ਮਿਨੀ ਕਹਾਣੀਆਂ: ਤਰੱਕੀ
ਗੁਰਤੇਜ ਸਿੰਘ ਖੁਡਾਲ ਜੰਟੇ ਨੇ ਆਪਣੇ ਭਤੀਜੇ ਸੁਖਮਨ ਵੱਲੋਂ ਵਿਦੇਸ਼ੋਂ ਭੇਜੀਆਂ ਕੁੱਝ ਚੀਜ਼ਾਂ ਸੱਥ ਵਿੱਚ ਬੈਠੇ ਲੋਕਾਂ ਨੂੰ ਦਿਖਾਉਦਿਆਂ ਕਿਹਾ, ‘‘ਬਾਹਰਲੇ ਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ? ਸਾਡੇ ਦੇਸ਼ ਬਾਹਰਲੇ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ।’’ ਭੋਲੇ ਨੇ ਕਿਹਾ...
ਗੁਰਤੇਜ ਸਿੰਘ ਖੁਡਾਲ
ਜੰਟੇ ਨੇ ਆਪਣੇ ਭਤੀਜੇ ਸੁਖਮਨ ਵੱਲੋਂ ਵਿਦੇਸ਼ੋਂ ਭੇਜੀਆਂ ਕੁੱਝ ਚੀਜ਼ਾਂ ਸੱਥ ਵਿੱਚ ਬੈਠੇ ਲੋਕਾਂ ਨੂੰ ਦਿਖਾਉਦਿਆਂ ਕਿਹਾ, ‘‘ਬਾਹਰਲੇ ਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ? ਸਾਡੇ ਦੇਸ਼ ਬਾਹਰਲੇ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ।’’
ਭੋਲੇ ਨੇ ਕਿਹਾ ਜੰਟਿਆ ਇਹ ਵੀ ਤੈਨੂੰ ਵਹਿਮ ਹੈ, ਮੁਕਾਬਲਾ ਸਾਡੇ ਦੇਸ਼ ਦਾ ਵੀ ਕੋਈ ਨਹੀਂ ਕਰ ਸਕਦਾ। ਤੂੰ ਕਦੇ ਸੁਣਿਐ ਕਿ ਕੋਈ ਮਰਿਆ ਬੰਦਾ ਮੁੜ ਕੇ ਵਾਪਸ ਆਇਆ ਹੋਵੇ।’’ ਜੰਟੇ ਨੇ ਕਿਹਾ,‘‘ ਨਹੀਂ ਬਾਈ ਭੋਲੇ ਇਹ ਤਾਂ ਹੋ ਹੀ ਨਹੀਂ ਸਕਦਾ!’’
ਭੋਲੇ ਨੇ ਕਿਹਾ, ‘‘ਓਏ ਜੰਟਿਆ ਇਹ ਤਰੱਕੀ ਆਪਣੇ ਦੇਸ਼ ਨੇ ਹੀ ਕੀਤੀ ਹੈ! ਉਏ ਭੋਲਿਆ ਕਈ ਕਈ ਸਾਲ ਪਹਿਲਾਂ ਇਸ ਜਹਾਨੋਂ ਤੁਰ ਗਏ ਪਿੰਡ ਦੇ ਬਾਬੇ-ਬੀਬੀਆਂ ਨਰੇਗਾ ਸਕੀਮ ਵਿੱਚ ਕੰਮ ਕਰ ਵੀ ਰਹੇ ਨੇ ਤੇ ਸਰਕਾਰ ਤੋਂ ਬੁਢਾਪਾ ਪੈਨਸ਼ਨ ਵੀ ਲੈ ਰਹੇ ਨੇ। ਗਿਆਨੇ ਕੇ ਪਿੰਡ ਤਾਂ ਪੰਝੀ ਸਾਲ ਪਹਿਲਾਂ ਮੋਇਆ ਗੁਆਂਢੀਆਂ ਦਾ ਬੁੜਾ ਇੱਕ ਕੇਸ ਵਿੱਚ ਗਵਾਹੀ ਵੀ ਦੇ ਆਇਆ। ਹੁਣ ਤੂੰ ਹੀ ਦੱਸ ਕਰ ਲਊ ਕੋਈ ਦੇਸ਼ ਆਪਣੀ ਰੀਸ ਭਲਾਂ?’’
ਭੋਲਾ ਆਪਣਾ ਢਹਿੰਦਾ ਜਾਂਦਾ ਪਰਨਾ ਸਿਰੋਂ ਲਾਹ ਕੇ ਮੁੜ ਸਵਾਰ ਕੇ ਬੰਨ੍ਹਦਾ ਹੋਇਆ ਬੋਲਿਆ, ‘‘ਹਾਅ ਤਰੱਕੀ ਤਾਂ ਜੱਗੋਂ ਤੇਰ੍ਹਵੀਂ ਵਾਲੀ ਹੀ ਹੋਈ ਫੇਰ।’’
ਸੰਪਰਕ: 94641-29118
* * *
ਮਿੱਟੀ ਦਾ ਮੋਹ
ਰਵਨਜੋਤ ਕੌਰ ਸਿੱਧੂ ਰਾਵੀ
ਸਾਉਣ ਦਾ ਮਹੀਨਾ ਸੀ। ਬਾਹਰ ਰੁਕ-ਰੁਕ ਕੇ ਪੈ ਰਿਹਾ ਮੀਂਹ ਧਰਤੀ ਦੀ ਤਪਸ਼ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਵੇਲੀ ਦੇ ਵਿਹੜੇ ਵਿੱਚ ਲੱਗੇ ਪੁਰਾਣੇ ਬੋਹੜ ਦੇ ਰੁੱਖ ਉੱਤੇ ਬੈਠੇ ਪੰਛੀ ਆਪਣੇ ਖੰਭ ਫੜਫੜਾ ਰਹੇ ਸਨ, ਅਤੇ ਆਲੇ-ਦੁਆਲੇ ਮਿੱਟੀ ’ਤੇ ਪੈ ਰਹੀਆਂ ਮੀਂਹ ਦੀਆਂ ਬੂੰਦਾਂ ਸੌਂਧੀ-ਸੌਂਧੀ ਖੁਸ਼ਬੂ ਫੈਲਾ ਰਹੀਆਂ ਸਨ।
ਗੁਰਨਿਵਾਜ਼ ਸਿੰਘ ਦੀ ਪੁਰਾਣੀ ਹਵੇਲੀ ਵਿੱਚ ਬਹੁਤ ਚੁੱਪ-ਚਾਂ ਸੀ, ਜਿੱਥੇ ਕੰਧਾਂ ਉੱਤੇ ਲੱਗੀਆਂ ਤਸਵੀਰਾਂ ਪੁਰਾਣੇ ਸਮਿਆਂ ਦੀ ਗਵਾਹੀ ਭਰ ਰਹੀਆਂ ਸਨ। ਗੁਰਨਿਵਾਜ਼ ਸਿੰਘ ਆਪਣੇ ਕਮਰੇ ਵਿੱਚ ਬੈਠਾ ਸੀ, ਜਿੱਥੋਂ ਖਿੜਕੀ ਰਾਹੀਂ ਖੇਤਾਂ ਵੱਲ ਜਾਂਦਾ ਕੱਚਾ ਰਾਹ ਦਿਖਾਈ ਦਿੰਦਾ ਸੀ। ਦੂਰ ਖੇਤਾਂ ਵਿੱਚ ਫ਼ਸਲ ਦੀਆਂ ਹਰੀਆਂ ਕਰੂੰਬਲਾਂ ਮੀਂਹ ਦੇ ਪਾਣੀ ਨਾਲ ਨਹਾ ਕੇ ਚਮਕ ਰਹੀਆਂ ਸਨ।
ਗੁਰਨਿਵਾਜ਼ ਸਿੰਘ ਨੂੰ ਆਪਣੇ ਪੁੱਤਰ ਸਿਮਰਨਜੀਤ ਦਾ ਖਿਆਲ ਆਇਆ, ਜੋ ਕਦੇ ਪੜ੍ਹਾਈ ਲਈ ਸ਼ਹਿਰ ਗਿਆ ਸੀ, ਪਰ ਫਿਰ ਨੌਕਰੀ ਮਿਲਣ ਮਗਰੋਂ ਉਸ ਨੇ ਕਦੇ ਪਿੰਡ ਮੁੜਨ ਦੀ ਨਹੀਂ ਸੋਚੀ। ਹੁਣ ਸਿਮਰਨਜੀਤ ਨੂੰ ਪਿੰਡ ਦੀ ਹਰ ਚੀਜ਼ ਹੀ ਜਿਵੇਂ ਸਮਾਂ ਵਿਹਾ ਚੁੱਕੀ ਲੱਗਦੀ ਸੀ। ਉਸ ਲਈ ਪਿੰਡਾਂ ਦੀ ਸ਼ਾਂਤ ਸਵੇਰ, ਹਰਿਆਲੀ, ਮਹਿਕਦੀ ਫਿਜ਼ਾ ਸਭ ਕੁਝ ਹੀ ਬੇਮਾਅਨੀਆਂ ਗੱਲਾਂ ਲੱਗਦੀਆਂ ਸਨ।
ਗੁਰਨਿਵਾਜ਼ ਦੀ ਪਤਨੀ ਹਰਪ੍ਰੀਤ ਕੌਰ ਕਮਰੇ ਵਿੱਚ ਆਈ। ਉਸ ਦੀਆਂ ਅੱਖਾਂ ਵਿੱਚ ਉਦਾਸੀ ਸੀ। ਉਸ ਨੇ ਬੁਝੇ ਹੋਏ ਮਨ ਨਾਲ ਦੱਸਿਆ ਕਿ ਸਿਮਰਨਜੀਤ ਇਸ ਵਾਰ ਵੀ ਦੀਵਾਲੀ ਵੇਲੇ ਘਰ ਨਹੀਂ ਆਵੇਗਾ। ਉਹ ਆਖਦਾ ਹੈ ਕਿ ਸ਼ਹਿਰ ਉਸ ਨੂੰ ਜ਼ਰੂਰੀ ਕੰਮ ਹੈ, ਇਸ ਕਰਕੇ ਉਹ ਪਿੰਡ ਆਉਣ ਲਈ ਸਮਾਂ ਨਹੀਂ ਕੱਢ ਸਕਦਾ। ਇਸ ਲਈ ਕੱਲ੍ਹ ਉਹ ਘਰ ਆਵੇਗਾ ਤੇ ਆਪਣਾ ਕੁਝ ਸਾਮਾਨ ਲੈ ਕੇ ਸ਼ਾਮ ਨੂੰ ਵਾਪਸ ਮੁੜ ਜਾਵੇਗਾ। ਗੁਰਨਿਵਾਜ਼ ਨੇ ਖਿੜਕੀ ਤੋਂ ਬਾਹਰ ਖੇਤਾਂ ਵੱਲ ਵੇਖਦਿਆਂ ਕਿਹਾ, ‘‘ਹਰਪ੍ਰੀਤ, ਇਹ ਉਹੀ ਜ਼ਮੀਨ ਹੈ ਜਿਸ ਨੇ ਸਾਡੇ ਬਜ਼ੁਰਗਾਂ ਨੂੰ ਪਾਲਿਆ। ਪਰ ਅੱਜ ਦੀ ਪੀੜ੍ਹੀ ਇਸ ਦੀ ਮਿੱਟੀ ਦੀ ਕੀਮਤ ਭੁੱਲ ਕੇ ਸ਼ਹਿਰ ਦੀਆਂ ਰੌਸ਼ਨੀਆਂ ਪਿੱਛੇ ਭੱਜ ਰਹੀ ਹੈ।’’ ਹਰਪ੍ਰੀਤ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਹ ਬਸ ਖਿੜਕੀ ਤੋਂ ਬਾਹਰ ਦੂਰ ਤੱਕ ਫੈਲੇ ਹੋਏ ਖੇਤਾਂ ਵੱਲ ਵੇਖ ਰਹੀ ਸੀ।
ਅਗਲੇ ਦਿਨ ਜਦੋਂ ਸਿਮਰਨਜੀਤ ਪਿੰਡ ਪਹੁੰਚਿਆ ਤਾਂ ਉਸ ਦੇ ਮੱਥੇ ’ਤੇ ਤਿਊੜੀਆਂ ਸਨ। ਹਰਪ੍ਰੀਤ ਨੇ ਉਸ ਨੂੰ ਨਰਾਜ਼ਗੀ ਦਾ ਕਾਰਨ ਪੁੱਛਿਆ ਤਾਂ ਸਿਮਰਨਜੀਤ ਨੇ ਖਿੱਝ ਭਰੀ ਆਵਾਜ਼ ਵਿੱਚ ਕਿਹਾ, ‘‘ਵੇਖੋ ਨਾ ਮੰਮੀ, ਬੱਸਅੱਡੇ ਤੋਂ ਘਰ ਤੱਕ ਆਉਣ ਵਿੱਚ ਹੀ ਕਿਵੇਂ ਮਿੱਟੀ ਲੱਗ ਕੇ ਮੇਰੇ ਸ਼ੂ ਸਾਰੇ ਖਰਾਬ ਹੋ ਗਏ ਨੇ। ਐਥੇ ਤਾਂ ਹਰ ਤਰਫ਼ ਗੰਦਗੀ ਹੀ ਫੈਲੀ ਰਹਿੰਦੀ ਏ।’’ ਹਰਪ੍ਰੀਤ ਮਨ ਵਿੱਚ ਸੋਚ ਰਹੀ ਸੀ ਕਿ ਇਹ ਮਿੱਟੀ ਅੱਜ ਤੱਕ ਉਨ੍ਹਾਂ ਨੂੰ ਕਦੇ ਵੀ ਗੰਦਗੀ ਨਹੀਂ ਸੀ ਲੱਗੀ। ਸਮਿਰਨਜੀਤ ਆਪਣੇ ਮਾਤਾ-ਪਿਤਾ ਨੂੰ ਵੀ ਸ਼ਹਿਰ ਚੱਲਣ ਲਈ ਆਖ ਰਿਹਾ ਸੀ। ਉਸ ਨੇ ਜ਼ਿੱਦ ਫੜੀ ਹੋਈ ਸੀ ਸੀ ਕਿ ਇਥੇ ਪਿੰਡ ਵਿੱਚ ਰਹਿਣ ਦੀ ਥਾਂ ਉਹ ਉਸ ਨਾਲ ਚੱਲ ਕੇ ਸ਼ਹਿਰ ਦੀ ਸਾਫ਼ ਸੁਥਰੀ ਰਿਹਾਇਸ਼ ਦਾ ਆਨੰਦ ਲੈਣ। ਉਸ ਆਪਣੇ ਪਿਤਾ ਨੂੰ ਆਖਿਆ, ‘‘ਬਾਪੂ ਜੀ, ਤੁਸੀਂ ਮਿੱਟੀ ਨਾਲ ਮਿੱਟੀ ਹੋ ਕੇ ਇਸ ਜ਼ਮੀਨ ’ਚੋਂ ਕਿੰਨਾ ਕੁ ਮੁਨਾਫ਼ਾ ਕਮਾ ਲਓਗੇ ਭਲਾਂਂ। ਮੇਰੇ ਨਾਲ ਚੱਲੋ, ਅਸੀਂ ਇਹ ਜ਼ਮੀਨ ਵੇਚ ਦਿੰਦੇ ਹਾਂ ਤੇ ਤੁਸੀਂ ਓਥੇ ਮੇਰੇ ਕੋਲ ਅਰਾਮ ਨਾਲ ਰਹਿਓ।’’
ਪੁੱਤਰ ਦੀ ਗੱਲ ਸੁਣ ਗੁਰਨਿਵਾਜ਼ ਸਿੰਘ ਨੇ ਖੇਤਾਂ ਵੱਲ ਇਸ਼ਾਰਾ ਕਰਦਿਆਂ ਗੰਭੀਰਤਾ ਨਾਲ ਕਿਹਾ, ‘‘ਤੂੰ ਮੈਨੂੰ ਉਸ ਥਾਂ ਲਿਜਾਣਾ ਚਾਹੁੰਦਾ ਏਂ, ਜਿੱਥੇ ਖੁੱਲ੍ਹੇ ਅਸਮਾਨ ਦੀ ਥਾਂ ਸਿਰਫ਼ ਕੰਧਾਂ ਹਨ। ਮੇਰੇ ਲਈ ਇਹ ਜ਼ਮੀਨ ਸਿਰਫ਼ ਪੈਸਾ ਕਮਾਉਣ ਦਾ ਸਾਧਨ ਨਹੀਂ, ਇਹ ਮੇਰੇ ਬਜ਼ੁਰਗਾਂ ਦੀ ਪਸੀਨੇ ਦੀ ਕਮਾਈ ਹੈ। ਇਸ ਸਭ ਕੁਝ ਨੂੰ ਮੈਂ ਨੋਟਾਂ ਨਾਲ ਨਹੀਂ ਤੋਲ ਸਕਦਾ। ਤੂੰ ਮੈਨੂੰ ਮੇਰੀਆਂ ਜੜ੍ਹਾਂ ਨਾਲੋਂ ਤੋੜ ਕੇ ਬਿਗਾਨੀ ਥਾਂ ਲਿਜਾਣਾ ਚਾਹੁੰਦਾ ਏਂ, ਪਰ ਪੁੱਤਰ ਇਹ ਸੰਭਵ ਨਹੀਂ। ਤੂੰ ਜਿਥੇ ਤੇਰਾ ਦਿਨ ਕਰੇ, ਉਥੇ ਰਹਿ, ਪਰ ਮੈਂ ਤੇ ਤੇਰੀ ਮਾਂ ਇਸ ਘਰ ਵਿੱਚ ਹੀ ਰਹਾਂਗੇ, ਜਿਥੇ ਸਾਡੀ ਪਛਾਣ ਸਾਡੀਆਂ ਜੜ੍ਹਾਂ ਨਾਲ ਹੈ।’’
ਸਿਮਰਨਜੀਤ ਨੇ ਕੁਝ ਗੁੱਸੇ ਨਾਲ ਕਿਹਾ, ‘‘ਮੈਂ ਉਥੇ ਕੰਮ ਵਿੱਚ ਰੁੱਝਿਆ ਰਹਿੰਦਾ ਹਾਂ ਬਾਪੂ ਜੀ, ਮੈਂ ਇੰਜ ਵਾਰ ਵਾਰ ਪਿੰਡ ਗੇੜੇ ਨਹੀਂ ਲਾ ਸਕਦਾ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਮੇਰੇ ਲਈ ਤੁਹਾਡਾ ਧਿਆਨ ਰੱਖਣਾ ਸੌਖਾ ਨਹੀਂ ਹੋਵੇਗਾ।’’ ਆਪਣੇ ਪੁੱਤਰ ਦੀ ਪ੍ਰੇਸ਼ਾਨੀ ਹੱਲ ਕਰਦਿਆਂ ਹਰਪ੍ਰੀਤ ਨੇ ਵਿੱਚੋਂ ਟੋਕ ਕੇ ਕਿਹਾ, ‘‘ਤੈਨੂੰ ਸਾਡਾ ਧਿਆਨ ਰੱਖਣ ਦੀ ਲੋੜ ਨਹੀਂ ਪੁੱਤਰ। ਅਸੀਂ ਇਥੇ ਕਿਤੇ ਬੇਗਾਨੀ ਨ੍ਹੀਂ, ਆਪਣਿਆਂ ਦੇ ਵਿਚਾਲੇ ਬੈਠੇ ਹਾਂ। ਸਾਨੂੰ ਇਥੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਲੱਗੀ। ਤੂੰ ਜਾ, ਰਾਜ਼ੀ ਖੁਸ਼ੀ ਆਪਣੀ ਨੌਕਰੀ ਕਰ।’’
ਗੁਰਨਿਵਾਜ਼ ਨੇ ਵੀ ਆਪਣੀ ਪਤਨੀ ਦੀ ਗੱਲ ਵਿੱਚ ਹਾਮੀ ਭਰਦਿਆਂ ਕਿਹਾ, ‘‘ਇਥੇ ਮੈਂ ਆਪਣੇ ਭਰਾਵਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਸਾਡੇ ਦੁੱਖ-ਸੁੱਖ ਵਿੱਚ ਉਹ ਸਦਾ ਸਾਡੇ ਨਾਲ ਹੁੰਦੇ ਨੇ। ਸਾਡੀ ਤੇਰੇ ’ਤੇ ਕੋਈ ਜ਼ਬਰਦਸਤੀ ਨਹੀਂ, ਪਰ ਸਾਨੂੰ ਵੀ ਤੂੰ ਆਪਣੇ ਨਾਲ ਲਿਜਾਣ ਦੀ ਜ਼ਿੱਦ ਨਾ ਕਰ।’’
ਬਾਪੂ ਜੀ ਦੀ ਇਹ ਗੱਲ ਸੁਣ ਸਿਮਰਨਜੀਤ ਕੁਝ ਸਮੇਂ ਲਈ ਚੁੱਪ ਕਰ ਗਿਆ। ਉਹ ਉੱਠਿਆ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਬਾਅਦ ਦੁਪਹਿਰ ਸਾਰਿਆਂ ਨੇ ਖਾਣਾ ਖਾਧਾ ਤੇ ਸਿਮਰਨਜੀਤ ਨੇ ਆਪਣੇ ਮਾਤਾ-ਪਿਤਾ ਤੋਂ ਆਗਿਆ ਲੈ ਲਈ। ਉਹ ਆਪਣਾ ਸਾਮਾਨ ਲੈ ਕੇ ਬੱਸ ਅੱਡੇ ਵੱਲ ਤੁਰ ਪਿਆ। ਗੁਰਨਿਵਾਜ਼ ਤੇ ਹਰਪ੍ਰੀਤ ਖਿੜਕੀ ਵਿੱਚੋਂ ਉਸ ਨੂੰ ਜਾਂਦਿਆਂ ਵੇਖ ਰਹੇ ਸਨ।
ਸੰਪਰਕ: 82830-66125
* * *

