DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਮਕਾਲੀ ਇਤਿਹਾਸ ਦਾ ਸ਼ੀਸ਼ਾ: ਹਲਵਾਰਵੀ ਨੂੰ ਖ਼ਤ

ਉੱਘੇ ਕਵੀ ਤੇ ਪੱਤਰਕਾਰ ਹਰਭਜਨ ਹਲਵਾਰਵੀ ਨੂੰ ਵੱਖ-ਵੱਖ ਵਿਅਕਤੀਆਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਵੱਡ-ਆਕਾਰੀ ਪੁਸਤਕ ‘ਨਿੱਜੀ ਖ਼ਤ- ਪ੍ਰਸਥਿਤੀਆਂ ਅਤੇ ਇਤਿਹਾਸ’ ਸਾਹਿਤਕ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਹਲਵਾਰਵੀ ਦੇ ਛੋਟੇ ਭਰਾ ਸੇਵਾਮੁਕਤ ਪ੍ਰੋ. ਡਾ....

  • fb
  • twitter
  • whatsapp
  • whatsapp
Advertisement

ਉੱਘੇ ਕਵੀ ਤੇ ਪੱਤਰਕਾਰ ਹਰਭਜਨ ਹਲਵਾਰਵੀ ਨੂੰ ਵੱਖ-ਵੱਖ ਵਿਅਕਤੀਆਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਵੱਡ-ਆਕਾਰੀ ਪੁਸਤਕ ‘ਨਿੱਜੀ ਖ਼ਤ- ਪ੍ਰਸਥਿਤੀਆਂ ਅਤੇ ਇਤਿਹਾਸ’ ਸਾਹਿਤਕ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਹਲਵਾਰਵੀ ਦੇ ਛੋਟੇ ਭਰਾ ਸੇਵਾਮੁਕਤ ਪ੍ਰੋ. ਡਾ. ਨਵਤੇਜ ਸਿੰਘ ਵੱਲੋਂ ਸੰਪਾਦਿਤ ਅਤੇ ਯੂਨੀਸਟਾਰ ਬੁਕਸ ਮੁਹਾਲੀ ਵੱਲੋਂ ਪ੍ਰਕਾਸ਼ਿਤ 1004 ਪੰਨਿਆਂ ਦੀ ਮਹਾਨ ਕੋਸ਼ ਦੇ ਆਕਾਰ ਦੀ ਇਹ ਪੁਸਤਕ ਕਈ ਪੱਖਾਂ ਤੋਂ ਵਿਲੱਖਣ ਅਤੇ ਮਹੱਤਵ ਵਾਲੀ ਹੈ। ਗ੍ਰੰਥਨੁਮਾ ਇਸ ਪੁਸਤਕ ਵਿੱਚ 171 ਲੇਖਕਾਂ, ਪਾਠਕਾਂ ਅਤੇ ਜਾਣਕਾਰਾਂ ਦੇ ਕੁੱਲ 483 ਖ਼ਤ ਹਨ। ਸੰਪਾਦਕ ਨੇ ਇਨ੍ਹਾਂ ਪੱਤਰਾਂ ਨੂੰ ਮਿਤੀਆਂ ਅਨੁਸਾਰ ਕ੍ਰਮਬੱਧ ਕੀਤਾ ਹੈ ਤਾਂ ਜੋ ਇਨ੍ਹਾਂ ਨੂੰ ਉਸ ਸਮੇਂ ਦੇ ਸਮਾਜ ਤੇ ਇਤਿਹਾਸ ਦੇ ਸੰਦਰਭ ਵਿੱਚ ਵਾਚਿਆ ਜਾ ਸਕੇ। 4 ਜਨਵਰੀ 1977 ਤੋਂ 24 ਫਰਵਰੀ 1997 ਤੱਕ ਲਿਖੇ ਗਏ ਇਹ ਪੱਤਰ ਉਸ ਸਮੇਂ ਦੇ ਸਿਆਸੀ ਤੇ ਸਮਾਜਿਕ ਇਤਿਹਾਸ ਨੂੰ ਬਿਆਨ ਕਰਦੇ ਹਨ। ਇਹ 1997 ਤੋਂ ਬਾਅਦ ਸੂਚਨਾ-ਸੰਚਾਰ ਦੇ ਖੇਤਰ ਵਿੱਚ ਆਈ ਮੋਬਾਈਲ ਫੋਨ ਕ੍ਰਾਂਤੀ ਵੱਲ ਵੀ ਸੰਕੇਤ ਕਰਦੇ ਹਨ, ਜਿਸ ਕਰਕੇ ਖ਼ਤ ਲਿਖਣ ਦਾ ਸਿਲਸਿਲਾ ਲਗਪਗ ਖ਼ਤਮ ਹੋ ਗਿਆ। ਸੂਚਨਾ-ਸੰਚਾਰ ਦੇ ਆਰੰਭ ਤੇ ਵਿਕਾਸ ਦੇ ਪ੍ਰਸੰਗ ਵਿੱਚ ਖ਼ਤਾਂ ਦੀ ਅਹਿਮੀਅਤ ਬਾਰੇ ਪੁਸਤਕ ਦੇ ਸ਼ੁਰੂਆਤੀ ਸ਼ਬਦਾਂ ਵਿੱਚ ਸੰਪਾਦਕ ਡਾ. ਨਵਤੇਜ ਸਿੰਘ ਨੇ ਵੀ ਬਾਖ਼ੂਬੀ ਚਾਨਣਾ ਪਾਇਆ ਹੈ।

Advertisement

ਪੰਜਾਬੀ ਸਾਹਿਤ ਜਗਤ ਵਿੱਚ ਖ਼ਤਾਂ/ਚਿੱਠੀਆਂ ਦੀ ਪ੍ਰਕਾਸ਼ਨਾ ਦਾ ਕੋਈ ਲੰਮਾ ਇਤਿਹਾਸ ਨਹੀਂ ਕਿਉਂਕਿ ਇਹ ਅਕਸਰ ਨਿੱਜਤਾ ਨਾਲ ਸਬੰਧ ਰੱਖਦੇ ਹਨ ਪਰ ਕੁਝ ਵਿਸ਼ੇਸ਼ ਸ਼ਖ਼ਸੀਅਤਾਂ ਦੇ ਲਿਖੇ ਅਤੇ ਉਨ੍ਹਾਂ ਨੂੰ ਕਰੀਬੀਆਂ ਵੱਲੋਂ ਲਿਖੇ ਗਏ ਪੱਤਰ ਨਿੱਜੀ ਹੋਣ ਦੇ ਬਾਵਜੂਦ ਸਾਹਿਤਕ, ਸਮਾਜਿਕ, ਰਾਜਨੀਤਕ ਅਤੇ ਇਤਿਹਾਸਕ ਮਹੱਤਤਾ ਵਾਲੇ ਹੁੰਦੇ ਹਨ। ਇਸੇ ਕਰਕੇ ਅਜਿਹੇ ਖ਼ਤ ਪ੍ਰਕਾਸ਼ਿਤ ਕਰ ਦਿੱਤੇ ਜਾਂਦੇ ਹਨ। ਭਾਈ ਰਣਧੀਰ ਸਿੰਘ ਦੀਆਂ ‘ਜੇਲ੍ਹ ਚਿੱਠੀਆਂ’, ਤੇਜਵੰਤ ਮਾਨ ਦੀਆਂ ‘ਕਾਗਦ ਕੀਮ ਨਾ ਪਾਈ’, ਦਵਿੰਦਰ ਨੌਰਾ ਦੀ ‘ਦਰਸ਼ਨ ਖਟਕੜ: ਚਿੱਠੀਆਂ ਤੇ ਯਾਦਾਂ’, ‘ਪਾਸ਼ ਦੇ ਖ਼ਤ’, ਅੰਮ੍ਰਿਤਾ ਪ੍ਰੀਤਮ-ਸਾਹਿਰ ਲੁਧਿਆਣਵੀ ਦੇ ਖ਼ਤ, ਅੰਮ੍ਰਿਤਾ-ਇਮਰੋਜ਼ ਦੇ ਪੱਤਰ, ਮੇਘ ਰਾਜ ਮਿੱਤਰ ਦੀ ‘ਚਿੱਠੀਆਂ ਲਿਖ ਤਰਕਸ਼ੀਲਾਂ ਨੂੰ ਪਾਈਆਂ’ ਆਦਿ ਕੁਝ ਵੰਨਗੀਆਂ ਇਸ ਪ੍ਰਸੰਗ ਵਿੱਚ ਵਰਣਨਯੋਗ ਹਨ।

Advertisement

ਇਸ ਪੁਸਤਕ ਵਿੱਚ ਸ਼ਾਮਿਲ ਕੁੱਲ 483 ਖ਼ਤਾਂ ਵਿੱਚੋਂ ਸਭ ਤੋਂ ਵੱਧ 39 ਖ਼ਤ ਵਰਿਆਮ ਸੰਧੂ ਦੇ ਹਨ ਜਦੋਂਕਿ ਹਰਪ੍ਰੀਤ ਦੇ 30, ਭਗਵਾਨ ਸਿੰਘ ਜੋਸ਼ ਦੇ 29, ਹਰਜੀਤ ਮਾਂਗਟ ਦੇ 27, ਅਮਰ ਜਿਉਤੀ ਦੇ 20, ਗੁਰਬਚਨ ਦੇ 13, ਪਾਸ਼ ਦੇ 12, ਦਰਸ਼ਨ ਖਟਕੜ ਦੇ 11, ਚਿੱਤਰਕਾਰ ਤੇ ਕਵੀ ਦੇਵ ਤੇ ਅਜਮੇਰ ਰੋਡੇ ਦੇ 8-8 ਅਤੇ ਰਜ਼ੀਨਾ ਬੇਲਕੀਨਾ ਦੇ 7 ਪੱਤਰ ਹਨ। ਇਨ੍ਹਾਂ ਤੋਂ ਇਲਾਵਾ ਇਕਬਾਲ ਰਾਮੂਵਾਲੀਆ, ਸੁਰਜੀਤ ਪਾਤਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਹਰਿੰਦਰ ਮਹਿਬੂਬ, ਜਸਵੰਤ ਸਿੰਘ ਕੰਵਲ, ਅਮਰਜੀਤ ਚੰਦਨ, ਕਹਾਣੀਕਾਰ ਅਤਰਜੀਤ, ਜਸਬੀਰ ਭੁੱਲਰ, ਕੁਲਵੰਤ ਜਗਰਾਉਂ, ਅਜਮੇਰ ਔਲਖ, ਰਾਮ ਸਰੂਪ ਅਣਖੀ, ਸੰਤੋਖ ਸਿੰਘ ਧੀਰ, ਸੁਤਿੰਦਰ ਸਿੰਘ ਨੂਰ, ਸੁਰਜੀਤ ਕਲਸੀ, ਮੋਹਨਜੀਤ, ਤੇਜਵੰਤ ਗਿੱਲ ਅਤੇ ਤੇਜਵੰਤ ਮਾਨ ਆਦਿ ਲੇਖਕਾਂ ਦੇ ਖ਼ਤ ਵੀ ਇਸ ਪੁਸਤਕ ਵਿੱਚ ਮੌਜੂਦ ਹਨ। ਸਾਹਿਤਕਾਰਾਂ ਤੋਂ ਇਲਾਵਾ ਕੁਝ ਹੋਰ ਅਹਿਮ ਸ਼ਖ਼ਸੀਅਤਾਂ ਜਿਵੇਂ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਸੁੰਦਰ ਲਾਲ ਪਟਵਾ, ਬਲਵੰਤ ਸਿੰਘ ਰਾਮੂਵਾਲੀਆ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਜੀਤ ਸਿੰਘ ਆਨੰਦ ਅਤੇ ਡਾ. ਸਾਧੂ ਸਿੰਘ ਹਮਦਰਦ ਆਦਿ ਇਸ ਪੁਸਤਕ ਦੇ ਖ਼ਤ ਲੇਖਕਾਂ ਵਿੱਚ ਸ਼ੁਮਾਰ ਹਨ। ਹਲਵਾਰਵੀ ਹੋਰਾਂ ਦੇ ਆਪਣੇ 7 ਖ਼ਤ ਵੀ ਇਸ ਪੁਸਤਕ ਵਿੱਚ ਦਰਜ ਹਨ। ਇਨ੍ਹਾਂ ਖ਼ਤਾਂ ਤੋਂ ਪੱਤਰ ਲੇਖਕਾਂ ਦੇ ਮਨੁੱਖੀ ਮਨਾਂ ਦੀਆਂ ਵਿਭਿੰਨ ਸਥਿਤੀਆਂ ਦਾ ਗਿਆਨ ਹੁੰਦਾ ਹੈ ਅਤੇ ਟੁੱਟਦੇ-ਬਣਦੇ, ਮੋਹ-ਪਿਆਰ-ਈਰਖਾ ਦੇ ਨਾਲ-ਨਾਲ ਗਰਜਾਂ ਭਰੇ ਰਿਸ਼ਤਿਆਂ ਦਾ ਵੀ ਬੋਧ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਪੱਤਰਾਂ ਵਿੱਚੋਂ ਉਸ ਸਮੇਂ ਦੇ ਸਾਹਿਤਕ, ਰਾਜਨੀਤਕ ਅਤੇ ਸਮਾਜਿਕ ਸੰਦਰਭ ਦਾ ਵੀ ਪਤਾ ਲੱਗਦਾ ਹੈ। ਸੰਪਾਦਕ ਡਾ. ਨਵਤੇਜ ਦੇ ਸ਼ਬਦਾਂ ਵਿੱਚ: ‘‘ਇਨ੍ਹਾਂ ਪੱਤਰਾਂ ਵਿੱਚ ਨਿੱਜੀ ਜੀਵਨ ਨਾਲ ਜੁੜੀਆਂ ਘਟਨਾਵਾਂ ਤੇ ਭਾਵਨਾਵਾਂ, ਤਲਖ਼-ਹਕੀਕਤਾਂ ਤੇ ਤਜਰਬੇ, ਖ਼ੁਸ਼ੀਆਂ, ਗ਼ਮ ਤੇ ਈਰਖਾਵਾਂ ਅਤੇ ਜਿਊਂਦੇ ਰਹਿਣ ਲਈ ਸੰਘਰਸ਼ ਤੋਂ ਇਲਾਵਾ ਉਸ ਸਮੇਂ ਦੀ ਸਮਾਜੀ ਤੇ ਸੱਭਿਆਚਾਰਕ ਬਣਤਰ, ਆਰਥਿਕਤਾ ਤੇ ਇਸ ਨਾਲ ਜੁੜੇ ਅਹਿਮ ਮੁੱਦੇ, ਰਾਜਨੀਤਕ ਢਾਂਚਾ ਅਤੇ ਇਸ ਦੀਆਂ ਤਰੁਟੀਆਂ ਸ਼ਾਮਿਲ ਹਨ। ਸਮਾਜ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਹਿੱਤ ਵੱਖੋ-ਵੱਖਰੀਆਂ ਰਾਜਸੀ ਪ੍ਰਣਾਲੀਆਂ ਤੇ ਵਿਚਾਰਧਾਰਾਵਾਂ ਤੇ ਇਨ੍ਹਾਂ ਦੇ ਆਪਸੀ ਟਕਰਾਉ ਤੇ ਵਿਵਾਦ ਵੀ ਇਨ੍ਹਾਂ ਪੱਤਰਾਂ ਵਿੱਚੋਂ ਉੱਭਰਦੇ ਹਨ। ਇਹ ਨਾ ਸਿਰਫ਼ ਉਸ ਸਮੇਂ ਦੇ ਨਿੱਜੀ ਤੇ ਸਮਾਜਿਕ ਹਾਲਾਤ ਨੂੰ ਹੀ ਦਰਸਾਉਂਦੇ ਹਨ ਸਗੋਂ ਲੇਖਕਾਂ ਦੀ ਹੋਂਦ ਉੱਪਰ ਪ੍ਰਸਥਿਤੀਆਂ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲਤਾ ਵੀ ਪ੍ਰਗਟਾਉਂਦੇ ਹਨ। ... ਇਨ੍ਹਾਂ ਚੰਗੇ ਪੱਖਾਂ ਦੇ ਨਾਲ ਨਾਲ ਹੀ ਮਨੁੱਖੀ ਸਬੰਧਾਂ ਦੇ ਵਿਭਿੰਨ ਸਰੂਪਾਂ ਦਾ ਦੂਜਾ ਪਾਸਾ ਵੀ ਇਨ੍ਹਾਂ ਪੱਤਰਾਂ ਵਿੱਚ ਉੱਭਰਦਾ ਦਿਖਾਈ ਦਿੰਦਾ ਹੈ।’’

ਇਸ ਸੰਦਰਭ ਵਿੱਚ ਪਾਸ਼ ਅਤੇ ਵਰਿਆਮ ਸੰਧੂ ਦੇ ਪੱਤਰ ਵਿਸ਼ੇਸ਼ ਕਰਕੇ ਪੜ੍ਹਨ ਅਤੇ ਵਾਚਣ ਯੋਗ ਹਨ, ਹਾਲਾਂਕਿ ਬਾਕੀ ਪੱਤਰ ਵੀ ਘੱਟ ਅਹਿਮੀਅਤ ਨਹੀਂ ਰੱਖਦੇ। ਖ਼ਤਾਂ ਦੇ ਵਿਭਿੰਨ ਵਿਸ਼ਾ-ਪਾਸਾਰਾਂ ਤੋਂ ਇਲਾਵਾ ਇਸ ਪੁਸਤਕ ਦੀ ਇੱਕ ਅਹਿਮ ਦੇਣ ਪੱਤਰ ਲੇਖਕਾਂ ਦੇ ਖ਼ਤਾਂ ਨੂੰ ਇੰਨ-ਬਿੰਨ ਸਕੈਨ ਕਰਕੇ ਪ੍ਰਕਾਸ਼ਿਤ ਕੀਤੇ ਜਾਣਾ ਹੈ। ਇਹ ਪੁਸਤਕ ਸਾਨੂੰ 171 ਪੱਤਰ ਲੇਖਕਾਂ ਦੀ ਹੱਥ ਲਿਖਤ ਦੇ ਅਸਲ ਨਮੂਨੇ ਉਪਲੱਬਧ ਕਰਵਾਉਂਦੀ ਹੈ ਕਿ ਕਿਵੇਂ ਕੁਝ ਲੇਖਕ ਬਹੁਤ ਛੋਟੇ ਅੱਖਰਾਂ ਵਿੱਚ ਲਿਖਦੇ ਸਨ, ਕੁਝ ਭੀੜੀ ਵਾਕ ਬਣਤਰ ਨਾਲ ਅਤੇ ਕੁਝ ਬਹੁਤ ਹੀ ਖੁੱਲ੍ਹੇ-ਖੁੱਲ੍ਹੇ ਰੂਪ ਵਿੱਚ ਲਿਖਦੇ ਸਨ। ਲੇਖਕਾਂ ਦੀਆਂ ਅਸਲ ਹੱਥ ਲਿਖਤਾਂ ਨੂੰ ਇਨ੍ਹਾਂ ਖ਼ਤਾਂ ਜ਼ਰੀਏ ਪੰਜਾਬੀ ਪਾਠਕਾਂ ਦੇ ਸਨਮੁਖ ਕਰਨਾ ਅਤੇ ਸੰਭਾਲਣਾ ਇਸ ਪੁਸਤਕ ਦੀ ਇੱਕ ਹੋਰ ਵੱਡੀ ਪ੍ਰਾਪਤੀ ਹੈ। ਇਹ ਗੱਲ ਇਨ੍ਹਾਂ ਖ਼ਤਾਂ ਦੀ ਪ੍ਰਮਾਣਿਕਤਾ ਉੱਤੇ ਵੀ ਮੋਹਰ ਲਾਉਂਦੀ ਹੈ। ਇੱਕੋ ਪੁਸਤਕ ਵਿੱਚ ਇੰਨੇ ਲੇਖਕਾਂ ਅਤੇ ਨਾਮਵਰ ਵਿਅਕਤੀਆਂ ਦੀਆਂ ਹੱਥ ਲਿਖਤਾਂ ਅਤੇ ਵਿਚਾਰ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਲਈ ਡਾ. ਨਵਤੇਜ ਸਿੰਘ ਵਧਾਈ ਦੇ ਪਾਤਰ ਹਨ। ਪੰਜਾਬੀ ਸਾਹਿਤ ਜਗਤ ਵਿਸ਼ੇਸ਼ ਕਰਕੇ ‘ਖ਼ਤ-ਸਾਹਿਤ’ ਵਿੱਚ ਇਹ ਇੱਕ ਅਮੁੱਲ ਵਾਧਾ ਹੈ। ਪੁਸਤਕ ਪੜ੍ਹਨਯੋਗ ਅਤੇ ਵਾਚਣਯੋਗ ਹੈ।

ਸੰਪਰਕ: 97800-36137

Advertisement
×