ਮਿਨੀ ਕਹਾਣੀਆਂ: ਸਫ਼ਰ ਤੇ ਸਿੱਖਿਆ
ਦਰਸ਼ਨ ਸਿੰਘ ਸਵੇਰ ਦਾ ਵੇਲਾ ਸੀ। ਸੰਗਰੂਰ ਰੇਲਵੇ ਚੌਕ ਕੋਲ ਮੈਂ ਸਕੂਟਰ ’ਤੇ ਘਰ ਵੱਲ ਜਾ ਰਿਹਾ ਸੀ। ਰੇਲਵੇ ਚੌਕ ਕੋਲ ਇੱਕ ਬਿਰਧ ਵਿਅਕਤੀ ਨੇ ਲਿਫ਼ਟ ਲੈਣ ਲਈ ਮੈਨੂੰ ਸਕੂਟਰ ਰੋਕਣ ਦਾ ਇਸ਼ਾਰਾ ਕੀਤਾ। ਮੈਂ ਸਕੂਟਰ ਰੋਕ ਕੇ ਉਸ ਨੂੰ...
ਦਰਸ਼ਨ ਸਿੰਘ
ਸਵੇਰ ਦਾ ਵੇਲਾ ਸੀ। ਸੰਗਰੂਰ ਰੇਲਵੇ ਚੌਕ ਕੋਲ ਮੈਂ ਸਕੂਟਰ ’ਤੇ ਘਰ ਵੱਲ ਜਾ ਰਿਹਾ ਸੀ। ਰੇਲਵੇ ਚੌਕ ਕੋਲ ਇੱਕ ਬਿਰਧ ਵਿਅਕਤੀ ਨੇ ਲਿਫ਼ਟ ਲੈਣ ਲਈ ਮੈਨੂੰ ਸਕੂਟਰ ਰੋਕਣ ਦਾ ਇਸ਼ਾਰਾ ਕੀਤਾ।
ਮੈਂ ਸਕੂਟਰ ਰੋਕ ਕੇ ਉਸ ਨੂੰ ਪੁੱਛਿਆ, ‘‘ਕਿੱਥੇ ਜਾਣਾ ਏ ਬਾਬਾ ਜੀ।’’ ਉਸ ਬਜ਼ੁਰਗ ਨੇ ਧੀਮੀ ਆਵਾਜ਼ ਵਿੱਚ ਪੁੱਛਿਆ, ‘‘ਹਸਪਤਾਲ ਵਾਲੇ ਰਾਹ ਜਾਂਦਾ ਏਂ ਪੁੱਤਰਾ? ਮੈਨੂੰ ਵੀ ਉਥੇ ਲਾਹ ਦਵੀਂ।’’ ਇਹ ਆਖ ਕੇ ਬਜ਼ੁਰਗ ਮੇਰੇ ਸਕੂਟਰ ਦੇ ਪਿੱਛੇ ਬੈਠ ਗਿਆ। ਕੁਝ ਪਲ ਅਸੀਂ ਚੁੱਪ ਚਾਪ ਬੈਠੇ ਰਹੇ। ਫਿਰ ਉਸ ਬਜ਼ੁਰਗ ਨੇ ਪੁੱਛਿਆ, “ਕਿਹੜਾ ਪਿੰਡ ਹੈ ਭਾਈ ਤੇਰਾ?” “ਇਥੋਂ ਹੀ ਹਾਂ ਜੀ...ਸੰਗਰੂਰ ਤੋਂ।” ਮੈਂ ਜਵਾਬ ਦਿੱਤਾ। “ਪਹਿਲਾਂ ਕੋਈ ਪਿੰਡ ਵੀ ਹੋਵੇਗਾ!”
ਮੈਂ ਆਖਿਆ, “ਹਾਂ ਜੀ...ਬਾਲੀਆਂ।” “ਓਹ ਨਾਨਕਿਆਣਾ ਸਾਹਿਬ ਵਾਲੀਆਂ?” “ਹਾਂ ਜੀ।” ਮੇਰੀ ਇਹ ਗੱਲ ਸੁਣ ਕੇ ਉਸ ਬਜ਼ੁਰਗ ਦੀ ਆਵਾਜ਼ ਵਿੱਚ ਹੋਰ ਅਪਣੱਤ ਭਰ ਗਈ।
“ਮੈਂ ਲਹਿਰੇ ਤੋਂ ਹਾਂ ਭਾਈ...ਰੋੜੇਵਾਲ ਪਿੰਡ ਹੈ ਮੇਰਾ। ਟੇਸ਼ਣ ਤੋਂ ਉੱਤਰ ਕੇ ਆਇਆ ਇੱਥੇ ਚੌਕ ਤੱਕ।”
ਮੈਂ ਪੁੱਛਿਆ, ‘‘ਇਥੇ ਕਿਵੇਂ ਆਉਣਾ ਹੋਇਆ ਬਜ਼ੁਰਗੋ?’’ ਬਜ਼ੁਰਗ ਨੇ ਮੇਰੇ ਮੋਢੇ ’ਤੇ ਹੱਥ ਰੱਖਦਿਆਂ ਦੱਸਿਆ, “ਭਾਈ ਦੀਆਂ ਕੁੜੀਆਂ ਪਾਲੀਆਂ ਨੇ ਮੈਂ। ਉਨ੍ਹਾਂ ਕਰਕੇ ਪਿੰਡੋਂ ਸ਼ਹਿਰ ਆਇਆ ਸੀ। ਵੱਡੀਆਂ ਪੜ੍ਹਾਈਆਂ ਤਾਂ ਸ਼ਹਿਰਾਂ ਵਿੱਚ ਹੀ ਹੁੰਦੀਆਂ ਨੇ ਪੁੱਤਰਾ।’’ ਫਿਰ ਉਹ ਆਪ ਮੁਹਾਰੇ ਹੀ ਦੱਸਣ ਲੱਗਿਆ, “ਮੇਰੇ ਘਰ ਆਪਣਾ ਬੱਚਾ ਨ੍ਹੀਂ ਸੀ ਕੋਈ...ਇਨ੍ਹਾਂ ਬਾਲੜੀਆਂ ਨੂੰ ਜਨਮ ਦੇਣ ਮਗਰੋਂ ਮੇਰੀ ਭਰਜਾਈ ਗੁਜ਼ਰ ਗਈ। ਬੱਸ ਮੈਂ ਤੇ ਮੇਰੀ ਘਰ ਵਾਲੀ ਨੇ ਇਨ੍ਹਾਂ ਬੱਚੀਆਂ ਨੂੰ ਆਪਣੀਆਂ ਮੰਨ ਕੇ ਹੀ ਪਾਲਿਆ ਹੈ।”
ਬਜ਼ੁਰਗ ਦੀ ਆਵਾਜ਼ ਵਿੱਚ ਇੱਕ ਤਸੱਲੀ ਦਾ ਅਹਿਸਾਸ ਝਲਕ ਰਿਹਾ ਸੀ। ਉਹ ਆਖਣ ਲੱਗਿਆ, “ਹੁਣ ਸਾਨੂੰ ਹੀ ਮਾਂ-ਬਾਪ ਮੰਨਦੀਆਂ ਨੇ... ਕਹਿੰਦੀਆਂ ਨੇ ਸਾਡੀ ਮਾਂ ਭਾਵੇਂ ਮਰ ਗਈ ਪਰ ਰੱਬ ਨੇ ਸਾਨੂੰ ਮੁੜ ਮਾਂ ਦੇ ਦਿੱਤੀ। ਸਾਰਾ ਸਮਾਂ ਪੜ੍ਹਾਈ ਵਿੱਚ ਰੁੱਝੀਆਂ ਰਹਿੰਦੀਆਂ ਨੇ। ਪਿੰਡ ਆਪਣੇ ਪਿਓ ਕੋਲ ਗੇੜਾ ਵੀ ਨ੍ਹੀਂ ਮਾਰਦੀਆਂ, ਅਖੇ ਪੜ੍ਹਾਈ ਦਾ ਨੁਕਸਾਨ ਨ੍ਹੀਂ ਕਰਨਾ। ਦੋਵੇਂ ਮੈਡੀਕਲ ਦੀ ਪੜ੍ਹਾਈ ਪੜ੍ਹ ਰਹੀਆਂ ਨੇ। ਹਸਪਤਾਲ ਵਿੱਚ ਹੀ ਡਿਊਟੀ ਕਰਦੀਆਂ ਨੇ। ਉਨ੍ਹਾਂ ਨੂੰ ਹੀ ਮਿਲਣ ਜਾ ਰਿਹਾਂ।’’
ਲੰਬਾ ਸਾਹ ਲੈਂਦਿਆਂ ਉਸ ਨੇ ਤਸੱਲੀ ਭਰੀ ਆਵਾਜ਼ ਵਿੱਚ ਕਿਹਾ, ‘‘ਵਧੀਆ ਸਮਾਂ ਲੰਘ ਰਿਹੈ ਭਾਈ...ਸ਼ੁਕਰ ਹੈ ਮਾਲਕ ਦਾ।”
ਇੰਨੇ ਨੂੰ ਅਸੀਂ ਹਸਪਤਾਲ ਨੇੜੇ ਪੁੱਜ ਗਏ। “ਚੰਗਾ ਭਾਈ, ਆਹ ਗੇਟ ਮੂਹਰੇ ਲਾਹ ਦਵੀਂ।”
ਮੈਂ ਸਕੂਟਰ ਰੋਕਿਆ। ਬਜ਼ੁਰਗ ਨੇ ਉਤਰਦਿਆਂ ਮੇਰਾ ਮੋਢਾ ਥਾਪੜਦਿਆਂ ਆਖਿਆ, ‘‘ਰੱਬ ਤੇਰਾ ਭਲਾ ਕਰੇ... ਜਿਊਂਦਾ ਵੱਸਦਾ ਰਹੁ ਭਾਈ।”
ਬਜ਼ੁਰਗ ਹੌਲੀ-ਹੌਲੀ ਹਸਪਤਾਲ ਵੱਲ ਤੁਰ ਗਿਆ। ਮੈਂ ਕੁਝ ਪਲ ਉਸ ਨੂੰ ਜਾਂਦਿਆਂ ਨੂੰ ਵੇਖਦਾ ਰਿਹਾ ਤੇ ਮਗਰੋਂ ਆਪਣੇ ਘਰ ਵੱਲ ਤੁਰ ਪਿਆ। ਪੰਜ ਮਿੰਟਾਂ ਦੇ ਸਫ਼ਰ ਵਿੱਚ ਹੀ ਮੈਨੂੰ ਉਸ ਬਜ਼ੁਰਗ ਪ੍ਰਤੀ ਅਪਣੱਤ ਮਹਿਸੂਸ ਹੋਣ ਲੱਗ ਪਈ ਸੀ। ਇਨ੍ਹਾਂ ਕੁਝ ਪਲਾਂ ਵਿੱਚ ਹੀ ਬਜ਼ੁਰਗ ਨੇ ਆਪਣੇ ਸਾਰੇ ਜੀਵਨ ਦਾ ਸਾਰ ਮੈਨੂੰ ਆਖ ਸੁਣਾਇਆ ਸੀ। ਮੈਂ ਆਸਮਾਨ ਵੱਲ ਤੱਕਦਿਆਂ ਆਖਿਆ, ‘ਸ਼ੁਕਰ ਹੈ ਮਾਲਕ ਦਾ’ ਤੇ ਸਕੂਟਰ ਤੋਰ ਲਿਆ।
ਈ-ਮੇਲ: dsbalian76@gmail.comਂ
* * *
ਲਾਜਵਾਬ ਹੱਲ
ਰਜਵਿੰਦਰ ਪਾਲ ਸ਼ਰਮਾ
ਸਿਵਲ ਹਸਪਤਾਲ ਵਿੱਚ ਤਾਇਨਾਤ ਸਰਜਨ ਡਾ. ਸੰਜੀਵ ਗੋਇਲ ਦੀ ਡਿਊਟੀ ਝੋਨੇ ਦੀ ਪਰਾਲੀ ਪ੍ਰਬੰਧਨ ਵਿੱਚ ਲਗਾ ਦਿੱਤੀ ਗਈ। ਇਸ ਸਬੰਧ ਵਿੱਚ ਜਦੋਂ ਸੰਜੀਵ ਗੋਇਲ ਸਿਹਤ ਮੰਤਰੀ ਨੂੰ ਮਿਲਿਆ ਅਤੇ ਆਪਣੀ ਡਿਊਟੀ ਕਟਵਾਉਣ ਲਈ ਬੇਨਤੀ ਕੀਤੀ ਤਾਂ ਅੱਗੋਂ ਮੰਤਰੀ ਸਾਹਿਬ ਕਹਿਣ ਲੱਗੇ, ‘‘ਡਾਕਟਰਾ, ਯਾਰ ਤੂੰ ਪੜ੍ਹਿਆ ਲਿਖਿਆ ਬੰਦਾ ਐਂ...ਤੇਰੇ ਲਈ ਭਲਾ ਇਹ ਕੰਮ ਕਿਤੇ ਔਖਾ ਥੋੜਾ ਏ।’’
ਮੰਤਰੀ ਦੀ ਇਹ ਗੱਲ ਸੁਣ ਡਾਕਟਰ ਨੇ ਮੁੜ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ, ‘‘ਮੰਤਰੀ ਸਾਹਿਬ, ਮੈਂ ਸਰਜਨ ਹਾਂ। ਸਾਰਾ ਦਿਨ ਮੈਂ ਮਰੀਜ਼ਾਂ ਨੂੰ ਦੇਖਦਾ ਹਾਂ ਤੇ ਦਿਨ ਵਿੱਚ ਕਈ ਅਪਰੇਸ਼ਨ ਕਰਦਾ ਹਾਂ। ਮੈਂ ਦੋਵੇਂ ਪਾਸੇ ਡਿਊਟੀ ਕਿਵੇਂ ਕਰਾਂਗਾ?’’ ਅੱਗੋਂ ਮੰਤਰੀ ਸਾਹਿਬ ਨੇ ਆਪਣੀ ਸੂਝ-ਬੂਝ ਤੋਂ ਕੰਮ ਲੈਂਦਿਆਂ ਡਾਕਟਰ ਨੂੰ ਹੱਲ ਸੁਝਾਇਆ, ‘‘ਵੇਖ ਡਾਕਟਰ, ਕਿਸਾਨ ਗਿਆਰਾਂ ਵਜੇ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਂਦੇ ਨੇ, ਸੋ ਤੂੰ ਗਿਆਰਾਂ ਵਜੇ ਤੱਕ ਆਪਣੇ ਅਪਰੇਸ਼ਨ ਕਰ ਲਿਆ ਕਰੀਂ ਤੇ ਮਗਰੋਂ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਡਿਊਟੀ ਕਰ ਲਿਆ ਕਰੀਂ।’’
ਮੰਤਰੀ ਦੀ ਇਸ ਦਲੀਲ ਨੇ ਵਾਕਈ ਹੀ ਡਾਕਟਰ ਨੂੰ ਲਾਜਵਾਬ ਕਰ ਦਿੱਤਾ ਸੀ। ਡਾਕਟਰ ਉੱਠਿਆ ਤੇ ਧੌਣ ਨੀਵੀਂ ਕਰਕੇ ਕਮਰੇ ਤੋਂ ਬਾਹਰ ਆ ਗਿਆ। ਆਪਣੇ ਦਫ਼ਤਰ ਵੱਲ ਜਾਂਦਾ ਹੋਇਆ ਉਹ ਸੋਚ ਰਿਹਾ ਸੀ ਕਿ ਆਪਣੇ ਪੇਸ਼ੇ ਵਿੱਚ ਭਾਵੇਂ ਉਹ ਜਿੰਨਾ ਮਰਜ਼ੀ ਮਾਹਿਰ ਹੈ, ਪਰ ਇੱਕ ਅਨਪੜ੍ਹ ਮੰਤਰੀ ਸਾਹਮਣੇ ਅੱਜ ਉਸ ਦੀ ਹਰ ਦਲੀਲ ਫੇਲ੍ਹ ਹੀ ਸਾਬਤ ਹੋਈ ਹੈ।
ਸੰਪਰਕ: 70873-67969
* * *
ਕਾਲਾ ਟਿੱਕਾ
ਪਰਮਿੰਦਰ ਕੌਰ
ਰੇਸ਼ਮਾ ਰੋਜ਼ ਆਪਣੇ ਪੁੱਤਰ ਕਮਲ ਨੂੰ ਤਿਆਰ ਕਰਦੀ ਤੇ ਉਸ ਨੂੰ ਮਾੜੀ ਨਜ਼ਰ ਤੋਂ ਬਚਾਉਣ ਲਈ ਬਿਨਾਂ ਨਾਗਾ ਉਸ ਦੇ ਕੰਨ ਪਿੱਛੇ, ਵਾਲਾਂ ਵਿੱਚ ਜਾਂ ਗੁੱਟ ਉੱਤੇ ਕਾਲਾ ਟਿੱਕਾ ਵੀ ਜ਼ਰੂਰ ਲਾਉਂਦੀ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਮੇਰੇ ਬੱਚੇ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਨਾ ਲੱਗੇ। ਰੋਜ਼ ਦੇ ਇਸ ਨੇਮ ਕਾਰਨ ਹੁਣ ਕਮਲ ਨੂੰ ਵੀ ਮਾਂ ਵੱਲੋਂ ਲਾਏ ਇਸ ਕਾਲੇ ਟਿੱਕੇ ਦੀ ਆਦਤ ਪੈ ਗਈ ਸੀ। ਇਸ ਟਿੱਕੇ ਵੱਲੋਂ ਕੀਤੀ ਜਾਣ ਵਾਲੀ ਹਿਫਾਜ਼ਤ ਦਾ ਖ਼ਿਆਲ ਉਸ ਦੇ ਜ਼ਿਹਨ ਵਿੱਚ ਵੀ ਘਰ ਕਰਨ ਲੱਗ ਪਿਆ ਸੀ।
ਜਦੋਂ ਕਮਲ ਰਤਾ ਵੱਡਾ ਹੋਇਆ ਤਾਂ ਸ਼ਾਮ ਮੁਹੱਲੇ ਵਿੱਚ ਦੋਸਤਾਂ ਨਾਲ ਖੇਡਣ ਜਾਣ ਲੱਗਿਆਂ ਵੀ ਰੇਸ਼ਮਾ ਦਾ ਇਹ ਕਾਲਾ ਟਿੱਕਾ ਉਸ ਦੇ ਅੰਗ-ਸੰਗ ਰਹਿੰਦਾ। ਇੱਕ ਵਾਰ ਰੇਸ਼ਮਾ ਨੂੰ ਕਿਸੇ ਜ਼ਰੂਰੀ ਕੰਮ ਕਰਕੇ ਸੁੁਵਖ਼ਤੇ ਹੀ ਰਿਸ਼ਤੇਵਾਰੀ ਵਿੱਚ ਜਾਣਾ ਪੈ ਗਿਆ। ਉਹ ਕਮਲ ਨੂੰ ਸੁੱਤਾ ਪਿਆ ਛੱਡ ਕੇ ਚਲੀ ਗਈ। ਹਾਲਾਂਕਿ ਘਰ ਵਿੱਚ ਹੋਰ ਸਾਰੇ ਹੀ ਜੀਅ ਮੌਜੂਦ ਸਨ, ਪਰ ਜਦੋਂ ਕਮਲ ਦੀ ਨੀਂਦ ਖੁੱਲ੍ਹੀ ਤਾਂ ਉਸ ਸੁਭਾਵਿਕ ਤੌਰ ’ਤੇ ਆਪਣੀ ਮਾਂ ਦੀ ਭਾਲ ਕੀਤੀ।
ਕਮਲ ਦੇ ਪਿਤਾ ਨੇ ਉਸ ਨੂੰ ਨੁਹਾ ਕੇ ਤਿਆਰ ਕੀਤਾ ਤੇ ਨਾਸ਼ਤਾ ਕਰਵਾਇਆ, ਪਰ ਰੇਸ਼ਮਾ ਦਾ ਸੁਰੱਖਿਆ ਬਿੰਬ ‘ਕਾਲਾ ਟਿੱਕਾ’ ਪਿਤਾ ਨੇ ਕਮਲ ਨੂੰ ਨਾ ਲਾਇਆ। ਕਮਲ ਦੇ ਦੋਸਤ ਉਸ ਨੂੰ ਖੇਡਣ ਲਈ ਬੁਲਾਉਣ ਆਏ ਤਾਂ ਉਹ ਖੇਡਣ ਵੀ ਨਾ ਗਿਆ ਤੇ ਨਾ ਹੀ ਉਹ ਆਪਣੇ ਦਾਦਾ ਜੀ ਨਾਲ ਪਾਰਕ ਵਿੱਚ ਘੁੰਮਣ ਗਿਆ। ਸ਼ਾਮ ਵੇਲੇ ਜਦੋਂ ਰੇਸ਼ਮਾ ਘਰ ਆਈ ਤਾਂ ਕਮਲ ਨੇ ਉਸ ਦੀ ਬੁੱਕਲ ਵਿੱਚ ਜਾਂਦਿਆਂ ਆਖਿਆ, ‘‘ਮਾਂ ਅੱਜ ਤੂੰ ਮੇਰੇ ਕਾਲਾ ਟਿੱਕਾ ਨ੍ਹੀਂ ਸੀ ਲਾ ਕੇ ਗਈ। ਤੂੰ ਆਖਦੀ ਏਂ ਨਾ ਕਿ ਇਹ ਟਿੱਕਾ ਮੈਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਏ। ਇਸ ਲਈ ਮੈਂ ਅੱਜ ਰਤਾ ਵੀ ਘਰੋਂ ਬਾਹਰ ਨ੍ਹੀਂ ਗਿਆ।’’ ਕਮਲ ਦੀਆਂ ਇਹ ਮਾਸੂਮ ਗੱਲਾਂ ਸੁਣ ਰੇਸ਼ਮਾ ਕੁੱਝ ਚਿੰਤਤ ਹੋ ਗਈ। ਉਸ ਨੂੰ ਲੱਗਦਾ ਸੀ ਕਿ ਉਹ ਆਪਣੇ ਮਨ ਦੀ ਤਸੱਲੀ ਲਈ ਆਪਣੇ ਪੁੱਤਰ ਨੂੰ ਦੁਨੀਆ ਦੀ ਮਾੜੀ ਨਜ਼ਰ ਤੋਂ ਬਚਾਉਣ ਦਾ ਹੀਲਾ ਕਰ ਰਹੀ ਸੀ, ਪਰ ਅੱਜ ਉਸ ਨੂੰ ਅਹਿਸਾਸ ਹੋਇਆ ਕਿ ਇਹ ਹੀਲਾ ਅਸਲ ਵਿੱਚ ਕਮਲ ਦੇ ਮਾਸੂਮ ਮਨ ’ਤੇ ਡੂੰਘੀ ਛਾਪ ਛੱਡ ਰਿਹਾ ਸੀ। ਅੱਜ ਕਮਲ ਇਸ ਟਿੱਕੇ ਦੀ ਗ਼ੈਰ-ਮੌਜੂਦਗੀ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ।
ਰੇਸ਼ਮਾ ਨੂੰ ਜਾਪਿਆ, ਜਿਵੇਂ ਉਸ ਦਾ ਇਹ ਸੁਰੱਖਿਆ ਚੱਕਰ ਖ਼ੁਦ ਉਸ ਦੇ ਪੁੱਤਰ ਦੀ ਸ਼ਖ਼ਸੀਅਤ ਨੂੰ ਕਮਜ਼ੋਰ ਕਰ ਰਿਹਾ ਸੀ। ਇਸ ਮਗਰੋਂ ਰੇਸ਼ਮਾ ਨੇ ਨਿਸ਼ਚਾ ਕਰ ਲਿਆ ਕਿ ਉਹ ਹੁਣ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕਰੇਗੀ, ਜਿਸ ਦਾ ਮਾੜਾ ਅਸਰ ਉਸ ਦੇ ਬੱਚੇ ਦੀ ਸ਼ਖ਼ਸੀਅਤ ’ਤੇ ਪੈ ਸਕਦਾ ਹੋਵੇ। ਉਸ ਪਿਆਰ ਨਾਲ ਆਪਣੇ ਪੁੱਤਰ ਦਾ ਮੱਥਾ ਚੁੰਮਦਿਆਂ ਆਖਿਆ, ‘‘ਪੁੱਤਰ ਤੈਨੂੰ ਇਸ ਕਾਲੇ ਟਿੱਕੇ ਦੀ ਰਤਾ ਵੀ ਲੋੜ ਨ੍ਹੀਂ। ਤੇਰੀ ਮਾਂ ਦੀਆਂ ਦੁਆਵਾਂ ਸਦਾ ਹਰ ਥਾਂ ਤੇਰੇ ਨਾਲ ਹਨ। ਤੂੰ ਅੱਜ ਤੋਂ ਬਾਅਦ ਕਦੇ ਕਿਸੇ ਟਿੱਕੇ ਦੀ ਟੇਕ ਨ੍ਹੀਂ ਲੈਣੀ ਪੁੱਤਰ।’’
ਕਮਲ ਨੇ ਆਪਣੀ ਮਾਂ ਨੂੰ ਜੱਫੀ ਪਾਉਂਦਿਆਂ ਆਖਿਆ, ‘‘ਠੀਕ ਏ ਮਾਂ, ਤੂੰ ਮੈਨੂੰ ਰੋਜ਼ ਮੱਥੇ ’ਤੇ ਚੁੰਮ ਲਿਆ ਕਰੀਂ।’’
* * *

