰੀ
ਸੁੱਟੀ ਨੀਂਦ ਦੀ ਡੋਰੀ
ਨੈਣ ਮੁੰਦ ਗਏ ਜ਼ੋਰੀ
ਰਾਹ ਦੇ ਸੁਪਨੇ ਵਿਛਾਈ
ਸੋਹਣੇ ਸੁਪਨੇ ਲੈ ਆਈ
ਰਾਤ ਨਵੀਂ ਨਿਕੋਰੀ
ਲੋਰੀ… ਲੋਰੀ…
ਜਨਮ
ਹੁੰਮਸ ਦੀ ਇਕ ਰਾਤ
ਮੇਰੀ ਮਾਂ ਨੇ ਕੰਬਦੇ ਪੱਤੇ ‘ਤੇ
ਮੈਨੂੰ ਜਨਮ ਦਿੱਤਾ
ਸੁੱਚੀ ਸਵੱਛ ਬੂੰਦ ਸ਼ਬਨਮ ਦੀ
ਸੂਰਜ ਨੂੰ ਹੱਥ ਜੋੜ
ਨਮਸਕਾਰ ਕਰ
ਮੈਂ ਪੱਤੇ ‘ਤੇ ਲਿਸ਼ਕਣ ਲੱਗੀ
ਮਾਂ ਨੇ ਮੂੰਹ ਤੋਂ ਦੁੱਧ ਦਾ ਟੇਪਾ ਪੂੰਝ
ਚੁੰਮਿਆ ਤੇ ਆਖਿਓ ਨੇ –
ਫੈਲ ਨਾ, ਸਿਮਟ ਜਾ
ਅਪਣੇ ਆਪ ਨੂੰ ਕਜ ਵਲ੍ਹੇਟ
ਤੇ ਕਰ ਤਿਆਰੀ ਅਗਲੇ ਘਰ ਦੀ
ਨਵੀਂ ਨਕੋਰ ਸਵੇਰ
ਮੈਂ ਤੇਰੀ ਗੋਦ ਦਾ
ਹੋਰ ਨਿੱਘ ਲੈਣਾ ਲੋਚਦੀ ਹਾਂ ਮਾਂ
ਤੂੰ ਐਂਜ ਨਿਆਰੀ ਨਾ ਹੋ ਮੈਥੋਂ
ਅਪਣੇ ਖੁੱਲ੍ਹੇ ਮੋਕਲ਼੍ਹੇ ਦਾਮਨ ਵਿਚ
ਛੁਪਾ ਲੈ ਮੇਰੀ ਮਾਂ
ਮਾਂ ਨੇ ਬੇਬਸ ਮੈਨੂੰ ਨਿਹਾਰਿਆ
ਮੇਰੀ ਲਿਸ਼ਕੋਰ ਨੇ
ਕੀਤਾ ਉਹਨੂੰ ਰਤਾ ਕੁ ਗੁਲਾਬੀ
ਪਰ ਫਿਰ ਹੋ ਗਈ ਉਦਾਸ
ਮੇਰੀਏ ਬੱਚੀਏ
ਹੁਣੇ ਸੂਰਜ ਦਾ ਡੋਲਾ ਆਵੇਗਾ
ਤੇ ਤੈਨੂੰ ਅਪਣੇ ਦੇਸ ਵਰ ਲੈ ਜਾਵੇਗਾ
ਆਮਦ
ਧੀ ਘਰ ਆਈ ਹੈ
ਰਸੋਈ ਵਿੱਚੋਂ ਮਹਿਕ
ਆਉਣ ਲਗ ਗਈ ਹੈ
ਮਾਂ ਨੂੰ ਘਰ
ਭਰਿਆ ਭਰਿਆ ਲਗਦੈ
ਧੀ ਦਾ ਕਮਰਾ ਸਜਾ ਰੱਖਿਐ
ਤੋਹਫ਼ਿਆਂ ਨਾਲ਼
ਨਿੱਕੀਆਂ ਨਿੱਕੀਆਂ ਗੱਲਾਂ ਕਰਦੀ
ਧੀ ਦਾ ਹਾਲ ਪੁੱਛਦੀ
ਉਹਦੀ ਪਿੱਠ ‘ਤੇ ਹੱਥ ਫੇਰਦੀ
ਕਦੇ ਸਿਰ ਚੁੰਮਦੀ
ਕਦੇ ਨਾਲ਼ ਘੁੱਟਦੀ
ਮਾਂ ਅੱਜ
ਗੋਡਿਆਂ ‘ਤੇ ਹੱਥ ਧਰ ਕੇ ਨਹੀਂ ਉੱਠੀ
ਰੌਣਕ
ਘਰ ਵਿਚ ਚਾਈਂ ਚਾਈਂ
ਘੁੰਮ ਰਹੀ ਹੈ ਧੀ
ਕਦੇ ਬਾਹਰ ਦੇਖਦੀ
ਕਦੇ ਰਸੋਈ ਚ ਗੇੜਾ ਮਾਰਦੀ
ਖੂੰਜੇ ਚ ਲਟਕਦੇ ਜਾਲ਼ੇ ਨੂੰ ਵਿਖਾ
ਉਂਗਲ਼ ਨਾਲ਼ ਲਾਹੁੰਦੀ
ਸੋਫ਼ੇ ‘ਤੇ ਕੋਲ਼ੇ ਬਹਿ
ਗੱਲਾਂ ਕਰਦੀ ਰਹਿੰਦੀ
ਉਦਾਸ ਹੋ ਜਾਂਦੀ
ਮੇਰੇ ਵਲ ਝਾਕਦੀ
ਮੋਢੇ ‘ਤੇ ਸਿਰ ਧਰਦੀ ਹੈ
ਅਸੀਂ ਮਾਵਾਂ ਧੀਆਂ
ਗੱਲਾਂ ਕਰ ਰਹੀਆਂ ਹਾਂ
ਘਰ ਭਰਿਆ ਭਰਿਆ ਲਗਦੈ
ਕੰਡਾ
ਅਪਣੀ ਧੀ ਦੇ ਪੈਰਾਂ ਚੋਂ ਕੰਡਾ ਕੱਢਣ ਲੱਗੀ
ਸੂਈ ਵਰ੍ਹਿਆਂ ਦੇ ਵਰ੍ਹੇ ਪਿੱਛੇ ਮੁੜ ਗਈ –
ਕਿੱਕਰ ਦੀ ਸੂਲ਼
ਮੇਰੇ ਪੈਰਾਂ ਚ ਪੁੜ ਗਈ ਸੀ
ਮਾਂ ਸੂਈ ਨਾਲ਼ ਕੰਡਾ ਕੱਢਣ ਲੱਗੀ
ਸੂਈ ਕੰਡੇ ਤੋਂ ਵੀ ਤਿੱਖੀ ਸੀ
ਮੇਰਾ ਧਿਆਨ ਟਾਲਣ ਲਈ
ਮਾਂ ਅਪਣੇ ਬਚਪਨ ਦੀ ਬਾਤ ਸੁਣਾਉਣ ਲਗ ਪਈ
ਮੈਂ ਉਹਦੇ ਨਿੱਕੇ ਭੋਲ਼ੇ ਮੂੰਹ ਵਲ ਵੇਖਦੀ ਰਹੀ
ਕੰਡਾ ਮੇਰੀ ਹਥੇਲ਼ੀ ‘ਤੇ ਰਖ ਉਹ
ਮੁਸਕਰਾਉਂਦੀ ਅਪਣੇ ਕੰਮ ਜਾ ਲੱਗੀ
ਦਸਤਾਨੇ
ਉਹ ਦਸਤਾਨੇ ਬੁਣ ਰਹੀ ਹੈ
ਧੀ ਦੇ ਠਰੇ ਹੱਥ ਚੇਤੇ ਕਰਦੀ
ਛੇਤੀ ਛੇਤੀ ਕੁੰਡੇ ਪਾਉਂਦੀ
ਸਿਆਲ਼ ਆਉਣ ਵਾਲ਼ਾ ਹੈ
ਉਹਨੂੰ ਯਾਦ ਆਉਂਦੈ –
ਸਕੂਲੇ ਜਾਂਦਿਆਂ
ਉਹਦੇ ਅਪਣੇ ਹੱਥ ਕਿੰਨੇ ਠਰਦੇ ਸਨ
ਤੱਤੇ ਸਾਹਾਂ ਦੀਆਂ ਫੂਕਾਂ
ਹੱਥਾਂ ਨੂੰ ਭੋਰਾ ਵੀ ਨਿਘ ਨਹੀਂ ਸਨ ਦਿੰਦੀਆਂ
ਧੀ ਦੇ ਹੱਥ ਨਿੱਘੇ ਰਖਣ ਲਈ
ਮਾਂ ਫਟਾ-ਫਟ ਸਲ਼ਾਈਆਂ
ਚਲਾ ਰਹੀ ਦਸਤਾਨੇ ਬੁਣ ਰਹੀ ਹੈ
ਸਾਕ
ਮਾਂ ਤੇ ਧੀ ਦਾ ਸਾਕ ਓਹੋ
ਆਂਦਰ ਦਾ ਸੇਕ ਅੰਦਰ ਦੀ ਪੀੜ ਓਹੋ
ਸਿਰਫ਼ ਪਹਿਰ ਘੜੀਆਂ ਬਦਲੇ
ਦੇਸ ਪਰਦੇਸ ਹੋਇਆ
ਕਿਉਂ ਜਾਪਦਾ ਹੈ
ਕਿ ਧੀ ਸੱਚ ਨਹੀਂ ਦੱਸਦੀ
ਪਰਦੇਸੋਂ ਆਈ ਧੀ ਗੱਲੀਂ ਲੱਗੀ ਹੈ –
ਮਾਂ ਉਹ ਮੇਰਾ ਬੜਾ ਖ਼ਿਆਲ ਰਖਦੈ
ਬਰਤਨ ਧੋਂਦਾ, ਘਾਹ ਕੱਟਦਾ ਤੇ ਬਰਫ਼ ਹਟਾਉਂਦਾ ਹੈ
ਨਿਤ ਮੇਰੀ ਗੱਡੀ ਬਾਹਰ ਕੱਢਦਾ
ਸਰਵਿਸ ਕਰਵਾਉਂਦਾ ਹੈ
ਜਿਹੜੀ ਮੇਰੇ ਪੈਰ ‘ਤੇ ਸੱਟ ਲੱਗੀ ਸੀ ਨਾ
ਉਹਦੀ ਹਰ ਰੋਜ਼ ਮਸਾਜ ਕਰਕੇ ਪੱਟੀ ਵੀ ਬੰਨ੍ਹਦਾ ਹੈ
ਨਹੀਂ, ਕੁਝ ਨਹੀਂ ਆਖਦਾ, ਡਰਦਾ ਹੈ ਬਹੁਤ
ਕਿ ਮੈਂ ਉਹਨੂੰ ਛੱਡ ਨਾ ਜਾਵਾਂ
ਗੱਲਾਂ ਕਰਦੀ-ਕਰਦੀ
ਉਹ ਚੁੱਪ ਹੋ ਜਾਂਦੀ ਹੈ
ਮੈਂ ਉਹਦੇ ਵਲ ਝਾਕਦੀ ਹਾਂ
ਅੱਖ ਨਾਲ਼ ਅੱਖ ਨਹੀਂ ਮਿਲ਼ਾਉਂਦੀ ਮੇਰੀ ਧੀ
ਬਸ ਉਹ ਨਾ ਬੋਲਣ ਲੱਗਾ ਨਹੀਂ ਸੋਚਦਾ
ਐਵੇਂ ਕੋਈ ਦਿਲ ਦੁਖਾਵੀਂ ਗੱਲ ਕਰਕੇ ਤਮਾਸ਼ਾ ਦੇਖਦਾ ਹੈ
ਅੱਗੋਂ ਧੀ ਬੋਲ ਨਾ ਸਕੀ
ਉਹਦਾ ਮਨ ਭਰ ਆਇਆ ਸੀ
ਮਾਂ ਤੇ ਮੈਂ
ਸ਼ਾਇਦ ਬਚਪਨ ਵਿਚ ਉਹਨੇ ਮੈਨੂੰ ਕਿਸੇ
ਸੋਹਣੇ ਸ਼ਾਹਜ਼ਾਦੇ ਦੀ ਕਹਾਣੀ ਸੁਣਾਈ ਹੋਵੇ
ਮੈਨੂੰ ਯਾਦ ਨਹੀਂ
ਹੁਣ ਤੇ ਜਦ ਮੈਂ ਸਾਰੇ ਦਿਨ ਦੀ ਮਿੱਟੀ
ਪੈਰਾਂ ਤੋਂ ਧੋ ਰਾਤੀਂ ਉਹਦੇ ਕੋਲ਼ ਲੇਟਦੀ ਹਾਂ
ਤਾ ਉਹ ਕਹਿੰਦੀ ਹੈ –
ਹਾਂ, ਸਾਰਾ ਧੂੰਆਂ ਮੇਰੇ ਹੀ ਮੂੰਹ ‘ਤੇ ਛੱਡ
ਤੇ ਸ਼ੁਕਰ ਮਨਾ ਕਿ ਤੇਰਾ ਪਿਓ ਨਹੀਂ ਰਿਹਾ
ਉਹਦੇ ਸਾਹਮਣੇ ਇੰਜ ਸਿਗਰਟਾਂ ਨਹੀਂ ਸੀ ਪੀ ਸਕਣਾ ਤੂੰ!
ਤੇਰਾ ਪਿਓ ਵੀ ਅਜੀਬ ਸੀ
ਸਾਰੀਆਂ ਸਖ਼ਤੀਆਂ ਸਿਰਫ਼ ਜ਼ਨਾਨੀਆਂ ਵਾਸਤੇ
ਤੇ ਆਪ …
ਤੇਰਾ ਪਿਓ ਵੀ
ਤੇ ਮੇਰਾ ਵੀ।
ਖ਼ੈਰ, ਪਿਓ ਖ਼ਾਵੰਦ ਪੁੱਤਰ
ਸਭੇ ਇੱਕੋ ਰੱਸੇ ਬੰਨ੍ਹਣ ਜੋਗੇ ਨੇ
ਇਹ ਮਰਦ ਜ਼ਾਤ ਈ ਐਸੀ ਹੈ
ਇਨ੍ਹਾਂ ਦਾ ਵਸਾਹ ਕਰਨਾ ਈ ਗ਼ਲਤੀ ਹੈ
ਮੈਂ ਕਹਿੰਦੀ ਆਂ –
ਕੋਈ ਤੇ ਹੋਵੇਗਾ
ਕਿਧਰੇ ਕੋਈ ਇਕ ਵਸਾਹ ਕਰਨ ਦੇ ਕਾਬਿਲ
ਉਹ ਖਿੱਝ ਜਾਂਦੀ ਹੈ –
ਸਿਗਰਟ ਪਰ੍ਹਾਂ ਰੱਖ ਤੇ ਬਹੁਤਾ ਨਾ ਬੋਲ
ਬੜੀ ਆਈ ਵਸਾਹ ਕਰਨ ਵਾਲ਼ੀ!
ਵਸਾਹ ਕਰਕੇ ਵੇਖ ਨਹੀਂ ਲਿਆ ਤੂੰ?
ਫਿਰ ਰੋ ਪਿਟ ਕੇ ਮਰਨ ਨੂੰ ਭੱਜੇਂਗੀ
ਹੈਰਾਨ ਆਂ ਮੈਂ ਤੇਰੇ ਵਰਗੀਆਂ ‘ਤੇ
ਏਸ ਜ਼ਾਤ ਪਿੱਛੇ ਮਰਨਾ!
ਏਸ ਤੋਂ ਵੱਡੀ ਬੇਵਕੂਫ਼ੀ ਕੀ ਹੋਵੇਗੀ!!
ਰਹਿ ਨਹੀਂ ਸਕਦੀਆਂ ਇਨ੍ਹਾਂ ਬਗ਼ੈਰ
ਕੋਈ ਸਾਡਾ ਵੇਲਾ ਥੋਹੜਾ ਹੈ
ਤੁਸੀਂ ਅਪਣਾ ਕਮਾਂਦੀਆਂ ਹੋ
ਖਾਂਦੀਆਂ ਹੋ
ਜੁੱਤੀ ਦੀ ਨੋਕ ‘ਤੇ ਧਰੋ ਇਨ੍ਹਾਂ ਨੂੰ
ਤੇ ਐਸ਼ ਕਰੋ!
ਵੇਖ ਮੇਰੇ ਅੱਗੇ ਨਾ ਬੋਲੀਂ
ਮੈਂ ਉਮਰ ਦੇ ਪੈਂਹਠ ਵਰ੍ਹੇ ਹੰਢਾਏ ਹਨ
ਬੜਾ ਸੌਖਾ ਫ਼ਲਸਫ਼ਾ ਹੈ ਮਾਂ ਦਾ
ਉਹ ਇਹ ਵੀ ਕਹਿੰਦੀ ਹੈ –
ਜਿਥੇ ਪਿਆਰ ਕਰੋ
ਵਿਆਹ ਨਾ ਕਰੋ
ਪਿਆਰ ਤੋਂ ਮੇਰਾ ਮਤਲਬ ਹੈ
ਸੁੱਚਾ ਪਿਆਰ
ਸਾਡੇ ਵੇਲੇ ਵਰਗਾ
ਅੱਜ ਕੱਲ੍ਹ ਜਿਹਾ ਨਹੀਂ!
ਵਿਆਹ ਤੋਂ ਪਹਿਲਾਂ ਉਹ ਦੇਵਤਾ ਲਗਦਾ ਹੈ
ਤੇ ਬਾਅਦ ਵਿਚ ਇਟ ਚੂਨੇ ਦੇ ਘਰ ਅੰਦਰ
ਬਾਕੀਆਂ ਜਿਹਾ ਹੀ ਫਟੀਚਰ!
ਕਾਹਨੂੰ ਦੇਵਤੇ ਦਾ ਬੁੱਤ ਤੋੜਨਾ
ਮਾਂ ਮਰਦਾਂ ਨੂੰ ਕੁਝ ਨਹੀਂ ਸਮਝਦੀ
ਕੋਸਦੀ ਹੈ
ਪਰ ਜੇ ਇਕ ਪੁੱਤਰ ਦਾ ਖ਼ਤ
ਆਇਆਂ ਚਿਰ ਹੋ ਜਾਏ
ਤਾਂ ਰਾਤੀਂ ਰਜ਼ਾਈ ਚ ਲੁਕ ਰੋਂਦੀ ਹੈ
ਤੇ ਸਵੇਰੇ ਉਠ ਮੂੰਹ ਧੋ ਏਲਾਨ ਕਰਦੀ ਹੈ –
ਪੁੱਤਰਾਂ ਦਾ ਕੋਈ ਕਸੂਰ ਨਹੀਂ
ਇਹ ਚੰਦਰੀ ਜ਼ਾਤ ਈ ਐਸੀ ਹੈ!
ਹਯਾਤੀ ਦੀ ਅਖ਼ੀਰਲੀ ਰਾਤ
ਮਾਂ ਦੇ ਨਾਂ
ਕਿਉਂ ਮੁੱਕਦੀ ਨਹੀਂ ਐਹ ਰਾਤ
ਜਿਹੜੀ ਅੰਦਰ ਲਹਿ ਗਈ ਪਿਛਲੇ ਪੈਰੀਂ
ਉਹ ਅੱਖ ਕਿਉਂ ਭੁੱਲਦੀ ਨਹੀਂ
ਜਿਹੜੀ ਬੰਦ ਅੱਖੀਂ ਤੱਕਦੀ ਰਹੀ
ਕਿਉਂ ਭੁੱਲਦੇ ਨਹੀਂ ਉਹ ਸਾਹ
ਜਿਹੜੇ ਹਯਾਤੀ ਦਾ ਥਕੇਵਾਂ ਝੱਲਦੇ
ਰੁਕ ਰੁਕ ਟੁਰਦੇ ਰਹੇ
ਕਿਉਂ ਕੋੜ੍ਹ ਹੋਏ ਉਹ ਸੁਪਨੇ
ਜਿਹੜੇ ਸੱਚ ਵਾਂਗ ਨਜ਼ਰੀਂ ਪਏ
ਉਹ ਪੀੜਾਂ ਕਿਉਂ ਸਾਂਭ ਰੱਖੀਆਂ
ਜਿਹੜੀਆਂ ਨਾਲ਼ ਲਹੂ ਦੇ ਰਲ਼ੀਆਂ
ਰਾਤ ਦੀ ਕਾਲਕ ਨਾਲ਼ ਪੀੜਾਂ ਦੇ ਮੁਕਤ ਹੋਈ
ਸਾਹ ਥੰਮੇ, ਵੇਲੇ ਦੀ ਵੰਡ ਹੋਈ
ਸਰਘੀ ਚਾਨਣ ਮੁੱਖ ਸਜਿਆ
ਚਿੱਕੜ ਲੀੜੇ ਧੁਲ਼ ਚਿੱਟੇ ਹੋਏ
ਚਟਾਈ ਰਲ਼ ਦਿਨ ਦਾ ਚਾਨਣ ਸੁਲੱਖਣੀ ਥਈ
ਮਾਵਾਂ ਧੀਆਂ
ਧੀ ਸੁੱਤੀ ਪਈ
ਮੇਰੀ ਅੱਖ ‘ਤੇ ਉਂਗਲ਼ ਫੇਰਦੀ
ਖਵਰੇ ਇਹ ਸੋਚਦੀ
ਮਾਂ ਦੀ ਅੱਖ ਗਿੱਲੀ ਤੇ ਨਹੀਂ
ਸੁੱਤਿਆਂ ਹੱਥ ਲਾ ਵੇਖਦੀ
ਮਾਂ ਸੁੱਤੀ ਕਿ ਜਾਗਦੀ
ਮੇਰੇ ਕੋਲ਼ ਹੈ ਕਿ ਨਹੀਂ
ਅੱਜ ਮਾਂ ਧੀ ਰਲ਼ ਸੁੱਤੀਆਂ
ਰਲ਼ ਜਾਗਦੀਆਂ
ਰਲ਼ ਹੱਸਦੀਆਂ
ਕੱਲ੍ਹ ਯਾਦਾਂ ਵਿਚ ਹੈ ਵਸਦੀਆਂ
ਅਣਖਿੜੀ ਕਲੀ ਦੇ ਨਾਂ
(ਤਿੰਨ ਵਰ੍ਹੇ, ਨੌਂ ਮਹੀਨੇ ਤੇ ਤੇਰ੍ਹਾਂ ਦਿਨ ਦਾ ਸਾਕ)
ਤੂੰ ਮੇਰੇ ਸਾਹਵਾਂ ਨਾਲ਼ ਟੁਰਦੀ ਰਹੀ
ਤਿੰਨ ਵਰ੍ਹੇ ਤੇ ਤੇਰ੍ਹਾਂ ਦਿਨ ਲੋਕਾਂ ਨੂੰ ਨਜ਼ਰੀਂ ਪਈ
ਨੌਂ ਮਹੀਨੇ ਮੇਰੀ ਕੁੱਖੀਂ ਸਾਹ ਲੈਂਦੀ
ਮੇਰੀ ਵਾਜ ਸੁਣੀਂਦੀ
ਅਪਣੇ ਸੁਪਨੇ ਮੇਰੀ ਅੱਖੀਂ ਵੇਖਦੀ
ਮੇਰੇ ਹਾਸਿਆਂ ਵਿਚ ਹੱਸਦੀ
ਮੇਰੇ ਹੰਝੂਆਂ ਵਿਚ ਰੋਂਦੀ
ਮੇਰੀ ਹਿੱਕ ਨਾਲ਼ ਹਿੱਕ ਜੋੜ ਉਲਾਰ ਕਰਦੀ
ਨਾਲ ਮੇਰੇ ਸੁਪਨਿਆਂ ਖੇਡਾਂ ਖੇਡਦੀ
ਅਲ੍ਹੜ-ਬਲ੍ਹੜ ਗਾ ਮਿੱਠੀ ਨੀਂਦ ਸੁਆਂਦੀ
ਤਾਰ ਤਾਰ ਜੋੜਵੇਂ ਤੰਦ ਬਣਾਂਦੀ
ਅਚਨਚੇਤ, ਸਾਹ ਗਲਮੀਂ ਫਸਿਆ
ਪੀੜਾਂ ਲੈ, ਤਨ ਹਫਿਆ
ਚੀਕਾਂ ਤੇਰੀਆਂ ਵਾਜੇ ਰਲ਼ੀਆਂ
ਵੇਖ ਮੁੱਖ ਮੁਸਕਾਨਾਂ ਬੱਝੀਆਂ
ਮੇਰੀ ਹੋਂਦ ਇਕ ਨਵੀਂ ਵਜੂਦੇ ਪਈ
ਸੁਪਨਿਆਂ ਬੂਹੇ ਆਣ ਖਲੋ ਕਿਕਲੀ ਪਾਈ
ਫੁੱਲਾਂ ਦੀ ਵਾਸ਼ਨਾ ਹਰ ਪਾਸੇ ਖਿਲਰੀ
ਸਭੇ ਸੁਪਨੇ ਸੱਚ ਥਏ
ਮੁੜ ਇਕ ਦਿਨ ਹਨੇਰੀ ਝੁੱਲੀ, ਬੱਦਲ ਗੱਜਿਆ
ਨਾਲ ਹਨੇਰੀ ਜੁੱਸਾ ਤੈਂਡਾ ਮਿੱਟੀ ਰਲ਼ਿਆ
ਰੇਤੀ ਪੈਰਾਂ ਹੇਠ ਵਗ ਗਈ
ਵਾਅ ਬੰਦ ਮੁੱਠ ਚੋਂ ਕਿਰ ਗਈ
ਇੰਜ ਜਾਪਿਆ ਵਜੂਦੇ ਟੁੱਟੀ ਤਾਰ
ਮੁੜ ਹੋਂਦ ਰਲ਼ੀ
ਸਬਕ
ਮੇਰੀ ਨੰਨ੍ਹੀ ਬੱਚੀ!
ਤੇਰੀ ਮਲੂਕ ਗੱਲ੍ਹ ‘ਤੇ ਉਭਰੀ ਹੋਈ
ਅਪਣੇ ਕਠੋਰ ਹੱਥ ਦੀ ਲਾਸ ਦੇਖ ਕੇ
ਮੈਂ ਬਹੁਤ ਸ਼ਰਮਸ਼ਾਰ ਹਾਂ
ਮੈਨੂੰ ਮਾਫ਼ ਕਰ
ਮੈਂ ਤੇਰੀ ਗੁਨਾਹਗਾਰ ਹਾਂ
ਪਤਾ ਨਹੀਂ ਕਿਉਂ
ਮੈਂ ਤੇਰੀ ਉਮਰ ਤੇ ਸਮਰਥਾ ਦੇ ਉਲ਼ਟ ਚਾਹੁੰਦੀ ਹਾਂ
ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ ਤੇ ਕਵਿਤਾ
ਤੇ ਜਾਣ ਜਾਵੇਂ:
ਮਰਦ ਮਾਇਨੇ ਹਕੂਮਤ
ਔਰਤ ਮਾਇਨੇ ਬੇਬਸੀ
ਝਾਂਜਰ ਮਾਇਨੇ ਬੇੜੀ
ਚੂੜੀ ਮਾਇਨੇ ਹੱਥਕੜੀ
ਤੈਨੂੰ ਇਹ ਵੀ ਪਤਾ ਲੱਗੇ
ਕਿ ਇਹਨਾਂ ਸ਼ਬਦਾਂ ਦੇ ਉਲ਼ਟੇ ਅਰਥ
ਕਿਸ ਨੇ ਅਤੇ ਕਿਉਂ ਬਣਾਏ ਨੇ
ਚਾਹੀਦਾ ਤਾਂ ਸੀ:
ਮਰਦ ਮਾਇਨੇ ਮੁਹੱਬਤ
ਔਰਤ ਮਾਇਨੇ ਵਫ਼ਾ
ਝਾਂਜਰ ਮਾਇਨੇ ਨ੍ਰਿਤ
ਚੂੜੀ ਮਾਇਨੇ ਅਦਾ
ਇਸੇ ਲਈ ਮੈਂ ਚਾਹੁੰਦੀ ਹਾਂ
ਤੂੰ ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ
ਤੇ ਕਵਿਤਾ
ਤੇ ਮੁਕਤ ਕਰ ਸਕੇਂ
ਸ਼ਬਦਾਂ ਨੂੰ
ਗ਼ਲਤ ਅਰਥਾਂ ਦੀ ਕੈਦ ਚੋਂ
ਲੜ ਸਕੇਂ
ਸ਼ਬਦਾਂ ਦੇ
ਸਹੀ ਅਰਥਾਂ ਲਈ।
ਮਾਵਾਂ ਤੇ ਧੀਆਂ
ਹਰ ਯੁਗ ਵਿਚ
ਮਾਵਾਂ ਅਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ
ਜੋ ਜ਼ਿੰਦਗੀ ਵਿਚ ਉਨ੍ਹਾਂ ਦੇ ਕੰਮ ਆਵੇ
ਉਨ੍ਹਾਂ ਦਾ ਰਾਹ ਰੁਸ਼ਨਾਵੇ
ਮੇਰੀ ਮਾਂ ਨੇ ਮੈਨੂੰ ਆਖਿਆ ਸੀ:
ਸਿਆਣੀਆਂ ਕੁੜੀਆਂ
ਲੁਕ-ਲੁਕ ਕੇ ਰਹਿੰਦੀਆਂ
ਧੁਖ-ਧੁਖ ਕੇ ਜਿਉਂਦੀਆਂ
ਝੁਕ-ਝੁਕ ਕੇ ਤੁਰਦੀਆਂ
ਨਾ ਉੱਚਾ ਬੋਲਦੀਆਂ
ਨਾ ਉੱਚਾ ਹੱਸਦੀਆਂ
ਕੁੜੀਆਂ ਅਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ
ਬਸ ਧੂੰਏਂ ਦੇ ਪੱਜ ਰੋਂਦੀਆਂ
ਤੇ ਕੰਧਾਂ ਦੇ ਓਹਲੇ ਘੁੱਗ ਵਸਦੀਆਂ
ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ
ਸਿਰ ਢਕ ਕੇ ਰੱਖਦੀਆਂ
ਅੱਖ ਉੱਤੇ ਨਹੀਂ ਚੱਕਦੀਆਂ
ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ
ਜਿਹੜੇ ਕਿੱਲੇ ਨਾਲ਼ ਬੰਨ੍ਹ ਦੇਵੋ
ਬੱਝੀਆਂ ਰਹਿੰਦੀਆਂ
ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ
***
ਮੇਰੀ ਮਾਂ ਦਾ ਆਖਿਆ ਹੋਇਆ
ਕੋਈ ਵੀ ਬੋਲ
ਮੇਰੇ ਕਿਸੇ ਕੰਮ ਨਾ ਆਇਆ
ਉਸ ਦਾ ਹਰ ਵਾਕ
ਮੇਰੇ ਰਾਹ ਵਿਚ ਦੀਵਾਰ ਬਣ ਕੇ ਉਸਰ ਆਇਆ
ਤੇ ਮੈਂ ਆਪਣੀ ਧੀ ਨੂੰ ਸਮਝਾਇਆ:
ਕਦਮ ਕਦਮ ‘ਤੇ
ਦੀਵਾਰਾਂ ਨਾਲ਼ ਸਮਝੌਤਾ ਨਾ ਕਰੀਂ
ਅਪਣੀਆਂ ਉਡਾਰੀਆਂ ਨੂੰ
ਪਿੰਜਰਿਆਂ ਕੋਲ਼ ਗਹਿਣੇ ਨਾ ਧਰੀਂ
ਤੂੰ ਅਪਣੇ ਰੁਤਬੇ ਨੂੰ
ਏਨਾ ਬੁਲੰਦ
ਏਨਾ ਰੌਸ਼ਨ ਕਰੀਂ ਕਿ
ਹਰ ਹਨ੍ਹੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ
ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ
ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ
ਤੂੰ ਮਾਣ ਨਾਲ਼ ਜਿਊਂਈਂ
ਮਾਣ ਨਾਲ਼ ਮਰੀਂ
ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀਂ
ਮੇਰੀ ਧੀ ਵੀ
ਅਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ
ਸ਼ਾਇਦ ਇਸ ਤੋਂ ਵੀ ਵੱਧ ਸੋਹਣਾ
ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ
ਕਿਉਂਕਿ
ਹਰ ਯੁਗ ਵਿਚ
ਮਾਵਾਂ ਅਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ
ਜੋ ਜ਼ਿੰਦਗੀ ਵਿਚ
ਉਨ੍ਹਾਂ ਦੇ ਕੰਮ ਆਵੇ
ਉਨ੍ਹਾਂ ਦਾ ਰਾਹ ਰੁਸ਼ਨਾਵੇ
ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ
ਹਾਂ ਯੁਗ ਏਦਾਂ ਹੀ ਪਲਟਦੇ ਨੇ
ਦੁੱਖ ਤੋਂ ਡਰਦੀ ਮਾਂ
ਦੁੱਖ ਤੋਂ ਬਹੁਤ ਡਰਦੀ ਮੇਰੀ ਮਾਂ,
ਕੰਬਦੇ ਬੁੱਲ੍ਹਾਂ ਨਾਲ਼ ਦੋ ਅਰਦਾਸਾਂ ਕਰਦੀ ਹੈ।
ਦਾਤਾ! ਸਾਡੀ ਸੁਪਨਿਆਂ ਵਿਚ ਕੱਟ ਦੇਵੀਂ।
ਦਾਤਾ! ਸੂਲ਼ੀ ਦਾ ਕੰਡਾ ਬਣਾ ਦੇਵੀਂ।
ਦੁੱਖ ਤੋਂ ਸੁੱਖ ਬਣੇ ਕਿ ਨਾ
ਕੀ ਪਤਾ!
ਦੁੱਖ ਨੂੰ ਸਹਿਣ ਦੀ ਇਹ ਅਰਦਾਸ ਮੈਨੂੰ ਬੜੀ ਚੰਗੀ ਲੱਗੀ।
ਇਹ ਅਰਦਾਸ ਭਾਸ਼ਾ ਦਾ ਚਮਤਕਾਰ ਹੈ।
ਭਾਸ਼ਾ ਦੁੱਖ ਨੂੰ ਅੱਧਾ ਕਰ ਸਕਦੀ,
ਸੁੱਖ ਨੂੰ ਦੂਣਾ ਕਰ ਸਕਦੀ ਹੈ।
ਪਰ ਸੁਪਨੇ ਵਿਚ ਜੋ ਕੱਟਦੀ ਹੈ,
ਉਹ ਵੀ ਬੜਾ ਦੁੱਖ ਦੇਂਦੀ ਹੈ,
ਸੁਪਨੇ ਵਿਚ ਅਸੀਂ ਮਰ ਰਹੇ ਹੁੰਦੇ ਹਾਂ,
ਪਰ ਸਾਨੂੰ ਕੋਈ ਬਚਾਉਣ ਨਹੀਂ ਆਉਂਦਾ।
ਜਾਨ ਬਚਾਉਣ ਲਈ ਦੌੜਦਿਆਂ
ਸੁੱਤਿਆਂ ਪਿਆਂ ਵੀ ਕਮੀਜ਼ ਭਿੱਜ ਜਾਂਦੀ ਹੈ,
ਸੁਪਨੇ ਵਿਚ ਸਾਡੇ ਲਈ ਕੋਈ ਦਲੀਲ ਨਹੀਂ ਕਰਦਾ,
ਸੁਪਨੇ ਵਿਚ ਆਪ ਨੂੰ ਨਿਹੱਥਾ ਤੇ ਇਕੱਲਾ ਵੇਖ ਕੇ,
ਦਿਲ ਡੁੱਬ ਜਾਂਦਾ ਹੈ।
ਅੰਤਕਾਰ ਇਹ ਮਾੜਾ ਸੁਪਨਾ ਟੁੱਟ ਜਾਂਦਾ ਹੈ,
ਪਰ ਸੂਲ਼ੀ ਦਾ ਬਣਿਆ ਕੰਡਾ ਹਰ ਵੇਲੇ ਚੁੱਭਦਾ ਰਹਿੰਦਾ ਹੈ।
ਮੈਂ ਬੋਲਣਾ ਸਿਖ ਲਿਐ
ਮੈਂ ਬੋਲਣਾ ਸਿਖ ਲਿਐ
ਬੇਬੇ ਨੀ, ਉਹ ਕੌਣ ਸੀ
ਜੋ ਤੇਰੀਆਂ ਆਂਦਰਾਂ ਨਾਲ਼
ਮੰਜੀ ਉਣਦਾ ਰਿਹਾ।
ਧਰਤੀ ਦੀ ਧੌਣ
ਭਾਵੇਂ ਉੱਚੀ ਹੋਵੇ ਭਾਵੇਂ ਨੀਵੀਂ
ਬੇਹਕੀਕਤਾ ਆਸਮਾਨ
ਇਹਦਾ ਕੁਝ ਨਹੀਂ ਵਿਗਾੜ ਸਕਦਾ।
ਇਹਨੂੰ ਆਖ ਖਾਂ
ਮੇਰੇ ‘ਤੇ ਡਿੱਗ ਕੇ ਵਿਖਾਵੇ।
ਬੇਬੇ ਨੀ
ਬੱਚੇ ਖਾ ਕੇ ਵੀ ਸ਼ੇਰਾਂ ਨੇ ਵੀ ਮੂੰਹ ਧੋਤੇ ਨੇ
ਇਨ੍ਹਾਂ ਦੇ ਮੂੰਹ ਕੌਣ ਧੋਂਦਾ ਏ?
ਕਾਲ਼ੇ ਪੈਰਾਂ ਵਾਲ਼ੇ ਚਿੱਟੇ ਨੰਗੇ ਜਾਨਵਰ
ਖੋਤੇ ਨਾ ਘੋੜੇ
ਭਾੜੇ ਦੇ ਟੱਟੂ।
ਪਰਾਤਾਂ ਢਾਲ਼ ਕੇ ਤੋਪਾਂ ਬਣਾਉਣ ਵਾਲ਼ੇ
ਹੁਣ ਸਾਡੀਆਂ ਕੌਲੀਆਂ ਖੋਹ ਕੇ
ਨੋਟ ਛਾਪਣ ਵਾਲ਼ੀਆਂ
ਮਸ਼ੀਨਾਂ ਪਏ ਬਣਾਉਂਦੇ ਨੇ।
ਬੇਬੇ ਨੀ
ਮੈਨੂੰ ਨੀਂਦਰ ਆਈ ਏ।
ਪਰ ਮੈਂ ਸੁਪਨਿਆਂ ਤੋਂ ਡਰਦੀ ਸੌਂਦੀ ਨਹੀਂ।
ਪਹਿਲੇ ਅਜੇ ਪੂਰੇ ਨਹੀਂ ਹੋਏ
ਉੱਤੋਂ ਨਵਿਆਂ ਨੇ ਘੇਰਾ ਘੱਤ ਲਿਆ।
ਖੌਰੇ ਮੈਨੂੰ ਸੰਗਸਾਰ ਕਰਦੇ ਨੇ।
ਪਰ ਮੈਂ ਹੁਣ ਅੱਖਾਂ ਬੰਦ ਨਹੀਂ ਕਰਨੀਆਂ।
ਜਿੰਨਾ ਚਿਰ ਖੁੱਲ੍ਹੀਆਂ ਨੇ
ਜਿਊਂਦੀ ਆਂ।
ਬੇਬੇ ਨੀ
ਮੇਰੀ ਭੈਣ ਕਹਿੰਦੀ ਏ
ਤੈਨੂੰ ਚਾਦਰ ਲੈਣ ਦਾ ਵੱਲ ਨਹੀਂ।
ਹਰ ਸਾਹ ਲੈਂਦੀ ਸ਼ੈਅ ਨਾਲ਼
ਮੇਰਾ ਸਾਹ ਦਾ ਰਿਸ਼ਤਾ ਏ?
ਮੈਂ ਚਿੱਟੀ ਚਾਦਰ ਕੀ ਕਰਨੀ ਏਂ?
ਬੇਬੇ ਨੀ
ਮੈਥੋਂ ਰੀਝਾਂ ਵੇਲ ਵੇਲ
ਤਵੇ ‘ਤੇ ਨਹੀਂ ਪਾ ਹੁੰਦੀਆਂ।
ਮੈਂ ਵਿਚਾਰੀ ਨਹੀਂ ਬਣਨਾ।
ਗੱਲ ਕਰਾਂਗੀ
ਮੇਰੇ ਤੋਂ ਮਿਰਚਾਂ ਵਾਰ
ਮੈਂ ਬੋਲਣਾ ਸਿਖ ਲਿਐ॥
t t t t t t t t t t
ਸਹਿਜੋਗ: ਚਿਤ੍ਰਕਾਰ ਬੀਬੀਆਂ ਅਰਪਣਾ ਕੌਰ ਤੇ ਅਨੁਪਮਾ ਕੌਰ (ਪੁਤਰੀ ਪ੍ਰਭਜੋਤ ਕੌਰ)