DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਨੀ ਕਹਾਣੀ: ਕੁਲਫ਼ੀ ਦਾ ਸੁਆਦ

ਇਕਬਾਲ ਸਿੰਘ ਸਕਰੌਦੀ ਅੱਜ ਮਹੀਨੇ ਦਾ ਦੂਜਾ ਸ਼ਨਿੱਚਰਵਾਰ ਸੀ। ਸਕੂਲਾਂ ਵਿੱਚ ਛੁੱਟੀ ਸੀ। ਇਸ ਕਰਕੇ ਪਾਲ ਸਿੰਘ ਦਾ ਜਲੰਧਰ ਰਹਿੰਦਾ ਵੱਡਾ ਵੀਰ ਸਰਵਣ ਸਿੰਘ ਪਤਨੀ ਤੇ ਦੋਵੇਂ ਬੱਚਿਆਂ ਨਾਲ ਪਿੰਡ ਵਾਲੇ ਘਰ ਆਇਆ ਸੀ। ਉਨ੍ਹਾਂ ਨੂੰ ਵੇਖ ਪਾਲ ਤੇ ਉਸ...

  • fb
  • twitter
  • whatsapp
  • whatsapp
Advertisement

ਇਕਬਾਲ ਸਿੰਘ ਸਕਰੌਦੀ

ਅੱਜ ਮਹੀਨੇ ਦਾ ਦੂਜਾ ਸ਼ਨਿੱਚਰਵਾਰ ਸੀ। ਸਕੂਲਾਂ ਵਿੱਚ ਛੁੱਟੀ ਸੀ। ਇਸ ਕਰਕੇ ਪਾਲ ਸਿੰਘ ਦਾ ਜਲੰਧਰ ਰਹਿੰਦਾ ਵੱਡਾ ਵੀਰ ਸਰਵਣ ਸਿੰਘ ਪਤਨੀ ਤੇ ਦੋਵੇਂ ਬੱਚਿਆਂ ਨਾਲ ਪਿੰਡ ਵਾਲੇ ਘਰ ਆਇਆ ਸੀ। ਉਨ੍ਹਾਂ ਨੂੰ ਵੇਖ ਪਾਲ ਤੇ ਉਸ ਦੀ ਪਤਨੀ ਸੁਖਪ੍ਰੀਤ, ਦੋਵਾਂ ਜੀਆਂ ਨੂੰ ਚਾਅ ਚੜ੍ਹ ਗਿਆ। ਦੋਵਾਂ ਨੇ ਚਾਈਂ-ਚਾਈਂ ਵੀਰ ਅਤੇ ਭਾਬੀ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਪਾਲ ਸਿੰਘ ਨੇ ਭਤੀਜੇ ਪਵਨਦੀਪ ਤੇ ਭਤੀਜੀ ਪ੍ਰਵੀਨ ਨੂੰ ਚੁੱਕ ਕੇ ਮੋਢਿਆਂ ’ਤੇ ਬਿਠਾ ਲਿਆ ਤੇ ਅੰਦਰ-ਬਾਹਰ ਗੇੜੇ ਕੱਢਣ ਲੱਗਿਆ। ਪਾਲ ਨੂੰ ਦੋਵੇਂ ਬੱਚਿਆਂ ਨਾਲ ਲਾਡ ਲਡਾਉਂਦਿਆਂ ਵੇਖ ਉਸ ਦੀ ਭਰਜਾਈ ਜਸਵਿੰਦਰ ਮੁਸਕੁਰਾਉਂਦੀ ਹੋਈ ਬੋਲੀ, ‘‘ਵੇਖ ਖਾਂ... ਚਾਚੇ ਦੇ ਮੋਢਿਆਂ ’ਤੇ ਚੜ੍ਹ ਕਿਵੇਂ ਚਾਂਭਲੇ ਫਿਰਦੇ ਨੇ ਤਾਂ ਹੀ ਤਾਂ ਘਰੇ ਸਾਰਾ ਦਿਨ ‘ਸਾਡਾ ਚਾਚਾ ਸਾਡਾ ਚਾਚਾ’ ਹੁੰਦੀ ਰਹਿੰਦੀ ਏ।’’ ਜਸਵਿੰਦਰ ਦੀ ਗੱਲ ਸੁਣ ਕੇ ਸਾਰੇ ਹੱਸ ਪਏ।

Advertisement

ਸੁਖਪ੍ਰੀਤ ਦੇ ਦਿਲ ਦੀ ਖ਼ੁਸ਼ੀ ਵੀ ਉਸ ਦੀਆਂ ਅੱਖਾਂ ਅਤੇ ਚਿਹਰੇ ’ਤੇ ਸਾਫ਼ ਝਲਕ ਰਹੀ ਸੀ। ਖ਼ੁਸ਼ੀ ਦੇ ਰੌਂਅ ’ਚ ਉਹ ਅੰਦਰ-ਬਾਹਰ ਭੱਜੀ ਫਿਰਦੀ ਸਾਰੇ ਕੰਮ ਭੱਜ-ਭੱਜ ਨਿਬੇੜ ਰਹੀ ਸੀ। ਸਾਰਿਆਂ ਨੂੰ ਘੜੇ ਦਾ ਠੰਢਾ ਪਾਣੀ ਪੀਣ ਲਈ ਦਿੱਤਾ ਗਿਆ। ਫਿਰ ਉਸ ਨੇ ਆਪਣੀ ਜਠਾਣੀ ਨੂੰ ਪੁੱਛਿਆ, ‘‘ਦੀਦੀ, ਚਾਹ ਪੀਓਗੇ ਜਾਂ ਕੌਫ਼ੀ?’’ ਜਠਾਣੀ ਨੇ ਕੌਫ਼ੀ ਪੀਣ ਦੀ ਹਾਮੀ ਭਰ ਦਿੱਤੀ ਸੀ ਤੇ ਸੁਖਪ੍ਰੀਤ ਕੌਫ਼ੀ ਬਣਾਉਣ ਲਈ ਰਸੋਈ ਵੱਲ ਚਲੀ ਗਈ।

Advertisement

ਉਧਰ ਲੌਬੀ ਵਿੱਚ ਬੈਠੇ ਸਾਰੇ ਜੀਅ ਉੱਠ ਕੇ ਬੀਜੀ ਨੂੰ ਮਿਲਣ ਲਈ ਵੱਡੇ ਕਮਰੇ ਵਿੱਚ ਚਲੇ ਗਏ ਸਨ। ਕਮਰੇ ਵਿੱਚ ਜਾਂਦਿਆਂ ਹੀ ਪਾਲ ਨੇ ਬੀਜੀ ਨੂੰ ਕਿਹਾ, ‘‘ਦੇਖੋ ਬੀਜੀ, ਆਪਾਂ ਨੂੰ ਮਿਲਣ ਲਈ ਕੌਣ ਆਇਆ ਹੈ?’’ ਵੱਡੇ ਭਰਾ ਨੇ ਅੰਦਰ ਪੈਰ ਧਰਦਿਆਂ ਹੀ ਕਿਹਾ, ‘‘ਸਤਿ ਸ੍ਰੀ ਅਕਾਲ ਬੀਜੀ।’’ ‘‘ਬੀਜੀ ਮੱਥਾ ਟੇਕਦੀ ਆਂ।’’ ਜਸਵਿੰਦਰ ਨੇ ਆਖਦਿਆਂ ਸੱਸ ਦੇ ਪੈਰੀਂ ਹੱਥ ਲਾਏ। ਪੋਤਾ ਪੋਤੀ ਨੇ ਵੀ ‘‘ਬੀਜੀ ਸਤਿ ਸ੍ਰੀ ਅਕਾਲ’’ ਕਹਿ ਕੇ ਦਾਦੀ ਨੂੰ ਜੱਫ਼ੀ ਪਾ ਲਈ। ਬਚਨ ਕੌਰ ਨੇ ਤਾਂ ਜਿਵੇਂ ਅਸੀਸਾਂ ਦੀਆਂ ਝੜੀਆਂ ਲਾ ਦਿੱਤੀਆਂ। ਉਨ੍ਹਾਂ ਦੋਵੇਂ ਬੱਚਿਆਂ ਦੇ ਮੱਥੇ ਚੁੰਮ ਕੇ ਪਿਆਰ ਦਿੱਤਾ। ਬਚਨ ਕੌਰ ਦੇ ਚਿਹਰੇ ’ਤੇ ਵੀ ਹੁਣ ਨੂਰ ਜਿਹਾ ਆ ਗਿਆ ਸੀ। ਇੰਨੇ ਨੂੰ ਸੁਖਪ੍ਰੀਤ ਟਰੇਅ ਵਿੱਚ ਕੌਫ਼ੀ ਦੇ ਕੱਪ ਅਤੇ ਖਾਣ ਲਈ ਕਈ ਤਰ੍ਹਾਂ ਦਾ ਸਾਮਾਨ ਲੈ ਆਈ। ਗੱਲਾਂਬਾਤਾਂ ਕਰਦਿਆਂ ਸਾਰਿਆਂ ਨੇ ਗਰਮਾ ਗਰਮ ਕੌਫ਼ੀ, ਬਿਸਕੁਟਾਂ ਅਤੇ ਬੇਸਣ ਦੇ ਲੱਡੂਆਂ ਦਾ ਸੁਆਦ ਮਾਣਿਆ। ਗੱਲਾਂ ਚੱਲਦੀਆਂ ਰਹੀਆਂ ਤੇ ਸੁਖਪ੍ਰੀਤ ਉੱਠ ਕੇ ਰਾਤ ਦੇ ਰੋਟੀ-ਪਾਣੀ ਦਾ ਆਹਰ ਕਰਨ ਲਈ ਮੁੜ ਰਸੋਈ ਵਿੱਚ ਚਲੀ ਗਈ।

ਭਤੀਜਾ-ਭਤੀਜੀ ਦੋਵੇਂ ਚਾਚੇ ਨਾਲ ਸਕੂਟਰ ’ਤੇ ਪਿੰਡ ਘੁੰਮਣ ਨਿਕਲ ਗਏ। ਪਾਲ ਨੇ ਪਹਿਲਾਂ ਦੋਵਾਂ ਨੂੰ ਉਨ੍ਹਾਂ ਦੇ ਮਨਪਸੰਦ ਕੱਪੜੇ ਦਿਵਾਏ ਤੇ ਫਿਰ ਗੋਲਗੱਪੇ ਵੀ ਖਵਾਏ। ਘਰ ਆਉਣ ਵੇਲੇ ਉਨ੍ਹਾਂ ਦੁਕਾਨ ਤੋਂ ਅੱਠ ਕੁਲਫ਼ੀਆਂ ਇੱਕ ਡੱਬੇ ’ਚ ਪਵਾ ਲਈਆਂ। ਬੱਚਿਆਂ ਨੇ ਘਰ ਆ ਕੇ ਖੇਡਣਾ ਸ਼ੁਰੂ ਕਰ ਦਿੱਤਾ। ਰਾਤ ਦਾ ਖਾਣਾ ਸਭ ਨੇ ਇਕੱਠਿਆਂ ਬਹਿ ਕੇ ਖਾਧਾ। ਗੱਲਾਂ ਕਰਦੇ ਕਰਦੇ ਬੱਚੇ ਕਦੋਂ ਸੌਂ ਗਏ, ਕਿਸੇ ਨੂੰ ਪਤਾ ਹੀ ਨਾ ਲੱਗਾ।

ਅਗਲੇ ਦਿਨ ਸਵੇਰੇ ਸਾਰੇ ਨਹਾ-ਧੋ ਕੇ ਤਿਆਰ ਹੋ ਗਏ ਤੇ ਨਾਸ਼ਤਾ ਕੀਤਾ। ਇਸ ਮਗਰੋਂ ਸਰਵਣ ਸਿੰਘ ਨੇ ਪਰਿਵਾਰ ਸਮੇਤ ਸ਼ਹਿਰ ਜਾਣ ਲਈ ਚਾਲੇ ਪਾ ਦਿੱਤੇ। ਸੁਖਪ੍ਰੀਤ ਨੇ ਹਰ ਵਾਰ ਵਾਂਗ ਰਸੋਈ ਦਾ ਸਾਰਾ ਕੰਮ ਨਿਬੇੜਿਆ ਤੇ ਸਾਰਾ ਸਾਮਾਨ ਸਾਂਭ ਦਿੱਤਾ। ਤੀਜੇ ਕੁ ਦਿਨ ਗੁਆਂਢ ਵਿੱਚ ਰਹਿੰਦੇ ਹੇਮ ਰਾਜ ਦੀ ਚਾਰ ਸਾਲਾਂ ਦੀ ਪੋਤੀ ਹਰਲੀਨ ਖੇਡਦੀ-ਖੇਡਦੀ ਉਨ੍ਹਾਂ ਦੇ ਘਰ ਆ ਗਈ। ਕੁਝ ਚਿਰ ਉਹ ਖੇਡਦੀ ਰਹੀ ਤੇ ਫਿਰ ਉਸ ਨੂੰ ਭੁੱਖ ਲੱਗ ਗਈ। ਸੁਖਪ੍ਰੀਤ ਰਸੋਈ ’ਚ ਗਈ ਤੇ ਇੱਕ ਕੌਲੀ ਵਿੱਚ ਕੁਝ ਬਿਸਕੁਟ ਪਾਉਣ ਲੱਗੀ। ਹਰਲੀਨ ਨੇ ਸੁਖਪ੍ਰੀਤ ਦੇ ਹੱਥ ਵਿੱਚ ਬਿਸਕੁਟ ਵੇਖ ਆਖਿਆ, ‘‘ਆਂਟੀ, ਮੈਂ ਨ੍ਹੀਂ ਖਾਣੇ ਬਿਸਕੁਟ।’’ ਸੁਖਪ੍ਰੀਤ ਨੂੰ ਅਚਾਨਕ ਯਾਦ ਆਇਆ ਕਿ ਬੱਚਿਆਂ ਦੇ ਖਾਣ ਲਈ ਲਿਆਂਦੀਆਂ ਕੁਲਫ਼ੀਆਂ ਤਾਂ ਫਰਿੱਜ ਵਿੱਚ ਪਈਆਂ ਹੀ ਰਹਿ ਗਈਆਂ ਸਨ। ਉਸ ਨੇ ਤੁਰੰਤ ਇੱਕ ਕੁਲਫ਼ੀ ਕੱਢ ਕੇ ਹਰਲੀਨ ਨੂੰ ਦੇ ਦਿੱਤੀ।

ਕੁੜੀ ਨੇ ਕੁਲਫ਼ੀ ਫੜਦਿਆਂ ਕਿਹਾ, ‘‘ਥੈਂਕਿਊ ਆਂਟੀ ਜੀ’’ ਤੇ ਕੁਲਫ਼ੀ ਚੂਸਣ ਲੱਗ ਪਈ। ਕੁਝ ਪਲ ਪਿੱਛੋਂ ਉਹ ਬੀਜੀ ਦੇ ਕਮਰੇ ਵਿੱਚ ਚਲੀ ਗਈ। ਕੁੜੀ ਦੇ ਹੱਥ ਵਿੱਚ ਕੁਲਫ਼ੀ ਦੇਖ ਬੀਜੀ ਨੇ ਪੁੱਛਿਆ, ‘‘ਹਰਲੀਨ, ਪੁੱਤ ਤੈਨੂੰ ਕੁਲਫ਼ੀ ਕੀਹਨੇ ਦਿੱਤੀ ਐ?’’ ‘‘ਬੀਜੀ! ਮੈਨੂੰ ਕੁਲਫ਼ੀ ਆਂਟੀ ਜੀ ਨੇ ਦਿੱਤੀ ਐ!’’ ਹਰਲੀਨ ਨੇ ਜਵਾਬ ਦਿੱਤਾ ਤੇ ਕੁਲਫ਼ੀ ਖਾਂਦੀ ਹੋਈ ਉਨ੍ਹਾਂ ਦੇ ਮੰਜੇ ’ਤੇ ਬੈਠ ਗਈ। ਕੁਝ ਚਿਰ ਉਹ ਉੱਥੇ ਖੇਡਦੀ ਰਹੀ ਤੇ ਫਿਰ ਉਹ ਆਪਣੇ ਘਰ ਚਲੀ ਗਈ।

ਦੁਪਹਿਰਾ ਹੋਇਆ ਤਾਂ ਸੁਖਪ੍ਰੀਤ ਨੇ ਥਾਲੀ ਵਿੱਚ ਬਚਨ ਕੌਰ ਲਈ ਰੋਟੀ ਪਾਈ। ਉਹ ਬਚਨ ਕੌਰ ਨੂੰ ਰੋਟੀ ਦੇਣ ਗਈ ਤਾਂ ਉਸ ਨੇ ਰੋਟੀ ਖਾਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਮੇਰਾ ਚਿੱਤ ਨੀ ਰਾਜ਼ੀ, ਮੈਂ ਰੋਟੀ ਨ੍ਹੀਂ ਖਾਣੀ।’’ ‘‘ਬੀਜੀ ਜੇ ਚਿੱਤ ਨ੍ਹੀਂ ਰਾਜ਼ੀ ਤਾਂ ਮੈਂ ਤੁਹਾਡੇ ਲਈ ਹਲਕੀ ਜਿਹੀ ਖਿਚੜੀ ਬਣਾ ਦਿਆਂ?’’ ਪਰ ਬਚਨ ਕੌਰ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਬਚਨ ਕੌਰ ਮੰਜੇ ’ਤੇ ਲੇਟ ਗਈ ਤੇ ਉਸ ਆਪਣੀਆਂ ਅੱਖਾਂ ਬੰਦ ਕਰ ਲਈਆਂ। ਸੁਖਪ੍ਰੀਤ ਥਾਲੀ ਲੈ ਕੇ ਮੁੜ ਗਈ। ਸ਼ਾਮ ਚਾਰ ਵਜੇ ਉਸ ਨੇ ਚਾਹ ਧਰ ਲਈ। ਚਾਹ ਤਿਆਰ ਹੋਈ ਤਾਂ ਸੁਖਪ੍ਰੀਤ ਨੇ ਗਲਾਸ ’ਚ ਪਾ ਕੇ ਬਚਨ ਕੌਰ ਕੋਲ ਆ ਕੇ ਰੱਖਦਿਆਂ ਆਖਿਆ, ‘‘ਲਉ ਬੀਜੀ, ਤੁਲਸੀ ਆਲ਼ੀ ਚਾਹ ਪੀ ਲਵੋ। ਤੁਹਾਡਾ ਚਿੱਤ ਰਾਜ਼ੀ ਹੋ ਜਾਵੇਗਾ।’’ ਪਰ ਬਚਨ ਕੌਰ ਨੇ ਚਾਹ ਵੀ ਨਾ ਪੀਤੀ ਤੇ ਮੂੰਹ ਫੇਰ ਕੇ ਦੂਜੇ ਪਾਸੇ ਕਰਕੇ ਲੇਟ ਗਈ। ਸੁਖਪ੍ਰੀਤ ਨਿੰਮੋਝੂਣਾ ਜਿਹਾ ਮੂੰਹ ਲੈ ਕੇ ਫਿਰ ਮੁੜ ਗਈ।

ਸ਼ਾਮ ਸੱਤ ਵਜੇ ਜਦੋਂ ਪਾਲ ਸਿੰਘ ਘਰ ਪਰਤਿਆ ਤਾਂ ਸੁਖਪ੍ਰੀਤ ਨੇ ਉਸ ਨੂੰ ਦੱਸਿਆ ਕਿ ਅੱਜ ਬੀਜੀ ਨੇ ਨਾ ਰੋਟੀ ਖਾਧੀ ਤੇ ਨਾ ਹੀ ਚਾਹ ਪੀਤੀ ਹੈ। ਉਨ੍ਹਾਂ ਦਾ ਚਿਹਰਾ ਵੀ ਉਤਰਿਆ ਲੱਗਦਾ ਹੈ। ਉਹ ਕਿਸੇ ਗੱਲੋਂ ਨਾਰਾਜ਼ ਲੱਗਦੇ ਨੇ। ਪਾਲ ਸਿੰਘ ਨੇ ਸਾਰੀ ਗੱਲ ਸੁਣੀ ਤੇ ਸੁਖਪ੍ਰੀਤ ਨੂੰ ਕਿਹਾ, ‘‘ਤੂੰ ਰੋਟੀ ਪਕਾ, ਬੀਜੀ ਨੂੰ ਰੋਟੀ ਮੈਂ ਖੁਆਵਾਂਗਾ।’’

ਸੁਖਪ੍ਰੀਤ ਨੇ ਫਟਾਫਟ ਪੁਦੀਨੇ ਦੀ ਚਟਣੀ ਕੁੱਟੀ, ਦਾਲ ਨੂੰ ਤੜਕਾ ਲਾਇਆ ਤੇ ਪਤਲੇ ਪਤਲੇ ਦੋ ਫੁਲਕੇ ਲਾਹ ਕੇ ਥਾਲੀ ਵਿੱਚ ਰੱਖ ਥਾਲੀ ਪਾਲ ਸਿੰਘ ਨੂੰ ਫੜਾ ਦਿੱਤੀ। ਪਾਲ ਥਾਲੀ ਲੈ ਕੇ ਬਚਨ ਕੌਰ ਕੋਲ ਗਿਆ ਤੇ ਉਸ ਨੂੰ ਉਠਾਉਂਦਿਆ ਆਖਿਆ, ‘‘ਬੀਜੀ, ਉੱਠੋ ਰੋਟੀ ਖਾ ਲਓ। ਥੋਡੀ ਨੂੰਹ ਨੇ ਦੱਸਿਐ ਕਿ ਤੁਸੀਂ ਦੁਪਹਿਰੇ ਵੀ ਰੋਟੀ ਨ੍ਹੀਂ ਖਾਧੀ ਤੇ ਚਾਰ ਵਜੇ ਆਲ਼ੀ ਚਾਹ ਵੀ ਨ੍ਹੀਂ ਪੀਤੀ। ਚਲੋ ਉੱਠੋ ਹੁਣ। ਖਾਓ ਰੋਟੀ।’’ ‘‘ਪੁੱਤ, ਮੈਨੂੰ ਭੋਰਾ ਭੁੱਖ ਨ੍ਹੀਂ। ਮੈਂ ਰੋਟੀ ਨ੍ਹੀਂ ਖਾਣੀ।’’ ਬਚਨ ਕੌਰ ਨੇ ਲੇਟੀ ਲੇਟੀ ਨੇ ਕਿਹਾ। ਇਹ ਸੁਣ ਪਾਲ ਸਿੰਘ ਨੇ ਥੋੜ੍ਹਾ ਜ਼ੋਰ ਦੇ ਕੇ ਆਖਿਆ, ‘‘ਬੀਜੀ, ਥੋਨੂੰ ਭੁੱਖ ਕਿਉਂ ਨ੍ਹੀਂ ਹੈ? ਰੋਟੀ ਕਿਉਂ ਨ੍ਹੀਂ ਖਾਣੀਂ?’’ ਬਚਨ ਕੌਰ ਨੇ ਥੋੜੀ ਨਾਰਾਜ਼ਗੀ ’ਚ ਆਖਿਆ, ‘‘ਤੁਸੀਂ ਘਰੇ ਕੁਲਫ਼ੀਆਂ ਲਿਆਂਦੀਆਂ ਸੀ, ਮੈਨੂੰ ਤਾਂ ਦਿੱਤੀ ਕੋਈ ਨਾ।’’

ਬੀਜੀ ਦੀ ਗੱਲ ਸੁਣ ਕੇ ਪਾਲ ਸਾਰੀ ਗੱਲ ਸਮਝ ਗਿਆ। ਉਸ ਨੇ ਹੱਸਦਿਆਂ ਕਿਹਾ, ‘‘ਓ ਹੋ... ਬੀਜੀ ਉਹ ਤਾਂ ਸਵਰਣ ਵੀਰੇ ਹੋੋਰਾਂ ਦੇ ਆਏ ’ਤੇ ਲਿਆਂਦੀਆਂ ਸਨ ਕੁਲਫ਼ੀਆਂ। ਬੱਚੇ ਤਾਂ ਖਾਣਾ ਖਾਂਦੇ ਸਾਰ ਹੀ ਸੌਂ ਗਏ ਸਨ, ਸੋ ਕੁਲਫ਼ੀਆਂ ਖਾਣ ਦਾ ਕਿਸੇ ਨੂੰ ਖ਼ਿਆਲ ਹੀ ਨਾ ਰਿਹਾ।’’ ਕੋਲ ਖੜ੍ਹੀ ਸੁਖਪ੍ਰੀਤ ਨੇ ਮੁਸਕੁਰਾਉਂਦਿਆਂ ਕਿਹਾ, ‘‘ਲੈ ਦੱਸ ਬੀਜੀ, ਅਸੀਂ ਤੁਹਾਥੋਂ ਬਿਨਾਂ ਕੁਲਫ਼ੀ ਕਿਵੇਂ ਖਾ ਲੈਂਦੇ ਭਲਾ। ਮੈਂ ਤਾਂ ਸਵੇਰੇ ਫਰਿੱਜ ’ਚ ਪਈਆਂ ਵੇਖ ਹਰਲੀਨ ਨੂੰ ਇੱਕ ਕੁਲਫ਼ੀ ਫੜਾ ਦਿੱਤੀ। ਬਾਕੀ ਤਾਂ ਹਾਲੇ ਉਵੇਂ ਹੀ ਪਈਆਂ ਨੇ। ... ਚਲੋ ਤੁਸੀਂ ਹੁਣ ਰੋਟੀ ਖਾ ਲਓ ਮਗਰੋਂ ਮੈਂ ਕੁਲਫ਼ੀ ਵੀ ਲਿਆ ਦਿੰਦੀ ਆਂ।’’ ਸਾਰੀ ਗੱਲ ਸੁਣਨ ਮਗਰੋਂ ਬਚਨ ਕੌਰ ਦਾ ਗੁੱਸਾ ਖ਼ਤਮ ਹੋ ਗਿਆ ਸੀ। ਉਸ ਖ਼ੁਸ਼ੀ ਖ਼ੁਸ਼ੀ ਨੂੰਹ-ਪੁੱਤ ਨਾਲ ਬੈਠ ਕੇ ਰੋਟੀ ਖਾਧੀ ਤੇ ਮਗਰੋਂ ਕੁਲਫ਼ੀ ਦਾ ਸੁਆਦ ਵੀ ਲਿਆ।

ਸੰਪਰਕ: 84276-85020

Advertisement
×