DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਨੀ ਕਹਾਣੀ

ਛੱਲੋ ਕੁਲਵੰਤ ਸਿੰਘ ਸੰਘੋਲ ਗੱਲ ਮੇਰੇ ਬਚਪਨ ਦੀ ਹੈ। ਸਾਡੇ ਪਿੰਡ ਦੀ ਸ਼ਾਮਲਾਟ ਜ਼ਮੀਨ (ਜਿਸ ਨੂੰ ਪਿੰਡ ਵਾਸੀ ਚਰਾਂਦ ਸੱਦਦੇ ਸਨ) ਵਿੱਚ ਅਕਸਰ ਪਿੰਡ ਵਾਸੀ ਆਪਣੀਆਂ ਮੱਝਾਂ, ਗਾਵਾਂ ਅਤੇ ਬੱਕਰੀਆਂ ਚਰਾਇਆ ਕਰਦੇ ਸਨ। ਪਿੰਡ ਦਾ ਹੀ ਇਕ ਆਜੜੀ, ਜਿਸ ਦਾ...

  • fb
  • twitter
  • whatsapp
  • whatsapp
Advertisement

ਛੱਲੋ

ਕੁਲਵੰਤ ਸਿੰਘ ਸੰਘੋਲ

ਗੱਲ ਮੇਰੇ ਬਚਪਨ ਦੀ ਹੈ। ਸਾਡੇ ਪਿੰਡ ਦੀ ਸ਼ਾਮਲਾਟ ਜ਼ਮੀਨ (ਜਿਸ ਨੂੰ ਪਿੰਡ ਵਾਸੀ ਚਰਾਂਦ ਸੱਦਦੇ ਸਨ) ਵਿੱਚ ਅਕਸਰ ਪਿੰਡ ਵਾਸੀ ਆਪਣੀਆਂ ਮੱਝਾਂ, ਗਾਵਾਂ ਅਤੇ ਬੱਕਰੀਆਂ ਚਰਾਇਆ ਕਰਦੇ ਸਨ।

Advertisement

ਪਿੰਡ ਦਾ ਹੀ ਇਕ ਆਜੜੀ, ਜਿਸ ਦਾ ਨਾਮ ਬਾਰੂ ਸੀ, ਆਪਣੀਆਂ 15-20 ਬੱਕਰੀਆਂ ਲੈ ਕੇ ਰੋਜ਼ ਚਰਾਂਦ ਵਿੱਚ ਜਾਂਦਾ ਅਤੇ ਉਹ ਚਰਾਂਦ ਦੇ ਨੇੜੇ ਸੜਕ ਕੰਢੇ ਖੜ੍ਹੀਆਂ ਕਿੱਕਰਾਂ ਤੋਂ ਆਪਣੀ ਲੰਮੀ ਬਾਂਕ ਨਾਲ ਕਿੱਕਰ ਦੇ ਤੁੱਕੇ ਤੋੜ ਕੇ ਬੱਕਰੀਆਂ ਨੂੰ ਖੁਆਇਆ ਕਰਦਾ ਸੀ। ਉਹਦੀਆਂ ਬੱਕਰੀਆਂ ਦੇ ਦੋ-ਤਿੰਨ ਮੇਮਣੇ ਅਤੇ ਮੇਮਣੀਆਂ ਵੀ ਸਨ। ਪਿੰਡ ਦੇ ਲੋਕ ਉਸ ਨੂੰ ਬਾਰੂ ਬੱਕਰੀਆਂ ਵਾਲਾ ਸੱਦਦੇ ਸਨ। ਪਿੰਡ ਦੇ ਕਈ ਮਨਚਲੇ ਨੌਜਵਾਨ ਬਾਰੂ ਨੂੰ ਬੱਕਰੀਆਂ ਲੈ ਕੇ ਆਉਂਦਿਆਂ ਵੇਖ ਕੇ ਉੱਚੀ ਆਵਾਜ਼ ਵਿੱਚ ਛੇੜਦੇ, “ਉਏ ਬਾਰੂ ! ਜਦ ਤੂੰ ਮਰ ਗਿਆ, ਤੇਰੀਆਂ ਬੱਕਰੀਆਂ ਕੌਣ ਚਾਰੂ।’’

Advertisement

ਉਨ੍ਹਾਂ ਦੀ ਗੱਲ ਸੁਣ ਕੇ ਬਾਰੂ ਆਜੜੀ ਇਕ ਟੱਕ ਉਨ੍ਹਾਂ ਵੱਲ ਵੇਖਦਾ ਅਤੇ ਬਿਨਾਂ ਕੁਝ ਬੋਲਿਆਂ ਘੇਸਲ ਜਿਹੀ ਵੱਟ ਕੇ ਆਪਣੀਆਂ ਬੱਕਰੀਆਂ ਨਾਲ ਅੱਗੇ ਲੰਘ ਜਾਂਦਾ। ਬਾਰੂ ਬਹੁਤ ਹੀ ਨੇਕ ਦਿਲ ਇਨਸਾਨ ਸੀ।

ਮੈਂ ਬਾਰੂ ਦੀਆਂ ਬੱਕਰੀਆਂ ਨੂੰ ਤੱਕਦਾ ਤਾਂ ਮੈਨੂੰ ਉਹਦੀਆਂ ਬੱਕਰੀਆਂ ਦੇ ਨਿੱਕੇ ਮੇਮਣੇ ਬਹੁਤ ਪਿਆਰੇ ਲੱਗਦੇ। ਇਕ ਦਿਨ ਮੈਂ ਆਪਣੇ ਘਰ ਦੇ ਬੂਹੇ ਦੇ ਬਾਹਰ ਖੇਡ ਰਿਹਾ ਸੀ। ਬਾਰੂ ਸਾਡੇ ਘਰ ਦੇ ਕੋਲੋਂ ਬੱਕਰੀਆਂ ਲੈ ਕੇ ਲੰਘ ਰਿਹਾ ਸੀ। ਮੈਂ ਦੌੜ ਕੇ ਉਹ ਦੀ ਸਭ ਤੋਂ ਛੋਟੀ ਮੇਮਣੀ ਫੜ ਲਈ ਅਤੇ ਇਹ ਵੇਖ ਕੇ ਬਾਰੂ ਆਜੜੀ ਹੱਸਣ ਲੱਗ ਪਿਆ। ਤੂੰ ਲੈਣਾ ਏ ਇਹਨੂੰ ? ਮੈਂ ਖੁਸ਼ ਹੁੰਦਿਆਂ ‘ਹਾਂ’ ਵਿੱਚ ਸਿਰ ਹਿਲਾਇਆ। ਬਾਰੂ ਦਾ ਮੇਰੇ ਬਾਪੂ ਅਤੇ ਬੇਬੇ ਨਾਲ ਚੰਗਾ ਪਿਆਰ ਸੀ। ਉਹਨੇ ਮੇਮਣੀ ਨੂੰ ਚੁੱਕ ਕੇ ਮੇਰੇ ਘਰ ਦੇ ਵਿਹੜੇ ਵਿੱਚ ਬੈਠੀ ਚਰਖਾ ਕੱਤ ਰਹੀ ਮੇਰੀ ਬੇਬੇ ਦੇ ਕੋਲ ਲਿਆ ਛੱਡਦੇ ਹੋਏ ਕਿਹਾ, ‘‘ਲਓ ਜੀ! ਕਾਕੇ ਨੂੰ ਖੇਡਣ ਦਿਓ ਇਹਦੇ ਨਾਲ ਮੈਂ ਥੋੜ੍ਹੀ ਦੇਰ ਵਿੱਚ ਲੈ ਜੂ ਇਹਨੂੰ।’’ ਇਹ ਕਹਿੰਦਿਆਂ ਬਾਰੂ ਆਪਣੀਆਂ ਬੱਕਰੀਆਂ ਨੂੰ ਲੈ ਕੇ ਚਰਾਂਦ ਵੱਲ ਨੂੰ ਹੋ ਤੁਰਿਆ। ਐਨੇ ਨੂੰ ਮੇਰਾ ਬਾਪੂ ਵੀ ਚਾਰਾ ਲੈ ਕੇ ਆ ਗਿਆ। ਝਟਪਟ ਮੇਰੀ ਬੇਬੇ ਨੇ ਮੇਰੇ ਬਾਪੂ ਨੂੰ ਮੇਮਣੀ ਵਾਲੀ ਸਾਰੀ ਗੱਲ ਸਮਝਾ ਦਿੱਤੀ। ਮੈਂ ਬਾਪੂ ਦੇ ਲਿਆਂਦੇ ਚਾਰੇ ਵਿੱਚੋਂ ਘਾਹ ਦੀਆਂ ਨਰਮ ਨਰਮ ਪੱਤੀਆਂ ਚੁਣ ਕੇ ਮੇਮਣੀ ਦੇ ਮੂੰਹ ਵਿੱਚ ਪਾਉਣ ਲੱਗ ਪਿਆ।

ਤਰਕਾਲਾਂ ਵੇੇਲੇ ਬੱਕਰੀਆਂ ਚਾਰ ਕੇ ਘਰ ਪਰਤ ਰਹੇ ਬਾਰੂ ਨੇ ਸਾਡੇ ਘਰ ਸਾਹਮਣੇ ਆ ਕੇ ਆਵਾਜ਼ ਦਿੱਤੀ, ‘‘ਖੇਡ ਲਿਆ ਕਾਕਾ! ਹੁਣ ਲੈ ਜਾਵਾਂ ਇਹਨੂੰ।’’ ਜਦੋਂ ਉਹਨੇ ਮੇਮਣੀ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤਾਂ ਮੇਰਾ ਮਨ ਉਦਾਸ ਹੋ ਗਿਆ। ਮੇਰਾ ਰੋਣਹਾਕਾ ਮੂੰਹ ਵੇਖ ਕੇ ਉਸ ਨੇ ਆਪਣਾ ਇਰਾਦਾ ਬਦਲਦਿਆਂ ਕਿਹਾ, ‘‘ਕੋਈ ਨਾ ਜੀ ! ਅੱਜ ਆਪਣੇ ਘਰ ਹੀ ਬੰਨ੍ਹ ਲਿਓ ਇਹਨੂੰ। ਮੈਂ ਕੱਲ੍ਹ ਲੈ ਜਾਵਾਂਗਾ।’’ ਮੇਰੇ ਬਾਪੂ ਨੇ ਮੇਮਣੀ ਨੂੰ ਮੱਝਾਂ ਦੇ ਨੇੜੇ ਇਕ ਖਾਲੀ ਪਏ ਕਿੱਲੇ ਨਾਲ ਬੰਨ੍ਹ ਦਿੱਤਾ। ਮੈਂ ਖੁਸ਼ੀ ਵਿੱਚ ਝੂਮਦੇ ਹੋਏ ਆਪਣੇ ਬਾਪੂ ਨੂੰ ਕਹਿਕੇ ਆਪਣਾ ਮੰਜਾ ਮੇਮਣੀ ਦੇ ਨੇੜੇ ਨੂੰ ਕਰ ਲਿਆ ਤੇ ਘੜੀ-ਮੁੜੀ ਮੇਮਣੀ ਵੱਲ ਤੱਕਣ ਲੱਗਾ। ਮੇਮਣੀ ਦੀ ਆਮਦ ਦੀ ਖੁਸ਼ੀ ’ਚ ਮੇਰੀ ਭੁੱਖ ਵੀ ਮਰ ਗਈ ਸੀ। ਹਰ ਰੋਜ਼ ਬਾਰੂ ਆਜੜੀ ਆਪਣੀ ਮੇਮਣੀ ਲਈ ਕੁਝ ਕਿੱਕਰ ਦੇ ਤੁੱਕੇ ਲੈ ਕੇ ਉਹਨੂੰ ਵੇਖਣ ਆਉਂਦਾ। ਬਾਰੂ ਨੂੰ ਵੇਖਦੇ ਸਾਰ ਮੇਰਾ ਮਨ ਉਦਾਸ ਹੋ ਜਾਂਦਾ। ਮੇਰੇ ਅੰਦਰ ਇਹ ਖ਼ੌਫ ਬਣ ਜਾਂਦਾ ਕਿ ਅੱਜ ਬਾਰੂ ਨੇ ਇਹਨੂੰ ਨਾਲ ਲੈ ਜਾਣਾ ਹੈ ਪਰ ਮੇਮਣੀ ਨਾਲ ਮੇਰਾ ਲਗਾਅ ਦੇਖ ਕੇ ਉਹ ਬੇਵੱਸ ਜਿਹਾ ਹੋ ਕੇ ਉਸ ਅੱਗੇ ਤੁੱਕੇ ਸੁੱਟ ਕੇ ਮੁੜ ਜਾਂਦਾ। ਜਾਂਦਾ ਜਾਂਦਾ ਉਹ ਆਖਦਾ, ‘‘ਲੱਗਦੈ ਅਜੇ ਦਿਲ ਨਹੀਂ ਭਰਿਆ ਮੱਲਾ ਤੇਰਾ !’’ ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ।

ਆਖਰ ਇਕ ਦਿਨ ਮੇਰੇ ਬਾਪੂ ਨੇ ਮੇਮਣੀ ਨਾਲ ਮੇਰੇ ਲਗਾਅ ਨੂੰ ਦੇਖਦਿਆਂ ਬਾਰੂ ਆਜੜੀ ਨੂੰ ਕਿਹਾ,‘‘ ਭਾਈ ਸਾਡਾ ਮੁੰਡਾ ਤਾਂ ਬਾਹਲਾ ਹੀ ਵੈਰਾਗ ਕਰਦੈ ਇਹਦਾ। ਕੀ ਕਰੀਏ ?’’ ‘‘ ਮੇਮਣੀ ਰੱਖ ਲਓ, ਤੁਸੀਂ ਐਡੀ ਕਿਹੜੀ ਗੱਲ ਏ ਸਰਦਾਰ ਜੀ ! ਆਪਣਾ ਬੱਚਾ ਹੈ ਇਹ। ਇਹਨੂੰ ਉਦਾਸ ਕਿਉਂ ਕਰਨਾ ਏ।’’ ਮੇਰੇ ਬਾਪੂ ਨੇ ਸਹਿਮਤੀ ਭਰਦੇ ਹੋਏ ਅਖੀਰ ਬਾਰੂ ਆਜੜੀ ਦੇ ਨਾ ਚਾਹੁੰਦਿਆਂ ਹੋਇਆਂ ਵੀ ਮੇਮਣੀ ਦੇ ਬਣਦੇ ਪੈਸੇ ਉਸ ਨੂੰ ਦੇ ਦਿੱਤੇ।

ਮੇਰੀ ਬੇਬੇ ਨੇ ਬੜੇ ਪਿਆਰ ਨਾਲ ਉਸ ਮੇਮਣੀ ਦਾ ਨਾਂ ‘ਛੱਲੋ’ ਰੱਖਿਆ।

ਹੌਲੀ-ਹੌਲੀ ਛੱਲੋ ਜਵਾਨ ਹੋਣ ਲੱਗੀ। ਸਾਰੇ ਪਰਿਵਾਰ ਦਾ ਛੱਲੋ ਦੇ ਨਾਲ ਮੋਹ ਪੈ ਗਿਆ। ਕਈ ਵਾਰ ਮੈਂ ਆਪਣੇ ਬਾਪੂ ਨਾਲ ਜਾ ਕੇ ਛੱਲੋ ਲਈ ਕਿੱਕਰਾਂ ਦੇ ਤੁੱਕੇ ਵੀ ਲੈ ਆਉਂਦਾ। ਛੱਲੋ ਬਹੁਤ ਖੁਸ਼ ਹੋ ਕੇ ਤੁੱਕੇ ਖਾਇਆ ਕਰਦੀ ਸੀ। ਛੱਲੋ ਦੇ ਗਲ ਵਿੱਚ ਪਾਈ ਰੱਸੀ ਢਿੱਲੀ ਹੋਣ ਕਾਰਨ ਕਈ ਵਾਰ ਉਹ ਆਪਣੇ ਆਪ ਹੀ ਖੁੱਲ੍ਹ ਜਾਂਦੀ ਅਤੇ ਪੌੜੀਆਂ ਵਿੱਚੋਂ ਦੁੜੰਗੇ ਮਾਰਦੀ ਝੱਟ ਕੋਠੇ ਉੱਤੇ ਜਾ ਚੜ੍ਹਦੀ, ਜਿਸਦਾ ਕਈ ਵਾਰ ਸਾਨੂੰ ਪਤਾ ਵੀ ਨਹੀਂ ਸੀ ਲੱਗਦਾ ਪਰ ਕੋਠੇ ਦੇ ਬਨੇਰਿਆਂ ਉੱਤੇ ਜੰਗਲੇ ਬਣੇ ਹੋਣ ਕਰਕੇ ਉਹਦੇ ਹੇਠਾਂ ਡਿੱਗਣ ਦਾ ਕੋਈ ਖਤਰਾ ਨਹੀਂ ਸੀ ਹੁੰਦਾ। ਜਦੋਂ ਕਦੇ ਵੀ ਕੋਠੇ ’ਤੇ ਚੜ੍ਹ ਜਾਣ ਕਾਰਣ ਛੱਲੋ ਸਾਡੀਆਂ ਅੱਖਾਂ ਤੋਂ ਦੂਰ ਹੁੰਦੀ ਤਾਂ ਮੇਰੀ ਮਾਂ ਉਸ ਦਾ ਨਾਂ ਲੈ ਕੇ ਆਵਾਜ਼ ਲਾਉਂਦੀ। ਮਾਂ ਦੀ ਆਵਾਜ਼ ਸੁਣਦੇ ਸਾਰ ਛੱਲੋ ਬਨੇਰੇ ਨੇੜੇ ਜੰਗਲੇ ਕੋਲ ਆ ਕੇ ਆਪਣਾ ਮੂੰਹ ਹੇਠਾਂ ਵੱਲ ਕਰਕੇ ਉੱਚੀ ਜਿਹੇ “ਮੈਂ...” ਦੀ ਆਵਾਜ਼ ਇਵੇਂ ਕੱਢਦੀ, ਜਿਵੇਂ ਉਹਨੂੰ ਆਪਣੇ ਨਾਮ ਦਾ ਇਲਮ ਹੋ ਗਿਆ ਹੋਵੇ। ਉਹਦੀ ਆਵਾਜ਼ ਸੁਣ ਕੇ ਸਾਡੇ ਚਿਹਰਿਆਂ ’ਤੇ ਖੁਸ਼ੀ ਛਾ ਜਾਂਦੀ ਸੀ।

ਸਾਡੇ ਪਰਿਵਾਰ ਨਾਲ ਅਪਣੱਤ ਦਾ ਰਿਸ਼ਤਾ ਰੱਖਣ ਵਾਲਾ ਬਾਰੂ ਆਜੜੀ ਵੀ ਕਦੇ-ਕਦੇ ਛੱਲੋ ਦਾ ਪਤਾ ਲੈਣ ਆ ਜਾਂਦਾ ਅਤੇ ਸਾਡੀ ਸਹਿਮਤੀ ਨਾਲ ਛੱਲੋ ਨੂੰ ਵੀ ਆਪਣੀਆਂ ਬੱਕਰੀਆਂ ਦੇ ਨਾਲ ਚਰਾਂਦ ਵਿੱਚ ਲਿਜਾ ਕੇ ਵੰਨ-ਸੁਵੰਨੀਆਂ ਜੜੀਆਂ-ਬੂਟੀਆਂ ਖੁਆ ਲਿਆਉਂਦਾ ਅਤੇ ਵਾਪਸ ਉਸ ਨੂੰ ਸਾਡੇ ਵਿਹੜੇ ਵਿੱਚ ਛੱਡ ਜਾਂਦਾ। ਬਾਰੂ ਦੀ ਅਜਿਹੀ ਖਾਤਿਰਦਾਰੀ ਨਾਲ ਛੱਲੋ ਕਾਫੀ ਤਕੜੀ ਦਿੱਸਣ ਲੱਗ ਪਈ ਸੀ। ਜਦੋਂ ਮੈਂ ਸਕੂਲ ਜਾਣ ਲੱਗਦਾ ਤਾਂ ਇਕ ਵਾਰ ਰੋਜ਼ ਛੱਲੋ ਦੇ ਕੋਲ ਜਾ ਕੇ ਉਹਦਾ ਸਿਰ ਪਲੋਸਦਾ ਅਤੇ ਸਕੂਲ ਤੋਂ ਵਾਪਸ ਆ ਕੇ ਸਕੂਲ ਦਾ ਬਸਤਾ ਰੱਖ ਕੇ ਮੁੜ ਛੱਲੋ ਦੇ ਦੁਆਲੇ ਹੋ ਜਾਂਦਾ।

ਇਕ ਦਿਨ ਬਾਰੂ ਆਜੜੀ ਸਾਡੇ ਘਰ ਆ ਕੇ ਛੱਲੋ ਬਾਰੇ ਮੇਰੇ ਬਾਪੂ ਨਾਲ ਕਾਫੀ ਦੇਰ ਤੱਕ ਗੱਲਾਂ ਕਰਦਾ ਰਿਹਾ। ਉਹਦੀਆਂ ਗੱਲਾਂ ਤੋਂ ਬਾਅਦ ਮੇਰੇ ਬਾਪੂ ਨੇ ਖੁਸ਼ੀ ਜਾਹਿਰ ਕਰਦਿਆਂ ਮੇਰੀ ਬੇਬੇ ਨੂੰ ਛੱਲੋ ਦੇ ਗਰਭਵਤੀ ਹੋਣ ਦੀ ਖ਼ਬਰ ਸੁਣਾਉਂਦਿਆਂ ਦੱਸਿਆ ਕਿ ਘਰ ਵਿੱਚ ਹੁਣ ਇਕ ਛੱਲੋ ਹੋਰ ਆ ਜਾਣੀ ਹੈ। ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਚਾਨਕ ਛੱਲੋ ਕੁਝ ਬੀਮਾਰ ਜਿਹੀ ਰਹਿਣ ਲੱਗੀ ਅਤੇ ਉਹ ਪਹਿਲਾਂ ਜਿੰਨੀ ਖੁਰਾਕ ਨਹੀਂ ਸੀ ਖਾਂਦੀ। ਬਾਰੂ ਆਜੜੀ ਵੀ ਹਰ ਰੋਜ਼ ਸਾਡੇ ਘਰ ਆ ਕੇ ਛੱਲੋ ਨੂੰ ਵੇਖਦਾ ਅਤੇ ਆਪਣੀ ਸਮਝ ਤੇ ਤਜਰਬੇ ਮੁਤਾਬਕ ਛੱਲੋ ਲਈ ਲੋੜੀਂਦੀ ਦਵਾ-ਦਾਰੂ ਕਰਨ ਬਾਰੇ ਮੇਰੇ ਬਾਪੂ ਨੂੰ ਸਲਾਹ ਦੇ ਜਾਂਦਾ। ਬਾਰੂ ਦੀ ਸਲਾਹ ਮੁਤਾਬਕ ਮੇਰਾ ਬਾਪੂ ਓਹੜ-ਪੋਹੜ ਕਰਦਾ ਰਹਿੰਦਾ ਪਰ ਛੱਲੋ ਦੀ ਹਾਲਤ ਜਿਵੇਂ ਦੀ ਤਿਵੇਂ ਹੀ ਸੀ। ਛੱਲੋ ਦੀ ਹਾਲਤ ਠੀਕ ਨਾ ਹੋਣ ਕਾਰਨ ਮੇਰਾ ਦਿਲ ਵੀ ਨਹੀਂ ਸੀ ਲੱਗਦਾ।

ਦੋ-ਤਿੰਨ ਦਿਨ ਬੀਤਣ ਮਗਰੋਂ ਛੱਲੋ ਨੇ ਇਕ ਮੇਮਣੀ ਨੂੰ ਜਨਮ ਦਿੱਤਾ ਅਤੇ ਉਸ ਦੀ ਹਾਲਤ ਹੋਰ ਵਿਗੜ ਗਈ। ਮੇਰੇ ਬਾਪੂ ਅਤੇ ਬਾਰੂ ਆਜੜੀ ਵੱਲੋਂ ਕੀਤੇ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਛੱਲੋ ਬੱਚ ਨਾ ਸਕੀ। ਛੱਲੋ ਨੂੰ ਮਰੀ ਪਈ ਵੇਖ ਕੇ ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਵਹਿ ਤੁਰੇ ਅਤੇ ਘਰ ਵਿੱਚ ਵੀ ਘੋਰ ਉਦਾਸੀ ਛਾ ਗਈ ਸੀ। ਜਦ ਮੇਰੇ ਬਾਪੂ ਦੇ ਕਹਿਣ ’ਤੇ ਬਾਰੂ ਆਜੜੀ ਮਰੀ ਹੋਈ ਛੱਲੋ ਨੂੰ ਲੈ ਕੇ ਜਾਣ ਲੱਗਾ ਤਾਂ ਮੈਂ ਹਟਕੋਰੇ ਲੈਂਦੇ ਹੋਏ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੇਰੀ ਬੇਬੇ ਨੇ ਮੈਨੂੰ ਹਿੱਕ ਨਾਲ ਲਾ ਕੇ ਚੁੱਪ ਕਰਵਾਉਣ ਦਾ ਬਥੇਰਾ ਯਤਨ ਕੀਤਾ ਪਰ ਮੇਰੇ ਹਟਕੋਰੇ ਬੰਦ ਨਾ ਹੋਏ। ਬਾਰੂ ਆਜੜੀ ਨੇ ਵੀ ਮੈਨੂੰ ਦਿਲਾਸਾ ਦਿੰਦਿਆਂ ਕਿਹਾ, ‘‘ਕੋਈ ਨਾ ਪੁੱਤ ਆਹ ਮੇਮਣੀ ਤੇਰੇ ਕੋਲ ਈ ਰਹਿਣੀ ਐ।’’ ਉਹਦੇ ਦਿਲਾਸੇ ਭਰੇ ਸ਼ਬਦ ਵੀ ਮੇਰੇ ਤੇ ਕੋਈ ਅਸਰ ਨਾ ਪਾ ਸਕੇ ਅਤੇ ਮੈਂ ਹਟਕੋਰੇ ਲੈਂਦਿਆਂ ਸਿਰਫ ਨਾਂਹ-ਨਾਂਹ ਕਹਿਕੇ ਆਪਣਾ ਹੱਥ ਹਿਲਾਇਆ ਅਤੇ ਆਪਣੀ ਮਾਂ ਦੀਆਂ ਲੱਤਾਂ ਨੂੰ ਚਿੰਬੜਕੇ ਉੱਚੀ-ਉੱਚੀ ਰੋਣ ਲੱਗ ਪਿਆ। ਮੇਰੀ ਹਾਲਤ ਵੇਖ ਕੇ ਮੇਰੇ ਬਾਪੂ ਨੇ ਬਾਰੂ ਨੂੰ ਮਰੀ ਹੋਈ ਛੱਲੋ ਅਤੇ ਨਵ-ਜੰਮੀ ਮੇਮਣੀ ਨੂੰ ਲੈ ਕੇ ਜਾਣ ਦਾ ਇਸ਼ਾਰਾ ਕਰ ਦਿੱਤਾ। ਮੈਨੂੰ ਰੋਂਦੇ ਨੂੰ ਚੁੱਪ ਕਰਵਾਉਣ ਲਈ ਮੇਰੀ ਬੇਬੇ ਮੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਮੇਰਾ ਸਿਰ ਪਲੋਸਣ ਲੱਗੀ। ਛੱਲੋ ਦੇ ਵਿਯੋਗ ਨੇ ਮੇਰੇ ਬਾਲ ਮਨ ਤੇ ਅਜਿਹਾ ਅਸਰ ਪਾਇਆ ਕਿ ਉਸੇ ਰਾਤ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਮੇਰੇ ਬਾਪੂ ਨੇ ਕਈ ਡਾਕਟਰਾਂ, ਵੈਦਾਂ ਹਕੀਮਾਂ ਤੋਂ ਦਵਾ-ਦਾਰੂ ਕਰਵਾਈ, ਪਰ ਮੈਨੂੰ ਚੜ੍ਹਿਆ ਤੇਈਆ ਬੁਖਾਰ ਨਾ ਉਤਰਿਆ। ਮੇਰੀ ਹਾਲਤ ਵੇਖ ਕੇ ਬਾਪੂ ਅਤੇ ਬੇਬੇ ਵੀ ਬਹੁਤ ਹੀ ਫਿਕਰਮੰਦ ਅਤੇ ਉਦਾਸ ਸਨ। ਮੇਰੇ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀ ਵੀ ਮੇਰੀ ਖ਼ਬਰ ਪੁੱਛਣ ਸਾਡੇ ਘਰ ਆਉਂਦੇ ਰਹੇ। ਮੈਂ ਅਕਸਰ ਬੇਬੇ ਨੂੰ ਬਾਪੂ ਨਾਲ ਗੱਲ ਕਰਦਿਆਂ ਸੁਣਿਆ ਸੀ ਕਿ ਮੈਂ ਸੁੱਤਾ ਪਿਆ ਕਈ ਵਾਰ ਛੱਲੋ ਦਾ ਨਾਂ ਲੈਂਦਾ ਹਾਂ। ਬਾਪੂ ਅਤੇ ਬੇਬੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਉਹ ਕੀ ਕਰਨ ? ਗਰਮੀ ਦੀ ਰੁੱਤ ’ਚ ਇਕ ਸਵੇਰ ਤੇਈਏ ਬੁਖਾਰ ਦਾ ਝੰਬਿਆ ਜਦ ਮੈਂ ਆਪਣੇ ਬਾਪੂ ਕੋਲ ਮੰਜੇ ਉੱਤੇ ਸੁੱਤਾ ਪਿਆ ਸੀ ਤਾਂ ਕਿਸੇ ਨੇ ਉੱਚੀ ਆਵਾਜ਼ ਦਿੰਦਿਆਂ ਸਾਡਾ ਬੂਹਾ ਖੜਕਾਇਆ। ਉੱਚੀ ਆਵਾਜ਼ ਸੁਣਕੇ ਮੈਂ ਤ੍ਰਭਕ ਕੇ ਉੱਠਿਆ ਅਤੇ ਮੇਰੇ ਬਾਪੂ ਨੇ ਜਦ ਬੂਹਾ ਖੋਲ੍ਹਿਆ ਤਾਂ ਬਾਰੂ ਆਜੜੀ ਮੇਮਣੀ ਲੈ ਕੇ ਖੜ੍ਹਾ ਸੀ। ਮੇਰੇ ਕੋਲ ਆ ਕੇ ਉਹ ਕਹਿਣ ਲੱਗਾ ਕਿ ਲੈ ਬਈ ਸ਼ੇਰਾ! ਤੇਰੀ ਛੱਲੋ ਮੁੜ ਕੇ ਆ ਗਈ ਐ, ਹੁਣ ਨੌ-ਬਰ-ਨੌ ਹੋ ਜਾ ਛੇਤੀ। ਮੇਮਣੀ ਦਾ ਰੱਸਾ ਮੇਰੇ ਮੰਜੇ ਦੇ ਪਾਵੇ ਨਾਲ ਬੰਨ੍ਹ ਕੇ ਬਾਰੂ ਆਜੜੀ ਵਾਪਸ ਚਲਾ ਗਿਆ। ਹੁਣ ਮੁੜ ਛੱਲੋ ਸਾਡੇ ਵਿਹੜੇ ਦਾ ਸ਼ਿੰਗਾਰ ਬਣ ਗਈ ਸੀ ਅਤੇ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵੀ ਤੇਈਆ ਨਹੀਂ ਸੀ ਚੜਿ੍ਹਆ।

ਸੰਪਰਕ: 75289-26135

Advertisement
×