ਮਿਨੀ ਕਹਾਣੀਆਂ: ਹੌਸਲੇ ਤੇ ਵਿਸ਼ਵਾਸ ਦੀ ਜਿੱਤ
ਕਮਲਜੀਤ ਕੌਰ ਗੁੰਮਟੀ ਅੱਠ ਕੁ ਸਾਲਾਂ ਦਾ ਜਸ਼ਨ ਬਹੁਤ ਹੀ ਪਿਆਰਾ ਬੱਚਾ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਤੇ ਉਂਗਲਾਂ ਵਿੱਚ ਕਲਾ ਦਾ ਅਜਿਹਾ ਜਾਦੂ ਸੀ, ਜੋ ਨਿਰਜਿੰਦ ਚੀਜ਼ਾਂ ਵਿੱਚ ਵੀ ਜਿਵੇਂ ਜਾਨ ਪਾ ਦਿੰਦਾ। ਜਸ਼ਨ ਦਾ ਸਭ...
ਕਮਲਜੀਤ ਕੌਰ ਗੁੰਮਟੀ
ਅੱਠ ਕੁ ਸਾਲਾਂ ਦਾ ਜਸ਼ਨ ਬਹੁਤ ਹੀ ਪਿਆਰਾ ਬੱਚਾ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਤੇ ਉਂਗਲਾਂ ਵਿੱਚ ਕਲਾ ਦਾ ਅਜਿਹਾ ਜਾਦੂ ਸੀ, ਜੋ ਨਿਰਜਿੰਦ ਚੀਜ਼ਾਂ ਵਿੱਚ ਵੀ ਜਿਵੇਂ ਜਾਨ ਪਾ ਦਿੰਦਾ। ਜਸ਼ਨ ਦਾ ਸਭ ਤੋਂ ਪਿਆਰਾ ਸ਼ੌਕ ਸੀ ਮਿੱਟੀ ਨਾਲ ਖੇਡਣਾ। ਜਦੋਂ ਉਹ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਗਿੱਲੀ ਮਿੱਟੀ ਨੂੰ ਛੂੰਹਦਾ ਤਾਂ ਮਿੱਟੀ ਦੇ ਬੇਢੰਗੇ ਢੇਰ ਵੀ ਖ਼ੂਬਸੂਰਤ ਮੂਰਤੀਆਂ, ਚਹਿਕਦੇ ਪੰਛੀਆਂ ਅਤੇ ਦੌੜਦੇ ਘੋੜਿਆਂ ਦਾ ਰੂਪ ਵਟਾ ਲੈਂਦੇ। ਉਸ ਦੀ ਇਸ ਕਲਾ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ।
ਇਸ ਖ਼ੂਬਸੂਰਤ ਸਿਰਜਣਾਤਮਕ ਤੇ ਰੌਸ਼ਨ ਦੁਨੀਆ ਦਾ ਦੂਸਰਾ ਹਿੱਸਾ ਵੀ ਸੀ, ਜੋ ਗਹਿਰੇ ਬੱਦਲਾਂ ਦੇ ਪਰਛਾਵੇਂ ਹੇਠ ਸੀ। ਜਸ਼ਨ ਡਿਸਲੈਕਸੀਆ ਬਿਮਾਰੀ ਤੋਂ ਪੀੜਤ ਸੀ। ਸਕੂਲੇ ਜਦੋਂ ਵੀ ਕਿਤਾਬਾਂ ਖੁੱਲ੍ਹਦੀਆਂ ਤਾਂ ਜਸ਼ਨ ਦੀਆਂ ਅੱਖਾਂ ਵਿਚਲੀ ਚਮਕ ਮੱਧਮ ਪੈਣ ਲਗਦੀ ਤੇ ਉਸ ਦੇ ਚਿਹਰੇ ਦੀ ਰੌਣਕ ਉੱਡ ਜਾਂਦੀ। ਸਾਹਮਣੇ ਖੋਲ੍ਹੀ ਕਿਤਾਬ ਵਿਚਲੇ ਕਾਲੇ ਅੱਖਰ ਉਸ ਨੂੰ ਆਪਣੀਆਂ ਅੱਖਾਂ ਸਾਹਵੇਂ ਨੱਚਦੇ ਪ੍ਰਤੀਤ ਹੁੰਦੇ ਤੇ ਉਹ ਲੱਖ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਫੜਨ ਤੋਂ ਅਸਮਰੱਥ ਜਾਪਦਾ। ਸ਼ਕਲੋਂ ਬੇਸ਼ਕਲ ਹੋਏ ਇਹ ਅੱਖਰ ਜਸ਼ਨ ਨੂੰ ਭੰਬਲਭੂਸੇ ਵਿੱਚ ਪਾ ਦਿੰਦੇ। ਉਸ ਲਈ ਅੰਗਰੇਜ਼ੀ ਦੇ ਅੱਖਰ ‘b’ ਤੇ ‘d’ ਵਿੱਚ ਅੰਤਰ ਕਰਨਾ ਹਿਮਾਲਿਆ ਦੀ ਚੋਟੀ ਸਰ ਕਰਨ ਬਰਾਬਰ ਸੀ। ‘saw’ ਨੂੰ ਉਸ ਦੀਆਂ ਅੱਖਾਂ ਸਦਾ ‘was’ ਹੀ ਪੜ੍ਹਦੀਆਂ। ਜਮਾਤ ਦੇ ਬਾਕੀ ਵਿਦਿਆਰਥੀਆਂ ਲਈ ਉਹ ਇੱਕ ਨਾਲਾਇਕ ਤੇ ਸੁਸਤ ਬੱਚਾ ਸੀ, ਜਿਸ ਕਰਕੇ ਉਹ ਅਕਸਰ ਉਸ ਦਾ ਮਜ਼ਾਕ ਵੀ ਉਡਾਇਆ ਕਰਦੇ ਸਨ। ਬਲੈਕ ਬੋਰਡ ਵੱਲ ਦੇਖ ਕੇ ਜਸ਼ਨ ਦੀਆਂ ਅੱਖਾਂ ਨਮ ਹੋ ਜਾਂਦੀਆਂ ਅਤੇ ਉਹ ਹੀਣਭਾਵਨਾ ਦੇ ਡੂੰਘੇ ਖੂਹ ਵਿੱਚ ਡੁੱਬਣ ਲੱਗਦਾ। ਉਸ ਨੂੰ ਲੱਗਦਾ, ਸ਼ਾਇਦ ਸ਼ਬਦਾਂ ਦੇ ਇਸ ਸੰਸਾਰ ਵਿੱਚ ਉਸ ਲਈ ਕੋਈ ਥਾਂ ਨਹੀਂ। ਉਹ ਕਈ ਵਾਰ ਰੋਂਦਾ ਹੋਇਆ ਆਪਣੇ ਮੰਮੀ-ਪਾਪਾ ਨੂੰ ਪੁੱਛਦਾ, ‘‘ਕੀ ਮੈਂ ਕਦੇ ਵੀ ਬਾਕੀ ਬੱਚਿਆਂ ਵਾਂਗ ਹੁਸ਼ਿਆਰ ਨਹੀਂ ਬਣ ਸਕਾਂਗਾ?’’ ਜਸ਼ਨ ਦੇ ਮਾਤਾ-ਪਿਤਾ ਨੂੰ ਉਸ ਦੇ ਇਸ ਸਵਾਲ ਦਾ ਕੋਈ ਉੱਤਰ ਨਾ ਲੱਭਦਾ।
ਕੁਦਰਤ ਦਾ ਇੱਕ ਨਿਯਮ ਹੈ, ਗੂੜ੍ਹੇ ਹਨੇਰੇ ਮਗਰੋਂ ਹੀ ਚਾਨਣ ਦੀ ਕਿਰਨ ਫੁੱਟਦੀ ਹੈ। ਜਸ਼ਨ ਦੀ ਜ਼ਿੰਦਗੀ ਵਿੱਚ ਇਹ ਚਾਨਣ ਦੀ ਕਿਰਨ ਮੈਡਮ ਸਿਮਰਨ ਦੇ ਰੂਪ ਵਿੱਚ ਆਈ। ਮੈਡਮ ਸਿਮਰਨ ਸਿਰਫ਼ ਇੱਕ ਅਧਿਆਪਕਾ ਨਹੀਂ ਸਗੋਂ ਰਾਹਦਸੇਰੇ ਸਨ। ਉਨ੍ਹਾਂ ਕੁਝ ਹੀ ਦਿਨਾਂ ਵਿੱਚ ਜਸ਼ਨ ਦੀ ਖ਼ਾਮੋਸ਼ੀ ਪਿੱਛੇ ਲੁਕੇ ਦਰਦ ਨੂੰ ਪਛਾਣ ਲਿਆ। ਉਹ ਸਮਝ ਗਏ ਕਿ ਜਸ਼ਨ ਨੂੰ ਰਵਾਇਤੀ ਪੜ੍ਹਾਈ ਦੀ ਨਹੀਂ ਸਗੋਂ ਇੱਕ ਵੱਖਰੇ ਨਜ਼ਰੀਏ, ਢੰਗ ਅਤੇ ਅਥਾਹ ਪਿਆਰ ਦੀ ਲੋੜ ਹੈ।
ਇੱਕ ਸੁਹਾਵਣੀ ਦੁਪਹਿਰ ਮੈਡਮ ਸਿਮਰਨ ਨੇ ਜਸ਼ਨ ਨੂੰ ਆਪਣੇ ਕੋਲ ਬੁਲਾਇਆ। ਮੇਜ਼ ’ਤੇ ਰੇਤ ਨਾਲ ਭਰੀ ਇੱਕ ਸੁਨਹਿਰੀ ਟਰੇਅ ਪਈ ਸੀ। ਉਨ੍ਹਾਂ ਨੇ ਜਸ਼ਨ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਬਹੁਤ ਹੀ ਮਿੱਠਤ ਨਾਲ ਕਿਹਾ, ‘‘ਜਸ਼ਨ ਬੇਟਾ, ਮੈਨੂੰ ਪਤਾ ਹੈ ਤੈਨੂੰ ਮਿੱਟੀ ਨਾਲ ਖੇਡਣਾ ਬਹੁਤ ਪਸੰਦ ਹੈ। ਅੱਜ ਆਪਾਂ ਇਨ੍ਹਾਂ ਅੱਖਰਾਂ ਨੂੰ ਵੀ ਮਿੱਟੀ ਵਾਂਗ ਛੂਹ ਕੇ ਦੇਖਾਂਗੇ। ਇਸ ਰੇਤ ’ਤੇ ਆਪਣੀ ਉਂਗਲ ਨਾਲ ਕੁਝ ਲਿਖੋ।’’ ਜਸ਼ਨ ਨੇ ਡਰਦੇ-ਡਰਦੇ ਉਂਗਲ ਘੁਮਾਈ ਤੇ ਰੇਤ ’ਤੇ ‘A’ ਉੱਕਰ ਦਿੱਤਾ। ਇਹ ਪਹਿਲਾ ਅੱਖਰ ਸੀ, ਜੋ ਇੱਧਰ-ਉੱਧਰ ਭੱਜਣ ਦੀ ਥਾਂ ਆਪਣੀ ਜਗ੍ਹਾ ’ਤੇ ਸਥਿਰ ਖੜ੍ਹਾ ਰਿਹਾ ਸੀ। ਇਸ ਤੋਂ ਬਾਅਦ ਸਿੱਖਣ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋਇਆ। ਮੈਡਮ ਸਿਮਰਨ ਨੇ ਮਿੱਟੀ ਨਾਲ ਜਸ਼ਨ ਦੀ ਸਾਂਝ ਨੂੰ ਉਸ ਦੀ ਤਾਕਤ ਬਣਾ ਦਿੱਤਾ। ਉਨ੍ਹਾਂ ਜਸ਼ਨ ਨੂੰ ਰੰਗਦਾਰ ਮਿੱਟੀ ਨਾਲ ਖੇਡਦੇ-ਖੇਡਦੇ ਏ, ਬੀ, ਸੀ, ਡੀ ਆਦਿ ਅੱਖਰ ਬਣਾਉਣੇ ਸਿਖਾਏ। ਜਸ਼ਨ ਲਈ ਹੁਣ ਇਹ ਅੱਖਰ ਸਿਰਫ਼ ਕਾਗਜ਼ ’ਤੇ ਉੱਕਰੀਆਂ ਲਕੀਰਾਂ ਨਹੀਂ ਸਨ ਸਗੋਂ ਉਸ ਦੇ ਆਪਣੇ ਜਾਣੇ-ਪਛਾਣੇ ਖਿਡੌਣੇ ਬਣ ਚੁੱਕੇ ਸਨ, ਜਿਨ੍ਹਾਂ ਨੂੰ ਉਹ ਛੂਹ ਅਤੇ ਮਹਿਸੂਸ ਕਰ ਸਕਦਾ ਸੀ। ਮੈਡਮ ਨੇ ਜਸ਼ਨ ਦੇ ਮਾਪਿਆਂ ਨੂੰ ਵੀ ਇਸ ਸਫ਼ਰ ਵਿੱਚ ਸ਼ਾਮਿਲ ਕੀਤਾ। ਉਨ੍ਹਾਂ ਨੂੰ ਸਮਝਾਇਆ, ‘‘ਜਸ਼ਨ ਦਾ ਦਿਮਾਗ਼ ਬਾਕੀ ਬੱਚਿਆਂ ਨਾਲੋਂ ਕਮਜ਼ੋਰ ਨਹੀਂ ਸਗੋਂ ਜ਼ਿਆਦਾ ਸਿਰਜਣਾਤਮਿਕ ਹੈ। ਇਹ ਤਸਵੀਰਾਂ ਅਤੇ ਬਣਤਰਾਂ ਦੀ ਭਾਸ਼ਾ ਸਮਝਦਾ ਹੈ, ਸ਼ਬਦਾਂ ਦੀ ਨਹੀਂ। ਸਾਨੂੰ ਉਸ ਦੀ ਰਫ਼ਤਾਰ ਅਨੁਸਾਰ ਚੱਲਣਾ ਪਵੇਗਾ।’’ ਰੋਜ਼ਾਨਾ ਅੱਧਾ ਘੰਟਾ ਮੈਡਮ ਜਸ਼ਨ ਦੇ ਨਾਲ ਅੱਖਰਾਂ ਦੀ ਇਸ ਖੇਡ ਵਿੱਚ ਬਿਤਾਉਂਦੇ। ਜਦੋਂ ਵੀ ਜਸ਼ਨ ਕੋਈ ਨਵਾਂ ਸ਼ਬਦ ਸਹੀ ਪੜ੍ਹਦਾ ਤਾਂ ਮੈਡਮ ਉਸ ਦੇ ਸਾਰੇ ਜਮਾਤੀਆਂ ਤੋਂ ਉਸ ਲਈ ਤਾੜੀਆਂ ਵਜਵਾਉਂਦੇ। ਹੌਲੀ-ਹੌਲੀ ਜਸ਼ਨ ਦੇ ਮਨ ਦਾ ਡਰ ਬਰਫ਼ ਵਾਂਗ ਪੰਘਰਨ ਲੱਗਾ। ਜਿਹੜੇ ਅੱਖਰ ਕਦੇ ਉਸ ਨੂੰ ਡਰਾਉਂਦੇ ਸਨ ਹੁਣ ਉਹ ਉਸ ਦੇ ਹਮਸਫ਼ਰ ਬਣਨ ਲੱਗੇ ਸਨ।
ਕੁਝ ਹੀ ਮਹੀਨਿਆਂ ਵਿੱਚ ਉਸ ਦੇ ਅੰਦਰ ਅਜਿਹਾ ਬਦਲਾਅ ਆਇਆ ਕਿ ਜਸ਼ਨ ਦੀ ਕਲਮ ਕਾਗਜ਼ ’ਤੇ ਖ਼ੂਬਸੂਰਤ ਕਹਾਣੀਆਂ ਉਕਰਨ ਲੱਗੀ। ਸਕੂਲ ਦੇ ਸਾਲਾਨਾ ਸਮਾਗਮ ਮੌਕੇ ‘ਕਹਾਣੀ ਉਚਾਰਨ ਮੁਕਾਬਲਾ’ ਰੱਖਿਆ ਗਿਆ। ਮੈਡਮ ਸਿਮਰਨ ਨੇ ਇਸ ਮੁਕਾਬਲੇ ਲਈ ਜਸ਼ਨ ਦਾ ਨਾਮ ਚੁਣਿਆ। ਜਸ਼ਨ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ, ਪਰ ਮੈਡਮ ਸਿਮਰਨ ਦੇ ਬੋਲ ਉਸ ਦੇ ਕੰਨਾਂ ਵਿੱਚ ਗੂੰਜੇ, ‘‘ਜਸ਼ਨ, ਤੇਰੇ ਹੌਸਲੇ ਦੀ ਪਰਵਾਜ਼ ਇਹ ਆਸਮਾਨ ਤੈਅ ਕਰੇਗਾ। ਤੂੰ ਬਹੁਤ ਖ਼ਾਸ ਹੈਂ।’’
ਜਦੋਂ ਜਸ਼ਨ ਸਟੇਜ ’ਤੇ ਪਹੁੰਚਿਆ ਤਾਂ ਸਾਹਮਣੇ ਬੈਠੇ ਸੈਂਕੜੇ ਲੋਕਾਂ ਨੂੰ ਦੇਖ ਕੇ ਇੱਕ ਪਲ ਲਈ ਉਹ ਠਠੰਬਰ ਗਿਆ ਪਰ ਜਿਉਂ ਹੀ ਉਸ ਦੀ ਨਜ਼ਰ ਹਾਲ ਦੇ ਅਖੀਰ ਵਿੱਚ ਖੜ੍ਹੇ ਮੈਡਮ ਸਿਮਰਨ ’ਤੇ ਪਈ, ਜਿਨ੍ਹਾਂ ਦੇ ਚਿਹਰੇ ’ਤੇ ਅਟੁੱਟ ਵਿਸ਼ਵਾਸ ਦੀ ਮੁਸਕਰਾਹਟ ਸੀ, ਜਸ਼ਨ ਅੰਦਰ ਇੱਕ ਨਵੀਂ ਊਰਜਾ ਦਾ ਸੰਚਾਰ ਹੋਇਆ। ਉਸ ਨੇ ਮਾਈਕ ਸੰਭਾਲਿਆ ਅਤੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਵਿੱਚ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਸ ਦੇ ਸ਼ਬਦਾਂ ਦਾ ਅਜਿਹਾ ਜਾਦੂ ਚੱਲਿਆ ਕਿ ਪੂਰਾ ਹਾਲ ਮੰਤਰ-ਮੁਗਧ ਹੋ ਗਿਆ। ਜਦੋਂ ਕਹਾਣੀ ਖ਼ਤਮ ਹੋਈ ਤਾਂ ਕੁਝ ਪਲਾਂ ਦੀ ਗੂੜ੍ਹੀ ਖ਼ਾਮੋਸ਼ੀ ਤੋਂ ਬਾਅਦ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਜਸ਼ਨ ਨੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਉਸ ਦੀ ਕਮਜ਼ੋਰੀ ’ਤੇ ਹੱਸਣ ਵਾਲੇ ਜਮਾਤੀ ਵੀ ਹੁਣ ਪਿਆਰ ਨਾਲ ਉਸ ਨੂੰ ਗਲ਼ ਲਾ ਰਹੇ ਸਨ। ਜਦੋਂ ਮੁੱਖ ਮਹਿਮਾਨ ਨੇ ਜਸ਼ਨ ਦੇ ਹੱਥਾਂ ਵਿੱਚ ਚਮਕਦੀ ਹੋਈ ਸੁਨਹਿਰੀ ਟਰਾਫੀ ਫੜਾਈ ਤਾਂ ਜਸ਼ਨ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਦੇ ਅੱਥਰੂ ਵਗ ਪਏ। ਉਸ ਨੇ ਭਰੇ ਮਨ ਨਾਲ ਮਾਈਕ ’ਤੇ ਕਿਹਾ, ‘‘ਇਹ ਜਿੱਤ ਮੇਰੀ ਨਹੀਂ, ਮੇਰੇ ਮੈਡਮ ਸਿਮਰਨ ਤੇ ਮੇਰੇ ਮਾਤਾ-ਪਿਤਾ ਨੇ ਇਸ ਲਈ ਬਹੁਤ ਮਿਹਨਤ ਕੀਤੀ ਹੈ।’’ ਉਸ ਦਿਨ ਸਕੂਲ ਦੇ ਉਸ ਵੱਡੇ ਮੰਚ ’ਤੇ ‘ਡਿਸਲੈਕਸੀਆ’ ਨਾਂ ਦੀ ਵੱਡੀ ਚੁਣੌਤੀ ਜਸ਼ਨ ਦੀ ਅਣਥੱਕ ਮਿਹਨਤ, ਸਹੀ ਰਹਿਨੁਮਾਈ ਅਤੇ ਅਡੋਲ ਇਰਾਦੇ ਅੱਗੇ ਗੋਡੇ ਟੇਕ ਚੁੱਕੀ ਸੀ। ਜਸ਼ਨ ਨੇ ਸਾਬਿਤ ਕਰ ਦਿੱਤਾ ਸੀ ਕਿ ਜੇਕਰ ਹੌਸਲੇ ਨਾਲ ਉਡਾਣ ਭਰੀਏ ਤਾਂ ਜ਼ਿੰਦਗੀ ਦੇ ਰਾਹ ਦੀ ਕੋਈ ਰੁਕਾਵਟ ਤੁਹਾਡੇ ਅੱਗੇ ਨਹੀਂ ਟਿਕ ਸਕਦੀ।
ਸੰਪਰਕ: 94171-63426
* * *
ਵਾਹਗੇ ਦੀ ਲਕੀਰ ਤੋਂ ਪਾਰ ਦਾ ਸੁਫ਼ਨਾ
ਅੰਗਰੇਜ ਸਿੰਘ ਵਿਰਦੀ
ਮੇਰਾ ਸ਼ਹਿਰ ਅੰਮ੍ਰਿਤਸਰ ਤੋਂ ਵਾਹਗਾ ਅਟਾਰੀ ਸਰਹੱਦ ਦੀ ਦੂਰੀ ਮਹਿਜ਼ 28 ਕਿਲੋਮੀਟਰ ਹੈ। ਇੱਕ ਦਿਨ ਦੀ ਗੱਲ ਹੈ ਸਵੇਰੇ ਉਠਦਿਆਂ ਹੀ ਮੇਰੇ ਜ਼ਿਹਨ ਵਿੱਚ ਰਾਤ ਨੂੰ ਵੇਖਿਆ ਸੁਫ਼ਨਾ ਘੁੰਮਣ ਲੱਗਾ। ਇਹ ਸੁਫ਼ਨਾ ਮੈਂ ਕਈ ਵਾਰ ਪਹਿਲਾਂ ਵੀ ਵੇਖ ਚੁੱਕਾ ਸੀ। ਪਤਾ ਨਹੀਂ ਇਹ ਸੁਫ਼ਨਾ ਮੈਨੂੰ ਵਾਰ ਵਾਰ ਕਿਉਂ ਆਉਂਦਾ ਹੈ? ਸ਼ਾਇਦ ਇਹ ਮੈਨੂੰ ਅਹਿਸਾਸ ਕਰਵਾਉਂਦਾ ਹੈ ਜਿਵੇਂ ਸਰਹੱਦ ਪਾਰ ਮੇਰਾ ਕੁਝ ਆਪਣਾ ਹੈ। ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ ਮਸਤ ਮੌਲਾ ਇੱਕ ਸਾਧਾਰਨ, ਪਰ ਖ਼ੂਬਸੂਰਤ ਅੱਖਾਂ ਵਾਲਾ ਗੱਭਰੂ ਵਿਚਰਦਾ ਹੈ, ਜਿਸ ਅੰਦਰ ਜ਼ਿੰਦਗੀ ਜਿਊਣ ਦਾ ਵਲਵਲਾ ਤੇ ਮਸਤੀ ਹੈ। ਸੁਫ਼ਨੇ ਵਿੱਚ ਮੈਂ ਉਸ ਦੇ ਨਾਲ ਨਾਲ ਉਸ ਦਾ ਪਰਛਾਵਾਂ ਬਣ ਕੇ ਤੁਰਦਾ ਹਾਂ। ਉਸ ਨੂੰ ਖ਼ੁਸ਼ੀ ਵਿੱਚ ਝੂਮਦਾ, ਨੱਚਦਾ ਤੇ ਗੀਤ ਗਾਉਂਦਾ ਵੇਖ ਕੇ ਮੇਰੇ ਮਨ ਨੂੰ ਅਥਾਹ ਖ਼ੁਸ਼ੀ ਹੁੰਦੀ।
ਮੈਨੂੰ ਹੁਣ ਉਸ ਦਾ ਚਿਹਰਾ ਵੀ ਆਪਣੇ ਵਰਗਾ ਹੀ ਲੱਗਣ ਲੱਗਿਆ ਹੈ। ਇੱਕ ਦਿਨ ਸੁਫ਼ਨੇ ਵਿੱਚ ਉਹ ਨੌਜਵਾਨ ਲਾਹੌਰ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ ਤੇ ਵੀ ਮੈਂ ਉਸ ਦੇ ਨਾਲ ਨਾਲ ਤੁਰਿਆ ਜਾ ਰਿਹਾ ਸਾਂ। ਇਹ ਉਹੋ ਗਲੀਆਂ ਹਨ, ਜਿੱਥੇ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਸਨ। ਉਹ ਨੌਜਵਾਨ ਹੌਲੀ ਹੌਲੀ ਸ਼ਾਂਤ ਗਲੀ ਵਿਚਦੀ ਲੰਘਦਾ ਹੋਇਆ ਗਲੀਆਂ ਨੂੰ ਨਿਹਾਰਦਾ ਜਾ ਰਿਹਾ ਹੈ। ਮੇਰੇ ਲਈ ਉਸ ਨੌਜਵਾਨ ਨਾਲ ਗੁਜ਼ਾਰੇ ਉਹ ਪਲ ਇੰਨੇ ਖੁਸ਼ਗਵਾਰ ਸਨ, ਜੋ ਮੈਂ ਆਪਣੀ ਹਕੀਕੀ ਜ਼ਿੰਦਗੀ ਵਿੱਚ ਕਦੇ ਨਹੀਂ ਮਾਣੇ। ਸੁਫ਼ਨੇ ਵਿੱਚ ਦਿਸਦਾ ਇਹ ਸੰਸਾਰ ਇੱਕ ਵੱਖਰੀ ਹੀ ਦੁਨੀਆ ਦਾ ਜਾਪਦਾ ਹੈ, ਜੋ ਲੰਮੇ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ। ਸੁਫ਼ਨੇ ਵਿਚਲਾ ਸਮਾਂ ਵੰਡ ਤੋਂ ਪਹਿਲਾਂ ਦਾ ਜਾਪਦਾ ਹੈ। ਕਈ ਵਾਰ ਉਸ ਨੌਜਵਾਨ ਨਾਲ ਇੱਕ ਮੁਟਿਆਰ ਵੀ ਦਿਖਾਈ ਦਿੰਦੀ ਹੈ, ਜੋ ਉਸ ਦੀ ਜੀਵਨ ਸਾਥਣ ਜਾਪਦੀ ਹੈ।
ਇੱਕ ਰਾਤ ਸੁਫ਼ਨੇ ਦਾ ਮੰਜ਼ਰ ਬਿਲਕੁਲ ਵੱਖਰਾ ਸੀ। ਉਸ ਰਾਤ ਨੌਜਵਾਨ ਖ਼ੁਸ਼ੀ ਵਿੱਚ ਝੂਮ ਨਹੀਂ ਸੀ ਰਿਹਾ ਤੇ ਨਾ ਹੀ ਲਾਹੌਰ ਦੀਆਂ ਗਲੀਆਂ ਵਿੱਚ ਗੀਤ ਗਾਉਂਦਾ ਮਸਤ ਚਾਲ ਤੁਰ ਰਿਹਾ ਸੀ। ਉਸ ਰਾਤ ਮੇਰੇ ਉਸ ਹੁਸੀਨ ਮਿੱਤਰ ਨੂੰ ਕਾਲੀਆਂ ਪੁਸ਼ਾਕਾਂ ਤੇ ਸੁਰਖ਼ ਅੱਖਾਂ ਵਾਲੇ ਕੁਝ ਲੋਕਾਂ ਨੇ ਘੇਰਿਆ ਹੋਇਆ ਸੀ। ਗਲੀ ਉਹੀ ਸੀ, ਪਰ ਉਸ ਰਾਤ ਉਸ ਦਾ ਮੰਜ਼ਰ ਕੁਝ ਵੱਖਰਾ ਸੀ। ਉਸ ਨੂੰ ਘੇਰਨ ਵਾਲਿਆਂ ਨੇ ਲਿਸ਼ਕਦੀਆਂ ਤਲਵਾਰਾਂ, ਨੇਜ਼ੇ, ਬਰਛੇ ਤੇ ਬੰਦੂਕਾਂ ਫੜੀਆਂ ਹੋਈਆਂ ਸਨ। ਨੌਜਵਾਨ ਉਨ੍ਹਾਂ ਅੱਗੇ ਜਾਨ ਬਖ਼ਸ਼ ਦੇਣ ਦੀ ਅਰਜ਼ੋਈ ਕਰ ਰਿਹਾ ਸੀ, ਪਰ ਇੱਕ ਬੇਰਹਿਮ ਨੇ ਤਲਵਾਰ ਦੇ ਇੱਕ ਹੀ ਵਾਰ ਨਾਲ ਉਸ ਦੀ ਧੌਣ ਧੜ ਨਾਲੋਂ ਵੱਖ ਕਰ ਦਿੱਤੀ। ਨੌਜਵਾਨ ਦੀ ਰੂਹ ਸਰੀਰ ਵਿੱਚੋਂ ਬਾਹਰ ਆ ਕੇ ਖ਼ੁਦ ਨੂੰ ਵੇਖਦੀ ਹੈ, ਰੋਂਦੀ ਹੈ, ਅੱਥਰੂ ਕੇਰਦੀ ਹੈ। ਮੈਂ ਉਸ ਨੂੰ ਵੇਖ ਕੇ ਉੱਚੀ ਉੱਚੀ ਰੋਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੇਰੀ ਆਵਾਜ਼ ਨਹੀਂ ਸੀ ਨਿਕਲ ਰਹੀ।
ਜਦੋਂ ਮੈਂ ਉੱਠਿਆ ਤਾਂ ਖ਼ੁਦ ਸਾਹੋ-ਸਾਹੀ ਸਾਂ। ਮੈਨੂੰ ਠੰਢੀਆਂ ਤਰੇਲੀਆਂ ਆ ਗਈਆਂ ਸਨ। ਅਗਲੇ ਕਈ ਦਿਨ ਮੈਂ ਉਸ ਸੁਫ਼ਨੇ ਬਾਰੇ ਸੋਚਦਾ ਰਿਹਾ। ਆਖ਼ਰ ਉਸ ਸੁਫ਼ਨੇ ਦਾ ਮੇਰੇ ਨਾਲ ਕੀ ਸਬੰਧ ਹੈ? ਕਦੇ ਕਦੇ ਮੈਨੂੰ ਉਹ ਨੌਜਵਾਨ ਮੇਰੀ ਆਪਣੀ ਸ਼ਖ਼ਸੀਅਤ ਨਾਲ ਰਲ਼ਦਾ ਲੱਗਦਾ ਹੈ। ਉਸ ਨਾਲ ਮੇਰੀ ਇੱਕ ਵੱਖਰੀ ਹੀ ਸਾਂਝ ਪੈ ਗਈ। ਉਹ ਨੌਜਵਾਨ, ਭਾਵੇਂ ਸੁਫ਼ਨੇ ਵਿੱਚ ਹੀ ਸਹੀ, ਮੈਨੂੰ ਉਨ੍ਹਾਂ ਥਾਵਾਂ ’ਤੇ ਲੈ ਗਿਆ ਜਿੱਥੇ ਮੇਰੇ ਮਨ ਨੂੰ ਖ਼ੁਸ਼ੀ ਮਿਲੀ। ਉਸ ਧਰਤੀ ’ਤੇ ਜਾ ਕੇ ਕੌਣ ਖ਼ੁਸ਼ ਨਹੀਂ ਹੋਵੇਗਾ, ਜਿੱਥੇ ਕਦੇ ਸਾਡੇ ਪੁਰਖੇ ਵੱਸਦੇ ਸਨ। ਉਹ ਸੋਹਣੀ ਧਰਤੀ ਅੱਜ ਸਰਹੱਦ ਦੇ ਉਸ ਪਾਰ ਹੈ, ਜੋ 1947 ਦੀ ਵੰਡ ਦੌਰਾਨ ਬਣਾ ਦਿੱਤੀ ਗਈ ਸੀ। ਮੇਰੇ ਸੁਫ਼ਨੇ ਦੇ ਉਸ ਨੌਜਵਾਨ ਵਾਂਗ ਵੰਡ ਵਿੱਚ ਲੱਖਾਂ ਬੇਦੋਸ਼ਿਆਂ ਦੀਆਂ ਜਾਨਾਂ ਗਈਆਂ। ਜਦੋਂ ਵੀ ਮੈਨੂੰ ਉਹ ਸੁਫ਼ਨਾ ਆਉਂਦਾ ਹੈ ਤਾਂ ਮੇਰਾ ਮਨ ਬੇਚੈਨ ਹੋ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਸ ਨੌਜਵਾਨ ਦੀ ਰੂਹ ਨੂੰ ਆਪਣੇ ਅੰਦਰ ਸਮੋਈ ਬੈਠਾ ਹਾਂ। ਉਹ ਮੈਨੂੰ ਮੇਰੇ ਵਿਛੜੇ ਪੰਜਾਬ ਦੀ ਧਰਤੀ ਨਾਲ ਜੋੜਦਾ ਹੈ।
ਸੰਪਰਕ: 94646-28857

