DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਨੀ ਕਹਾਣੀ: ਥੱਕਿਆਂ ਦੇ ਘਰ ਹਾਰੇ ਹੋਏ ਪ੍ਰਾਹੁਣੇ

ਬਰਜਿੰਦਰ ਕੌਰ ਬਿਸਰਾਓ ਸੁਖਬੀਰ ਤੇ ਸੁਖਜੀਤ ਦੋਵੇਂ ਦਰਾਣੀ-ਜਠਾਣੀ ਕੰਮ ਕਾਰ ਕਰਕੇ ਸ਼ਾਮ ਨੂੰ ਤਿੰਨ ਕੁ ਵਜੇ ਵਿਹਲੀਆਂ ਹੋਈਆਂ ਤਾਂ ਚਾਹ ਧਰ ਲਈ। ਸੁਖਬੀਰ ਦਾ ਤਿੰਨ ਕੁ ਸਾਲਾਂ ਦਾ ਮੁੰਡਾ ਕੱਚੀ ਨੀਂਦਰੇ ਉੱਠਿਆ ਹੋਣ ਕਰਕੇ ਰੀਂ ਰੀਂ ਕਰ ਰਿਹਾ ਸੀ। ਉਸ...

  • fb
  • twitter
  • whatsapp
  • whatsapp
Advertisement

ਬਰਜਿੰਦਰ ਕੌਰ ਬਿਸਰਾਓ

ਸੁਖਬੀਰ ਤੇ ਸੁਖਜੀਤ ਦੋਵੇਂ ਦਰਾਣੀ-ਜਠਾਣੀ ਕੰਮ ਕਾਰ ਕਰਕੇ ਸ਼ਾਮ ਨੂੰ ਤਿੰਨ ਕੁ ਵਜੇ ਵਿਹਲੀਆਂ ਹੋਈਆਂ ਤਾਂ ਚਾਹ ਧਰ ਲਈ। ਸੁਖਬੀਰ ਦਾ ਤਿੰਨ ਕੁ ਸਾਲਾਂ ਦਾ ਮੁੰਡਾ ਕੱਚੀ ਨੀਂਦਰੇ ਉੱਠਿਆ ਹੋਣ ਕਰਕੇ ਰੀਂ ਰੀਂ ਕਰ ਰਿਹਾ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੁੰਡੇ ਨੂੰ ਥਾਪੜ ਕੇ ਸੁਆ ਦੇਵੇ ਪਰ ਉਹ ਨਾ ਹੀ ਸੁੱਤਾ। ਸੁਖਬੀਰ ਨੂੰ ਉਸ ਦੀ ਜਠਾਣੀ ਮਹਿੰਦਰ ਆਖਣ ਲੱਗੀ, ‘‘ਚੱਲ ਨੀ, ਆਪਾਂ ਮੋਟਰ ’ਤੇ ਈ ਚੱਕਰ ਲਾ ਆਉਂਦੀਆਂ। ਨਾਲੇ ਕੋਈ ਸਬਜ਼ੀ ਤੋੜ ਲਿਆਵਾਂਗੀਆਂ, ਨਾਲੇ ਧਨੀਆ ਵੀ ਲੈ ਆਵਾਂਗੀਆਂ। ਇਹ ਤਾਂ ਸਵੇਰੇ ਈ ਕਹਿੰਦੇ ਸੀ ਮੋਟਰ ’ਤੇ ਧਨੀਆ ਬਹੁਤ ਫ਼ੈਲਿਆ ਹੋਇਆ। ਰੋਟੀ ਪਾਣੀ ਨੂੰ ਹਾਲੇ ਹੈਗਾ ਬਥੇਰਾ ਸਮਾਂ।’’ ਦੋਵੇਂ ਜਣੀਆਂ ਮੁੰਡੇ ਨੂੰ ਗੋਦੀ ਚੁੱਕ ਕੇ ਮੋਟਰ ਵੱਲ ਨੂੰ ਤੁਰ ਪਈਆਂ। ਮੋਟਰ ’ਤੇ ਜਾਣ ਲਈ ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ ਸੀ। ਪਿੰਡ ਦੇ ਦੂਜੇ ਪਾਸੇ ਵੱਲ ਦੀ ਵੀ ਉਨ੍ਹਾਂ ਦੇ ਖੇਤ ਡੇਢ ਕਿਲੋਮੀਟਰ ਦੂਰ ਸਨ।

Advertisement

ਹੌਲੀ ਹੌਲੀ ਸੈਰ ਕਰਦੀਆਂ ਉਹ ਮੋੋਟਰ ’ਤੇ ਪੁੱਜ ਗਈਆਂ। ਪਹਿਲਾਂ ਤਾਂ ਉਨ੍ਹਾਂ ਨੇ ਮੋਟਰ ਤੋਂ ਰੱਜ ਕੇ ਤਾਜ਼ਾ ਪਾਣੀ ਪੀਤਾ ਕਿਉਂਕਿ ਉਨ੍ਹਾਂ ਨੂੰ ਤੁਰੀਆਂ ਜਾਂਦੀਆਂ ਨੂੰ ਪਿਆਸ ਲੱਗ ਗਈ ਸੀ। ਫਿਰ ਉਹਨਾਂ ਨੇ ਕਾਮੇ ਤੋਂ ਧਨੀਆ ਤੁੜਵਾਇਆ। ਉਥੇ ਘੁੰਮਦਿਆਂ ਫਿਰਦਿਆਂ ਉਨ੍ਹਾਂ ਕੁਝ ਸਬਜ਼ੀਆਂ ਤੋੜੀਆਂ ਤੇ ਮਗਰੋਂ ਘਰ ਵੱਲ ਹੋ ਤੁਰੀਆਂ। ਜਵਾਕ ਨੇ ਮੁੜ ਗੋਦੀ ਚੜ੍ਹਨ ਦੀ ਜ਼ਿੱਦ ਫੜ ਲਈ, ਪਰ ਹੁਣ ਉਨ੍ਹਾਂ ਕੋਲ ਸਬਜ਼ੀ ਵਾਲਾ ਝੋਲਾ ਵੀ ਸੀ। ਉਹ ਜਦੋਂ ਮੁੰਡੇ ਨੂੰ ਥੋੜ੍ਹਾ ਜਿਹਾ ਤੁਰਨ ਨੂੰ ਆਖਣ ਤਾਂ ਮੁੰਡਾ ਰੋ ਪੈਂਦਾ ਤੇ ਅੜੀ ਕਰਦਾ। ਵਾਰੀ ਵਾਰੀ ਕੋਈ ਮੁੰਡੇ ਨੂੰ ਚੁੱਕਦੀ ਤੇ ਕੋਈ ਸਬਜ਼ੀ ਵਾਲਾ ਥੈਲਾ। ਦੋਵਾਂ ਦੀਆਂ ਬਾਹਾਂ ਆਕੜ ਗਈਆਂ ਸਨ ਤੇ ਪਿਆਸ ਵੀ ਬਹੁਤ ਲੱਗ ਗਈ ਸੀ। ਸੁਖਜੀਤ ਆਖਣ ਲੱਗੀ, ‘‘ਬੱਸ ਆਹ ਚਾਰ ਕੁ ਫਰਲਾਂਗ ਹੋਰ ਆ...ਸੂਏ ’ਤੇ ਮਿੰਦੀ ਚਾਚੀ ਦਾ ਘਰ ਆ...ਨਾਲੇ ਉਹਨੂੰ ਮਿਲ ਜਾਵਾਂਗੀਆਂ ਤੇ ਨਾਲੇ ਚਾਹ ਪਾਣੀ ਪੀ ਜਾਵਾਂਗੀਆਂ।’’

Advertisement

ਉਹ ਗੱਲਾਂ ਬਾਤਾਂ ਕਰਦੀਆਂ ਹੌਲੀ ਹੌਲੀ ਮਿੰਦੀ ਚਾਚੀ ਦੇ ਘਰ ਤੱਕ ਵੀ ਪਹੁੰਚ ਗਈਆਂ। ਸੁਖਜੀਤ ਨੇ ਖੁੱਲ੍ਹੇ ਗੇਟ ਵਿੱਚ ਖੜ੍ਹ ਕੇ ਬਾਹਰੋਂ ਈ ਹਾਕ ਮਾਰੀ, ‘‘ਚਾਚੀ! ਘਰੇ ਈ ਆਂ....!’’ ਅੰਦਰੋਂ ਮੱਝਾਂ ਵਾਲੇ ਪਾਸਿਓਂ ਆਵਾਜ਼ ਆਈ, ‘‘ਆਜੋ ਭਾਈ ਕੌਣ ਆ। ਮੈਂ ਘਰੇ ਈ ਆਂ, ਮੈਂ ਧਾਰਾਂ ਚੋਂਦੀ ਆਂ।’’

‘‘ਮੈਂ ਸੁਖਜੀਤ ਆਂ ਚਾਚੀ...ਮੋਟਰ ਤੋਂ ਆਉਂਦੀਆਂ ਸੀ ਸੋਚਿਆ ਚਾਚੀ ਨੂੰ ਈ ਮਿਲ ਚੱਲੀਏ।’’

‘‘ਆਜੋ ਬਹਿ ਜੋ ਭਾਈ। ਵਿਹੜੇ ’ਚ ਮੰਜਾ ਡਾਹ ਲਓ। ਮੈਂ ਧਾਰਾਂ ਦਾ ਕੰਮ ਨਿਬੇੜ ਕੇ ਆਉਂਦੀ ਆਂ। ਦੋਧੀ ਜਲਦੀ ਆ ਜਾਂਦਾ, ਉਹਨੇ ਸ਼ਹਿਰ ਨੂੰ ਮੁੜਨਾ ਹੁੰਦਾ। ਮੈਨੂੰ ਲੱਗਜੂ ਅੱਧਾ ਪੌਣਾ ਘੰਟਾ।’’

‘‘ਚਾਚੀ..... ਫੇਰ ਕਿਸੇ ਦਿਨ ਸਹੀ..... ਹੁਣ ਤਾਂ ਸਾਨੂੰ ਵੀ ਕਾਹਲੀ ਆ....!’’

ਇਹ ਆਖ ਦੋਵੇਂ ਪਿੰਡ ਵੱਲ ਹੋ ਤੁਰੀਆਂ। ਮਹਿੰਦਰ ਨੇ ਕਿਹਾ, ‘‘ਚੱਲ ਨੀ ਸੁਖਜੀਤ..... ਔਹ ਪਹਿਲੇ ਘਰ ਵਾਲਿਆਂ ਦੇ ਮੇਰੇ ਪੇਕਿਆਂ ਦੀ ਕੁੜੀ ਛਿੰਦੋ ਵਿਆਹੀ ਹੋਈ ਆ...ਆਪਾਂ ਦੋ ਘੜੀ ਓਹਦੇ ਕੋਲ ਬੈਠ ਕੇ ਆਰਾਮ ਕਰਦੀਆਂ। ਨਾਲੇ ਮੇਰੇ ਪੇਕਿਆਂ ਦੇ ਪਿੰਡ ਦੀ ਕੋਈ ਖ਼ਬਰਸਾਰ ਪਤਾ ਲੱਗ ਜਾਊ।’’

ਸੁਖਜੀਤ ਨੇ ਛਿੰਦੋ ਦੇ ਘਰ ਪਹੁੰਚ ਕੇ ਹਾਕ ਮਾਰੀ, ‘‘ਕੁੜੇ ਛਿੰਦੋ! ਘਰੇ ਈ ਐਂ ?’’

‘‘ਛਿੰਦੋ ਘਰੇ ਨ੍ਹੀਂ ਭਾਈ...ਤੁਸੀਂ ਕੌਣ ?’’ ਛਿੰਦੋ ਦੀ ਸੱਸ ਨੇ ਸਾਹਮਣੇ ਕੱਚੇ ਵਿਹੜੇ ਦੇ ਇੱਕ ਪਾਸੇ ਟੋਕੇ ਵਾਲੀ ਮਸ਼ੀਨ ਕੋਲੋਂ ਕਿਹਾ।

‘‘ਮਾਸੀ ਜੀ ਮੈਂ ਤਾਂ ਛਿੰਦੋ ਦੇ ਪਿੰਡੋਂ ਈ ਨਿਆਈਂ ਵਾਲ਼ੇ ਪਾਸਿਓਂ ਸੁਖਜੀਤ ਆਂ...।’’

‘‘ਆਜੋ ਕੁੜੇ, ਲੰਘ ਆਓ। ਛਿੰਦੋ ਤਾਂ ਆਪ ਪੇਕਿਆਂ ਨੂੰ ਤੁਰਗੀ...ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਪੈ ਗਈ... ਆਪੇ ਈ ਰੁੱਗ ਪਾਉਂਦੀ ਆਂ... ਆਪ ਈ ਪੱਠੇ ਕੁਤਰਦੀ ਆਂ। ਤੁਸੀਂ ਦੱਸੋ ਕੁੜੇ ਕੋਈ ਕੰਮ ਸੀ ? ਮੈਂ ਓਹਨੂੰ ਦੱਸ ਦਿਆਂਗੀ।’’

‘‘ਨ੍ਹੀਂ ਨ੍ਹੀਂ ਮਾਸੀ, ਮੈਂ ਤਾਂ ਐਧਰੋਂ ਲੰਘੀ ਜਾਂਦੀ ਸੀ, ਸੋਚਿਆ ਓਹਦਾ ਪਤਾ ਈ ਲੈ ਜਾਂ। ਚੰਗਾ ਮਾਸੀ ਜੀ ਅਸੀਂ ਚੱਲਦੀਆਂ....!’’

‘‘ਚੰਗਾ ਭਾਈ !’’ ਛਿੰਦੋ ਦੀ ਸੱਸ ਨੇ ਬਿਨਾਂ ਦੇਖੇ ਈ ਉਸ ਦੀ ਗੱਲ ਦਾ ਜਵਾਬ ਦਿੱਤਾ।

ਓਹ ਪਿਆਸੀਆਂ ਥੱਕੀਆਂ ਹਾਰੀਆਂ ਅਗਾਂਹ ਤੁਰੀਆਂ ਤਾਂ ਅਗਲੇ ਮੋੜ ’ਤੇ ਘਰਾਂ ਵਿੱਚੋਂ ਈ ਲੱਗਦੀ ਤਾਈ ਦੇ ਘਰ ਮੂਹਰੇ ਖੜ੍ਹ ਕੇ ਤਾਈ ਨੂੰ ਹਾਕ ਮਾਰੀ। ਅੰਦਰੋਂ ਕਿਸੇ ਬੰਦੇ ਦੀ ਅਵਾਜ਼ ਆਈ, ‘‘ਭਾਈ ਉਹ ਤਾਂ ਘਰੇ ਨ੍ਹੀਂ। ਤੁਸੀਂ ਕੌਣ ਬੀਬਾ ਜੀ ?’’ ਹੌਲੀ ਹੌਲੀ ਸੋਟੀ ਦੇ ਆਸਰੇ ਨਾਲ ਤੁਰੇ ਆਉਂਦੇ ਤਾਏ ਨੇ ਪੁੱਛਿਆ।

‘‘ ਤਾਇਆ ਜੀ ਮੈਂ ਭੋਲੇ ਦੇ ਘਰੋਂ।’’

‘‘ਅੱਛਾ ਅੱਛਾ। ਓਹ ਤਾਂ ਭਾਈ ਤੁਹਾਡੇ ਵਾਲੇ ਪਾਸੇ ਈ ਕਿਸੇ ਦੇ ਮੁੰਡਾ ਹੋਇਆ। ਓਹਨੂੰ ਸ਼ਗਨ ਦੇਣ ਗਈ ਸੀ। ਓਹ ਤਾਂ ਆਂਹਦੀ ਸੀ ਤੁਹਾਨੂੰ ਵੀ ਮਿਲ ਕੇ ਆਊਗੀ।’’ ਤਾਏ ਨੇ ਬਾਰ ਨਾਲ ਟੇਕ ਲਾ ਕੇ ਖੜ੍ਹਦਿਆਂ ਕਿਹਾ।

‘‘ਚੰਗਾ ਤਾਇਆ ਅਸੀਂ ਚੱਲਦੀਆਂ ਫਿਰ।’’ ਇਹ ਆਖ ਦੋਵੇਂ ਤੁਰ ਪਈਆਂ। ਹੁਣ ਉਨ੍ਹਾਂ ਸਿੱਧਾ ਘਰ ਜਾ ਕੇ ਹੀ ਸਾਹ ਲੈਣ ਦੀ ਸੋਚੀ।

ਜਿਵੇਂ ਈ ਉਹ ਘਰ ਮੂਹਰੇ ਪਹੁੰਚੀਆਂ ਤਾਂ ਉੱਥੇ ਤਾਈ ਖੜ੍ਹੀ ਉਹਨਾਂ ਨੂੰ ਉਡੀਕ ਰਹੀ ਸੀ। ‘‘ਆਜੋ ਨੀ ਕੁੜੀਓ! ਮੈਂ ਤਾਂ ਕਦੋਂ ਦੀ ਉਡੀਕਦੀਆਂ ਖੜ੍ਹੀ। ਸੋਚਿਆ...... ਅੱਜ ਬਹੂਆਂ ਦੇ ਹੱਥ ਦੀ ਬਣੀ ਘੁੱਟ ਚਾਹ ਪੀ ਕੇ ਈ ਜਾਊਂ।’’

ਸੁਖਜੀਤ ਤੇ ਮਹਿੰਦਰ ਸਾਹੋ ਸਾਹ ਹੋਈਆਂ ਇੱਕ ਦੂਜੇ ਵੱਲ ਵੇਖ ਕੇ ਹੱਸਣ ਲੱਗੀਆਂ ਜਿਵੇਂ ਬਿਨਾਂ ਬੋਲੇ ਹੀ ਇੱਕ ਦੂਜੇ ਨੂੰ ਕਹਿ ਰਹੀਆਂ ਹੋਣ, ‘‘ਲੈ ਨੀ ਭੈਣੇ! ਆ ਗਏ ਥੱਕਿਆਂ ਦੇ ਘਰ ਹਾਰੇ ਹੋਏ ਪ੍ਰਾਹੁਣੇ।’’

ਸੰਪਰਕ: 99889-01324

* * * * * *

Advertisement
×